ਭਾਰਤ ਨੂੰ ਬਰਤਾਨਵੀ
ਸਾਮਰਾਜੀਆਂ, ਦੀ ਬਸਤੀਵਾਦੀ ਗੁਲਾਮੀ ’ਚੋਂ ਮੁਕਤ ਕਰਾਉਣ
ਲਈ ਭਾਰਤ ਦੇ ਹਜ਼ਾਰਾਂ ਲੱਖਾਂ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਸਨ। ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੇ ਆਪਣੀਆਂ ਜਾਨਾਂ ਵਾਰੀਆਂ ਸਨ। 13 ਅਪ੍ਰੈਲ 1919 ਨੂੰ ਜੱਲ੍ਹਿਆਂਵਾਲਾ
ਬਾਗ ਅੰਮ੍ਰਿਤਸਰ ’ਚ ਜਾਲਮ ਡਾਇਰ ਦੀਆਂ ਗੋਲੀਆਂ ਦੀ ਵਰਖਾ ’ਚ ਸ਼ਹਾਦਤਾਂ ਪਾਉਣ
ਵਾਲੇ ਸੈਂਕੜਿਆਂ ਦੀ ਗਿਣਤੀ ’ਚ ਲੋਕ ਵੀ ਸ਼ਹੀਦਾਂ ਦੀ ਇਸ ਲੰਮੀ ਕਤਾਰ ’ਚ ਸ਼ਾਮਲ ਹਨ। ਭਾਰਤ ਦੀ ਕੌਮੀ ਆਜ਼ਾਦੀ ਦੇ ਸੰਗਰਾਮ ’ਚ ਆਪਣੀਆਂ ਜਾਨਾਂ
ਦੀ ਆਹੂਤੀ ਦੇਣ ਵਾਲੇ ਇਹ ਸਭ ਸ਼ਹੀਦ ਸਾਡੇ ਸਤਿਕਾਰ ਦੇ ਪਾਤਰ ਹਨ। ਸਾਡੇ ਇਨਕਲਾਬੀ ਸਿਜਦੇ ਦੇ ਹੱਕਦਾਰ ਹਨ।
ਇਸ ਸਾਲ 13 ਅਪ੍ਰੈਲ ਦਾ ਦਿਨ ਅੰਮ੍ਰਿਤਸਰ ਦੇ ਜੱਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਸ਼ਹਾਦਤ ਦੀ
100 ਵੀਂ ਵਰ੍ਹੇ-ਗੰਢ ਹੈ। ਇਸ ਯਾਦਗਾਰੀ ਦਿਹਾੜੇ ’ਤੇ ਕੌਮੀ ਆਜ਼ਾਦੀ ਦੇ ਇਹਨਾਂ ਪਰਵਾਨਿਆਂ ਦੀ ਰਿਣੀ ਭਾਰਤੀ
ਕੌਮ ਨੇ ਇਹਨਾਂ ਦੀ ਇਸ ਕੁਰਬਾਨੀ ਨੂੰ ਯਾਦ ਕਰਨਾ ਹੈ, ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ
ਭੇਂਟ ਕਰਨੇ ਹਨ। ਉਹਨਾਂ ਨੂੰ ਮਿੰਟ
ਦੋ ਮਿੰਟ ਮਨ ’ਚ ਯਾਦ ਕਰ ਲੈਣਾ ਜਾਂ ਉਹਨਾਂ ਦੀ ਕਿਸੇ ਯਾਦਗਾਰ ’ਤੇ ਜਾ ਕੇ ਸੀਸ
ਨਿਵਾ ਆਉਣਾ ਹੀ ਉਹਨਾਂ
ਨੂੰ ਸ਼ਰਧਾਂਜਲੀ ਨਹੀਂ ਬਣ ਜਾਂਦਾ। ਇਹੋ ਜਿਹੇ ਖੇਖਣ
ਤਾਂ ਉਹਨਾਂ ਦੀ ਕੁਰਬਾਨੀ ਦਾ ਮੁੱਲ ਵੱਟਣ ਲਈ ਹਾਕਮ ਟੋਲੇ ਬਥੇਰਾ ਕਰਦੇ ਰਹਿੰਦੇ ਹਨ। ਸ਼ਹੀਦਾਂ ਨੂੰ ਸੱਚੀ ਸ਼ਰਧਾਂਜ਼ਲੀ ਅਸਲ ’ਚ ਉਸ ਰਾਹ ’ਤੇ ਚੱਲਣਾ ਹੈ
ਜਿਸ ਲਈ ਉਹਨਾਂ ਨੇ ਆਪਣੀਆਂ ਜਾਨਾਂ ਦੀ ਬਾਜੀ ਲਾਈ ਸੀ। ਨਿਰਸੰਦੇਹ, ਇਹ ਰਾਹ ਸੀ ਬਸਤੀਵਾਦੀ ਗੁਲਾਮੀ ਤੇ ਲੁੱਟ ਤੋਂ ਨਿਜਾਤ
ਹਾਸਲ ਕਰਨ ਦਾ ਰਾਹ, ਭਾਰਤ ਨੂੰ ਹਰ ਕਿਸਮ ਦੀ ਲੁੱਟ ਤੇ ਦਾਬੇ ਤੋਂ ਮੁਕਤ
ਇੱਕ ਮਾਣਮੱਤੇ ਤੇ ਸ਼ਕਤੀਸ਼ਾਲੀ ਦੇਸ਼ ’ਚ ਵਿਕਸਤ ਕਰਨ ਦਾ ਸੁਪਨਾ।
ਅੱਜ ਗੋਰੇ ਅੰਗਰੇਜ਼ਾਂ
ਨੂੰ ਭਾਰਤ ਛੱਡਕੇ ਗਿਆਂ ਨੂੰ ਲੱਗਭੱਗ ਸੱਤ ਦਹਾਕੇ ਬੀਤ ਗਏ ਹਨ। ਭਾਰਤ ਕਹਿਣ ਨੂੰ ਇੱਕ ਆਜ਼ਾਦ ਮੁਲਕ ਹੈ ਜੋ ਬਸਤੀਵਾਦੀ ਗੁਲਾਮੀ ਦਾ ਜੂਲਾ ਲਾਹ
ਚੁੱਕਿਆ ਹੈ। ਪਰ ਇਹ ਸਭ ਸਿਰਫ਼
ਕਹਿਣ ਦੀਆਂ ਗੱਲਾਂ ਹਨ। ਭਾਰਤ ’ਚੋਂ ਭਾਂਵੇ ਅੰਗਰੇਜ਼
ਸਾਮਰਾਜੀਆਂ ਦਾ ਸਿੱਧਾ ਬਸਤੀਵਾਦੀ ਰਾਜ ਖਤਮ ਹੋ ਚੁੱਕਿਆ ਹੈ ਪਰ ਸਾਮਰਾਜ ਦੀ ਭਾਰਤ ਉੱਪਰ ਅਸਿੱਧੀ ਜਕੜ
ਜਾਰੀ ਹੈ। ਭਾਰਤ ਹਾਲੇ ਵੀ
ਸਾਮਰਾਜੀ ਚੋਰ ਗੁਲਾਮੀ ਦੀਆਂ ਮੁਸ਼ਕਾਂ ’ਚ ਕੱਸਿਆ ਹੋਇਆ ਹੈ। ਇਸ ਚੋਰ-ਗੁਲਾਮੀ ਦੇ ਜੂਲੇ ਨੂੰ ਵਗਾਹ ਕੇ ਮਾਰੇ ਬਿਨਾਂ ਭਾਰਤ ਖਰੀ
ਕੌਮੀ ਆਜ਼ਾਦੀ ਹਾਸਲ ਨਹੀਂ ਕਰ ਸਕਦਾ। ਸੋ ਗੋਰੇ ਹਾਕਮਾਂ
ਦੀ ਬਸਤੀਵਾਦੀ ਗੁਲਾਮੀ ਵਿਰੁੱਧ ਜੂਝਦਿਆਂ ਆਪਣੀਆਂ ਜਾਨਾਂ ਵਾਰ ਜਾਣ ਵਾਲੇ ਜੱਲ੍ਹਿਆਂਵਾਲਾ ਬਾਗ ਦੇ
ਤੇ ਹੋਰ ਕੌਮੀ ਸ਼ਹੀਦਾਂ ਨੂੰ ਅੱਜ ਹਕੀਕੀ ਤੇ ਸੱਚੀ ਸ਼ਰਧਾਂਜਲੀ ਇਹੀ ਬਣਦੀ ਹੈ ਕਿ ਭਾਰਤ ਨੂੰ ਘੁਣ ਵਾਂਗ
ਖਾ ਰਹੀ ਚੋਰ-ਗੁਲਾਮੀ ਦੀ ਇਸ ਲਾਹਨਤ ਵਿਰੁੱਧ ਸੰਗਰਾਮ ਪ੍ਰਚੰਡ ਕੀਤਾ
ਜਾਵੇ। ਇਸ ਚੋਰ ਗੁਲਾਮੀ
ਵਿਰੁੱਧ ਸੰਗਰਾਮ ਦਾ ਅਰਥ ਹੈ, ਚੋਰ-ਗੁਲਾਮੀ ਮੜ੍ਹਨ ਦੇ ਮੁਜਰਮ
ਸੰਸਾਰ ਸਾਮਰਾਜੀ ਪ੍ਰਬੰਧ ਵਿਰੁੱਧ, ਵਿਸ਼ੇਸ਼ ਕਰਕੇ ਇਸ ਪ੍ਰਬੰਧ ਦੇ ਸਰਗਣੇ
ਅਮਰੀਕਨ ਸਾਮਰਾਜਵਾਦ ਵਿਰੁੱਧ ਸੰਗਰਾਮ ਨੂੰ ਪ੍ਰਚੰਡ ਕੀਤਾ ਜਾਵੇ। ਸਾਮਰਾਜੀ ਚੋਰ-ਗੁਲਾਮੀ ਵਿਰੁੱਧ ਜੱਦੋਜਹਿਦ ਹੀ ਕੌਮੀ
ਆਜ਼ਾਦੀ ਦੇ ਇਹਨਾਂ ਮਹਾਨ ਸ਼ਹੀਦਾਂ ਨੂੰ ਖਰੀ ਸ਼ਰਧਾਂਜਲੀ ਹੈ।
ਭਾਰਤ ’ਚ ਸਾਮਰਾਜੀ ਚੋਰ-ਗੁਲਾਮੀ ਦੀ ਜਕੜ ਦੀਆਂ ਝਲਕਾਂ ਵਿਆਪਕ ਹਨ ਤੇ ਹਰ ਖੇਤਰ ਤੱਕ ਫੈਲੀਆਂ ਹੋਈਆਂ ਹਨ। ਹਥਲੀ ਲਿਖਤ ਵਿੱਚ ਅਸੀਂ ਕੁੱਝ ਅਹਿਮ ਖੇਤਰਾਂ ’ਚ ਇਸਦੇ ਕੁੱਝ
ਮਹੱਤਵਪੂਰਨ ਇਜ਼ਹਾਰਾਂ ਦਾ ਚੱਲਵਾਂ ਜ਼ਿਕਰ ਹੀ ਕਰਾਂਗੇ।
ਆਰਥਿਕ ਚੋਰ-ਗੁਲਾਮੀ ਦਾ ਫੈਲ ਰਿਹਾ ਜਾਲ
ਭਾਰਤ ਅੰਦਰ ਸਾਮਰਾਜ
ਦੀ ਆਰਥਿਕ ਚੋਰ-ਗੁਲਾਮੀ ਦਾ ਇੱਕ ਵਿਸ਼ਾਲ ਤੰਦੂਆ ਜਾਲ ਫੈਲਿਆ ਹੋਇਆ ਹੈ। ਇਹ ਜਾਲ ਸਾਮਰਾਜੀ ਪੂੰਜੀ ਨਿਵੇਸ਼, ਕਰਜ਼ੇ, ਵਿੱਤੀ ਮਦਦ, ਵਪਾਰ, ਬੈਂਕਿੰਗ,
ਪ੍ਰਸਪਰ ਸਹਿਯੋਗ ਤੇ ਹੋਰ ਅਨੇਕਾਂ ਰੂਪਾਂ ’ਚ ਹਰਕਤਸ਼ੀਲ ਹੈ। ਸਾਮਰਾਜੀ ਪ੍ਰਬੰਧ ਵੱਲੋਂ ਆਪਣੇ ਪੂੰਜੀਵਾਦੀ ਜਮਾਤੀ ਹਿੱਤਾਂ ਦੀ ਰਾਖੀ, ਪੈਰਵਾਈ ਤੇ ਵਧਾਰੇ ਲਈ ਸਾਮਰਾਜੀ ਸੰਸਥਾਵਾਂ ਦਾ ਵਿਆਪਕ ਤਾਣਾਬਾਣਾ ਬੁਣਿਆ ਗਿਆ ਹੈ। ਲੁਭਾਉਣੇ ਨਾਵਾਂ ਹੇਠ ਯੂ.ਐਨ.ਓ.
ਦੇ ਪਰਦੇ ਜਾਂ ਫਿਰ ਗੈਰ-ਸਰਕਾਰੀ ਵਲੰਟੀਅਰ ਸੰਸਥਾਵਾਂ ਦੇ
ਓਹਲੇ ’ਚ ਕੰਮ ਕਰਦੀਆਂ ਇਹ ਸੰਸਥਾਵਾਂ ਆਰਥਕ ਲੁੱਟ ਤੇ ਗੁਲਾਮੀ
ਦੇ ਪਸਾਰੇ ਦਾ ਤਾਣਾਬਾਣਾ ਮੁਹੱਈਆ ਕਰਦੀਆਂ ਹਨ। ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਫੰਡ ਤੇ ਸੰਸਾਰ ਵਪਾਰ ਜਥੇਬੰਦੀ ਦੀ ਬਦਨਾਮ ਸਾਮਰਾਜੀ ਤਿੱਕੜੀ ਅਜੋਕੇ ਸਮੇਂ
ਸਾਮਰਾਜੀ ਆਰਥਕ ਪ੍ਰਬੰਧ ਦੇ ਮੁੱਖ ਮੈਨੇਜਰ ਦਾ ਰੋਲ ਨਿਭਾ ਰਹੀ ਹੈ। ‘‘ਸੰਸਾਰੀਕਰਨ’’, ‘‘ਉਦਾਰੀਕਰਨ’’ ਤੇ ‘‘ਨਿੱਜੀਕਰਨ’’ ਦੀ ਮੂਲ ਧੁੱਸ ਦੇ ਆਧਾਰ ’ਤੇ ਇਹ ਅਜੇਹੀਆਂ ਨੀਤੀਆਂ ਦਾ ਤੇ ਉਹਨਾਂ ਨਾਲ ਜੁੜੀਆਂ
ਸ਼ਰਤਾਂ ਦਾ ਅਜੇਹਾ ਸਿਲਸਿਲਾ ਘੜਦੀਆਂ ਤੇ ਮੜ੍ਹਦੀਆਂ ਹਨ ਜਿਸ ਨਾਲ ਵੱਡੀਆਂ ਸਾਮਰਾਜੀ ਕੰਪਨੀਆਂ ਤੇ ਕਾਰਪੋਰੇਟ
ਘਰਾਣਿਆਂ ਦੇ ਹਿੱਤਾਂ ਦੀਆਂ ਪੌ-ਬਾਰਾਂ ਹੁੰਦੀਆਂ ਰਹਿੰਦੀਆਂ ਹਨ ਤੇ ਗਰੀਬ ਮੁਲਕਾਂ ਤੇ
ਗਰੀਬ ਵਸੋਂ ਦੀ ਰੱਤ-ਨਿਚੋੜ ਵਧਦੀ ਜਾਂਦੀ ਹੈ। ਇਹਨਾਂ ਸਾਮਰਾਜੀ ਸੰਸਥਾਵਾਂ ਦੀਆਂ ਨਾ-ਬਰਾਬਰੀ ਤੇ ਪੱਖਪਾਤ ’ਤੇ ਅਧਾਰਤ ਆਰਥਕ, ਵਿੱਤੀ ਤੇ ਵਪਾਰਕ ਨੀਤੀਆਂ ਅਮੀਰਾਂ ਨੂੰ ਹੋਰ ਅਮੀਰ ਬਨਾਉਣ ਤੇ ਗਰੀਬਾਂ ਨੂੰ ਹੋਰ ਗਰੀਬ ਕਰਨ
ਵੱਲ ਧਕਦੀਆਂ ਹਨ। ਉਦਾਹਰਣ ਲਈ, ਇਹ ਸਾਮਰਾਜੀ ਸੰਸਥਾਵਾਂ ਪੂੰਜੀ ਤੇ ਵਪਾਰ ਦੇ ਵਹਾਅ ਲਈ ਤਾਂ ਦੇਸ਼ਾਂ ਵਿਚਕਾਰ ਸੱਭੇ ਰੋਕਾਂ
ਟੋਕਾਂ ਖਤਮ ਕਰਨ ਦੀਆਂ ਜੋਰਦਾਰ ਮੁੱਦਈ ਹਨ ਕਿਉਕਿ ਇਸ ਨਾਲ ਵੱਡੇ ਕਾਰਪੋਰੇਟ ਘਰਾਣਿਆਂ ਤੇ ਵਪਾਰੀਆਂ
ਨੂੰ ਫਾਇਦਾ ਪਹੁੰਚਦਾ ਹੈ ਪਰ ਦੁਨੀਆਂ ਭਰ ’ਚ ਕਿਰਤ-ਸ਼ਕਤੀ ਦੇ ਬੇਰੋਕਟੋਕ
ਵਹਾਅ ਦੀਆਂ ਇਹ ਵਿਰੋਧੀ ਹਨ, ਕਿਉਕਿ ਇਸ ਨਾਲ ਸਾਮਰਾਜੀ ਮੁਲਕਾਂ ਨੂੰ ਨੁਕਸਾਨ
ਤੇ ਕਿਰਤ-ਸ਼ਕਤੀ ਦੀ ਬਹੁਲਤਾ ਵਾਲੇ ਗਰੀਬ ਮੁਲਕਾਂ ਨੂੰ ਲਾਭ ਪਹੁੰਚਦਾ ਹੈ।
ਨਵੀਆਂ ਆਰਥਕ ਨੀਤੀਆਂ
ਦੇ ਨਾਂ ਹੇਠ ਸਾਮਰਾਜੀ ਮੁਲਕਾਂ ਵੱਲੋਂ ਦੁਨੀਆਂ ਭਰ ਅੰਦਰ, ਵਿਸ਼ੇਸ਼ ਕਰਕੇ ਤੀਜੀ
ਦੁਨੀਆਂ ਦੇ ਗਰੀਬ ਤੇ ਪਛੜੇ ਦੇਸ਼ਾਂ ’ਤੇ ਠੋਸੀਆਂ ਜਾ ਰਹੀਆਂ ਆਰਥਕ-ਵਪਾਰਕ ਨੀਤੀਆਂ ਲੁੱਟ ਤੇ ਚੋਰ-ਗੁਲਾਮੀ ਦੇ ਅਮਲ ਨੂੰ ਤਿੱਖਾ ਕਰਨ
ਦਾ ਹੀ ਸਾਧਨ ਬਣ ਰਹੀਆਂ ਹਨ। ਉਦਾਹਰਣ ਲਈ, ਸਨਅਤੀ ਖੇਤਰ ’ਚ ਸਰਕਾਰੀ ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ, ਪੱਕੇ ਰੁਜ਼ਗਾਰ ਦੀ ਥਾਂ ਠੇਕਾ ਭਰਤੀ, ਅੱਠ ਘੰਟੇ ਦੀ ਦਿਹਾੜੀ ਦਾ
ਖਾਤਮਾ, ਕਾਮਿਆਂ ਦੀ ਜਦ ਚਾਹੇ ਭਰਤੀ ਤੇ ਛਾਂਟੀ ਦਾ ਅਧਿਕਾਰ, ਸੇਵਾ-ਸੁੱਰਖਿਆ, ਬੋਨਸ, ਪੈਨਸ਼ਨ ਆਦਿਕ ਦਾ ਖਾਤਮਾ ਆਦਿਕ ਸਭ ਮਿਹਨਤਕਸ਼ ਜਮਾਤ ਦੀ ਆਰਥਕ ਲੁੱਟ ਤੇ ਗੁਲਾਮੀ ਪੱਕੀ ਕਰਨ
ਤੇ ਵਧਾਉਣ ਵੱਲ ਸੇਧਤ ਹਨ। ਇਸੇ ਤਰ੍ਹਾਂ ਖੇਤੀ
ਖੇਤਰ ’ਚ ਫਸਲਾਂ ਦੇ ਭਾਅ ਬੰਨ੍ਹਣ ਤੇ ਉਹਨਾਂ ਦੀ ਸਰਕਾਰੀ ਖਰੀਦ ਬੰਦ ਕਰਨ, ਸਬਸਿਡੀਆਂ ਛਾਂਗਣ, ਬਰਾਮਦੀ ਖੇਤੀ ਨੂੰ ਉਤਸ਼ਾਹਤ ਕਰਨ,
ਠੇਕਾ ਫਾਰਮਿੰਗ ਸ਼ੁਰੂ ਕਰਨ ਆਦਿਕ ਸਭ ਨੀਤੀਆਂ ਛੋਟੇ ਕਿਸਾਨਾਂ ਦੇ ਹਿੱਤਾਂ ਦੇ ਵਿਰੁੱਧ
ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਵੱਲ ਸੇਧਤ ਹਨ। ਸਿੱਧੇ ਟੈਕਸ ਘਟਾਉਣ, ਖਾਸ ਕਰਕੇ ਅਮੀਰ ਦੇ ਧਨ-ਦੌਲਤ ਤੇ ਜਾਇਦਾਦ ਆਦਿਕ ’ਤੇ ਲੱਗਣ ਵਾਲੇ ਟੈਕਸਾਂ ’ਚ ਕਮੀ ਕਰਨ ਤੇ
ਅਸਿੱਧੇ ਟੈਕਸਾਂ ’ਚ ਤੇ ਉਹਨਾਂ ਦੇ ਘੇਰੇ ’ਚ ਆਉਦੀਆਂ ਵਸਤਾਂ
ਤੇ ਸੇਵਾਵਾਂ ’ਚ ਲਗਾਤਾਰ ਵਾਧਾ ਆਰਥਕ ਪਾੜੇ ਨੂੰ ਵਧਾਉਣ ਤੇ ਲੁੱਟ
ਤੇ ਚੋਰ-ਗੁਲਾਮੀ ਦੇ ਅਮਲ ਨੂੰ ਵਧਾਉਦਾ ਹੈ। ਬਦੇਸ਼ੀ ਕਰਜ਼ਿਆਂ, ਸਹਾਇਤਾ ਤੇ ਨਿਵੇਸ਼ ਨਾਲ ਸਾਮਰਾਜੀ
ਸੰਸਥਾਵਾਂ ਅਜੇਹੀਆਂ ਰੱਤ-ਚੂਸ ਸ਼ਰਤਾਂ ਮੜ੍ਹਦੀਆਂ ਹਨ ਜਿਹਨਾਂ ਨਾਲ ਗਰੀਬ
ਮੁਲਕਾਂ ਤੇ ਉਹਨਾਂ ਅੰਦਰਲੇ ਹੇਠਲੇ ਤਬਕਿਆਂ ਦਾ ਜੀਵਨ ਰਸਾਤਲ ਵੱਲ ਧਸਦਾ ਜਾਂਦਾ ਹੈ। ਸਾਲ ਦੋ ਸਾਲ ਪਹਿਲਾਂ ਗਰੀਸ (ਯੂਨਾਨ)
ਨਾਲ ਜੋ ਵਾਪਰਿਆ ਹੈ, ਉਹ ਸਭ ਦੇ ਸਾਹਮਣੇ ਹੈ। ਪਹਿਲਾਂ ਜ਼ਾਹਰਾ ਬਸਤੀਵਾਦੀ ਗੁਲਾਮੀ ਹੋਣ ਕਾਰਨ, ਵੇਲੇ ਦੇ ਬਸਤੀਵਾਦੀ ਹਾਕਮ, ਗੁਲਾਮ ਮੁਲਕਾਂ ਦੀ ਰੱਜਕੇ ਲੁੱਟ ਕਰਦੇ
ਸਨ। ਹੁਣ ਨਵ-ਬਸਤੀਵਾਦ ਦੇ ਦੌਰ ’ਚ ਸਾਮਰਾਜੀ ਮੁਲਕ ਗਰੀਬ ਮੁਲਕਾਂ ਨੂੰ ਇਹਨਾਂ ਅਦਿੱਸ
ਚੋਰ-ਗੁਲਾਮੀ ਦੀਆ ਤੰਦਾਂ ’ਚ ਫਸਾਕੇ, ਇਹਨਾਂ ਮੁਲਕਾਂ ਦੀ ਕਿਰਤ ਉੱਪਜ ਤੇ ਮਾਲ-ਖਜ਼ਾਨਿਆਂ ਨੂੰ ਦੋਹੀਂ
ਹੱਥੀਂ ਚੂੰਡ ਰਹੇ ਹਨ। ਇਹਨਾਂ ਮੁਲਕਾਂ
ਦੀਆਂ ਸਾਮਰਾਜੀ ਪਿੱਠੂ ਦਲਾਲ ਹਾਕਮ ਜਮਾਤਾਂ ਸਾਮਰਾਜੀ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ
ਕਰਦੀਆਂ ਰਹਿੰਦੀਆਂ ਹਨ ਤੇ ਇਸ ਲੁੱਟ-ਚੂੰਡ ਚੋਂ ਆਪਣਾ ਹਿੱਸਾ ਵਸੂਲਦੀਆਂ
ਰਹਿੰਦੀਆਂ ਹਨ। ਇੱਕ ਹੁਕਮਰਾਨ
ਪਾਰਟੀ ਜਾਂ ਜੁੰਡੀ ਦੇ ਬਦਨਾਮ ਹੋ ਜਾਣ ’ਤੇ ਸਾਮਰਾਜ ਦੀ ਵਫਾਦਾਰ ਕੋਈ ਹੋਰ ਜੁੰਡੀ ਅੱਗੇ ਆ ਜਾਂਦੀ
ਹੈ ਤੇ ਉਹਨਾਂ ਨੂੰ ਸਾਮਰਾਜੀ ਨੀਤੀਆਂ ਨੂੰ ਹੋਰ ਧੱੜਲੇ ਨਾਲ ਲਾਗੂ ਕਰਨ ਲੱਗ ਜਾਂਦੀ ਹੈ। ਇਹੀ ਵਜ੍ਹਾ ਹੈ ਕਿ ਪੰਜੀਂ-ਵਰ੍ਹੀਂ ਹਕੂਮਤੀ ਚਿਹਰੇ ਬਦਲ ਜਾਂਦੇ
ਹਨ ਪਰ ਹਕੂਮਤੀ ਨੀਤੀਆਂ ਨਹੀਂ ਬਦਲਦੀਆਂ ਚੋਰ-ਗੁਲਾਮੀ ਉਵੇਂ ਕਾਇਮ ਰਹਿੰਦੀ
ਤੇ ਪੈਰ ਪਸਾਰਦੀ ਜਾਂਦੀ ਹੈ।
ਭਾਰਤ-ਅਮਰੀਕੀ ਯੁੱਧਨੀਤਕ ਸਹਿਯੋਗ
ਬਰਾਬਰੀ ਜਾਂ ਅਧੀਨਗੀ
’ਤੇ ਅਧਾਰਤ?
ਅਮਰੀਕਨ ਸਾਮਰਾਜਵਾਦ, ਸਾਮਰਾਜੀ ਪ੍ਰਬੰਧ ਦਾ ਸਰਗਣਾ ਹੈ। ਇਹ ਦੁਨੀਆਂ ਭਰ
’ਚ ਸਭ ਤੋਂ ਵੱਡੀ ਤੇ ਬਦਨਾਮ ਜੰਗਬਾਜ਼ ਸ਼ਕਤੀ ਹੈ। ਇਸਦੇ ਦੁਨੀਆਂ ਭਰ ਅੰਦਰ 1500 ਦੇ ਲੱਗਭੱਗ ਫੌਜੀ ਜੰਗੀ ਅੱਡੇ
ਹਨ ਜੋ ਉਸਦੀ ਆਪਣੀ ਸੁਰੱਖਿਆ ਦੇ ਮੰਤਵ ਲਈ ਨਹੀਂ ਬਣਾਏ ਗਏ ਸਗੋਂ ਹਮਲਾਵਰ ਜੰਗ ਦੇ ਮੰਤਵ ਲਈ ਹਨ। ਉਹਨਾਂ ਦਾ ਉਦੇਸ਼ ਦੁਨੀਆਂ ਅੰਦਰ ਅਮਰੀਕੀ ਚੌਧਰ, ਧੌਂਸ ਤੇ ਦਬਦਬੇ ਨੂੰ ਕਾਇਮ ਕਰਨਾ ਤੇ ਇਸਦੇ ਜੋਰ ਆਪਣੀ ਲੁੱਟ ਤੇ ਦਾਬੇ ਨੂੰ ਬਣਾਈ ਰੱਖਣਾ
ਹੈ। ਅਮਰੀਕਨ ਸਾਮਰਾਜ
ਕੋਲ ਜਨਤਕ ਤਬਾਹੀ ਕਰਨ ਵਾਲੇ ਨੁਕਲੀਆਈ, ਕੈਮੀਕਲ, ਬਾਇਓਲੌਜੀਕਲ ਤੇ ਹੋਰ ਮਾਰੂ ਹਥਿਆਰਾਂ ਤੋਂ ਇਲਾਵਾ ਭਿਆਨਕ ਸਮੁੰਦਰੀ ਜੰਗੀ ਬੇੜੇ,
ਤਰ੍ਹਾਂ ਤਰ੍ਹਾਂ ਦੇ ਜਹਾਜ਼ ਤੇ ਘਾਤਕ ਅਸਤਰ-ਸ਼ਸਤਰ,
ਦੁਨੀਆਂ ਦੇ ਹਰ ਕੋਨੇ ਤੇ ਅਕਾਸ਼-ਪਾਤਾਲ ’ਚ ਮਾਰ ਕਰਨ ਵਾਲੀਆਂ
ਮਿਜ਼ਾਇਲਾਂ ਦੇ ਵੱਡੇ ਭੰਡਾਰ ਹਨ। ਅਮਰੀਕਾ ਦੁਨੀਆਂ
’ਚ ਅਸਥਿਰਤਾ ਤੇ ਜੰਗ ਦਾ ਸਭ ਤੋਂ ਵੱਡਾ ਸਰੋਤ ਹੈ ਅਤੇ ਇਸਦੇ ਹੱਥ ਲੱਖਾਂ
ਹੀ ਬੇਗੁਨਾਹ ਲੋਕਾਂ ਦੇ ਖੂਨ ’ਚ ਰੰਗੇ ਹੋਏ ਹਨ। ਅੱਜ ਅਮਰੀਕਨ ਸਾਮਰਾਜ ਸੰਸਾਰ ਅਮਨ ਲਈ ਸਭ ਤੋਂ ਵੱਡਾ ਖਤਰਾ ਹੈ।
ਪਿਛਲੇ ਦੋ ਤਿੰਨ ਦਹਾਕਿਆਂ ਦੇ ਅਮਲ ਦੌਰਾਨ, ਭਾਰਤੀ ਦਲਾਲ ਹਾਕਮਾਂ
ਦੀ ਮਿਲੀ ਭੁਗਤ ਨਾਲ, ਭਾਰਤ ਤੇ ਅਮਰੀਕਾ ਵਿਚਕਾਰ ਹੋਏ ਕਈ ਫੌਜੀ ਤੇ ਆਰਥਕ
ਇਕਰਾਰਨਾਮਿਆਂ ਤੇ ਸਮਝੌਤਿਆਂ ਦੀ ਬਦੌਲਤ, ਭਾਰਤ ਅਮਰੀਕਾ ਦੇ ਸੰਸਾਰ-ਵਿਆਪੀ ਯੁੱਧਨੀਤਕ ਤਾਣੇਬਾਣੇ ’ਚ ਸਹਿਯੋਗ ਵਧਾ ਰਿਹਾ ਹੈ। ਭਾਰਤ ਦੱਖਣੀ ਏਸ਼ੀਆ ਅਤੇ ਇਸਦੇ ਪਾਰ ਦੇ ਖਿੱਤੇ ਅੰਦਰ ਅਮਰੀਕੀ ਸਾਮਰਾਜਵਾਦ
ਦੀ ਸੇਵਾ ਵਿਚ ਭਾਰਤੀ ਰਾਜ ਦੇ ਫੌਜੀ ਰੋਲ ਨਿਭਾਉਣ ਬਾਰੇ ਸਹਿਮਤੀ ਦੇ ਰਿਹਾ ਹੈ। ਅਮਰੀਕਾ ਅਤੇ ਇਜਰਾਈਲ ਨਾਲ ਫੌਜੀ-ਜਾਸੂਸੀ ਸਹਿਯੋਗ ਵੀ
ਇਸ ਦਿਸ਼ਾ ਵੱਲ ਕਦਮ ਵਧਾਰਾ ਹੈ। ਦੁਨੀਆਂ ਭਰ ’ਚ ਚੱਲ ਰਹੇ ਸਾਮਰਾਜੀ
ਖਹਿਭੇੜ ਦੇ ਪ੍ਰੰਸਗ ’ਚ ਅਮਰੀਕਾ ਆਪਣੇ ਭਾਵੀ ਵਿਰੋਧੀਆਂ ਰੂਸ ਤੇ ਚੀਨ, ਖਾਸ ਕਰਕੇ ਚੀਨ ਨੂੰ ਘੇਰਕੇ ਰੱਖਣ ਲਈ ਉਹ ਭਾਰਤ ਨੂੰ ਆਪਣੇ ਖੇਮੇ ’ਚ ਸ਼ਾਮਲ ਕਰਨ ਲਈ
ਯਤਨਸ਼ੀਲ ਹੈ।
ਇਹਨਾਂ ਸਮਝੌਤਿਆਂ
ਰਾਹੀਂ ਅਮਰੀਕਨ ਫੌਜ ਨੂੰ ਭਾਰਤੀ ਹਵਾਈ ਅੱਡਿਆਂ, ਬੰਦਰਗਾਹਾਂ, ਤੇਲ-ਭਰਾਈ ਤੇ ਮੁਰੰਮਤ ਦੀਆਂ ਸਹੂਲਤਾਂ ਤੇ ਹੋਰ ਕਈ ਕੁੱਝ ਬੇਰੋਕਟੋਕ
ਵਰਤਣ ਦੀ ਖੁੱਲ੍ਹ ਮਿਲ ਗਈ ਹੈ। ਇਸਤੋਂ ਬਿਨਾਂ
ਅਮਰੀਕਾ ਭਾਰਤ ਦੇ ਸਮੁੰਦਰੀ ਬੇੜੇ ਨੂੰ ਚੀਨ ਦੇ ਸਮੁੰਦਰੀ ਖੇਤਰ ’ਚ ਸਾਂਝੀ ਪੈਟਰੋਿਗ
ਲਈ ਵਰਤਣ ਵਾਸਤੇ ਸਹਿਮਤੀ ਹਾਸਲ ਕਰਨ ’ਚ ਕਾਮਯਾਬ ਰਿਹਾ ਹੈ ਹਾਲਾਂਕਿ ਭਾਰਤ ਤੇ ਚੀਨ ’ਚ ਕੋਈ ਵੀ ਸਾਂਝਾ
ਸਮੁੰਦਰੀ ਖੇਤਰ ਨਹੀਂ ਹੈ। ਅਮਰੀਕਨ ਹਿੱਤਾਂ
ਦੀ ਪਹਿਰੇਦਾਰੀ ਲਈ ਅਤੇ ਆਪਣੀਆਂ ਪਿਛਾਖੜੀ ਇਲਾਕਾਈ ਪਸਾਰਵਾਦੀ ਲਾਲਸਾਵਾਂ ਤਹਿਤ ਭਾਰਤ ਇਸ ਝਗੜੇ ’ਚ ਉੱਲਝ ਰਿਹਾ
ਹੈ। ਇਹਨਾਂ ਸਮਝੌਤਿਆਂ
ਤਹਿਤ ਅਮਰੀਕਾ ਵੱਲੋਂ ਭਾਰਤੀ ਫੌਜਾਂ ਅਤੇ ਜੰਗੀ ਤਾਣੇਬਾਣੇ ਨੂੰ ਆਪਣੇ ਸੰਸਾਰ-ਵਿਆਪੀ ਜੰਗੀ ਮਨਸੂਬਿਆਂ ਲਈ ਵਰਤਣ ਦਾ ਰਾਹ ਖੁੱਲ੍ਹ ਗਿਆ ਹੈ। ਭਾਰਤੀ ਉੱਪ-ਮਹਾਂਦੀਪ ’ਚ ਵੀ ਭਾਰਤ ਅਮਰੀਕਨ
ਸਾਮਰਾਜ ਦੀ ਰਜ਼ਾਮੰਦੀ ਹਾਸਲ ਕੀਤੇ ਬਿਨਾਂ ਆਪਣੀ ਮਰਜ਼ੀ ਨਾਲ ਕੋਈ ਅਹਿਮ ਕਦਮ ਨਹੀਂ ਲੈ ਸਕਦਾ। ਬਾਲਾਕੋਟ ’ਚ ਹਵਾਈ ਹਮਲਿਆਂ ਦੇ ਪ੍ਰਸੰਗ ’ਚ ਅਮਰੀਕਨ ਅਧਿਕਾਰੀਆਂ
ਤੇ ਖੁਦ ਰਾਸ਼ਟਰਪਤੀ ਟਰੰਪ ਵੱਲੋਂ ਘਟਨਾ ਤੋਂ ਪਹਿਲਾਂ ਤੇ ਬਾਅਦ ਦੇ ਅਰਸੇ ’ਚ ਦਿੱਤੇ ਬਿਆਨਾਂ
ਤੋਂ ਇਸ ਅਧੀਨਗੀ ਵਾਲੇ ਰਿਸ਼ਤੇ ਦੀ ਤਸਦੀਕ ਹੋ ਜਾਂਦੀ ਹੈ।
ਭਾਰਤੀ ਹਾਕਮਾਂ
ਵੱਲੋਂ ਅਮਰੀਕਨ ਸਾਮਰਾਜੀ ਯੁੱਧਨੀਤਕ ਲੋੜਾਂ ਨਾਲ ਨੱਥੀ ਹੋਣ ਦਾ ਜਿੱਥੇ ਅਮਰੀਕਨ ਸਾਮਰਾਜੀਆਂ ਨੂੰ ਵੱਡਾ
ਫਾਇਦਾ ਪਹੁੰਚਿਆ ਹੈ, ਉੱਥੇ ਭਾਰਤ ਦੇ ਸਿਆਸੀ ਵਕਾਰ, ਕੌਮੀ ਪ੍ਰਭੂਸਤਾ ਦੀ ਪੁੱਗਤ ਅਤੇ ਆਪਣੀ ਆਜ਼ਾਦਾਨਾ ਮਰਜੀ ਦੇ ਪੁਗਾਉਣ ਪੱਖੋਂ ਗੰਭੀਰ ਅਰਥ-ਸੰਭਾਵਨਾਵਾਂ ਸਾਹਮਣੇ ਆ ਰਹੀਆਂ ਹਨ:
ਇਸ ਨਾਲ ਭਾਰਤ ਦਾ ਆਪਣੇ ਗਵਾਂਢੀ ਮੁਲਕਾਂ
ਨਾਲ ਤਣਾਅ ਵਧੇਗਾ ਤੇ ਭਾਰਤੀ ਉੱਪ-ਮਹਾਂਦੀਪੀ ਖਿੱਤੇ ’ਚ ਹਥਿਆਰਾਂ ਦੀ
ਦੌੜ ਤੇਜ਼ ਹੋਵੇਗੀ। ਬੇਹੱਦ ਸੀਮਤ ਬਜਟ
ਸਾਧਨਾਂ ਨੂੰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁੱਹਈਆ ਕਰਨ ਲਈ ਵਰਤਣ ਦੀ ਥਾਂ ਉਹਨਾਂ ਤੇ ਕੱਟ ਲਾਕੇ
ਸੁਰੱਖਿਆ ਖਰਚਿਆਂ ’ਚ ਭਾਰੀ ਵਾਧਾ ਕਰਨਾ ਪਵੇਗਾ। ਭਾਰਤ ਪਹਿਲਾਂ ਹੀ ਦੁਨੀਆਂ ’ਚ ਹਥਿਆਰਾਂ ਦੇ
ਸਭ ਤੋਂ ਵੱਡੇ ਖਰੀਦਦਾਰਾਂ ’ਚੋਂ ਇੱਕ ਹੈ। ਲਗਾਤਾਰ ਭਾਰੀ ਸੁਰੱਖਿਆ ਖਰਚਿਆਂ ਨਾਲ ਲੋਕਾਂ ਦੀਆਂ ਸਮੱਸਿਆਵਾਂ ਦੇ ਗੰਭੀਰ
ਹੁੰਦੇ ਜਾਣ ਨਾਲ ਅਸ਼ਾਂਤੀ ਤੇ ਅਸਥਿਰਤਾ ਵਧ ਸਕਦੀ ਹੈ। ਦੂਜੇ ਪਾਸੇ, ਅਮਰੀਕਾ ਦੀ ਜੰਗੀ ਸਨਅਤ ਲਈ ਇਹ ਨਿਆਮਤ ਬਣੀ ਰਹਿਣੀ ਹੈ
ਅਤੇ ਉਸਨੂੰ ਹਥਿਆਰਾਂ ਦੇ ਅਰਬਾਂ ਡਾਲਰ ਦੇ ਆਰਡਰ ਮਿਲਦੇ ਰਹਿਣਗੇ।
ਭਾਰਤ ਤੇ ਅਮਰੀਕਾ ਵਿਚਕਾਰ ਭਾਰਤ ਉੱਪਰ ਅਮਰੀਕੀ
ਦਬਦਬੇ ਵਾਲੇ ਇਸ ਰਿਸ਼ਤੇ ਕਾਰਨ ਪਹਿਲਾਂ ਭਾਰਤ ਨੂੰ ਤੁਰਕਮਿਨਸਤਾਨ, ਅਫਗਾਨਿਸਤਾਨ,
ਪਾਕਿਸਤਾਨ ਤੇ ਭਾਰਤ ਵਿਚਕਾਰ ਤੇਲ ਪਾਈਪ ਲਾਈਨ ਦੇ ਪ੍ਰੋਜੈਕਟ ਨੂੰ ਛੱਡਣਾ ਪਿਆ ਸੀ। ਫਿਰ ਇਰਾਨ ਤੋਂ ਮਿਲਦੇ ਸਸਤੇ ਤੇਲ ਦੀ ਖਰੀਦ ’ਤੇ ਅਮਰੀਕਨ ਦਬਾਅ
ਹੇਠ ਭਾਰੀ ਕੱਟ ਲਾਕੇ ਵੱਡਾ ਆਰਥਕ ਹਰਜਾ ਝੱਲਣਾ ਪਿਆ। ਹੁਣ ਇਹੀ ਕੁੱਝ ਵੈਨਜ਼ੁਏੇਲਾ ਤੋਂ ਤੇਲ ਦੀ ਖਰੀਦ ਦੇ ਮਾਮਲੇ ’ਚ ਕਰਨ ਲਈ ਭਾਰੀ
ਅਮਰੀਕਨ ਦਬਾਅ ਦਾ ਸਾਹਮਣਾ ਹੈ।
ਅਮਰੀਕਨ ਸਾਮਰਾਜੀਆਂ ਵੱਲੋਂ ਆਪਣੀਆਂ ਧੌਂਸਬਾਜ,
ਜੰਗਬਾਜ਼ ਤੇ ਲੋਟੂ ਨੀਤੀਆਂ ਕਰਕੇ ਤੇ ਦਹਿਸ਼ਤਵਾਦ ਦੇ ਵਿਰੁੱਧ ਜੱਦੋ ਜਹਿਦ ਦੇ ਨਾਂ
ਹੇਠ ਮੁਲਕਾਂ ’ਚ ਕੀਤੀ ਜੰਗੀ ਤਬਾਹੀ ਤੇ ਕਤਲੇਆਮ ਕਰਕੇ ਇਸ ਵੱਲੋਂ
ਦੁਨੀਆਂ ਭਰ ’ਚ ਸਹੇੜੇ ਵੈਰ ਤੇ ਇਜ਼ਰਾਈਲ ਵਰਗੀਆਂ ਘੋਰ ਅਣ-ਮਨੁੱਖੀ ਤੇ ਨਸਲਪ੍ਰਸਤ ਹਕੂਮਤਾਂ ਦੀ ਇਸ ਵੱਲੋਂ ਕੀਤੀ ਜਾ ਰਹੀ ਪੁਸ਼ਤ ਪਨਾਹੀ ਕਰਕੇ ਇਹ ਦੁਨੀਆਂ
ਭਰ ’ਚ ਲੋਕਾਂ ਦੇ ਬਹੁਤ ਵੱਡੇ ਹਿੱਸੇ ਦੀ ਡੂੰਘੀ ਨਫ਼ਰਤ ਦਾ ਪਾਤਰ ਬਣ ਰਿਹਾ ਹੈ। ਭਾਰਤ ਦੀ ਅਮਰੀਕਨ ਸਾਮਰਾਜੀਆਂ ਨਾਲ ਵਧ ਰਹੀ ਨੇੜਤਾ ਤੇ ਉਹਨਾਂ ਦੀ ਕੀਤੀ
ਜਾ ਰਹੀ ਚੌਕੀਦਾਰੀ ਕਾਰਨ ਇਸਨੂੰ ਅਮਰੀਕਾ-ਵਿਰੋਧੀ ਅਨਸਰਾਂ ਦੀਆਂ ਖਾੜਕੂ ਕਾਰਵਾਈਆਂ
ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤਰ੍ਹਾਂ ਅਮਰੀਕਾ
ਨਾਲ ਇਹ ਯਾਰੀ ਭਾਰਤ ਨੂੰ ਆਪਣੀ ਸ਼ਾਂਤੀ ਤੇ ਸਥਿਰਤਾ ਪੱਖੋਂ ਲੰਮਂੇ ਚਿਰ ਲਈ ਮਹਿੰਗੀ ਸਿਰ ਦਰਦੀ ਬਣ
ਸਕਦੀ ਹੈ। ਅਮਰੀਕੀ ਸਾਮਰਾਜੀ
ਕਰਨੀਆਂ ਦੀ ਕੀਮਤ ਭਾਰਤ ਨੂੰ ਭਰਨੀ ਪੈ ਸਕਦੀ ਹੈ।
ਮਨੁੱਖੀ ਜੀਵਨ ਲਈ ਤੇ ਵਾਤਾਵਰਣ ਲਈ ਖਤਮ
ਹੋਣ ਕਾਰਨ ਅਮਰੀਕਾ ’ਚ ਕਬਾੜ ਬਣੀ ਹੋਈ ਨੁਕਲੀਅਰ ਰੀਐਕਟਰ ਸਨਅਤ ਤੇ ਬੰਦ
ਹੋਣ ਜਾ ਰਹੇ ਐਫ-16 ਜੰਗੀ ਜਹਾਜ਼ਾਂ ਦੇ ਕਾਰਖਾਨੇ ਭਾਰਤ ਨੂੰ ਵੇਚਕੇ ਅਮਰੀਕਾ
ਨੇ ‘‘ਨਾਲੇ ਪੁੰਨ ਨਾਲੇੇ ਫਲੀਆਂ’’ ਵਾਲੀ ਖੱਟੀ ਹਾਸਲ ਕਰ ਲਈ ਹੈ। ਵੇਲਾ ਵਿਹਾਅ ਰਹੀ ਜੰਗੀ ਸਨਅਤ ਲਈ ਅਗਾਂਹ ਨੂੰ ਵੀ ਭਾਰਤ ਅਮਰੀਕਾ ਲਈ ਚੰਗਾ
ਕਬਾੜਖਾਨਾ ਟੱਕਰ ਗਿਆ ਹੈ।
ਇਸ ਖਿੱਤੇ ’ਚ ਅਮਰੀਕਾ ਦੀ
ਸਰਪ੍ਰਸਤੀ ਹੇਠ ਭਾਰਤ ਵੱਲੋਂ ਇਲਾਕਾਈ ਲੱਠਮਾਰ ਦੇ ਰੂਪ ’ਚ ਨਿਭਾਏ ਜਾਣ
ਵਾਲੇ ਰੋਲ ਸਦਕਾ ਭਾਰਤ ਦੇ ਗਵਾਂਢੀ ਮੁਲਕਾਂ ਨਾਲ ਪਹਿਲਾਂ ਹੀ ਕਿਰਕਰੇ ਚੱਲ ਰਹੇ ਸੰਬੰਧ ਹੋਰ ਵੀ ਵਿਗੜ
ਸਕਦੇ ਹਨ। ਇਹਨਾਂ ਸੰਬੰਧਾਂ
ਦੀ ਨੁਹਾਰ ਨੂੰ ਹਕੀਕੀ ਅਰਥਾਂ ’ਚ ਅਮਰੀਕਨ ਸਾਮਰਾਜੀਆਂ ਦੀ ਇਸ ਖਿੱਤੇ ਅੰਦਰਲੀ ਵਿਉਤ
ਹੀ ਪ੍ਰਭਾਵਿਤ ਕਰੇਗੀ।
ਉਪਰੋਕਤ ਸੰਖੇਪ
ਚਰਚਾ ਇਸ ਗੱਲ ਵੱਲ ਸਪਸ਼ਟ ਸੰਕੇਤ ਕਰਦੀ ਹੈ ਕਿ ਭਾਰਤ ਦੀ ਕੌਮੀ ਆਜ਼ਾਦੀ ਲਈ ਜੂਝਣ ਵਾਲੇ ਦੇਸ਼ ਭਗਤਾਂ
ਨੇ ਜਿਹੋ ਜਿਹੀ ਖਰੀ ਕੌਮੀ ਆਜ਼ਾਦੀ ਤੇ ਆਜ਼ਾਦ ਭਾਰਤ ’ਚ ਨਿਆਂ ਤੇ ਬਰਾਬਰੀ ਤੇ ਆਧਾਰਤ ਰਾਜ ਨੂੰ ਚਿਤਵਿਆ ਸੀ, ਉਹ ਸੁਪਨਾ ਪੂਰਾ ਨਹੀਂ ਹੋਇਆ। ਉਹ ਕਾਰਜ ਹਾਲੇ
ਅਧੂਰਾ ਪਿਆ ਹੈ।
ਆਓ, ਜੱਲ੍ਹਿਆਂਵਾਲੇ ਬਾਗ ਦੀ ਸ਼ਤਾਬਦੀ ਦੇ ਮੌਕੇ ’ਤੇ ਉਸ ਅਧੂਰੇ
ਕਾਰੋਜ ਨੂੰ ਪੂਰਾ ਕਰਨ ਦਾ ਅਹਿਦ ਦ੍ਰਿੜਾਈਏ।
No comments:
Post a Comment