ਅੱਗੇ ਵੱਲ ਨੂੰ ਵੱਡੀ ਛਾਲ (1957-58)
ਹੇਠਾਂ ਦਿੱਤੀ ਜਾ
ਰਹੀ ਲਿਖਤ ਸਿਡਨੀ ਸ਼ਪੀਰੋ ਵੱਲੋਂ ਕਹਾਣੀ ਦੀ ਸ਼ਕਲ ’ਚ ਲਿਖੇ ਨਿੱਜੀ
ਅਨੁਭਵ ਦੇ ਬਿਰਤਾਂਤ ‘‘ਇੱਕ ਅਮਰੀਕੀ ਚੀਨ ਵਿੱਚ’’ ਦਾ ਦੂਜਾ ਹਿੱਸਾ ਹੈ। ਦੂਜੀ ਸੰਸਾਰ ਜੰਗ ਪਿੱਛੋਂ ਜੁਆਨੀ ਦੀ ਉਮਰ ’ਚ ਹੀ ਅਮਰੀਕੀ ਫੌਜ ਦੀ ਨੌਕਰੀ ਛੱਡਣ ਪਿੱਛੋਂ ਚੀਨ ’ਚ ਘੁੰਮਦਿਆਂ ਸਿਡਨੀ
ਸ਼ਪੀਰੋ ਦੀ ਚੀਨੀ ਇਨਕਲਾਬ ’ਚ ਗਹਿਰੀ ਦਿਲਚਸਪੀ ਜਾਗ ਪਈ ਸੀ, ਉਸ ਨੇ ਚੀਨੀ ਕੁੜੀ ਨਾਲ ਵਿਆਹ ਕਰ ਲਿਆ ਅਤੇ ਚੀਨ ਵਿੱਚ ਹੀ ਰਹਿਣ ਦਾ ਫੈਸਲਾ ਕਰ ਲਿਆ। ਚੀਨੀ
ਇਨਕਲਾਬ ਦੀ ਜਿੱਤ ਪਿੱਛੋਂ ਅਗਲੇ ਤੀਹ ਵਰੇ ਉਸ ਨੇ ਲਾਲ ਚੀਨ ਅੰਦਰ ਵਾਪਰੀਆਂ ਤਰਥੱਲੀਆਂ ਭਰੀਆਂ
ਘਟਨਾਵਾਂ ਅਤੇ ਸਮਾਜਵਾਦੀ ਉਸਾਰੀ ਦੇ ਅਮਲ ਨੂੰ
ਨੇੜਿਉ ਵਾਚਿਆ।
1917 ’ਚ ਹੋਏ ਮਹਾਨ ਅਕਤੂਬਰ ਇਨਕਲਾਬ ਰਾਹੀਂ, ਸੋਵੀਅਤ ਯੂਨੀਅਨ ਦੀ
ਸਿਰਜਣਾ ਦੇ ਠੀਕ 32 ਕੁ ਵਰੇ ਬਾਅਦ ਇਸੇ ਮਹੀਨੇ ਚੀਨੀ ਇਨਕਲਾਬ ਨੇ ਜਿੱਤ ਪ੍ਰਾਪਤ ਕੀਤੀ ਸੀ।
ਪਹਿਲਾਂ ਲੋਕ-ਜਮਹੂਰੀਅਤ ਦੀ ਸਥਾਪਨਾ ਤੇ ਫੇਰ ਸਮਾਜਵਾਦੀ ਇਨਕਲਾਬ ਦੇ ਰਾਹ ’ਤੇ ਲਾਲ ਚੀਨ ਦੇ ਸਫਰ ਨੇ ਇਨਕਲਾਬ ਦੀ ਵਿਰਾਸਤ ਨੂੰ ਅੱਗੇ ਤੋਰਿਆ ਅਤੇ ਨਵੀਆਂ ਬੁਲੰਦੀਆਂ ’ਤੇ ਪਹੁੰਚਾਇਆ।
ਮਹਾਨ ਅਕਤੂਬਰ ਇਨਕਲਾਬ ਦੀ ਵਰੇ ਗੰਢ ਮੌਕੇ ’ਤੇ ਅਸੀਂ ਸਮਾਜਵਾਦੀ ਚੀਨ ਦੀਆਂ ਪ੍ਰਾਪਤੀਆਂ ਦੀਆਂ ਝਲਕਾਂ ਪੇਸ਼ ਕਰਦੀ ਇਹ ਲਿਖਤ ਪਾਠਕਾਂ ਦੀ
ਨਜ਼ਰ ਕਰ ਰਹੇ ਹਾਂ। --ਸੰਪਾਦਕ)
ਮੁੱਖਧਾਰਾ ਭਾਰੀ ਬਹੁਗਿਣਤੀ ’ਚ ਸਮਾਜਵਾਦ ਦੇ ਪੱਖ ’ਚ ਸੀ। 1957 ਦੇ ਅਖੀਰ ’ਚ ਇੱਕ ਦਿਲਚਸਪ ਘਟਨਾ-ਵਿਕਾਸ ਸਾਹਮਣੇ ਆਇਆ। ਇਹ ਸੀ ਪੇਂਡੂ ਖੇਤਰਾਂ ’ਚ ਜਾਣ ਦੀ ਬੁੱਧੀਜੀਵੀਆਂ ਦੀ ਲਹਿਰ। ਇੱਕ ਸ਼ਨਿਚਰਵਾਰ ਦੀ ਰਾਤ ਨੂੰ ਪਾਰਟੀ ’ਚ ਮੈਂ ਇੱਕ ਸੋਹਣੀ ਸੁਨੱਖੀ ਮੁਟਿਆਰ ਨਾਲ ਨੱਚ ਰਿਹਾ ਸੀ ਤਾਂ ਉਸ ਨੇ ਮੁਸਕਰਾਉਦੇ ਹੋਏ ਕਿਹਾ, ‘‘ਅਗਲੇ ਹਫਤੇ ਇਸ ਸਮੇਂ ਸ਼ਾਇਦ ਮੈਂ ਕਾਂਗ ’ਤੇ ਸੌਂ ਰਹੀ ਹੋਵਾਂਗੀ।’’ ਉਸ ਨੇ ਵਿਆਖਿਆ
ਕੀਤੀ ਕਿ ਉਹ ਤੇ ਉਹਨਾਂ ਦੇ ਦਫਤਰ ਦੇ ਹੋਰ ਸਾਥੀ ਫਾਰਮ ’ਤੇ ਕੰਮ ਕਰਨ ਲਈ
ਸੋਮਵਾਰ ਨੂੰ ਜਾ ਰਹੇ ਹਨ।
ਸਾਰੇ ਸਰਕਾਰੀ ਦਫਤਰ ਆਪਣੇ ਸਟਾਫ ਦਾ ਤੀਜਾ
ਹਿੱਸਾ, ਇੱਕ ਤੋਂ ਤਿੰਨ ਸਾਲ ਦੇ ਅਰਸੇ ਲਈ ਪਿੰਡਾਂ ਨੂੰ ਭੇਜ
ਰਹੇ ਹਨ। ਜਦੋਂ ਇਹ ਵਾਪਸ ਮੁੜ ਆਏ ਤਾਂ ਅਗਲਾ ਜਥਾ ਰਵਾਨਾ ਹੋ ਜਾਵੇਗਾ। ਇਹ ਸਮਂੇ ਸਮੇਂ ਖੇਤਾਂ
ਜਾਂ ਫੈਕਟਰੀਆਂ ’ਚ ਕੰਮ ਕਰਨ ਰਾਹੀਂ ਬੁੱਧੀਜੀਵੀਆਂ ਨੂੰ ਜਮਾਤੀ ਸੰਕਲਪ
ਸਿਖਾਉਣ ਦੀ ਪੱਕੀ ਨੀਤੀ ਦਾ ਅਗਰਦੂਤ ਘਟਨਾ-ਵਿਕਾਸ ਸੀ। ਇਸਦੇ ਅਨੇਕਾਂ ਫਾਇਦੇ ਸਨ।
ਸਭ ਤੋਂ ਪਹਿਲਾਂ, ਇਸ ਨੇ ਚਿੱਟ-ਕਾਲਰੀਏ ਬੁੱਧੀਜੀਵੀ ਤਬਕੇ ਨੂੰ
ਲੋਕਾਂ ਦੇ ਨੇੜੇ ਲਿਆਂਦਾ ਅਤੇ ਇਹਨਾਂ ਦੀ ‘ਕੰਮ ਦੀ ਸ਼ਾਨ’ ਸਿਫਤ ਸਲਾਹੁਤਾ ’ਚ ਵਾਧਾ ਕੀਤਾ। ਵੱਧ ਜੁੰਮੇਵਾਰ ਪੁਜ਼ੀਸ਼ਨਾਂ ’ਤੇ ਬਿਰਾਜਮਾਨ ਅਧਖੜ ਅਤੇ ਬੁੱਢੇ ਬੁੱਧੀਜੀਵੀ ਮੁਕਾਬਲਤਨ ਖਾਂਦੇ-ਪੀਂਦੇ ਪਰਿਵਾਰਾਂ ਨਾਲ
ਸਬੰਧਤ ਸਨ ਕਿਉਕਿ ਇਹੀ ਅਜਿਹੇ ਪਰਿਵਾਰ ਸਨ ਜੋ ਸਮਾਜ ’ਚ ਆਪਣੇ ਬੱਚਿਆਂ ਨੂੰ ਪੜਾ-ਲਿਖਾ ਸਕਦੇ ਸਨ। ਇਹ ਉਹਨਾਂ
ਲੋਕਾਂ ਬਾਰੇ ਬਹੁਤ ਘੱਟ ਜਾਣਦੇ ਸਨ ਜਿਹੜੇ
ਆਪਣੇ ਹੱਥੀਂ ਮਿਹਨਤ ਕਰਦੇ ਸਨ।
ਦੂਸਰੀ, ਇਸ ਘਟਨਾ-ਵਿਕਾਸ ਦੇ
ਪੇਂਡੂ ਖੇਤਰਾਂ ਲਈ ਬੁਰੀ ਤਰਾਂ ਲੋੜੀਂਦੇ ਸਿੱਖਿਅਤ ਅਮਲੇ-ਫੈਲੇ ਨੂੰ ਪਿੰਡਾਂ ’ਚ ਲਿਆਂਦਾ। ਵੱਡੇ ਸਹਿਕਾਰੀ ਫਾਰਮ ਬਨਾਉਣ ਨਾਲ ਜ਼ਿੰਦਗੀ ਤਾਂ ਸੁਧਰੀ ਪਰ ਕੰਮ- ਕਾਰ ਜ਼ਿਆਦਾ
ਗੁੰਝਲਦਾਰ ਹੋ ਗਿਆ। ਇੱਕ ਸਹਿਕਾਰੀ ਸਭਾ ’ਚ ਸੈਂਕੜੇ ਹੀ ਪਰਿਵਾਰ ਸ਼ਾਮਲ ਹੁੰਦੇ ਸਨ ਅਤੇ ਮੀਲੋ-ਮੀਲ
ਜ਼ਮੀਨ ਹੁੰਦੀ ਸੀ। ਵਿਉਤਬੰਦੀ ਕਰਨ, ਰਿਕਾਰਡ ਰੱਖਣ, ਖੇਤੀ ਤਕਨੀਕਾਂ ਦਾ
ਸੁਧਾਰ ਅਤੇ ਚੰਗੇਰੇ ਤੇ ਗੁੰਝਲਦਾਰ ਖੇਤੀ ਸੰਦਾਂ ਅਤੇ ਮਸ਼ੀਨਰੀ ਦੀ ਵਰਤੋਂ ਤੇ ਸਾਂਭ-ਸੰਭਾਲ ਆਦਿ
ਜਿਹੀਆਂ ਸਮੱਸਿਆਵਾਂ ਸਨ। ਆਮ ਕਿਸਾਨ ਅਜੇ ਪੜਨਾ-ਲਿਖਣਾ ਸਿੱਖਣ ਦੇ ਪੜਾਅ ’ਤੇ ਹੀ ਸਨ। ਸ਼ਹਿਰ ’ਚੋਂ ਪੜੇ ਲਿਖੇ ਲੋਕਾਂ ਦਾ ਪਹੁੰਚਣਾ ਸਤਿਕਾਰਯੋਗ ਕਦਮ
ਸੀ। ਜਦੋਂ ਇਹ ਖੇਤਾਂ ’ਚ ਕੰਮ ਨਹੀਂ ਸੀ ਕਰ ਰਹੇ ਹੁੰਦੇ ਤਾਂ ਇਹ ਤਕਨੀਕੀ
ਸਮੱਸਿਆਵਾਂ ਸੁਲਝਾਉਣ ’ਚ ਮੱਦਦ ਕਰਦੇ। ਇਸ ਦੇ ਨਾਲ ਨਾਲ ਇਹਨਾਂ ਦੇ
ਵੰਨ-ਸੁਵੰਨੇ ਸੱਭਿਆਚਾਰਕ ਅਤੇ ਵਿਗਿਆਨਕ ਵਿਸ਼ਿਆਂ ’ਤੇ ਜੁਜ਼-ਵਕਤੀ ਸਕੂਲ
ਲਾਏ।
ਤੀਜੇ, ਸਰਕਾਰੀ ਦਫਤਰਾਂ ’ਚ ਆਮ ਤੌਰ ’ਤੇ ਵਾਧੂ ਅਮਲਾ-ਫੈਲਾ ਸੀ। ਵੱਖ ਵੱਖ ਮਹਿਕਮਿਆਂ ਨੇ ਘੱਟ
ਸਟਾਫ ਨਾਲ ਪਹਿਲਾਂ ਵਰਗਾ ਜਾਂ ਉਸ ਤੋਂ ਵੀ ਚੰਗੇਰਾ ਕੰਮ ਕੀਤਾ। ਪੀਕਿੰਗ ਨਗਰਪਾਲਿਕਾ ਸਰਕਾਰ ਨੇ
ਇਹ ਰਿਪੋਰਟ ਦਿੱਤੀ ਕਿ ਇਹ ਅਠੱਤੀਆਂ ’ਚੋਂ ਹੁਣ ਬਾਕੀ ਬਚੇ ਅੱਠਾਂ ਨਾਲ ਬਹੁਤ ਵਧੀਆ ਕੰਮ ਕਰ
ਰਹੀ ਹੈ।
ਪਿੰਡਾਂ ਨੂੰ ਗਏ ਬਹੁਤੇ ਬੁੱਧੀਜੀਵੀਆਂ ਨੇ
ਕਿਹਾ ਕਿ ਪਿੰਡਾਂ ’ਚ ਸਾਡਾ ਤਬਾਦਲਾ ਪੱਕਾ ਕੀਤਾ ਜਾਵੇ। ਇਹਨਾਂ ਨੇ ਪਿੰਡਾਂ
ਦੀ ਆਬੋ-ਹਵਾ ਤੇ ਆਲੇ-ਦੁਆਲੇ ਨੂੰ ਮਾਣਿਆ। ਇਹ ਨਰੋਏ ਅਤੇ ਸਿਹਤਮੰਦ ਹੋ ਗਏ। ਇਹਨਾਂ ਨੇ ਜਾਣਿਆ ਕਿ
ਕਿਸਾਨ ਬਹੁਤ ਵਧੀਆ ਮੇਜ਼ਬਾਨ ਹਨ। ਇਹਨਾਂ ਨੇ ਆਪਣੇ ਆਪ ਨੂੰ ਲੋਕਾਂ ਅਤੇ ਇਨਕਲਾਬ ਦੇ ਨੇੜੇ ਮਹਿਸੂਸ
ਕੀਤਾ। ਵਾਰੀ ਖਤਮ ਹੋਣ ’ਤੇ, ਇਨਾਂ ’ਚੋਂ ਬਹੁਤੇ ਵਾਪਸ ਆ ਜਾਣਗੇ। ਨਵੰਬਰ ਤੱਕ 81 ਹਜ਼ਾਰ ਲੋਕ ਪਿੰਡਾਂ ’ਚ ਪਹੁੰਚ ਗਏ ਸਨ। ਸਾਲ ਦੇ ਅੰਤ ਤੱਕ ਇਹ ਗਿਣਤੀ ਦਸ ਲੱਖ ਦੇ ਕਰੀਬ ਪਹੁੰਚ ਗਈ ਸੀ।
ਪਿੰਡਾਂ ਨੂੰ ਜਾਣ ਵਾਲੇ ਸਰਕਾਰੀ ਕਰਮਚਾਰੀ ਹੀ
ਨਹੀਂ ਸਨ, ਸੱਭੇ ਕਿਸਮ ਦੇ ਲੋਕ ਪਿੰਡਾਂ ਨੂੰ ਜਾ ਰਹੇ ਸਨ। ਪੈਸੇ, ਮਸ਼ੀਨਰੀ ਜਾਂ ਅਮਲੇ-ਫੈਲੇ ਨੂੰ ਉਡੀਕੇ ਬਿਨਾਂ ਹੀ ਕੰਮ ਕਰ ਰਹੇ ਸਨ। ਅਕਤੂਬਰ 1957 ਅਤੇ
ਜਨਵਰੀ 1958 ਦੇ ਵਿੱਚ ਵਿੱਚ ਹੀ ਦਸ ਕਰੋੜ ਕਿਸਾਨਾਂ ਨੇ ਸਿੰਚਾਈ ਖਾਲੇ ਅਤੇ ਪਾਣੀ ਰੋਕਣ ਲਈ ਬੰਨ
ਉਸਾਰੇ ਅਤੇ ਦੋ ਕਰੋੜ ਸੱਤ ਲੱਖ ਏਕੜ ਜ਼ਮੀਨ ਨੂੰ ਸੇਂਜੂ ਜ਼ਮੀਨ ’ਚ ਬਦਲ ਦਿੱਤਾ। ਇਹਨਾਂ ਨੇ ਚਾਰ ਮਹੀਨਿਆਂ ’ਚ ਉਸ ਤੋਂ ਵੱਧ
ਜ਼ਮੀਨ ਨੂੰ ਸਿੰਚਾਈ ਯੋਗ ਬਣਾਇਆ ਜਿੰਨੀਂ ਉਹਨਾਂ ਦੇ ਵਡੇਰੇ ਪੱਚੀ ਸੌ ਸਾਲਾਂ ’ਚ ਕਰਨ ਦੇ ਯੋਗ ਹੋਏ ਸਨ।
ਮੈਨੂੰ ਲੋਕਾਂ ਵੱਲੋਂ ਉਸਾਰੇ ਮਿੰਗ ਮਕਬਰਾ
ਸਰੋਵਰ ’ਤੇ ਜਾਣ ਦਾ ਮੌਕਾ ਮਿਲਿਆ। ਪੀਕਿੰਗ ਤੋਂ ਉਤਰ-ਪੱਛਮ ਵੱਲ
ਲੱਗਭੱਗ ਵੀਹ ਮੀਲ ਦੂਰੀ ’ਤੇ ਖੁਸ਼ਕ ਪਹਾੜਾਂ ’ਚ ਲੰਮੀ-ਚੌੜੀ ਵੇਟ ਹੈ। ਸਾਉਣ -ਭਾਦੋਂ ’ਚ ਮੀਂਹ ਆਉਦਾ ਹੈ ਤਾਂ ਪਾਣੀ ਨੰਗੀਆਂ ਢਲਾਣਾਂ ਤੋਂ ਦੀ ਮੂਸਲੇਧਾਰ ਰੂਪ ’ਚ ਹੇਠਾਂ ਵਹਿੰਦਾ ਹੈ ਅਤੇ ਨੀਵੇਂ ਥਾਵਾਂ ’ਤੇ ਪੰਜਾਹ ਹਜ਼ਾਰ
ਏਕੜ ਜ਼ਮੀਨ ਪਾਣੀ ਹੇਠ ਆ ਜਾਂਦੀ ਹੈ। ਲੱਗਭੱਗ ਹਰ ਸਾਲ ਇਉ ਹੀ ਹੁੰਦਾ ਸੀ। ਸਿਰਫ ਮਿੰਗ ਬਾਦਸ਼ਾਹਾਂ
ਦੇ ਮਕਬਰੇ ਹੀ ਉੱਚੀ ਥਾਂ ’ਤੇ ਹੋਣ ਕਰਕੇ, ਨੁਕਸਾਨ ਤੋਂ ਬਚਦੇ
ਸਨ। ਚੌਧਵੀਂ ਅਤੇ ਸਤਾਰਵੀਂ ਸਦੀ ਵਿੱਚ ਜਿੰਨਾਂ ਤੇਰਾਂ ਬਾਦਸ਼ਾਹਾਂ ਨੇ ਰਾਜ ਕੀਤਾ ਸੀ, ਉਹ ਏਥੇ ਆਲੀਸ਼ਾਨ ਇਮਾਰਤਾਂ ’ਚ ਦਫ਼ਨ ਕੀਤੇ ਹੋਏ ਸਨ ਜਿਹਨਾਂ ’ਤੇ ਬੇਥਾਹ ਦੌਲਤ ਅਤੇ ਮਨੁੱਖੀ ਮਿਹਨਤ ਖਰਚ ਕੀਤੀ ਗਈ ਸੀ। ਉਹ ਚੀਨ ਦਾ ਪੁਰਾਣਾ ਸਮਾਜ ਸੀ-ਮਰੇ
ਹਾਕਮਾਂ ’ਤੇ ਅੰਨੇਂਵਾਹ ਫਜ਼ੂਲ ਖਰਚੀ ਅਤੇ ਜਿਉਦੀ ਪਰਜਾ ਲਈ ਘੋਰ
ਗਰੀਬੀ।
ਜਦੋਂ ਰਾਜ ਸੱਤਾ ਲੋਕਾਂ ਨੇ ਸੰਭਾਲੀ ਤਾਂ
ਉਹਨਾਂ ਨੇ ਇਸ ਹਰ ਵਰੇ ਆਉਣ ਵਾਲੀ ਬਲਾ ਦਾ ਬੰਨ ਉਸਾਰ ਕੇ ਜੂੜ ਵੱਢਣ ਦਾ ਫੈਸਲਾ ਕੀਤਾ। ਪਰ ਇਹ
ਬਹੁਤ ਵੱਡਾ ਪ੍ਰੋਜੈਕਟ (ਉੱਦਮ) ਸੀ। ਇਸ ਨੂੰ ਉਸਾਰਨ ਲਈ ਐਨੀ ਮਿਹਨਤ ਕਿੱਥੋਂ ਆਊ? ਇਸਦੇ ਨਾਲ ਹੀ ਬੁਲਡੋਜ਼ਰ ਅਤੇ ਟਰੱਕ ਆਦਿ ਕਿੱਥੋਂ ਆਉਣਗੇ? ਚੀਨ ਅੰਦਰ ਉਸ ਸਮੇਂ
ਅਜਿਹੇ ਹਜ਼ਾਰਾਂ ਹੀ ਪ੍ਰੋਜੈਕਟ ਉੱਸਰ ਰਹੇ ਸਨ ਅਤੇ ਸਾਰਿਆਂ ਨੂੰ ਮਸ਼ੀਨਰੀ ਦੀ ਜ਼ਰੂਰਤ ਸੀ। ਉਹ ਬੰਨ
ਕੱਚੇ ਤੌਰ ’ਤੇ ਤੀਜੀ ਪੰਜ ਸਾਲਾ ਯੋਜਨਾ 1963-67 ’ਚ ਨਿਸ਼ਚਤ ਕੀਤਾ ਗਿਆ ਸੀ।
ਮਿੰਗ ਮਕਬਰੇ ਦੇ ਗੁਆਂਢ ’ਚ ਰਹਿੰਦੇ ਕਿਸਾਨਾਂ ਨੇ ਕਿਹਾ,
‘‘ਉਡੀਕਣਾ ਕਿਉ ਹੈ? ਅਸੀਂ ਕਿਸੇ ਅਵਤਾਰ ਪੁਰਸ਼ ਦੀ ਉਡੀਕ ਤਾਂ ਨਹੀਂ ਕਰਨੀ। ਕਿਉਕਿ ਉਹਨਾਂ ਇਕੱਲਿਆਂ ਵਾਸਤੇ ਇਹ
ਕੰਮ ਬਹੁਤ ਵੱਡਾ ਸੀ, ਉਹਨਾਂ ਪੀਕਿੰਗ ਅਤੇ ਇਸਦੇ ਆਲੇ ਦੁਆਲੇ ਦੀਆਂ ਅਨੇਕਾਂ
ਜਥੇਬੰਦੀਆਂ ਤੋਂ ਮੰਗ ਕੀਤੀ ਕਿ ਉਹ ਮੱਦਦ ਕਰ ਸਕਦੀਆਂ ਹਨ ਜਾਂ ਨਹੀਂ। ਇਸ ਮੰਗ ਨੂੰ ਅਥਾਹ
ਹੁੰਗਾਰਾ ਮਿਲਿਆ। ਛੇਤੀ ਹੀ ਇੱਕ ਲੱਖ ਵੀਹ ਹਜ਼ਾਰ ਲੋਕ ਅੱਠ-ਅੱਠ ਘੰਟਿਆਂ ਦੀਆਂ ਤਿੰਨ ਵਾਰੀਆਂ ’ਚ ਕੰਮ ਕਰਨ ਲੱਗੇ। ਹਰੇਕ ਵਾਰੀ ’ਚ ਚਾਲੀ ਹਜ਼ਾਰ ਲੋਕ ਕੰਮ ’ਤੇ ਹੁੰਦੇ ਸਨ। ਮਿਹਨਤ ਦਾ ਕੋਈ ਇਵਜ਼ਾਨਾ ਨਹੀਂ ਸੀ, ਲੋਕ ਆਪਣੀ ਮਰਜ਼ੀ
ਨਾਲ ਹੀ ਕੰਮ ਕਰ ਰਹੇ ਸਨ। ਹਰੇਕ ਦਫਤਰ ਜਾਂ ਕਾਰਖਾਨੇ ਨੇ ਆਪਣੇ ਅਮਲ-ਫੈਲੇ ਦਾ ਦਸਵਾਂ ਹਿੱਸਾ ਦਸ
ਦਿਨਾਂ ਲਈ ਵਾਰੀ ਵਾਰੀ ਭੇਜਿਆ। ਇਸ ਸਮੇਂ ਸਵੈਮ ਸੇਵਕਾਂ ਨੇ ਆਪਣੀ ਤਨਖਾਹ ਆਪਣੇ ਦਫਤਰੋਂ ਹੀ ਲਈ
ਅਤੇ ਬਾਕੀ ਨੱਬੇ ਫੀ ਸਦੀ ਇਹਨਾਂ ਦਫ਼ਤਰਾਂ ਦਾ ਕੰਮ ਸੰਭਾਲਦੇ ਰਹੇ ਸਨ। ਕਿਸਾਨਾਂ ਨੂੰ ਵੀ ਬੰਨ
ਉਸਾਰਦੇ ਸਮੇਂ ਉਹ ਮਿਹਨਤ ਮਿਲੀ ਜੋ ਉਹਨਾਂ ਨੂੰ ਸਹਿਕਾਰੀ ਫਾਰਮਾਂ ’ਤੇ ਕੰਮ ਕਰਦਿਆਂ ਮਿਲਦੀ ਸੀ। ਫੌਜੀਆਂ ਨੇ ਆਪਣੀ ਡਿਊਟੀ ਦੇ ਹਿੱਸੇ ਵਜੋਂ ਹੀ ਕੰਮ ਕੀਤਾ, ਇਹਨਾਂ ਨੂੰ ਕੋਈ ਵੀ ਵਾਧੂ ਇਵਜ਼ਾਨਾ ਨਹੀਂ ਦਿੱਤਾ
ਗਿਆ।
ਸਧਾਰਨ ਸੰਦ ਹੀ ਉਧਾਰ ਜਾਂ ਯੋਗਦਾਨ ਵਜੋਂ ਹਾਸਲ
ਹੋਏ ਜਿਵੇਂ ਕਹੀਆਂ, ਬੱਠਲ ਅਤੇ ਵੰਝ ਦੇ ਸਿਰਿਆਂ ’ਤੇ ਬੰਨੀਆਂ ਟੋਕਰੀਆਂ। ਬਿਜਲੀ ਦੇ ਸਾਜਸਮਾਨ ਲਈ ਪੈਸੇ ਦੇਣੇ ਪਏ ਪਰ ਇਹਨਾਂ ਨੂੰ ਵਰਤੋਂ ’ਚ ਲਿਆਉਣ ਲਈ ਤਿਆਰ ਕਰਨ ਵਾਸਤੇ ਅਤੇ ਫਿੱਟ ਕਰਨ ਦਾ ਕੰਮ ਤਕਨੀਕੀ ਬੰਦਿਆਂ ਨੇ ਆਵਦੇ ਵਾਧੂ
ਸਮੇਂ ’ਚ ਮੁਫ਼ਤ ਕੀਤਾ।
ਉਹਨਾਂ ਸਾਰੇ ਕਾਰਨਾਂ ’ਚੋਂ ਜਿਨਾਂ ਨੇ ਇਸ ਪ੍ਰੋਜੈਕਟ ਨੂੰ ਸਫਲ ਬਣਾਇਆ, ਬਿਨਾ ਸ਼ੱਕ, ਸਭ ਤੋਂ ਵੱਧ ਮਹੱਤਵਪੂਰਨ ਸਵੈਮ-ਸੇਵਕਾਂ ਦਾ ਉਤਸ਼ਾਹ ਸੀ। ਮੈਂ ਵੀ ਦੇਖਣ ਗਿਆ, ਇਹ ਸੱਚਮੁੱਚ ਹੀ ਹੈਰਾਨ ਕਰਨ ਵਾਲਾ ਤਜ਼ਰਬਾ ਸੀ। ਜਿਹੜੇ ਮਰਦ ਅਤੇ ਔਰਤਾਂ ਟਾਈਪ ’ਤੇ ਉਗਲਾਂ ਮਾਰਨ ਤੋਂ ਵੱਧ ਕੁੱਝ ਨਹੀਂ ਕਰਦੇ ਜਾਂ ਘੁੁੰਮਦੇ ਰਹਿੰਦੇ ਸਨ, ਉਹ ਅਚਾਨਕ ਹੀ ਜ਼ਮੀਨ ਪੁੱਟ ਰਹੇ ਸਨ,
ਮੋਢਿਆਂ ’ਤੇ ਲਮਕਦੀਆਂ ਟੋਕਰੀਆਂ ’ਚ ਮਿੱਟੀ ਪਾ ਰਹੇ ਸਨ, ਦਿਨ ਹੋਵੇ ਜਾਂ ਰਾਤ ਮੀਂਹ ਆਵੇ ਜਾਂ ਹਨੇਰੀ ਕੰਮ ਜਾਰੀ ਸੀ। ਇਹ ਮੁਸ਼ਕਿਲ ਅਤੇ ਸਖਤ ਜਾਨ ਕੰਮ
ਸੀ। ਪਰ ਆਲੇ-ਦੁਆਲੇ ਗਾਏ ਜਾ ਰਹੇ ਗੀਤਾਂ,
ਹੋ ਰਹੇ ਟਿੱਚਰ ਮਖੌਲਾਂ ਅਤੇ
ਬੁਲੰਦ ਹੌਸਲਿਆਂ ਦੇ ਮਹੌਲ ’ਚ, ਤੁਸੀਂ ਸੋਚੋਗੇ ਕਿ
ਤੁਸੀਂ ਕਿਸੇ ਮੇਲੇ ਵਿੱਚ ਵਿਚਰ ਰਹੇ ਹੋ ਨਾ ਕਿ ਦੁਨੀਆਂ ਦੇ ਸਭ ਤੋਂ ਵੱਡੇ ਮਿੱਟੀ ਦੇ ਬੰਨਾਂ ’ਚੋਂ ਕਿਸੇ ਇੱਕ ਦੀ ਹੋ ਰਹੀ ਉਸਾਰੀ ਵਾਲੀ ਥਾਂ ’ਤੇ।
ਸਾਡੇ ਖਾਣੇ ’ਚ ਦਲੀਆ ਮੂਲੀ ਗਾਜਰ ਦਾ ਅਚਾਰ ਅਤੇ ਮੋਟੇ ਆਟੇ ਦੀ ਰੋਟੀ ਆਦਿ ਸ਼ਾਮਲ ਸੀ। ਅਸੀਂ ਇਸ ਨੂੰ ਦਾਅਵਤ ਦੇ ਭੋਜ ਵਾਂਗ ਖਾਧਾ। ਅਸੀਂ ਇੱਕ ਤੰਬੂ ’ਚ ਅੱਠ ਜਣੇ ਸੁੱਤੇ ਅਤੇ ਹੇਠਾਂ ਸਿਰਫ ਪਰਾਲੀ ਹੀ ਵਿਛਾਈ ਹੋਈ ਸੀ। ਅਸੀਂ ਘੂਕ ਸੁੱਤੇ ਅਤੇ
ਸੁਪਨਾ ਵੀ ਨਹੀਂ ਆਇਆ। ਮੈਂ ਕਈ ਚਿੱਟ-ਕਾਲਰੀਏ ਮਜ਼ਦੂਰਾਂ ਨੂੰ ਕਹਿੰਦੇ ਸੁਣਿਆ ਕਿ ਮਨੁੱਖੀ ਮਿਹਨਤ
ਐਨੀ ਮੁਸ਼ਕਲ ਅਤੇ ਐਨੀ ਤਸੱਲੀ ਵਾਲੀ ਹੁੰਦੀ ਹੈ, ਇਸਦਾ ਪਹਿਲਾਂ ਪਤਾ
ਨਹੀਂ ਸੀ। ਸਾਥੀਪੁਣੇ ਅਤੇ ਸਖਤ ਮਿਹਨਤ ਨੇ ਉਹਨਾਂ ਦੀਆਂ ਆਕੜੀਆਂ ਕਮੀਜ਼ਾਂ ’ਚੋਂ ਕੁੱਝ ਆਕੜ ਕੱਢ ਦਿੱਤੀ ਸੀ ਅਤੇ ਜਦੋਂ ਉਹ ਵਾਪਸ ਦਫਤਰ ਗਏ ਤਾਂ ਪਹਿਲਾਂ ਨਾਲੋਂ ਚੰਗਾ
ਕੰਮ ਕਰਨ ਲੱਗ ਪਏ।
ਪੰਜ ਮਹੀਨਿਆਂ ਤੋਂ ਵੀ ਘੱਟ ਸਮੇਂ ’ਚ ਬੰਨ ਉਸਾਰ ਦਿੱਤਾ ਗਿਆ। ਪੰਜ ਹਜ਼ਾਰ ਏਕੜ ਜ਼ਮੀਨ ਨੂੰ , ਜਿਸ ਨੂੰ ਹੜ
ਨੁਕਸਾਨ ਪਹੁੰਚਾ ਜਾਂਦੇ ਸਨ, ਹੁਣ ਸਿੰਚਾਈ ਅਧੀਨ ਲਿਆਂਦਾ ਗਿਆ। ਸਥਾਨਕ ਅਨਾਜ ਦੀ
ਪੈਦਾਵਾਰ ’ਚ 27 ਹਜ਼ਾਰ ਟਨ ਸਾਲਾਨਾ ਦਾ ਵਾਧਾ ਹੋ ਗਿਆ। ਅਨਾਜ ’ਚ ਹੋਏ ਪਹਿਲੇ ਸਾਲ ਦੇ ਵਾਧੇ ਨੇ ਹੀ ਉਸਾਰੀ ਦੀ ਲਾਗਤ ਪੂਰੀ ਕਰ ਦਿੱਤੀ। ਸਰੋਵਰ ਦੀ ਮੱਛੀਆਂ
ਪਾਲਣ ਅਤੇ ਬਿਜਲੀ ਪੈਦਾ ਕਰਨ ਲਈ ਵਰਤੋਂ ਹੋਣ ਲੱਗੀ।
ਵਾਤਾਵਰਣ ਅਤੇ ਸਿਹਤ ਸਮੱਸਿਆਵਾਂ ਨੂੰ ਵੀ ਜਨਤਾ ਦੀ
ਸ਼ਮੂਲੀਅਤ ਦੇ ਅਧਾਰ ’ਤੇ ਨਜਿੱਠਿਆ ਗਿਆ ਹੈ। ‘‘ਚਾਰ ਬਲਾਵਾਂ’’ -ਮੱਖੀਆਂ, ਮੱਛਰ, ਚੂਹੇ ਤੇ ਚਿੜੀਆਂ-ਖਿਲਾਫ ਦੋ-ਸਾਲਾ ਘਣੀ ਮੁਹਿੰਮ 1957-58 ’ਚ ਛੇੜੀ ਗਈ। ਮੈਂ ਵੀ ਪੰਛੀਆਂ ਖਿਲਾਫ ਪੀਕਿੰਗ ਲੜਾਈ ਦੇ ਯੋਧਿਆਂ ਵਿੱਚ ਸ਼ਾਮਲ ਸੀ, ਜਿਸ ਨੇ ਚੀਨੀਆਂ ਦੇ ਜੁਗਤੀ ਹੋਣ ਅਤੇ ਜਥੇਬੰਦ ਕਰਨ ਦੀ ਕਲਾ ਦਾ ਪ੍ਰਗਟਾਵਾ ਕੀਤਾ।
ਚਿੜੀਆਂ ਨੂੰ ਖਤਮ
ਕਰਨ ਲਈ ਸੂਚੀ ਵਿੱਚ ਇਸ ਲਈ ਰੱਖਿਆ ਗਿਆ ਕਿਉਕਿ ਫਸਲ ਪੱਕਣ ਸਮੇਂ ਝੁੰਡਾਂ ਦੇ ਝੁੰਡ ਖੇਤਾਂ ’ਚ ਉੱਤਰਦੇ ਅਤੇ ਅਨਾਜ ਦੀ ਕਾਫੀ ਮਾਤਰਾ ਛਕ ਜਾਂਦੇ । 1958 ’ਚ ਬਸੰਤ ਦਾ ਇੱਕ ਦਿਨ ਤਹਿ ਕੀਤਾ ਗਿਆ ਜਿਸ ਦਿਨ ਇਹਨਾਂ ’ਤੇ ਆਖਰੀ ਹੱਲਾ
ਬੋਲਣਾ ਸੀ। ਹਰੇਕ ਇਮਾਰਤ, ਹਰ ਇੱਕ ਗਲੀ ’ਚ, ਘਰਾਂ ਦੇ ਅਗਲੇ ਪਿਛਲੇ ਵਿਹੜਿਆਂ ’ਚ, ਲੋਕ ਖੜੇ ਜਾਂ ਬੈਠੇ
ਸਨ ਅਤੇ ਜਦੋਂ ਵੀ ਚਿੜੀਆਂ ਦਿਸਦੀਆਂ ਤਾਂ ਉਹ ਚਿੱਟੇ ਕੱਪੜੇ ਹਿਲਾਉਦੇ ਅਤੇ ੳੱੁਚੀ ਬੋਲਦੇ, ਸੀਟੀਆਂ ਵਜਾਉਦੇ ਜਾਂ ਭਾਂਡੇ ਖੜਕਾਉਦੇ। ਮੈਂ ਵੀ ਹੱਥ ’ਚ ਸਰਾਹਣੇ ਦਾ ਛਾੜ
ਫੜੀ ਬਾਗ ਦੀ ਉੱਚੀ ਕੰਧ ’ਤੇ ਡਟਿਆ ਹੋਇਆ ਸਾਂ ਅਤੇ ਘੰਟਿਆਂ ਬੱਧੀ ਕੱਪੜਾ
ਹਿਲਾਉਦਾ ਰਿਹਾ ਅਤੇ ਹੂ-ਹਾਅ ਕਰਦਾ ਰਿਹਾ।
ਘਬਰਾਏ ਅਤੇ ਭੁੱਖੇ, ਪੰਛੀ ਜਾਲ ’ਚ ਫਸ ਗਏ, ਟਾਹਣੀਆਂ ’ਤੋਂ ਉੱਤਰ ਆਏ ਅਤੇ ਜਾਣ ਕੇ ਖਾਲੀ ਛੱਡੇ ਥਾਵਾਂ ’ਤੇ ਜ਼ਹਿਰੀਲਾ ਅੰਨ
ਖਾਧਾ। ਹਜ਼ਾਰਾਂ ਲੱਖਾਂ ਚਿੜੀਆਂ ਉਸ ਦਿਨ ਖਤਮ
ਕੀਤੀਆਂ।
ਪਿੱਛੋਂ ਇਹ ਪਤਾ
ਚੱਲਿਆ ਕਿ ਚਿੜੀਆਂ ਨੂੰ ਮਾਰਨਾ ਠੀਕ ਨਹੀਂ ਸੀ। ਚਿੜੀਆਂ ਅਜਿਹੇ ਕੀੜੇ ਮਕੌੜਿਆਂ ਨੂੰ ਖਾਂਦੀਆਂ ਹਨ
ਜੋ ਚਿੜੀਆਂ ਨਾਲੋਂ ਜ਼ਿਆਦਾ ਫਸਲਾਂ ਦਾ ਨੁਕਸਾਨ ਕਰਦੇ ਹਨ। ਸਰਕਾਰ ਨੇ ਸਾਫ ਦਿਲੀ ਨਾਲ ਮੰਨਿਆ ਕਿ
ਉਹ ਗਲਤੀ ’ਚ ਸਨ। ਚਿੜੀਆਂ ਦੀ ਥਾਂ ਪਿੱਸੂਆਂ ਨੂੰ ਮਾਰਨਾ
ਸ਼ੁਰੂ ਕੀਤਾ। ਤਜ਼ਰਬੇ ਨੇ ਚੀਨੀਆਂ ਨੂੰ ਵਾਤਾਵਰਨ
ਦਾ ਸਮਤੋਲ ਕਾਇਮ ਰੱਖਣ ਦਾ ਸਬਕ ਦਿੱਤਾ।
ਇਸ ਨੂੰ ਉਹਨਾਂ ਨੇ
ਕਾਫੀ ਚੰਗੀ ਤਰਾਂ ਕਾਇਮ ਕੀਤਾ। ਭਾਵੇਂ ਰਸਾਇਣਕ ਖਾਦਾਂ ਦੀ ਕਾਫੀ ਵਰਤੋਂ ਕੀਤੀ ਜਾਂਦੀ ਹੈ ਪਰ
ਮੁੱਖ ਖਾਦ ਮਨੁੱਖੀ ਅਤੇ ਪਸ਼ੂਆਂ ਦੇ ਗੰਦ-ਪਖਾਨੇ ਤੋਂ
ਹੀ ਤਿਆਰ ਕੀਤੀ ਜਾਂਦੀ ਹੈ। ਮਨੁੱਖੀ ਪਖਾਨੇ ਨੂੰ
ਧਿਆਨ ਨਾਲ ਇਕੱਠਾ ਅਤੇ ਜਮਾਂ ਕੀਤਾ ਜਾਂਦਾ ਹੈ। ਸ਼ਹਿਰਾਂ ਵਿੱਚ ਵੱਡੇ ਟੈਂਕਰ ਇਸ ਨੂੰ
ਜਨਤਕ ਪਖਾਨਿਆਂ ਤੋਂ ਇਕੱਠਾ ਕਰਦੇ ਹਨ। ਸ਼ਹਿਰੋਂ ਬਾਹਰ ਵਿਸ਼ੇਸ਼ ਥਾਂ ਲੈ ਕੇ ਜਾਂਦੇ ਹਨ ਅਤੇ ਉਥੇ ਇਸ
ਤੋਂ ਖਾਦ ਤਿਆਰ ਕੀਤੀ ਜਾਂਦੀ ਹੈ। ਕਈ ਸ਼ਹਿਰਾਂ ’ਚੋਂ ਪਾਈਪਾਂ ਰਾਹੀਂ
ਸਿੱਧਾ ਇਸ ਨੂੰ ਕਮਿਊਨਾਂ ’ਚ ਪੁਚਾਇਆ ਜਾਂਦਾ ਹੈ ਅਤੇ ਉੱਥੇ ਖਾਦ ਬਣਾਈ ਜਾਂਦੀ ਹੈ।
ਚੂਹੇ ਮੱਖੀਆਂ ਅਤੇ
ਮੱਛਰਾਂ ਨੂੰ ਮਾਰਨ ਦਾ ਕੰਮ ਇਸ ਤੋਂ ਵੀ ਵੱਧ ਮੁਸ਼ਕਲ ਸੀ, ਪਰ ਅਸੀਂ ਇਸ ਨੂੰ
ਚੰਗੀ ਤਰਾਂ ਕੀਤਾ। ਪਹਿਲਾਂ ਅਸੀਂ ਇਹਨਾਂ ਦੀਆਂ ਰਹਿਣ ਥਾਵਾਂ ਬੰਦ ਕਰਕੇ, ਜ਼ਹਿਰੀਲੀਆਂ ਕੁੰਡੀਆਂ ਲਾ ਕੇ ਘਰਾਂ ਅਤੇ ਇਮਾਰਤਾਂ ’ਚੋਂ ਬਾਹਰ ਭਜਾਇਆ।
ਫੇਰ ਇੱਕ ਮਿਥੀ ਰਾਤ ਨੂੰ ਇੱਕ ਜ਼ਹਿਰੀਲੀ ਧੂੜ ਨੂੰ ਸੀਵਰਾਂ ’ਚ ਪਾਇਆ ਅਤੇ ਹਰੇਕ ਖੁੱਲੀ ਮੋਰੀ ਨੂੰ ਕਸ ਕੇ ਬੰਦ ਕੀਤਾ। ਇਸੇ ਕਰਮ
ਨੂੰ ਕੁੱਝ ਰਾਤਾਂ ਬਾਅਦ ਫੇਰ ਦੁਹਰਾਇਆ। ਸਾਰਾ ਕੁੱਝ ਲੋਕਾਂ ਦੀ ਸਿਆਣਪ ਭਰਪੂਰ ਸ਼ਮੂਲੀਅਤ ’ਤੇ ਨਿਰਭਰ ਕਰਦਾ ਹੈ, ਕਿਉਕਿ ਲੱਖਾਂ ਦੀ ਵਸੋਂ ਵਾਲੇ ਸ਼ਹਿਰ ’ਚ ਬਹੁਤ ਬਰੀਕੀ ਨਾਲ ਤਾਲਮੇਲ ਕਰਨਾ ਪੈਂਦਾ ਹੈ।
ਮੱਖੀਆਂ ਅਤੇ
ਮੱਛਰਾਂ ਦੇ ਹਮਲੇ ’ਚ ਰਤਾ ਕੁ ਵੱਖਰੀ ਪਹੁੰਚ ਅਪਣਾਈ ਗਈ। ਮੱਖੀਆਂ ੳੱੁਤੇ
ਮੁੱਢਲੇ ਅਤੇ ਲਾਰਵਾ ਪੜਾਅ ’ਤੇ ਹਮਲਾ ਕੀਤਾ ਗਿਆ। ਬੱਚੇ ਜਾਣਦੇ ਸਨ ਕਿ ਇਹਨਾਂ ਨੂੰ
ਕਿੱਥੋਂ ਭਾਲਣਾ ਹੈ। ਜੋ ਮੱਖੀਆਂ ਕਿਵੇਂ ਨਾ ਕਿਵੇਂ ਬਚ ਕੇ ਪੈਦਾ ਹੋ ਜਾਂਦੀਆਂ ਸਨ, ਉਹਨਾਂ ਖਿਲਾਫ ਮੱਖੀਮਾਰ ਝਾੜੂ ਦੀ ਗੰਭੀਰਤਾ ਨਾਲ ਵਰਤੋਂ ਕੀਤੀ ਗਈ। ਜੇ ਤੁਸੀਂ ਕਿਸੇ ਦੇ ਘਰ
ਮੱਖੀ ਦੇਖ ਲਵੋ ਤਾਂ ਉਹ ਬਹੁਤ ਪ੍ਰੇਸ਼ਾਨ ਹੁੰਦੇ ਹਨ। ਸਾਰਾ ਪਰਿਵਾਰ ਅਤੇ ਮਹਿਮਾਨ ਮੱਖੀ ਨੂੰ ਮਾਰ
ਕੇ ਹੀ ਦਮ ਲੈਂਦੇ ਹਨ।
ਮੱਛਰ ਮਾਰਨ ਲਈ
ਹਰੇਕ ਆਪਣੇ ਘਰ ਦੇ ਆਲੇ ਦੁਆਲੇ ਦੀ, ਗਲੀ ਦੀ ਪੜਤਾਲ ਕਰਦਾ ਹੈ ਕਿ ਇਹ ਯਕੀਨੀ ਹੋਵੇ ਕਿ ਪਾਣੀ
ਦੇ ਭਰੇ ਪੀਪੇ ਜਾਂ ਟੋਏ ਆਦਿ ਤਾਂ ਨਹੀਂ ਜਿਸ ਵਿੱਚ ਇਹ ਪੈਦਾ ਹੋ ਸਕਦੇ ਹਨ। ਗੰਦੇ ਪਾਣੀ ਦੇ
ਛੱਪੜਾਂ ਨੂੰ ਜਾਂ ਤਾਂ ਖਾਲੀ ਕਰ ਦਿੱਤਾ ਜਾਂਦਾ ਹੈ ਜਾਂ ਪੂਰਿਆ ਜਾਂਦਾ ਹੈ। ਗਰਮੀਆਂ ’ਚ ਤਹਿ ਕੀਤੀਆਂ ਕਈ ਰਾਤਾਂ ਦੇ ਨਿਸ਼ਚਤ ਘੰਟਿਆਂ ’ਚ, ਤੁਸੀਂ ਬੂਹੇ ਬਾਰੀਆਂ ਬੰਦ ਕਰਕੇ ਧੂਣੀ ਦੇਂਦੇ ਹੋ ਅਤੇ ਬਾਹਰ ਠਹਿਰਦੇ ਹੋ। ਫੇਰ ਬੂਹੇ, ਬਾਰੀਆਂ ਬੰਦ ਕਰ ਲਈਆਂ ਜਾਂਦੀਆਂ ਹਨ। ਇਸ ਸਮੇਂ ਜਹਾਜ਼ ਕੀਟਨਾਸ਼ਕ ਦਾ ਛਿੜਕਾਅ ਕਰਦੇ ਆਉਦੇ ਹਨ।
ਅੱਧੇ ਘੰਟੇ ਪਿੱਛੋਂ ਸਭ ਠੀਕ ਹੈ ਦਾ ਘੁੱਗੂ
ਵੱਜਦਾ ਹੈ ਅਤੇ ਤੁਸੀਂ ਮੱਛਰ-ਰਹਿਤ ਰਾਤ ਦਾ ਆਨੰਦ ਮਾਣਦੇ ਹੋ।
ਇਸ ਸਾਰੀ ਕਾਰਵਾਈ
ਨੂੰ ਇੱਕ ਤੰਦ ’ਚ ਪਰੋਣ ਵਾਲੀਆਂ ਗਵਾਂਢ ਕਮੇਟੀਆਂ ਹਨ ਜਿਨਾਂ ’ਚ ਬਹੁਤਾ ਕਰਕੇ ਪੈਨਸ਼ਨੀਏ ਬੱੁਢੇ ਅਤੇ ਸਵੈਮ-ਸੇਵਕ ਘਰੇਲੂ ਔਰਤਾਂ ਹੁੰਦੀਆਂ ਹਨ। ਇਹ ਕਮੇਟੀਆਂ
ਸ਼ਹਿਰ-ਵਿਆਪੀ ਜਥੇਬੰਦੀ ਦਾ ਹਿੱਸਾ ਹਨ ਅਤੇ ਸਮਾਂ-ਸੂਚੀ ਦਸਦੀਆਂ ਹਨ ਅਤੇ ਕੁੱਝ ਟਕਿਆਂ ਦੀ ਧੂਣੀ
ਕਰਨ ਦੀਆਂ ਥੈਲੀਆਂ ਜਾਰੀ ਕਰਦੀਆਂ ਹਨ,
ਸਾਰੀ ਕਾਰਵਾਈ ਦੀ ਨਿਗਰਾਨੀ
ਕਰਦੀਆਂ ਹਨ ਅਤੇ ਸਿੱਟਿਆਂ ਨੂੰ ਨਿਰਖਦੀਆਂ ਹਨ। ਬਹੁਤ ਹੀ ਕਾਰਜਕੁਸ਼ਲ ਹੁੰਦੀ ਹੈ ਇਹ ਸਾਰੀ
ਕਾਰਵਾਈ। ਨੱਠ-ਭੱਜ ਦਾ ਕੰਮ ਕਰਨ ਲਈ ਬੱਚੇ ਬਹੁਤ ਸਹਾਈ ਹੁੰਦੇ ਹਨ। ਇਹ ਇਸ ਕੇਸ ਦਾ ਵੱਡਾ ਹਿੱਸਾ
ਸੰਭਾਲਦੇ ਹਨ। ਹਾਂ-ਪੱਖੀ ਭਾਈਚਾਰਕ ਸਰਗਰਮੀ ਦਾ ਹਿੱਸਾ ਹੋਣਾ ਮਨ ਨੂੰ ਬਹੁਤ ਤਸੱਲੀ ਦਿੰਦਾ ਹੈ
ਖਾਸ ਕਰਕੇ ਉਦੋਂ ਜਦੋਂ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਗੰਦਗੀ ਅਤੇ ਬਿਮਾਰੀਆਂ ਤੋਂ ਛੇਤੀ
ਅਤੇ ਸਸਤੇ ’ਚ ਖਹਿੜਾ ਛੁਡਾਉਣ ਦੀ ਕੋਸ਼ਿਸ਼ ’ਚ ਸਹਾਈ ਹੋ ਰਹੇ ਹੋ। ਬਿਨਾਂ ਸ਼ੱਕ ਚਾਰ ਬਲਾਵਾਂ ਖਿਲਾਫ ਮੁਹਿੰਮ ਦਾ ਕੋਈ ਅੰਤ ਨਹੀਂ ਹੈ ਪਰ
ਹਰ ਲੰਘਦੇ ਸਾਲ ਇਹ ਵੱਧ ਸੌਖੀ ਅਤੇ ਅਸਰਦਾਰ ਹੁੰਦੀ ਜਾਂਦੀ ਹੈ।
‘‘ਜੋ ਵੀ ਤੁਹਾਡੇ ਕੋਲ ਹਾਸਲ ਹੈ, ਉਸ ਨਾਲ ਖੁਦ ਆਪ ਕਰੋ’’ ਦੀ ਇਹ ਪਹੁੰਚ ਸਾਰੇ ਚੀਨ ਵਿੱਚ ਜੰਗਲ ਦੀ ਅੱਗ ਵਾਂਗ
ਫੈਲ ਰਹੀ ਹੈ ਜਿਸ ਨੂੰ ਹਮੇਸ਼ਾ ਹੀ ਕਮਿਊਨਿਸਟ ਪਾਰਟੀ ਵੱਲੋਂ ਨਿਗਾਹਦੇਹੀ ’ਚ ਰੱਖਿਆ ਅਤੇ ਉਤਸ਼ਾਹਤ ਕੀਤਾ ਜਾਂਦਾ ਹੈ। ਕਿਸੇ ਨੂੰ ਵੀ ਚੰਗਾ ਵਿਚਾਰ ਔੜ ਸਕਦਾ ਹੈ। ਉਸ
ਵੱਲੋਂ ਇਸ ਨੂੰ ਪਰਖਣ ਲਈ ਸਮਾਂ ਜਾਂ ਪੈਸਾ ਜਾਂ ਹਾਲਤਾਂ ਲੋੜੀਂਦੀਆਂ ਹਨ। ਇਹ ਕੁੱਝ ਸਥਾਨਕ ਪਾਰਟੀ
ਜਥੇਬੰਦੀ ਮੁਹੱਈਆ ਕਰਦੀ ਹੈ। ਜੇ ਇਹ ਸਫਲ ਹੋ ਗਿਆ ਤਾਂ ਇਸ ਨੂੰ ਹੋਰ ਵੱਡੇ ਪੈਮਾਨੇ ’ਤੇ ਪਰਤਿਆਇਆ ਜਾਂਦਾ ਹੈ। ਜੇ ਇਹ ਵੀ ਸਫਲ ਹੋ ਜਾਵੇ ਤਾਂ ਇਸ ਦੀ ਮੁਕੰਮਲ ਰਿਪੋਰਟ ਪਾਰਟੀ
ਕੇਂਦਰੀ ਕਮੇਟੀ ਨੂੰ ਭੇਜੀ ਜਾਂਦੀ ਹੈ। ਜਾਂਚ-ਪੜਤਾਲ ਤੋਂ ਪਿੱਛੋਂ ਕੇਂਦਰੀ ਕਮੇਟੀ ਇਸ ਨੂੰ ਕੌਮੀ
ਪੱਧਰ ’ਤੇ ਲਾਗੂ ਕਰ ਸਕਦੀ ਹੈ।
ਚੀਨ ਦੀਆਂ
ਮਹੱਤਵਪੂਰਨ ਘਟਨਾਵਾਂ ’ਚੋ ਇੱਕ ਘਟਨਾ ਬਿਲਕੁਲ ਹੀ ਇਸ ਤਰੀਕੇ ਨਾਲ ਵਾਪਰੀ ਹੈ।
ਇਹ ਹੈ ਕਮਿਊਨਾਂ ਦੀ ਪੈਦਾਇਸ਼। ਇਹ 1958 ਦੇ ਸ਼ੁਰੂ ’ਚ ਹੂਨਾਨ ਸੂਬੇ ’ਚ ਸ਼ੁਰੂ ਹੋਈ। ਹੂਨਾਨ ਸਦੀਆਂ ਤੋਂ ਹੜਾਂ ਅਤੇ ਸੋਕਿਆਂ ਦਾ ਸਤਾਇਆ ਪਿਆ ਸੀ। ਇਹਨਾਂ ਆਫਤਾਂ ਦਾ
ਮੁੱਢੋਂ-ਸੁੱਢੋਂ ਫਸਤਾ ਵੱਢਣ ਲਈ ਦਿ੍ਰੜ,
ੳੱੁਚ-ਪੱਧਰੇ ਸਰਕਾਰੀ ਫਾਰਮਾਂ
ਨੇ ਇਕੱਠੇ ਹੋਣਾ ਸ਼ੁਰੂ ਕੀਤਾ। ਇਸ ਨਾਲ ਦਰਿਆ ਦੀਆਂ ਖਬਤਾਂ ਨਾਲ ਨਜਿੱਠਣ ’ਚ ਫਾਇਦਾ ਹੋਇਆ। ਦਰਿਆ ਦੇ ਹੇਠਲੇ ਪਾਸੇ ਦੇ ਸਹਿਕਾਰੀ ਫਾਰਮ, ਉੱਪਰਲੇ ਪਾਸੇ ਦੇ ਸਹਿਕਾਰੀ ਫਾਰਮ ਦੀ ਮੱਦਦ ਤੋਂ ਬਿਨਾਂ ਬਹੁਤਾ ਕੁੱਝ ਨਹੀਂ ਕਰ ਸਕਦੇ ਸਨ।
ਮਨੁੱਖਾ-ਸ਼ਕਤੀ ਅਤੇ ਪੂੰਜੀ ਨੂੰ ਇਕੱਠਿਆਂ ਕਰਨ ਨਾਲ, ਇਹ ਲੋਕਾਂ ਦੀ ਵੱਧ
ਤਰਕਸੰਗਤ ਤਾਇਨਾਤੀ ਕਰ ਸਕਦੇ ਸਨ ਅਤੇ ਮਹਿੰਗੇ ਪ੍ਰੋਜੈਕਟਾਂ ’ਤੇ ਪੈਸਾ ਲਾ ਸਕਦੇ
ਸਨ। ਇਹ ਮਿੱਟੀ ਦੀ ਕਿਸਮ ਅਨੁਸਾਰ ਜ਼ਮੀਨ ਦੀ ਵੱਧ ਉਚਿੱਤ ਵਰਤੋਂ ਕਰ ਸਕਦੇ ਸਨ। ਇੱਕ ਸਹਿਕਾਰੀ
ਫਾਰਮ ਦੀਆਂ ਪਹਾੜੀਆਂ ’ਚੋਂ ਕੱਢੇ ਕੋਲੇ ਦਾ ਦੂਜੇ ਸਹਿਕਾਰੀ ਫਾਰਮ ’ਚੋਂ ਨਿੱਕਲੇ ਲੋਹੇ ਨਾਲ ਜੋੜ-ਮੇਲ ਕਰ ਸਕਦੇ ਸਨ ਅਤੇ ਇਸ ਤਰਾਂ ਖੇਤੀ ਦੇ ਸੰਦ ਬਣਾ ਸਕਦੇ ਸਨ।
ਕਮਿਊਨਿਸਟ ਪਾਰਟੀ
ਦੀ ਹੂਨਾਨ ਸੂਬਾ ਕਮੇਟੀ ਅਧੀਨ ਕਈ ਹਜ਼ਾਰ ਹੋਰ
ਕਮਿਊਨ ਤਜ਼ਰਬਾਤੀ ਅਧਾਰ ’ਤੇ ਬਣਾਏ ਗਏ। ਖੇਤੀਬਾੜੀ ਤੋਂ ਇਲਾਵਾ ਕਮਿਊਨਾਂ ਨੇ
ਛੋਟੇ ਪੈਮਾਨੇ ਦੇ ਕਾਰਖਾਨੇ ਲਾਏ, ਮੁੱਖ ਤੌਰ ’ਤੇ ਉਨਾਂ ਵਸਤਾਂ ਦੇ
ਜਿਨਾਂ ਦੀ ਉਹਨਾਂ ਨੂੰ ਲੋੜ ਸੀ, ਆਪਣੀਆਂ ਹੀ ਸਪਲਾਈ ਅਤੇ ਵੰਡ ਕਰਨ ਵਾਲੀਆਂ ਇਕਾਈਆਂ
ਸਥਾਪਤ ਕੀਤੀਆਂ, ਆਪਣੇ ਹੀ ਸਕੂਲ ਖੋਲੇ ਅਤੇ ਚਲਾਏ ਅਤੇ ਆਪਣਾ ਹੀ ਮਲੀਸ਼ੀਆ
(ਸਵੈ-ਰੱਖਿਆ ਟੋਲੀਆਂ) ਕਾਇਮ ਕੀਤੀਆਂ। ਲੋਕਾਂ ਨੇ ਭੋਜਨ-ਕਮਰੇ, ਸਿਲਾਈ-ਤਰਪਾਈ, ਕੱਪੜੇ ਧੋਣ, ਬਿਰਧ ਆਸ਼ਰਮ, ਦਵਾਖਾਨੇ, ਜੱਚਾ-ਬੱਚਾ ਕੇਂਦਰ, ਕਰਮਚਾਰੀਆਂ ਆਦਿ
ਜਥੇਬੰਦ ਕੀਤੀਆਂ। ਔਰਤਾਂ ਨੂੰ ਬਹੁਤ ਹੱਦ ਤੱਕ ਘਰੇਲੂ ਕੰਮਾਂ-ਕਾਰਾਂ ਤੋਂ ਵਿਹਲਾ ਕੀਤਾ ਗਿਆ ਅਤੇ
ਇਹ ਹੁਣ ਆਰਥਕ ਅਤੇ ਪ੍ਰਬੰਧਕੀ ਕੰਮਾਂ ’ਚ ਹਿੱਸਾ ਲੈ ਸਕਦੀਆਂ ਸਨ।
ਮੈਂ ਇਹਨਾਂ
ਕਮਿਊਨਾਂ ਨੂੰ ਕੰਮ ਕਰਦਿਆਂ ਦੇਖਣ ਲਈ ਉਤਸੁਕ ਸਾਂ। 1958 ਦੀਆਂ ਗਰਮੀਆਂ ’ਚ ਮੈਂ ਇੱਕ ਨੌਜਵਾਨ ਫੋਟੋਗਰਾਫਰ ਨਾਲ ਸ਼ੂਚਾਂਗ ਦੀ ਕਮਿਊਨ ਦੇਖਣ ਗਿਆ ਜੋ ਕਿ ਸੂਬੇ ਦੇ ਮੱਧ ’ਚ ਪੁਰਾਣਾ ਸ਼ਹਿਰ ਹੈ। ਪਾਰਟੀ ਕਮੇਟੀ ਖੁਲਦਿਲੀ ਅਤੇ ਇਮਦਾਦੀ ਸੀ। ਉਹਨਾਂ ਨੇ ਸਾਨੂੰ ਇੱਕ ਜੀਪ
ਅਤੇ ਡਰਾਈਵਰ ਸੌਂਪ ਦਿੱਤਾ ਅਤੇ ਇੱਕ ਕਾਡਰ ਵੀ ਦਿੱਤਾ ਜਿਸ ਨੇ ਸਾਨੂੰ ਘੁੰਮ-ਫਿਰ ਕੇ ਆਲਾ-ਦੁਆਲਾ
ਵਿਖਾਉਣਾ ਸੀ। ਅਸੀਂ ਦੋ ਮੰਦਰਾਂ ਵਾਲੇ ਛਿਆਂਗਚੈਂਗ ਕਸਬੇ ’ਚ ਗਏ। ਭਾਵੇਂ
ਸਾਰੀਆਂ ਕਮਿਊਨਾਂ ਐਡੀਆਂ ਵੱਡੀਆਂ ਨਹੀਂ ਸਨ ਪਰ ਉਹਨਾਂ ਦਾ ਢਾਂਚਾ ਇੱਕੋ ਜਿਹਾ ਸੀ। ਇੱਕ ਦਰਜ਼ਨ
ਤੋਂ ਕਈ ਦਰਜ਼ਨਾਂ ਤੱਕ ਦੇ ਪਰਿਵਾਰ ਮਿਲ ਕੇ ਟੀਮ ਬਣਾਉਦੇ ਸਨ। ਇੱਕ ਦਰਜਨ ਤੋਂ ਕਈ ਦਰਜਨਾਂ ਟੀਮਾਂ
ਮਿਲ ਕੇ ਬਰਿਗੇਡ ਬਣਦਾ ਸੀ ਅਤੇ ਇੱਕ ਦਰਜਨ ਤੋਂ
ਕਈ ਦਰਜ਼ਨਾਂ ਬਰਿਗੇਡ ਮਿਲ ਕੇ ਕਮਿਊਨ ਬਣਦੀ ਸੀ ਜਿਹੜੀ ਲਗਭਗ ਕਸਬੇ ਕੁ ਜਿੰਨੀ ਹੁੰਦੀ ਸੀ। ਕਮਿਊਨ
ਦੀ ਲੀਡਰਸ਼ਿੱਪ ਕਸਬੇ ਜਾਂ ਲਗਭਗ ਬਲਾਕ ਦੀ ਸਰਕਾਰ ਵਜੋਂ ਕੰਮ ਕਰਦੀ ਸੀ।
ਜਿਹਨਾਂ ਖੇਤਾਂ
ਵਿਚਦੀ ਅਸੀਂ ਲੰਘੇ, ਉੱਥੇ ਮਰਦਾਂ ਜਿੰਨੀਆਂ ਹੀ ਔਰਤਾਂ ਕੰਮ ਕਰਦੀਆਂ ਸਨ।
ਸਾਰੇ ਖੇਤ ਝੰਡਿਆਂ ਨਾਲ ਲਾਲੋ ਲਾਲ ਹੋਏ ਪਏ ਸਨ। ਸੜਕਾਂ ਉਪਰ ਮਾਟੋ ਲਿਖੇ ਹੋਏ ਸਨ ਜਿਹਨਾਂ ਵਿੱਚ
ਇੱਕ ਦੂਜੇ ਨੂੰ ਦੋਸਤਾਨਾ ਚੁਣੌਤੀਆਂ ਦਿੱਤੀਆਂ ਹੋਈਆਂ ਸਨ। ਫਸਲ ਵੱਢੀ ਜਾ ਚੁੱਕੀ ਸੀ। ਉਹ ਜ਼ਮੀਨ
ਵਾਹ ਕੇ ਅਗਲੀ ਫਸਲ ਦੀ ਤਿਆਰੀ ਕਰ ਰਹੇ ਸਨ। ਸਾਰੇ ਬਰਿਗੇਡ ਹੀ ਆਪਣਾ ਕੰਮ ਪਹਿਲਾਂ ਮੁਕਾਉਣ ਲਈ
ਇੱਕ ਦੂਜੇ ਨਾਲ ਮੁਕਾਬਲੇ ’ਚ ਜੁਟੇ ਹੋਏ ਸਨ। ਅਸੀਂ ਜੀਪ ਰੋਕੀ ਅਤੇ ਇੱਕ ਖੇਤ ’ਚ ਚਲੇ ਗਏ। ਇਹ ਸਟੇਜ ’ਤੇ ਚੜਨ ਵਾਂਗ ਸੀ। ਬਰਿਗੇਡ ਦੇ ਮੈਂਬਰ, ਜਿਹੜੇ ਬਹੁਤੇ ਨੌਜਵਾਨ ਸਨ, ਕਹੀਆਂ ਨਾਲ ਜ਼ਮੀਨ ਪੁੱਟ ਰਹੇ ਸਨ।
ਇਹਨਾਂ ਦੇ ਪਿੱਛੇ
ਪਿੱਛੇ ਔਰਤ-ਮਰਦ, ਰੰਗ-ਕਰਮੀ ਪੂਰੀ ਤਰਾਂ ਸਜੇ ਹੋਏ ਢੋਲ ਦੀ ਤਾਲ ਤੇ ਗੀਤ
ਗਾਉਦੇ ਅਤੇ ਨੱਚਦੇ ਸਨ। ਭਾਵੇਂ ਕਿ ਕਹੀ ਵਾਹੁਣ ਵਾਲਿਆਂ ਨੂੰ ਹੌਂਸਲੇ ਦੀ ਲੋੜ ਨਹੀਂ ਸੀ ਪਰ ਫੇਰ
ਵੀ ਇਹ ਉਹਨਾਂ ਨੂੰ ਹੋਰ ਤਾਕਤ ਬਖਸ਼ਦੇ ਸਨ। ਕੰਮ ਕਰਦੇ ਉਹ ਗੱਲਾਂ ਮਾਰਦੇ ਅਤੇ ਠੱਠਾ ਮਖੌਲ ਕਰਦੇ
ਸਨ। ਕਾਮਿਆਂ ’ਚੋਂ ਕੁੱਝ ਰੰਗ ਕਰਮੀਆਂ ਨਾਲ ਲੈਅ ਮਿਲਾ ਕੇ ਗਾ ਵੀ ਰਹੇ
ਸਨ।
ਸਾਡੀ ਬਰਿਗੇਡ ਦੇ
ਕਮਿਊਨਿਸਟ ਪਾਰਟੀ ਸਕੱਤਰ ਨਾਲ ਜਾਣ-ਪਛਾਣ ਕਰਾਈ
ਗਈ। ਉਹ ਹਫਿਆ ਅਤੇ ਥੱਕਿਆ ਲਗਦਾ ਸੀ। ਉਸ ਨੇ ਦੱਸਿਆ ਕਿ ਸਾਡਾ ਅੰਦਾਜ਼ਾ ਦੋ ਹਫਤਿਆਂ ’ਚ ਜ਼ਮੀਨ ਪੁੱਟ ਸੁੱਟਣ ਦਾ ਸੀ ਪਰ ਗੱਭਰੂਆਂ ਨੇ ਇੱਕ ਹਫਤੇ ’ਚ ਹੀ ਕੰਮ ਨਿਬੇੜਨ ਦਾ ਤਹੱਈਆ ਕਰ ਲਿਆ ਹੈ। ਲਗਦਾ ਵੀ ਇਉ ਹੀ ਹੈ ਕਿ ਇਹ ਹਫਤੇ ’ਚ ਹੀ ਕਰ ਲੈਣਗੇ। ਇਹ ਤਿੰਨ ਦਿਨਾਂ ਤੋਂ ਵਾਰੀ ਵਾਰੀ ਚੌਵੀ ਘੰਟੇ ਹੀ ਕੰਮ ਕਰਦੇ ਆ ਰਹੇ ਹਨ
ਅਤੇ ਅੱਧ ਤੋਂ ਵੱਧ ਜ਼ਮੀਨ ਪੁੱਟ ਵੀ ਦਿੱਤੀ ਹੈ। ਬਰਿਗੇਡ ਦੀ ਪਾਰਟੀ ਕਮੇਟੀ ਇਹਨਾਂ ਨੂੰ ਹੌਲੀ ਹੌਲੀ
ਕੰਮ ਕਰਨ ਲਈ ਪ੍ਰੇਰਦੀ ਆ ਰਹੀ ਹੈ, ਪਰ ਸਭ ਵਿਅਰਥ। ਹਰ ਜਵਾਨ ਹੀ ਕਮਿਊਨ ਨੂੰ ਕਾਮਯਾਬ ਕਰਨ
ਲਈ ਲੱਕ ਬੰਨੀਂ ਖੜਾ ਹੈ।
ਸ਼ਕਤੀ ਅਤੇ ਸਿਰਜਣਾ
ਦਾ ਖੁਸ਼ੀ ਭਰਿਆ ਜਨੂੰਨ, ਜਿਸ ਨੇ ਛੇਤੀ ਹੀ ਦੁਨੀਆਂ ’ਚ ਅੱਗੇ ਵੱਲ ਨੂੰ ਵੱਡੀ ਛਾਲ ਵਜੋਂ ਮਸ਼ਹੂਰ ਹੋਣਾ ਸੀ, ਸਾਰੇ ਚੀਨ ’ਚ ਹੀ ਵਿਆਪਕ ਸੀ।
ਅਣਗਿਣਤ ਕਮਿਊਨ
ਮੈਂਬਰ ਸਿੰਚਾਈ ਖਾਲੇ ਪੁੱਟਣ, ਡੈਮ ਬਣਾਉਣ, ਲੋਹਾ ਬਣਾਉਣ ’ਚ ਰੁੱਝੇ ਹੋਏ ਸਨ। ਨਵੇਂ ਸਾਂਝੇ ਕਾਰੋਬਾਰਾਂ ਨੇ ਰੁਜ਼ਗਾਰ ਦੇ ਦਰਵਾਜੇ ਖੋਲ ਦਿੱਤੇ। ‘‘ਵੱਧ ਵਸੋਂ ਵਾਲੇ’’ ਚੀਨ ਨੂੰ ਮਜ਼ਦੂਰਾਂ ਦਾ ਤੋੜਾ ਪੈ ਗਿਆ। ਕਵਾਂਗਤੁੰਗ
ਸੂਬੇ ’ਚ ਚੌਲਾਂ ਦੀ ਪੈਦਾਵਾਰ ’ਚ ਹੋਏ ਅਥਾਹ ਵਾਧੇ ਦੇ ਨਸ਼ਿਆਏ ਕੁੱਝ ਕਮਿਊਨਾਂ ਨੇ ਆਪਣੇ ਮੈਂਬਰਾਂ ਨੂੰ ਬਿਨਾਂ ਪੈਸੇ
ਦਿੱਤਿਆਂ ਰਸੋਈ-ਘਰਾਂ ’ਚ ਜਿੰਨਾਂ ਮਰਜ਼ੀ ਖਾਣਾ ਖਾਣ ਦੀ ਛੁੱਟੀ ਦੇ ਦਿੱਤੀ।
ਇਹਨਾਂ ਨੇ ਨਾ ਸਿਰਫ ਵਾਧੂ ਹੋਈ ਪੈਦਾਵਾਰ ਛਕ ਧਰੀ ਸਗੋਂ ਰਾਖਵੇਂ ਭੰਡਾਰ ਦੇ ਵੱਡੇ ਹਿੱਸੇ ਨੂੰ
ਰਗੜਾ ਲਾ ਦਿੱਤਾ।
ਸਾਰੀਆਂ ਗਲਤੀਆਂ
ਅਣਜਾਣਪੁਣੇ ’ਚ ਹੀ ਨਹੀਂ ਹੋਈਆਂ। ਕੁੱਝ ਨੂੰ ਝੂਠੇ ਆਗੂਆਂ ਵੱਲੋਂ ਵੀ
ਉਕਸਾ ਕੇ ਕਰਵਾਇਆ ਗਿਆ। ਜੋ ਲੋਕ ਨਿੱਜੀ ਜਾਇਦਾਦ ਬਣਾਉਣ ਦੇ ਹਾਮੀ ਸਨ, ਉਹਨਾਂ ਨੇ ਆਪਣੇ ਦਾਅ-ਪੇਚ ਬਿਲਕੁਲ ਹੀ ਬਦਲ ਲਏ। ਕਿਉਕਿ ਉਹਨਾਂ ਦੀਆਂ ਕਮਿਊਨਾਂ ਕਾਇਮ ਹੋਣ ’ਚ ਅੜਿੱਕੇ ਡਾਹੁਣ ਦੀਆਂ ਮੁੱਢਲੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਸਨ। ਹੁਣ ਇਹਨਾਂ ਨੇ ਕਮਿਊਨਾਂ
ਦੀਆਂ ਪ੍ਰਾਪਤੀਆਂ ਦੇ ਗੁੱਡੇ ਬੰਨਣੇ ਸ਼ੁਰੂ ਕਰ ਦਿੱਤੇ ਅਤੇ ਗੈਰ-ਹਕੀਕੀ ਰੁਚੀਆਂ ਨੂੰ ਹਵਾ ਦੇਣੀ
ਸ਼ੁਰੂ ਕਰ ਦਿੱਤੀ। ਉਹਨਾਂ ਨੇ ਸਨਅਤੀ ਤਰੱਕੀ ਬਾਰੇ ਵੀ ਹਵਾਈ ਕਿਲੇ ਉਸਾਰੇ ਤਾਂ ਕਿ ਜਦੋਂ ਸਚਾਈ ਦਾ
ਪਤਾ ਲੱਗੂ ਤਾਂ ਕਮਿਊਨ ਬਦਨਾਮ ਹੋਣਗੇ।
ਪਰ ਉਹ ਇਸ ਕੋਸ਼ਿਸ਼ ’ਚ ਵੀ ਨਾਕਾਮ ਹੀ ਰਹੇ। ਹਿਸਾਬ ਕਿਤਾਬ ਲਾਏ ਤੋਂ ਪਤਾ ਲੱਗਿਆ ਕਿ ਹਰਜਿਆਂ ਦੇ ਮੁਕਾਬਲੇ
ਪ੍ਰਾਪਤੀਆਂ ਕਿਤੇ ਵੱਧ ਸਨ। ਇਤਿਹਾਸ ਵਿੱਚ ਇਹ ਪਹਿਲੀ ਵਾਰ ਵਾਪਰਿਆ ਕਿ ਚੀਨ ਆਪਣੇ ਹੜਾਂ ਨੂੰ ਨੱਥ
ਮਾਰਨ, ਸੇਮ ਦਾ ਪਾਣੀ ਬਾਹਰ ਕੱਢਣ ਅਤੇ ਲੋੜ ਪੈਣ ’ਤੇ ਸਿੰਚਾਈ ਕਰ ਸਕਣ ਦੇ ਸਮਰੱਥ ਹੋ ਗਿਆ ਸੀ। ਹਜ਼ਾਰਾਂ ਮੀਲ ਲੰਮੇ ਡੈਮ ਬਣਾਏ ਗਏ, ਨਹਿਰਾਂ ਪੁੱਟੀਆਂ ਗਈਆਂ ਅਤੇ ਇਹਨਾਂ ਦਾ ਪਸਾਰ ਕੀਤਾ ਗਿਆ। ਛੋਟੀਆਂ ਘਰੇਲੂ ਮਿੱਲਾਂ ਅਤੇ
ਵਰਕਸ਼ਾਪਾਂ ਖੁੰਬਾਂ ਵਾਂਗ ਉੱਗ ਆਈਆਂ। ਵਿਗਿਆਨ ਅਤੇ ਕਲਾ ’ਚ ਨਵੇਂ ਤਰੀਕਿਆਂ
ਅਤੇ ਨਵੇਂ ਵਿਚਾਰਾਂ ਦੀ ਸਜਿੰਦ ਹਲਚਲ ਸੀ। ਚੀਨ ਨੇ ਇੱਕ ਹੋਰ ਸਿਫਤੀ ਛਾਲ ਮਾਰ ਲਈ ਸੀ।
ਦੋ ਮੰਦਰਾਂ ਦੇ
ਕਮਿਊਨ ਦੀ ਛਾਲ ’ਚ ਕੋਈ ਖੋਟ ਨਹੀਂ ਸੀ। ਕਣਕ ਅਤੇ ਤੰਬਾਕੂ ਦੀ ਪੈਦਾਵਾਰ ’ਚ ਕਈ ਗੁਣਾ ਵਾਧਾ ਹੋਇਆ। ਸਾਰੇ ਹੀ ਖੁਸ਼ ਸਨ, ਖਾਸ ਕਰਕੇ ਔਰਤਾਂ।
ਇਹ ਹਰ ਕੰਮ ’ਚ ਹਿੱਸਾ ਲੈਂਦੀਆਂ ਰਹੀਆਂ ਹਨ, ਖੇਤੀਬਾੜੀ, ਉਦਯੋਗ, ਸਕੂਲ ਅਤੇ ਸੁਰੱਖਿਆ
ਦਸਤਿਆਂ ’ਚ। ਲੋਹਾ ਢਾਲਣ ਅਤੇ ਖੇਤੀਬਾੜੀ ਦੇ ਸੰਦ ਬਣਾਉਣ ਵਾਲੇ
ਕਾਰਖਾਨਿਆਂ ’ਚ ਘੱਟੋ-ਘੱਟ ਅੱਧੀਆਂ ਲੜਕੀਆਂ ਸਨ, ਉਹ ਮੈਂ ਅੱਖੀਂ ਦੇਖਿਆ ਹੈ।
ਬਹੁਤੇ ਪਰਿਵਾਰਾਂ
ਨੇ ਆਪਣੀ ਜ਼ਿੰਦਗੀ ’ਚ ਪਹਿਲੀ ਵਾਰ ਲੋੜੀਂਦੀਆਂ ਵਸਤਾਂ ਦੀ ਖਰੀਦੋ-ਫਰੋਖਤ
ਤੋਂ ਪਿੱਛੋਂ ਕੁੱਝ ਵਾਧੂ ਪੈਸੇ ਬਚਾਏ ਸਨ। ਲੋਕ ਬੱਚਤ ਕਰਨਾ ਸ਼ੁਰੂ ਕਰ ਰਹੇ ਸਨ। ਮੈਂ ਇੱਕ ਔਰਤ
ਨੂੰ ਹਾਸੇ ਮਖੌਲ ’ਚ ਕਿਹਾ, ‘‘ਪੰਜ ਸਾਲਾਂ ’ਚ ਤੂੰ ਵਾਹਵਾ ਪੈਸੇ ਜੋੜ ਲਵੇਂਗੀ। ਇਹਨਾਂ ਦਾ ਤੂੰ ਕੀ ਕਰੇਂਗੀ?’’
‘‘ਕਮਿਊਨ ਵਾਸਤੇ ਹੋਰ ਮਸ਼ੀਨਰੀ ਖਰੀਦਾਂਗੇ।’’
ਤੂੰ ਆਪਣੇ ਲਈ ਕੀ
ਕੁੱਝ ਬਣਾਉਣਾ ਚਾਹੁੰਦੀ ਹੈਂ?
ਉਹ ਝਿਜਕੀ ਤੇ ਕਿਹਾ,‘‘ਹੋ ਸਕਦਾ ਹੈ ਮੈਂ ਕਾਰ ਖਰੀਦ ਲਵਾਂ। ਖੇਤਾਂ ਵਿੱਚ ਆਉਣ ਜਾਣ ’ਤੇ ਕਿੰਨਾ ਸਮਾਂ ਬਰਬਾਦ ਹੋ ਜਾਂਦਾ ਹੈ।’’
‘‘ਮੈਂ ਆ ਕੇ ਤੈਨੂੰ ਮਿਲੂੰ ਤੇ ਕਾਰ ’ਤੇ ਝੂਟਾ ਲਊਂ।’’
ਉਹ ਹੱਸੀ,‘‘ਫਿਕਰ ਨਾ ਕਰ, ਮੈਂ ਹੀ ਕਾਰ ’ਤੇ ਪੀਕਿੰਗ ਆਉੂਂ
ਤੇ ਠੂਣਾ ਦਿਊਂ।’’
ਨਵੇਂ ਦਿਸਹੱਦਿਆਂ
ਨੇ ਨਵੇਂ ਦਿ੍ਰਸ਼ਟੀਕੋਣਾਂ ਨੂੰ ਜਨਮ ਦਿੱਤਾ। ਪੁਰਾਣੇ ਸਮਾਜ ’ਚ ਲਤਾੜਿਆਂ ’ਚੋਂ ਲਤਾੜੀਆਂ ਔਰਤਾਂ ਟਹਿਕਣ ਲੱਗੀਆਂ ਸਨ। ਆਪਣੀ ਸ਼ਕਲ ਸੂਰਤ ਸੰਵਾਰਨ ਲਈ ਵੀ ਸਮਾਂ ਲਾਉਣ ਲੱਗ
ਪਈਆਂ ਸਨ। ਇੱਕ ਔਰਤ ਨੇ ਖੁਦ ਜੋੜੀ ਕਵਿਤਾ ਵੀ ਸੁਣਾਈ ਜਿਸ ਨੂੰ ਮੈਂ ਲਿਖ ਲਿਆ।
ਅੱਗੇ ਵਧੋ ਸਾਥਣੋਂ, ਅੱਗੇ ਵਧੋ ਸਾਥਣੋਂ
ਮੁੱਕ ਗਏ ਘਰਾਂ ਦੇ ਜੰਜਾਲ
ਥਾਂ ਥਾਂ ਖੁੱਲ ਗਏ ਕੇਂਦਰ ਸਿਲਾਈ ਦੇ
ਮੁੱਕਿਆ ਸਿਉਣ ਤੇ ਪਰੋਣ
ਨਿੱਕਾ ਨਿੱਕਾ ਆਟਾ ਪਿਸਦਾ ਮਸ਼ੀਨਾਂ ’ਤੇ
ਕਾਹਦੇ ਲਈ ਚੱਕੀਆਂ ਦਾ ਝੋਣ
ਨੰਨਿਆਂ ਦੇ ਫਿਕਰਾਂ ਦੀ ਲੋੜ ਕੋਈ ਨਾ
ਮੁੱਕ ਗਏ ਘਰਾਂ ਦੇ ਜੰਜਾਲ
ਹੁਣ ਨਹੀਂ ਗੁੱਲ ਹੁੰਦੀਆਂ ਦਿਹਾੜੀਆਂ
ਕਰਦਿਆਂ ਸੂਰਾਂ ਦੀ ਸੰਭਾਲ
ਹੁਣ ਸਾਰਾ ਦਿਨ ਸੱਤਿਆ ਨੀ ਚੂਸਦਾ
ਚੰਦਰਾ ਰਸੋਈ ਦਾ ਜੰਜਾਲ
ਹੁਣ ਨਾ ਜਣੇਪਿਆਂ ਤੋਂ ਦਿਲ ਹੌਲਦੇ
ਪਲ ਪਲ ਹੁੰਦੀ ਹੈ ਸੰਭਾਲ
ਮੁੱਕ ਗਏ ਘਰਾਂ ਦੇ ਜੰਜਾਲ
ਘਰਾਂ ’ਚ ਮੁਸ਼ੱਕਤਾਂ ਦੀ
ਕੈਦ ਮੁੱਕਗੀ
ਮੁਕਤੀ ਦੇ ਖੁੱਲਗੇ ਦੁਆਰ
ਆਓ ਸਾਰੇ, ਮਿਲ ਕੇ ਜੁਟਾਈਏ
ਹੰਭਲੇ
ਲਾਈਏ ਪੈਦਾਵਾਰ ਦੇ ਅੰਬਾਰ
ਕਮਿਊਨਿਜ਼ਮ, ਹੁਣ ਬਹੁਤੀ ਦੂਰ ਨਾ
ਕੂਚ ਲਈ ਰਿਹਾ ਹੈ ਪੁਕਾਰ
ਅੱਗੇ ਵਧੋ ਸਾਥਣੋਂ, ਅੱਗੇ ਵਧੋ ਸਾਥਣੋਂ
ਮੁੱਕ ਗਏ ਘਰਾਂ ਦੇ ਜੰਜਾਲ ।
ਅਸੀਂ ਆਪਣੀ ਜੀਪ ’ਚ ਮੁੜ ਬੈਠੇ ਅਤੇ ਯੂਸ਼ੀਆਂ ਬਲਾਕ ਦੇ ਰਾਹ ਪੈ ਗਏ ਜਿੱਥੇ ਨੱਬੇ ਹਜ਼ਾਰ ਘਰ ਦੀਆਂ ਬਣੀਆਂ
ਭੱਠੀਆਂ ਪੂਰੀ ਤਰਾਂ ਬਲ ਰਹੀਆਂ ਸਨ ਜੋ ਹਰ ਰੋਜ਼ ਹਜ਼ਾਰਾਂ ਟਨ ਲੋਹਾ ਤਿਆਰ ਕਰਦੀਆਂ ਸਨ। ਲੋਕਾਂ ਨੂੰ
ਬਹੁਤ ਚਿਰ ਤੋਂ ਪਤਾ ਸੀ ਕਿ ਯੂਸ਼ੀਆਂ ਦੀਆਂ ਪਹਾੜੀਆਂ ’ਚ ਕੋਲਾ ਅਤੇ ਲੋਹਾ
ਹੈ ਪਰ ਉਹਨਾਂ ਕੋਲ ਹੁਨਰਮੰਦ ਕਾਮੇ, ਚੰਗੀਆਂ ਸੜਕਾਂ ਅਤੇ ਨਾ ਹੀ ਨਿਵੇਸ਼ ਪੂੰਜੀ ਸੀ।
ਕਮਿਊਨਾਂ ਨੇ ਵਿਲੱਖਣ ਤਾਕਤ ਦੀ ਸਿਰਜਣਾ ਕੀਤੀ-ਚੰਗੀ ਤਰਾਂ ਜਥੇਬੰਦ ਮਨੁੱਖਾ-ਸ਼ਕਤੀ ਦੇ ਵੱਡੇ
ਅੰਬਾਰ, ਜਿਹੜੇ ਵੱਡੀਆਂ ਗੱਲਾਂ ਦਲੇਰੀ ਨਾਲ ਸੋਚਣਾ ਸਿੱਖ ਗਏ
ਸਨ। ਸਤੰਬਰ ’ਚ ਜਦੋਂ ਫਸਲ ਘਰ ਲਿਆਂਦੀ ਗਈ ਤਾਂ ਬਲਾਕ ਦੀ ਕਾਮਾ ਵਸੋਂ
ਦੇ ਅੱਧੇ ਮੈਂਬਰ ਇੱਕ ਲੱਖ ਪੰਜਾਹ ਹਜ਼ਾਰ ਲੋਕ, ਪਹਾੜੀਆਂ ’ਤੇ ਜਾ ਚੜੇ। ਪਹਿਲਾਂ ਉਹਨਾਂ ਨੇ ਅੱਠ ਦਿਨਾਂ ’ਚ 250 ਮੀਲ ਲੰਬੀ
ਜਰਨੈਲੀ ਸੜਕ ਬਣਾਈ। ਫੇਰ ਉਹਨਾਂ ਨੇ ਗੰਧਾਲਿਆਂ ਅਤੇ ਕਹੀਆਂ ਨਾਲ ਕੋਲਾ ਅਤੇ ਕੱਚਾ ਲੋਹਾ ਕੱਢਣਾ
ਸ਼ੁਰੂ ਕੀਤਾ। ਜੋ ਵੀ ਇਹਨਾਂ ਨੂੰ ਚੁੱਕ ਕੇ ਲਿਜਾ ਸਕਦਾ ਸੀ ਉਹ ਢੋਆ-ਢੁਆਈ ਦਾ ਸਾਧਨ ਸੀ। ਟਰੱਕ, ਖੱਚਰ ਰੇਹੜੇ, ਬੈਲ-ਗੱਡੇ, ਹੱਥਾਂ ਨਾਲ ਖਿੱਚਣ
ਵਾਲੇ ਗੱਡੀਰੇ, ਵਹਿੰਗੀਆਂ ਅਤੇ ਟੋਕਰੇ ਆਦਿ ਰਾਹੀਂ ਲੋਕਾਂ ਦੀਆਂ ਅਨੰਤ
ਵਹੀਰਾਂ ਢਲਾਣਾਂ ’ਤੇ ੳੱੁਤਰ, ਚੜ ਰਹੀਆਂ ਸਨ, ਕੱਚੇ ਲੋਹੇ ਅਤੇ ਕੋਲੇ ਨੂੰ ਬਲਦੀਆਂ ਭੱਠੀਆਂ ਕੋਲ ਪੁਚਾ ਰਹੀਆਂ ਸਨ ਅਤੇ ਕੰਮ ’ਚ ਰੁੱਝੇ ਲੋਕਾਂ ਲਈ ਖਾਧ ਖੁਰਾਕ ਦੀ ਸਪਲਾਈ ਵੀ ਕਰ ਰਹੀਆਂ ਸਨ।
ਭੱਠੀਆਂ ਲੋਕ-ਜੁਗਤ ਦਾ ਿਸ਼ਮਾ ਸਨ। ਥੋੜੀ ਬਹੁਤ
ਤਕਨੀਕੀ ਸਿੱਖਿਆ ਵਾਲੇ ਕੁੱਝ ਕੁ ਦਰਜ਼ਨਾਂ ਲੋਕਾਂ ਵੱਲੋਂ ਦੱਸੇ ਜਾਣ ਨਾਲ, ਪੇਂਡੂ ਲੋਕ ਦੋ-ਤਿੰਨ ਹਫਤਿਆਂ ’ਚ ਹੀ ਭੱਠੀਆਂ ਨੂੰ ਛੇਤੀ ਅਤੇ ਸਸਤੀਆਂ ਬਨਾਉਣ ਲੱਗ ਪਏ। ਇਹ ਭੱਠੀਆਂ ਲੋਹਾ
ਬਣਾਉਦੀਆਂ ਸਨ। ਸਾਡੇ ਪਹੁੰਚਣ ਵੇਲੇ ਤੱਕ,
ਵੰਨ-ਸੁਵੰਨੀ ਕਿਸਮ ਦੀਆਂ
ਭੱਠੀਆਂ ਚੱਲ ਰਹੀਆਂ ਸਨ ਅਤੇ ਹਰੇਕ ਭੱਠੀ ਅੱਧੇ ਟਨ ਤੋਂ ਲੈ ਕੇ ਚਾਰ ਟਨ ਤੱਕ ਹਰ ਰੋਜ਼ ਲੋਹਾ ਤਿਆਰ
ਕਰ ਰਹੀ ਸੀ। ਬਹੁਤੀਆਂ ਦੇ ਮੋਟੀਆਂ ਮਿੱਟੀ ਦੀਆਂ ਕੰਧਾਂ ਸਨ। ਅਤੇ ਬਹੁਤ ਘੱਟ ਪਾਥੀਆਂ ਦੀ ਵਰਤੋਂ
ਹੁੰਦੀ ਸੀ। ਕੁੱਝ ’ਤੇ ਤਾਂ 20 ਯੂਆਨ ਤੋਂ ਘੱਟ ਪੈਸਿਆਂ ਦੀ ਲਾਗਤ ਆਈ ਸੀ।
ਬਹਤੀਆਂ ਧੌਂਕਣੀਆਂ ਹੱਥ ਨਾਲ ਚਲਦੀਆਂ ਸਨ। ਚਮੜੇ ਦੇ ਪਟਿਆਂ ਨਾਲ ਧੌਂਕਣੀਆਂ ਦੀ ਮੋਟਰ ਨੂੰ ਜੁੜੇ
ਪਹੀਏ ਨੂੰ ਵਾਰੀ ਵਾਰੀ ਦੋ ਦੋ ਦੀਆਂ ਟੀਮਾਂ ਚਲਾਉਦੀਆਂ ਸਨ। ਇਹਨਾਂ ਚਮੜੇ ਦੇ ਪਟਿਆਂ ’ਤੇ ਗਾਂ ਦੇ ਵਾਲ ਅਜੇ ਵੀ ਦੇਖੇ ਜਾ ਸਕਦੇ ਸਨ।
ਇਸ ਸਾਰੇ ਕੰਮ ਕਾਰ ’ਚ ਔਰਤਾਂ ਵੀ ਗਿਣਨਯੋਗ ਹਿੱਸਾ ਪਾ ਰਹੀਆਂ ਸਨ। ਮੈਂ ਉਹਨਾਂ ਨੂੰ ਕੱਚੀ ਧਾਤ ਪੱੁਟਦਿਆਂ ਅਤੇ
ਵਹਿੰਗੀ ਦੇ ਟੋਕਰਿਆਂ ’ਚ ਪਾਉਦਿਆਂ ਦੇਖਿਆ ਹੈ। ਇੱਕ ਵਹਿੰਗੀ ਦੇ ਮੂਹਰਲੇ ਅਤੇ
ਦੂਸਰੀ ਪਿਛਲੇ ਟੋਕਰੇ ’ਚ ਕੱਚੀ ਧਾਤ ਪਾ ਰਹੀ ਸੀ, ਦੂਜੀਆਂ ਹਥੌੜੀਆਂ ਨਾਲ ਕੱਚੀ ਧਾਤ ਦੇ ਡਲਿਆਂ ਦਾ ਚੂਰਾ ਬਣਾ ਰਹੀਆਂ ਸਨ। ਬਹੁਤ ਸਾਰੀਆਂ ਭੱਠੀ
ਸੰਭਾਲ ਰਹੀਆਂ ਸਨ, ਕੱਚੀ ਧਾਤ ਭੱਠੀ ’ਚ ਪਾਉਣ, ਕੱਢਣ ਅਤੇ ਸਾਂਚਿਆਂ ’ਚ ਪਾਉਣ ਦਾ ਕੰਮ ਕਰ ਰਹੀਆਂ ਸਨ।
ਮਰਦਾਂ ਨੂੰ ਭਾਰੀ ਅਤੇ ਔਰਤਾਂ ਨੂੰ ਹਲਕਾ ਕੰਮ
ਦੇਣ ਦੀ ਨੀਤੀ ਸੀ। ਪਰ ਇੱਕ ਪੰਜ ਸੌ ਲੋਕਾਂ ਦੀ ‘‘ਮਿੱਲ’’ ਅੰਦਰ ਔਰਤਾਂ ਤਿੰਨ ਹਿੱਸੇ ਅਤੇ ਮਰਦ ਦੋ ਹਿੱਸੇ ਹੀ ਸਨ। ਉਹ ਸਾਰਾ ਕੰਮ ਹੀ ਆਪ ਕਰਨ ’ਤੇ ਜ਼ੋਰ ਪਾ ਰਹੀਆਂ ਸਨ। ਤੇਰਾਂ ਤੋਂ ਪੈਂਤੀ ਸਾਲ ਦੀ ਉਮਰ ਵਿਚਲੀਆਂ ਇਹ ਨਰੋਈਆਂ, ਸਿਹਤਮੰਦ ਅਤੇ ਬਹੁਤੀਆਂ ਅਣ-ਵਿਆਹੀਆਂ ਸਨ। ਇੱਕ ਸੱਠ ਸਾਲ ਦੀ ਔਰਤ ਨੇ ਮੰਗ ਕੀਤੀ ਕਿ ਉਸ ਨੂੰ
ਲੋਹਾ ਬਣਾਉਣਾ ਸਿਖਾਇਆ ਜਾਵੇ। ਉਸ ਨੇ ਕਿਹਾ ਕਿ ਖੇਤੀ ਫਾਰਮ ’ਤੇ ਉਹ ਸਾਰੇ ਕੰਮ
ਕਰਨਾ ਸਿੱਖ ਗਈ ਹੈ ਤਾਂ ਫਿਰ ਉਹ ਭੱਠੀ ਚਲਾਉਣੀ ਕਿਉ ਨਹੀਂ ਸਿੱਖ ਸਕਦੀ। ਬਹੁਤ ਚਿਰ ਸਮਝਾਉਣ
ਪਿੱਛੋਂ, ਉਸ ਨੂੰ ਘਰ ਵਾਪਸ ਭੇਜਿਆ ਗਿਆ। ਇੱਕ ਹੋਰ ਅਠਤਾਲੀ ਸਾਲ
ਦੀ ਔਰਤ ਤਾਂ ਅੜ ਕੇ ਬੈਠ ਗਈ। ਉਸ ਨੇ ਕਿਸੇ ਦੀ ਵੀ ਨਹੀਂ ਸੁਣੀ। ਉਸ ਨੂੰ ਰਸੋਈਏ ਵਜੋਂ ਰੱਖਣਾ
ਪਿਆ।
ਮੈਂ ‘‘ਮਿੱਲ’’ ਆਗੂ, ਜੋ ਇੱਕੀ ਸਾਲਾ
ਅਣਵਿਆਹੀ ਸੀ, ਨੂੰ ਪੁੱਛਿਆ ਕਿ ਤੈਨੂੰ ਇਹਨਾਂ ਉੱਭੜ ਖੋਬੜ ਪਹਾੜੀਆਂ
ਵਿੱਚ ਕਿਹੜੀ ਚੀਜ਼ ਖਿੱਚ ਲਿਆਈ ਹੈ? ਉਸ ਨੇ ਜਵਾਬ ਦਿੱਤਾ ਕਿ ਉਹ ਪੜਨਾ-ਲਿਖਣਾ ਸਿੱਖ ਗਈ ਸੀ।
ਜਦੋਂ ਸਹਿਕਾਰੀ ਸਭਾਵਾਂ ਤੋਂ ਮਿਲ ਕੇ ਕਮਿਊਨ ਬਣੇ ਅਤੇ ਸਨਅਤ ਦਾ ਵਿਸਥਾਰ ਕਰਨ ਦੀ ਧੁੱਸ ਸ਼ੁਰੂ
ਹੋਈ ਤਾਂ ਉਹ ਪਹਿਲਿਆਂ ’ਚੋਂ ਸੀ ਜੋ ਲੋਹਾ ਅਤੇ ਸਟੀਲ ਬਣਾਉਣਾ ਸਿੱਖਣਾ ਚਾਹੁੰਦੇ
ਸਨ। ਕਮਿਊਨਿਸਟ ਵਜੋਂ ਉਸ ਨੇ ਮਹਿਸੂਸ ਕੀਤਾ ਕਿ ਉਸ ਨੂੰ ਮਿਸਾਲ ਕਾਇਮ ਕਰਨੀ ਚੀਹੀਦੀ ਹੈ। ਛੇਤੀ
ਹੀ, ਉਹ ਸਾਰੇ ਕੰਮ ਸਿੱਖ ਗਈ। ਹੁਣੇ ਹੁਣੇ ਔਰਤਾਂ ਨੇ ਉਸ
ਨੂੰ ਆਪਣਾ ਆਗੂ ਚੁਣਿਆ ਹੈ। ਉਸ ਨੂੰ ਆਪਣੇ ਕੰਮ
ਨਾਲ ਪਿਆਰ ਹੈ ਅਤੇ ਪੱਕੇ ਤੌਰ ’ਤੇ ਹੀ ਇੱਥੇ ਠਹਿਰਨਾ ਚਾਹੇਗੀ।
ਚੀਨ ਦਾ ਅੱਧਾ ਲੋਹਾ ਅਤੇ ਸਟੀਲ ਇਹਨਾਂ ਕੱਢਵੀਆਂ ਪੇਂਡੂ ਭੱਠੀਆਂ ਤੋਂ
ਤਿਆਰ ਹੁੰਦਾ ਸੀ ਜੋ ਕੋਲੇ ਅਤੇ ਲੋਹੇ ਦੇ ਸੋਮਿਆਂ ਦੇ ਨਜ਼ਦੀਕ ਹੀ ਲੱਗੀਆਂ ਹੋਈਆਂ ਸਨ ਅਤੇ ਜਿਹਨਾਂ
ਨੂੰ ਤਜਰਬਾ ਰਹਿਤ, ਫਾਰਮਾਂ ਦੇ ਕਿਸਾਨ ਚਲਾਉਦੇ ਸਨ। ਪਿੱਛੋਂ ਇਹ ਪਤਾ
ਲੱਗਿਆ ਕਿ ਬਹੁਤੇ ਕਿਸਾਨ ਖੇਤੀ ਛੱਡ ਕੇ ਇਸ ਕੰਮ ’ਚ ਲੱਗ ਗਏ ਹਨ ਅਤੇ
ਕਮਿਊਨਾਂ ਨੂੰ ਮਜ਼ਦੂਰਾਂ ਦੀ ਥੁੜ ਪੈਦਾ ਹੋ ਗਈ ਹੈ। ਇਸ ਪਿੱਛੋਂ ਕਾਫੀ ਲੋਕ ਇਹ ਕੰਮ ਛੱਡ ਕੇ
ਫਾਰਮਾਂ ’ਤੇ ਮੁੜ ਗਏ।
ਇਹਨਾਂ ਭੱਠੀਆਂ ਤੋਂ ਤਿਆਰ ਹੁੰਦੇ ਲੋਹੇ ਦੀ
ਕੁੱਝ ਮਾਤਰਾ ਗੁਣ ਪੱਖੋਂ ਬਹੁਤੀ ਕੰਮ ਦੀ ਨਹੀਂ ਸੀ ਪਰ ਬਹੁਤਾ ਕਰਕੇ ਇਹ ਲੋਹਾ ਚੰਗਾ ਹੀ ਸੀ ਤੇ
ਇਸ ਤੋਂ ਬਹੁਤ ਲੋੜੀਂਦੇ ਖੇਤੀ ਸੰਦ ਤਿਆਰ ਕੀਤੇ ਜਾਂਦੇ ਸਨ। ਲੋਕਾਂ ਦੀ ਸੂਹ ਨੇ ਪਹਿਲਾਂ
ਅਣਲੱਭੀਆਂ ਕਿੰਨੀਆਂ ਹੀ ਹੋਰ ਥਾਵਾਂ ਲੱਭ ਲਈਆਂ। ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਘਰੇ ਬਣਾਏ
ਲੋਹੇ ਅਤੇ ਸਟੀਲ ਨੇ ਲੱਖਾਂ ਕਰੋੜਾਂ ਲੋਕਾਂ -- ਸੰਦਾਂ ਮਸ਼ੀਨਰੀ ਬਾਰੇ ਬੁਨਿਆਦੀ ਜਾਣਕਾਰੀ ਦਿੱਤੀ ਜੋ ਸਦੀਆਂ ਦੇ ਜਗੀਰੂ ਪਛੜੇਵੇਂ ’ਚੋਂ ਹੁਣੇ ਹੁਣੇ ਨਿੱਕਲ ਕੇ ਆਏ ਕਿਸਾਨਾਂ ਲਈ ਬੁਰੀ ਤਰਾਂ ਲੋੜੀਂਦੀ ਸੀ। ਜਦੋਂ ਸਾਰੇ ਚੀਨ
ਵਿੱਚ ਲੋਹੇ ਅਤੇ ਸਟੀਲ ਦੇ ਛੋਟੇ ਅਤੇ ਦਰਮਿਆਨੇ ਕਾਰਖਾਨੇ ਲਾਏ ਗਏ ਤਾਂ ਇਹ ਲੋਕ ਤਕਨੀਕੀ ਕਾਮਿਆਂ
ਦਾ ਸੋਮਾ ਬਣੇ। ਦੂਸਰੇ ਕਮਿਊਨਾਂ ਵਿੱਚ ਕੰਮ ਕਰਦੇ ਮਸ਼ੀਨਰੀ ਦੀ ਮੁਰੰਮਤ ਕਰਨ ਵਾਲੇ ਅਣਸਰਦੇ ‘‘ਮਾਹਰ’’ ਬਣ ਗਏ।
ਜਦੋਂ ਅਸੀਂ ਪੀਕਿੰਗ ਨੂੰ ਵਾਪਸੀ ਸਫ਼ਰ ਸ਼ੁਰੂ
ਕੀਤਾ ਤਾਂ ਅਸੀਂ ਰੇਲ ਪਟੜੀ ਦੇ ਦੋਵੇਂ ਪਾਸੀਂ ਮੀਲੋ-ਮੀਲ ਛੋਟੀਆਂ ਛੋਟੀਆਂ ਭੱਠੀਆਂ ’ਚੋਂ ਨਿੱਕਲਦੀਆਂ ਲਾਟਾਂ ਨੂੰ ਹੈਰਾਨੀ ਨਾਲ ਤੱਕਿਆ। ਸਾਰਾ ਚੀਨ ਹੀ ਲੋਹਾ ਅਤੇ ਸਟੀਲ ਬਣਾ
ਰਿਹਾ ਸੀ। ਸ਼ਹਿਰ ’ਚ ਸਾਡੀ ਟੈਕਸੀ ਹੌਲੀ ਹੌਲੀ ਚੱਲ ਰਹੀ ਸੀ ਕਿਉਕਿ ਗਲੀਆਂ
’ਚ ਧੂੰਆਂ ਐਨਾ ਗਾੜਾ ਸੀ ਕਿ ਅੱਗੇ ਦੇਖਣਾ ਮੁਸ਼ਕਲ ਸੀ।
ਹਰ ਸਕੂਲ ਅਤੇ ਹਰ ਸਰਕਾਰੀ ਦਫ਼ਤਰ ਦੇ ਪਿਛਲੇ ਵਿਹੜੇ ’ਚ ਭੱਠੀਆਂ ਸਨ।
ਅਧਿਆਪਕ, ਵਿਦਿਆਰਥੀ ਅਤੇ ਮੁਲਾਜ਼ਮ ਵਾਰੀ ਵਾਰੀ ਇਹਨਾਂ ਭੱਠੀਆਂ ’ਤੇ ਕੰਮ ਕਰਦੇ ਸਨ।
ਭਾਵੇਂ ਕਿ ਇਹਨਾਂ ਭੱਠੀਆਂ ’ਚ ਤਿਆਰ ਕੀਤਾ ਜਾਂਦਾ ਲੋਹਾ ਅਤੇ ਸਟੀਲ ਸਾਰੇ ਦਾ ਸਾਰਾ ਪੂਰਾ ਮਿਆਰੀ ਨਹੀਂ ਸੀ ਪਰ
ਘੁੁੰਮਣਹਾਰ ਕੁਰਸੀਆਂ ’ਚੋਂ ੳੱੁਠ ਕੇ ਆਏ ਅਤੇ ਚਲਦੀਆਂ ਭੱਠੀਆਂ ’ਤੇ ਕੰਮ ਕਰਕੇ ਮੁੜਕਾ ਵਗਾ ਰਹੇ, ਨੱਕਾਂ ’ਤੇ ਲੱਗੇ ਕਾਰਬਨ ਦੇ ਕਾਲੇ ਧੱਬਿਆਂ ਵਾਲੇ ਬੁੱਧੀਜੀਵੀਆਂ ਲਈ ਇਸ
ਦੀ ਕੀਮਤ ਅਥਾਹ ਸੀ। ਉਹ ਪਹਿਲੀ ਵਾਰ ਸਨਅਤੀ ਪੈਦਾਵਾਰ ਨਾਲ ਸਿੱਧੇ ਅਤੇ ਜਿਸਮਾਨੀ ਤੌਰ ’ਤੇ ਜੁੜ ਰਹੇ ਸਨ। ਉਹ ਹੁਣ ਵਸਤਾਂ ਬਾਰੇ ਸਿਰਫ ਗੱਲਾਂ ਜਾਂ ਲਿਖ ਨਹੀਂ ਰਹੇ ਸਨ, ਉਹ ਇਹਨਾਂ ਨੂੰ ਖੁਦ ਆਪਣੇ ਹੱਥੀਂ ਕਰ ਰਹੇ ਸਨ। ਇਹ ਬਹੁਤ ਹੀ ਤਸੱਲੀ ਵਾਲੀ ਗੱਲ ਸੀ।
ਤਿਉਹਾਰ ਵਰਗਾ ਮਹੌਲ ਸੀ। ਸਾਂਝ ਦੀ ਭਾਵਨਾ ਦੇ
ਅਹਿਸਾਸ ਸਨ। ‘‘ਮੇਰਾ’’ ਅਤੇ ‘‘ਮੈਨੂੰ’’ ਦੀ ਥਾਂ ‘‘ਅਸੀਂ’’ ਅਤੇ ‘‘ਸਾਡਾ’’ ਸ਼ਬਦ ਵਰਤੇ ਜਾ ਰਹੇ
ਸਨ। ਰਵਾਇਤੀ ਦਵਾ-ਦਾਰੂ ਦੇ ਡਾਕਟਰ ਆਪਣੇ ਨੁਸਖਿਆਂ ਨੂੰ ਜਨਤਾ ਸਾਹਮਣੇ ਰੱਖ ਰਹੇ ਸਨ ਜਿਹਨਾਂ ਨੂੰ
ਪਹਿਲਾਂ ਸਦੀਆਂ ਤੱਕ ਆਪਣੇ ਪਰਿਵਾਰ ਤੱਕ ਸੀਮਤ ਰੱਖਿਆ ਜਾਂਦਾ ਸੀ। ਸ਼ਹਿਰੀ ਲੋਕਾਂ ਨੇ ਵੀ ਕਮਿਊਨਾਂ
ਬਨਾਉਣ ਦੀ ਕੋਸ਼ਿਸ਼ ਕੀਤੀ ਪਰ ਆਰਥਕ ਢਾਂਚੇ ਪੱਖੋਂ ਅਜੇ ਇਹ ਸ਼ਹਿਰਾਂ ’ਚ ਸੰਭਵ ਨਹੀਂ ਸਨ। ਪਰ ਇਹਨਾਂ ਨੇ ਜੋ ਸੁੱਖ ਸਹੂਲਤਾਂ ਤਿਆਰ ਕੀਤੀਆਂ, ਉਹ ਫਾਇਦੇਮੰਦ ਅਤੇ ਅਮਲਯੋਗ ਸਨ। ਜਿਹਨਾਂ ਵਡੇਰੀਆਂ ਔਰਤਾਂ ਦੇ ਬੱਚੇ ਵੱਡੇ ਹੋ ਗਏ ਸਨ, ਉਹ ਮੁਟਿਆਰ ਮਾਵਾਂ ਦੇ ਘਰਾਂ ’ਚ ਪੀਣ ਵਾਲੇ ਗਰਮ ਪਾਣੀ ਦੀਆਂ ਥਰਮੋਸਾਂ ਦੀਆਂ ਬੋਤਲਾਂ
ਲੈ ਕੇ ਜਾਂਦੀਆਂ, ਉਹਨਾਂ ਦੇ ਬੱਚਿਆਂ ਦੇ ਵਰਦੀ ਪਾਉਣ, ਨਾਸ਼ਤਾ ਕਰਵਾਉਣ ਅਤੇ ਸਕੂਲ ਛੱਡ ਕੇ ਆਉਣ ਦੇ ਕੰਮ ਕਰਦੀਆਂ ਤਾਂ ਕਿ ਇਹਨਾਂ ਬੱਚਿਆਂ ਦੀ ਮਾਂ
ਬਿਨਾਂ ਫਿਕਰ-ਝੋਰੇ ਦੇ ਆਪਣੇ ਕੰਮ ’ਤੇ ਜਾ ਸਕੇ। ਉਹ ਘਰ ਦਾ ਹੋਰ ਕੰਮ ਵੀ ਕਰਦੀਆਂ, ਮੈਲੇ ਹੋਏ ਕੱਪੜਿਆਂ ਨੂੰ ਵਿਸ਼ੇਸ਼ ਤੌਰ ’ਤੇ ਜਥੇਬੰਦ ਕੀਤੇ
ਧੋਬੀਖਾਨਿਆਂ ’ਚ ਦਿੰਦੀਆਂ, ਦੁਪਹਿਰ ਢਲਣ
ਪਿੱਛੋਂ ਇਹ ਸਕੂਲੋਂ ਮੁੜੇ ਬੱਚਿਆਂ ਨੂੰ ਰੋਟੀ ਖਵਾਉਦੀਆਂ ਤੇ ਉਹਨਾਂ ਦੇ ਹੱਥ-ਮੂੰਹ ਧੋਂਦੀਆਂ।
ਦਾਲ ਸਬਜ਼ੀ ਵਗੈਰਾ ਬਣਾਉਦੀਆਂ ਅਤੇ ਆਟਾ ਗੁੰਨ ਦਿੰਦੀਆਂ ਤਾਂ ਜੋ ਜਦੋਂ ਸਾਰੀਆਂ ਸੁਆਣੀਆਂ ਕੰਮ ਤੋਂ
ਵਾਪਸ ਮੁੜਨ ਤਾਂ ਉਹਨਾਂ ਨੂੰ ਸਿਰਫ ਰੋਟੀ ਪਕਾਉਣ ਦਾ ਕੰਮ ਹੀ ਕਰਨਾ ਪਵੇ। ਕੱਪੜੇ ਸਿਉਣ ਅਤੇ
ਗੰਢ-ਤੁੱਪ ਕਰਨ ਦੀਆਂ ਸੇਵਾਵਾਂ ਵੀ ਸਨ। ਕਰਿਆਨੇ ਅਤੇ ਮੀਟ ਦੀਆਂ ਦੁਕਾਨਾਂ ਵਾਲੇ ਘਰ ਘਰ ਮਾਲ
ਪੁਚਾਉਦੇ ਸਨ।
ਹਮੇਸ਼ਾ ਵਾਂਗ ਇਹ ਚੇਅਰਮੈਨ ਮਾਓ ਅਤੇ ਕਮਿਊਨਿਸਟ
ਪਾਰਟੀ ਸੀ ਜੋ ਇਸ ਵਿਸ਼ਾਲ ਅੱਗੇ ਵਧਣ ਵਾਲੀ ਧੁੱਸ ਦੀਆਂ ਛੋਟੀਆਂ ਗਲਤੀਆਂ ਅਤੇ ਹਰਜਿਆਂ ਤੋਂ ਅੱਗੇ
ਤੱਤ ਰੂਪੀ ਗੁਣ ਅਤੇ ਸ਼ਕਤੀ ਨੂੰ ਦੇਖ ਲੈਂਦੇ ਸਨ। ਇਹਨਾਂ ਨੇ ਇਸ ਦੀਆਂ ਖੁੰਘੀਆਂ ਛਾਂਗ ਕੇ ਅਤੇ
ਇਸਦੇ ਵਿੰਗ-ਵਲ ਕੱਢ ਕੇ, ਇਸ ਨੂੰ ਆਮ ਲੀਹ ’ਚ ਢਾਲ ਦਿੱਤਾ ਅਤੇ
ਚੀਨ ਦੇ ਅਗਲੇ ਪੜਾਅ ਲਈ ਸਿਆਸੀ ਅਤੇ ਆਰਥਕ ਯੋਜਨਾ ਦਾ ਖਾਕਾ ਤਿਆਰ ਕਰ ਦਿੱਤਾ। ਆਮ ਲੀਹ ਨੇ ਇਸ
ਗੱਲ ਨੂੰ ਮੁੜ ਪੱਕਿਆਂ ਕੀਤਾ ਕਿ ਚੀਨ,
ਕਮਿਊਨਿਸਟ ਪਾਰਟੀ ਦੀ ਅਗਵਾਈ
ਅਧੀਨ ਪ੍ਰੋਲੇਤਾਰੀ ਰਾਜ ਵਾਲਾ ਮੁਲਕ ਹੈ। ਇਸ ਨੇ ਕਿਹਾ ਕਿ ਜਨਤਾ ਅਤੇ ਪਾਰਟੀ ਵਿਚਕਾਰ ਏਕਤਾ
ਜ਼ਰੂਰੀ ਹੈ। ਇਸ ਨੇ ਬਿਨਾਂ ਨਾਂਅ ਲਏ ਤੋਂ ਪੂੰਜੀਵਾਦ ਨੂੰ ਮੁੜ ਬਹਾਲ ਕਰਨਾ ਚਾਹ ਰਹੇ ਲੋਕਾਂ ਦੀ
ਨੁਕਤਾਚੀਨੀ ਕੀਤੀ। ਅਸੀਂ ਜਾਣਦੇ ਸੀ ਕਿ ਇਹ ਇਸ਼ਾਰਾ ਰੂਸ ਦੇ ਸੋਧਵਾਦੀਆਂ ਵੱਲ ਸੀ ਪਰ ਪਾਰਟੀ ਵਿੱਚ
ਉੱਪਰਲੇ ਆਗੂ ਸਮਝਦੇ ਸਨ ਕਿ ਇਹ ਚੀਨੀ ਕਮਿਊਨਿਸਟ ਪਾਰਟੀ ਵਿੱਚ ਆਗੂ ਪੁਜ਼ੀਸ਼ਨਾਂ ’ਤੇ ਬਿਰਾਜਮਾਨ ਮੁੱਠੀ ਭਰ ਆਗੂਆਂ ਵੱਲ ਵੀ ਸੇਧਤ ਹੈ।
ਆਮ ਲੀਹ ਨੇ ਚੀਨ ਦੇ ਅਰਥਚਾਰੇ ’ਚ ਤਰਜੀਹਾਂ ਮਿੱਥਣ ਦੇ ਸਵਾਲ ਨੂੰ ਵੀ ਅੰਤਮ ਤੌਰ ’ਤੇ ਹੱਲ ਕਰ ਦਿੱਤਾ।
ਹੱਥੋਂ ਖਾਲੀ ਪਛੜੇ ਮੁਲਕ ਦੀ ਉਸਾਰੀ ਕਿਵੇਂ ਕੀਤੀ ਜਾਵੇ। ਕੁੱਝ ਸੋਵੀਅਤ ਯੂਨੀਅਨ ਦੀ ਨਕਲ ਕਰਨੀ
ਚਾਹੁੰਦੇ ਸਨ ਅਤੇ ਭਾਰੀ ਸਨਅਤ ਦੀ ਉਸਾਰੀ ਲੋੜਦੇ ਸਨ। ਸਭ ਤੋਂ ਪਹਿਲਾਂ, ਮਸ਼ੀਨੀ ਸੰਦ, ਆਧੁਨਿਕ ਆਵਾਜਾਈ, ਰਸਾਇਣ ਅਤੇ ਬਿਜਲੀ
ਆਦਿ ਫੇਰ ਛੋਟੀ ਸਨਅਤ ਅਤੇ ਖੇਤੀਬਾੜੀ ਦਾ ਵਿਕਾਸ।
ਪਰ ਇਹ ਚੀਨ ਦੀਆਂ ਹਾਲਤਾਂ ਲਈ ਢੁੱਕਵਾਂ ਨਮੂਨਾ
ਨਹੀਂ ਸੀ। ਚੀਨ ’ਚ ਭਾਰੀ ਸਨਅਤ ਦੀ ਅਣਹੋਂਦ ਸੀ। ਇਹ ਕਮਜ਼ੋਰ ਸੀ ਪਰ ਉਸ
ਕੋਲ ਬੇਅੰਤ ਪੇਂਡੂ ਮਨੁੱਖਾ-ਸ਼ਕਤੀ ਸੀ ਜੋ ਹੁਣ ਕਮਿਊਨਾਂ ’ਚ ਜਥੇਬੰਦ ਸੀ। ਇਸ
ਲਈ, ਖੇਤੀਬਾੜੀ ਅਰਥਚਾਰੇ ਦਾ ਅਧਾਰ ਹੋਣੀ ਚਾਹੀਦੀ ਹੈ ਅਤੇ
ਸਨਅਤ ਲਈ ਵਪਾਰਕ ਫਸਲਾਂ, ਸ਼ਹਿਰੀ ਵਸੋਂ ਲਈ ਅਨਾਜ ਅਤੇ ਸਨਅਤ ਵਧੇ-ਫੁੱਲੇਗੀ ਤਾਂ
ਇਹ ਖੇਤੀ ਲਈ ਸੰਦ, ਰਸਾਇਣਕ ਖਾਦਾਂ ਅਤੇ
ਲੋਕਾਂ ਲਈ ਵਰਤੋਂ ਦੀਆਂ ਵਸਤਾਂ ਪੈਦਾ ਕਰੇਗੀ। ਖੇਤੀ ਅਤੇ ਸਨਅਤ ਇੱਕ ਦੂਜੇ ਦੀ ਮੱਦਦ ਕਰਨਗੀਆਂ।
ਚੀਨੀ ਇਸ ਨੂੰ ‘‘ਦੋ ਟੰਗਾਂ ’ਤੇ ਤੁਰਨਾ’’ ਕਹਿੰਦੇ ਹਨ।
ਇਹੀ ਵਿਰੋਧ-ਵਿਕਾਸੀ ਪਹੁੰਚ ਅਰਥਚਾਰੇ ਦੇ ਸਾਰੇ
ਪੱਖਾਂ ’ਤੇ ਲਾਗੂ ਕੀਤੀ ਗਈ। ਹਲਕੀ ਅਤੇ ਭਾਰੀ ਸਨਅਤ, ਅਧੁਨਿਕ ਕਾਰਖਾਨੇ ਅਤੇ ਘਰੇਲੂ ਉਦਯੋਗ-ਛੋਟਾ, ਦਰਮਿਆਨਾ ਅਤੇ ਵੱਡਾ
-ਸਾਰੇ ਅੱਗੜ ਪਿੱਛੜ ਹੋ ਕੇ ਵਿਕਾਸ ਕਰਨਗੇ। ਉਸ ਵੇਲੇ ਬਹੁਤੇ ਉਦਯੋਗ ਤਟਵਰਤੀ ਇਲਾਕਿਆਂ ’ਚ ਸਨ। ਇਹਨਾਂ ਦੀ ਵਰਤੋਂ ਜਾਰੀ ਰੱਖੀ ਜਾਵੇਗੀ ਪਰ ਨਵੇਂ ਉਦਯੋਗ ਮੁਲਕ ਦੇ ਅੰਦਰਵਾਰ ਖੋਲੇ
ਜਾਣਗੇ। ਪ੍ਰਬੰਧਕੀ ਕੰਮਾਂ ਵਿੱਚ ‘‘ਦੋ ਲੱਤਾਂ’’ ਨਮੂਨਾ ਲਾਗੂ ਕੀਤਾ
ਗਿਆ। ੳੱੁਪਰਲਾ ਕੰਟਰੋਲ ਕੇਂਦਰੀ ਸਰਕਾਰ ਦਾ ਸੀ ਅਤੇ ਇਹ ਕੁੱਝ ਉਦਯੋਗ ਸਿੱਧੇ ਆਪਣੀ ਅਗਵਾਈ ’ਚ ਵੀ ਚਲਾਉਦਾ ਸੀ। ਇਸਦੇ ਨਾਲ ਹੀ ਹੇਠਲੇ ਪੱਧਰ ਦੀਆਂ ਸਰਕਾਰਾਂ ਦੀ ਪਹਿਲਕਦਮੀ ਅਤੇ ਸਥਾਨਕ
ਕਾਰਖਾਨਿਆਂ ਦਾ ਪ੍ਰਬੰਧ ਚਲਾਉਣ ਨੂੰ ਵੀ ਉਤਸ਼ਾਹਤ ਕੀਤਾ ਗਿਆ।
ਰਾਜਸੀ ਸੱਤਾ ਸੰਭਾਲਣ ਤੋਂ ਬਾਅਦ, ਦਸ ਸਾਲਾਂ ਤੋਂ ਵੀ ਘੱਟ ਅਰਸੇ ਅੰਦਰ ਭਰਵੀਂ ਢੁੱਕਵੀਂ ਆਰਥਕ ਨੀਤੀ ਘੜ ਲੈਣੀ ਕੋਈ ਛੋਟੀ
ਪ੍ਰਾਪਤੀ ਨਹੀਂ ਹੈ। ਸਮਾਜਵਾਦੀ ਮੁਲਕਾਂ ਅੰਦਰ ਚੀਨ ਦੀ ਸਥਿੱਤੀ ਵਿਲੱਖਣ ਸੀ। ਇਹ ਸਾਰਾ ਕੁੱਝ ‘‘ਕੋਸ਼ਿਸ਼ਾਂ ਕਰੋ, ਗਲਤੀਆਂ ਤੋਂ ਸਿੱਖੋ’’ ਦੇ ਅਮਲ ਰਾਹੀਂ ਕੀਤਾ ਗਿਆ ਹੈ।
No comments:
Post a Comment