ਫਲਸਤੀਨ ਅੰਦਰ ‘ਜਬਰ ਨਾਕਾਮੀ, ਹੋਰ ਜਬਰ’
ਦਸੰਬਰ
2018 ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਅੰਬੈਸੀ ਨੂੰ ਤਲਅਵੀਵ ਤੋਂ
ਯੇਰੂਸ਼ਲਮ ਤਬਦੀਲ ਕਰਨ ਅਤੇ ਇਉ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ
ਹੈ। ਇਸ ਐਲਾਨ ਨੇ ਆਪਣੀ ਹੀ ਕੌਮ ਤੋਂ ਬੇਦਖਲ ਕੀਤੇ ਫਲਸਤੀਨੀਆਂ ਦੇ 70 ਸਾਲਾਂ ਤੋਂ ਮੁੜ-ਮੁੜ ੳੱੁਚੜਦੇ ਆ ਰਹੇ ਜਖਮਾਂ ਤੇ ਨਮਕ ਭੁੱਕਣ ਦਾ ਕੰਮ ਕੀਤਾ। ਸੰਸਾਰ ਪੱਧਰ ’ਤੇ ਇਸ ਐਲਾਨ ਦਾ ਵਿਰੋਧ ਹੋਇਆ ਹੈ। ਫਰਵਰੀ
ਮਹੀਨੇ, ਜਦੋਂ ਇਸ ਫੈਸਲੇ
ਨੂੰ ਮਈ 18 ਤੱਕ ਅਮਲੀ ਜਾਮਾ ਪਹਿਨਾਏ ਜਾਣ ਦਾ ਐਲਾਨ ਹੋਇਆ ਤਾਂ ਫਲਸਤੀਨ
ਅੰਦਰ ਇਸਦੇ ਖਿਲਾਫ ਵਿਆਪਕ ਉਭਾਰ ਉਠਿਆ। ਵਤਨ ਵਾਪਸੀ ਲਈ ਮੁੜ ਫਲਸਤੀਨੀ ਲੋਕਾਂ ਅੰਦਰ ਦਹਾਕਿਆਂ
ਬੱਧੀ ਮੱਚ-ਮੱਚ ਪੈਂਦੀ ਭੁਮੱਕੜ
ਭਾਵਨਾ ਹੋਰ ਵੇਗ ਫੜ ਗਈ। 30 ਮਾਰਚ ਤੋਂ
‘ਵਾਪਸੀ ਲਈ ਵਿਸ਼ਾਲ ਮਾਰਚ’ ਦੇ ਨਾਂ ਹੇਠ ਰੋਸ
ਪ੍ਰਦਰਸ਼ਨ ਸ਼ੁਰੂ ਹੋ ਗਏ । ਹਰ ਸ਼ੁੱਕਰਵਾਰ ਹੋਣ ਵਾਲੇ ਇਹਨਾਂ ਵਿਰੋਧ ਪ੍ਰਦਰਸ਼ਨਾਂ
ਅੰਦਰ ਹਜ਼ਾਰਾਂ ਫਲਸਤੀਨੀਆਂ ਨੇ ਇਜ਼ਰਾਈਲ ਦੀ ਸਰਹੱਦ ਦੇ ਨਾਲ ਲੱਗਦੇ ਖੇਤਰਾਂ ਅੰਦਰ ਆਪਣਾ ਵਤਨ ਅਤੇ ਰਾਜਧਾਨੀ
ਖੋਹੇ ਜਾਣ ਵਿਰੁੱਧ ਰੋਹ ਜਾਹਰ ਕੀਤਾ। (ਇਸ ਸਬੰਧੀ
ਰਿਪੋਰਟ ਸੁਰਖ ਲੀਹ ਦੇ ਪਿਛਲੇ ਅਪ੍ਰੈਲ-ਮਈ ਅੰਕ ਅੰਦਰ ਆ ਚੁੱਕੀ ਹੈ)
ਮਿਥੇ ਅਨੁਸਾਰ ਇਹ ਰੋਸ ਪ੍ਰਦਰਸ਼ਨ 15 ਮਈ ‘ਨਕਬਾ ਦਿਹਾੜਾ’ ਤੱਕ ਚੱਲਣੇ ਸਨ ਜਿਹੜਾ 72 ਸਾਲ ਪਹਿਲਾਂ ਫਲਸਤੀਨੀਆਂ ਦੀ ਫਲਸਤੀਨ ਵਿੱਚੋਂ ਬੇਦਖਲੀ ਦਾ ਦਿਹਾੜਾ ਹੈ ਤੇ ‘ਕਹਿਰ ਦੇ ਦਿਨ’ ਵਜੋਂ ਮਸ਼ਹੂਰ ਹੈ।
ਅਮਰੀਕਾ ਨੇ ਆਪਣੀ
ਅੰਬੈਸੀ ਬਦਲਣ ਲਈ ਨਕਬਾ ਦਿਹਾੜੇ ਦੀ ਪੂਰਵ ਸੰਧਿਆ ਦੀ ਹੀ ਚੋਣ ਕੀਤੀ। ਇਸ ਕਦਮ ਦੇ ਖਿਲਾਫ ਉਸੇ ਦਿਨ ਹਜ਼ਾਰਾਂ ਫਲਸਤੀਨੀਆਂ ਨੇ ਇਜ਼ਰਾਈਲੀ ਸਰਹੱਦ ਕੋਲ ਰੋਹ ਭਰਪੂਰ ਮਾਰਚ
ਕੀਤਾ। ਪੂਰਨ ਸ਼ਾਂਤਮਈ ਇਸ ਮਾਰਚ ਉਪਰ ਇਜ਼ਰਾਈਲੀ ਫੌਜ ਨੇ ਬਿਨਾਂ ਭੜਕਾਹਟ ਗੋਲੀਆਂ ਚਲਾਈਆਂ ਜਿਸ ਨਾਲ 8 ਬੱਚਿਆਂ ਸਮੇਤ 40 ਫਲਸਤੀਨੀ ਮਾਰੇ ਗਏ ਅਤੇ 2771 ਜਖਮੀ ਹੋ ਗਏ। ਅਗਲੇ ਦਿਨ ਤੱਕ ਮਰਨ ਵਾਲਿਆਂ ਦੀ ਗਿਣਤੀ
60 ’ਤੇ ਜਾ ਅੱਪੜੀ। ਇਸ ਹਮਲੇ ਅੰਦਰ ਘੱਟੋ ਘੱਟ 1360 ਗੋਲੀਆਂ ਦਾਗੀਆਂ ਗਈਆਂ। 400 ਬੰਬ ਸਿੱਟੇ ਗਏ। ‘ਵਾਪਸੀ ਲਈ ਮਹਾਨ ਮਾਰਚ’ ਦੇ ਪ੍ਰਦਰਸ਼ਨਕਾਰੀਆਂ ਨੇ ਇਜ਼ਰਾਈਲੀ ਸਰਹੱਦ ਦੇ ਨਾਲ ਕੈਂਪ ਲਾਏ ਹੋਏ ਸਨ ਜਿਹਨਾਂ ਅੰਦਰ ਪਰਿਵਾਰਾਂ
ਦੇ ਪਰਿਵਾਰ ਸਨ। ਇਹਨਾਂ ਕੈਂਪਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਤੇ ਇਹਨਾਂ ਉੱਪਰ ਜਲਣਸ਼ੀਲ ਪਦਾਰਥ ਸੁੱਟ
ਕੇ ਅੱਗ ਲਾਈ ਗਈ। ਜਦੋਂ ਫਲਸਤੀਨੀ ਪ੍ਰਦਰਸ਼ਨਕਾਰੀਆਂ ’ਤੇ ਇਹ ਅਣਮਨੁੱਖੀ ਕਹਿਰ ਵਾਪਰ
ਰਿਹਾ ਸੀ ਤਾਂ 59 ਮੀਲ ਦੂਰ ਅਮਰੀਕੀ
ਦੂਤਘਰ ਨੂੰ ਬਦਲੇ ਜਾਣ ਦੇ ਜਸ਼ਨ ਪੂਰ ਸ਼ਾਨੋ ਸ਼ੌਕਤ ਤੇ ਉਤਸ਼ਾਹ ਨਾਲ ਜਾਰੀ ਰਹੇ। ਟਰੰਪ ਦੀ ਚੋਣ ਮੁਹਿੰਮ ਨੂੰ ਫੰਡ ਦੇਣ ਵਾਲੇ ਅਤੇ ਪੱਛਮੀ ਕੰਢੇ ’ਚ ਇਜ਼ਰਾਈਲੀ ਬਸਤੀਆਂ ’ਤੇ ਪੈਸਾ ਖਰਚਣ ਵਾਲੇ ਅਮਰੀਕੀ ਕਾਰੋਬਾਰੀ ਸ਼ੈਲਡਨ ਐਡਲਸਨ
ਵਰਗੀਆਂ ਅਨੇਕਾਂ ਸਖਸ਼ੀਅਤਾਂ ਇਹਨਾਂ ਜਸ਼ਨਾਂ ਦਾ ਹਿੱਸਾ ਸਨ। ਟਰੰਪ
ਦੇ ਜਵਾਈ ਕੁਸ਼ਨਰ ਨੇ ਇਸ ਮੌਕੇ ਭਾਸਣ ਦਿੰਦਿਆਂ ਕਿਹਾ ਕਿ ਅਸੀਂ ਇਜ਼ਰਾਈਲ ਨਾਲ ਹਾਂ ਕਿਉਕਿ ਸਾਡਾ ਮਨੁੱਖੀ
ਅਧਿਕਾਰਾਂ ਅਤੇ ਲੋਕਤੰਤਰ ਵਿਚ ਵਿਸ਼ਵਾਸ਼ ਹੈ। ਉਸ ਨੇ ਫਲਸਤੀਨੀਆਂ ਨੂੰ ਹੀ ਆਪਣੀਆਂ ਮੌਤਾਂ ਦਾ ਜੁੰਮੇਵਾਰ
ਠਹਿਰਾਉਦੇ ਹੋਏ ਕਿਹਾ ਕਿ ਹਿੰਸਾ ਭੜਕਾਉਣ ਵਾਲੇ ਹੀ ਸਮੱਸਿਆ ਹਨ। ‘ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ’ ਵਿਚ ਵਿਸ਼ਵਾਸ਼ ਰੱਖਣ ਵਾਲੀ ਅਮਰੀਕੀ ਹਕੂਮਤ ਨੇ ਨਾ ਸਿਰਫ ਫਲਸਤੀਨੀਆਂ ਤੋਂ ਯੇਰੋਸ਼ਲਮ ਖੋਹੇ
ਜਾਣ ਲਈ ਇਜ਼ਰਾਈਲ ਨੂੰ ਚੁੱਕ ਦਿੱਤੀ ਹੈ ਸਗੋਂ ਲੱਖਾਂ ਫਲਸਤੀਨੀ ਰਿਫਿੳੂਜੀਆਂ ਦੇ ਜਿਉਣ ਦੇ ਹੱਕ ’ਤੇ ਵੀ ਵੱਡਾ ਛਾਪਾ ਮਾਰਿਆ ਹੈ। 1948 ਵਿਚ
ਜਦੋਂ ਧਰਮ ਤੇ ਨਸਲ ਨੂੰ ਅਧਾਰ ਬਣਾ ਕੇ, ਫਲਸਤੀਨੀ ਕੌਮ ਨੂੰ ਉਜਾੜ ਕੇ,
ਇਜ਼ਰਾਈਲ ਦੀ ਨੀਂਹ ਧਰੀ ਗਈ ਸੀ ਤਾਂ ਲਗਭਗ 50 ਫੀਸਦੀ ਫਲਸਤੀਨੀ
ਪਿੰਡ ਪੂਰੀ ਤਰ੍ਹਾਂ ਤਬਾਹ ਕਰ ਦਿੱਤੇ ਗਏ ਸਨ। 1948 ਅੰਦਰ 13000 ਫਲਸਤੀਨੀਆਂ ਦਾ ਕਤਲੇਆਮ ਹੋਇਆ
ਤੇ 737166 ਫਲਸਤੀਨੀਆਂ ਨੂੰ ਉਹਨਾਂ ਦੇ ਘਰਾਂ ਤੇ ਜ਼ਮੀਨਾਂ ਤੋਂ ਬੇਦਖਲ ਕਰ
ਦਿੱਤਾ ਗਿਆ। ਇਹ ਦੁਖਾਂਤ ਉਸ ਤੋਂ ਬਾਅਦ ਵੀ ਲਗਾਤਾਰ ਜਾਰੀ ਰਿਹਾ ਤੇ ਰਫਿੳੂਜੀਆਂ ਦੀ ਗਿਣਤੀ 60 ਲੱਖ ਹੋ ਗਈ ਜਿਨ੍ਹਾਂ ’ਚੋਂ 43 ਲੱਖ ਯ.ੂਐਨ. ਕੋਲ ਰਜਿਸਟਰਡ ਹਨ। 1967 ਵਿਚ ਇਕ ਵਾਰ ਫੇਰ ਇਜ਼ਰਾਈਲ ਨੇ ਪੱਛਮੀ ਕੰਢੇ ਤੇ ਗਾਜ਼ਾ ਪੱਟੀ ’ਤੇ ਹਮਲਾ ਕਰਕੇ ਕਬਜਾ ਜਮਾਇਆ ਤਾਂ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਲਗਭਗ 2 ਲੱਖ ਫਲਸਤੀਨੀਆਂ ਨੂੰ ਘਰ ਛੱਡ ਕੇ ਭੱਜਣਾ ਪਿਆ। ਇਸ ਤੋਂ ਬਾਅਦ ਵੀ ਇਜ਼ਰਾਈਲ ਨੇ ਮੁੜ ਮੁੜ ਹਮਲੇ ਕੀਤੇ ਤੇ ਲੋਕ ਮਰਦੇ ਤੇ ਬੇਘਰ ਹੁੰਦੇ ਰਹੇ। ਇਹਨਾਂ ਕੁੱਲ ਰਿਫਿੳੂਜੀਆਂ ਵਿਚੋਂ ਹੁਣ ਤੱਕ ਦੇ ਅੰਕੜਿਆਂ ਮੁਤਾਬਕ ਲਗਭਗ ਸਾਢੇ ਅੱਠ ਲੱਖ ਲੋਕ
ਜਿਉਦੇ ਹਨ ਜਿਨ੍ਹਾਂ ’ਚੋਂ 57000 ਫਲਸਤੀਨ
ਅੰਦਰ ਹੀ ਉਜਾੜੇ ਦਾ ਸੰਤਾਪ ਝੱਲ ਰਹੇ ਹਨ ਅਤੇ ਇਜ਼ਰਾਈਲ ਵੱਲੋਂ ਕਬਜੇ ਹੇਠਲੇ ਪੱਛਮੀ ਕੰਢੇ ’ਚ ਰਹਿ ਰਹੇ ਹਨ। ਇਹਨਾਂ ਰਿਫਿੳੂਜੀਆਂ ਦੀ ਬਹੁਗਿਣਤੀ ਜਾਰਡਨ ਵਿਚ ਹੈ ਤੇ ਬਾਕੀ ਗਾਜ਼ਾ ਪੱਟੀ, ਪੱਛਮੀ ਕੰਢੇ , ਸੀਰੀਆ,
ਲਿਬਨਾਨ ਤੇ ਹੋਰਨਾਂ ਅਰਬ ਦੇਸ਼ਾਂ ਵਿਚ ਹਨ।
ਰਿਫਿੳੂਜੀ ਕੈਂਪਾਂ
ਅੰਦਰ ਰਹਿ ਰਹੇ ਇਹ ਫਲਸਤੀਨੀ ਰਿਫਿੳੂਜੀ ਸਿਹਤ,
ਸਿਖਿਆ, ਸਫਾਈ, ਖਾਣੇ,
ਪਾਣੀ ਲਈ ਪੂਰੀ ਤਰ੍ਹਾਂ ਵਿਦੇਸ਼ੀ ਸਹਾਇਤਾ ਤੇ ਮੁਹਤਾਜ ਹਨ। ਸੰਯੁਕਤ ਰਾਸ਼ਟਰ ਦੀ ਫਲਸਤੀਨੀ ਰਿਫਿੳੂਜੀਆਂ ਲਈ ਬਣੀ ਰਾਹਤ ਤੇ ਕਾਰਜ ਏਜੰਸੀ (ਯੂ ਐਨ ਆਰ ਡਬਲਿੳੂ ਏ) ਦੇ ਫੰਡ ਇਹਨਾਂ ਰਿਫਿੳੂਜੀਆਂ ਲਈ ਨਿਗੂਣੀ ਹੀ ਸਹੀ ਪਰ ਅਤਿ ਲੋੜੀਂਦੀ ਸਹਾਇਤਾ ਬਣਦੇ ਹਨ। ਲੰਘੀ ਜਨਵਰੀ ਅੰਦਰ ਅਮਰੀਕਾ ਨੇ ਸੰਯੁਕਤ ਰਾਸ਼ਟਰ ਦੀ ਇਸ ਏਜੰਸੀ
ਨੂੰ ਦਿੱਤੇ ਫੰਡ ’ਤੇ ਵੱਡਾ ਕੱਟ ਲਾ ਦਿੱਤਾ ਹੈ। ਪਿਛਲੇ ਸਾਲ ਦੇ 3640 ਲੱਖ
ਡਾਲਰ ਦੇ ਮੁਕਾਬਲੇ ਇਸ ਵਾਰ ਮਹਿਜ਼ 600 ਲੱਖ ਡਾਲਰ ਦਿੱਤੇ ਗਏ ਹਨ। ਅਮਰੀਕਾ ਵੱਲੋਂ ਫੰਡ ਦੇਣ ਦੀ ਸ਼ਰਤ ਹਰ ਧੱਕੜ ਕਾਰਵਾਈ ਅੱਗੇ ਫਲਸਤੀਨ ਵੱਲੋਂ ਸਿਰ ਨਿਵਾਉਣਾ
ਬਣਾ ਦਿਤਾ ਗਿਆ ਹੈ ਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਲੱਖਾਂ ਫਲਸਤੀਨੀਆਂ ਦੀ ਜਿੰਦਗੀ ਦਾ ਦਾਅ ਖੇਡਿਆ
ਗਿਆ ਹੈ। ਯੂ.ਐਨ.ਆਰ.ਡਬਲਯੂ.ਏ ਦੇ ਡਾਇਰੈਕਟਰ ਕਰਾਹਨ ਬੁੱਲ
ਅਨੁਸਾਰ ਇਨ੍ਹਾਂ ਫੰਡਾਂ ਦੀ ਕਿਸੇ ਪਾਸਿਉ ਪੂਰਤੀ ਨਾ ਹੋਣ ਦੇ ਨਤੀਜੇ ਵਜੋਂ 1 ਲੱਖ ਫਲਸਤੀਨੀ ਭੋਜਨ ਤੋਂ ਵਾਂਝੇ ਰਹਿਣਗੇ।
ਅਮਰੀਕਾ ਵੱਲੋਂ
ਲਾਈਆਂ ਜਾ ਰਹੀਆਂ ਇਹਨਾਂ ਪਾਬੰਦੀਆਂ, ਧੱਕੜ ਕਦਮਾਂ ਅਤੇ ਇਜ਼ਰਾਈਲ ਵੱਲੋਂ
ਨਿਰੰਤਰ ਜਾਰੀ ਰਹਿ ਰਹੇ ਹਮਲੇ ਦੇ ਸਨਮੁੱਖ ਫਲਸਤੀਨੀ ਕੌਮ ਪੂਰੀ ਅਡੋਲਤਾ ਨਾਲ ਜੂਝ ਰਹੀ ਹੈ। ਸੰਸਾਰ ਤੇ ਸਭ ਤੋਂ ਵੱਧ ਹਥਿਆਰਬੰਦ ਦੇਸ਼ਾਂ ’ਚ ਸ਼ੁਮਾਰ ਇਜ਼ਰਾਈਲ ਖਿਲਾਫ ਫਲਸਤੀਨੀ
ਕੌਮ ਨੰਗੇ ਧੜ ਲੜਾਈ ਲੜ ਰਹੀ ਹੈ। ਫਲਸਤੀਨੀ ਮਰਦ, ਔਰਤਾਂ, ਬੱਚੇ ਪੱਥਰਾਂ ਰਾਹੀਂ ਅੱਤ ਅਧੁਨਿਕ
ਹਥਿਆਰਾਂ ਨਾਲ ਭਿੜ ਰਹੇ ਹਨ। ਇਸ ਅਣਸਾਵੀਂ ਲੜਾਈ ਅੰਦਰ ਔਰਤਾਂ ਵੀ ਸ਼ਾਮਲ ਹਨ। ਇਲੈਕਟਰੌਨਿਕ ਇੰਤੀਫਾਦਾ ਦੇ ਪੱਤਰਕਾਰ ਕੋਲ ਬੋਲਦਿਆਂ ਉਹਨਾਂ ਨੇ ਕਿਹਾ ਹੈ ਕਿ ਚੋਰੀ ਕੀਤੇ
ਪਿੰਡ ਅਤੇ ਸ਼ਹਿਰ ਅਸੀਂ ਕਦੇ ਨਹੀਂ ਭੁੱਲੀਆਂ। ਇਸੇ ਜੂਨ ਦੇ ਪਹਿਲੇ ਹਫਤੇ ਇਜ਼ਰਾਈਲੀ ਫੌਜਾਂ ਨੇ ਇੱਕ
ਨਰਸ ਨੂੰ ਮਾਰ ਦਿੱਤਾ ਹੈ। ਇਹਨਾਂ ਪ੍ਰਦਰਸ਼ਨਾਂ ਅੰਦਰ ਇਸਰਾਈਲੀ ਹੱਦ ਵੱਲ ਪੱਥਰ ਸੁੱਟਣ ਤੋਂ ਲੈ ਕੇ ਵਿਖਾਵਾਕਾਰੀਆਂ ਲਈ
ਖਾਣਾ ਬਣਾਉਣ, ਮੁੱਢਲੀ ਡਾਕਟਰੀ
ਸਹਾਇਤਾ ਮੁਹੱਈਆ ਕਰਨ ਤੇ ਪੱਤਰਕਾਰੀ ਕਰਨ ’ਚ ਇਹਨਾਂ ਦਾ ਰੋਲ ਹੈ। ਸਰਹੱਦ ਦੇ ਨਾਲ ਲਾਏ ਤੰਬੂਆਂ ਅੰਦਰ ਇਹਨਾਂ ਔਰਤਾਂ ਦੇ ਵਿਦਰੋਹੀ ਗੀਤਾਂ ਦੀਆਂ ਹੇਕਾਂ ਗੂੰਜਦੀਆਂ
ਹਨ। ਇਸ ਪੱਤਰਕਾਰ ਨੇ 64 ਸਾਲਾ ਮਰੀਅਮ
ਬਾਰੇ ਲਿਖਿਆ ਹੈ, ਜੋ ਆਪਣੀ 7 ਸਾਲਾ ਪੋਤੀ ਨਾਲ
ਤੰਬੂ ਅੰਦਰ ਰਹਿਣ ਆਈ ਸੀ ਤੇ ਜਿੱਥੇ ਰਹਿੰਦ ਹੋਏ ਉਸ ਦੀ ਪੋਤੀ ਨੇ ਖੁੱਸੇ ਪਿੰਡਾਂ ਤੇ ਸ਼ਹਿਰਾਂ ਦਾ
ਮਾਤਮੀ ਗੀਤ ਗਾਉਣਾ ਸਿੱਖਿਆ ਹੈ।
ਫਲਸਤੀਨੀ ਬੱਚੇ
ਇਜ਼ਰਾਈਲੀ ਡਰੋਨਾਂ ਦੇ ਜਵਾਬ ਵਿਚ ਪਤੰਗ ਉਡਾਉਦੇ ਹਨ। ਇਹਨਾਂ
ਪਤੰਗਾਂ ਨੂੰ ਜਲਣਸ਼ੀਲ ਪਦਾਰਥ ਲੱਗਿਆ ਹੁੰਦਾ ਹੈ। ਇਜ਼ਰਾਈਲ ਅੰਦਰ ਇਹਨਾਂ ਪਤੰਗਾਂ ਨੇ ਕਾਫੀ ਮਾਲੀ ਨੁਕਸਾਨ
ਕੀਤਾ ਹੈ। ਇਹਨਾਂ ਪਤੰਗਾਂ ਨੂੰ ਨਸ਼ਟ ਕਰਨ ਲਈ ਇਜ਼ਰਾਈਲ ਡਰੋਨ ਵਰਤਦਾ ਹੈ। ਹੁਣ
ਇਜ਼ਰਾਈਲ ਨੇ ਮਿਥ ਕੇ ਗੋਲੀ ਚਲਾਉਣ ਵਾਲੇ ਸਨਾਈਪਰ ਤਾਇਨਾਤ ਕੀਤੇ ਹਨ। ਇਜ਼ਰਾਈਲੀ
ਪਬਲਿਕ ਸੁਰੱਖਿਆ ਮੰਤਰੀ ਨੇ ਹੁਕਮ ਦਿੱਤਾ ਹੈ ਕਿ ਪਤੰਗ ਉਡਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਫੌਰੀ
ਮਾਰ ਦਿੱਤਾ ਜਾਵੇ, ਭਾਵੇਂ ਉਹ ਬੱਚਾ
ਹੀ ਕਿਉ ਨਾ ਹੋਵੇ।
14 ਮਈ ਤੋਂ ਬਾਅਦ ਵੀ ਇਜ਼ਰਾਈਲੀ ਹਕੂਮਤ ਵੱਲੋਂ ਫਲਸਤੀਨੀ ਲੋਕਾਂ ਦੇ ਕਤਲ
ਜਾਰੀ ਹਨ। 29 ਜੂਨ ਨੂੰ ਹੀ ਇਜ਼ਰਾਈਲ ਨੇ 12 ਸਾਲ ਦੇ ਬੱਚੇ ਸਮੇੇਤ ਦੋ ਫਲਸਤੀਨੀਆਂ ਨੂੰ ਮਾਰਿਆ ਹੈ। 30 ਮਾਰਚ ਤੋਂ ਸ਼ੁਰੂ ਹੋਏ ਪ੍ਰਦਰਸ਼ਨਾਂ ਤੋਂ ਲੈ ਕੇ ਹੁਣ ਤੱਕ
129 ਫਲਸਤੀਨੀ ਮਾਰੇ ਜਾ ਚੁੱਕੇ ਹਨ ਤੇ ਹਜ਼ਾਰਾਂ ਜਖਮੀ ਹੋਏ ਹਨ। ਜਖਮੀਆਂ ਨੂੰ ਸਾਂਭਣ ਤੋਂ ਫਲਸਤੀਨੀ ਹਸਪਤਾਲ ਅਸਮਰੱਥ ਹਨ। ਜੌਰਡਨ
ਅਤੇ ਕਬਜੇ ਹੇਠਲੇ ਪੱਛਮੀ ਕੰਢੇ ਦੇ ਹਸਪਤਾਲਾਂ ਨੂੰ ਰੈਫਰ ਕੀਤੇ ਗੰਭੀਰ ਜਖਮੀ ਸਰਹੱਦੀ ਨਾਕੇ ਲੰਘਣ
ਦੀ ਮਨਜੂਰੀ ਨਾ ਦਿੱਤੇ ਜਾਣ ਸਦਕਾ ਦਮ ਤੋੜ ਰਹੇ ਹਨ।
18 ਸਾਲਾਂ ਤੋਂ
ਇਜ਼ਰਾਈਲ ਅਤੇ ਮਿਸਰ ਦੀ ਨਾਕਾਬੰਦੀ ਦਾ ਸ਼ਿਕਾਰ ਗਾਜ਼ਾ ਪੱਟੀ, ਜਿਸ ਦੇ
360 ਵਰਗ ਕਿਲੋ ਮੀਟਰ ਦੇ ਖੇਤਰਫਲ ਵਿਚ 20 ਲੱਖ
ਲੋਕ ਤੂੜੇ ਹੋਏ ਹਨ, ਮਨੁੱਖੀ ਪੈਮਾਨੇ ਮੁਤਾਬਕ ਰਹਿਣਯੋਗ ਨਹੀਂ ਹੈ। ਸਾਫ ਪਾਣੀ, ਬਾਲਣ,
ਸੈਨੀੇਟੇਸ਼ਨ, ਬਿਜਲੀ ਪੱਖੋਂ ਹਾਲਤ ਅਤਿ ਮੰਦੀ ਹੈ। ਮਈ ਦੇ ਪਹਿਲੇ ਹਫਤੇ ਹਮਸ ਹਕੂਮਤ ਵੱਲੋਂ ਗਾਜ਼ਾ ਪੱਟੀ ਅੰਦਰ ਸ਼ਾਂਤੀ ਸੰਧੀ ਦੀਆਂ ਅਸਿੱਧੀਆਂ
ਪੇਸ਼ਕਸ਼ਾਂ ਇਜ਼ਰਾਈਲ ਨੇ ਰੱਦ ਕਰ ਦਿੱਤੀਆਂ।
ਸੰਯੁਕਤ ਰਾਸ਼ਟਰ
ਵਰਗੇ ਕੌਮਾਂਤਰੀ ਮੰਚ ਜਿਹੜੇ ਇਰਾਨ, ਕੋਰੀਆ, ਚੀਨ
ਵਰਗੇ ਮੁਲਕਾਂ ਤੇ ਤੁੱਛ ਬਹਾਨੇ ਬਣਾ ਕੇ ਬੰਦਸ਼ਾਂ ਲਾਉਣ ਲਈ ਬਿੰਦ ਲਾਉਦੇ ਹਨ, ਇਜ਼ਰਾਈਲ ਤੇ ਅਮਰੀਕਾ ਦੀ ਸਰੀਂਹਣ ਧੱਕੇਸ਼ਾਹੀ
ਅੱਗੇ ਭਿੱਜੀ ਬਿੱਲੀ ਬਣੇ ਬੈਠੇ ਹਨ। ਹਮਸ ਤੋਂ ਰੋਸ ਪ੍ਰਦਰਸ਼ਨਾਂ ਦੇ ਪੂਰੀ ਤਰ੍ਹਾਂ ਅਹਿੰਸਕ
ਹੋਣ ਦੀ ਗਰੰਟੀ ਮੰਗਣ ਵਾਲੀ ਯੂਰਪੀਅਨ ਯੂਨੀਅਨ ਮਲਵੀਂ ਜੀਭ ਨਾਲ ਕਹਿੰਦੀ ਹੈ ਕਿ ਇਜ਼ਰਾਈਲ ਨੂੰ ਤਾਕਤ
ਦੀ ਵਰਤੋਂ ਹਿਸਾਬ ਸਿਰ ਹੀ ਕਰਨੀ ਚਾਹੀਦੀ ਹੈ। ਭਾਰਤ ਵਰਗੀਆਂ ਸਾਮਰਾਜੀ ਪਿੱਠੂ ਤੇ ਲੋਕ ਦੋਖੀ ਹਕੂਮਤਾਂ ਇਸ ਧੱਕੜਸ਼ਾਹੀ ਨੂੰ ਮੂਕ ਮਾਨਤਾ ਦੇ ਰਹੀਆਂ ਹਨ। 2014 ਵਿਚ ਇਜ਼ਰਾਈਲ ਦੇ ਗਾਜ਼ਾ ਪੱਟੀ ’ਤੇ ਹਮਲੇ ਦੀ ਨਿਖੇਧੀ ਵਿਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵੱਲੋਂ ਪੇਸ਼ ਮਤੇ ਦਾ ਭਾਰਤ
ਨੇ ਸਮਰਥਨ ਨਹੀਂ ਕੀਤਾ ਸੀ। ਫਲਸਤੀਨੀ ਲੋਕਾਂ ਪ੍ਰਤੀ ਭਾਰਤੀ ਹਾਕਮਾਂ ਦਾ ਦੰਭੀ ਵਿਹਾਰ ਦਿਨੋ ਦਿਨ ਬੇਪੜਦ ਹੁੰਦਾ ਜਾ ਰਿਹਾ
ਹੈ। ਫਲਸਤੀਨੀਆਂ ਵੱਲੋਂ ਇਜ਼ਰਾਈਲੀ ਵਸਤਾਂ ਦਾ ਬਾਈਕਾਟ ਕਰਨ ਲਈ ਸੰਸਾਰ ਭਰ ਦੇ ਮੁਲਕਾਂ ਨੂੰ ਦਿੱਤੇ
ਸੱਦੇ ਨੂੰ ਠੁੱਠ ਵਿਖਾ ਕੇ ਭਾਰਤੀ ਹਾਕਮ ਇਜ਼ਰਾਈਲ ਨਾਲ ਨਿੱਤ ਨਵੇਂ ਖੇਤਰਾਂ ਅੰਦਰ ਸਮਝੌਤੇ ਕਰ ਰਹੇ
ਹਨ। ਅਪ੍ਰੈਲ ਮਹੀਨੇ ਦੀ ਨੇਤਨਯਾਹੂ ਦੀ ਭਾਰਤ ਫੇਰੀ, ਜਿਸ ਦੌਰਾਨ ਰੱਖਿਆ, ਜਾਣਕਾਰੀ ਤੇ ੳੂਰਜਾ ਵਰਗੇ
ਅਹਿਮ ਖੇਤਰਾਂ ’ਚ ਸਮਝੌਤੇ ਕੀਤੇ ਗਏ, ਤੋਂ ਬਾਅਦ ਫਲਸਤੀਨੀ ਲੋਕਾਂ ’ਤੇ ਮਈ ਮਹੀਨੇ ਅੰਦਰ ਇਜ਼ਰਾਈਲ ਨੇ ਨਵੇਂ ਕਹਿਰ ਢਾਏ ਹਨ। ਇਜ਼ਰਾਈਲ
ਦੀ ਖੁਫੀਆ ਏਜੰਸੀ ਮੌਸਾਦ ਅਤੇ ਭਾਰਤੀ ਖੁਫੀਆ ਏਜੰਸੀ ਰਾਅ ਵਿਚ ਸਬੰਧ ਇੰਦਰਾ ਹਕੂਮਤ ਵੇਲੇ ਤੋਂ ਤੁਰੇ
ਆਉਦੇ ਹਨ। ਮੋਦੀ ਦੀ ਤੁਰਕੀ ਫੇਰੀ ਦੌਰਾਨ ਇਹੀ ਮੌਸਾਦ ਮੋਦੀ ਦੀ ਸੁਰੱਖਿਆ ਲਈ ਤਾਇਨਾਤ ਸੀ। ਅਧਾਰ ਕਾਰਡ ਡਾਟਾ ਅਤੇ ਭਾਰਤੀ ਲੋਕਾਂ ਦੀਆਂ ਹੋਰ ਅਹਿਮ ਤੇ ਸੂਖਮ ਜਾਣਕਾਰੀਆਂ ਇਜ਼ਰਾਈਲੀ ਏਜੰਸੀਆਂ
ਕੋਲ ਹੋਣ ਦੇ ਸੰਕੇਤ ਮਿਲੇ ਹਨ। ਅਨੇਕਾਂ ਮੌਕਿਆਂ ’ਤੇ ਭਾਰਤੀ ਸਮੁੰਦਰ ਤੇ ਭਾਰਤੀ ਅਸਮਾਨ ਦੀ ਵਰਤੋਂ ਇਜ਼ਰਾਈਲ ਵੱਲੋਂ ਕੀਤੀ ਗਈ ਹੈ। 2008 ਵਿਚ ਤਾਂ ਭਾਰਤ ਈਸਰੋ ਰਾਹੀਂ ਇਜ਼ਰਾਈਲ ਦਾ
ਮਿਲਟਰੀ ਉਪਗ੍ਰਹਿ ਦਾਗਣ ਤੱਕ ਵੀ ਗਿਆ ਹੈ। ਤਕਨੀਕ , ਮਿਲਟਰੀ, ਖੁਫੀਆ ਸੂਚਨਾਵਾਂ, ੳੂਰਜਾ ਵਰਗੇ ਅਨੇਕਾਂ ਸੰਵੇਦਨਸ਼ੀਲ ਖੇਤਰਾਂ ਅੰਦਰ ਇਜ਼ਰਾਈਲ ਦਾ ਸਹਿਯੋਗ ਕਰ ਰਹੇ ਭਾਰਤੀ ਹਾਕਮ
ਇਜ਼ਰਾਈਲ ਦੇ ਧੱਕੜਪੁਣੇ ਨੂੰ ਬਲ ਬਖਸ਼ ਰਹੇ ਹਨ ਅਤੇ ਫਲਸਤੀਨੀ ਅਵਾਮ ਦੇ ਦੋਸ਼ੀ ਹਨ।
ਸੰਸਾਰ ਭਰ ਦੇ ਕਿਰਤੀ ਤੇ
ਇਨਸਾਫਪਸੰਦ ਲੋਕਾਂ ਨੂੰ ਡਟ ਕੇ ਫਲਸਤੀਨੀ ਲੋਕਾਂ ਦੇ ਵਤਨ ਵਾਪਸੀ ਦੇ ਕਾਜ ਦੀ ਹਮਾਇਤ ਕਰਨੀ ਚਾਹੀਦੀ
ਹੈ। ਅਮਰੀਕਾ ਅਤੇ ਇਜ਼ਰਾਈਲ ਦੀਆਂ ਧੱਕੜ ਕਾਰਵਾਈਆਂ ਤੇ ਖੂਨੀ ਹਮਲਿਆਂ ਦਾ ਵਿਰੋਧ ਕਰਨਾ ਚਾਹੀਦਾ
ਹੈ। ਗਾਜ਼ਾ ਪੱਟੀ ਅਤੇ ਪੱਛਮੀ ਕੰਢੇ ਤੋਂ ਇਜ਼ਰਾਈਲੀ ਬਸਤੀਆਂ ਹਟਾਉਣ ਯੇਰੋਸ਼ਲਮ ਤੇ ਫਲਸਤੀਨੀ ਅਧਿਕਾਰ ਨੂੰ ਮਾਨਤਾ
ਦੇਣ , ਫਲਸਤੀਨੀ ਰਿਫਿੳੂਜੀਆਂ ਲਈ ਫੰਡ ਜਾਰੀ ਰੱਖਣ ਤੇ ਇਹਨਾਂ ਦਾ ਵਤਨ ਵਾਪਸੀ
ਸੁਨਿਸ਼ਚਿਤ ਕਰਨ, ਇਜ਼ਰਾਈਲੀ ਜੇਲ੍ਹਾਂ ’ਚ ਤੂੜੇ ਫਲਸਤੀਨੀ ਕੈਦੀਆਂ ਨੂੰ ਰਿਹਾ ਕਰਨ ਤੇ ਫਲਸਤੀਨੀ ਲੋਕਾਂ ’ਤੇ ਹਮਲੇ ਬੰਦ ਕਰਨ ਦੀ ਮੰਗ ਕਰਨੀ ਚਾਹੀਦੀ ਹੈ। ਇਜ਼ਰਾਈਲ
’ਤੇ ਕੌਮਾਂਤਰੀ ਦਬਾਅ ਬਣਾਉਣ ਲਈ ਉਸ ਦੀਆਂ ਵਸਤਾਂ ਦਾ ਬਾਈਕਾਟ ਕਰਨ, ਉਸ ਨਾਲ ਸਭ ਸਮਝੌਤੇ ਰੱਦ ਕਰਨ ਅਤੇ ਉਸ ’ਤੇ ਕੌਮਾਂਤਰੀ ਪਾਬੰਦੀਆਂ ਆਇਦ ਕਰਨ ਦੀ ਮੰਗ ਕਰਨੀ ਚਾਹੀਦੀ ਹੈ।
No comments:
Post a Comment