Saturday, April 6, 2019

ਬਾਗ ’ਚ ਗੁਜ਼ਾਰੀ ਸਾਕੇ ਵਾਲੀ ਰਾਤ (ਰਤਨ ਦੇਵੀ ਦੀ ਜ਼ੁਬਾਨੀ)



ਮੈਂ ਜਲਿਆਂ ਵਾਲੇ ਬਾਗ ਦੇ ਨੇੜੇ ਆਪਣੇ ਘਰ ਵਿਚ ਸਾਂ, ਜਦ ਮੈਂ ਗੋਲੀ ਦਾ ਖੜਾਕ ਸੁਣਿਆ ਮੈਂ ਯਕਦਮ ਉਠ ਖੜੋਤੀ, ਮੈਨੂੰ ਫਿਕਰ ਲੱਗ ਗਿਆ ਕਿਉਂਕਿ ਮੇਰੇ ਪਤੀ ਬਾਗ ਨੂੰ ਗਏ ਹੋਏ ਸਨ ਮੈਂ ਕੁਰਲਾਉਣਾ ਸ਼ੁਰੂ ਕਰ ਦਿੱਤਾ ਅਤੇ ਦੋ ਤੀਵੀਆਂ ਆਪਣੀ ਸਹਾਇਤਾ ਲਈ ਲੈ ਕੇ ਉਸ ਥਾਂ ਤੇ ਪਹੁੰਚੀ ਮੈਂ ਉਥੇ ਲਾਸ਼ਾਂ ਦੇ ਢੇਰ ਲੱਗੇ ਹੋਏ ਦੇਖੇ, ਮੈਂ ਆਪਣੇ ਪਤੀ ਦੀ ਤਲਾਸ਼ ਸ਼ੁਰੂ ਕਰ ਦਿੱਤੀ
ਢੇਰਾਂ ਦੇ ਵਿਚ ਦੀ ਲੰਘ ਕੇ ਮੈਂ ਆਪਣੇ ਪਤੀ ਦੀ ਲਾਸ਼ ਲੱਭ ਲਈ ਉਸ ਤੱਕ ਪਹੁੰਚਣ ਲਈ ਰਸਤਾ ਲਹੂ ਤੇ ਲਾਸ਼ਾਂ ਨਾਲ ਭਰਿਆ ਪਿਆ ਸੀ ਕੁਝ ਸਮੇਂ ਪਿਛੋਂ ਲਾਲਾ ਸੁੰਦਰ ਦਾਸ ਦੇ ਦੋਨੋਂ ਪੁੱਤਰ ਉਥੇ ਆਏ ਮੈਂ ਉਨ੍ਹਾਂ ਨੂੰ ਆਖਿਆ ਕਿ ਮੇਰੇ ਪਤੀ ਦੀ ਲਾਸ਼ ਨੂੰ ਘਰ ਲਿਜਾਣ ਵਾਸਤੇ ਮੰਜਾ ਲਿਆਉਣ, ਮੈਂ ਉਨ੍ਹਾਂ ਦੋਹਾਂ ਤੀਵੀਆਂ ਨੂੰ ਵੀ ਵਾਪਸ ਭੇਜ ਦਿੱਤਾ ਉਹ ਦੋਨੋਂ ਮੁੰਡੇ ਵੀ ਚਲੇ ਗਏ
ਪਰ ਇਸ ਵੇਲੇ ਅੱਠ ਵੱਜ ਗਏ ਕਰਫੀਊ ਆਰਡਰ ਲਾਗੂ ਹੋ ਗਿਆ ਕੋਈ ਵੀ ਘਰੋਂ ਬਾਹਰ ਨਹੀਂ ਸੀ ਨਿੱਕਲ ਸਕਦਾ ਸਾਢੇ ਅੱਠ ਵਜੇ ਇਕ ਸਿੱਖ ਸ਼ਰੀਫ ਆਦਮੀ ਉਥੇ ਆਇਆ ਕੁਝ ਹੋਰ ਵੀ ਉਥੇ ਸਨ, ਜੋ ਲਾਸ਼ਾਂ ਵਿਚੋਂ ਆਪਣੇ ਬੰਦੇ ਲੱਭ ਰਹੇ ਸਨ ਮੈਂ ਉਨ੍ਹਾਂ ਨੂੰ ਨਹੀਂ ਜਾਣਦੀ ਮੈਂ ਇਸ ਸਿੱਖ ਭਲੇ ਪੁਰਸ਼ ਨੂੰ ਆਖਿਆ ਕਿ ਉਹ ਮੇਰੇ ਪਤੀ ਦੇ ਸਰੀਰ ਨੂੰਕਿਸੇ ਸੁੱਕੀ ਥਾਂ ਲੈ ਜਾਣ ਵਿਚ ਮੇਰੀ ਸਹਾਇਤਾ ਕਰੇ
ਕਿਉਂਕਿ ਉਹ ਸਾਰੀ ਲਹੂ ਨਾਲ ਭਰ ਗਈ ਸੀ ਉਸ ਨੇ ਸਰੀਰ ਨੂੰ ਸਿਰ ਤੋਂ ਚੁੱਕਿਆ ਅਤੇ ਮੈਂ ਲੱਤਾਂ ਤੋਂ ਅਤੇ ਇਕ ਸੁੱਕੀ ਥਾਂ ਤੇ ਲੱਕੜ ਦੇ ਫੱਟੇ ਤੇ ਪਾ ਦਿੱਤਾ ਮੈਂ ਦਸ ਵਜੇ ਤੀਕਰ ਉਡੀਕਿਆ, ਪਰ ਕੋਈ ਉਥੇ ਨਾ ਆਇਆ ਮੈਂ ਉਠੀ ਅਤੇ ਕਟੜੇ ਵੱਲ ਤੁਰੀ ਮੈਂ ਸੋਚਿਆ, ਠਾਕਰ ਦੁਆਰੇ ਵਿਚ ਰਹਿ ਰਹੇ ਵਿਦਿਆਰਥੀਆਂ ਨੂੰ ਆਖਾਂ, ਕਿ ਉਹ ਮੇਰੇ ਪਤੀ ਨੂੰ ਘਰ ਲਿਜਾਣ ਵਿਚ ਮੇਰੀ ਸਹਾਇਤਾ ਕਰਨ ਮੈਂ ਹਾਲੇ ਕੋਈ ਜ਼ਿਆਦਾ ਦੂਰ ਨਹੀਂ ਸੀ ਗਈ, ਜਦ ਇਕ ਘਰ ਦੀ ਤਾਕੀ ਵਿਚ ਬੈਠੇ ਇਕ ਆਦਮੀ ਨੇ ਮੈਨੂੰ ਪੁੱਛਿਆ ਕਿ ਮੈਂ ਐਨੇ ਕੁਵੇਲੇ ਕਿੱਥੇ ਜਾ ਰਹੀ ਹਾਂ
ਮੈਂ ਦੱਸਿਆ ਕਿ ਮੈਨੂੰ ਕੁਝ ਬੰਦੇ ਚਾਹੀਦੇ ਹਨ, ਜੋ ਮੇਰੇ ਪਤੀ ਦੀ ਲਾਸ਼ ਨੂੰ ਚੁੱਕ ਕੇ ਘਰ ਛੱਡ ਆਉਣ ਉਸਨੇ ਆਖਿਆ ਕਿ ਉਹ ਆਪ ਤਾਂ ਇਕ ਜ਼ਖਮੀ ਦੀ ਦੇਖ ਭਾਲ ਕਰ ਰਿਹਾ ਹੈ, ਪਰ ਚੂੰ ਕਿ ਅੱਠ ਤੋਂ ਉਤੇ ਹੋ ਚੁੱਕੇ ਸਨ, ਉਸ ਵੇਲੇ ਕੋਈ ਵੀ ਮੇਰੀ ਮਦਦ ਨਹੀਂ ਸੀ ਕਰ ਸਕਦਾ ਤਦ ਮੈਂ ਕਟੜੇ ਵੱਲ ਤੁਰੀ ਇਕ ਹੋਰ ਆਦਮੀ ਨੇ ਫੇਰ ਉਹੀ ਸੁਆਲ ਪੁੱਛਿਆ ਮੈਂ ਉਸਨੂੰ ਉਹੀ ਆਖਿਆ, ਪਰ ਉਸ ਨੇ ਵੀ ਉਹੋ ਉੱਤਰ ਦਿੱਤਾ
ਮੈਂ ਹਾਲੇ ਤਿੰਨ ਚਾਰ ਕਦਮ ਹੀ ਗਈ ਹੋਵਾਂਗੀ ਕਿ ਮੈਂ ਇਕ ਬਜ਼ੁਰਗ ਨੂੰ ਦੇਖਿਆ, ਜੋ ਬੈਠਾ ਹੁੱਕਾ ਪੀ ਰਿਹਾ ਸੀ, ਅਤੇ ਕੁਝ ਬੰਦੇ ਉਹਦੇ ਲਾਗੇ ਸੁੱਤੇ ਪਏ ਸਨ ਮੈਂ ਦੋਨੋਂ ਹੱਥ ਜੋੜ ਕੇ ਦੁੱਖ ਭਰੀ ਵਾਰਤਾ ਸੁਣਾਈ ਉਸਨੂੰ ਮੇਰੇ ਤੇ ਤਰਸ ਆਇਆ ਅਤੇ ਉਸਨੇ ਆਦਮੀਆਂ ਨੂੰ ਕਿਹਾ ਕਿ ਉਹ ਮੇਰੇ ਨਾਲ ਜਾਣ ਉਨ੍ਹਾਂ ਆਖਿਆ ਕਿ ਹੁਣ ਦਸ ਵੱਜ ਚੁੱਕੇ ਹਨ ਤੇ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਨੂੰ ਕੋਈ ਗੋਲੀ ਮਾਰ ਦੇਵੇ ਇਹ ਵੇਲਾ ਬਾਹਰ ਨਿਕਲਣ ਦਾ ਨਹੀਂ ਉਹ ਐਨੀ ਦੂਰ ਕਿਵੇਂ ਜਾ ਸਕਦੇ ਹਨ?
ਮੈਂ ਵਾਪਸ ਮੁੜ ਪਈ ਅਤੇ ਆਪਣੇ ਪਤੀ ਦੀ ਲਾਸ਼ ਕੋਲ ਹੀ ਜਾ ਬੈਠੀ ਕੁਦਰਤੀਂ ਇਕ ਬਾਂਸ ਦੀ ਸੋਟੀ ਮੇਰੇ ਹੱਥ ਆ ਗਈ, ਜਿਸ ਨਾਲ ਮੈਂ ਕੁੱਤਿਆਂ ਨੂੰ ਹਟਾਉਂਦੀ ਰਹੀ ਮੈਂ ਦੇਖਿਆ, ਤਿੰਨ ਆਦਮੀ ਪੀੜ ਨਾਲ ਕਰਾਹ ਰਹੇ ਸਨ ਇਕ ਮੱਝ ਦਰਦ ਨਾਲ ਮੱਛੀ ਹੋ ਰਹੀ ਹੈ ਇਕ ਬਾਰਾਂ ਸਾਲਾਂ ਦਾ ਮੁੰਡਾ ਪੀੜ ਨਾਲ ਵਿਆਕੁਲ ਹੋ ਰਿਹਾ ਸੀ ਅਤੇ ਮੈਨੂੰ ਕਹਿ ਰਿਹਾ ਸੀ, ਕਿ ਮੈਂ ਇਹਨੂੰ ਛੱਡ ਕੇ ਨਾ ਜਾਵਾਂ ਮੈਂ ਉਸਨੂੰ ਦਸਿਆ ਕਿ ਮੈਂ ਆਪਣੇ ਪਤੀ ਦੇ ਮਿਰਤਕ ਸਰੀਰ ਨੂੰ ਛੱਡ ਕੇ ਕਿਤੇ ਨਹੀਂ ਜਾ ਰਹੀ
ਮੈਂ ਉਸਨੂੰ ਪੁੱਛਿਆ ਕਿ ਜੇ ਉਸਨੂੰ ਪਾਲਾ ਲਗਦਾ ਹੈ, ਤਾਂ ਉਸਦੇ ਉਤੇ ਕੋਈ ਕੱਪੜਾ ਪਾ ਦਿੰਦੀ ਹਾਂ ਉਸਨੇ ਪਾਣੀ ਮੰਗਿਆ ਪਰ ਉਸ ਸਮੇਂ ਉਸ ਥਾਂ ਤੇ ਪਾਣੀ ਦਾ ਇਕ ਘੁੱਟ ਮਿਲਣਾ ਵੀ ਮੁਸ਼ਕਲ ਸੀ
ਮੈਨੂੰ ਹਰ ਘੰਟੇ ਪਿਛੋਂ ਘੜਿਆਲ ਦੇ ਖੜਕਣ ਦੀ ਆਵਾਜ਼ ਆਉਂਦੀ ਸੀ ਦੋ ਕੁ ਵਜੇ ਸੁਲਤਾਨ ਵਿੰਡ ਦਾ ਇਕ ਜੱਟ ਜੋ ਕੰਧ ਦੇ ਨੇੜੇ ਜ਼ਖਮੀ ਪਿਆ ਸੀ, ਉਸਨੇ ਆਖਿਆ ਕਿ ਮੈਂ ਨੇੜੇ ਆ ਕੇ ਉਸਦੀ ਫਸੀ ਹੋਈ ਲੱਤ ਕੱਢ ਦਿਆਂ ਮੈਂ ਉਠੀ, ਉਸਦੇ ਲਹੂ ਭਿੱਜੇ ਕੱਪੜੇ ਇਕ ਪਾਸੇ ਕਰਕੇ, ਮੈਂ ਉਸਦੀ ਲੱਤ ਆਰਾਮ ਨਾਲ ਕਢਵਾ ਦਿੱਤੀ
ਉਸ ਤੋਂ ਬਾਅਦ ਸਾਢੇ ਪੰਜ ਵਜੇ ਤੀਕਰ ਕੋਈ ਨਹੀਂ ਆਇਆ ਕੋਈ ਛੇ ਵਜੇ ਦੇ ਲੱਗਭੱਗ ਲਾਲਾ ਸੁੰਦਰ ਦਾਸ, ਉਸਦੇ ਪੁੱਤਰ, ਤੇ ਮੇਰੀ ਗਲੀ ਦੇ ਕੁਝ ਹੋਰ ਬੰਦੇ ਮੰਜਾ ਲੈ ਕੇ ਆਏ ਅਤੇ ਮੈਂ ਆਪਣੇ ਪਤੀ ਦੀ ਲਾਸ਼ ਨੂੰ ਘਰ ਲਿਆਈ ਮੈਂ ਦੇਖਿਆ, ਬਾਗ ਵਿਚ ਕੁਝ ਹੋਰ ਲੋਕ ਵੀ ਆਪਣੇ ਰਿਸ਼ਤੇਦਾਰਾਂ ਨੂੰ ਲੱਭ ਰਹੇ ਸਨ ਮੈਂ ਆਪਣੀ ਸਾਰੀ ਰਾਤ ਉਥੇ ਗੁਜ਼ਾਰੀ ਮੇਰੇ ਲਈ ਇਹ ਦੱਸਣਾ ਸੰਭਵ ਨਹੀਂ, ਕਿ ਮੈਂ ਕੀ ਮਹਿਸੂਸ ਕਰਦੀ ਸਾਂ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ, ਕਈ ਪਿੱਠਾਂ ਭਾਰ ਡਿਗੇ ਹੋਏ ਸਨ, ਕਈ ਮੂੰਹ ਪਰਨੇ ਸਨ
ਉਨ੍ਹਾਂ ਵਿਚ ਅਨੇਕਾਂ ਮਾਸੂਮ ਜਿਹੇ ਬੱਚੇ ਸਨ ਮੈਂ ਇਹ ਦ੍ਰਿਸ਼ ਕਦੀ ਨਹੀਂ ਭੁੱਲ ਸਕਦੀ ਮੈਂ ਇਸ ਜੰਗਲ ਬੀਆਬਾਨ ਵਿਚ ਸਾਰੀ ਰਾਤ ਕੱਲਮ-ਕੱਲੀ ਸਾਂ ਸਿਵਾਏ ਕੁੱਤਿਆਂ ਦੇ ਭੌਂਕਣ ਅਤੇ ਖੋਤਿਆਂ ਦੇ ਹੀਂਗਣ ਤੋਂ ਕੋਈ ਆਵਾਜ਼ ਨਹੀਂ ਸੀ ਆ ਰਹੀ ਚਹੁੰ ਪਾਸੀਂ ਸੈਂਕੜੇ ਲਾਸ਼ਾਂ ਸਨ, ਮੈਂ ਸਾਰੀ ਰਾਤ ਰੋਂਦਿਆਂ ਤੇ ਇਹ ਭਿਆਨਕ ਦ੍ਰਿਸ਼ ਵੇਖਦਿਆਂ ਕੱਟੀ ਮੈਂ ਹੋਰ ਕੁਝ ਨਹੀਂ ਕਹਿ ਸਕਦੀ, ਜੋ ਉਸ ਰਾਤ ਮੇਰੇ ਨਾਲ ਬੀਤੀ, ਜਾਂ ਮੈਂ ਜਾਣਦੀ ਹਾਂ, ਜਾਂ ਮੇਰਾ ਈਸ਼ਵਰ

No comments:

Post a Comment