Tuesday, October 6, 2020

ਮਹਾਨ ਮੋਗਾ ਘੋਲ

 

ਸੰਗਰਾਮੀ ਇਤਿਹਾਸ ਦੇ ਪੰਨਿਆਂ ਤੋਂ .. .. ..

 

ਮਹਾਨ ਮੋਗਾ ਘੋਲ ਦੀਆਂ ਲੜਾਕੂ ਰਵਾਇਤਾਂ ਤੇ ਚਲਦੇ ਹੋਏ

ਸ਼ਹੀਦਾਂ ਦੇ ਖੂੰਨ-ਰੰਗੇ ਸੂਹੇ ਮਾਰਗ ਤੇ ਹੋਰ ਅੱਗੇ ਵਧੋ

5 ਅਕਤੂਬਰ, 1972 ਨੂੰ ਮੋਗੇ ਦੀ ਧਰਤੀ ਤੇ ਰੀਗਲ ਸਿਨੇਮੇ ਦੇ ਮਾਲਕਾਂ ਵੱਲੋਂ 4 ਅਕਤੂਬਰ ਨੂੰ ਹੋਈ ਗੁੰਡਾਗਰਦੀ ਦੇ ਖਿਲਾਫ ਆਪਣੇ ਰੋਹ ਦਾ ਪ੍ਰਗਟਾਵਾ ਕਰਨ ਲਈ ਹਜ਼ਾਰਾਂ ਵਿਦਿਆਰਥੀਆਂ ਦਾ ਕਾਫਲਾ ਸੜਕਾਂ ਤੇ ਨਿੱਕਲ ਤੁਰਿਆ। ਅਮਨ ਦੇ ਰਾਖੇਸਰਕਾਰੀ ਅਧਿਕਾਰੀਆਂ ਨੇ, ਗੁੰਡਿਆਂ ਦੀ ਗਿ੍ਰਫਤਾਰੀ ਲਈ ਆਵਾਜ਼ ਉੱਚੀ ਕਰ ਰਹੇ ਨਿਹੱਥੇ ਵਿਦਿਆਰਥੀਆਂ ਦੀ ਰੜਕ ਕੱਢਣਲਈ ਤਾਇਨਾਤ ਕੀਤੀਆਂ ਪੁਲਿਸ ਧਾੜਾਂ ਨੂੰ ਇਨਸਾਫ ਮੰਗਦੇ ਲੋਕਾਂ ਤੇ ਟੁੱਟ ਪੈਣ ਦੇ ਹੁਕਮ ਚਾੜ ਦਿੱਤੇ। ਪੁਲਸੀ ਰਾਖਸ਼ਾਂ ਦੀਆਂ ਰੱਤ ਤਿਹਾਈਆਂ ਬੰਦੂਕਾਂ ਨੇ ਅੱਗ ਉਗਲਣੀ ਸ਼ੁਰੂ ਕਰ ਦਿੱਤੀ ਚਿੱਟੇ ਦਿਨ ਸਰੂ ਵਰਗੀਆਂ ਜਵਾਨੀਆਂ ਦਾ ਸ਼ਿਕਾਰ ਖੇਡਿਆ ਜਾਂਦਾ ਦੇਖ ਧਰਤੀ ਕੰਬ ਉੱਠੀ। ਅੱਲੜ ਜਵਾਨੀਆਂ ਦੇ ਖੂੰਨ ਚ ਧਰਤੀ ਲਹੂ ਲੁਹਾਣ ਹੋਈ ਵੇਖਕੇ ਵੀ ਪਾਪੀ ਦਰਿੰਦਿਆਂ ਦਾ ਮਨ ਨਾ ਭਰਿਆ।  ਢੇਰੀ ਹੋਈਆਂ ਲਾਸ਼ਾਂ ਤੇ ਜਖਮੀਆਂ ਨੂੰ ਨਾਪਾਕ ਬੂਟਾਂ ਹੇਠ ਲਤਾੜਕੇ ਲੰਘਦੇ ਵਹਿਸ਼ੀ ਦਰਿੰਦੇ ਕਈ ਕਈ ਫਰਲਾਂਗ ਤੱਕ ਵਿਖਾਵਾ ਕਾਰੀਆਂ ਦਾ ਪਿੱਛਾ ਕਰਕੇ ਗੋਲੀਆਂ ਦਾਗਦੇ ਰਹੇ। ਵਿਦਿਆਰਥੀਆਂ ਤੋਂ ਬਿਨਾਂ ਮੰਡੀ ਚ ਦਾਣੇ ਸੰਭਰਦੀ 14 ਸਾਲਾਂ ਦੀ ਮਾਸੂਮ ਕੁੜੀ ਸਵਰਨੋਂ, ਇੱਕ ਰਿਕਸ਼ਾ ਮਜ਼ਦੂਰ ਤੇ ਕਈ ਹੋਰ ਬੇਦੋਸ਼ੇ ਲੋਕ ਇਸ ਖੂੰਨੀ ਕਾਂਡ ਦੀ ਭੇਂਟ ਚੜ ਗਏ। ਜਖਮੀਆਂ ਤੇ ਲਾਸ਼ਾਂ ਨੂੰ ਸੜਕਾਂ ਤੇ ਘਸੀਟਦੇ ਰਾਇਫਲਾਂ ਦੇ ਬੱਟਾਂ ਨਾਲ ਕੁੱਟਦੇ ਪੁਲਸੀ ਦੈਂਤ ਕਿੰਨਾਂ ਚਿਰ ਵੀਰਾਨ ਹੋਈਆਂ ਸੜਕਾਂ ਤੇ ਨੰਗਾਂ ਨਾਚ ਨੱਚਦੇ ਰਹੇ। ਪਰ ਸ਼ਾਇਦ ਪੁਲਸੀ ਦਰਿੰਦਿਆਂ ਦੀਆਂ ਰੱਤ ਪੀਣੀਆਂ ਗੋਲੀਆਂ ਅਜੇ ਵੀ ਤਿਹਾਈਆਂ ਸਨ। 7 ਅਕਤੂਬਰ ਨੂੰ ਫਿਰ ਲੋਕਾਂ ਦੇ ਇੱਕਠ ਤੇ ਗੋਲੀ ਚਲਾਈ।

ਲੋਕ ਰੋਹ ਦੀ ਤੂਫਾਨੀ ਕਾਂਗ

ਜਾਬਰ ਸਰਕਾਰੀ ਮਸ਼ੀਨਰੀ ਦੇ ਪੈਰ ਉੱਖੜ ਗਏ

ਪੀ. ਐਸ. ਯੂ. ਦੀ ਦਰੁਸਤ ਤੇ ਦਲੇਰਾਨਾ ਅਗਵਾਈ

          ਜੰਗਲ ਦੀ ਅੱਗ ਵਾਂਗ ਇਸ ਭਿਆਨਕ ਸਾਕੇ ਦੀ ਖਬਰ ਜਿੱਥੇ ਵੀ ਗਈ ਲੋਕਾਂ ਦੇ ਕਲੇਜੇ ਰੁੱਗ ਭਰਿਆ ਗਿਆ। ਜਲਿਆਂਵਾਲੇ ਬਾਗ ਦਾ ਖੂੰਨੀ ਸਾਕਾ ਇੱਕ ਵਾਰ ਫਿਰ ਸਾਰੇ ਪੰਜਾਬ ਦੇ ਬੁੱਲਾਂ ਤੇ ਆ ਗਿਆ। ਕਾਂਗਰਸੀ ਹਾਕਮਾਂ ਦੇ ਬੁੱਚੜ ਰਾਜ ਅਧੀਨ ਹੁੰਦੇ ਆ ਰਹੇ ਬੇ-ਪਨਾਹ ਜਬਰ ਦੀਆਂ ਚੀਸਾਂ ਨੂੰ ਲੋਕ ਕਦੋਂ ਤੋਂ ਬੇਵੱਸੀ ਵਿੱਚ ਦੱਬ ਘੁੱਟ ਕੇ ਜਰਦੇ ਆ ਰਹੇ ਸਨ। ਹਾਕਮਾਂ ਦੀਆਂ ਲੋਕ ਦੁਸ਼ਮਣ ਨੀਤੀਆਂ ਕਾਰਨ ਕੁੰਭੀ ਨਰਕ ਦੀ ਜ਼ਿੰਦਗੀ ਭੋਗ ਰਹੇ ਲੋਕਾਂ ਦੇ ਮੱਚ ਮਾਰਕੇ, ਉਹਨਾਂ ਨੂੰ ਬੇ-ਜ਼ੁਬਾਨ ਪਸ਼ੂਆਂ ਵਾਂਗ ਆਪਣੀ ਰਜ਼ਾ ਚ ਰੱਖਣ ਦੇ ਚੰਦਰੇ ਇਰਾਦਿਆਂ ਦੀ ਪੂਰਤੀ ਲਈ ਕਾਂਗਰਸੀ ਹਾਕਮਾਂ ਨੇ ਜਦੋਂ ਜੀ ਚਾਹੇ ਇਨਸਾਫ ਮੰਗਦੇ ਲੋਕਾਂ ਤੇ ਬਘਿਆੜਾਂ ਵਾਂਗ ਟੁੱਟ ਪੈਣ, ਪਿੰਡਾਂ ਦੇ ਪਿੰਡਾਂ ਨੂੰ ਕੁਟਾਪਾ ਚਾੜਨ, ਘਰਾਂ ਨੂੰ ਅੱਗਾਂ ਲਾਉਣ, ਫਸਲਾਂ ਤਬਾਹ ਕਰਨ, ਧੀਆਂ ਭੈਣਾਂ ਦੀ ਪੱਤ ਰੋਲਣ ਤੇ ਰੜਕਵੇਂ ਨੌਜਵਾਨਾਂ ਨੂੰ ਚਿੱਟੇ ਦਿਨ ਗੋਲੀਆਂ ਨਾਲ ਉਡਾ ਦੇਣ ਲਈ ਆਪਣੇ ਪੁਲਸੀ ਦਰਿੰਦਿਆਂ ਦੀਆਂ ਸੰਗਲੀਆਂ ਖੁੱਲੀਆਂ ਛੱਡੀਆਂ ਹੋਈਆਂ ਸਨ। ਰਾਤਾਂ ਦੇ ਘੁੱਪ ਹਨੇਰਿਆਂ ਚ ਪੁਲਾਂ ਦੇ ਕੰਡਿਆਂ ਅਤੇ ਚਿੱਟੇ ਦਿਨ ਖੇਤਾਂ ਚ ਭਰੇ ਇੱਕਠਾਂ ਸਾਹਮਣੇ ਆਪਣੇ ਪੁੱਤਰਾਂ ਦੇ ਬੇਰਹਿਮ ਕਤਲ ਹੁੰਦੇ ਵੇਖ ਲੋਕਾਂ ਦੀਆਂ ਅੱਖਾਂ ਵਿੱਚ ਖੂੰਨ ਉੱਤਰਦਾ-ਪਰ ਹਾਕਮਾਂ ਦੇ ਇੰਤਹਾਈ ਕਹਿਰ ਦੀ ਤਸਵੀਰ ਅਗਲੇ ਹੀ ਪਲ ਉਹਨਾਂ ਦੀਆਂ ਅੱਖਾਂ ਅੱਗੇ ਆ ਜਾਂਦੀ ਤੇ ਸੀਨਿਆਂ ਚ ਉੱਸਲ ਵੱਟੇ ਲੈਂਦਾ ਰੋਹ ਗੂੰਗਾ ਹੋ ਕੇ ਰਹਿ ਜਾਂਦਾ ਹੈ। ਲੋਕਾਂ ਦੇ ਜਥੇਬੰਦ ਵਿਰੋਧ ਤੋਂ ਨਿਸਚਿੰਤ ਫਾਸ਼ੀ ਹਾਕਮਾਂ ਦੇ ਬੇਲਗਾਮ ਪੁਲਸੀ ਦਰਿੰਦੇ ਪੰਜਾਬ ਦੀ ਪਵਿੱਤਰ ਧਰਤੀ ਤੇ ਖੌਰੂ ਪਾਉਂਦੇ, ਲੋਕਾਂ ਦੀ ਅਣਖ ਇੱਜਤ ਨੂੰ ਆਪਣੇ ਨਾਪਾਕ ਬੂਟਾਂ ਹੇਠ ਲਿਤਾੜ ਰਹੇ ਸਨ। ਪਰ ਮੋਗੇ ਦੀ ਧਰਤੀ ਤੇ ਵਾਪਰੇ ਇਸ ਅਨਰਥ ਨੇ ਸਮੁੱਚੇ ਪੰਜਾਬ ਦੀ ਰੰਗਤ ਨੂੰ ਝੰਜੋੜ ਦਿੱਤਾ। ਹਾਕਮਾਂ ਨੂੰ ਉਹਨਾਂ ਦੇ ਬੁੱਚੜਪੁਣੇ ਦਾ ਸਬਕ ਸਿਖਾਉਣ ਅਤੇ ਸ਼ਹੀਦਾਂ ਦੇ ਡੁੱਲੇ ਖੰੂਨ ਦਾ ਬਦਲਾ ਚੁਕਾਉਣ ਲਈ ਗਰਜਵੀਂ ਲਲਕਾਰ ਬਣਕੇ ਉੱਠੇ ਵਿਦਿਆਰਥੀਆਂ ਦੇ ਘਮਸਾਨੀ ਟਾਕਰੇ ਅੱਗੇ ਬੌਂਦਲੇ ਹਾਕਮਾਂ ਨੇ ਬੁਖਲਾਹਟ ਵਿੱਚ ਆ ਕੇ ਪੰਜਾਬ ਭਰ ਚ ਬੀ.ਐਸ.ਐਫ., ਮਿਲਟਰੀ ਤੇ ਪੀ.ਏ.ਪੀ. ਦੀਆਂ ਧਾੜਾਂ ਤਾਇਨਾਤ ਕਰ ਦਿੱਤੀਆਂ ਸਾਰੇ ਪੰਜਾਬ ਚ ਦਫਾ 144 ਲਗਾ ਕੇ, ਹਜ਼ਾਰਾਂ ਦੀ ਗਿਣਤੀ ਚ ਗਿ੍ਰਫਤਾਰੀਆਂ ਕਰਕੇ ਅਤੇ ਸੈਂਕੜਿਆਂ ਦੇ ਵਰੰਟ ਕੱਢ ਕੇ ਪੰਜਾਬ ਦੀ ਧਰਤੀ ਨੂੰ ਪੁਲਸੀ ਰਾਖਸ਼ਾਂ ਦੇ ਜ਼ੁਲਮਾਂ ਦੀ ਸ਼ਿਕਾਰਗਾਹ ਬਣਾ ਕੇ ਇਸ ਹੱਕੀ ਅਵਾਜ ਦੀ ਸੰਘੀ ਨੱਪਣੀ ਚਾਹੀ। ਪਰ ਆਪਣੀ ਆਈ ਤੇ ਆਏ ਲੋਕਾਂ ਦੇ ਬੇਮਿਸਾਲ ਉਭਾਰ ਨੂੰ ਕੁਚਲਣ ਲਈ ਝੋਕੀ ਜਾਬਰ ਸਟੇਟ ਮਸ਼ੀਨਰੀ ਦੀਆਂ ਗੋਲੀਆਂ, ਅੱਥਰੂ ਗੈਸ ਤੇ ਡਾਂਗਾਂ ਬੇਅਸਰ ਹੋ ਕੇ ਰਹਿ ਗਈਆਂ। ਚੱਪੇ ਚੱਪੇ ਤੇ ਮਾਰਚ ਕਰ ਰਹੇ ਪੁਲਸੀਆਂ ਦੀਆਂ ਸੰਗੀਨਾਂ ਦੀ ਛਾਂ ਹੇਠ ਹਜ਼ਾਰਾਂ ਦੀ ਗਿਣਤੀ ਚ ਕੱਠੇ ਹੇਏ ਵਿਦਿਆਰਥੀਆਂ ਦੇ ਰੋਹ ਭਰਪੂਰ ਕਾਫਲੇ ਵਾਰ ਵਾਰ ਸੜਕਾਂ ਤੇ ਨਿਕਲਦੇ ਘੰਟਿਆਂ ਬੱਧੀ ਘੋੜ ਸਵਾਰ ਪੁਲਸੀਆਂ ਦੀਆਂ ਡਾਂਗਾਂ ਅਤੇ ਅਥਰੂ ਗੈਸ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ, ਸ਼ਹੀਦਾਂ ਦੇ ਲਹੂ ਸੰਗ ਵਫਾ ਪਾਲਣ ਤੁਰੇ ਸਿਰਲੱਥਾਂ ਦੇ ਜੋਸ਼ ਅਤੇ ਸਿਦਕ ਅੱਗੇ ਪੁਲਸੀ ਧਾੜਾਂ ਬੇਵੱਸ ਹੋ ਜਾਂਦੀਆਂ ਤੇ ਕਈ ਥਾਵਾਂ ਤੇ ਦੁੰਬ ਦਬਾ ਕੇ ਭੱਜ ਨਿਕਲਦੀਆਂ। 1947 ਤੋਂ ਬਾਅਦ ਪੰਜਾਬ ਦੇ ਸਹਿਰਾਂ ਚ ਪਹਿਲੀ ਵਾਰ ਹੋਏ ਫੌਜ ਦੇ ਫਲੈਗ ਮਾਰਚ ਅਤੇ ਕਾਲਜਾਂ ਹੋਸਟਲਾਂ ਦੁਆਲੇ ਮਿਲਟਰੀ ਦਾ ਘੇਰਾ ਪਾ ਕੇ ਲੋਕ ਰੋਹ ਦੇ ਸ਼ੂਕਦੇ ਝੱਖੜਾਂ ਨੂੰ ਥੰਮਣ ਦੀਆਂ ਹਾਕਮਾਂ ਦੀਆਂ ਕੋਸ਼ਿਸ਼ਾਂ ਰਾਖ ਹੋ ਕੇ ਰਹਿ ਗਈਆਂ। ਦਿਨੋ ਦਿਨ ਖਾੜਕੂ ਰੂਪ ਧਾਰਨ ਕਰਦੇ ਜਾ ਰਹੇ ਘੋਲ ਵਿੱਚ ਸਕੂਲੀ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਵੀ ਸਰਗਰਮ ਹਿੱਸਾ ਪਾਇਆ। ਕਿੰਨੇਂ ਹੀ ਥਾਵਾਂ ਤੇ ਹਾਈ ਅਤੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਰੋਹ ਭਰਪੂਰ ਮੁਜ਼ਾਹਰੇ ਕਰਕੇ ਅਤੇ ਵਿਦਿਆਰਥਣਾਂ ਨੇ ਖਾੜਕੂ ਮੁਜ਼ਾਹਰਿਆਂ ਚ ਵਿਦਿਆਰਥੀਆਂ ਦੇ ਮੋਢੇ ਨਾਲ ਮੋਢਾ ਜੋੜਕੇ ਸੰਘਰਸ਼ ਦੀ ਬਲਦੀ ਲਾਟ ਨੂੰ ਹੋਰ ਪ੍ਰਚੰਡ ਕੀਤਾ। ਪੰਜਾਬ ਦੇ ਲੋਕਾਂ ਨੇ ਵਿਦਿਆਰਥੀਆਂ ਦੇ ਇਸ ਘੋਲ ਦੀ ਡਟਵੀਂ ਮੱਦਦ ਕੀਤੀ। ਪੁਲਸੀ ਜਰਵਾਣਿਆਂ ਦੇ ਜਬਰ ਹੇਠ ਨਪੀੜੀ ਧਰਤੀ ਨੂੰ ਪਿੰਡਾਂ ਦੀ ਵਿਸ਼ਾਲ ਜਨਤਾ ਖਾਸ ਕਰਕੇ ਨੌਜਵਾਨਾਂ ਨੇ ਜਬਰ ਵਿਰੋਧੀ ਸੰਘਰਸ਼ ਦਾ ਮੈਦਾਨ ਬਣਾ ਦਿੱਤਾ। ਕਈ ਪਿੰਡਾਂ ਦੇ ਲੋਕਾਂ ਨੇ ਵਿਦਿਆਰਥੀਆਂ ਨਾਲ ਰਲ ਕੇ ਪੁਲਸ ਨਾਲ ਟੱਕਰਾਂ ਲਈਆਂ ਤੇ ਸਰਕਾਰੀ ਮਸ਼ੀਨਰੀ ਦਾ ਬਾਈਕਾਟ ਕੀਤਾ। ਫੰਡਾਂ ਤੋਂ ਲੈ ਕੇ ਘੋਲ ਚ ਸਰਗਰਮ ਵਿਦਿਆਰਥੀਆਂ ਨੂੰ ਪੁਲਸ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਣ ਤੱਕ ਲੋਕਾਂ ਨੇ ਵਿਦਿਆਰਥੀਆਂ ਨੂੰ ਹਰ ਤਰਾਂ ਦੀ ਸਹਾਇਤਾ ਦਿੱਤੀ। ਇਨਸਾਫ ਪਸੰਦ ਬੁੱਧੀਜੀਵੀਆਂ, ਲੇਖਕਾਂ, ਅਧਿਆਪਕਾਂ ਤੇ ਮੁਲਾਜ਼ਮਾਂ ਨੇ ਵੀ ਪੁਲਸ ਦੀ ਦਰਿੰਦਗੀ ਖਿਲਾਫ ਰੋਸ ਜਾਹਰ ਕੀਤਾ। ਲੋਕਾਂ ਦੀ ਸਰਗਰਮ ਹਮਾਇਤ ਨਾਲ ਲੜੇ ਇਸ ਘਮਸਾਨੀ ਸੰਘਰਸ਼ ਦੇ ਰੋਹ ਫੁਟਾਰਿਆਂ ਨੇ ਪਿਛਲੇ ਸਾਲਾਂ ਤੋਂ ਲੋਕ-ਮਨਾਂ ਤੇ ਛਾਏ ਪੁਲਸੀ ਦਹਿਸ਼ਤ ਦੇ ਬੱਦਲ ਛਾਂਈ ਮਾਂਈ ਕਰ ਦਿੱਤੇ। ਕਾਂਗਰਸੀ ਹਾਕਮਾਂ ਦਾ ਸਿੰਘਾਸਨ ਇੱਕ ਵਾਰੀ ਲੜਖੜਾ ਗਿਆ। ਲੋਕਾਂ ਦੀ ਵਗਾਈ ਰੱਤ ਹਾਕਮਾਂ ਨੂੰ ਮਹਿੰਗੀ ਪੈ ਗਈ।

          ਮੋਗਾ ਘੋਲ ਤੋਂ ਕੁੱਝ ਸਮਾਂ ਪਹਿਲਾਂ ਹੀ ਮੁੜ ਜਥੇਬੰਦ ਹੋਈ ਪੰਜਾਬ ਸਟੂਡੈਂਟਸ ਯੂਨੀਅਨ ਅਜੇ ਆਪਣੀ ਬਾਲ ਅਵਸਥਾ ਚੋਂ ਗੁਜ਼ਰ ਰਹੀ ਸੀ। 15 ਇਕਾਈਆਂ ਦੀ ਛੋਟੀ ਜਿਹੀ ਜਥੇਬੰਦ ਤਾਕਤ ਦੇ ਸਿਰ ਤੇ ਇਸ ਤੂਫਾਨੀ ਘੋਲ ਨੂੰ ਅਗਵਾਈ ਦੇਣ ਦੇ ਵਿੱਤੋਂ ਵੱਡਾ ਕਾਰਜ ਨਿਭਾਉਣ ਦੀ ਜਿੰਮੇਵਾਰੀ ਇਸਦੇ ਨਿਆਣੇ ਮੋਢਿਆਂ ਤੇ ਆ ਪਈ। ਪਰ ਜਬਰ ਤਸੱਦਦ ਵਿਰੁੱਧ ਡਟਣ ਤੇ ਜਮਹੂਰੀ ਹੱਕਾਂ ਲਈ ਜੂਝਣ ਦੀਆਂ ਆਪਣੀਆਂ ਰਵਾਇਤਾਂ ਤੇ ਪਹਿਰਾ ਦਿੰਦਿਆਂ, ਇਸ ਲੋਕ ਉਭਾਰ ਨੂੰ ਅਗਵਾਈ ਦੇਣ ਲਈ ਦਲੇਰੀ ਨਾਲ ਮੈਦਾਨ ਵਿੱਚ ਨਿੱਤਰੀ। ਫਰੀਦਕੋਟ ਦੇ ਡੀ.ਸੀ. ਅਤੇ ਐਸ.ਪੀ. ਨੂੰ ਮੁਅੱਤਲ ਕਰਕੇ ਤੇ ਉਹਨਾਂ ਤੇ ਮੁਕੱਦਮੇ ਚਲਾਉਣ, ਗਿ੍ਰਫਤਾਰ ਵਿਦਿਆਰਥੀਆਂ ਤੇ ਲੋਕਾਂ ਨੂੰ ਰਿਹਾਅ ਕਰਨ, ਵਰੰਟ ਮਨਸੂਖ ਕਰਨ ਤੇ ਸਾਰੇ ਪੰਜਾਬ ਦੇ ਸ਼ਹਿਰਾਂ ਚੋਂ ਫੌਜ, ਪੀ.ਏ.ਪੀ. ਤੇ ਬੀ.ਐਸ.ਐਫ. ਨੂੰ ਵਾਪਿਸ ਬਲਾਉਣ ਤੇ ਦਫਾ 144 ਖਤਮ ਕਰਨ ਦੀਆਂ ਮੰਗਾਂ ਵਿਦਿਆਰਥੀ ਤੇ ਲੋਕਾਂ ਦੇ ਸੰਘਰਸ਼ ਨੂੰ ਇੱਕ ਮੁੱਠ, ਇੱਕ ਆਵਾਜ਼ ਤੇ ਮਜਬੂਤੀ ਨਾਲ ਲੜਨ ਲਈ ਪੀ. ਐਸ. ਯੂ.  ਦੀ ਐਗਜ਼ੈਕਟਿਵ ਕਮੇਟੀ ਨੇ 9 ਅਕਤੂਬਰ ਤੋਂ 15 ਅਕਤੂਬਰ ਤੱਕ ਕਾਲਾ ਹਫਤਾ ਮਨਾਉਣ ਤੇ 11 ਅਕਤੂਬਰ ਨੂੰ ਪੰਜਾਬ ਬੰਦਕਰਨ ਦਾ ਸੱਦਾ ਦਿੱਤਾ। ਪੰਜਾਬ ਭਰ ਦੇ ਵਿਦਿ:, ਕਿਸਾਨਾਂ, ਮਜ਼ਦੂਰਾਂ ਤੇ ਹੋਰ ਇਨਸਾਫ ਪਸੰਦ ਲੋਕਾਂ ਨੇ ਇਸ ਸੱਦੇ ਨੂੰ ਭਰਵਾਂ ਹੁੰਗਾਰਾ ਦਿੱਤਾ। ਪੰਜਾਬ ਦੇ ਕਿੰਨੇ ਹੀ ਸਾਲਾਂ ਦੇ ਇਤਿਹਾਸ ਚ ਇਹ ਆਪਣੀ ਕਿਸਮ ਦਾ ਪਹਿਲਾ ਬੰਦ ਸੀ ਜਦੋਂ ਪੰਜਾਬ ਭਰ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ, ਬਾਜ਼ਾਰਾਂ ਤੇ ਮੰਡੀਆਂ ਚ ਸੁੰਨ ਵਰਤੀ ਰਹੀ।

ਫੈਡਰੇਸ਼ਨ ਤੇ ਸੱਜੂ ਕਮਿਊਨਿਸਟਾਂ ਦੀ ਗਦਾਰੀ

ਸੰਘਰਸ਼ ਦੀ ਲਾਟ ਫਿਰ ਵੀ ਬਲਦੀ ਰਹੀ

        ਲੋਕ ਰੋਹ ਦੀ ਫੇਟ ਨਾਲ ਹਾਲੋਂ ਬੇਹਾਲ ਹੋਈ ਸਰਕਾਰ ਨੇ ਅੰਨੀਂ  ਤਾਕਤ ਨਾਲ ਸੌਰਦਾ ਨਾ ਵੇਖਕੇ ਘੋਲ ਨੂੰ ਅੰਦਰੋਂ ਢਾਹ ਲਾਉਣ ਦਾ ਦਾਅ ਖੇਡਿਆ। ਸਰਕਾਰੀ ਸੇਵਾ ਚ ਆ ਬਹੁੜੇ ਸੱਜੇ ਕਮਿਊਨਿਸਟਾਂ ਤੇ ਉਨਾਂ ਦੇ ਗੋਲੇ ਫੈਡਰੇਸ਼ਨੀਆਂ ਨੇ ਸਰਕਾਰ ਨਾਲ ਗੰਢ ਤੁੱਪ ਕਰਕੇ ਬਿਨਾਂ ਮੰਗਾਂ ਮਨਵਾਏ ਸੰਘਰਸ਼ ਨੂੰ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ। ਸਰਕਾਰ ਵੱਲੋਂ ਸਗੀਨਾਂ ਦੀ ਛਾਂ ਹੇਠ ਅਦਾਲਤੀ ਜਾਂਚ ਕਰਾਉਣ ਦੇ ਐਲਾਨ ਅਤੇ ਡੀ.ਸੀ. ਤੇ ਐਸ.ਪੀ. ਫਰੀਦਕੋਟ ਦੀ ਤਬਦੀਲੀ ਨੂੰ  ਇੰਨਾਂ ਨੇ ਵਿਦਿ: ਦੀ ਜਿੱਤ ਬਣਾ ਕੇ ਪੇਸ਼ ਕੀਤਾ। ਡੀ.ਸੀ. ਤੇ ਐਸ.ਪੀ. ਦੀ ਤਬਦੀਲੀ ਸਰਕਾਰ ਦੀ ਉਦੋਂ ਆਪਣੀ ਲੋੜ ਸੀ ਕਿਉਂਕਿ ਇਉਂ ਕੀਤੇ ਬਿਨਾਂ ਉਹ ਜਨਤਕ ਰੋਹ ਦੀ ਫੇਟ ਤੋਂ ਬਚਾਏ ਨਹੀਂ ਸੀ ਜਾ ਸਕਦੇ। ਪਰ ਪੀ. ਐਸ. ਯੂ. ਨੇ ਉਸ ਸਮੇਂ ਘੋਲ ਜਾਰੀ ਰੱਖਣ ਦਾ ਐਲਾਨ ਕਰਕੇ ਘੋਲ ਦੇ ਇਹਨਾਂ ਗਦਾਰਾਂ ਦੀਆਂ ਸਾਜਿਸ਼ਾਂ ਮਿੱਟੀ ਵਿੱਚ ਮਿਲਾ ਦਿੱਤੀਆਂ। ਪੀ. ਐਸ. ਯੂ.  ਨੇ ਸਰਕਾਰ ਵੱਲੋਂ ਐਲਾਨੀ ਅਖੌਤੀ ਜਾਂਚ ਦਾ ਬਾਈਕਾਟ ਕੀਤਾ ਕਿਉਂਕਿ ਚੱਪੇ ਚੱਪੇ ਤੇ ਹੋ ਰਹੇ ਪੁਲਸ ਤੇ ਫੌਜ ਦੇ ਫਲੈਗ ਮਾਰਚਾਂ ਤੇ ਹਜ਼ਾਰਾਂ ਲੋਕਾਂ ਦੇ ਜੇਲਾਂ ਚ ਡੱਕੇ ਹੁੰਦਿਆਂ ਅਤੇ ਡੀ.ਸੀ. ਤੇ ਐਸ.ਪੀ. ਦੇ ਆਪਣੇ ਅਹੁਦਿਆਂ ਤੇ ਬਿਰਾਜਮਾਨ ਰਹਿੰਦਿਆਂ ਨਿਰਪੱਖ ਜਾਂਚ ਹੋਣੀ ਅਸੰਭਵ ਸੀ। ਡੀ.ਸੀ. ਤੇ ਐਸ.ਪੀ. ਦੀ ਮੁਅੱਤਲੀ ਅਤੇ ਘੋਲ ਨਾਲ ਸਬੰਧਤ ਸਾਰੇ ਵਿਅਕਤੀਆਂ ਦੀ ਰਿਹਾਈ ਦੀ ਮੰਗ ਲਈ, ਸੋਚੀ ਸਮਝੀ ਸਕੀਮ ਅਧੀਨ, 16 ਅਕਤੂਬਰ ਨੂੰ ਮਰਨ ਵਰਤ ਤੇ ਬੈਠਦਿਆਂ ਫੈਡਰੇਸ਼ਨ ਦਾ ਕਰਤਾ-ਧਰਤਾ ਬੰਤ ਬਰਾੜ ਹਫਤੇ ਕੁ ਬਾਅਦ ਹੀ ਬਿਨਾਂ ਮੰਗਾਂ ਮਨਵਾਏ, ਫਲਾਂ ਦੇ ਰਸ ਦਾ ਗਲਾਸ ਪੀ ਕੇ ਉੱਠ ਖੜਿਆ। ਪਰ ਸਰਕਾਰ ਵੱਲੋ ਗਿ੍ਰਫਤਾਰੀਆਂ ਦਾ ਚੱਕਰ ਹੋਰ ਤੇਜ਼ ਹੋਣ, ਵਰੰਟਾਂ ਚ ਵਾਧੇ ਅਤੇ ਵਿਦਿਆਰਥੀਆਂ ਅਤੇ ਲੋਕਾਂ ਤੇ ਪੁਲਸੀ ਕੈਂਪਾਂ ਚ ਹੋ ਰਹੇ ਅੱਤਿਆਚਾਰਾਂ ਨੇ   ਇਨਾਂ                         ਸਰਕਾਰੀ ਰਾਸੀਆਂ ਦੇ ਪਾਜ ਉਘੇੜ ਦਿੱਤੇ। 23 ਅਕਤੂਬਰ ਨੂੰ ਵਿਦਿਅਕ ਸੰਸਥਾਵਾਂ ਦੇ ਖੁਲਦੇ ਸਾਰ ਹੀ ਅਣਖੀਲੇ ਵਿਦਿਆਰਥੀ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਦੇਂਦਿਆਂ ਫਿਰ ਸੜਕਾਂ ਤੇ ਆ ਨਿੱਤਰੇ। ਜਦੋਂ ਪੰਜਾਬ ਭਰ ਦੇ ਕਾਲਜ ਸਕੂਲ ਪੁਲਸ ਛਾਉਣੀਆਂ ਬਣੇ ਹੋਏ ਸਨ, ਪੰਜਾਬ ਦਾ ਚੱਪਾ ਚੱਪਾ ਜਬਰ ਦੀ ਮਾਰ ਹੇਠ ਕਰਾਹ ਰਿਹਾ ਸੀ ਤਾਂ ਸ਼ਹੀਦਾਂ ਦੇ ਵਾਰਸ ਵਿਦਿਆਰਥੀ ਘੋਲ ਚੋਂ ਗਦਾਰ ਹੋਏ ਫੈਡਰੇਸ਼ਨੀਆਂ ਦੇ ਆਖੇ ਲੱਗ ਕੇ ਕਾਲਜਾਂ ਚ ਪੜਾਈ ਕਿਵੇਂ ਕਰ ਸਕਦੇ ਸਨ? ਉਨਾਂ ਨੇ ਜੋਬਨ ਤੇ ਆਏ ਘੋਲ ਦੀ ਪਿੱਠ ਚ ਛੁਰਾ ਮਾਰ ਕੇ ਗਦਾਰ ਹੋਏ ਇਨਾਂ ਅਖੌਤੀ ਲੀਡਰਾਂ ਦੇ ਪੁਤਲੇ ਸਾੜਦਿਆਂ ਅਤੇ ਹੋਸਟਲਾਂ ਤੇ ਕਾਲਜ ਨੂੰ ਮਿਲਟਰੀ ਦੀ ਮੱਦਦ ਨਾਲ ਘੇਰਾ ਪਾ ਕੇ ਕੀਤੇ ਪੁਲਸੀ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਂਦਿਆਂ ਲੁਧਿਆਣੇ, ਪਟਿਆਲੇ, ਅੰਮਿ੍ਰਤਸਰ ਤੇ ਹੋਰ ਕਈ ਥਾਵਾਂ ਤੇ ਪੁਲਸੀ ਧਾੜਾਂ ਨੂੰ ਖਦੇੜ ਕੇ ਰੱਖ ਕੇ ਦਿੱਤਾ। ਪੰਜਾਬ ਭਰ ਦੇ ਕਾਲਜ ਇੱਕ ਵਾਰ ਫਿਰ ਅਣਮਿਥੇ ਸਮੇਂ ਲਈ ਬੰਦ ਕਰ ਦਿੱਤੇ ਗਏ। ਸਰਕਾਰ ਵੱਲੋਂ ਵਿਦਿਆਰਥੀ ਅੰਦੋਲਨ ਪਿੱਛੇ ਕਦੇ ਸੀ.ਆਈ.ਏ. ਦਾ, ਕਦੇ ਸਿਆਸੀ ਪਾਰਟੀਆਂ ਦਾ, ਕਦੇ ਨਕਸਲੀਆਂ ਤੇ ਕਦੇ ਸਮਾਜ ਵਿਰੋਧੀ ਅਨਸਰਾਂ ਦਾ ਹੱਥ ਦੱਸ ਕੇ ਵਿਦਿਆਰਥੀਆਂ ਨੂੰ ਲੋਕਾਂ ਚੋਂ ਨਿਖੇੜਨ ਦੀਆਂ ਚਾਲਾਂ ਨਾਕਾਮ ਹੋ ਕੇ ਰਹਿ ਗਈਆਂ।

ਸਰਕਾਰ ਦਾ ਜਾਬਰ ਪੈਂਤੜਾ ਨਾਕਾਮ ਘੋਲ ਦਾ ਸਬਕ-ਮਜਬੂਤ ਜਥੇਬੰਦੀ ਤੇ ਲੰਮੇ ਸੰਘਰਸ਼ਾਂ ਤੇ ਟੇਕ

        ਸੀ.ਪੀ.ਆਈ. ਤੇ ਫੈਡਰੇਸ਼ਨ ਲੋਕਾਂ ਦੇ ਘੋਲ ਨਾਲ ਬੇਵਫਾਈ ਕਰਨ ਪਿੱਛੋਂ ਸਰਕਾਰ ਨਾਲ ਰਲਕੇ  ਪੀ. ਐਸ.ਯੂ. ਦੀ ਅਗਵਾਈ ਵਿੱਚ ਚੱਲ ਰਹੇ ਘੋਲ ਦੇ ਖਿਲਾਫ ਡਟ ਗਈਆਂ। ਐਸ.ਐਫ.ਆਈ. ਨੇ ਵੀ ਇੱਕ ਫੈਡਰੇਸ਼ਨੀਆਂ ਦੇ ਸਰਮਨਾਕ ਸਮਝੌਤੇ ਨੂੰ ਵਿਦਿਆਰਥੀਆਂ ਦੀਆਂ ਮੰਗਾਂ ਪਰਵਾਨਹੋ ਜਾਣਾ ਦੱਸ ਕੇ ਅਤੇ ਦੂਜੇ ਪਾਸੇ ਘੋਲ ਜਾਰੀ ਰੱਖਣ ਦੇ ਫੋਕੇ ਬਿਆਨ ਦਾਗਕੇ ਮੌਕਾਪ੍ਰਸਤ ਰੋਲ ਹੀ ਨਿਭਾਇਆ ਸਗੋਂ ਜਾਬਰ ਹਾਕਮਾਂ ਨੂੰ ਘੋਲ ਦਾ ਨਿਸ਼ਾਨਾ ਬਨਾਉਣ ਦੀ ਥਾਂ ਘੋਲ ਦੀ ਅਗਵਾਈ ਕਰ ਰਹੀ ਪੀ.ਐਸ. ਯੂ. ਦੇ ਖਿਲਾਫ ਭੰਡੀ ਪ੍ਰਚਾਰ ਤੇ ਤੁਹਮਤਬਾਜੀ ਦੀ ਝੜੀ ਲਾ ਕੇ ਇਹ ਅਖੌਤੀ ਜਥੇਬੰਦੀ ਘੋਲ ਨੂੰ ਢਾਅ ਲਾਉਣ ਦੇ ਹਾਕਮਾਂ ਦੇ ਮਨਸੂਬਿਆਂ ਦੀ ਮੱਦਦਗਾਰ ਹੋ ਨਿਬੜੀ।

         ਪੰਜਾਬ ਭਰ ਚ ਉੱਠੀ, ਲੋਕਾਂ ਦੇ ਹੱਕੀ ਆਵਾਜ਼ ਦੇ ਬਾਵਜੂਦ ਪੰਜਾਬ ਸਰਕਾਰ ਪੂਰੀ ਢੀਠਤਾਈ ਨਾਲ ਦੀਆਂ ਮੰਗਾਂ ਮੰਨਣੋਂ ਇਨਕਾਰੀ ਹੋਈ ਰਹੀ। ਬਦਲਦੀਆਂ ਹਾਲਤਾਂ ਅਨੁਸਾਰ ਪੀ. ਐਸ.ਯੂ.  ਨੇ ਵਿਦਿਆਰਥੀਆਂ ਨੂੰ ਸੰਘਰਸ਼ ਰੂਪ ਬਦਲਣ ਤੇ ਜਾਬਰ ਹਾਕਮਾਂ ਤੋਂ ਮੰਗਾਂ ਮਨਵਾਉਣ ਲਈ ਲੰਬੇ ਸੰਘਰਸ਼ ਦੀ ਤਿਆਰੀ ਕਰਨ ਦਾ ਸੱਦਾ ਦਿੱਤਾ। ਭਾਵੇਂ ਵਿਦਿਆਰਥੀ ਕਲਾਸਾਂ ਲਾਉਣ ਲੱਗ ਪਏ ਸਨ ਪਰ ਜਲਸੇ, ਜਲੂਸ, ਮੁਜ਼ਾਹਰੇ ਤੇ ਰੈਲੀਆਂ ਜਾਰੀ ਰੱਖ ਰਹੇ ਸਨ। ਵਿਦਿ: ਤੇ ਆਮ ਲੋਕਾਂ ਦੇ ਦਬਾ ਕਾਰਨ ਸਰਕਾਰ ਨੂੰ ਵਿਦਿ: ਨਾਲ ਗੱਲਬਾਤ ਕਰਨ ਦਾ ਢਕੋਂਜ ਰਚਣਾ ਪਿਆ। ਪੀ.ਐਸ.ਯੂ. ਨੂੰ ਅੱਖੋਂ ਪਰੋਖੇ ਕਰਕੇ ਸਾਰੇ ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਦੇ ਸਟੰਟ ਨੂੰ ਵਿਦਿਆਰਥੀਆਂ ਨੇ ਨਾਕਾਮ ਬਣਾ ਕੇ ਰੱਖ ਦਿੱਤਾ। ਲੋਕਾਂ ਦੇ ਜਮਹੂਰੀ ਸੰਘਰਸ਼ ਨੂੰ ਪਸ਼ੂ ਬਲ ਨਾਲ ਕੁਚਲਣ ਦਾ ਸਿੱਕੇਬੰਦ ਪੈਂਤੜਾ ਸਰਕਾਰ ਨੂੰ ਇਸ ਮੌਕੇ ਤੇ ਬੇਅਸਰ ਜਾਣ ਕੇ ਛੱਡਣਾ ਪਿਆ। ਸਰਕਾਰ ਨੇ ਘੋਲ ਨਾਲ ਸਬੰਧਤ ਸਿਰਫ ਵਿਦਿਆਰਥੀਆਂ ਨੂੰ ਰਿਹਾਅ ਕਰਨ ਤੇ ਉਨਾਂ ਦੇ ਵਰੰਟ ਵਾਪਸ ਲੈਣ ਤੇ ਕੇਸ ਮਨਸੂਖ ਕਰਨ ਦਾ ਐਲਾਨ ਕਰਕੇ ਲੋਕਾਂ ਤੇ ਵਿਦਿ: ਦੇ ਏਕੇ ਨੂੰ ਸੰਨ ਲਾਉਣੀ ਚਾਹੀ। ਪਰ ਹੱਕ ਸੱਚ ਲਈ ਜੂਝਦਿਆਂ ਪੈਦਾ ਹੋਏ ਇਸ ਭਰਾਤਰੀ ਰਿਸ਼ਤੇ ਤੇ ਪਹਿਰਾ ਦਿੰਦਿਆਂ ਪੀ.ਐਸ.ਯੂ.  ਨੇ ਰੈਲੀਆਂ, ਮੁਜ਼ਾਹਰੇ ਅਤੇ ਹੜਤਾਲਾਂ ਕਰਕੇ ਸਰਕਾਰ ਨੂੰ ਮੋਗਾ ਅੰਦੋਲਨ ਨਾਲ ਸਬੰਧਤ ਸਭ ਵਿਅਕਤੀਆਂ ਦੀ ਰਿਹਾਈ, ਵਰੰਟਾਂ ਦੀ ਵਾਪਸੀ ਤੇ ਮੁਕੱਦਮਿਆਂ ਦੀ ਮਨਸੂਖੀ ਦਾ ਐਲਾਨ ਕਰਨ ਲਈ ਮਜ਼ਬੂਰ ਕਰ ਦਿੱਤਾ।

            ਪੰਜਾਬ ਦੀ ਧਰਤੀ ਤੇ ਨੇੜਲੇ ਅਰਸੇ ਦੌਰਾਨ ਲੜੇ ਗਏ ਘੋਲਾਂ ਵਿੱਚੋਂ ਬੇਮਿਸਾਲ ਤੇ ਗੌਰਵ ਮਈ ਮੋਗਾ ਘੋਲ ਨੇ ਜਿੱਥੇ ਸਰਕਾਰ ਦੇ ਘੋਲ ਨੂੰ ਅੰਨੇ ਜਬਰ ਤੇ ਫਰੇਬੀ ਚਾਲਾਂ ਨਾਲ ਕੁਚਲਣ ਦੇ ਸਾਰੇ ਹਥਿਆਰ ਨਾਕਾਮ ਕਰ ਵਿਖਾਏ ਉੱਥੇ ਕਾਂਗਰਸੀ ਹਾਕਮਾਂ ਦਾ ਲੋਕ ਦੋਖੀ ਚਿਹਰਾ ਵੀ ਪੂਰੀ ਤਰਾਂ  ਬੇ -ਪਰਦ ਕਰ ਦਿੱਤਾ। ਭਾਵੇਂ ਲੋਕ ਵਿਰੋਧੀ ਹਕੂਮਤ ਦੀ ਢੀਠਤਾ, ਫੈਡਰੇਸ਼ਨੀਆਂ ਦੀ ਗਦਾਰੀ, ਸਿਆਸੀ ਪਾਰਟੀਆਂ ਵੱਲੋਂ ਘੋਲ ਦੀ ਠੋਸ ਮੱਦਦ ਨਾ ਕਰਨ ਅਤੇ ਦੀ ਸੀਮਤ ਜਥੇਬੰਦਕ ਤਾਕਤ ਕਾਰਨ ਅਸੀਂ ਘੋਲ ਦੀਆਂ ਮੁੱਖ ਮੰਗਾਂ ਨਹੀਂ ਮਨਾ ਸਕੇ ਪਰ ਜਬਰ ਦੇ ਖਿਲਾਫ ਭਿੜਨ ਅਤੇ ਜਬਰਾਂ ਸੰਗ ਲੋਹਾ ਲੈਣ ਦਾ ਦਲੇਰਾਨਾ ਪੈਂਤੜਾ ਲੈ ਕੇ, ਲੋਕਾਂ ਦੇ ਲੜਨ-ਕਣ ਤੇ ਜੁਝਾਰੂ ਰਵਾਇਤਾਂ ਨੂੰ ਬਰਕਰਾਰ ਰੱਖਣ ਅਤੇ ਅੱਗੇ ਤੋਰਨ ਚ ਸ਼ਾਨਦਾਰ ਰੋਲ ਅਦਾ ਕਰਕੇ ਵਿਦਿਆਰਥੀਆਂ ਦੀ ਹਰਮਨ ਪਿਆਰੀ ਜਥੇਬੰਦੀ ਬਣਕੇ ਉੱਭਰੀ। ਘੋਲ ਦੌਰਾਨ ਉਜਾਗਰ ਹੋਏ ਕਾਂਗਰਸੀ ਹਾਕਮਾਂ ਦੇ ਜਾਬਰ ਤੇ ਸਿਰੇ ਦੇ ਲੋਕ ਦੁਸ਼ਮਣ ਸੁਭਾ ਨੇ ਇਹ ਦਰਸਾ ਦਿੱਤਾ ਕਿ ਲੰਬੇ, ਮਜ਼ਬੂਤ ਅਤੇ ਖਾੜਕੂ ਘੋਲਾਂ ਬਿਨਾਂ ਲੋਕ ਦੋਖੀ ਹਾਕਮਾਂ ਤੋਂ ਆਪਣੀਆਂ ਮੰਗਾਂ ਨਹੀਂ ਮਨਵਾਈਆਂ ਜਾ ਸਕਦੀਆਂ। ਇਸ ਲਈ ਆਉਣ ਵਾਲੇ ਸਮੇਂ ਅੰਦਰ ਸੰਘਰਸ਼ਾਂ ਨੂੰ ਮਜ਼ਬੂਤੀ ਨਾਲ ਲੜਨ ਲਈ, ਆਪਣੀਆਂ ਸਫਾਂ ਨੂੰ ਮਜ਼ਬੂਤ ਕਰਨ ਤੋਂ ਲੰਮੇਂ ਅਤੇ ਖਾੜਕੂ ਸੰਘਰਸ਼ਾਂ ਦੀ ਤਿਆਰੀ ਕਰਨ ਵਿੱਚ ਜੁਟ ਗਈ।

 

          ਪੀ.ਐਸ.ਯੂ. ਦੇ ਖਬਰਨਾਮੇ ‘‘ਜੈ ਸੰਘਰਸ਼ ’’ ਦੇ ਅਕਤੂਬਰ 78 ਦੇ ਅੰਕ ਦੀ ਇੱਕ ਲਿਖਤ

No comments:

Post a Comment