Saturday, April 6, 2019

ਜਲਿਆਂਵਾਲਾ ਬਾਗ਼ ਦੀ ਲਹੂ ਰੱਤੀ ਮਿੱਟੀ ’ਚੋਂ ਉੱਗੀ ਜਾਬਰ ਤੋਂ ਨਾਬਰ ਕਵਿਤਾ



ਬਰਤਾਨਵੀ ਸਾਮਰਾਜੀ ਹੁਕਮਰਾਨਾਂ ਵਲੋਂ 13 ਅਪ੍ਰੈਲ, 1919 ਨੂੰ ਅੰਮ੍ਰਿਤਸਰ ਦੀ ਧਰਤੀ ਤੇ ਰਚੇ ਜਲਿਆਂਵਾਲਾ ਬਾਗ਼ ਖ਼ੂਨੀ ਕਾਂਡ ਨੇ ਆਜ਼ਾਦੀ ਜੱਦੋ ਜਹਿਦ ਅੰਦਰ ਸਿਰ ਕੱਢਵੀਂ ਇਨਕਲਾਬੀ ਇਤਿਹਾਸਕ ਭੂਮਿਕਾ ਅਦਾ ਕੀਤੀ ਕੌਮੀ ਮੁਕਤੀ ਅਤੇ ਲੋਕ-ਮੁਕਤੀ ਸੰਗਰਾਮ ਲਈ ਨਵੇਂ ਮਾਰਗ ਦਰਸਾਏ ਰਵਾਇਤੀ ਆਜ਼ਾਦੀ ਦੀ ਚੱਲ ਰਹੀ ਧਾਰਾ ਨਾਲੋਂ ਸਪੱਸ਼ਟ ਲੀਕ ਖਿਚਵੀਂ ਇਨਕਲਾਬੀ ਲੋਕਧਾਰਾ ਦਾ ਨਵਾਂ ਇਤਿਹਾਸ ਸਿਰਜਿਆ ਜਲ੍ਹਿਆਂਵਾਲਾ ਬਾਗ਼ ਦੇ ਹਿਰਦੇ ਵੇਦਕ ਕਾਂਡ ਨੇ ਬਦੇਸ਼ੀ ਅਤੇ ਦੇਸੀ ਵੰਨ-ਸੁਵੰਨੇ ਰੰਗਾਂ ਦੀ ਨਿਰਖ-ਪਰਖ ਕਰਨ ਦੀ ਰੌਸ਼ਨੀ ਦਿੱਤੀ ਇਸ ਖ਼ੂਨੀ ਹੌਲੀ ਨੇ ਜਿਥੇ ਰਾਜਨੀਤਕ ਲਹਿਰਾਂ ਦੀਆਂ ਅਗਲੀਆਂ ਕੜੀਆਂ ਅਤੇ ਲੜੀਆਂ ਉੱਪਰ ਅਮਿੱਟ ਛਾਪ ਛੱਡੀ ਉਥੇ ਸਾਹਿਤ ਅਤੇ ਸਭਿਆਚਾਰ ਦੇ ਪਿੜ ਅੰਦਰ ਵੀ ਨਵਾਂ ਨਰੋਆ ਸਿਰਜਣ ਦੇ ਦੁਆਰ ਖੋਲੇ
 ਰਾਜਿਆਂ, ਰਾਣੀਆਂ ਬਰਤਾਨਵੀ ਹਾਕਮਾਂ ਦੀ ਮਹਿਮਾ ਗਾਉਂਦੇ, ਜਨਮ ਮਰਨ ਦੇ ਮਿਥਿਹਾਸ ਦੇ ਚੱਕਰਵਿਊ ਚ ਘਿਰੇ ਕੱਦਾਵਰ ਕਹਾਉਂਦੇ ਸਾਹਿਤਕਾਰਾਂ, ਲੇਖਕਾਂ, ਕਵੀਆਂ ਅੱਗੇ ਇਸ ਕਾਂਡ ਨੇ ਵਡੇਰੇ ਸਵਾਲ ਖੜੇ ਕਰ ਦਿੱਤੇ ਕਲਾ ਕਿਰਤਾਂ ਦੇ ਵਿਸ਼ੇ ਹਕੀਕੀ ਵਿਗਿਆਨਕ ਪੱਖ, ਆਜ਼ਾਦੀ ਸੰਗਰਾਮ ਅਤੇ ਮਨੁੱਖੀ ਸਰੋਕਾਰਾਂ ਦੀ ਬਾਂਹ ਫੜਦੇ ਸਾਹਿਤ ਦੀ ਸਿਰਜਣਾ ਪ੍ਰਮੁੱਖ ਅਜੰਡੇ ਤੇ ਆਣ ਖੜ੍ਹੀ ਕਲਮਾਂ ਵਾਲਿਆਂ ਲਈ ਹਾਲਾਤ ਨੇ ਆਪਣਾ ਰਾਹ ਚੁਣਨ ਦੀ ਤਿੱਖੀ ਚੁਣੌਤੀ ਖੜੀ ਕਰ ਦਿੱਤੀ ਉਹਨਾਂ ਨੇ ਲੋਕਾਂ ਨਾਲ ਖੜ੍ਹਨਾ ਹੈ ਜਾਂ ਜੋਕਾਂ ਨਾਲ ਦੜ ਵੱਟ ਜ਼ਮਾਨਾ ਕੱਟ ਦਾ ਲੜ ਫੜ੍ਹਣਾ ਹੈ ਜਾਂ ਸਮੇਂ ਦੇ ਹਾਣੀ ਬਣਨ ਦੀ ਬਾਤ ਪਾਉਣੀ ਹੈ ਇਸ ਅਗਨ-ਪ੍ਰੀਖਿਆ ਭਰੇ ਦੌਰ ਨੇ ਸੱਜਰੀ, ਨਰੋਈ ਆਜ਼ਾਦੀ, ਜਮਹੂਰੀਅਤ ਅਤੇ ਸਾਂਝੀਵਾਲਤਾ ਦੀ ਗੱਲ ਕਰਦੀ ਕਵਿਤਾ ਨੂੰ ਉਭਾਰ ਕੇ ਸਾਹਮਣੇ ਲਿਆਂਦਾ ਲੋਕਾਂ ਦੇ ਪੱਖ ਵਿਚ ਖੜ੍ਹਣ ਵਾਲੀਆਂ ਕਲਮਾਂ ਨੂੰ ਮਾਣ ਮੱਤਾ ਸਥਾਨ ਦਿੱਤਾ
ਜਲਿਆਂਵਾਲਾ ਬਾਗ਼ ਦੀ ਖ਼ੂਨੀ ਵਿਸਾਖੀ ਕਾਰਣ ਰਬਿੰਦਰ ਨਾਥ ਟੈਗੋਰ ਨੇ ਬਰਤਾਨਵੀ ਹਾਕਮਾਂ ਵੱਲੋਂ ਮਿਲਿਆ ਸਰ ਦਾ ਖ਼ਿਤਾਬ ਵਾਪਿਸ ਕਰ ਦਿੱਤਾ ਹਾਲਾਤ ਅਜਿਹੇ ਵਿਸਫੋਟਕ ਰੂਪ ਧਾਰ ਗਏ ਕਿ ਅਮਨ ਸ਼ਾਂਤੀ ਦੇ ਜਾਪ ਹੇਠ ਲੋਕ ਲਹਿਰਾਂ ਦੀ ਉਠਾਣ ਨੂੰ ਹਿੰਸਾ ਗਰਦਾਨਣ ਵਾਲੇ ਮਹਾਤਮਾ ਗਾਂਧੀ ਨੂੰ ਬਰਤਾਨਵੀ ਹਕੂਮਤ ਤੋਂ ਮਿਲੇ ਖਿਤਾਬ ਕੇਸਰ--ਹਿੰਦ ਅਤੇ ਜਲੂ-ਜੰਗ ਮੈਡਲ ਵਾਪਿਸ ਕਰਨੇ ਪਏ ਇਹ ਸਨਮਾਨ ਮਹਾਤਮਾ ਗਾਂਧੀ ਨੂੰ ਸਰਕਾਰ ਪ੍ਰਤੀ ਸਦਭਾਵਨਾ ਪੂਰਨ ਸੇਵਾਵਾਂ ਦੀ ਬਦੌਲਤ ਭੇਟ ਕੀਤੇ ਗਏ ਸਨ
 ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਨੇ ਅਜਿਹੇ ਚੁਣੌਤੀ ਭਰੇ ਹਾਲਾਤ ਸਿਰਜ ਦਿੱਤੇ ਕਿ ਰਾਜਨੀਤਕ ਦਲਾਂ ਅਤੇ ਵਿਅਕਤੀਆਂ ਨੂੰ ਹੀ ਨਹੀਂ ਸਾਹਿਤਕ ਖੇਤਰ ਨਾਲ ਜੁੜੀਆਂ ਸਖ਼ਸ਼ੀਅਤਾਂ ਨੂੰ ਵੀ ਚੋਣ ਕਰਨ ਦਾ ਵੇਲਾ ਆ ਗਿਆ ਕਿ ਉਹਨਾਂ ਨੇ ਕਿਸ ਧਿਰ ਨਾਲ ਖੜ੍ਹਣਾ ਹੈ ਖ਼ਾਮੋਸ਼ੀ ਲਈ ਜਾਂ ਵਿੱਚ-ਵਿਚਾਲੇ ਦੇ ਰਾਹ ਲਈ ਕੋਈ ਥਾਂ ਨਾ ਬਚੀ ਜਾਗਦੀਆਂ ਅਤੇ ਜਿਉਂਦੀਆਂ ਕਲਮਾਂ ਅੱਗੇ ਆਈਆਂ ਸਾਹਮਣੇ ਖੜ੍ਹੇ ਸਵਾਲਾਂ ਤੋਂ ਪਾਸਾ ਵੱਟਣ ਵਾਲੀਆਂ ਕਲਮਾਂ ਅਣਪ੍ਰਸੰਗਕ ਹੋ ਕੇ ਰਹਿ ਗਈਆਂ ਇਕ ਬੰਨੇ ਬਰਤਾਨਵੀ ਹਾਕਮ, ਉਹਨਾਂ ਦੇ ਸੇਵਾਦਾਰ, ਜਗੀਰਦਾਰ, ਰਾਜੇ-ਮਹਾਰਾਜੇ, ਜ਼ੈਲਦਾਰ, ਪ੍ਰਬੰਧਕੀ ਅਤੇ ਟੋਡੀ ਲਾਣਾ ਦੂਜੇ ਬੰਨੇ ਆਜ਼ਾਦੀ ਲਈ ਜੂਝਦੇ ਲੋਕ
ਨਾਵਲਕਾਰਾਂ, ਕਹਾਣੀਕਾਰਾਂ, ਨਾਟਕਕਾਰਾਂ, ਚਿਤਰਕਾਰਾਂ ਅਤੇ ਕਵੀਆਂ ਦੀ ਜ਼ਮੀਰ ਹਲੂਣੀ ਗਈ ਉਹਨਾਂ ਨੇ ਆਪਣੇ ਨੈਤਿਕ ਫਰਜ਼ਾਂ ਨੂੰ ਪਹਿਚਾਣਿਆ ਜਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਬਾਰੇ ਕਵਿਤਾਵਾਂ ਦੇ ਝਰਨੇ ਵਹਿ ਤੁਰੇ ਵੰਨ-ਸੁਵੰਨੀਆਂ ਸਾਹਿਤਿਕ ਵਿਧਾਵਾਂ ਵਿਚ ਕੰਮ ਹੋਣ ਲੱਗਾ ਕਲਕੱਤੇ ਤੋਂ ਛਪਦੇ ਅਖ਼ਬਾਰ ਅੰਮ੍ਰਿਤ ਬਾਜ਼ਾਰ ਪੱਤ੍ਰਿਕਾ ਵਿਚ 10 ਅਪ੍ਰੈਲ, 1920 ਨੂੰ ਸੋਵੀਅਤ ਸਮਾਜਵਾਦੀ ਗਣਰਾਜ ਸੰਘ ਦੇ ਮੁਖੀ ਕਾਮਰੇਡ ਲੈਨਿਨ ਦਾ ਪੱਤਰ ਛਪਿਆ ਪੱਤਰ ਵਿਚ ਜਲ੍ਹਿਆਂਵਾਲਾ ਬਾਗ਼ ਕਾਂਡ ਦਾ ਵਿਰੋਧ ਅਤੇ ਖ਼ੂਨੀ ਹੱਲੇ ਦੇ ਸ਼ਿਕਾਰ ਲੋਕਾਂ ਨਾਲ ਗਹਿਰੀ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ
ਡਾਇਰੈਕਟਰ ਪਬਲਿਕ ਇੰਸਟਰਕਸ਼ਨ ਪੰਜਾਬ ਵਲੋਂ ਆਪਣੇ ਪੱਤਰ ਨੰਬਰ 6557-ਬੀ, ਮਿਤੀ 19 ਮਈ, 1920 ਦੁਆਰਾ ਪੰਜਾਬ ਸਰਕਾਰ ਦੇ ਗ੍ਰਹਿ ਸਕੱਤਰ ਨੂੰ 1920 ਦੌਰਾਨ ਪੰਜਾਬ ਪ੍ਰਕਾਸ਼ਨਾਵਾਂ ਦੀ ਰਿਪੋਰਟ ਵਿਚ ਲਿਖਿਆ ਗਿਆ :
‘‘ਕੁਝ ਪੰਜਾਬੀ ਕਵੀਆਂ ਨੇ ਦੇਸ਼ ਵਿਚ ਚੱਲ ਰਹੀ ਵਰਤਮਾਨ ਰਾਜਸੀ ਐਜੀਟੇਸ਼ਨ ਤੋਂ ਨਵੀਂ ਪ੍ਰੇਰਨਾ ਪ੍ਰਾਪਤ ਕੀਤੀ ਹੈ ਪੰਜਾਬ ਦੀ ਬਦਅਮਨੀ, ਮਾਰਸ਼ਲ ਲਾਅ ਅਤੇ ਜਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਨੂੰ ਲੈ ਕੇ ਸਾਧਾਰਣ ਲੋਕਾਂ ਨੂੰ ਅਪੀਲ ਕਰ ਸਕਣ ਯੋਗ ਕਿੰਨੀਆਂ ਹੀ ਕਵਿਤਾਵਾਂ ਲਿਖੀਆਂ ਹਨ ਪੰਜਾਬੀ ਅਤੇ ਉਰਦੂ ਵਿਚ ਛਪੀਆਂ ਇਹ ਕਵਿਤਾਵਾਂ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਵਿਚ ਭਾਈਚਾਰਕ ਸਾਂਝ ਦੀ ਤੰਦ ਮਜ਼ਬੂਤ ਕਰਨ ਦਾ ਕੰਮ ਕਰ ਰਹੀਆਂ ਹਨ’’
ਇਹ ਇਕ ਸ਼ੀਸ਼ਾ ਹੈ ਉਸ ਸਮੇਂ ਰਚੇ ਜਾਣ ਵਾਲੇ ਲੋਕ-ਪੱਖੀ ਸਾਹਿਤ ਵਿਸ਼ੇਸ਼ ਕਰਕੇ ਕਵਿਤਾ ਦਾ ਇਹ ਸਾਹਿਤ ਬਰਤਾਨਵੀ ਹੁਕਮਰਾਨਾਂ ਨੂੰ ਡੂੰਘੇ ਫਿਕਰਾਂ ਚ ਗੋਤੇ ਲਵਾਉਂਦਾ ਰਿਹਾ
ਉੱਘੇ ਨਾਵਲਕਾਰ, ਲੇਖਕ ਅਤੇ ਕਵੀ ਨਾਨਕ ਸਿੰਘ ਨੇ 1920 ਖ਼ੂਨੀ ਵਿਸਾਖੀ ਲੰਮੀ ਕਵਿਤਾ ਲਿਖੀ ਜੋ ਅੰਗਰੇਜ਼ ਹਕੂਮਤ ਨੇ ਜ਼ਬਤ ਕਰ ਲਈ ਕਿਸ਼ਨ ਚੰਦ ਜੇਬਾ ਦਾ ਲਿਖਿਆ ਉਰਦੂ ਨਾਟਕ ਜਖ਼ਮੀ ਪੰਜਾਬ ਵੀ ਛਪਦੇ ਸਾਰ ਜਬਤ ਕਰ ਲਿਆ ਡਰਾਮੈਟਿਕ ਪ੍ਰਾਫਾਰਮੈਂਸ ਐਕਟ ਅਧੀਨ ਇਸ ਨਾਟਕ ਦੇ ਮੰਚਨ ਉਪਰ ਵੀ ਪਾਬੰਦੀ ਮੜ੍ਹ ਦਿੱਤੀ
ਰੌਲਟ ਐਕਟ ਵਿਰੋਧੀ ਸਰਗਰਮੀਆਂ ਕਰਕੇ ਵਿਦਿਆਰਥੀਆਂ ਨੂੰ ਗਰਮੀਆਂ ਦੇ ਦਿਨਾਂ ਚ ਸੜਕਾਂ ਤੇ ਨੰਗੇ ਪੈਰੀਂ ਤੁਰਨ ਲਈ ਮਜ਼ਬੂਰ ਕਰਨ, ਔਰਤਾਂ ਦੇ ਘੁੰਡ ਚੁੱਕ ਕੇ ਮੂੰਹ ਤੇ ਥੁੱਕਣ, ਡੰਡੌਤ ਕਰਾਉਣ, ਟਿਕਟਿਕੀਆਂ ਨਾਲ ਬੰਨ ਕੇ ਕੋੜੇ ਮਾਰਨ ਵਰਗੀਆਂ ਘਟਨਾਵਾਂ ਨੇ ਕਵਿਤਾਵਾਂ, ਨਾਟਕਾਂ ਅਤੇ ਹੋਰ ਸਾਹਿਤਕ ਵਿਧਾਵਾਂ ਨੂੰ ਵਿਸ਼ੇ ਪ੍ਰਦਾਨ ਕੀਤੇ
ਜਲ੍ਹਿਆਂਵਾਲਾ ਬਾਗ਼ ਦੀ ਹਿਰਦੇਵੇਦਕ ਘਟਨਾ ਦੇ ਦਰਦ ਨੂੰ ਸੁਣਨ ਅਤੇ ਪੀੜਤਾਂ ਦੀ ਬਾਂਹ ਫੜਨ ਲਈ ਸ਼ੁਰੂ ਵਿਚ ਕੁਝ ਕਵੀਆਂ ਨੇ ਗੁਰੂ ਗੋਬਿੰਦ ਸਿੰਘ ਨੂੰ ਫੇਰਾ ਪਾਉਣ ਦੀਆਂ ਅਪੀਲਾਂ ਕਰਦੀ ਸੁਰ ਧਾਰਨ ਕੀਤੀ
ਗਿਆਨੀ ਮਾਨ ਸਿੰਘ ਅਤੇ ਹਰਨਾਮ ਸਿੰਘ ਨੇ ਜਲ੍ਹਿਆਂਵਾਲਾ ਬਾਗ਼ ਦਾ ਦੁਖੜਾ ਬਿਆਨਦਿਆਂ ਇਉਂ ਆਵਾਜ਼ ਮਾਰੀ:
ਕਲਗੀ ਵਾਲਿਆ ਦੇਸ਼ ਪੰਜਾਬ ਤਾਈਂ
ਜ਼ਾਲਿਮ ਮਾਰ ਕੇ ਦੇਖ ਮੁਕਾਣ ਲੱਗੇ
ਕਵਿਤਾ ਅਤੇ ਗੀਤ ਦੇ ਸਿਰਜਕਾਂ ਸਾਹਮਣੇ ਉਸ ਮੌਕੇ ਸਭ ਤੋਂ ਫੈਸਲਾਕੁੰਨ ਪਾਠਕ ਅਤੇ ਸਰੋਤੇ ਹੋਇਆ ਕਰਦੇ ਸਨ ਕਵੀ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਵਸਤੂ ਅਤੇ ਧੁਨ ਦੀ ਚੋਣ ਅਜਿਹੀ ਕਰਦੇ ਤਾਂ ਜੋ ਉਹ ਸਹਿਜੇ ਹੀ ਲੋਕਾਂ ਦੀ ਜ਼ੁਬਾਨ ਤੇ ਚੜ੍ਹ ਸਕੇ ਕੀ ਔਰਤ ਕੀ ਮਰਦ, ਕੀ ਬੱਚਾ ਕੀ ਬੁੱਢਾ ਉਹਨਾਂ ਦੀਆਂ ਕਵਿਤਾਵਾਂ ਦੇ ਮੁਖੜੇ ਗੁਣਗੁਣਾਉਂਦਾ ਰਹਿੰਦਾ ਸਾਹਿਤ, ਕਲਾ, ਲੋਕ ਅਤੇ ਸੰਗਰਾਮ: ਮਿਲ ਕੇ ਹੋਏ ਇਕ ਜਿੰਦ, ਇਕ ਜਾਨ
ਗਿਆਨੀ ਮਾਨ ਸਿੰਘ ਨੇ ਤਾਜ਼ੇ ਜਖ਼ਮ ਕਵਿਤਾ ਨੂੰ ਸੋਹਣੀ ਦੀ ਤਰਜ਼ ਦਿੱਤੀ ਅਬਦੁਲ ਕਾਦਰ ਬੇਗ ਨੇ ਆਪਣੀ ਰਚਨਾ, ਅੱਖਾਂ ਖੋਲ੍ਹੋ ਹਿੰਦੀਓ ਬੋਲੀਆਂ ਦੇ ਰੂਪ ਚ ਰਚੀ ਅਮੀਰ ਅਲੀ ਅਮਰ ਨੇ ਬਾਰਾਂ ਮਾਹ ਕਿਚਲੂ, ਮੁਹੰਮਦ ਹੂਸੈਨ ਅਰਸ਼ਦ ਅੰਮ੍ਰਿਤਸਰੀ ਨੇ ਸਿਆਪਾ ਡਾਇਰ ਦਾ, ਮੁਹੰਮਦ ਹੂਸੈਨ ਖੁਸ਼ਨੂਦ ਨੇ ਭੈਣ ਦਾ ਵਿਰਲਾਪ ਵਰਗੀਆਂ ਰਚਨਾਵਾਂ ਹਰਮਨ ਪਿਆਰੀਆਂ ਲੋਕ ਧੁਨਾਂ ਤੇ ਸਿਰਜੀਆਂ, ਜੋ ਬੇਹੱਦ ਮਕਬੂਲ ਹੋਈਆਂ
ਫਿਰੋਜਦੀਨ ਸ਼ਰਫ਼, ਰਣਜੀਤ ਸਿੰਘ ਤਾਜਵਰ, ਵਿਧਾਤਾ ਸਿੰਘ ਤੀਰ ਦੁਆਰਾ ਵੀ ਮਿੱਟੀ ਨਾਲ ਜੁੜੀਆਂ ਕਵਿਤਾਵਾਂ ਦੀ ਸਿਰਜਣਾ ਕੀਤੀ ਗਈ ਰਲਿਆ ਖ਼ੂਨ ਹਿੰਦੂ ਮੁਸਲਮਾਨ ਇਥੇ ਅਜਿਹੀ ਰਚਨਾ ਸੀ ਜੋ ਆਮ ਲੋਕਾਂ ਨੂੰ ਮੂੰਹ ਜ਼ੁਬਾਨੀ ਯਾਦ ਸੀ ਵਿਧਾਤਾ ਸਿੰਘ ਤੀਰ ਦੀ ਇਕ ਕਾਵਿ-ਵੰਨਗੀ ਇਸਦੇ ਸਾਫ਼ ਦੀਦਾਰ ਕਰਾਉਂਦੀ ਹੈ:
ਏਸ ਧਰਤ ਤੇ ਮਾਤਮੀ ਰੁੱਤ ਛਾਈ
ਲੀਨ ਗ਼ਮਾਂ ਅੰਦਰ ਕਾਲ਼ੀ ਸਿਆਹ ਦਿਸਦੀ
ਜੀਵ ਜੰਤ ਪੰਛੀ ਸ਼ੋਕ ਸ਼ੋਕ ਕਰਦੇ
ਦੁਖੀਏ ਦਿਲਾਂ ਤੋਂ ਨਿਕਲਦੀ ਆਹ ਦਿਸਦੀ
ਰਣਜੀਤ ਸਿੰਘ ਤਾਜਵਰ ਨੇ ਅਜਿਹੀ ਛੰਦਬੰਦੀ ਕੀਤੀ ਕਿ ਉਹਨਾਂ ਦੀ ਕਵਿਤਾ ਲੋਕਾਂ ਵਿਚ ਲੋਕ ਗੀਤ ਵਰਗੀ ਥਾਂ ਬਣਾ ਗਈ:
ਖ਼ਬਰ ਫੈਲ ਗਈ ਦੇਸ਼ ਪ੍ਰਦੇਸ ਸਾਰੇ
ਬੀਜ ਬੀਜਿਆ ਗਿਆ ਹੈ ਏਕਤਾ ਦਾ
ਖ਼ੂਨ ਸਿੰਜਿਆ ਦੇਸ਼ ਪਰਵਾਨਿਆਂ ਨੇ
ਖਿੜਸੀ ਕਦੀ ਸੋਹਣਾ ਗੁਲਸਤਾਨ ਏਥੇ
ਅੱਜ ਸੋਹਣਾ ਗੁਲਸਤਾਂ ਕਿੱਥੇ ਗਿਆ? ਕਰਜ਼ੇ, ਖੁਦਕੁਸ਼ੀਆਂ, ਬੇਰੁਜ਼ਗਾਰੀ, ਜਾਤ-ਪਾਤ ਦਾ ਕੋਹੜ, ਨਸ਼ੇ, ਬਲਾਤਕਾਰ, ਮਾਰ-ਧਾੜ, ਗੈਂਗਵਾਰ, ਫਿਰਕੂ ਦਹਿਸ਼ਤਗਰਦੀ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਗਲ ਗੂਠਾ ਅਤੇ ਜ਼ਬਰ ਸਿਤਮ ਨਾਲ ਕਰਾਹ ਰਿਹਾ ਸਾਡਾ ਗੁਲਸਤਾਨ ਅਨੇਕਾਂ ਸਵਾਲ ਕਰ ਰਿਹਾ ਹੈ
ਖ਼ੂਨੀ ਵਿਸਾਖੀ ਚ ਨਾਨਕ ਸਿੰਘ ਬਾਗ਼ ਚ ਹੋਏ ਕਤਲੇਆਮ ਅਤੇ ਇਸਦੇ ਅਸਰਾਂ ਦੀਆਂ ਬਹੁ-ਪਰਤਾਂ ਦਾ ਬਾਰੀਕ ਬੀਨੀ ਨਾਲ ਚਿਤਰਣ ਕਰਦਾ ਹੈ:
ਤੇਰੇ ਬਾਂਕਿਆ ਸੋਹਣੇ ਵਾਲ ਵੇ
ਭਿੰਨੇ ਰਹਿੰਦੇ ਸੀ ਅਤਰ ਦੇ ਨਾਲ ਵੇ
ਦਿਤੇ ਜ਼ਾਲਮਾਂ ਖੁਦ ਰੁਲਾ ਵੇ
ਉਸ ਸਮੇਂ ਦੀ ਕਵਿਤਾ ਵਿਚ ਪ੍ਰਚਲਤ ਹੋਏ ਟਾਵੇਂ-ਟਾਵੇਂ ਅੰਗਰੇਜ਼ੀ ਸ਼ਬਦ ਵੀ ਆਉਂਦੇ ਹਨ ਜਿਵੇਂ ਗੌਰਮਿੰਟ, ਰੌਲਟ ਐਕਟ, ਕੌਂਸਲ, ਜੇਲ੍ਹ, ਪੁਲਿਸ, ਲੈਕਚਰ, ਮਸ਼ੀਨ ਗੰਨ, ਮੋਟਰ ਅਤੇ ਲੀਡਰ ਆਮ ਹੀ ਜ਼ੁਬਾਨ ਤੇ ਚੜੇ੍ਹ ਸ਼ਬਦ ਕਵਿਤਾ ਵਿਚ ਵੀ ਜੜੇ ਗਏ ਹਨ ਇਹ ਲੋਕਾਂ ਨੂੰ ਓਪਰੇ ਵੀ ਨਹੀਂ ਲੱਗਦੇ ਲੋਕ ਪੱਧਰ ਦੀ ਭਾਸ਼ਾ ਦੀ ਵਰਤੋਂ ਕਾਵਿ ਅਰਥ ਲਈ ਸੋਨੇ ਤੇ ਸੁਹਾਗਾ ਹੋ ਨਿਬੜਦੀ ਹੈ ਜਲ੍ਹਿਆਂਵਾਲਾ ਬਾਗ਼ ਕਾਂਡ ਉਪਰੰਤ ਰਚੀ ਗਈ ਕਵਿਤਾ ਆਪਣੇ ਸਾਹਿਤਕ ਮੁੱਲਾਂ ਤੇ ਪੂਰੀ ਉਤਰਦੀ ਹੋਈ ਸਾਮਰਾਜੀ ਪ੍ਰਬੰਧ ਨੂੰ ਉਖਾੜ ਸੁੱਟਣ ਲਈ ਲੋਕਾਂ ਨੂੰ ਖੁੱਲ੍ਹਾ ਪੈਗ਼ਾਮ ਦਿੰਦੀ ਹੈ
ਫਿਰਕੂ ਸਾਂਝ ਦੀ ਜੋਟੀ ਮਜ਼ਬੂਤ ਕਰਦਿਆਂ ਭਾਈਚਾਰਕ ਅਤੇ ਜਮਾਤੀ ਸਾਂਝ ਵੱਲ ਕਦਮ ਵਧਾਰੇ ਲਈ ਰਾਹ ਖੋਲਦੀ ਹੈ ਇਹ ਕਾਵਿ-ਸਿਰਜਣਾ
ਅਬਦੁਲ ਕਾਦਰ ਬੇਗ਼ ਅੱਖਾਂ ਖੋਲ ਹਿੰਦੀਆ ਕਵਿਤਾ ਚ ਤਿੱਖੀਆਂ ਸੈਨਤਾਂ ਕਰਦਾ ਹੈ ਹਲੂਣਦਾ ਅਤੇ ਵੰਗਾਰਦਾ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਉਹ 1919 ਵਿਚ ਨਹੀਂ 2019 ਚ ਬੋਲ ਰਿਹਾ ਹੋਵੇ:
ਅੱਜ ਤੱਕ ਹੋਸ਼ ਨਾ ਆਈ
ਅੱਜ ਤੱਕ ਹੋਸ਼ ਨਾ ਆਈ
ਮਾਰਾਂ ਖਾਂਦਿਆਂ ਨੂੰ
ਤੇ ਅੱਜ ਤੱਕ ਹੋਸ਼ ਨਾ ਆਈ
ਗ਼ੁਲਾਮ ਰਸੂਲ ਲੁਧਿਆਣਵੀ ਦੀ ਰਚਨਾ ਵੀ ਇਉਂ ਪ੍ਰਤੀਤ ਹੁੰਦੀ ਹੈ ਜਿਵੇਂ ਅੱਜ ਦੀ ਰਚਨਾ ਹੋਵੇ:
ਮੇਰੇ ਵੱਜਣ ਕਾਲਜੇ ਛੁਰੀਆਂ
ਤਾਂਘਾਂ ਤਾਜ ਦੀਆਂ
ਰਾਜ-ਭਾਗ ਦੇ ਮਾਲਕ ਤਾਜਾਂ ਵਾਲਿਆਂ ਦੇ ਸਤਾਏ ਲੋਕਾਂ ਸਿਰ ਤਾਜ ਸਜਾਉਣ ਦੀ ਤਾਂਘ ਚਿਤਵਦੀ ਕਵਿਤਾ ਸਦਾ ਅਮਰ ਰਹੇਗੀ
ਸਾਡੇ ਦੇਸ਼ ਵਾਸੀਆਂ ਸਮੇਤ ਪੰਜਾਬੀਆਂ ਦੇ ਵੱਡੇ ਹਿੱਸੇ ਨੂੰ ਦਿਮਾਗ਼ੀ ਗ਼ੁਲਾਮੀ ਵਿਚ ਨੂੜ ਕੇ ਰੱਖਣ ਲਈ ਦੇਸ਼ ਦੇ ਵਿਕਾਸ, ਆਧੁਨਿਕਤਾ ਦੀ ਧੁੰਦ ਪੈਦਾ ਕਰਕੇ ਬਰਤਾਨਵੀ ਹਾਕਮਾਂ ਨੇ ਆਪਣੇ ਤਖ਼ਤ ਦੇ ਪਾਵੇ ਸਲਾਮਤ ਰੱਖਣ ਲਈ ਅੱਡੀ ਚੋਟੀ ਦਾ ਜੋਰ ਲਾਇਆ ਇਹਨਾਂ ਨੇ ਸਾਡੇ ਵਤਨ ਵਾਸੀਆਂ ਲਈ ਦੇਵਤੇ ਬਣ ਕੇ ਆਉਣ ਦਾ ਭਰਮ ਵੀ ਸਿਰਜਿਆ ਵਪਾਰਕ, ਸਨਅਤੀ ਮਾਲ ਲੁੱਟਕੇ ਬਰਤਾਨੀਆਂ ਲਿਜਾਣ ਦੇ ਮੰਤਵਾਂ ਲਈ ਬਣਾਈਆਂ ਸੜਕਾਂ ਅਤੇ ਰੇਲਾਂ ਦਾ ਭਰਮ ਵੀ ਟੁੱਟਣ ਲੱਗਾ ਸਾਹਿਤ ਵਿਚ ਜੀਵਨ ਮੌਤ ਅਤੇ ਅੰਧ ਵਿਸ਼ਵਾਸ਼ੀ ਦੀਆਂ ਛਾਈਆਂ ਵਲਗਣਾਂ ਟੁੱਟਣ ਲੱਗੀਆਂ ਅੰਗਰੇਜ਼ੀ ਹਾਕਮਾਂ ਦੇ, ਸਾਡੇ ਮੁਲਕ ਨੂੰ ਗ਼ੁਲਾਮ ਬਣਾਈ ਰੱਖਣ ਦੇ ਮੰਤਵ ਸਾਹਮਣੇ ਆਉਣ ਲੱਗੇ ਬਰਤਾਨਵੀ ਛਲਾਵੇ ਦਾ ਪਰਦਾ ਚਾਕ ਕਰਦਿਆਂ ਪੰਜਾਬੀ ਕਵੀ ਸ਼ਾਹ ਮੁਹੰਮਦ ਨੇ ਲਿਖਿਆ ਸੀ:
ਸ਼ਾਹ ਮੁਹੰਮਦਾ ਦੌਲਤਾਂ ਜਮਾਂ ਕਰਦਾ
ਸ਼ਾਹੂਕਾਰ ਦਾ ਪੁੱਤ ਗੁਮਾਸਤਾ ਜੀ
ਜਿਉਂ ਜਿਉਂ ਲੋਕਾਂ ਚ ਰਾਜਨੀਤਕ ਜਾਗਰਤੀ ਪੈਦਾ ਹੋਣ ਲੱਗੀ ਉਹ ਸਮਝਣ ਲੱਗੇ ਕਿ ਵਿਕਾਸ ਦੀ ਡੌਂਡੀ ਪਿੱਟਣਾ ਨਿਰਾ ਛਲਾਵਾ ਹੈ ਗ਼ੁਲਾਮੀ ਦੀਆਂ ਜੰਜ਼ੀਰਾਂ ਚਕਨਾਚੂਰ ਕਰਨ ਲਈ ਸੰਗਰਾਮ ਦੇ ਮੈਦਾਨ ਚ ਕੁੱਦਣਾ ਹੀ ਲਾਜ਼ਮੀ ਬਣਦਾ ਹੈ ਵਿਧਾਤਾ ਸਿੰਘ ਤੀਰ ਦੇ ਬੋਲ ਵਕਤ ਦੀ ਹਕੀਕਤ ਪੇਸ਼ ਕਰਦੇ ਹਨ:
ਕੱਠੇ ਹੋ ਕੇ ਗੋਲੀਆਂ ਖਾਧੀਆਂ ਨੇ
ਆਏ ਵਿਛੜੇ ਵੀਰ ਮਿਲਾਨ ਏਥੇ
ਬੀਜ ਏਕਤਾ ਦੇ ਹੱਥੀਂ ਬੀਜੇਓ ਨੇ
ਰਲ਼ਿਆ ਖ਼ੂਨ ਹਿੰਦੂ ਮੁਸਲਮਾਨ ਏਥੇ
ਕਾਵਿ-ਸਿਰਜਣਾ ਦੀ ਅਥਾਹ ਸ਼ਕਤੀ ਨੇ ਸਮੇਂ ਸਮੇਂ ਸਮਾਜਕ ਬਦਲਾਅ ਵਿਚ ਅਹਿਮ ਭੂਮਿਕਾ ਅਦਾ ਕੀਤੀ ਜਾਬਰ ਤੋਂ ਨਾਬਰ ਕਵਿਤਾ, ਨਵੇਂ ਇਤਹਾਸ ਦਾ ਮੀਲ ਪੱਥਰ ਧਰਦੀ ਹੈ ਬਾਬਾ ਨਾਨਕ ਦੀ ਸਾਹਿਤਕ ਰਚਨਾ, ਮਲਕ ਭਾਗੋ ਵਲੋਂ ਹੜੱਪੀ ਲੋਕਾਂ ਦੀ ਕਮਾਈ ਅਤੇ ਸੜ੍ਹਾਕੇ ਮਾਰ ਪੀਤੇ ਲਹੂ ਉੱਤੇ ਵਾਰ ਕਰਦੀ ਹੈ, ਰਾਜੇ ਸ਼ੀਂਹ ਮੁਕੱਦਮ ਕੁੱਤੇ
ਬੀਤੇ ਸਮਿਆਂ ਦਾ ਉਹੀ ਇਤਿਹਾਸ ਗੌਰਵ ਨਾਲ ਸਿਰ ਉੱਚਾ ਕਰਕੇ ਖੜਾ ਹੈ ਜਿਸ ਵਿਚ ਲੋਕ-ਸਰੋਕਾਰਾਂ ਦੀ ਬਾਂਹ ਫੜ੍ਹੀ ਗਈ ਹੈ ਜ਼ਿੰਦਗੀ ਦੇ ਸੁਹੱਪਣ ਚ ਵਿਘਨ ਪਾਉਂਦੀ, ਜ਼ਹਿਰ ਧੂੜਦੀ, ਸਹਿਮ ਦੇ ਬੱਦਲ ਪੈਦਾ ਕਰਦੀ ਹਰ ਕਾਲ਼ੀ ਤਾਕਤ ਨਾਲ ਮੱਥਾ ਲਾਉਂਦੀ ਕਵਿਤਾ ਹੀ, ਲੋਕ-ਕਵਿਤਾ ਹੈ ਨਵੇਂ ਰਾਜ, ਨਵੇਂ ਸਮਾਜ ਜਿਥੇ ਲੋਕਾਂ ਦੀ ਪੁੱਗਤ ਹੋਵੇ ਦੀ ਗੱਲ ਕਰਦੀ ਕਵਿਤਾ ਹੀ ਆਉਣ ਵਾਲੇ ਕੱਲ੍ਹ ਦੀ ਕਵਿਤਾ ਹੈ
ਜਲ੍ਹਿਆਂਵਾਲਾ ਬਾਗ਼ ਦੇ ਕਾਲਜੇ ਰੁੱਗ ਭਰਵੇਂ ਕਾਂਡ ਨੇ ਜਿਸ ਕਵਿਤਾ ਨੂੰ ਜਨਮ ਦਿੱਤਾ ਉਹ ਸਿਰਫ ਸਾਹਮਣੇ ਖੜ੍ਹੇ ਜਨਰਲ ਡਾਇਰ ਜਾਂ ਗਵਰਨਰ ਮਾਈਕਲ ਓਡਵਾਇਰ ਨੂੰ ਹੀ ਮੁਜ਼ਰਿਮ ਨਹੀਂ ਮੰਨਦੀ ਸਗੋਂ ਸਾਮਰਾਜੀ ਪ੍ਰਬੰਧ ਨੂੰ ਚੋਟ ਨਿਸ਼ਾਨੇ ਤੇ ਰੱਖਦੀ ਹੈ ਇਹ ਕਵਿਤਾ ਮੁਕੰਮਲ ਆਜ਼ਾਦੀ, ਜਮਹੂਰੀਅਤ, ਬਰਾਬਰੀ ਅਤੇ ਨਿਆਂ ਭਰੇ ਨਵੇਂ ਨਿਜ਼ਾਮ ਦੀ ਸਿਰਜਣਾ ਕਰਨ ਦੀ ਗੱਲ ਕਰਦੀ ਹੈ
ਜਲ੍ਹਿਆਂਵਾਲੇ ਬਾਗ਼ ਦੀ ਇਤਿਹਾਸਕਤਾ ਅਤੇ ਪ੍ਰਸੰਗਤਾ ਰੌਲਟ ਐਕਟ ਦੀ ਗੱਲ ਕਰਦਿਆਂ ਅਜੋਕੇ ਸਮੇਂ ਅੰਦਰ ਮੜ੍ਹੇ ਕਾਲ਼ੇ ਕਾਨੂੰਨਾਂ ਨੂੰ ਵੀ ਸਮਝਦੀ ਕਵਿਤਾ ਦੀ ਸਿਰਜਣਾ ਲਈ ਪ੍ਰੇਰਦੀ ਹੈ ਸੌ ਵਰ੍ਹੇ ਪਹਿਲਾਂ ਰਚੀ ਕਵਿਤਾ ਅਤੇ ਹੋਰ ਸਾਹਿਤਕ ਵੰਨਗੀਆਂ ਸਾਡੇ ਸਮਿਆਂ ਅੰਦਰ ਭਾਈਚਾਰਕ ਏਕਤਾ ਤੋੜਨ, ਗੁਆਂਢੀ ਮੁਲਕਾਂ ਨਾਲ ਦੁਸ਼ਮਣੀ ਪਾਲਣ ਲਈ ਅੰਨ੍ਹੇ ਕੌਮੀ ਜਾਨੂੰਨ ਦੀ ਹਨੇਰੀ ਵਗਾਉਣ, ਮੁਲਕ ਨੂੰ ਸਾਮਰਾਜੀ ਸ਼ਾਹੂਕਾਰਾਂ ਅੱਗੇ ਨਿਲਾਮ ਕਰਨ, ਜਾਤੀ ਅਧਾਰ ਤੇ ਵਹਿਸ਼ੀਆਨਾ ਹੱਲੇ ਬੋਲਣ ਅਤੇ ਲੋਕਾਂ ਦੀ ਮੁਕਤੀ ਦਾ ਰਾਹ ਰੁਸ਼ਨਾਉਣ ਵਾਲੇ ਬੁੱਧੀਮਾਨਾਂ ਨੂੰ ਜੇਲ੍ਹਾਂ ਅੰਦਰ ਸੁੱਟਣ ਦੇ ਸਵਾਲਾਂ ਨੂੰ ਕਲਾਵੇ ਚ ਲੈਣ ਲਈ ਵੰਗਾਰਦੀ ਹੈ
ਇਸ ਦਿਸ਼ਾ ਵੱਲ ਉਤਸ਼ਾਹ ਜਨਕ ਕੰਮ ਹੋ ਰਿਹਾ ਹੈ ਜਲ੍ਹਿਆਂਵਾਲਾ ਬਾਗ਼ ਦੀ ਸ਼ਤਾਬਦੀ ਮਨਾਉਣ ਸਮੇਂ ਜਿਥੇ ਭਖਦੇ ਅਤੇ ਬੁਨਿਆਦੀ ਆਰਥਕ, ਰਾਜਨੀਤਕ ਅਤੇ ਸਮਾਜਕ ਮੁੱਦੇ ਉਠਾਏ ਜਾ ਰਹੇ ਹਨ ਉਥੇ ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿਚ ਜੋਰ ਸ਼ੋਰ ਨਾਲ ਕੰਮ ਹੋ ਰਿਹਾ ਹੈ ਗੰਭੀਰ ਵਿਚਾਰ ਗੋਸ਼ਟੀਆਂ ਅਤੇ ਸਾਹਿਤਕ ਸਿਰਜਣਾ ਦਾ ਅਰੁਕ ਸਿਲਸਿਲਾ ਦੇਸ਼ ਵਿਦੇਸ਼ ਅੰਦਰ ਉਤਸ਼ਾਹ ਜਨਕ ਵਰਤਾਰੇ ਵਜੋਂ ਸਾਹਮਣੇ ਆ ਰਿਹਾ ਹੈ
ਚੜ੍ਹਦੇ ਸੂਰਜ ਨਵੇਂ ਨਾਟਕ, ਗੀਤ-ਸੰਗੀਤ, ਇਤਿਹਾਸਕ ਅਤੇ ਬਹੁ-ਵਿਸ਼ਿਆਂ ਨਾਲ ਸੰਬੰਧਤ ਪੁਸਤਕਾਂ ਸਾਹਮਣੇ ਆ ਰਹੀਆਂ ਹਨ 13 ਅਪ੍ਰੈਲ ਨੂੰ ਜਲ੍ਹਿਆਂਵਾਲਾ ਬਾਗ਼ ਵੱਲ ਲੋਕਾਂ ਦੇ ਕਾਫ਼ਲੇ ਵਹੀਰਾਂ ਘੱਤ ਰਹੇ ਹਨ 21 ਅਪ੍ਰੈਲ ਗ਼ਦਰ ਪਾਰਟੀ ਸਥਾਪਨਾ ਦਿਹਾੜਾ, ਪਹਿਲੀ ਮਈ ਕੌਮਾਂਤਰੀ ਮਜ਼ਦੂਰ ਦਿਹਾੜਾ, 27 ਸਤੰਬਰ ਦੀ ਰਾਤ ਬਰਨਾਲਾ ਅਤੇ 1 ਨਵੰਬਰ ਮੇਲਾ ਗ਼ਦਰੀ ਬਾਬਿਆਂ ਦਾ ਜਲ੍ਹਿਆਂਵਾਲਾ ਬਾਗ਼ ਨੂੰ ਸਮਰਪਿਤ ਕੀਤੇ ਜਾ ਰਹੇ ਹਨ ਮਿਹਨਤਕਸ਼ ਲੋਕਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਸਾਹਿਤ ਅਤੇ ਕਲਾ ਦੇ ਖੇਤਰ ਵਿਚ ਕੰਮ ਕਰਦੇ ਲੋਕਾਂ ਦੀ ਗਲਵਕੜੀ ਜਾਬਰ ਤੋਂ ਨਾਬਰ ਕਵਿਤਾ ਨੂੰ ਸਮੇਂ ਦੇ ਹਾਣੀ ਅਰਥ ਦੇਣ ਲਈ ਇਸ ਸ਼ਤਾਬਦੀ ਮੌਕੇ ਕੁਝ ਇਸ ਤਰ੍ਹਾਂ ਆਖਦੀ ਪ੍ਰਤੀਤ ਹੁੰਦੀ ਹੈ:
ਪਾ ਗਲਵਕੜੀ ਕਲਮ ਕਲਾ ਸੰਗਰਾਮਾਂ ਦੀ
ਇਹਦੇ ਸੀਨੇ ਧਮਕ ਹੈ ਲੋਕ ਤੂਫ਼ਾਨਾਂ ਦੀ

No comments:

Post a Comment