ਭਾਵੇਂ ਜਬਰੀ ਭਰਤੀ
ਕਾਨੂੰਨੀ ਤੌਰ ’ਤੇ ਲਾਗੂ ਨਾ ਕੀਤੀ ਗਈ ਪਰ ਸੂਬੇ ਵਿਚ ਹਾਲਤ ਜਬਰੀ ਵਰਗੀ
ਹੀ ਸੀ ਅਤੇ ਭਰਤੀ ਲਈ ਆਮ ਤੌਰ ’ਤੇ ਦੁਰਲੀ ਜੱਥੇ ਦੀ ਵਰਤੋਂ ਕੀਤੀ ਜਾਂਦੀ ਸੀ।
ਭਰਤੀ ਯੋਗ ਸਾਰੇ
ਲੋਕਾਂ ਦੀਆਂ ਲਿਸਟਾਂ ਪਹਿਲਾਂ ਹੀ ਬਣਾਈਆਂ ਜਾ ਚੁੱਕੀਆਂ ਸਨ। ਡਿਪਟੀ ਕਮਿਸ਼ਨਰ, ਤਹਿਸੀਲਦਾਰ ਤੇ ਮੈਜਿਸਟਰੇਟ,
ਰੰਗਰੂਟਿੰਗ, ਜ਼ੈਲਦਾਰਾਂ, ਨੰਬਰਦਾਰਾਂ
ਅਤੇ ਹੋਰ ਝੋਲੀ ਚੁੱਕਾਂ ਦੀ ਧਾੜ ਅਤੇ ਪੁਲੀਸ ਨਾਲ ਪਿੰਡਾਂ ਨੂੰ ਘੇਰੇ ਵਿਚ ਲੈ ਲੈਂਦੇ ਤੇ ਭਰਤੀ ਕਰ
ਕਰ ਭੇਜੀ ਜਾਂਦੇ। ਨੌਜਵਾਨ ਧਾੜ ਦਾ
ਆਉਣਾ ਸੁਣ ਕੇ ਇਧਰ ਉਧਰ ਲੁਕ ਜਾਂਦੇ। ਜਿਹਨਾਂ ਪਰਿਵਾਰਾਂ
ਦੇ ਨੌਜੁਆਨ ਭਜ ਜਾਂਦੇ, ਉਹਨਾਂ ਨੂੰ ਤਦ ਤੀਕਰ ਤੰਗ ਕੀਤਾ ਜਾਂਦਾ, ਜਦ ਤੀਕਰ ਉਹ ਨੌਜੁਆਨ ਪੇਸ਼ ਨਾ ਹੁੰਦੇ। ਕੁਝ ਥਾਵਾਂ ’ਤੇ ਅਜਿਹੇ ਪਰਿਵਾਰਾਂ ਨੂੰ ਲੋਕਾਂ ਸਾਹਮਣੇ ਨੰਗਿਆਂ
ਕੀਤਾ ਗਿਆ। ਕੰਡਿਆਂ ਵਾਲੇ
ਛਾਪਿਆਂ ’ਤੇ ਸਿੱਟਿਆ ਗਿਆ।
ਇਸ ਜਬਰ ਦੇ ਵਿਰੁੱਧ
ਕਈਆਂ ਇਲਾਕਿਆਂ ਵਿਚ ਭਰਤੀ ਨਾ ਦਿਓ ਦੀਆਂ ਲੀਗਾਂ ਵੀ ਬਣਾਈਆਂ ਗਈਆਂ।
ਸਈਅਦ ਨਾਦਰ ਹੁਸੈਨ
ਸ਼ਾਹ ਭਲਵਾਨ ਨਾਮ ਦਾ ਇਕ ਤਹਿਸੀਲਦਾਰ ਕੁਝ ਵਧੇਰੇ ਹੀ ਸਰਗਰਮ ਸੀ, ਜਿਸ ਨੇ ਪਛੜੇ ਹੋਏ ਇਲਾਕੇ ਵਿਚ ਜਬਰਦਸਤੀ ਭਰਤੀ ਕਰਨ ਵਿਚ ਕਾਫੀ ਸਫਲਤਾ ਪ੍ਰਾਪਤ ਕੀਤੀ। ਪਰ ਉਹ ਇਕ ਅਜਿਹੇ ਅਣਛੋਹੇ ਪਿੰਡ ਵਿਚ ਚਲਿਆ ਗਿਆ, ਜਿੱਥੇ ਉਸ ਨੇ ਜਬਰਦਸਤੀ ਕਰਨ ਲਈ ਆਪਣੇ ਸਾਰੇ ਹਥਕੰਡੇ ਵਰਤੇ। ਪਰ ਜਦੋਂ ਉਹ ਗੈਸਟ ਹਾਊਸ ਵਿਚ ਠਹਿਰਿਆ ਹੋਇਆ ਸੀ, ਲੋਕਾਂ ਉਸ ਦੇ ਟੁਕੜੇ ਟੁਕੜੇ ਕਰ ਦਿੱਤੇ।
ਕਈ ਅਮੀਰ ਤੇ ਚਲਦੇ
ਪੁਰਜ਼ੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਭਰਤੀ ਤੋਂ ਬਚਾਉਣ ਲਈ ਗਰੀਬਾਂ ਦੇ ਮੁੰਡੇ ਖਰੀਦ ਕੇ ਭਰਤੀ ਕਰਵਾ
ਦਿੱਤੇ। ਰੋਹਤਕ ਜ਼ਿਲ੍ਹੇ
ਵਿਚ ਪਿੰਡ ਵਾਰ, ਜਾਤ ਵਾਰ ਕੋਟੇ ਪੂਰੇ ਕਰਾਉਣ ਲਈ ਦਬਾਓ ਪਾਇਆ ਗਿਆ। ਲੋਕੀਂ ਪਿੰਡ ਛੱਡ ਕੇ ਦੌੜਨ ਲੱਗ ਪਏ।
ਕਈ ਥਾਈਂ ਲੋਕਾਂ
ਨੂੰ 107/51 ਜਾਂ ਹੋਰ ਕੇਸਾਂ ਵਿਚ ਫਸਾ ਲਿਆ ਜਾਂਦਾ। ਭਰਤੀ ਹੋਣ ਤੇ ਉਹ ਕੇਸ ਵਾਪਸ ਲੈ ਲਏ ਜਾਂਦੇ।
ਸਈਅਦ ਨਾਦਰ ਹੁਸੈਨ
ਸ਼ਾਹ ਦੇ ਕਤਲ ਦੇ ਕੇਸ ਵਿਚ ਸੈਸ਼ਨ ਜੱਜ ਨੂੰ ਇਹ ਕਹਿਣਾ ਪਿਆ ਕਿ ਭਰਤੀ ਦੇ ਤਰੀਕੇ ਬੜੇ ਜਬਰੀ ਸਨ।
ਭਰਤੀ ਦੀ ਹਾਲਤ
ਏਨੀ ਮੰਦੀ ਸੀ ਕਿ 5000 ਕੈਦੀਆਂ ਨੂੰ ਮੈਸੋਪੋਟੇਮੀਆ ਵਿਚ ਭੇਜ ਦਿੱਤਾ ਗਿਆ,
ਜਿਥੇ ਉਹ ਗੰਦੇ ਕੰਮਾਂ ’ਤੇ ਲਾਏ ਗਏ। ਉਹਨਾਂ ਤੋਂ ਧਾਰੀਵਾਲ ਮਿੱਲ ਵਿਚ ਅਤੇ ਖਿਊੜੇ ਲੂਣ ਦੀਆਂ ਖਾਣਾਂ ਵਿਚ ਵੀ
ਕੰਮ ਲਿਆ ਗਿਆ।
10 ਅਗਸਤ ਨੂੰ ਲੈਫਟੀਨੈਂਟ
ਗਵਰਨਰ ਸਰ ਮਾਈਕਲ ਉਡਵਾਇਰ ਨੇ ਕਿਹਾ ਗੁਜਰਾਂਵਾਲੇ ਅਤੇ ਲਾਹੌਰ ਵਿਚ ਕਿਸਾਨਾਂ ਦੀ ਨਜ਼ਰ ਆ ਰਹੀ ਆਬਾਦੀ, ਮੁਨਾਸਿਬ ਗਿਣਤੀ ਵਿਚ ਅੱਗੇ ਨਹੀਂ ਆ ਰਹੀ।
ਉਮਰ ਹਿਆਤ ਖਾਂ
ਨੇ ਇਹ ਤਜਵੀਜ਼ ਰਖੀ ਕਿ ਜਿਹੜੇ ਇਲਾਕੇ ਵਿਚੋਂ ਭਰਤੀ ਘੱਟ ਮਿਲ ਰਹੀ ਹੈ, ਉਥੇ ਨਹਿਰੀ ਪਾਣੀ ਘੱਟ ਕਰ ਦੇਣਾ ਚਾਹੀਦਾ ਹੈ।
ਕਰਨਲ ਬੱਕ, ਡੀ. ਸੀ. ਕਾਂਗੜਾ ਅਤੇ ਹੋਰ ਅਫਸਰਾਂ
ਨੇ ਵੀ ਇਤਰਾਜ਼ਯੋਗ ਢੰਗ ਵਰਤਣ ਦੀ ਤਸਦੀਕ ਕੀਤੀ ਹੈ।
ਵਾਰ ਫੰਡ ਦੀ ਉਗਰਾਹੀ
ਵਿਚ ਵੀ ਅਜਿਹੇ ਤਰੀਕੇ ਵਰਤੇ ਗਏ ਜਿਵੇਂ ਕਿ ਚਕਵਾਲ ਵਿਚ ਦਫ਼ਾ 504 ਦਾ ਇਕ ਕੇਸ ਦਰਜ
ਹੋਇਆ, 101 ਰੁਪਿਆ ਵਾਰ ਫੰਡ ਦੇ ਦਿੱਤਾ ਗਿਆ ਤੇ ਕੇਸ ਖ਼ਤਮ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਇੱਕ
ਵਿਅਕਤੀ ਨੇ ਜਿਸ ਦੇ ਇਨਕਮ ਟੈਕਸ ਵਿਚ ਵਾਧਾ ਕੀਤਾ ਗਿਆ, ਜਦ ਇਤਰਾਜ਼ ਕੀਤਾ
ਤਾਂ ਉਸਨੂੰ ਕਿਹਾ ਗਿਆ ਕਿ ਇਸ ਦੇ ਇਲਾਵਾ ਨਾ ਉਸ ਨੇ ਜੰਗੀ ਕਰਜ਼ਾ ਦਿੱਤਾ ਹੈ, ਨਾ ਵਾਰ ਫੰਡ ਜਿਹੜਾ ਕਿ ਉਹ ਆਸਾਨੀ ਨਾਲ ਦੇ ਸਕਦਾ ਸੀ। ਉਸ ਦਾ ਇਤਰਾਜ਼ ਰਦ ਕਰ ਦਿੱਤਾ ਗਿਆ।
ਜਬਰੀ ਵਾਰ ਫੰਡ, ਦਬਾਓ ਤੇ ਅਤਿਆਚਾਰਾਂ ਨਾਲ ਭਰਤੀ, ਪੂਰੇ ਰੂਪ ਵਿਚ ਸਾਹਮਣੇ ਨਹੀਂ
ਆ ਸਕੀ, ਕਿਉਂਕਿ ਡੀਫੈਂਸ ਆਫ ਇੰਡੀਆ ਰੂਲਜ਼ ਦੇ ਅਧੀਨ ਅਜਿਹੀਆਂ ਖਬਰਾਂ ਦੇ
ਪ੍ਰਕਾਸ਼ਨ ’ਤੇ ਪੂਰੀ ਪਾਬੰਦੀ ਸੀ। ਹੁਣੇ ਜਿਹੇ ਹੀ ਪ੍ਰਗਟ ਹੋਈਆਂ ਖੁਫੀਆ ਸਰਕਾਰੀ ਰਿਪੋਰਟਾਂ ਵਿਚ ਕੁਝ ਇਕ ਸਾਹਮਣੇ
ਆਈਆਂ ਹਨ।
ਫੌਜਾਂ ਵਿਚ ਵੀ
ਬੜੀ ਬੇਚੈਨੀ ਸੀ ਤੇ ਜਬਰੀ ਭਰਤੀ ਕੀਤੇ ਬੰਦੇ ਫੌਜ ਵਿਚੋਂ ਦੌੜ ਆਉਂਦੇ ਸਨ। ਐਡੀਸ਼ਨਲ ਸੈਕਰੇਟਰੀ ਦੇ ਬਿਆਨ ਦੇ ਮੁਤਾਬਿਕ ਜੋ ਉਸ ਨੇ 7 ਫਰਵਰੀ 1918 ਨੂੰ ਦਿੱਤਾ, ਕੇਵਲ
1917 ਵਿਚ ਹੀ 26702 ਬੰਦੇ ਭਗੌੜੇ ਹੋਏ, ਅਰਥਾਤ 25 ਫੀਸਦੀ। ਜਿਹਨਾਂ ਵਿਚੋਂ 17338 ਫੜੇ ਗਏ ਤੇ
9364 ਕਾਬੂ ਨਹੀਂ ਆਏ।
ਫੌਜੀ ਤਮਗਿਆਂ, ਵਧੀਆਂ ਤਨਖਾਹਾਂ, ਭਰਤੀ ਹੋਣ ਵੇਲੇ 50 ਰੁਪਏ ਨਕਦ ਅਤੇ ਜੰਗ ਜਿਤਣ ਤੇ ਬਾਰ ਵਿਚ ਜ਼ਮੀਨਾਂ ਦਾ ਲਾਲਚ ਦੇ ਕੇ ਪੰਜਾਬ ਵਿਚੋਂ ਤਕਰੀਬਨ
392495 ਲੜਾਕੇ, ਜੰਗ ਦਾ ਖਾਜਾ ਬਣਨ ਲਈ ਭੇਜੇ ਗਏ। ਇਹਨਾਂ ਵਿਚ ਸਕੂਲਾਂ ਵਿਚੋਂ ਭਰਤੀ ਕੀਤੇ ਗਏ 7494 ਮੁੰਡੇ ਵੀ ਸਨ । ਸਰਕਾਰੀ ਰਿਪੋਰਟ
ਦੇ ਮੁਤਾਬਿਕ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਵਿਚੋਂ 78 ਤੇ ਖਾਲਸਾ ਐਂਗਲੋ
ਵਰਨੈਕੂਲਰ ਮਿਡਲ ਸਕੂਲ ਮਾਹਿਲਪੁਰ ਤੋਂ 53 ਮੁੰਡੇ ਭਰਤੀ ਕੀਤੇ ਗਏ।
ਭਰਤੀ ਕੀਤੇ ਗਏ
ਕੁਲ ਰੰਗਰੂਟਾਂ ਵਿਚੋਂ 170000 ਮੁਸਲਮਾਨ. 90000 ਸਿੱਖ
ਅਤੇ ਬਾਕੀ ਦੇ ਜਾਟ, ਡੋਗਰੇ, ਰਾਜਪੂਤ,
ਅਹੀਰ, ਗੁਜਰ, ਗੌੜ ਬਰਾਹਮਣ ਅਤੇ
ਹੋਰ ਹਿੰਦੂ ਸ਼ਾਮਲ ਸਨ। 4 ਹਜ਼ਾਰ ਪੰਜਾਬੀ ਇਸਾਈ ਵੀ ਭਰਤੀ ਹੋਏ।
ਭਰਤੀ ਆਮ ਤੌਰ
’ਤੇ ਪੇਂਡੂ ਇਲਾਕਿਆਂ ਵਿਚੋਂ ਕੀਤੀ ਗਈ, ਪਰ ਵਾਰ ਫੰਡ ਤੇ ਜੰਗੀ ਕਰਜੇ ਵਧੇਰੇ ਕਰਕੇ ਸ਼ਹਿਰੀ ਵਸੋਂ ਤੋਂ ਲਏ ਗਏ।
ਇਸ ਜੰਗ ਵਿਚ ਤਕਰੀਬਨ 53486 ਹਿੰਦੁਸਤਾਨੀ ਮਰੇ, 64310 ਜ਼ਖਮੀ ਹੋਏ ਤੇ 3762 ਲਾਪਤਾ।
ਡੀਊਕ ਆਫ ਕਨਾਟ
ਨੇ 16 ਫਰਵਰੀ 1921 ਵਿਚ ਦਿੱਲੀ ਵਿਚ ਜੰਗ ਦੀ ਯਾਦਗਾਰ ਦੇ ਸਮਾਰੋਹ ’ਤੇ ਬੋਲਦੇ ਹੋਏ
ਕਿਹਾ ਅੱਜ ਅਸੀਂ
ਜਾਣਦੇ ਹਾਂ ਕਿ ਦਸ ਲੱਖ ਕਿਵੇਂ ਆਪਣੇ ਘਰ-ਘਾਟ ਛੱਡ ਕੇ ਵਿਦੇਸ਼ਾਂ ਵਿਚ ਸੇਵਾ
ਕਰਨ ਗਏ। ਜਿਹਨਾਂ ਵਿਚੋਂ 60000 ਨੇ ਜਿਹਨਾਂ ਵਿਚ 850 ਇੰਡੀਅਨ ਅਫਸਰ ਵੀ ਸ਼ਾਮਲ ਸਨ, ਸਲਤਨਤ ਦੇ ਕਾਜ਼ ਲਈ ਆਪਣੀਆਂ ਜਾਨਾਂ ਦਿੱਤੀਆਂ।
ਇਹਨਾਂ ਜਾਨਾਂ
ਦੇਣ ਵਾਲਿਆਂ ਵਿਚੋਂ ਲਗਭਗ 14000 ਪੰਜਾਬੀ ਸਨ। ਸਭ ਤੋਂ ਵਧੇਰੇ ਮੌਤਾਂ ਜਿਲ੍ਹਾ ਕਾਂਗੜਾ ਦੇ ਇਲਾਕੇ ਚੰਬੇ ਦੇ ਜੁਆਨਾਂ ਦੀਆਂ
ਹੋਈਆਂ। ਅੱਜ ਤੀਕ ਚੰਬੇ
ਦੇ ਲੋਕ ਗੀਤਾਂ ਵਿਚ ਵਿਧਵਾ ਮੁਟਿਆਰਾਂ ਦੀਆਂ ਦਰਦਨਾਕ ਆਵਾਜ਼ਾਂ ਪਹਾੜਾਂ ਵਿਚ ਗੂੰਜਦੀਆਂ ਹਨ। ਫਿਰ ਪਿੰਡੀ ਤੇ ਜਿਹਲਮ ਦੇ ਇਲਾਕੇ ਵਿਚ
ਤਾਰੇ ਲਿਸ਼ਕਣ ਵੇ, ਰਾਤੀਂ ਚਿੱਟੀਆਂ ਚਾਨਣੀਆਂ
ਰੁਲ ਰੁਲ ਢੂੰਡਾਂ
ਮਾਹੀਆ, ਤੈਂਡੀਆਂ ਛਾਵਣੀਆਂ।
ਅੱਜ ਵੀ ਚਾਨਣੀਆਂ
ਰਾਤਾਂ ਵਿਚ ਉਹਨਾਂ ਨੂੰ ਪੁਕਾਰਿਆ ਜਾਂਦਾ ਹੈ, ਜੋ ਮੁੜ ਕੇ ਨਹੀਂ ਆਏ। ਬਾਕੀ ਜਿਲ੍ਹਿਆਂ ਵਿਚੋਂ ਵੀ 2.7 ਫੀਸਦੀ ਸਾਮਰਾਜੀ
ਇਛਿਆ ਦੀ ਭੇਟ ਹੋ ਗਏ। ਇਕ ਰਿਪੋਰਟ ਦੇ
ਮੁਤਾਬਿਕ ਕੁਰਬਾਨੀ ਬਹੁਤ ਵੱਡੀ ਤੇ ਅਸਲੀ ਸੀ ਅਤੇ ਇਥੇ ਅਨੇਕਾਂ ਘਰ ਸਨ, ਜਿਹਨਾਂ ਨੂੰ ਇਕ ਤੋਂ ਵਧੇਰੇ ਪੁੱਤਰਾਂ ਦੀ ਮੌਤ ਤੇ ਵੈਣ ਪਾਉਣੇ ਪਏ।
ਬਰਾਈਟਨ ਤੋਂ ਲੈ
ਕੇ ਬਸਰੇ ਤੀਕਰ ਪੰਜਾਬੀ ਨੌਜੁਆਨਾਂ ਦੇ ਪੈਰ ਪਏ ਅਤੇ ਈਰਾਨ ਤੇ ਕੇਂਦਰੀ ਏਸ਼ੀਆ ਵਿਚ ਵੀ ਉਹ ਬਰਤਾਨਵੀ
ਮੁਫਾਦ ਲਈ ਜਾਨਾਂ ਵਾਰਦੇ ਰਹੇ।
. . . . ਭਰਤੀ ਤੋਂ
ਇਲਾਵਾ ਪੰਜਾਬ ਦੇ ਲੋਕਾਂ ਤੋਂ ਜੰਗੀ ਖਰਚਾਂ ਲਈ ਫੰਡ ਅਤੇ ਜੰਗੀ ਕਰਜਾ ਦੇਣ ਲਈ ਵੀ ਪੂਰੀਆਂ ਕੋਸ਼ਿਸ਼ਾਂ
ਤੇ ਹਰ ਤਰ੍ਹਾਂ ਦੇ ਹਥਿਆਰ ਵਰਤੇ ਗਏ। ਸਰਕਾਰ ਪ੍ਰਸਤਾਂ
ਨੇ ਇਥੇ ਵੀ ਸਰਕਾਰ ਨੂੰ ਖੁਸ਼ ਕਰਨ ਲਈ ਵੱਧ ਤੋਂ ਵੱਧ ਉਤਸ਼ਾਹ ਦਾ ਪ੍ਰਗਟਾਵਾ ਕੀਤਾ। ਇਸ ਮੰਤਵ ਲਈ ਦੋ ਕਮੇਟੀਆਂ ਬਣਾਈਆਂ ਗਈਆਂ।
ਪੰਜਾਬ ਵਿਚੋਂ
ਤਕਰੀਬਨ 2 ਕਰੋੜ 24 ਲੱਖ ਰੁਪਏ ਫੰਡ
ਇਕੱਠਾ ਕੀਤਾ ਗਿਆ। ਰਾਜਿਆਂ, ਮਹਾਰਾਜਿਆਂ ਤੇ ਨਵਾਬਾਂ, ਜਿਨ੍ਹਾਂ ਦੀਆਂ ਆਪਣੀਆਂ ਰਿਆਸਤਾਂ ਦੇ
ਲੋਕ ਸਮਾਜੀ ਕਲਿਆਣ ਦੀਆਂ ਜ਼ਰੂਰੀ ਜ਼ਰੂਰਤਾਂ ਤੋਂ ਵੀ ਵਾਂਝੇ ਸਨ, ਰਾਏ ਬਹਾਦਰਾਂ
ਨੇ ਦਿਲ ਖੋਲ੍ਹ ਕੇ ਫੰਡ ਦਿੱਤਾ ਅਤੇ ਆਪਣੇ ਅਸਰ ਅਤੇ ਦਬਾਓ ਹੇਠਲੇ ਲੋਕਾਂ ਤੋਂ ਜ਼ਬਰਦਸਤੀ ਵੀ ਉਗਰਾਹਿਆ। ਬਾਰਾਂ ਵਿਚ, ਫਸਲ ਦਾ 1/25 ਹਿੱਸਾ ਜੰਗੀ
ਕਰਜੇ ਵਿਚ ਲਿਆ ਗਿਆ। ਲੁਧਿਆਣੇ ਵਿਚ 5 ਰੁਪਏ ਪ੍ਰਤੀ ਜੀਅ ਲਾਇਆ ਗਿਆ। ਇਸ ਤਰ੍ਹਾਂ ਸਾਢੇ
ਗਿਆਰਾਂ ਕਰੋੜ ਰੁਪਿਆ ਜੰਗੀ ਕਰਜਾ ਇਕੱਠਾ ਗਿਆ।
ਜੰਗ ਵਿਚ ਸਲਤਨਤ
ਬਰਤਾਨੀਆ ਦੀ ਜਿੱਤ ਦੀਆਂ ਅਰਦਾਸਾਂ ਤੋਂ ਬਿਨਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰਕਾਰ ਪ੍ਰਸਤ
ਸਰਬਰਾਹਾਂ ਨੇ ਗੁਰਦੁਆਰੇ ਦੀ ਮਾਇਆ ਵਿਚੋਂ 50000 ਰੁਪਿਆ ਦਿੱਤਾ।
ਇਸ ਤੋਂ ਬਿਨਾ
ਪਦਾਰਥਕ ਮਦਦ ਵੀ ਦਿੱਤੀ ਗਈ। 8 ਲੱਖ ਰੁਪਏ ਤੋਂ ਉਤੇ ਦੀ ਰਕਮ ਦੇ ਲੱਕੜ, ਕਣਕ, ਛੋਲੇ, ਤੰਬੂ, ਘੋੜੇ, ਊਠ ਤੇ ਖਚਰਾਂ ਦਿੱਤੀਆਂ ਗਈਆਂ। ਲਾਇਲਪੁਰ ਜਿਲ੍ਹੇ
ਵਿਚੋਂ 5069 ਊਠ ਅਤੇ ਹਿਸਾਰ ਤੋਂ 5000 ਬਲਦ ਫੌਜੀ ਕੌਮਾਂ ਦੀ ਵਰਤੋਂ ਲਈ ਲਿਜਾਏ ਗਏ। ਹਸਪਤਾਲੀ ਜਹਾਜ਼, ਐਂਬੂਲੈਸਾਂ, ਮੋਟਰ ਲਾਂਚ, ਸ਼ਿਪ ਤੇ 614 ਬੈਂਡ ਬਾਜੇ
ਖਰੀਦ ਕੇ ਦਿਤੇ ਗਏ।
ਰੈੱਡ ਕਰਾਸ, ਸੇਂਟ ਜਾਨ ਐਂਬੂਲੈਂਸ, ਕਮਫਰਟ ਫੰਡ, ਰੰਗਰੂਟਿੰਗ ਫੰਡ, ਪਰਿੰਸ ਆਫ ਵੇਲਜ਼ ਫੰਡ, ਸਿਲਵਰ ਵੈਡਿੰਗ ਫੰਡ, ਲਾਰਡ ਕਿਚਨਰ ਮੈਮੋਰੀਅਲ ਫੰਡ ਅਤੇ ਬਿਲੂ
ਕਰਾਸ ਫੰਡ ਆਦਿ ਦੇ ਨਾਮ ’ਤੇ ਪੰਜਾਬ ਨੂੰ ਬੁਰੀ ਤਰ੍ਹਾਂ ਵੰਡਿਆ ਗਿਆ ਅਤੇ ਇਹਨਾਂ
ਦੇ ਨਾਮ ’ਤੇ ਲੱਖਾਂ ਰੁਪਏ ਵਸੂਲੇ ਗਏ। ਇਉਂ ਲਗਦਾ ਹੈ ਕਿ ਪਹਿਲੀ ਜੰਗ ਕਹਿਣ ਨੂੰ ਹੀ ਅੰਗਰੇਜ਼ਾਂ ਦੀ ਸੀ ਪਰ ਲੜੀ
ਸਾਰੇ ਪੰਜਾਬ ਦੇ ਸਿਰ ’ਤੇ ਹੀ ਗਈ।
ਇਸ ਜੰਗ ਵਿਚ ਨਾ
ਸਿਰਫ ਪੰਜਾਬੀ ਗਭਰੂਆਂ ਦੀਆਂ ਜਾਨਾਂ ਹੀ ਗਈਆਂ, ਪੰਜਾਬ ਦੀ ਬਿਹਤਰੀ ਦੀ ਬਜਾਏ,
ਕਰੋੜਾਂ ਰੁਪਏ ਦੇਸ ਨੂੰ ਗੁਲਾਮ ਰਖਣ ਵਾਲੀ ਅੰਗਰੇਜ਼ੀ ਸਰਕਾਰ ਨੂੰ ਉਹਦੇ ਦੁਸ਼ਮਣਾਂ
ਤੋਂ ਬਚਾਉਣ ਲਈ ਖਰਚੇ ਗਏ। ਆਪ ਪੰਜਾਬ ਜੰਗ
ਦੇ ਕਾਰਨ ਚੀਜ਼ਾਂ ਦੀ ਥੁੜੋਂ ਅਤੇ ਮਹਿੰਗਾਈ ਦਾ ਸ਼ਿਕਾਰ ਬਣਿਆ। 1914-15 ਤੋਂ ਲੈ ਕੇ 1919-20 ਤੀਕਰ ਵਿਚ ਹੀ ਹਿੰਦੁਸਤਾਨ ਦਾ ਟੋਟਲ ਰੈਵਿਨਿਊ ਫੀਸਦੀ ਵਧ ਗਿਆ। ਨਵੇਂ ਟੈਕਸ ਲਾਏ ਗਏ ਅਤੇ ਜਨਰਲ ਇਮਪੋਰਟ ਡਿਊਟੀ ’ਚ ਵਾਧਾ ਕੀਤਾ
ਗਿਆ। ਸ਼ਰਾਬ, ਸਿਗਰਟ, ਤੰਬਾਕੂ ਤੇ ਹਾਇਰ ਟੈਕਸ ਲਾਇਆ ਗਿਆ। ਚਾਹ ਤੇ ਸਣ ਦੀ ਐਕਸਪੋਰਟ ਡਿਊਟੀ ਵਧਾਈ ਗਈ। ਇਨਕਮ ਟੈਕਸ ਵਿਚ ਵਾਧਾ ਕੀਤਾ ਗਿਆ। 50000 ਤੋਂ ਉਪਰ ਸੁਪਰ ਟੈਕਸ ਲਾਇਆ ਗਿਆ। ਰੇਲਵੇ ਬਜਟ ਘਟਾ ਕੇ ਅੱਧਾ ਕਰ ਦਿੱਤਾ ਗਿਆ। ਇਹੋ ਹਾਲਤ ਹੋਰ ਤਰੱਕੀ ਦੀਆਂ ਸਕੀਮਾਂ ਦੀ ਹੋਈ। 1913-14 ਵਿਚ ਟੈਕਸ ਦਾ ਜਿਹੜਾ ਬੋਝ 3 ਰੁਪਏ 10 ਪੈਸੇ ਸੀ, 1920 ਵਿੱਚ
4 ਰੁਪਏ ਢਾਈ ਪੈਸੇ ਹੋ ਗਿਆ।
ਨਤੀਜੇ ਦੇ ਤੌਰ
’ਤੇ, ਜੰਗ ਦੇ ਖਾਤਮੇ ’ਤੇ, ਪੰਜਾਬ ਵਿਚ ਬੜੀ ਵੱਡੀ ਬੇਚੈਨੀ ਫੈਲੀ ਹੋਈ ਸੀ। ਭਾਵੇਂ ਜੰਗ ਦੇ ਖਾਤਮੇ ਤੇ ਸਰਕਾਰ ਵਲੋਂ ਪੰਜਾਬ ਦੀ ਆਪਣੇ ਕਬਜ਼ੇ ਕੀਤੀ ਜ਼ਮੀਨ
ਵਿਚੋਂ 178000 ਏਕੜ ਨਹਿਰੀ ਜ਼ਮੀਨ ਫੌਜੀਆਂ ਵਿਚ ਵੰਡਣ ਲਈ ਦਿਤੀ
ਗਈ। ਪਰ ਬਹੁਤ ਹਿੱਸਾ
ਵੱਡੇ ਫੌਜੀ ਸਰਦਾਰਾਂ, ਖਾਨ ਤੇ ਰਾਏ ਬਹਾਦਰਾਂ ਨੂੰ ਮੁਰੱਬਿਆਂ ਦੀ ਸ਼ਕਲ ਵਿਚ
ਦਿੱਤਾ ਗਿਆ। 15 ਲੱਖ ਰੁਪਿਆ ਮਾਮਲਾ
ਵੀ ਛਡਿਆ ਗਿਆ। ਪਰ ਇਸ ਦਾ ਬਹੁਤਾ
ਫਾਇਦਾ ਵੀ ਵਡਿਆਂ ਜ਼ਿਮੀਦਾਰਾਂ ਨੂੰ ਹੋਇਆ।
ਜੰਗ ਦੇ ਮੁੱਕਣ
’ਤੇ ਪੰਜਾਬ ਵਿਚ ਇਕ ਲੱਖ ਤੋਂ ਲੈ ਕੇ ਡੇਢ ਲੱਖ ਤੀਕਰ ਨਾਮ ਕਟੇ ਸਨ, ਜਿਹਨਾਂ ਕੋਲ ਕੋਈ ਕੰਮ ਨਹੀਂ ਸੀ। ਉਹ ਪੰਜਾਬ ਦੀ
ਆਰਥਕ ਅਵਸਥਾ ਦਾ ਸ਼ਿਕਾਰ ਹੋਈ ਵਸੋਂ ਦਾ ਇਕ ਹੋਰ ਭਾਗ ਬਣ ਗਏ। ਸ਼ਹਿਰੀ ਅਤੇ ਨੌਕਰੀ ਪੇਸ਼ਾ ਲੋਕਾਂ ਦੀ ਹਾਲਤ ਬੜੀ ਤਰਸਯੋਗ ਸੀ। ਰੇਲਵੇ ਦੀ ਹੜਤਾਲ ਮਹਿੰਗਾਈ ਦਾ ਫਲ-ਸਰੂਪ ਸੀ।
ਸਰਕਾਰੀ ਅੰਕੜਿਆਂ
ਦੇ ਮੁਤਾਬਿਕ, ਦਸ ਹਜ਼ਾਰ ਲੋਕ ਜੇਲ੍ਹਾਂ ਵਿਚ ਨਜ਼ਰਬੰਦ ਰਹੇ ਸਨ,
ਜਾਂ ਪਿੰਡਾਂ ਵਿਚ ਹੱਦਬੰਦ ਜਾਂ ਸਰਕਾਰ ਦੀ ਕਰੜੀ ਨਿਗਰਾਨੀ ਹੇਠ। ਇਹਨਾਂ ਉਤੇ ਗ਼ਦਰ ਪਾਰਟੀ ਦੇ ਹਮਦਰਦ ਹੋਣ ਦਾ ਜੁਰਮ ਸੀ। ਜੰਗ ਦੇ ਦਿਨਾਂ ਵਿਚ ਡਿਫੈਂਸ ਆਫ ਇੰਡੀਆਂ ਰੂਲਜ਼ ਵਰਤੋਂ ਕਰ ਕੇ ਇਹਨਾਂ ਉਤੇ ਸਰਕਾਰ ਵਲੋਂ
ਹਰ ਪ੍ਰਕਾਰ ਦੀ ਦਹਿਸ਼ਤ ਵਰਤੀ ਗਈ ਸੀ। ਜੰਗ ਦੇ ਦੌਰਾਨ
ਵਿਚ ਬਾਹਰਲੇ ਦੇਸ਼ਾਂ ਵਿਚ ਗਏ ਪੰਜਾਬੀ ਲੋਕਾਂ ਦੇ ਗਿਆਨ ਦਾ ਘੇਰਾ ਬੜਾ ਵਿਸ਼ਾਲ ਹੋ ਗਿਆ ਸੀ ਅਤੇ ਉਨ੍ਹਾਂ
ਵਿਚੋਂ ਬੇਦਾਰ ਮਗਜ਼ ਲੋਕਾਂ ਨੇ ਆਪਣੀ ਜਿੰਦਗੀ ਦਾ ਉਹਨਾਂ ਦੀ ਜਿੰਦਗੀ ਨਾਲ ਮੁਕਾਬਲਤਨ ਅਧਿਆਨ ਕੀਤਾ
ਅਤੇ ਆਪਣੀ ਮੰਦੀ ਦਸ਼ਾ ਦੇ ਆਰਥਕ ਤੇ ਸਿਆਸੀ ਕਾਰਨਾਂ ਦੀ ਤਲਾਸ਼ ਵੀ ਕੀਤੀ।
ਪੰਜਾਬ ਦੇ ਲੋਕਾਂ
ਵਿਚ ਨਵੀਂ ਸਿਆਸੀ ਚੇਤਨਤਾ ਦਾ ਦੌਰ ਆਪਣੇ ਆਰੰਭ ਵਿਚ ਸੀ। ਜੰਗ ਮੁੱਕਣ ਨਾਲ ਹੀ ਡਿਫੈਂਸ ਆਫ ਇੰਡੀਆ ਰੂਲ ਖਤਮ ਹੋ ਰਿਹਾ ਸੀ। ਪੰਜਾਬੀ ਲੋਕਾਂ ਨੂੰ ਕਾਬੂ ਵਿਚ ਰਖਣ ਵਾਸਤੇ ਇਕ ਨਵੇਂ ਕਾਨੂੰਨੀ ਹਥਿਆਰ ਦੀ
ਲੋੜ ਸੀ, ਜੋ ਰੋਲਟ ਐਕਟ ਦੀ ਸ਼ਕਲ ਵਿਚ ਸਾਹਮਣੇ ਆਇਆ।
(ਪੁਸਤਕ ‘‘1919 ਦਾ ਪੰਜਾਬ’’ ’ਚੋਂ)
ਜਲਿਆਂਵਾਲੇ ਬਾਗ ਦੇ ਸਾਕੇ
ਵੇਲੇ ਦੇ ਦੌਰ ’ਚ ਪੰਜਾਬ ਦੀ ਹਾਲਤ ਦੇ ਕੁੱਝ ਪੱਖਾਂ ਦੀ ਤਸਵੀਰ ਦਰਸਾਉਂਦੀਆਂ ਲਿਖਤਾਂ ਦੇ ਅੰਸ਼ ਅਸੀ ਅਗਲੇ
ਪੰਨਿਆਂ ’ਤੇ ਦੇ ਰਹੇ ਹਾਂ। ਚਾਹੇ ਇਹਨਾਂ ਇਤਿਹਾਸਕਾਰਾਂ ਦਾ ਘਟਨਾਵਾਂ ਨੂੰ ਦੇਖਣ
ਦਾ ਆਪਣਾ ਨਜਰੀਆ ਹੈ ਪਰ ਤਾਂ ਵੀ ਉਸ ਦੌਰ ’ਚ ਸਾਮਰਾਜੀ ਤੇ ਜਗੀਰੂ ਲੁੱਟ ਖਸੁੱਟ ਤੇ ਮੋਟੀ ਝਾਤ
ਪਵਾਉਣ ਪੱਖੋਂ ਇਹ ਲਿਖਤਾਂ ਸਹਾਈ ਹੁੰਦੀਆਂ ਹਨ। ਸਾਮਰਾਜੀਆਂ ਤੇ ਦਲਾਲ ਜਮਾਤਾਂ
ਵੱਲੋਂ ਧਾਰਮਿਕ ਸੰਸਥਾਵਾਂ ਦੀ ਵਰਤੋਂ ਦੇ ਪੱਖ ’ਤੇ ਵੀ ਝਾਤ ਪੁਆਈ ਗਈ ਹੈ।
ਇਹ
ਲਿਖਤਾਂ ਉਸ ਦੌਰ ਦੇ ਸਮਾਜੀ ਸਿਆਸੀ ਹਾਲਾਤਾਂ ਨੂੰ ਸਮਝਣ ’ਚ ਸਹਾਈ ਹੁੰਦੀਆਂ ਹਨ।
No comments:
Post a Comment