ਜਲਿਆਂਵਾਲਾ
ਬਾਗ ਸ਼ਤਾਬਦੀ ਮੁਲਕ ਦੇ ਹਾਕਮ ਵੀ ਮਨਾ ਰਹੇ ਹਨ ਤੇ ਲੋਕ ਵੀ। ਹਾਕਮਾਂ ’ਚ ਉਹ ਸਾਰੇ ਹੀ ਸ਼ੁਮਾਰ ਹਨ ਜੋ ਗੱਦੀ ’ਤੇ ਬੈਠੇ ਹੋਣ
ਜਾਂ ਨਾ ਪਰ ਸਮਾਜਿਕ ਆਰਥਿਕ ਹੈਸੀਅਤ ਪੱਖੋਂ ਉਹਨਾਂ ਦੀ ਗੱਦੀ ਸਦਾ ਸਲਾਮਤ ਰਹਿੰਦੀ ਹੈ, ਕਿਉਕਿ ਇਹ ਜਮਾਤਾਂ ਰਾਜਭਾਗ ਦੀਆਂ ਮਾਲਕ ਹਨ। ਇਹ ਲੁਟੇਰੀਆਂ ਜਮਾਤਾਂ ਹਨ, ਪਰਜੀਵੀ ਜਮਾਤਾਂ ਹਨ, ਜੋ ਮੁਲਕ ਦੇ ਕਿਰਤੀਆਂ ਦੀ ਮਿਹਨਤ ’ਤੇ ਪਲਦੀਆਂ ਹਨ। ਇਹ ਪਰਜੀਵੀ ਜਮਾਤਾਂ ਮੁਲਕ ਦੇ ਵੱਡੇ ਸਰਮਾਏਦਾਰ ਤੇ ਜਾਗੀਰਦਾਰ ਹਨ, ਜਿੰਨ੍ਹਾਂ ਦਾ ਸਾਮਰਾਜੀਆਂ ਨਾਲ ਗੱਠਜੋੜ ਹੈ ਤੇ ਉਹਨਾਂ ਦੀ ਸਰਪ੍ਰਸਤੀ ਹੇਠ ਰਾਜ ਚਲਾਉਦੇ
ਹਨ। ਹੁਣ ਇਹ ਵੀ ਜਲ੍ਹਿਆਂਵਾਲਾ
ਬਾਗ ਸ਼ਤਾਬਦੀ ਮਨਾ ਕੇ ਆਪਣੇ ਆਪ ਨੂੰ ਦੇਸ਼ਭਗਤ ਅਖਵਾਉਣ ਲਈ ਇੱਕ ਦੂਜੇ ਤੋਂ ਮੂਹਰੇ ਹੋ ਰਹੇ ਹਨ ਤਾਂ
ਕਿ ਅੰਗਰੇਜ਼ੀ ਸਾਮਰਾਜ ਖਿਲਾਫ਼ ਹੋਈ ਸਾਡੀ ਕੌਮੀ ਮੁਕਤੀ ਜਦੋਜਹਿਦ ਦੇ ਮੋਹਰੀਆਂ ਵਜੋਂ ਤੇ ਉਹਦੇ ਵਾਰਸਾਂ
ਵਜੋਂ ਪੇਸ਼ ਹੋ ਕੇ,
ਇਸਦੀ ਖੱਟੀ ਨੂੰ ਵੋਟਾਂ ’ਚ ਢਾਲ ਸਕਣ। ਹੁਣ ਤੱਕ ਕਾਂਗਰਸ ਪਾਰਟੀ ਨੇ ਆਪਣੇ ਆਪ ਨੂੰ ਅੰਗਰੇਜ਼ੀ ਸਾਮਰਾਜ ਖਿਲਾਫ਼ ਲੋਕਾਂ
ਦੇ ਸੰਘਰਸ਼ ਦੀ ਆਗੂ ਵਜੋਂ ਉਭਾਰਿਆ ਹੈ ਤੇ ਦਹਾਕਿਆਂ ਬੱਧੀ ਏਸ ਫੈਲਾਏ ਗਏ ਭਰਮ ਦੇ ਸਿਰ ’ਤੇ ਰਾਜ ਕੀਤਾ
ਹੈ। ਹੁਣ ਇਹ ‘ਕਮਾਈ’ ਖੁਰਨੀ ਸ਼ੁਰੂ ਹੋ ਗਈ ਹੈ। ਅੱਜਕਲ੍ ਤਾਂ
ਸਭਨਾਂ ਹਾਕਮ ਟੋਲਿਆਂ ਲਈ ਦੇਸ਼ਭਗਤੀ ਦੇ ਜਜ਼ਬਿਆਂ ਦੇ ਪ੍ਰਗਟਾਅ ਦੀ ਜ਼ਰੂਰਤ ਹੋਰ ਜ਼ਿਆਦਾ ਬਣੀ ਹੋਈ ਹੈ
ਕਿਉਕਿ ਭਾਜਪਾ ਨੇ ਚੋਣਾਂ ’ਚ ਉੱਤਰਨ ਲਈ ਫਿਰਕੂ ਤੇ ਕੌਮੀ ਸ਼ਾਵਨਵਾਦੀ ਹਥਿਆਰ ਦੀ
ਰੱਜਵੀਂ ਵਰਤੋਂ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਖਿਲਾਫ਼
ਤੇ ਮੁਸਲਮਾਨ ਧਾਰਮਿਕ ਫਿਰਕੇ ਖਿਲਾਫ਼ ਫਿਰਕੂ ਸ਼ਾਵਨਵਾਦੀ ਲਾਮਬੰਦੀਆਂ ਰਾਹੀਂ ਭਾਜਪਾ ਮੁੜ ਗੱਦੀ ’ਤੇ ਬੈਠਣ ਦੇ ਸੁਪਨੇ
ਪਾਲ ਰਹੀ ਹੈ। ਅਜਿਹੇ ਮਹੌਲ ’ਚ ਜਲ੍ਹਿਆਂਵਾਲਾ
ਬਾਗ ਸ਼ਤਾਬਦੀ ਆਉਣੀ ਤੇ ਦੇਸ਼ਭਗਤਾਂ ਵਜੋਂ ਪੇਸ਼ ਹੋਣਾ ਇਹਨਾਂ ਹਾਕਮ ਧੜਿਆਂ ਲਈ ਹੋਰ ਵੀ ਸੋਨੇ ’ਤੇ ਸੁਹਾਗੇ ਵਾਲੀ
ਗੱਲ ਬਣਦੀ ਹੈ।
ਇਹ ਲੁਟੇਰੀਆਂ
ਜਮਾਤਾਂ ਅਸਲ ’ਚ ਮੁਲਕ ਦੇ ਲੋਕਾਂ ਦੀਆਂ ਗਦਾਰ ਹਨ। ਇਹਨਾਂ ਦੀ ਵਫਾਦਾਰੀ ਸਾਮਰਾਜੀਆਂ ਨਾਲ ਹੈ। ਬਰਤਾਨਵੀ ਸਾਮਰਾਜ ਦੇ ਸਿੱਧੇ ਤੌਰ ’ਤੇ ਰਾਜ ਵੇਲੇ
ਵੀ ਇਹਨਾਂ ਜਮਾਤਾਂ ਦੇ ਗੱਠਜੋੜ ਨਾਲ ਹੀ, ਉਹ ਇੱਥੋਂ ਲੁੱਟ ਕਰਦੇ ਰਹੇ। ਅੰਗਰੇਜ਼ਾਂ ਨੇ ਭਾਰਤ ’ਚ ਆਉਣ ਤੋਂ ਬਾਅਦ ਇਥੋਂ ਦੇ ਰਾਜਿਆਂ ਤੇ ਜਾਗੀਰਦਾਰਾਂ
ਨਾਲ ਸੌਦੇ-ਸੰਧੀਆਂ ਕੀਤੀਆਂ ਤੇ ਇਹਨਾਂ ਜਾਗੀਰਦਾਰਾਂ ਨੇ ਕਿਰਤੀ ਕਿਸਾਨਾਂ ਦੀ ਲੁੱਟ ਹੋਰ ਤੇਜ਼ ਕੀਤੀ ਅਤੇ ਅੰਗਰੇਜ਼ਾਂ ਨੂੰ ਹਿੱਸਾ ਦਿੱਤਾ। ਇਉ ਹੀ ਏਥੇ ਵਪਾਰ ਦੌਰਾਨ ਪੈਦਾ ਹੋਈ ਦਲਾਲ ਸਰਮਾਏਦਾਰਾਂ ਦੀ ਜਮਾਤ ਸੀ ਜਿਸਦੇ
ਸਾਰੇ ਕਾਰੋਬਾਰ ਤੇ ਮੁਨਾਫੇ ਅੰਗਰੇਜੀ ਸਾਮਰਾਜ ਦੇ ਕਾਰੋਬਾਰਾਂ ਨਾਲ ਹੀ ਬੱਝੇ ਹੋਏ ਸਨ ਅਤੇ ਇਹ ਉਹਨਾਂ
’ਤੇ ਹਰ ਤਰ੍ਹਾਂ ਨਿਰਭਰ ਸੀ। ਇਹਨਾਂ ਨੇ ਵੀ
ਅੰਗਰੇਜ਼ੀ ਸਾਮਰਾਜ ਦੀ ਲੁੱਟ ’ਚੋਂ ਹਿੱਸਾ ਵੰਡਾਇਆ। ਇਹ ਜਮਾਤਾਂ ਹੀ ਸਨ ਜਿਹੜੀਆਂ ਅੰਗਰੇਜੀ ਸਾਮਰਾਜ ਤੋਂ ਸਿਆਸੀ ਤਾਕਤ ’ਚੋਂ ਵੀ ਹਿੱਸਾ
ਪੱਤੀ ਲਈ ਮਿੰਨਤਾਂ ਤਰਲੇ ਕਰਦੀਆਂ ਸਨ, ਕਦੇ ਕਦੇ ਸਾਮਰਾਜੀਆਂ ਮੂਹਰੇ ਰਿਅ੍ਹਾੜ ਵੀ ਕਰ ਲੈਂਦੀਆਂ
ਸਨ ਪਰ ਇਹ ਸਾਮਰਾਜੀਆਂ ਦੇ ਹਿੱਤਾਂ ਨਾਲ ਹੀ ਬੱਝੀਆਂ ਹੋਈਆਂ ਸਨ। ਇਹਨਾਂ ਨੇ ਆਪਣੀਆਂ ਸੌਦੇਬਾਜੀਆਂ ਨੂੰ ਭਾਰਤੀ ਕੌਮੀ ਸੰਗਰਾਮ ਦੇ ਪਰਦੇ ਹੇਠ
ਲੁਕੋਣ ਦਾ ਯਤਨ
ਕੀਤਾ ਤੇ ਉੱਪਰੋਂ ਦਾਅਵਾ ਆਜ਼ਾਦੀ ਦੀ ਲਹਿਰ ਦੇ ਆਗੂ ਹੋਣ ਦਾ ਕੀਤਾ ਜਦ ਕਿ ਅਮਲ ’ਚ ਆਜ਼ਾਦੀ ਦੀ ਲਹਿਰ
ਨਾਲ ਗਦਾਰੀ ਕੀਤੀ। ਕਾਂਗਰਸ ਇਹਨਾਂ
ਜਮਾਤਾਂ ਦੀ ਹੀ ਸਿਆਸੀ ਨੁਮਾਇੰਦਾ ਸੀ ਜਿਸਨੇ ਤਨੋਂ ਮਨੋਂ ਅੰਗਰੇਜ਼ੀ ਸਾਮਰਾਜ ਦੀ ਸੇਵਾ ਕੀਤੀ। ਜਲ੍ਹਿਆਂਵਾਲਾ ਬਾਗ ਕਤਲੇਆਮ ਉਸ ਵੇਲੇ ਮੁਲਕ ’ਚ ਬਣ ਰਹੇ ਬਗਾਵਤ
ਵਰਗੇ ਹਾਲਤਾਂ ਨਾਲ ਨਜਿੱਠਣ ਲਈ ਹੀ ਅੰਗਰੇਜ ਸਾਮਰਾਜੀਆਂ ਵੱਲੋਂ ਰਚਾਇਆ ਗਿਆ ਸੀ। ਕਾਂਡ ਤੋਂ ਪਹਿਲਾਂ ਦੇ ਕੁੱਝ ਮਹੀਨਿਆਂ ’ਚ ਮੁਲਕ ਭਰ ’ਚ ਹੀ ਅੰਗਰੇਜ
ਹਕੂਮਤ ਖਿਲਾਫ ਜੋਰਦਾਰ ਉਭਾਰ ਦਾ ਦੌਰ ਸੀ। ਪੰਜਾਬ ਵਿਸ਼ੇਸ਼
ਕਰਕੇ ਉੱਭਰਵਾਂ ਸੀ। ਥਾਂ ਥਾਂ ’ਤੇ ਲੋਕ ਸੜਕਾਂ
’ਤੇ ਨਿੱਤਰ ਰਹੇ ਸਨ। ਇਹ ਕਾਂਡ ਤਾਂ
ਸਿਖਰਲੀ ਘਟਨਾ ਸੀ ਜਦ ਕਿ ਹੋਰ ਵੀ ਕਈ ਥਾਵਾਂ ’ਤੇ ਪੁਲਿਸ ਵੱਲੋਂ ਗੋਲੀ ਚਲਾਉਣ ਅਤੇ ਲੋਕਾਂ ਵੱਲੋਂ
ਸ਼ਾਨਦਾਰ ਟਾਕਰਾ ਕਰਨ ਦੀਆਂ ਘਟਨਾਵਾਂ ਵਾਪਰੀਆਂ ਸਨ। ਆਪ ਮੁਹਾਰੀਆਂ
ਹੜਤਾਲਾਂ ਹੋ ਰਹੀਆਂ ਸਨ। ਨੌਜਵਾਨ ਤਬਕਾ
ਇਸ ਰੋਹਲੇ ਉਭਾਰ ਦਾ ਸਭ ਤੋਂ ਸਰਗਰਮ ਅੰਗ ਸੀ । ਬਾਗ ਅੰਦਰ ਹੋਏ
ਕਤਲੇਆਮ ’ਚ ਸ਼ਹੀਦਾਂ ਦੀ ਸੂਚੀ ਦੀਆਂ ਉਮਰਾਂ ’ਤੇ ਝਾਤ ਮਾਰਿਆਂ
ਇਹੀ ਦਿਖਦਾ ਹੈ ਕਿ ਇਹ ਇਕੱਠ ਲਗਭਗ ਨੌਜਵਾਨਾਂ ਦਾ ਹੀ ਸੀ। ਅਜਿਹੇ ਸ਼ਾਨਦਾਰ ਜਨਤਕ ਉਭਾਰ ਦੇ ਸਮੇ ਕਾਂਗਰਸੀ ਲੀਡਰਸ਼ਿਪ ਵੱਲੋਂ ਲੋਕਾਂ ਨਾਲ
ਗਦਾਰੀ ਤੇ ਸਾਮਰਾਜੀਆਂ ਨਾਲ ਯਾਰੀ ਵਾਲਾ ਰਿਸ਼ਤਾ ਹੀ ਨਿਭਾਇਆ ਗਿਆ ਸੀ। ਕਾਂਗਰਸ ਲੀਡਰਸ਼ਿਪ ਵੱਲੋਂ ਅੰਮ੍ਰਿਤਸਰ ਅੰਦਰ 6 ਅਪੈ੍ਰਲ ਦੀ ਹੜਤਾਲ ਦਾ ਸੱਦਾ 7 ਅਪੈ੍ਰਲ ਨੂੰ ਨਾ ਮਿਲਵਰਤਨ ਲਹਿਰ
ਚਲਾਉਣ ਦਾ ਐਲਾਨ ਕਰਕੇ ਵਾਪਸ ਲੈ ਲਿਆ ਗਿਆ ਸੀ ਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀਆਂ ਅਪੀਲਾਂ ਕੀਤੀਆਂ
ਗਈਆਂ ਸਨ। ਮਹਾਤਮਾ ਗਾਂਧੀ
ਨੇ ਲੋਕਾਂ ਨੂੰ ਉਸਦੀਆਂ ਲਿਖੀਆਂ ਕਿਤਾਬਾਂ ਜੋ ਸਰਕਾਰ ਵੱਲੋਂ ਪਾਬੰਦੀ ਅਧੀਨ ਸਨ , ਦਾ ਪਾਠ ਕਰਨ ਤੋਂ ਬਿਨਾਂ ਹੋਰ ਕੁੱਝ ਵੀ ਨਾ ਕਰਨ ਦੀ ‘ਸੇਧ’ ਦਿੱਤੀ ਸੀ। ਤੇ ਕਿਹਾ ਸੀ ਇਉਂ
ਉਹਨਾਂ ਦਾ ਗੁੱਸਾ ਸ਼ਾਂਤ ਹੋ ਜਾਵੇਗਾ। ਜਦ ਕਿ ਹੇਠਲੇ
ਕਾਂਗਰਸੀ ਕਾਰਕੁੰਨਾਂ ਤੇ ਸਥਾਨਕ ਲੀਡਰਾਂ ਵੱਲੋਂ ਲੋਕ ਰੌਂਅ ਨਾਲ ਖੜ੍ਹਦਿਆਂ ਹੜਤਾਲ ’ਚ ਹਿੱਸਾ ਲਿਆ
ਗਿਆ ਸੀ। ਜਦ ਕਿ ਉੱਪਰਲੀ
ਲੀਡਰਸ਼ਿਪ ਵੱਲੋਂ ਇਸ ਰੌਂਅ ਨੂੰ ਠੰਢਾ ਕਰਨ ਲਈ ਸਾਰਾ ਤਾਣ ਲਾਇਆ ਗਿਆ ਸੀ। ਪੰਜਾਬ ਆ ਰਹੇ ਮਹਾਤਮਾ ਗਾਂਧੀ ਨੂੰ ਜਦੋਂ ਰਸਤੇ ’ਚੋਂ ਗ੍ਰਿਫਤਾਰ
ਕਰਕੇ ਵਾਪਸ ਭੇਜ ਦਿੱਤਾ ਗਿਆ ਸੀ ਤਾਂ ਉਸਦਾ ਬਿਆਨ ਸੀ ਕਿ ਉਹ ਤਾਂ ਪੰਜਾਬ ’ਚ ਸ਼ਾਂਤੀ ਕਾਇਮ
ਕਰਵਾਉਣ ਜਾ ਰਿਹਾ ਸੀ ਨਾ ਕਿ ਲੋਕਾਂ ਨੂੰ ਹੋਰ ਭੜਕਾਉਣ ਤੇ ਉਸਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਸੀ
ਸਰਕਾਰ ਨੇ ਉਸਦੇ ਜਾਣ ਦੇ ਮਕਸਦ ਨੂੰ ਸਹੀ ਤਰਾਂ ਸਮਝਿਆ ਹੀ ਨਹੀਂ ਸੀ। ਅਜਿਹੀ ਸੀ ਕਾਂਗਰਸੀ ਲੀਡਰਸ਼ਿਪ ਦੀ ਗੱਦਾਰੀ ਜਿਸਨੇ ਅੰਗਰੇਜ਼ੀ ਸਾਮਰਾਜ ਨੂੰ
ਵਖਤ ਪਾ ਰਹੇ ਲੋਕਾਂ ਦੇ ਉਭਾਰ ਦੀ ਫੂਕ ਕੱਢਣ ਲਈ ਸਿਰਤੋੜ ਯਤਨ ਕੀਤੇ ਸਨ। ਇਹੀ ਕੁੱਝ ਮਗਰੋਂ ਉੱਠੇ ਨਾ ਮਿਲਵਰਤਨ ਅੰਦੋਲਨ ਦੌਰਾਨ ਕੀਤਾ ਗਿਆ ਸੀ । ਜਦੋਂ ਸਾਮਰਾਜੀ ਹਾਕਮ ਉਬਾਲੇ ਮਾਰ ਰਹੇ ਲੋਕ ਰੋਹ ਨਾਲ ਲੂਹੇ ਜਾ ਰਹੇ ਸਨ
ਤਾਂ ਇਹ ਅੰਦਲੋਨ ਵਾਪਸ ਲੈ ਲਿਆ ਗਿਆ ਸੀ। ਬਰਤਾਨਵੀ ਵਸਤਾਂ
ਦੇ ਬਾਈਕਾਟ ਦੀ ਸ਼ਕਲ ਵੀ ਗਾਂਧੀ ਨੂੰ ਹਿੰਸਕ ਕਾਰਵਾਈ ਜਾਪਦੀ ਸੀ। ਉਸਨੇ ਕਿਹਾ ਸੀ,‘‘ ਅਹਿੰਸਾਤਮਕ ਨਾ-ਮਿਲਵਰਤਨ ਦੇ
ਦ੍ਰਿਸ਼ਟੀਕੋਣ ਤੋਂ ਬਰਤਾਨਵੀ ਵਸਤਾਂ ਦੇ ਬਾਈਕਾਟ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ। ਇਹ ਸਿੱਧਾ ਬਦਲੇ ਦੀ ਕਾਰਵਾਈ ਨਾਲ ਉਠਾਇਆ ਗਿਆ ਕਦਮ ਹੈ ਤੇ ਇਸ ਵਿੱਚ ਸਜਾ
ਦੇਣ ਦੀ ਭਾਵਨਾ ਛੁਪੀ ਹੋਈ ਹੈ।’’
ਅੰਗਰੇਜਾਂ ਦੀ
ਪਾੜੋ ਤੇ ਰਾਜ ਕਰੋ ਦੀ ਨੀਤੀ ਵੀ ਇਹਨਾਂ ਲੁਟੇਰੀਆਂ ਜਮਾਤਾਂ ਰਾਹੀਂ ਹੀ ਲਾਗੂ ਕੀਤੀ ਗਈ। ਅੰਗਰੇਜ਼ਾਂ ਦੀ ਸਰਪ੍ਰਸਤੀ ਨਾਲ ਫਿਰਕੂ ਜਥੇਬੰਦੀਆਂ ਤੇ ਪਾਰਟੀਆਂ ਖੜ੍ਹੀਆਂ ਕੀਤੀਆਂ ਗਈਆਂ। ਮੁਸਲਮਾਨਾਂ ’ਚ ਮੁਸਲਿਮ ਲੀਗ ਖੜ੍ਹੀ ਕੀਤੀ ਗਈ ਤੇ ਹਿੰਦੂਆਂ ’ਚ ਹਿੰਦੂ ਮਹਾਂ
ਸਭਾ ਅਤੇ ਆਰ ਐਸ ਐਸ ਬਣਾਈ ਗਈ। ਉਦੋਂ ਮੌਜੂਦ ਲੱਗਭੱਗ
ਸਭਨਾਂ ਧਾਰਮਿਕ ਸੰਸਥਾਵਾਂ ’ਤੇ ਵੀ ਇਹਨਾਂ ਜਮਾਤਾਂ ਦਾ ਹੀ ਗਲਬਾ ਸੀ ਤੇ ਇਹਨਾਂ
ਦੀ ਵਫਾਦਾਰੀ ਕਾਰਨ ਅੰਗਰੇਜ਼ਾਂ ਨੇ ਧਾਰਮਿਕ
ਸੰਸਥਾਵਾਂ ਨੂੰ ਆਪਣੇ ਹਿੱਤਾਂ ਲਈ ਖੁੱਲ੍ਹ ਕੇ ਵਰਤਿਆ। ਪੰਜਾਬ ’ਚ ਸਿੱਖ ਧਰਮ ਦੀਆਂ ਸੰਸਥਾਵਾਂ ਨੂੰ ਅੰਗਰੇਜੀ ਸਾਮਰਾਜ
ਦੀ ਸੇਵਾ ’ਚ ਅਤੇ ਗਦਰੀ ਸੂਰਬੀਰਾਂ ਖਿਲਾਫ਼ ਫ਼ਤਵੇ ਜਾਰੀ ਕਰਵਾਉਣ ਲਈ ਵਰਤਣਾ ਇਸਦੀ ੳੱੁਘੜਵੀਂ
ਉਦਾਹਰਨ ਹੈ। ਚੀਫ਼ ਖਾਲਸਾ ਦੀਵਾਨ
ਤੋਂ ਲੈ ਕੇ ਅਕਾਲ ਤਖ਼ਤ ਤੱਕ ਦੀ ਵਰਤੋਂ ਕੀਤੀ ਗਈ। ਇਉ ਹੀ ਆਰ.ਐਸ. ਐਸ. ਵੀ ਨਿਸ਼ੰਗ ਹੋ ਕੇ ਸਾਮਰਾਜੀ
ਸੇਵਾ ’ਚ ਭੁਗਤੀ । ਇਸਦੇ ਮੋਢੀਆਂ ’ਚੋਂ ਇੱਕ, ਵੀਰ ਸਾਵਰਕਰ ਨੇ
ਅੰਡੇਮਾਨ ਜੇਲ੍ਹ ਵਿਚੋਂ ਮੁਆਫੀਨਾਮਾ ਲਿਖ ਕੇ, ਅੰਗਰੇਜ਼ੀ ਹਿੱਤਾਂ ਲਈ ਕੰਮ
ਕਰਨ ਦਾ ਵਾਅਦਾ ਕੀਤਾ ਤੇ ਸਾਰੀ ਉਮਰ ਸਾਮਰਾਜੀਆਂ ਦਾ ਵਫਾਦਾਰ ਰਿਹਾ। ਆਰ. ਐਸ. ਐਸ.ਦੇ ਕਾਰਕੁੰਨ ਅੰਗਰੇਜ਼ਾਂ ਦੇ ਬਕਾਇਦਾ ਟਾੳੂਟਾਂ ਵਾਂਗ ਹੀ ਰਹੇ ਤੇ ਉਹਨਾਂ ਦੇ ਰਾਜ ਦੇ ਗੁਣਗਾਨ
ਕਰਦੇ ਰਹੇ। ਆਰ.ਐਸ. ਐਸ. ਦੇ ਕਾਰਕੁੰਨ ਰਹੇ-ਅਟਲ ਬਿਹਾਰੀ ਵਾਜਪਾਈ ਦਾ ਨਾਮ ਵੀ ਭਾਰਤ ਛੱਡੋ ਅੰਦੋਲਨ ਵੇਲੇ ਦੇਸ਼ ਭਗਤਾਂ ਖਿਲਾਫ ਗਵਾਹੀ
ਦੇਣ ਵਲਿਆਂ ’ਚ ਬੋਲਦਾ ਹੈ।
ਜਲਿਆਂਵਾਲਾ
ਬਾਗ ਵੇਲੇ ਦੇ ਕਤਲੇਆਮ ਦਾ ਉਹੀ ਸਮਾਂ ਹੈ ਜਦੋਂ ਇੱਕ ਪਾਸੇ ਮੁਲਕ ਦੀਆਂ ਕਿਰਤੀ ਜਮਾਤਾਂ ਨੰਗੇ ਧੜ ਅੰਗਰੇਜੀ
ਸਾਮਰਾਜ ਖਿਲਾਫ਼ ਸੰਗਰਾਮ ’ਚ ਕੁੱਦ ਰਹੀਆਂ ਸਨ, ਸਾਮਰਾਜ ਤੇ ਲੋਕਾਂ ਦੀ ਦੁਸ਼ਮਣੀ ਦੀ ਲਕੀਰ ਲੋਕਾਂ ਦੇੇ ਲਹੂ ਨਾਲ ਹੋਰ ਗੂੜ੍ਹੀ ਹੁੰਦੀ ਜਾ
ਰਹੀ ਸੀ ਤੇ ਦੂਜੇ ਪਾਸੇ ਇਹ ਲੁਟੇਰੀਆਂ ਜਮਾਤਾਂ ਲੋਕ ਰੋਹ ’ਚ ਘਿਰਦੇ ਜਾ ਰਹੇ
ਸਾਮਰਾਜੀਆਂ ਦੀ ਸੇਵਾ ’ਚ ਲੋਟ-ਪੋਟ ਹੋ ਰਹੀਆਂ ਸਨ। ਸਾਮਰਾਜੀ ਲੁਟੇਰਿਆਂ ਨਾਲ ਇਹਨਾਂ ਦੇਸੀ ਲੁਟੇਰਿਆਂ ਦਾ ਨਾਪਾਕ ਗੱਠਜੋੜ ਹੋਰ
ਮਜ਼ਬੂਤ ਹੁੰਦਾ ਜਾ ਰਿਹਾ ਸੀ। ਜਲਿਆਂਵਾਲਾ
ਬਾਗ ਤੋਂ 5 ਵਰ੍ਹੇ ਪਹਿਲਾਂ ਸ਼ੁਰੂ ਹੋਈ ਪਹਿਲੀ ਸੰਸਾਰ ਜੰਗ ’ਚ ਬਰਤਾਨਵੀ ਸਾਮਰਾਜ
ਦੇ ਹਿੱਤਾਂ ਖਾਤਰ ਮੁਲਕ ਦੀ ਜਵਾਨੀ ਨੂੰ ਝੋਕਣ ’ਚ ਇਹ ਅੰਗਰੇਜਾਂ ਤੋਂ ਵੀ ਮੂਹਰੇ ਸਨ। ਪਟਿਆਲੇ ਵਾਲੇ ਰਾਜੇ ਨੇ ਆਪਣੀਆਂ ਫੌਜਾਂ ਅੰਗਰੇਜਾਂ ਵੱਲੋਂ ਜੰਗ ’ਚ ਲੜਨ ਲਈ ਭੇਜੀਆਂ
ਸਨ। ਇਹਨਾਂ ਜਮਾਤਾਂ ਦੀ ਨੁਮਾਇੰਦਾ ਕਾਂਗਰਸ ਪਾਰਟੀ ਨੇ ਆਪਣੀ
1914 ਦੀ ਕਾਂਗਰਸ ’ਚ ਜੰਗ ਦੀ ਹਮਾਇਤ
’ਚ ਇਉ ਮਤਾ ਪਾਇਆ, ਕਾਂਗਰਸ ਦੇ ਮਤਾ ਨੰ.
4 ਵਿਚ ਕਿਹਾ ਗਿਆ, ‘‘(ੳ ) .. .. ਇਹ ਕਾਂਗਰਸ ਸਮਰਪਣ
ਦਾ ਪ੍ਰਗਟਾਵਾ ਕਰਦੀ ਹੈ। ਬਰਤਾਨਵੀ ਸਬੰਧਾਂ
ਨਾਲ ਆਪਣੀ ਅਡੋਲ ਵਫਾਦਾਰੀ ਅਤੇ ਹਰ ਬਿਪਤਾ ’ਚ ਹਰ ਕੀਮਤ ’ਤੇ ਸਲਤਨਤ ਦਾ
ਸਾਥ ਦੇਣ ਦਾ ਐਲਾਨ ਕਰਦੀ ਹੈ। (ਅ) ਇਹ ਕਾਂਗਰਸ ਸ਼ੁਕਰਾਨੇ ਅਤੇ ਉਤਸ਼ਾਹ ਦੀ ਉਸ ਭਾਵਨਾ ਨੂੰ ਨੋਟ
ਕਰਦੀ ਹੈ, ਜਿਹੜੀ ਭਾਰਤੀ ਰਾਜਿਆਂ ਅਤੇ ਲੋਕਾਂ ਨੂੰ ਜੰਗ ਦੇ ਸ਼ੁਰੂ ਹੋਣ ’ਤੇ ਦਿੱਤੇ ਗਏ
ਸ਼ਾਹੀ ਸੰਦੇਸ਼ ਸਦਕਾ ਮੁਲਕ ਦੇ ਕੋਨੇ ਕੋਨੇ ਵਿਚ ਪ੍ਗਟ ਹੋਈ ਹੈ। ਇਸ ਸੰਦੇਸ਼ ਤੋਂ ਪ੍ਰਤੱਖ ਰੂਪ ’ਚ ਉਹਨਾਂ ਪ੍ਰਤੀ
ਬਾਦਸ਼ਾਹ ਸਲਾਮਤ ਦੀ ਮਿਹਰਬਾਨੀ ਅਤੇ ਹਮਦਰਦੀ ਝਲਕਦੀ ਹੈ। ਇਸ ਨਾਲ ਉਹ ਬੰਧਨ ਹੋਰ ਮਜ਼ਬੂਤ ਹੋਇਆ ਹੈ ਜਿਹੜਾ ਭਾਰਤੀ ਰਾਜਿਆਂ ਅਤੇ ਲੋਕਾਂ
ਨੂੰ ਸ਼ਾਹੀ ਘਰਾਣੇ ਅਤੇ ਬਾਦਸ਼ਾਹ ਸਲਾਮਤ ਦੀ ਜਾਹੋ ਜਲਾਲ ਵਾਲੀ ਸ਼ਾਹੀ ਹਸਤੀ ਨਾਲ ਜੋੜਦਾ ਹੈ।
ਮਤਾ ਨੰ.5 ਵਿਚ ਕਿਹਾ ਗਿਆ ਹੈ ਕਿ,‘‘ਇਹ ਕਾਂਗਰਸ ਭਾਰਤੀ ਜੰਗੀ ਫੌਜਾਂ ਦੀ ਜੰਗ ਦੇ ਅਖਾੜੇ ਵੱਲ ਰਵਾਨਗੀ ਨੂੰ ਸ਼ੁਕਰਾਨੇ
ਅਤੇ ਤਸੱਲੀ ਨਾਲ ਨੋਟ ਕਰਦੀ ਹੈ। ਕਾਂਗਰਸ ਵਇਸਰਾਏ ਐਚ. ਈ. ਦਾ ਤਹਿ ਦਿਲੋਂ ਧੰਨਵਾਦ ਕਰਨ ਦੀ ਇਜਾਜ਼ਤ ਚਾਹੁੰਦੀ ਹੈ,
ਜਿਹਨਾਂ ਨੇ ਭਾਰਤ ਦੇ ਲੋਕਾਂ ਨੂੰ ਇਹ ਵਿਖਾਉਣ ਦਾ ਮੌਕਾ ਦਿੱਤਾ ਹੈ ਕਿ ਬਾਦਸ਼ਾਹ ਸਲਾਮਤ
ਦੀ ਬਰਾਬਰ ਦੀ ਰਿਆਇਆ ਵਜੋਂ ਇਨਸਾਫ ਅਤੇ ਸਚਾਈ
ਦੀ ਰਾਖੀ ਅਤੇ ਸਲਤਨਤ ਦੇ ਕਾਜ ਲਈ ਉਹ ਸਲਤਨਤ ਦੇ ਹੋਰਨਾਂ ਹਿੱਸਿਆਂ ਦੇ ਲੋਕਾਂ ਦੇ ਮੋਢੇ
ਨਾਲ ਮੋਢਾ ਜੋੜ ਕੇ ਲੜਨ ਲਈ ਤਿਆਰ ਹਨ।’’ ਇੱਥੇ ਕਾਂਗਰਸ ਪਾਰਟੀ ਨੇ ਆਏ ਸਾਲ ਆਪਣੇ
ਸੈਸ਼ਨਾਂ ’ਚ ਅੰਗਰੇਜੀ ਰਾਜ ਪ੍ਰਤੀ ਵਫਾਦਾਰੀ ਅਤੇ ਜੰਗ ਦੀ ਹਮਾਇਤ
ਦੀਆਂ ਕਸਮਾਂ ਖਾਣੀਆਂ 1918 ਤੱਕ ਜਾਰੀ ਰੱਖੀਆਂ, ਜਦੋਂ
ਇਸਨੇ ਬਾਦਸ਼ਾਹ ਨੂੰ ਜੰਗ ਦੇ ਅੰਤ ’ਤੇ ਵਧਾਈਆਂ ਦਿੱਤੀਆਂ। ਹਿੳੂਮ ਆਪਣੀ ਕਬਰ ’ਚ ਹੀ ਇਹ ਵੇਖ ਕੇ ਗਦ ਗਦ ਹੋ ਗਿਆ ਹੋਵੇਗਾ ਕਿ ਆਖੀਰ
ਕਾਂਗਰਸ ਨੂੰ ਖੁੱਲ੍ਹੀ ਸਰਕਾਰੀ ਮਾਨਤਾ ਮਿਲ ਗਈ ਹੈ। 1914 ਦੀ ਕਾਂਗਰਸ ’ਚ ਮਦਰਾਸ ਦਾ ਗਵਰਨਰ ਪੈਂਟਲੈਂਡ ਸ਼ਾਮਲ ਹੋਇਆ ਸੀ, 1915 ਦੀ ਕਾਂਗਰਸ ’ਚ ਬੰਬਈ ਦਾ ਗਵਰਨਰ ਲਾਰਡ ਵਲਿੰਗਟਨ, 1916 ਦੀ ਕਾਂਗਰਸ ’ਚ ਯੂ.ਪੀ. ਦਾ
ਗਵਰਨਰ ਜੇਮਜ਼ ਮੇਸਟਨ.. ਇਹਨਾਂ ’ਚੋਂ ਹਰ ਕਿਸੇ
ਦਾ ਪੱਬਾਂ ਭਾਰ ਹੋ ਕੇ ਸਵਾਗਤ ਕੀਤਾ ਗਿਆ ਸੀ। ਜੱਲ੍ਹਿਆਂਵਾਲੇ
ਬਾਗ ਦੇ ਸ਼ਹੀਦਾਂ ਦਾ ਡੁੱਲਿਆ ਲਹੂ ਅਜੇ ਸੁੱਕਿਆ ਨਹੀਂ ਸੀ ਜਦੋਂ ਦਸੰਬਰ 1919 ’ਚ ਅੰਮ੍ਰਿਤਸਰ
ਵਿਖੇ ਕਾਂਗਰਸ ਦਾ 34ਵਾਂ ਇਜਲਾਸ ਹੋਇਆ। ਉਦੋਂ ਤੱਕ ਬਾਦਸ਼ਾਹ ਜਾਰਜ ਪੰਜਵੇਂ ਨੇ ਆਮ ਮੁਆਫੀ ਦਾ ਐਲਾਨ ਕਰਕੇ ਇਸ ਲਹਿਰ
ਦੇ ਸਾਰੇ ਕੈਦੀ ਰਿਹਾਅ ਕਰ ਦਿੱਤੇ ਸਨ ਅਤੇ ਕੁੱਝ ਪਾਬੰਦੀਆਂ ਚੁੱਕ ਲਈਆਂ ਸਨ। ਹੰਟਰ ਕਮੇਟੀ ਦੀ ਪੜਤਾਲ ਦੇ ਨਾਂ ਥੱਲੇ ਕੁੱਝ ਅਫਸਰਾਂ ’ਤੇ ਨਰਾਜ਼ਗੀ ਜਾਹਰ
ਕਰਕੇ, ਸਾਮਰਾਜੀ ਹਕੂਮਤ ਨੂੰ ਇਸ ਕੁਕਰਮ ਤੋਂ ਬਰੀ ਕੀਤਾ ਗਿਆ। ਮਾਂਟਗੇ ਚੈਮਸਫੋਰਡ ਸੁਧਾਰ ਸਕੀਮ ਦੇ ਅਧੀਨ ਸੂਬਾਈ ਸਰਕਾਰਾਂ ਨੂੰ ਕੁੱਝ ਤਾਕਤ
ਦਿੱਤੀ ਗਈ ਸੀ, ਜਿਵੇਂ ਵਿਕਾਸ ਦਾ ਵਿਭਾਗ ਚੁਣੇ ਹੋਏ ਨੁਮਾਇੰਦਿਆਂ ਹਵਾਲੇ
ਕੀਤਾ ਗਿਆ ਸੀ, ਜਦ ਕਿ ਅਸਲ ’ਚ ਕਾਂਗਰਸ ਨਾਲ
ਸੌਦੇਬਾਜੀ ਸੀ। ਉਹਨਾਂ ਨੂੰ ਵਜੀਰੀਆਂ
ਦੇਣ ਰਾਹੀਂ ਕੌਮੀ ਲਹਿਰ ਨਾਲ ਧ੍ਰੋਹ ਕਮਾਉਣ ’ਚ ਹੋਰ ਅੱਗੇ ਵਧਣ ਦੀ ਪੇਸ਼ਕਸ਼ ਸੀ। ਕਾਂਗਰਸ ਨੇ ਇਹਨਾਂ ਅਖੌਤੀ ਸੁਧਾਰਾਂ ਦੀ ਬੱਲੇ-ਬੱਲੇ ਕੀਤੀ ਤੇ ਇਹਨਾਂ ਖਾਤਰ ਐਡਵਿਨ ਮਾਂਟੇਗੋ ਦਾ ਇਜਲਾਸ ’ਚ ਧੰਨਵਾਦ ਕੀਤਾ
। ਇਉ ਜਲਿਆਂਵਾਲੇ
ਬਾਗ ’ਚ ਡੁੱਲੇ੍ਹ ਲਹੂ ਦਾ ਮੁੱਲ ਵੱਟਦਿਆਂ, ਕਾਂਗਰਸ ਦੀ ਅੰਗਰੇਜ਼ੀ ਸਾਮਰਾਜ ਨਾਲ ਯਾਰੀ ਹੋਰ ਪੱਕੀ ਹੋਈ। ਉਸ ਤੋਂ ਅਗਾਂਹ ਸੂਬਿਆਂ ’ਚ ਵਜੀਰੀਆਂ ਲੈਣ ਦਾ ਅਮਲ ਚੱਲਿਆ ।
ਇਹ ਜੰਗ ਸਾਮਰਾਜੀ
ਮੁਲਕਾਂ ਦੀਆਂ ਆਪਣੀਆਂ ਬਸਤੀਆਂ ਦੀ ਇੱਕ ਦੂਜੇ ਤੋਂ ਰੱਖਿਆ ਦੀ ਅਤੇ ਹੋਰ ਬਸਤੀਆਂ ’ਤੇੇ ਕਬਜਾ ਕਰਨ
ਦੀ ਨਿਹੱਕੀ ਜੰਗ ਸੀ। ਇਸਦਾ ਲੋਕਾਂ ਦੇ
ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਸੀ। ਇਸ ਜੰਗ ’ਚ ਮਰਨ ਵਾਲਿਆਂ
ਦੀ ਗਿਣਤੀ 80 ਲੱਖ ਸੀ ਅਤੇ ਜਖਮੀਆਂ ਦੀ ਇਸ ਤੋਂ ਕਿਤੇ ਜ਼ਿਆਦਾ। ਇਹ ਜੰਗ ਲੋਕਾਂ ’ਤੇ ਵਿਆਪਕ ਤਬਾਹੀ ਬਣ ਕੇ ਝੁੱਲੀ ਸੀ। ਇਸ ਜੰਗ ਨੇ ਭਾਰਤ ਝੰਬ ਸੁਟਿਆ ਸੀ ਤੇ ਪੰਜਾਬ ’ਤੇ ਖਾਸ ਕਰਕੇ
ਮਾਰ ਪਈ। ਜੰਗ ਦੇ ਇਹਨਾਂ
ਵਰ੍ਹਿਆਂ ਦੌਰਾਨ ਹੀ ਸਾਮਰਾਜੀਆਂ ਖਿਲਾਫ ਲੋਕ ਉਭਾਰ ਉੱਠਿਆ ਸੀ ਤੇ ਅੰਗਰੇਜਾਂ ਨੇ ਉਸਨੂੰ ਕੁਚਲਣ ਲਈ
ਜਲ੍ਹਿਆਂਵਾਲਾ ਬਾਗ ਕਤਲੇਆਮ ਰਚਿਆ ਸੀ।
ਕਾਂਗਰਸ ਦੀ ਸਾਮਰਾਜੀਆਂ
ਨਾਲ ਇਹ ਵਫਾਦਾਰੀ ਦੀ ਨੀਤੀ ਇਉ ਹੀ ਅੱਗੇ ਵਧਦੀ ਰਹੀ। ਜੰਗ ’ਚ ਹਮਾਇਤ ਨੂੰ ਵੀ ਬੇਸ਼ਰਮੀ ਨਾਲ ਦੇਸ਼ ਭਗਤੀ ਕਰਾਰ ਦਿੱਤਾ
ਗਿਆ ਤੇ ਹੁਣ ਤੱਕ ਸਾਮਰਾਜੀ ਹਿੱਤਾਂ ਲਈ ਮੁਲਕ ਨੂੰ ਤੇ ਮੁਲਕ ਦੀ ਜਵਾਨੀ ਨੂੰ ਝੋਕਣਾ ਇਹਨਾਂ ਲਈ ਦੇਸ਼
ਭਗਤੀ ਹੈ। ਜੇਕਰ ਉਦੋਂ ਅੰਗਰੇਜੀ
ਸਾਮਰਾਜ ਦੀ ਸੇਵਾ ਲਈ ਇਹ ਕੀਤਾ ਗਿਆ ਤਾਂ ਹੁਣ ਅਮਰੀਕੀ ਸਾਮਰਾਜ ਦੀ ਸੇਵਾ ਲਈ ਮੁਲਕ ਦੀ ਜਵਾਨੀ ਨੂੰ
ਵਿਦੇਸ਼ੀ ਧਰਤੀਆਂ ’ਤੇ ਮਰਨ ਲਈ ਭੇਜਿਆ ਜਾਂਦਾ ਹੈ।
ਕਾਂਗਰਸ ਪਾਰਟੀ
ਸਮੇਤ ਇਹਨਾਂ ਲੁਟੇਰੀਆਂ ਜਮਾਤਾਂ ਦੇ ਹੋਰਨਾਂ ਸਿਆਸੀ ਨੁਮਾਇੰਦਿਆਂ ਨਾਲ ਵਫਾਦਾਰੀ ਦਾ ਰਿਸ਼ਤਾ ਹੋਰ ਅੱਗੇ ਵਧਾਇਆ। ਮੁਲਕ ’ਚ ਉੱਠੇ ਵੱਡੇ ਜਨਤਕ ਉਭਾਰਾਂ, ਫੌਜੀ ਬਗਾਵਤਾਂ ਤੇ ਕਿਸਾਨ ਲਹਿਰਾਂ ਦੇ ਝਟਕਿਆਂ ਨਾਲ ਬਰਤਾਨਵੀ ਸਾਮਰਾਜੀਏ ਥਰ ਥਰ ਕੰਬ ਰਹੇ
ਹਨ ਤੇ ਭਾਰਤ ਦਾ ਕੋਨ ਕੋਨਾ ਸੰਗਰਾਮਾਂ ਦਾ ਅਖਾੜਾ ਬਣਿਆ ਹੋਇਆ ਸੀ। ਅੰਗਰੇਜੀ ਫੌਜਾਂ ਥੋੜ੍ਹੀ ਗਿਣਤੀ ’ਚ ਸਨ ਤੇ ਉਹ ਖਤਰੇ
ਹੇਠ ਸਨ। ਇਸ ਹਾਲਤ ਨੂੰ
ਅੰਗਰੇਜ਼ ਇਉ ਦੇਖਦੇ ਸਨ ਜਿਵੇਂ ਵਾਇਸਰਾਏ ਦੇ ਚੀਫ ਆਫ ਸਟਾਫ ਨੇ ਕਿਹਾ ਸੀ, ‘‘ਮਾਰਚ 1947 ਵਿਚ ਭਾਰਤ, ਅੱਧ ਸਮੁੰਦਰ ਵਿਚ ਬਾਰੂਦ ਨਾਲ ਭਰੇ ਅਤੇ ਅੱਗ ਦੀਆਂ
ਲਪਟਾਂ ਨਾਲ ਘਿਰੇ ਸਮੁੰਦਰੀ ਜਹਾਜ਼ ਵਾਂਗ ਸੀ। ਉਸ ਸਮੇਂ ਮਸਲਾ ਇਹ ਸੀ ਕਿ ਬਾਰੂਦ ਤੱਕ ਪਹੁੰਚਣ ਤੋਂ ਪਹਿਲਾਂ ਪਹਿਲਾਂ ਇਸ
ਅੱਗ ਨੂੰ ਕਿਵੇਂ ਬੁਝਾਇਆ ਜਾਵੇ।’’ ਤੇ ਅਜਿਹੇ ਜਨਤਕ ਉਭਾਰਾਂ ਨੂੰ ਡੱਕਣ ਲਈ ਕਾਂਗਰਸ ਅੰਗਰੇਜ ਸਾਮਰਾਜੀਆਂ ਦੀ ਸੇਵਾ ’ਚ ਆਈ ਤੇ ਸੌਦੇਬਾਜੀ ਕਰਕੇ ਸੱਤਾ ਸੰਭਾਲ ਲਈ ਗਈ
ਤੇ ਅੰਗਰੇਜ ਸਾਮਰਾਜੀਆਂ ਦੇ ਹਿੱਤਾਂ ਨੂੰ ਲੋਕ ਰੋਹ ’ਚ ਰੁੜ੍ਹ ਜਾਣ
ਤੋਂ ਬਚਾ ਲਿਆ ਗਿਆ। ਲੋਕ ਰੋਹ ਮੂਹਰੇ
ਕਾਂਗਰਸ ਢਾਲ ਬਣਕੇ ਖੜ੍ਹੀ, ਅੰਗਰੇਜੀ ਸਾਮਰਾਜ ਦਾ ਬਚਾਅ ਕੀਤਾ ਤੇ ਲੋਕਾਂ ਦੇ ਵਿਦਰੋਹਾਂ
ਨੂੰ ਮੂਹਰੇ ਲੱਗ ਕੇ ਕੁਚਲਿਆ।
ਇਉ ਮੁਲਕ ਦੀਆਂ
ਇਹਨਾਂ ਲੁਟੇਰੀਆਂ ਜਮਾਤਾਂ ਨੇ, ਬਰਤਾਨਵੀ ਸਾਮਰਾਜੀਆਂ ਨਾਲ ਰਲਕੇ ਸੱਤਾ ਬਦਲੀ ਦਾ ਨਾਟਕ
ਖੇਡਿਆ, ਕੌਮੀ ਮੁਕਤੀ ਲਹਿਰ ਨਾਲ ਧ੍ਰੋਹ ਕਮਾਇਆ। ਉਸ ਤੋਂ ਮਗਰੋਂ ਬੀਤੇ 70 ਸਾਲਾਂ ਤੋਂ ਇਹ ਲੁਟੇਰੀਆਂ ਤੇ
ਦਲਾਲ ਜਮਾਤਾਂ ਲੋਕਾਂ ਨੂੰ ਲੁੱਟਣ ਤੇ ਕੁੱਟਣ ਅਤੇ ਸਾਮਰਾਜੀਆਂ ਨਾਲ ਵਫਾ ਪੁਗਾਉਣ ਦੇ ਕੁਕਰਮਾਂ ਦੀ
ਦਾਸਤਾਂ ਰਚ ਰਹੀਆਂ ਹਨ। ਸਾਮਰਾਜੀਆਂ ਤੋਂ
ਵਿਰਸੇ ’ਚ ਲਈ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਅੱਗੇ ਵਧਾ ਰਹੀਆਂ ਹਨ। ਧਰਮਾਂ ਤੇ ਫਿਰਕਿਆਂ ਦੀ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਰੱਜ ਕੇ ਵਰਤੋਂ
ਕਰਦੀਆਂ ਹਨ, ਕਾਲੇ ਕਾਨੂੰਨਾਂ ਦੀ ਵਿਰਾਸਤ ਨੂੰ ਅੱਗੇ ਤੋਰ ਰਹੀਆਂ
ਹਨ ਤੇ ਹੱਕ ਮੰਗਦੇ ਲੋਕਾਂ ਦੇ ਥਾਂ ਥਾਂ ਕਤਲੇਆਮ ਰਚਾਉਦੀਆਂ ਹਨ।
ਅੱਜ ਜਲਿਆਂਵਾਲਾ
ਬਾਗ ਸ਼ਤਾਬਦੀ ਮਨਾਉਦੇ ਸਮੇਂ ਇਹਨਾਂ ਦਲਾਲ ਜਮਾਤਾਂ ਤੇ ਇਹਨਾਂ ਦੇ ਪਾਲਣਹਾਰ ਸਾਮਰਾਜੀਆਂ ਦੇ ਖਿਲਾਫ
ਸੰਗਰਾਮ ਤੇਜ਼ ਕਰਨ ਦਾ ਅਹਿਦ ਕਰਨਾ ਚਾਹੀਦਾ ਹੈ।
No comments:
Post a Comment