ਕਪਾਹ ਦੇ ਕਾਰਖਾਨੇ
ਦੇ ਉਸ ਖੂਹ ਵਿੱਚੋਂ ਪਾਣੀ ਦਾ ਡੋਲ ਖਿੱਚਦਿਆਂ ਜਿਸ ਦਾ ਅੱਧਾ ਹਿੱਸਾ ਕਾਰਖਾਨੇ ਅੰਦਰ ਤੇ ਅੱਧਾ ਬਾਹਰ
ਸੀ, ਕੁੱਝ ਸੁਣਿਆ। ਕੀ ਸੁਣਿਆ? ਡਾਂ.. .. .. ਡਾਂ.. .. ਡਡਾਂ..
.. ਡਡਾਂ.. ..
ਇਹ ਆਵਾਜ਼ ਪੀਪਾ
ਖੜਕਣ ਦੀ ਸੀ। ਲਾਗੇ ਚਾਗੇ ਕੋਈ
ਬਾਗ ਬਗੀਚਾ ਜਾਂ ਖੇਤ ਵੀ ਅਜਿਹਾ
ਨਹੀਂ ਸੀ ਜਿਸ ਵਿਚ ਚਿੜੀਆਂ, ਕਾਵਾਂ ਜਾਂ ਤੋਤਿਆਂ ਆਦਿ ਨੂੰ ਉਡਾਉਣ ਲਈ ਰਾਖਿਆਂ ਨੂੰ
ਪੀਪਾ ਖੜਕਾਉਣਾ ਪੈਂਦਾ। ਇਹ ਡਾਂ.. .. ਡਾਂ.. ..ਡਡਾਂ.. .. ਡਡਾਂ ਕਿਸੇ ਬੱਚੇ
ਦੇ ਹੱਥਲੀ ਸੱਟ ਵਾਲੀ ਆਵਾਜ਼ ਵੀ ਨਹੀਂ ਸੀ ਕਿਉਕਿ ਵੱਡਾ ਪੀਪਾ ਚੁੱਕ ਕੇ ਇੱਕ ਬੱਚਾ ਲਗਾਤਾਰ ਕਈ ਵੇਰ
ਇੰਨੇ ਜ਼ੋਰ ਨਾਲ ਵਜਾਵੇ, ਇਹ ਕੁੱਝ ਔਖਾ ਜਾਪਦਾ ਸੀ। ਉਤਸੁਕਤਾ ਨਾਲ ਬਾਹਰ ਵੱਲ ਝਾਕਿਆ, ਖੂਹ ਦੀ ਭੌਣੀ ਹੱਥੋਂ
ਨਿੱਕਲ ਗਈ ਤੇ ਖੜ ਖੜ ਕਰਕੇ ਲੱਜ ਸਣੇ ਬਾਲਟੀ ਇਉ ਖੂਹ ਵਿਚ ਜਾ ਡਿੱਗੀ ਜਿਵੇਂ ਉਹ ਅਗੇ ਹੀ ਰੱਬ ਨੂੰ
ਕਹਿ ਰਹੀ ਹੋਵੇ: ਟੁੱਟ ਟੁੱਟ ਰੱਸੀਏ ਸਾਡੇ ਸਾਥੀ ਦੂਰ ਗਏ। ਭੌਣੀ ਦੇ ਤੱਤ ਫੜੱਤ ਭੌਂ ਜਾਣ ਨਾਲ ਮੇਰਾ ਮੂੰਹ ਮੱਥਾ ਵੀ ਸ਼ਿੰਗਾਰਿਆ ਗਿਆ। ਚਿਹਰੇ ਦੇ ਕਈ ਹਿੱਸਿਆਂ ਵਿਚੋਂ ਸਿਮ ਆਇਆ ਲਾਲ ਲਾਲ ਲਹੂ ਘਰਾਲਾਂ ਬਣ ਕੇ
ਹੌਲੀ ਹੌਲੀ ਇਉ ਵਗ
ਤੁਰਿਆ ਜਿੱਦਾਂ ਕਿਸੇ ਪਹਾੜ ਤੋਂ ਪਾਣੀ ਡਿੱਗਦਾ ਡਿੱਗਦਾ ਜਿੱਧਰ ਥਾਂ ਲੱਭੇ ਓਧਰ ਨੂੰ ਤੁਰ ਪੈਂਦਾ ਹੈ । ਡਡੋਲਿਕੇ ਜਿਹੇ ਹੋ ਕੇ ਤੇ ਚੀਸਾਂ ਸਹਿੰਦਿਆਂ ਡਾਂ.. .. ਡਡਾਂ.. .. ਡਡਾਂ ਦਾ ਪਤਾ ਕਰ ਹੀ ਲਿਆ। ਟੱਟੀ ਦੇ ਬਹਾਨੇ
ਉਸਤਾਦ ਤੋਂ ਛੁੱਟੀ ਲੈ ਕੇ ਕਾਰਖਾਨਿਓਂ ਬਾਹਰ ਆਇਆ ਤਾਂ ਵੇਖਿਆ।
ਪੀਪਾ ਖੜਕਾਉਣ
ਵਾਲਾ ਇਕ ਪਤਲਾ ਜਿਹਾ, ਤਿੱਖ-ਨਕਸ਼ੀਆ ਅੱਧਖੜ ਪੁਰਸ਼
ਸੀ। ਗਲ ਵਿਚ ਪੀਪਾ
ਲਟਕਾਈ ਡਾਂ.. .. ਡਾਂ.. ..ਡਡਾਂ..
.. ਡਡਾਂ ਦੀ ਆਵਾਜ਼ ਸੁਣਾਈ ਜਾ ਰਿਹਾ ਸੀ। ਜਿੱਥੇ ਕੁਝ ਲੋਕ ਇਕੱਠੇ ਦਿਸਦੇ ਉੱਥੇ ਉਹ ਪੁਰਸ਼ ਮੂੰਹੋਂ ਵੀ ਕੁੱਝ ਬੋਲਦਾ। ਇਸ ਤਰ੍ਹਾਂ ਨਿਰਜੀਵ ਤੇ ਬੇਜ਼ੁਬਾਨ ਪੀਪੇ ਨੂੰ ਹਥੌੜੇ ਦੀਆਂ ਸੱਟਾਂ ਖਾ ਕੇ
ਚੀਕ ਚਿਹਾੜਾ ਪਾਉਣੋਂ ਕੁਝ ਚਿਰ ਲਈ ਸਾਹ ਮਿਲ ਜਾਂਦਾ। ਇਹ ਪੁਰਸ਼ ਤਰਨਤਾਰਨ ਲਾਗਲੇ ਪਿੰਡ ਪਲਾਸੌਰ ਦਾ ਮਿਸਤਰੀ ਨੰਦ ਸਿੰਘ ਸੀ। ਕੁਝ ਪੜ੍ਹਿਆ-ਲਿਖਿਆ ਤੇ ਸਮਝਦਾਰ ਪੁਰਸ਼,
41 ਸਾਲ ਪਹਿਲਾਂ ਭਲੇ ਸਮਿਆਂ ਵਿਚ ਦੋ ਢਾਈ ਰੁਪਏ ਰੋਜ਼ ਕਮਾ ਲੈਣ ਵਾਲਾ ਕਾਰੀਗਰ। ਗਲ ਵਿਚ ਪੀਪਾ ਪਾ ਕੇ ਬੱਚਿਆਂ ਦੇ ਭਾਅ ਦਾ ਸੁਆਂਗ ਤੇ ਸਿਆਣਿਆਂ ਦੇ ਭਾ ਦਾ ਟਿਚਕਰ-ਨਿਸ਼ਾਨਾ ਬਣ ਰਿਹਾ ਸੀ। ਤਰਨਤਾਰਨ ਸ਼ਹਿਰ
ਦੇ ਲੱਗਭੱਗ ਬਹੁਤੇ ਲੋਕ ਉਸਨੂੰ ਜਾਣਦੇ ਸਨ ਕਿਉਕਿ ਨਿੱਕੇ ਹੁੰਦਿਆਂ ਤਾਂ ਨੰਦ ਸਿੰਘ ਇਥੋਂ ਦੀਆਂ ਗਲੀਆਂ ਕੱਛਦਾ
ਫਿਰਿਆ ਸੀ। ਕਈ ਘਰਾਂ ਵਿਚ
ਉਸਨੇ ਦਿਹਾੜੀਆਂ ਲਾਈਆਂ ਸਨ। ਕਈ ਗਲੀਆਂ ਤੇ
ਬਾਜ਼ਾਰਾਂ ਵਿਚ ਉਸਨੇ ਅੱਧ-ਅਸਮਾਨੇ ਗੋਆਂ ਉੱਤੇ ਖੜ੍ਹੇ ਹੋ ਕੇ ਤਿੱਖੜ ਦੁਪਹਿਰਾਂ
ਵੇਲੇ ਸ਼ਹਿਰੀਆਂ ਸਾਹਮਣੇ ਮੂੰਹ ਸਿਰ ਤੋਂ ਮੁੜ੍ਹਕਾ ਚੁਆਇਆ ਸੀ। ਇਸ ਲਈ ਨੰਦ ਸਿੰਘ ਕਿਸੇ ਤੋਂ ਗੁੱਝਾ ਨਹੀਂ ਸੀ। ਪਰ ਉਸਨੂੰ ਪੀਪਾ ਵਜਾਉਦਿਆਂ ਵੇਖ ਉਸਦੇ ਕਈ ਭਰਾ-ਭਾਈ, ਅੰਗ-ਸਾਕ ਤੇ ਮਿੱਤਰ ਦੋਸਤ ਆਖਣ
ਲੱਗ ਪਏ: ਸ਼ੁਦਾਈ ਹੋ ਗਿਆ ਹੈ ਸ਼ੁਦਾਈ।
ਪੀਪੇ ਦੀ ਡਾਂ.. ..ਡਾਂ.. ..ਡਡਾਂ.. ..ਡਡਾਂ ਪਿਛੋਂ ਨੰਦ
ਸਿੰਘ ਦੀ ਤਕਰੀਰ ਸੁਣੀ। ਉਹ ਕਹਿ ਰਿਹਾ
ਸੀ:
‘‘ਤਰਨਤਾਰਨੀਓ! ਕਿਉਂ ਮਰ ਗਏ ਹੋ? ਤਹਾਡੇ ਭਰਾ ਤੁਹਾਡੇ ਗੁਆਂਢ ਅੰਮ੍ਰਿਤਸਰ ਵਿਚ
ਕਿੱਦਾਂ ਕੁਰਬਾਨੀਆਂ ਦੇ ਰਹੇ ਹਨ। ਹਿੰਦੂਓ, ਮੁਸਲਮਾਨੋ ਤੇ ਸਿੱਖੋ, ਤੁਹਾਡਾ ਧਰਮ ਕਿੱਥੇ ਹੈ? ਅੰਗਰੇਜ਼ ਨੇ ਤੁਹਾਡਾ ਰਹਿਣ ਹੀ ਕੀ ਦਿੱਤਾ ਹੈ? ਉੱਠੋ!
ਗੋਰੇ ਪ੍ਰਭੂਆਂ ਤੋਂ ਖਲਾਸੀ ਪਾਉਣ ਲਈ ਮੈਦਾਨ ਵਿਚ ਨਿੱਤਰੋ। ਰਣ ਵਿਚ ਆਉਣ ਦੀ ਹਿੰਮਤ ਨਹੀਂ ਤਾਂ ਘੱਟੋ ਘੱਟ ਸ਼ਹਿਰ ਵਿਚ ਹੜਤਾਲ ਤਾਂ ਕਰ
ਦਿਉ।’’
ਉਸਦੇ ਸਿਧ-ਪੱਧਰੇ ਸ਼ਬਦ ਸਨ, ਪਰ ਦੇਸ਼-ਭਗਤੀ ਦੇ ਜਜ਼ਬਾਤ ਨਾਲ ਗੜੁੱਚ ਹੋਏ। ਇਕ ਇੰਜੈਕਸ਼ਨ ਵਾਂਗ ਸਰੀਰ ਦੇ ਅੰਦਰ ਜਾ ਕੇ ਫੌਰੀ ਅਸਰ ਕਰਨ ਵਾਲੇ। ਮੇਰੇ ਆਪਣੇ ਜਜ਼ਬਾਤ ਲਈ ਦੇਸ਼ ਭਗਤੀ ਦੀ ਰੰਗਣ ਵਿਚ ਰੰਗੀਜਣ ਲਈ ਮਾਨੋ ਬੋਹਣੀ
ਹੋ ਗਈ ਸੀ। ਮਾਨੋ ਮੇਰੇ ਅਗਲੇ
ਜੀਵਨ ਬਾਬਤ ਸ਼੍ਰੀਗਣੇਸ਼ ਪੜ੍ਹਿਆ ਗਿਆ ਸੀ। ਮੈਂ ਮੁੜ ਕਾਰਖਾਨੇ
ਜਾਣ ਦੀ ਥਾਂ ਨੰਦ ਸਿੰਘ ਦੇ ਪਿੱਛੇ-ਪਿੱਛੇ ਤੁਰ ਪਿਆ।
ਡਾਂ.. ..ਡਾਂ.. ..ਡਡਾਂ.. ..ਡਡਾਂ ਦੀ ਆਵਾਜ਼
ਸੁਣ ਕੇ ਨੰਦ ਸਿੰਘ ਦੇ ਉਦਾਲੇ ਸ਼ਹਿਰੀਆਂ ਦਾ ਝੁਰਮਟ ਇਕੱਠ ਆਣ ਹੋਇਆ। ਵਿਚੋਂ ਹੀ ਇੱਕ ਚੌਧਰੀ ਨਿੱਕਲ ਆਇਆ। ਉਸ ਨੰਦ ਸਿੰਘ ਨੂੰ ਪੁੱਛਿਆ-
‘‘ਇਹ ਕੀ ਕਰ ਰਿਹਾ
ਏਂ?’’
‘‘ਢੰਡੋਰਾ ਫੇਰ ਰਿਹਾ
ਹਾਂ’’ ਨੰਦ ਸਿੰਘ ਨੇ ਉੱਤਰ ਦਿੱਤਾ।
‘‘ਕਿਸ ਦੇ ਹੁਕਮ
ਨਾਲ?’’ ਚੌਧਰੀ ਨੇ ਜ਼ਰਾ ਰੁਹਬ ਪਾਉਣ ਦਾ ਯਤਨ ਕਰਦਿਆਂ ਹੋਇਆਂ ਆਖਿਆ।
‘‘ਆਪਣੀ ਆਤਮਾ ਦੇ
ਹੁਕਮ ਨਾਲ’’ ਨੰਦ ਸਿੰਘ ਨੇ ਬੇਪ੍ਰਵਾਹ ਹੋ ਕੇ ਜਵਾਬ ਦਿੱਤਾ।
‘‘ਤੈਨੂੰ ਅੰਗਰੇਜ਼
ਮਾਈ-ਬਾਪ ਵਿਰੁੱਧ ਜ਼ੁਬਾਨ ਬੰਦ ਕਰਨੀ ਪਏੇਗੀ!’’
‘‘ਜ਼ੁਬਾਨ ਕੱਟੀ ਜਾ
ਸਕਦੀ ਹੈ ਬੰਦ ਨਹੀਂ ਹੋ ਸਕਦੀ’’ ਨੰਦ ਸਿੰਘ ਨੇ ਨਿਝੱਕ ਹੋ ਕੇ ਆਖਿਆ।
‘‘ਚੱਲ ਥਾਣੇ’’ ਕਹਿ ਕੇ ਚੌਧਰੀ ਉਸਨੂੰ ਥਾਣੇ ਵੱਲ ਲੈ ਤੁਰਿਆ।
ਨੰਦ ਸਿੰਘ ਨੇ
ਥਾਣੇ ਜਾਣ ਵਿਚ ਕੋਈ ਹੁੱਜਤ ਨਾ ਕੀਤੀ। ਕਿਉਕਿ ਉਹ ਥਾਣੇਦਾਰ
ਨੂੰ ਵੀ ਆਪਣੀ ਆਤਮਾ ਦਾ ਫੁਰਮਾਨ ਸੁਣਾ ਦੇਣਾ ਚਾਹੁੰਦਾ ਸੀ।
‘‘ਕੀ ਗੱਲ ਹੈ ਚੌਧਰੀ
ਜੀ?’’ ਥਾਣੇਦਾਰ ਨੇ ਨੰਦ ਸਿੰਘ ਵੱਲ ਚੋਰ ਅੱਖੀਂ ਵੇਖਦਿਆਂ ਹੋਇਆਂ ਪੁੱਛਿਆ।
‘‘ ਜਨਾਬ! ਇਹ ਪੁਰਸ਼ ਸਾਡੀ ਸਰਕਾਰ ਵਿਰੁੱਧ ਲੋਕਾਂ ਨੂੰ ਹੜਤਾਲ ਕਰਨ
ਲਈ ਉਕਸਾ ਰਿਹਾ ਹੈ’’ ਚੌਧਰੀ ਨੇ ਬੜੇ ਮਾਣ ਨਾਲ ਥਾਣੇਦਾਰ ਨੂੰ ਦੱਸਿਆ।
ਥਾਣੇਦਾਰ ਅਜੀਜ਼ਦੀਨ
ਬੜਾ ਚਲਾਕ ਪੁਰਸ਼ ਸੀ ਅਤੇ ਅੰਮ੍ਰਿਤਸਰ ਵਿਚ1919 ਦੀ ਰਾਮਨੌਮੀ ਦੇ ਦਿਨ ਹਿੰਦੂ-ਮੁਸਲਿਮ ਮਿਲਾਪ ਅਤੇ ਬਾਅਦ ਵਿਚ ਲੋਕਾਂ ਦੇ ਆਗੂ ਡਾ. ਸੈਫੂਦੀਨ
ਕਿਚਲੂ ਅਤੇ ਡਾ. ਸੱਤਿਆਪਾਲ ਨੂੰ ਗ੍ਰਿਫ਼ਤਾਰ ਕਰ ਲੈਣ ਪੁਰ ਲੋਕਾਂ ਦਾ ਗੁੱਸਾ ਤੱਕ ਚੁੱਕਾ ਸੀ। ਇਸ ਕਰਕੇ ਉਹ ਹਲੀਮੀ ਨਾਲ ਬੋਲਿਆ, ‘‘ਕਿਉ ਸ. ਨੰਦ ਸਿੰਘ ਕੀ ਗੱਲ ਹੈ?’’
ਨੰਦ ਸਿੰਘ ਨੇ
ਉਸਨੂੰ ਵੀ ਬੇਪ੍ਰਵਾਹੀ ਨਾਲ ਉੱਤਰ ਦਿੱਤਾ: ‘‘ਚੌਧਰੀ ਠੀਕ ਕਹਿੰਦਾ ਹੈ। ਅਸਾਂ ਆਪਣੇ ਦੇਸ਼ ਤੋਂ ਅੰਗਰੇਜ਼ ਦਾ ਰਾਜ ਖਤਮ ਕਰ ਦੇਣਾ ਹੈ। ਬਿੱਲੇ ਨਹੀਂ ਰਹਿਣ ਦੇਣੇ ਤੇ ਉਨ੍ਹਾਂ ਦੇ ਝੋਲੀ ਚੁੱਕਾਂ ਦਾ ਵੀ ਖੁਰਾ-ਖੋਜ ਨਹੀਂ ਛੱਡਣਾ।’’
ਥਾਣੇਦਾਰ ਨੇ ਚੌਧਰੀ
ਨੂੰ ਅੱਖ ਮਾਰੀ ਤੇ ਚੌਧਰੀ ਨੰਦ ਸਿੰਘ ਨੂੰ ਥਾਣਿਓਂ ਬਾਹਰ ਲੈ ਆਇਆ ਤੇ ਇਹ ਕਹਿਕੇ ‘‘ਨੰਦ ਸਿੰਘ! ਜੋ ਜੀ ਆਏ ਕਰ’’ ਆਪ ਖਿਸਕਦਾ ਹੋਇਆ।
ਥਾਣੇਦਾਰ ਅਜੀਜ਼ਦੀਨ
ਨੇ ਪਿੱਛੇ ਮਾਰਸ਼ਲ ਦੇ ਦਿਨੀਂ ਦੇਸ਼ ਭਗਤਾਂ ਦੇ ਖੂਨ ਵਿਚ ਹੱਥ ਰੰਗਣ ਦੀਆਂ ਬੜੀਆਂ ਡੰਝਾਂ ਲਾਹੀਆਂ ਸਨ।
ਅਗਲੇ ਹੀ ਦਿਨ
ਤਰਨਤਾਰਨ ਦੀਆਂ ਕੰਧਾਂ ਕਾਲੀਆਂ ਤੇ ਸ਼ਹਿਰ ਵਿਚ ਮੁਕੰਮਲ ਹੜਤਾਲ ਹੋ ਗਈ। ਬਾਜ਼ਾਰਾਂ ਵਿਚ ਉੱਲੂ ਬੋਲਣ ਲੱਗ ਪਏ। ਇਉਂ ਭਾਸਣ ਲੱਗਾ ਜਿਵੇਂ ਬਾਜ਼ਾਰਾਂ ਵਿਚ ਕੋਈ ਭੂਤ ਆ ਵੜਿਆ ਹੋਵੇ ਜਿਸ ਨੂੰ
ਸੁਣਕੇ ਲੋਕ ਘਰਾਂ ਵਿਚ ਹੀ ਦੜ ਗਏ ਹੋਣ।
ਬਹੁਤੇ ਸ਼ਰਧਾਲੂ
ਗੁਰਦੁਆਰੇ, ਮੰਦਰ ਤੇ ਮਸਜਿਦ ਵਿਚ ਮੱਥੇ ਟੇਕਣ ਤੇ ਸਿਜਦੇ ਕਰਨ ਗਏ। ਕਿਉਕਿ ਵਰ੍ਹੇ ਦੇ ਦਿਨਾਂ ਦਾ ਦਿਨ ਸੀ। ਵੈਸਾਖੀ ਵਾਲੇ ਦਿਨ ਨਵਾਂ ਸੰਮਤ ਚੜ੍ਹਿਆ ਸੀ। ਪਰ ਛੇਤੀ ਛੇਤੀ ਘਰੀਂ ਵਾਪਸ ਮੁੜ ਆਏ।
ਖਬਰਾਂ ਸੁਣੀਆਂ
ਜਾਣ ਲੱਗੀਆਂ। ਅੰਮ੍ਰਿਤਸਰ ਜਲ੍ਹਿਆਂਵਾਲੇ
ਬਾਗ ਵਿਚ ਗੋਰਿਆਂ ਨੇ ਗੋਲੀ ਚਲਾ ਦਿੱਤੀ। ਵੈਸਾਖੀ ਵੇਖਣ
ਆਏ ਯਾਤਰੂਆਂ ਨੂੰ ਡਾਇਰ ਨੇ ਧਾਨਾਂ ਵਾਂਗ ਭੁੰਨ ਕੇ ਰੱਖ ਦਿੱਤਾ। ਮਾਰਸ਼ਲ ਲਾਅ ਲਗਾ ਦਿੱਤਾ ਗਿਆ। ਇਤਿਆਦਿ।
ਤਰਨਤਾਰਨ ਵਿਚ
ਸਹਿਮ ਛਾ ਗਿਆ। ਮਾਪਿਆਂ ਆਪਣੇ
ਬੱਚਿਆਂ ਨੂੰ ਘਰਾਂ ਦੀ ਚਾਰਦਿਵਾਰੀ ਵਿਚ ਬੰਦ ਕਰ ਲਿਆ ਤੇ ਆਪ ਵੀ ਘੁੱਟ ਕੇ ਬਹਿ ਗਏ। ਸ਼ਾਮਾਂ ਪੈ ਚੁੱਕੀਆਂ ਸਨ। ਘਰਦਿਆਂ ਦੀ ਅੱਖ ਬਚਾ ਕੇ ਮੈਂ ਬਾਜ਼ਾਰ ਜਾ
ਨਿੱਕਲਿਆ । ਅਗੇ ਉਹੋ ਨੰਦ
ਸਿੰਘ ਮਿਲ ਪਿਆ।
ਅੱਜ ਦਾ ਨੰਦ ਸਿੰਘ
ਕੱਲ੍ਹ ਵਾਲਾ ਨੰਦ ਸਿੰਘ ਨਹੀਂ ਸੀ। ਉਸਦੇ ਕੱਪੜੇ ਲਹੂ
ਭਿੱਜੇ ਸਨ, ਅੱਖਾਂ ਤੇ ਚਿਹਰੇ ਤੋਂ ਥਕਾਵਟ ਫੁੱਟ ਫੁੱਟ ਕੇ ਉੱਭਰਦੀ
ਦਿਖਾਈ ਦੇ ਰਹੀ ਸੀ।
ਉਸ ਆਖਿਆ:
‘‘ਕਹਿਰ ਹੋ ਗਿਆ। ਬਿੱਲਿਆਂ ਨੇ ਗੋਲੀ ਚਲਾ ਦਿੱਤੀ। ਸੈਂਕੜੇ ਵੀਰਾਂ, ਭੈਣਾਂ, ਮਾਵਾਂ ਤੇ ਬੱਚਿਆਂ ਨੂੰ ਸਦਾ ਦੀ ਨੀਂਦੇ ਸੁਲਾ ਦਿੱਤਾ ਗਿਆ।’’
ਇੰਨਾਂ ਕਹਿੰਦਿਆਂ
ਉਹ ਅਗਾਂਹ ਤੁਰ ਗਿਆ। ਮੈਂ ਵਾਪਸ ਆਪਣੇ
ਘਰ ਆ ਕੇ ਘਰਦਿਆਂ ਨੂੰ ਸਾਰੀ ਗੱਲ ਦੱਸੀ। ਮੇਰੇ ਬਜ਼ੁਰਗਾਂ
ਨੇ ਇਹ ਕਹਿ ਕੇ ਮੈਨੂੰ ਬਾਹਰ ਜਾਣੋਂ ਵਰਜ ਦਿੱਤਾ, ‘‘ਨੰਦ ਸਿੰਘ ਸ਼ੁਦਾਈ ਹੈ ਤੇ ਉਹ ਪਾਗਲ ਹੋ ਗਿਆ ਹੈ।’’
ਇਕਤਾਲੀ ਸਾਲ ਹੋ
ਗਏ। ਉਸ ਸ਼ੁਦਾਈ ਜਾਂ
ਪਾਗਲ ਦਾ ਵਜੂਦ ਕਿਤੇ ਨਜ਼ਰ ਨਹੀਂ ਆਇਆ। ਕਿਸੇ ਦਾ ਕਹਿਣਾ
ਹੈ ਕਿ ਉਹ ਬਾਹਰ ਕਿਸੇ ਦੇਸ਼ ਨੂੰ
ਦੌੜ ਗਿਆ ਸੀ, ਕੋਈ ਕਹਿੰਦਾ ਹੈ ਕਿ ਉਸਨੇ ਪੰਜੇ ਸਾਹਿਬ ਵਿਖੇ ਅਫੀਮ ਖਾ ਕੇ
ਆਤਮਘਾਤ ਕਰ ਲਿਆ ਸੀ। ਜਿੰਨੇ ਮੂੰਹ ਓਨੀਆਂ
ਗੱਲਾਂ, ਪਰ ਹਕੀਕਤ ਦਾ ਪਤਾ ਕਿਸੇ ਨੂੰ ਨਹੀਂ ਲੱਗ ਸਕਿਆ।
ਨੰਦ ਸਿੰਘ ਹੋਰਨਾਂ
ਨੂੰ ਭਾਵੇਂ ਭੁੱਲ ਗਿਆ ਹੋਵੇ, ਮੈਨੂੰ ਨਹੀਂ ਭੁੱਲਾ। ਮੈਨੂੰ ਉਸਦੀ ਸੂਰਤ ਦੇਸ਼ ਦੇ ਹਜ਼ਾਰਾਂ ਸ਼ਹੀਦਾਂ ਦੀ ਡਾਰ ਵਿਚ ਲੱਭਦੀ ਹੈ ਅਤੇ
ਅੱਜ ਵੀ ਉਸਦੇ ਗਲ ਪਿਆ ਪੀਪਾ ਉਸੇ ਤਰ੍ਹਾਂ ਡਾਂ.. .. ਡਾਂ.. .. ਡਡਾਂ.. .. ਡਡਾਂ ਦੀ ਆਵਾਜ਼ ਨਾਲ ਦੇਸ਼ ਭਗਤੀ ਦੇ ਜਜ਼ਬਿਆਂ ਨੂੰ ਟੁੰਬ
ਟੁੰਬ ਕੇ ਜਗਾ ਰਿਹਾ ਹੈ।
No comments:
Post a Comment