ਖੇਤ ਮਜ਼ਦੂਰ ਘੋਲ ਦੇ ਜੋਰ ਦਲਿਤ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮੁੱਖ ਦੋਸ਼ੀ ਗਿ੍ਰਫਤਾਰ
ਜਗੀਰਦਾਰਾਂ ਦੇ ਗੜ
ਵਜੋਂ ਜਾਣੇ ਜਾਂਦੇ ਲੰਬੀ ਬਲਾਕ ਤੇ ਬਾਦਲ ਦੇ ਨਜ਼ਦੀਕ ਇੱਕ ਪਿੰਡ ਦੇ ਦਲਿਤ ਪਰਿਵਾਰ ਦੀ ਨਾਬਾਲਗ
ਲੜਕੀ ਨਾਲ ਸਮੂਹਿਕ ਬਲਾਤਕਾਰ ਅਤੇ ਪੀੜਤ ਦੀ ਵੀਡੀਓ ਵਾਇਰਲ ਕਰਨ ਵਾਲੇ ਦੋਸ਼ੀਆਂ ਦੀ ਗਿ੍ਰਫਤਾਰੀ ਲਈ
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਵਿੱਢਿਆ ਘੋਲ ਦੋ ਮੁੱਖ ਦੋਸ਼ੀਆਂ ਦੀ ਗਿ੍ਰਫਤਾਰੀ ਕਰਾਉਣ ਸਦਕਾ
ਅਹਿਮ ਜਿੱਤ ਹਾਸਲ ਕਰਨ ’ਚ ਸਫ਼ਲ ਰਿਹਾ ਹੈ। ਖੇਤ ਮਜ਼ਦੂਰਾਂ ਦੇ ਸੰਘਰਸ਼ ਦੀ ਇਹ
ਜਿੱਤ ਇਸ ਕਰਕੇ ਬੇਹੱਦ ਅਹਿਮ ਹੈ ਕਿ ਲੱਗਭੱਗ ਸਵਾ ਮਹੀਨੇ ਬਾਅਦ ਗਿ੍ਰਫਤਾਰ ਕੀਤਾ ਇੱਕ ਦੋਸ਼ੀ
ਮਨਦੀਪ ਸਿੰਘ ਜਗੀਰਦਾਰ ਹੋਣ ਦੇ ਨਾਲ-ਨਾਲ ਪਿੰਡ ਦੇ ਲੋਕਾਂ ਨੂੰ ਗਲ਼ ਵੱਢਵੇਂ ਵਿਆਜ ਉੱਤੇ ਵਿਆਜੂ
ਪੈਸਾ ਦੇਣ ਰਾਹੀਂ ਸ਼ਾਹੂਕਾਰੇ ਦਾ ਧੰਦਾ ਵੀ ਕਰਦਾ ਹੈ। ਇਸੇ ਕਰਕੇ ਉਸਦੀ ਤੇ ਉਸਦੇ ਪਰਿਵਾਰ ਦੀ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹੁਕਮਰਾਨ ਕਾਂਗਰਸ ਪਾਰਟੀ ਦੇ ਇੱਕ ਅਹਿਮ ਆਗੂ
ਮਹੇਸ਼ਇੰਦਰ ਸਿੰਘ ਬਾਦਲ ਸਮੇਤ ਕਈ ਸਿਆਸੀ ਆਗੂਆਂ ਨਾਲ ਗੂੜੀ ਸਾਂਝ ਹੈ। ਇਹੀ ਵਜਾ ਹੈ ਕਿ ਪੁਲਿਸ
ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਦੀ ਥਾਂ ਬਚਾਉਣ ਦੇ ਧੰਦੇ ਲੱਗੀ ਰਹੀ ਹੈ। ਇਸ ਤੋਂ ਵੀ ਅੱਗੇ ਦੋਸ਼ੀਆਂ
ਦੀ ਗਿ੍ਰਫਤਾਰੀ ਲਈ 20 ਅਗਸਤ ਨੂੰ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਲੰਬੀ ਥਾਣੇ ਅੱਗੇ ਰੱਖੇ ਇੱਕ
ਰੋਜ਼ਾ ਧਰਨੇ ਨੂੰ ਫੇਲ ਕਰਨ ਲਈ ਪੁਲਿਸ ਵੱਲੋਂ ਯੂਨੀਅਨ ਦੇ ਇੱਕ ਸੂਬਾਈ ਆਗੂ ਨੂੰ ਗਿ੍ਰਫਤਾਰ ਕੀਤਾ
ਗਿਆ ਸੀ। ਪਰ ਖੇਤ ਮਜ਼ਦੂਰਾਂ ਦੇ ਸਿਰੜੀ ਘੋਲ ਤੇ ਇਲਾਕੇ ਦੀਆਂ ਭਰਾਤਰੀ ਜਥੇਬੰਦੀਆਂ ਦੀ ਡਟਵੀਂ
ਹਮਾਇਤ ਕਾਰਨ ਅਤੇ ਲਗਾਤਾਰ ਵੱਧ ਰਹੇ ਲੋਕ ਦਬਾਅ ਸਦਕਾ ਕਾਂਗਰਸੀ ਤੇ ਅਕਾਲੀ ਆਗੂਆਂ ਦੀ ਬੁੱਕਲ ’ਚ ਛੁਪੇ ਬਲਾਤਕਾਰੀਆਂ ਨੂੰ ਆਖ਼ਰ ਪੁਲਿਸ ਸੀਖਾਂ ਪਿੱਛੇ ਡੱਕਣ ਲਈ ਮਜ਼ਬੂਰ ਕਰ ਦਿੱਤੀ ਗਈ। ਜਿਸ
ਸਮਾਜ ’ਚ ਜ਼ਮੀਨਾਂ ਤੋਂ ਵਿਰਵੇ ਤੇ ਸਦੀਆਂ ਤੋਂ ਜਾਤਪਾਤੀ ਭਿੱਟ
ਦੇ ਦੁਰਕਾਰੇ ਅਤੇ ਹਰ ਪੱਖੋਂ ਕੰਨੀ ’ਤੇ ਵਿਚਰਦੇ ਖੇਤ ਮਜ਼ਦੂਰਾਂ/ਦਲਿਤਾਂ ਦੀਆਂ ਧੀਆਂ ਭੈਣਾਂ
ਦੀ ਇੱਜ਼ਤ ਨੂੰ ਹੱਥ ਪਾਉਣਾ ਜਗੀਰਦਾਰ ਤੇ ਉੱਚ ਜਾਤੀ ਹੰਕਾਰ ’ਚ ਗਰਸੇ ਹੋਏ ਅਨਸਰ
ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਨ ਉੱਥੇ ਆਪਣੀ ਜਥੇਬੰਦਕ ਤਾਕਤ ਦੇ ਜ਼ੋਰ ਮਜ਼ਦੂਰਾਂ ਵੱਲੋਂ ਕਿਸੇ
ਜਗੀਰਦਾਰ ਨੂੰ ਗਿ੍ਰਫਤਾਰ ਕਰਾਉਣਾ ਅਹਿਮ ਪ੍ਰਾਪਤੀ ਬਣਦੀ ਹੈ। ਦੂਜੇ ਪਾਸੇ ਇਹ ਜਗੀਰੂ ਪ੍ਰਬੰਧ ਦੀ
ਹੈਂਕੜ ਦਾ ਹੀ ਉੱਘੜਵਾਂ ਨਮੂਨਾ ਹੈ ਕਿ ਸੰਗੀਨ ਧਰਾਵਾਂ ਤਹਿਤ ਪਰਚ ਦਰਜ ਹੋਣ ਦੇ ਬਾਵਜੂਦ ਦੋਸ਼ੀ
ਜਗੀਰਦਾਰ ਮਨਦੀਪ ਤੇ ਉਸਦਾ ਪਰਿਵਾਰ ਨਮੋਸ਼ੀ ਮੰਨਣ ਦੀ ਥਾਂ 10 ਲੱਖ ਰੁਪੈ ਖਰਚ ਕੇ ਛੁੱਟ ਜਾਣ ਦੇ
ਦਮਗਜੇ ਮਾਰਨ ਅਤੇ ਪੀੜਤ ਪਰਿਵਾਰ ਨੂੰ ਮੁਕੱਦਮਾ ਵਾਪਸ ਲੈਣ ਲਈ ਡਰਾਉਣ ਧਮਕਾਉਣ ਵਰਗੇ ਹੱਥ ਕੰਡੇ
ਅਪਣਾਉਦਾ ਰਿਹਾ।
ਇਹ ਮੰਦਭਾਗੀ ਘਟਨਾ ਇੱਕ ਅਗਸਤ ਨੂੰ ਉਸ ਸਮੇਂ
ਵਾਪਰੀ ਜਦੋਂ ਮਜ਼ਦੂਰ ਪਰਿਵਾਰ ਦੀ ਨਾਬਾਲਗ ਲੜਕੀ ਨੂੰ ਆਪਣੇ ਚਾਚੇ ਘਰ ਜਾਂਦਿਆਂ ਡੀ.ਜੇ. ਦੀ ਦੁਕਾਨ
ਕਰਦੇ ਦੋਸ਼ੀ ਸੁਖਦੀਪ ਸਿੰਘ ਵੱਲੋਂ ਆਪਣੀ ਦੁਕਾਨ ’ਚ ਲਿਜਾ ਕੇ
ਬਲਾਤਕਾਰ ਕੀਤਾ ਗਿਆ। ਪਹਿਲਾਂ ਤੋਂ ਗਿਣੀ ਮਿਥੀ ਸਕੀਮ ਤਹਿਤ ਜਗੀਰਦਾਰ ਮਨਦੀਪ ਵੀ ਦੁਕਾਨ ’ਚ ਆ ਧਮਕਿਆ ਤੇ ਮਜ਼ਦੂਰ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ ਗਈ। ਲੜਕੀ ਵੱਲੋਂ ਰੌਲਾ ਪਾਉਣ ’ਤੇ ਪਿੰਡ ਦੇ ਹੋਰਨਾਂ ਲੋਕਾਂ ਸਮੇਤ ਦੁਕਾਨ ਦਾ ਮਾਲਕ ਜਗੀਰਦਾਰ ਕੌਰ ਸਿੰਘ ਵੀ ਆ ਗਿਆ। ਆਪਣੀ
ਦੁਕਾਨ ’ਚ ਵਾਪਰੀ ਇਸ ਘਟਨਾ ਤੋਂ ਬੁਖਲਾਏ ਹੋਏ ਬੁੱਢੇ ਜਗੀਰਦਾਰ
ਵੱਲੋਂ ਬੱਚੀ ਦਾ ਨੰਗ ਢੱਕਣ ਦੀ ਥਾਂ ਉਸਦੇ ਫਟੇ ਹੋਏ ਕੱਪੜੇ ਵੀ ਚੁੱਕ ਕੇ ਬਾਹਰ ਸੁੱਟ ਦਿੱਤੇ। ਇਸ
ਮੌਕੇ ਡਰੀ ਹੋਈ ਲੜਕੀ ਕੱਪੜੇ ਚੁੱਕ ਕੇ ਅਰਧ ਨਗਨ ਹਾਲਤ ਵਿੱਚ ਹੀ ਆਪਣੇ ਘਰ ਨੂੰ ਭੱਜ ਤੁਰੀ। ਇਸ
ਮੌਕੇ ਆਪਣੀ ਹਵਸ ਪੂਰੀ ਨਾ ਹੋਣ ਤੋਂ ਸਤੇ ਹੋਏ ਜਗੀਰਦਾਰ ਮਨਦੀਪ ਵੱਲੋਂ ਬੈਲਕਮੇਲ ਕਰਨ ਦੇ ਇਰਾਦੇ
ਨਾਲ ਭੱਜ ਰਹੀ ਪੀੜਤ ਲੜਕੀ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ।
ਇਸ ਘਟਨਾ ਨੂੰ ਲੈ ਕੇ ਜਦੋਂ ਪੀੜਤ ਪਰਿਵਾਰ
ਲੰਬੀ ਥਾਣੇ ਗਿਆ ਤਾਂ ਥਾਣੇਦਾਰ ਵੱਲੋਂ ਪਹਿਲਾਂ ਤਾਂ ਪੀੜਤ ਉੱਤੇ ਰਾਜ਼ੀਨਾਮੇ ਲਈ ਦਬਾਅ ਪਾਇਆ ਗਿਆ
ਪਰ ਜਦੋਂ ਪੀੜਤ ਪਰਿਵਾਰ ਪਰਚਾ ਦਰਜ ਕਰਾਉਣ ਲਈ ਅੜਿਆ ਰਿਹਾ ਤਾਂ ਪੁਲਿਸ ਵੱਲੋਂ ਲੜਕੀ ਦਾ ਮੈਡੀਕਲ
ਕਰਵਾ ਕੇ ਦੋਸ਼ੀਆਂ ਖਿਲਾਫ਼ ਸਮੂਹਿਕ ਬਲਾਤਕਾਰ ਤੇ ਐਸ.ਸੀ.ਐਸ.ਟੀ. ਐਕਟ ਵਰਗੀਆਂ ਬਣਦੀਆਂ ਧਰਾਵਾਂ
ਲਾਉਣ ਦੀ ਥਾਂ ਲੜਕੀ ਨਾਲ ਛੇੜਛਾੜ ਤੇ ਵੀਡੀਓ ਵਾਇਰਲ ਕਰਨ ਦੇ ਦੋਸ਼ਾਂ ਤਹਿਤ ਕੌਰ ਸਿੰਘ ਨੂੰ ਛੱਡਕੇ
ਸੁਖਦੀਪ ਸਿੰਘ ਤੇ ਮਨਦੀਪ ਸਿੰਘ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ। ਪਿੰਡ ਅੰਦਰਲੀ ਭਾਰਤੀ ਕਿਸਾਨ
ਯੂਨੀਅਨ ਏਕਤਾ (ਉਗਰਾਹਾਂ) ਦੇ ਸਥਾਨਕ ਆਗੂਆਂ ਦੇ ਦਖ਼ਲ ਨਾਲ 13 ਅਗਸਤ ਨੂੰ ਪੀੜਤ ਵੱਲੋਂ ਅਦਾਲਤ
ਸਾਹਮਣੇ ਆਪਣੇ ਬਿਆਨ ਕਲਮਬੰਦ ਕਰਾਉਣ ਤੋਂ ਬਾਅਦ ਹੀ ਪੁਲਿਸ ਨੂੰ ਲੜਕੀ ਦਾ ਮੈਡੀਕਲ ਕਰਵਾ ਕੇ
ਬਲਾਤਕਾਰ ਤੇ ਐਸ.ਸੀ.ਐਸ.ਟੀ. ਐਕਟ ਦੀਆਂ ਧਾਰਾਵਾਂ ਦਾ ਵਾਧਾ ਕਰਕੇ ਕੌਰ ਸਿੰਘ ਨੂੰ ਵੀ ਦੋਸ਼ੀਆ
ਵੱਜੋਂ ਨਾਮਜ਼ਦ ਕਰਨ ਦਾ ਕੌੜਾ ਅੱਕ ਚੱਬਣਾ ਪਿਆ।
ਕਿਸਾਨ ਆਗੂਆਂ ਵੱਲੋਂ ਇਹ ਮਾਮਲਾ ਪੰਜਾਬ ਖੇਤ
ਮਜ਼ਦੂਰ ਯੂਨੀਅਨ ਦੇ ਆਗੂਆਂ ਦੇ ਧਿਆਨ ’ਚ ਲਿਆਉਣ ਤੋਂ ਤੁਰੰਤ ਬਾਅਦ ਮਜ਼ਦੂਰ ਜਥੇਬੰਦੀ ਵੱਲੋਂ
ਪਿੰਡ ਦੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੀ ਮੀਟਿੰਗ ਕਰਕੇ ਦੋਸ਼ੀਆਂ ਦੀ ਗਿ੍ਰਫਤਾਰੀ ਲਈ 20 ਅਗਸਤ
ਨੂੰ ਲੰਬੀ ਥਾਣੇ ਅੱਗੇ ਧਰਨਾ ਦੇਣ ਦਾ ਐਲਾਨ ਕਰ ਦਿੱਤਾ। ਦੂਜੇ ਪਾਸੇ ਇਲਾਕੇ ਦੇ ਕਾਂਗਰਸੀ ਤੇ
ਅਕਾਲੀ ਆਗੂਆਂ ਵੱਲੋਂ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਨ ਸਦਕਾ ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਨ ਦੀ
ਥਾਂ ਮਜ਼ਦੂਰ ਧਰਨੇ ਨੂੰ ਫੇਲ ਕਰਨ ਲਈ ਤਾਣ ਲਾਇਆ ਗਿਆ। ਅਤੇ ਧਰਨੇ ਤੋਂ ਇੱਕ ਦਿਨ ਪਹਿਲਾਂ ਖੇਤ
ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਲਛਮਣ ਸਿੰਘ ਸੇਵੇਵਾਲਾ ਨੂੰ ਬਠਿੰਡਾ ਕਚਹਿਰੀ ’ਚੋਂ ਗਿ੍ਰਫਤਾਰ ਕਰ ਲਿਆ ਗਿਆ। ਮਜ਼ਦੂਰ ਆਗੂ ਪੀੜਤ ਪਰਿਵਾਰ ਸਮੇਤ ਇਸ ਕੇਸ ਦੀ ਕਾਨੂੰਨੀ
ਪੈਰਵਾਈ ਲਈ ਵਕੀਲਾਂ ਕੋਲ ਗਿਆ ਹੋਇਆ ਸੀ। ਜਦੋਂ ਹੀ ਉਹ ਕਚਹਿਰੀ ’ਚੋਂ ਬਾਹਰ ਨਿੱਕਲਿਆ ਤਾਂ ਪੰਜਾਬ ਪੁਲਿਸ ਵੱਲੋਂ ਮਿਥੀ ਸਕੀਮ ਤਹਿਤ ਉਸਨੂੰ ਪੰਜ ਸਾਲ ਪਹਿਲਾਂ
ਨਰਮਾ ਘੋਲ ਦੌਰਾਨ ਚੱਲੇ ਰੇਲ ਰੋਕੋ ਅੰਦੋਲਨ ਸਮੇਂ ਦਰਜ ਕੀਤੇ ਕੇਸ ਦਾ ਬਹਾਨਾ ਬਣਾ ਕੇ ਗਿ੍ਰਫਤਾਰ
ਕਰਨ ਉਪਰੰਤ ਰੇਲਵੇ ਪੁਲਿਸ ਦੇ ਹਵਾਲੇ ਕਰਕੇ ਰਾਜਸਥਾਨ ਦੇ ਹਨੂੰਮਾਨਗੜ ਥਾਣੇ ਭੇਜ ਦਿੱਤਾ ਗਿਆ।
ਮਜ਼ਦੂਰ ਆਗੂ ਦੀ ਗਿ੍ਰਫਤਾਰੀ ਨਾਲ ਲੋਕਾਂ ਦਾ ਰੋਹ ਹੋਰ ਵੀ ਭਖ ਉੱਠਿਆ। ਖੇਤ ਮਜ਼ਦੂਰ ਯੂਨੀਅਨ ਤੋਂ ਇਲਾਵਾ ਕਿਸਾਨਾਂ, ਨੌਜਵਾਨਾਂ ਤੇ ਮੁਲਾਜ਼ਮਾਂ ਦੇ ਇੱਕ ਵਫ਼ਦ ਵੱਲੋਂ ਤੁਰੰਤ ਹਰਕਤ ’ਚ ਆਉਦਿਆਂ ਬਠਿੰਡਾ ਦੀ ਪੰਜਾਬ ਤੇ ਰੇਲਵੇ ਪੁਲਿਸ ਦੇ ਅਧਿਕਾਰੀਆਂ ਦੀ ਜਵਾਬ ਤਲਬੀ ਕਰਦਿਆਂ
ਮਜ਼ਦੂਰ ਆਗੂ ਦਾ ਅਤਾ ਪਤਾ ਦੱਸਣ ਤੇ ਉਸਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ। ਖੇਤ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ ਤੇ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਤੋਂ ਇਲਾਵਾ ਇਨਕਲਾਬੀ ਥੜਿਆਂ ਵੱਲੋਂ ਮਜ਼ਦੂਰ
ਆਗੂ ਦੀ ਗਿ੍ਰਫਤਾਰੀ ਦੀ ਨਿਖੇਧੀ ਤੇ ਰਿਹਾਈ ਦੀ ਮੰਗ ਕਰਦਿਆਂ ਅਣਗਿਣਤ ਬਿਆਨ ਜਾਰੀ ਕੀਤੇ ਗਏ।
ਇਸਦੇ ਨਾਲ ਹੀ ਪੁਲਿਸ ਵੱਲੋਂ ਮਜ਼ਦੂਰ ਆਗੂ ਨੂੰ ਗਿ੍ਰਫਤਾਰ ਕਰਕੇ ਲੰਬੀ ਥਾਣੇ ਅੱਗੇ ਦਿੱਤੇ ਜਾਣ
ਵਾਲੇ ਧਰਨੇ ਨੂੰ ਫੇਲ ਕਰਨ ਦੀ ਚਣੌਤੀ ਨੂੰ ਕਬੂਲ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਰਾਤਰੀ
ਜਥੇਬੰਦੀਆਂ ਵੱਲੋਂ ਵਰਦੇ ਮੀਂਹ ਵਿੱਚ ਵੀ ਲੰਬੀ ਥਾਣੇ ਅੱਗੇ ਧਰਨਾ ਦੇਣ ਦੇ ਨਾਲ-ਨਾਲ ਡੀ.ਸੀ.
ਦਫ਼ਤਰ ਬਠਿੰਡਾ ਅੱਗੇ ਵੀ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਹਨਾਂ ਧਰਨਿਆਂ ’ਚ ਪੰਜਾਬ ਖੇਤ ਮਜ਼ਦੂਰ ਯੂਨੀਅਨ, ਬੀ.ਕੇ.ਯੂ. ਏਕਤਾ (ਉਗਰਾਹਾਂ), ਨੌਜਵਾਨ ਭਾਰਤ ਸਭਾ, ਡੀ.ਟੀ.ਐਫ਼. ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਲੰਬੀ, ਟੀ.ਐਸ.ਯੂ., ਥਰਮਲ ਦੇ ਠੇਕਾ ਮੁਲਾਜ਼ਮ, ਜਮਹੂਰੀ ਅਧਿਕਾਰ ਸਭਾ ਅਤੇ ਸਾਹਿਤਕ ਸੰਸਥਾਵਾਂ ਦੇ ਸੈਂਕੜੇ ਮਰਦ ਔਰਤਾਂ ਨੇ ਹਿੱਸਾ ਲਿਆ। ਇਹ
ਲੋਕਾਂ ਦੇ ਬਣੇ ਹੋਏ ਦਬਾਅ ਦਾ ਹੀ ਸਿੱਟਾ ਸੀ ਕਿ ਪੁਲਿਸ ਵੱਲੋਂ ਅਗਲੇ ਦਿਨ ਹੀ ਮਜ਼ਦੂਰ ਆਗੂ ਨੂੰ
ਬਠਿੰਡਾ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਜਿੱਥੇ ਅਦਾਲਤ ਵੱਲੋਂ ਉਸਦੀ ਜ਼ਮਾਨਤ ਮਨਜ਼ੂਰ ਕਰਕੇ
ਰਿਹਾਅ ਕਰ ਦਿੱਤਾ ਗਿਆ। ਮਜ਼ਦੂਰ ਆਗੂ ਦੀ ਚਲਦੇ ਧਰਨੇ ਦੌਰਾਨ ਹੋਈ ਰਿਹਾਈ ਨੇ ਧਰਨਾਕਾਰੀਆਂ ਦੇ ਜੋਸ਼
ਨੂੰ ਹੋਰ ਵੀ ਭਖਾ ਦਿੱਤਾ।
ਇਸ ਤੋਂ ਪਿੱਛੋਂ ਖੇਤ ਮਜ਼ਦੂਰ ਜਥੇਬੰਦੀ ਵੱਲੋਂ
ਘੋਲ ਨੂੰ ਅੱਗੇ ਵਧਾਉਦਿਆਂ ਯੂਨੀਅਨ ਦੇ ਮਰਹੂਮ ਜ਼ਿਲਾ ਪ੍ਰਧਾਨ ਨਾਨਕ ਸਿੰਘ ਦੀ ਸਤੰਬਰ ਦੇ ਪਹਿਲੇ
ਹਫ਼ਤੇ ਹਰ ਸਾਲ ਮਨਾਈ ਜਾਂਦੀ ਬਰਸੀ ਇਸ ਵਾਰ ਪੁਲਿਸ ਸਿਆਸੀ ਗੁੰਡਾ ਗੱਠ ਜੋੜ ਦੇ ਖਿਲਾਫ਼ 7 ਸਤੰਬਰ
ਤੋਂ ਲੰਬੀ ਥਾਣੇ ਅੱਗੇ ਦਿਨ ਰਾਤ ਦਾ ਧਰਨਾ ਦੇ ਕੇ ਮਨਾਉਣ ਰਾਹੀਂ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ
ਗਿਆ। ਇਸ ਧਰਨੇ ਦੌਰਾਨ ਬਲਾਤਕਾਰ ਦੇ ਦੋਸ਼ੀਆਂ ਦੀ ਗਿ੍ਰਫਤਾਰੀ ਤੋਂ ਇਲਾਵਾ ਇਲਾਕੇ ਦੇ ਪਿੰਡ
ਖਿਓਵਾਲੀ ’ਚ ਕਈ ਮਹੀਨੇ ਪਹਿਲਾਂ ਮਜ਼ਦੂਰ ਨੂੰ ਕਤਲ ਕਰਨ ਵਾਲੇ
ਦੋਸ਼ੀਆਂ ਦੀ ਗਿ੍ਰਫਤਾਰੀ ਦਾ ਮੁੱਦਾ ਵੀ ਅਹਿਮ ਮੰਗ ਵਜੋਂ ਸ਼ਾਮਲ ਕਰ ਦਿੱਤਾ ਗਿਆ। ਲੱਗਭੱਗ 10 ਦਿਨ
ਬਲਾਕ ਤੇ ਜ਼ਿਲੇ ਦੇ 35 ਪਿੰਡਾਂ ਅੰਦਰ ਮੀਟਿੰਗਾਂ ਤੇ ਰੈਲੀਆਂ ਰਾਹੀ ਜ਼ੋਰਦਾਰ ਮੁਹਿੰਮ ਚਲਾਈ ਗਈ।
ਮਜ਼ਦੂਰ ਆਗੂਆਂ ਵੱਲੋਂ ਆਪਣੇ ਭਾਸ਼ਣਾ ਰਾਹੀਂ ਨਾਬਾਲਗ ਲੜਕੀ ਨਾਲ ਬਲਾਤਕਾਰ ਤੇ ਸੋਸ਼ਲ ਮੀਡੀਆਂ ’ਤੇ ਵੀਡੀਓ ਵਾਇਰਲ ਕਰਨ ਦੀ ਘਟਨਾ ਦੇ ਦੋਸ਼ੀ ਜਗੀਰਦਾਰਾਂ ਨੂੰ ਪੁਲਸ ਵੱਲੋਂ ਗਿ੍ਰਫਤਾਰ ਨਾ ਕਰਨ
ਸਮੇਤ ਮੁਲਕ ਭਰ ਵਿੱਚ ਦਲਿਤਾਂ ਤੇ ਦਲਿਤ ਔਰਤਾਂ ਨਾਲ ਵਾਪਰਦੇ ਜਾਤੀ ਤੇ ਜਗੀਰੂ ਜਬਰ ਦੀਆਂ
ਘਟਨਾਵਾਂ ਦਾ ਟੁੰਬਵੇਂ ਬੋਲਾਂ ਰਾਹੀ ਨਕਸ਼ਾ ਬੰਨਿਆਂ ਗਿਆ। ਦਲਿਤਾਂ ਤੇ ਦਲਿਤ ਔਰਤਾਂ ਨਾਲ ਵਾਪਰਦੇ
ਘਿਨਾਉਣੇ ਜੁਲਮਾਂ ਸਮੇਂ ਪੁਲਸ ਤੋਂ ਲੈ ਕੇ ਅਦਾਲਤਾਂ ਤੱਕ ਦੋਸ਼ੀਆਂ ਦਾ ਪੱਖ ਪੂਰਨ ਦੇ ਕਿੱਸੇ ਸੁਣਾ
ਕੇ ਸਮੁੱਚੇ ਰਾਜ ਪ੍ਰਬੰਧ ਨੂੰ ਗਰੀਬ ਤੇ ਦਲਿਤ ਵਿਰੋਧੀ ਜ਼ਾਲਮ ਰਾਜ ਵਜੋਂ ਬੇਨਕਾਬ ਕੀਤਾ ਗਿਆ। ਖੇਤ
ਮਜ਼ਦੂਰਾਂ ਤੇ ਉਹਨਾਂ ਦੀਆਂ ਔਰਤਾਂ ਦੀ ਮੰਦਹਾਲੀ ਅਤੇ ਇੱਜ਼ਤਾਂ ਦੇ ਘੱਟੇ ਰੁਲਣ ਦੀਆਂ ਜੜਾਂ
ਜਾਤਪਾਤੀ ਅਤੇ ਜ਼ਮੀਨ ਜਾਇਦਾਦ ਤੇ ਸੰਦ ਸਾਧਨਾਂ ਦੀ ਕਾਣੀ ਵੰਡ ਵਾਲੇ ਪ੍ਰਬੰਧ ਵਿੱਚ ਲੱਗੀਆਂ ਹੋਣ
ਦਾ ਤੱਥਾਂ ਸਹਿਤ ਖੁਲਾਸਾ ਕੀਤਾ ਗਿਆ। ਇਸ ਮੁਹਿੰਮ ਦੌਰਾਨ ਜਿੱਥੇ ਜਾਤਪਾਤੀ ਧੱਕੇ ਵਿਤਕਰੇ ਦੇ
ਮੁੱਦਿਆਂ ਨੂੰ ਰੜਕਵੇਂ ਰੂਪ ਵਿੱਚ ਉਭਾਰਿਆ ਗਿਆ ਉੱਥੇ ਖੇਤ ਮਜ਼ਦੂਰਾਂ ਨੂੰ ਪਏ ਗੁਲਾਮੀ ਦੇ ਸੰਗਲਾਂ
ਤੋਂ ਛੁਟਕਾਰੇ ਲਈ ਜਾਤਪਾਤੀ ਪੈਂਤੜੇ ਦੀ ਥਾਂ ਜਮਾਤੀ ਪੈਂਤੜੇ ਤੋਂ ਚੱਲਣ ਦੀ ਅਣਸਰਦੀ ਲੋੜ ਨੂੰ
ਉਭਾਰਿਆ ਗਿਆ। ਖੇਤ ਮਜ਼ਦੂਰ ਆਗੂ ਨਾਨਕ ਸਿੰਘ ਦੀ ਅਗਵਾਈ ’ਚ ਡੇਢ ਦਹਾਕਾ
ਪੁਲਿਸ ਜਗੀਰੂ ਗੱਠਜੋੜ ਦੇ ਖਿਲਾਫ਼ ਲੜੇ ਦਿ੍ਰੜ ਤੇ ਖਾੜਕੂ ਘੋਲਾਂ ਦੇ ਜ਼ੋਰ ਹਾਸਲ ਕੀਤੀਆਂ ਸ਼ਾਨਦਾਰ
ਪ੍ਰਾਪਤੀਆਂ ਨੂੰ ਉਭਾਰਦੇ ਹੋਏ ਨਵੀਆਂ ਚਣੌਤੀਆਂ ਨੂੰ ਸਰ ਕਰਨ ਲਈ ਵਿਸ਼ਾਲ ਤੇ ਮਜ਼ਬੂਤ ਖੇਤ ਮਜ਼ਦੂਰ
ਲਹਿਰ ਦੀ ਅਣਸਰਦੀ ਲੋੜ ਦਾ ਅਹਿਸਾਸ ਜਗਾਇਆ ਗਿਆ। ਇਸ ਜ਼ੋਰਦਾਰ ਤੇ ਜਾਨਦਾਰ ਪ੍ਰਚਾਰ ਮੁਹਿੰਮ ਦੇ
ਸਿੱਟੇ ਵਜੋਂ ਖੇਤ ਮਜ਼ਦੂਰਾਂ ਵੱਲੋਂ 7 ਸਤੰਬਰ ਤੋਂ ਲੰਬੀ ਥਾਣੇ ਅੱਗੇ ਧਰਨਾ ਦੇਣ ਰਾਹੀਂ ਮਜ਼ਦੂਰ
ਆਗੂ ਦੀ ਮਨਾਈ ਜਾ ਰਹੀ ਬਰਸੀ ’ਚ ਸ਼ਾਮਲ ਹੋਣ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਦਿੱਤਾ
ਗਿਆ।
ਇਹ ਇਸ ਅਸਰਦਾਰ ਮੁਹਿੰਮ ਦਾ ਹੀ ਸਿੱਟਾ ਸੀ ਕਿ
7 ਸਤੰਬਰ ਨੂੰ ਜ਼ਿਲੇ ਦੇ 35 ਪਿੰਡਾਂ ’ਚੋਂ 700 ਦੇ ਕਰੀਬ ਖੇਤ ਮਜ਼ਦੂਰ ਮਰਦ ਔਰਤਾਂ ਤੋਂ ਇਲਾਵਾ
ਵੱਡੀ ਗਿਣਤੀ ’ਚ ਪੁੱਜੇ ਆਰ.ਐਮ.ਪੀ. ਡਾਕਟਰਾਂ, ਕਿਸਾਨਾਂ, ਨੌਜਵਾਨਾਂ ਤੇ ਬਿਜਲੀ ਮੁਲਾਜ਼ਮਾਂ ਵੱਲੋਂ ਅਣਮਿਆਉਦੇ ਜੋਸ਼
ਨਾਲ ਲੰਬੀ ਥਾਣੇ ਅੱਗੇ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ਦੀ ਸ਼ੁਰੂਆਤ ਜੁਝਾਰੂ ਖੇਤ ਮਜ਼ਦੂਰ ਆਗੂ ਨਾਨਕ
ਸਿੰਘ ਨੂੰ ਸ਼ਰਧਾਂਜਲੀਆਂ ਦੇਣ ਨਾਲ ਕੀਤੀ ਗਈ। 7 ਸਤੰਬਰ ਤੋਂ ਲੈ ਕੇ 9 ਸਤੰਬਰ ਤੱਕ ਚੱਲੇ ਇਸ ਧਰਨੇ
ਦੌਰਾਨ ਬਲਾਤਕਾਰ ਦੇ ਦੋਸ਼ੀ ਜਗੀਰਦਾਰਾਂ ਤੇ ਖਿਓਵਾਲੀ ਵਿੱਚ ਕਤਲ ਕੀਤੇ ਮਜ਼ਦੂਰ ਦੇ ਕਾਤਲਾਂ ਨੂੰ
ਬਚਾਉਣ ਦੇ ਲਈ ਹੁਕਮਰਾਨ ਕਾਂਗਰਸ ਪਾਰਟੀ ਦੇ ਆਗੂਆਂ ਤੇ ਬਾਦਲ ਪਰਿਵਾਰ ਦੇ ਦਖ਼ਲ ਕਾਰਨ ਪੁਲਸ ਵੱਲੋਂ
ਮਾਰੀ ਘੇਸਲ ਦੀ ਤੋਏ-ਤੋਏ ਹੁੰਦੀ ਰਹੀ। ਦਲਿਤ ਨਾਬਾਲਗ ਲੜਕੀ ਦੇ ਨਾਲ ਹੋਏ ਬਲਾਤਕਾਰ ਦੇ ਮਾਮਲੇ ’ਚ ਪੁਲਸ ਦੇ ਪੱਖਪਾਤੀ ਰਵੱਈਏ ਤੋਂ ਲੈ ਕੇ ਮੁਲਕ ਭਰ ’ਚ ਦਲਿਤਾਂ ਸਮੇਤ
ਸਮੁੱਚੇ ਮਿਹਨਤਕਸ਼ ਲੋਕਾਂ ਖਿਲਾਫ਼ ਮੌਜੂਦਾ ਸਰਕਾਰਾਂ ਤੇ ਰਾਜ ਪ੍ਰਬੰਧ ਵੱਲੋਂ ਤੇਜ਼ ਕੀਤੇ ਚੌਤਰਫੇ
ਹੱਲੇ ਦੀ ਚਰਚਾ ਹੁੰਦੀ ਰਹੀ ਅਤੇ ਇਸ ਟਾਕਰੇ ਲਈ ਵਿਸ਼ਾਲ ਸਾਂਝੇ ਤੇ ਦਿ੍ਰੜ ਘੋਲਾਂ ਦੀ ਲੋੜ ਦਾ
ਹੋਕਾ ਵਾਰ-ਵਾਰ ਗੂੰਜਦਾ ਰਿਹਾ। ਧਰਨੇ ਦੇ ਤੀਜੇ ਦਿਨ ਵੱਡੀ ਗਿਣਤੀ ’ਚ ਪਹੁੰਚੇ ਮਜ਼ਦੂਰਾਂ ਕਿਸਾਨਾਂ ਤੇ ਭਰਾਤਰੀ ਜਥੇਬੰਦੀਆਂ ਦੇ ਇਕੱਠ ਵੱਲੋਂ ਲੰਬੀ ਦੀਆਂ ਸੜਕਾਂ ’ਤੇ ਮੁਜ਼ਾਹਰਾ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਰਥੀ ਫੂਕੀ ਗਈ ਅਤੇ ਸੰਘਰਸ਼ ਨੂੰ
ਅੱਗੇ ਵਧਾਉਦਿਆਂ ਥਾਣੇ ਅੱਗੇ ਚਲਦਾ ਧਰਨਾ ਸਮਾਪਤ ਕਰਕੇ 17 ਸਤੰਬਰ ਤੋਂ ਕਾਂਗਰਸ ਸਰਕਾਰ ਦੇ ਨੁੰਮਾਇੰਦੇ
ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਅੱਗੇ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਗਿਆ।
ਆਖ਼ਰ ਖੇਤ ਮਜ਼ਦੂਰਾਂ ਦੇ ਅੱਗੇ ਵਧ ਰਹੇ ਸਿਰੜੀ
ਸੰਘਰਸ਼ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਮਿਲ ਰਹੀ ਡਟਵੀਂ ਹਮਾਇਤ ਦੇ ਦਬਾਅ ਸਦਕਾ ਪੁਲਿਸ ਦੋਸ਼ੀ
ਜਗੀਰਦਾਰ ਮਨਦੀਪ ਸਿੰਘ ਤੇ ਸੁਖਦੀਪ ਸਿੰਘ ਨੂੰ ਗਿ੍ਰਫਤਾਰ ਕਰਨ ਲਈ ਮਜ਼ਬੂਰ ਹੋ ਗਈ। ਬਿਨਾਂ ਸ਼ੱਕ ਇਹ
ਮਜ਼ਦੂਰ ਘੋਲ ਦੀ ਚੰਗੀ ਪ੍ਰਾਪਤੀ ਹੈ ਪਰ ਦੋਸ਼ੀ ਜਗੀਰਦਾਰ ਕੌਰ ਸਿੰਘ ਨੂੰ ਬਣਦੀ ਸਜ਼ਾ ਦੁਆਉਣ ਅਤੇ
ਖਿਓਵਾਲੀ ’ਚ ਮਜ਼ਦੂਰ ਦੇ ਕਾਤਲਾਂ ਦੀ ਗਿ੍ਰਫਤਾਰੀ ਲਈ ਜੱਦੋ ਜਹਿਦ
ਜਾਰੀ ਹੈ।
No comments:
Post a Comment