ਦਲਿਤਾਂ ’ਤੇ ਜਬਰ ਖਿਲਾਫ਼ ਵਿਸ਼ਾਲ ਜਨਤਕ
ਲਾਮਬੰਦੀ ਦਾ ਮਹੱਤਵ
ਦਲਿਤ ਹਿੱਸਿਆਂ ’ਤੇ ਵਧ ਰਹੇ ਜਬਰ ਤੇ ਦਾਬੇ ਖਿਲਾਫ਼
ਉਨ੍ਹਾਂ ’ਚ ਰੋਸ ਲਹਿਰ ਉੱਠੀ ਹੋਈ ਹੈ। ਮਾਰਚ
ਮਹੀਨੇ ’ਚ ਸੁਪਰੀਮ ਕੋਰਟ ਵੱਲੋਂ ਐਸ ਸੀ/ਐਸ ਟੀ ਐਕਟ ਕਮਜ਼ੋਰ ਕਰਨ ਦੇੇ ਫੈਸਲੇ ਖਿਲਾਫ਼ ਦਲਿਤ
ਰੋਹ ਦਾ ਜ਼ੋਰਦਾਰ ਫੁਟਾਰਾ ਹੋਇਆ ਸੀ। ਇਹ ਰੋਹ-ਫੁਟਾਰਾ ਬੀਤੇ ਅਰਸੇ ਦੌਰਾਨ ਦਲਿਤ ਜਨ ਸਮੂਹਾਂ ’ਚ ਜਬਰ ਖਿਲਾਫ਼ ਟਾਕਰੇ ਦੇ ਵਧ ਰਹੇ ਸੁਲੱਖਣੇ ਰੁਝਾਨ ਦੀ ਹੀ ਅਗਲੀ ਕੜੀ ਹੈ। ਕੇਂਦਰੀ ਹਕੂਮਤ ’ਤੇ ਹਿੰਦੂ ਫਿਰਕਾਪ੍ਰਸਤ ਭਾਜਪਾ ਦੇ ਕਾਬਜ ਹੋਣ ਮਗਰੋਂ ਦਲਿਤਾਂ ਖਿਲਾਫ਼
ਜਬਰ ਦਾ ਵਰਤਾਰਾ ਵਿਸ਼ੇਸ਼ ਕਰਕੇ ਤਿੱਖ ਫੜ ਗਿਆ ਸੀ। ਗੳੂ ਰੱਖਿਆ ਦੇ ਨਾਂ ’ਤੇ ਕੀਤੀਆਂ ਜਾ ਰਹੀਆਂ ਫਿਰਕੂ ਜਨੂੰਨੀ ਲਾਮਬੰਦੀਆਂ ਦਾ ਨਿਸ਼ਾਨਾ ਵੀ ਵਿਸ਼ੇਸ਼ ਕਰਕੇ ਦਲਿਤ ਤੇ
ਮੁਸਲਮਾਨ ਹਿੱਸੇ ਹੀ ਬਣ ਰਹੇ ਹਨ। ਇਉ ਹੀ ਪੇਂਡੂ ਜਾਗੀਰਦਾਰਾਂ ਵੱਲੋਂ ਜਾਤ-ਪਾਤੀ ਜਬਰ ਤੇ ਜਮਾਤੀ ਜਬਰ ਨੂੰ ਵੀ ਤੇਜ਼ ਕਰ ਦਿੱਤਾ
ਗਿਆ ਹੈ। ਪਰ ਇਸ ਸਮੁੱਚੀ ਹਾਲਤ ਦਾ ਹਾਂ-ਪੱਖੀ ਪਹਿਲੂ ਇਹ ਹੈ ਕਿ ਦਲਿਤ ਜਨਸਮੂਹਾਂ ’ਚ ਇਸ ਜਬਰ ਖਿਲਾਫ਼ ਜਥੇਬੰਦ ਟਾਕਰੇ
ਦਾ ਬਹੁਤ ਹੀ ਜੋਰਦਾਰ ਰੁਝਾਨ ਸਾਹਮਣੇ ਆਇਆ ਹੈ ਜਿਸ ਨੇ ਭਾਜਪਾ ਦੀ ਲੀਡਰਸ਼ਿਪ ਨੂੰ ਤਰੇਲੀਆਂ ਲਿਆ ਦਿੱਤੀਆਂ
ਹਨ। ਦਲਿਤ ਜਨਤਾ ਵੱਲੋਂ ਗੁਜਰਾਤ, ਯੂ ਪੀ ਤੇ
ਹੋਰਨਾਂ ਥਾਵਾਂ ’ਤੇ ਜਿਵੇੇਂ ਜੱਥੇਬੰਦ ਟਾਕਰੇ ਦਾ ਰਾਹ ਫੜਿਆ ਗਿਆ ਹੈ ਤੇ ਇਸ ਜਬਰ ਤੇ ਵਿਤਕਰਿਆਂ ਦੇ ਖਾਤਮੇ ’ਚ ਜਮੀਨਾਂ ਦੇ ਮਾਲਕ ਬਣਨ ਦੇ
ਪੱਖ ਨੂੰ ਉਭਾਰਿਆ ਗਿਆ ਹੈ, ਮੌਜੂਦਾ ਉਭਾਰ
ਦੇ ਇਹਨਾਂ ਲੱਛਣਾਂ ਨੇ ਦਲਿਤ ਅਧਿਕਾਰ ਜਤਾਈ ਦੇ ਵਰਤਾਰੇ ਨੂੰ ਹੋਰ ਅਗੇਲੇਰੇ ਪਸਾਰ ਮੁਹੱਈਆ ਕੀਤੇ ਹਨ। ਭਾਜਪਾ ਦੀਆਂ ਵੋਟ ਲਾਮਬੰਦੀਆਂ ਦਾ ਧੁਰਾ ਹਿੰਦੂ ਧਰਮ ਦੀ ਪੁੱਠ ਵਾਲੇ ਰਾਸ਼ਟਰਵਾਦ ਦੇ ਦੁਆਲੇ
ਹੀ ਰਹਿ ਰਿਹਾ ਹੈ ਜਿਸ ਵਡੇਰੇ ਚੌਖਟੇ ਅਨੁਸਾਰ ਦਲਿਤ ਵੀ ਇਹਨਾਂ ਲਾਮਬੰਦੀਆਂ ਦਾ ਹਿੱਸਾ ਬਣਦੇ ਹਨ। ਪਰ ਮਨੂੰ ਸਮਰਿਤੀ ਦੁਆਲੇ ਉਸਰਦਾ ਇਹ ਢਾਂਚਾ ਸਿਰੇ ਦਾ ਦਲਿਤ ਵਿਰੋਧੀ ਹੋਣ ਕਰਕੇ ਇਹਨਾਂ ਲਾਮਬੰਦੀਆਂ
ਦੀ ਲਪੇਟ ’ਚ ਦਲਿਤ ਵੀ ਆਉਂਦੇ ਹਨ। ਚਾਹੇ
ਰਿਜ਼ਰਵੇਸ਼ਨ ਜਾਰੀ ਰੱਖਣ, ਐਸ.ਸੀ./ਐਸ.ਟੀ. ਵਰਗੇ ਕਾਨੂੰਨਾਂ ’ਚ ਸੋਧਾਂ ਨਾ ਹੋਣ ਦੇਣ ਦੀਆਂ ਯਕੀਨਦਹਾਨੀਆਂ ਭਾਜਪਾ
ਲੀਡਰਸ਼ਿਪ ਨੂੰ ਦੇਣੀਆਂ ਪਾਈਆਂ ਹਨ ਪਰ ਇਸਦੇ ਬਾਵਜੂਦ ਇਸਨੂੰ ਦਲਿਤ ਰੋਹ ਦੇ ਸੇਕ ਤੋਂ ਬਚਣਾ ਮੁਸ਼ਕਿਲ
ਹੋ ਰਿਹਾ ਹੈ।
2 ਅਪ੍ਰੈਲ ਦੇ
ਭਾਰਤ ਬੰਦ ਦੇ ਐਕਸ਼ਨ ਦੌਰਾਨ ਪੰਜਾਬ ’ਚ ਵੀ ਦਲਿਤ ਜਨਤਾ ਦਾ ਰੋਸ ਸੜਕਾਂ
’ਤੇ ਵਗਿਆ ਸੀ। ਇਸ ਮੌੇਕੇ ਵੀ ਪੰਜਾਬ ਦੀਆਂ ਜਨਤਕ ਜਮਹੂਰੀ ਸ਼ਕਤੀਆਂ
ਵੱਲੋਂ ਦਲਿਤ ਰੋਸ ਨਾਲ ਯਕਯਹਿਤੀ ਪ੍ਰਗਟਾਈ ਗਈ ਸੀ ਤੇ ਦਲਿਤਾਂ ਨੂੰ ਜਥੇਬੰਦ ਹੋਣ ਤੇ ਜਾਤ-ਪਾਤੀ ਜਬਰ ਖਿਲਾਫ ਡਟਣ ਦਾ ਹੋਕਾ ਦਿਤਾ ਗਿਆ ਸੀ। ਉਸ ਤੋਂ ਮਗਰੋਂ ਵੀ ਇਹ ਲਾਮਬੰਦੀ ਜਾਰੀ ਰਹੀ ਹੈ ਤੇ ਪੰਜਾਬ ’ਚ ਦਲਿਤਾਂ ’ਤੇ ਜਬਰ ਤੇ ਦਾਬੇ ਖਿਲਾਫ਼ ਜਥੇਬੰਦ ਹੋਈ ਕਮੇਟੀ ਵੱਲੋਂ ਮਹੱਤਵਪੂਰਨ
ਲਾਮਬੰਦੀ ਕੀਤੀ ਗਈ ਹੈ। ਜਿਸ ਨੇ ਸੂਬੇ ਦੀ ਸਮੁੱਚੀ ਜਮਹੂਰੀ ਲਹਿਰ ਸਾਹਮਣੇ ਦਲਿਤ ਹੱਕਾਂ ਲਈ ਡਟਣ ਦੀ ਵਡੇਰੀ ਲੋੜ ਨੂੰ
ਸਫਲਤਾ ਪੂਰਵਕ ਉਭਾਰਿਆ ਹੈ ਅਤੇ ਦਲਿਤ ਜਨਸਮੂਹਾਂ ’ਚ ਅਗਲੇਰੀ ਸੋਝੀ ਦਾ ਪਸਾਰਾ ਕਰਨ
ਦਾ ਮੁੱਲਵਾਨ ਯਤਨ ਕੀਤਾ ਹੈ। ਇਸ ਕਮੇਟੀ ਨੂੰ ਵੱਖ ਵੱਖ ਜਥੇਬੰਦ ਹਿੱਸਿਆਂ ਤੇ ਜਨਤਕ
ਲਹਿਰ ਦੇ ਸਰਗਰਮਾਂ ਵੱਲੋਂ ਮਿਲਿਆ ਹੰੁਗਾਰਾ ਇਸ ਦੇ ਸਹੀ ਪੈਂਤੜੇ ਤੋਂ ਸਹੀ ਸਮੇਂ ਹੋਣ ਦੀ ਪੁਸ਼ਟੀ ਬਣਿਆ
ਹੈ। ਇਸ ਕਮੇਟੀ ਵਲੋਂ ਦੋ ਵੱਡੇ ਸਫਲ ਇਕੱਠਾਂ ਤੇ ਜਨਤਕ ਮੁਹਿੰਮਾਂ ਦੌਰਾਨ ਹੋਈ ਲਾਮਬੰਦੀ ਇਸ ਲਾਮਬੰਦੀ
ਨੂੰ ਜਾਰੀ ਰੱਖਣ, ਹਰ ਤਰ੍ਹਾਂ ਦੇ ਜਾਤਪਾਤੀ
ਦਾਬੇ ਤੇ ਵਿਤਕਰੇ ਖਿਲਾਫ ਡਟਣ ਅਤੇ ਇਸ ਨੂੰ ਜਮਹੂਰੀ ਲਹਿਰ ਦੇ ਹੋਰ ਵਧੇਰੇ ਅਨਿੱਖੜਵੇਂ ਅੰਗ ਵਜੋਂ
ਸਥਾਪਤ ਕਰਨ ਦੀ ਲੋੜ ਉਭਾਰ ਰਹੀ ਹੈ।
ਇਸ ਜਨਤਕ ਸਰਗਰਮੀ
ਦਾ ਵਧੇਰੇ ੳੱੁਘੜਵਾਂ ਤੇ ਮਹੱਤਵਪੂਰਨ ਪਹਿਲੂ ਇਹ ਹੈ ਕਿ ਐਸ ਸੀ/ਐਸ ਟੀ ਐਕਟ
ਦੇ ਮਸਲੇ ’ਤੇ ਅਤੇ ਰਿਜ਼ਰਵੇਸ਼ਨ ਵਿਰੋਧੀ ਮਹੌਲ ਉਸਾਰਨ ਦੀਆਂ ਕੋਸ਼ਿਸ਼ਾਂ ਦੌਰਾਨ
ਕਮੇਟੀ ਵੱਲੋਂ ਸਪੱਸ਼ਟ ਤੇ ਨਿੱਤਰਵਾਂ ਸਟੈਂਡ ਲਿਆ ਗਿਆ ਹੈ। ਇਹ
ਸਟੈਂਡ ਅਖੌਤੀ ਉੱਚ ਜਾਤੀ ਕਿਰਤੀ ਸ਼੍ਰੇਣੀਆਂ ਦੇ ਹਿੱਸਿਆਂ ’ਚ ਰਿਜ਼ਰਵੇਸ਼ਨ ਬਾਰੇ ਸਿਰਜੇ ਗਏ
ਤੁਅੱਸਬਾਂ ਤੇ ਭਰਮ ਭੁਲੇਖਿਆਂ ਦਰਮਿਆਨ ਲਿਆ ਗਿਆ ਹੈ। ਜਦੋਂ
ਕਈ ਜਮਹੂਰੀ ਹਿੱਸੇ ਅਜਿਹੇ ਮਸਲੇ ’ਤੇ ਸਪੱਸ਼ਟ ਤੇ ਨਿੱਤਰਵੀ ਪੁਜੀਸ਼ਨ ਤੋਂ ਬਚਣ ਦੀ ਪ੍ਰਵਿਰਤੀ
ਜਾਹਰ ਕਰਦੇ ਹਨ। ਇਹ ਮੁਹਿੰਮ ਇਕ ਪਾਸੇ ਰੋੋਹ ਦੇ ਭਰੇ ਪੀਤੇ ਦਲਿਤ ਹਿੱਸਿਆਂ ਤੱਕ ਗਈ ਹੈ , ਉਨ੍ਹਾਂ ਦੀ ਜਥੇਬੰਦ ਤਾਕਤ ਦਾ ਅਹਿਸਾਸ ਜਗਾਇਆ
ਹੈ ਤੇ ਬਰਾਬਰੀ ਦੇ ਹੱਕ ਲਈ ਸੰਗਰਾਮ ਦੀ ਮਹੱਤਤਾ ਉਘਾੜੀ ਗਈ ਹੈ ਤੇ ਨਾਲ ਹੀ ਉਨ੍ਹਾਂ ਹਿੱਸਿਆਂ ਤੱਕ
ਵੀ ਗਈ ਹੈ ਜਿੱਥੇ ਅਖੌਤੀ ਉੱਚ-ਜਾਤੀ ਹੰਕਾਰ ਦੇ ਝਲਕਾਰੇ ਵੀ ਮਿਲਦੇ ਹਨ ਤੇ
ਜਿਹੜੇ ਹਿੱਸੇ ਰਿਜ਼ਰਵੇਸ਼ਨ ਵਿਰੋਧੀ ਭਟਕਾੳੂ ਪ੍ਰਚਾਰ ਦੀ ਸਭ ਤੋਂ ਵੱਧ ਮਾਰ ਹੇਠ ਆਏ ਹੋਏ ਹਨ। ਜਿਵੇਂ ਇਹ ਮੁਹਿੰਮ ਮੁਲਾਜ਼ਮਾਂ ਦੇ ਉਹਨਾਂ ਹਿੱਸਿਆਂ ਤੱਕ ਗਈ ਹੈ ਜਿੱਥੇ ਘਟਦੇ ਰੁਜ਼ਗਾਰ ਮੌਕਿਆਂ
ਜਾਂ ਰੁਕਦੀਆਂ ਤਰੱਕੀਆਂ ਦੀ ਵਜ੍ਹਾ ਰਿਜ਼ਰਵੇਸ਼ਨ ਜਾਪਦੀ ਹੈ। ਅਜਿਹੇ
ਹਿੱੱਸਿਆਂ ’ਚ ਮੁਹਿੰਮ ਕਾਰਕੁਨਾਂ ਵੱਲੋਂ ਜਚਾੳੂ-ਸਮਝਾੳੂ ਪ੍ਰਚਾਰ ਦੀਆਂ ਗੰਭੀਰ ਕੋਸ਼ਿਸ਼ਾਂ ਦੇਖੀਆਂ
ਸੁਣੀਆਂ ਗਈਆਂ ਹਨ।
ਇਸ ਸਮੁੱਚੀ ਸਰਗਰਮੀ ਦੌਰਾਨ ਜਿੱਥੇ ਜਮਹੂਰੀ ਪੈਂਤੜੇ ਤੋਂ ਹਰ ਤਰ੍ਹਾਂ
ਦੇ ਜਾਤਪਾਤੀ ਦਾਬੇ ਤੇ ਵਿਤਕਰੇ ਖਿਲਾਫ਼ ਡਟਣ ਦਾ ਸੱਦਾ ਉੱਭਰਿਆ ਉਥੇ ਮੌਜੂਦਾ ਧੱਕੜ ਤੇ ਲੁਟੇਰੇ ਸਮਾਜਕ
ਪ੍ਰਬੰਧ ਵਿਚ ਅਦਾਲਤਾਂ ’ਚ ਵੀ ਉਚ ਜਾਤੀ ਹੰਕਾਰੀ ਕਿਰਦਾਰ ਦੇ ਪ੍ਰਗਟਾਵਿਆਂ ਨੂੰ ਉਗਾੜਿਆ ਗਿਆ
ਹੈ। ਮੁਹਿੰਮ ਦੀ ਅਹਿਮ ਗੱਲ ਦਲਿਤਾਂ ’ਤੇ ਜਬਰ ਅਤੇ ਦਾਬੇ ਵਿਤਕਰਿਆਂ
ਦੇ ਖਾਤਮੇ ਦਾ ਸਬੰਧ ਉਹਨਾਂ ਦੇ ਜ਼ਮੀਨਾਂ ਦੇ ਮਾਲਕ ਬਣਨ ਨਾਲ ਜੋੜਿਆ ਗਿਆ ਹੈ ਤੇ ਜ਼ਮੀਨਾਂ ਦੇ ਹੱਕ ਲਈ
ਆਵਾਜ਼ ਉਠਾਈ ਗਈ ਹੈ ਅਤੇ ਜ਼ਮੀਨਾਂ ਦੇ ਹੱਕਾਂ ਲਈ ਹੋਰਨਾਂ ਗਰੀਬ ਪੇਂਡੂ ਕਿਰਤੀ ਤੇ ਕਿਸਾਨ ਤਬਕਿਆਂ ਨਾਲ
ਸਾਂਝੀ ਜੱਦੋਜਹਿਦ ਦਾ ਮਹੱਤਵ ਉਭਾਰਿਆ ਗਿਆ ਹੈ। ਕਮੇਟੀ ਵੱਲੋਂ ਉਭਾਰੀਆਂ ਇਹਨਾਂ ਮੰਗਾਂ
ਰਾਹੀਂ ਇਸ ਸਰਗਰਮੀ ਦੇ ਸੀਮਤ ਜਮਹੂਰੀ ਪ੍ਰਸੰਗ ਤੋਂ ਅੱਗੇ ਜਮਾਤੀ ਸਮਝ ਦੇ ਤੱਤ ਦੇ ਝਲਕਾਰੇ ਵੀ ਉੱਘੜੇ
ਹਨ ਜਿਹੜੇ ਦਲਿਤ ਜਨਸਮੂਹਾਂ ਲਈ ਅਤਿ ਲੋੜੀਂਦੀ ਸੇਧ ਹੈ ਤੇ ਉਹਨਾਂ ਦੀਆਂ ਲਾਮਬੰਦੀਆਂ ’ਚ ਇਸ ਦਾ ਸੰਚਾਰ ਹੋਣਾ ਬਹੁਤ ਮਹੱਤਵਪੂਰਨ ਹੈ।
ਇਸ ਜਨਤਕ ਹੰਭਲੇ ’ਚ ਜਨਤਕ ਘੁਲਾਟੀਆਂ ਦੇ ਨਾਲ ਨਾਲ ਸਹਿਤਕ ਸਭਿਆਚਾਰਕ ਖੇਤਰ ਦੀਆਂ ਸਖਸ਼ੀਅਤਾਂ ਤੇ ਬੁੱਧੀਜੀਵੀ ਹਿੱਸਿਆਂ ਵੱਲੋਂ
ਜੁੜਨਾ ਚੰਗਾ ਘਟਨਾ ਵਿਕਾਸ ਬਣਿਆ ਹੈ। ਖਾਸ ਕਰਕੇ ਦਲਿਤ ਹਿਸਿਆਂ ’ਚੋਂ ਬੁੱਧੀਜੀਵੀਆਂ ਲਈ ਇਸ ਪੈਂਤੜੇ ਦੀ ਖਿੱਚ ਬਣੀ ਹੈ ਤੇ ਉਹਨਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ
ਹੋਈ ਹੈ। ਇਉਂ ਹੀ ਦਲਿਤ ਨੌਜਵਾਨਾਂ ਦੇ ਰੋਹ ਦੇ ਪ੍ਰਗਟਾਵੇ ਲਈ ਢੁੱਕਵਾਂ ਚੌਖਟਾ ਮੁਹੱਈਆ ਕਰਵਾਉਣ ਦਾ
ਯਤਨ ਬਣਿਆ ਹੈ ਤੇ ਉਹਨਾਂ ਦੇ ਰੋਹ ਨੂੰ ਅਸਲ ਦੁਸ਼ਮਣਾਂ ਖਿਲਾਫ਼ ਸੇਧਤ ਕਰਨ ਦਾ ਯਤਨ ਹੋਇਆ ਹੈ। ਅਦਾਲਤਾਂ ਦੇ ਦਲਿਤ ਵਿਰੋਧੀ ਕਿਰਦਾਰ ਨੂੰ ਜ਼ੋਰ ਨਾਲ ਉਭਾਰਿਆ ਗਿਆ ਹੈ। ਬੀਤੇ ਅਰਸੇ ’ਚ ਜ਼ਾਹਰ ਹੁੰਦਾ ਆ ਰਿਹਾ ਅਦਾਲਤੀ ਵਿਹਾਰ ਉਦਾਹਰਨਾਂ ਨਾਲ ਉਘੜਿਆ ਹੈ।
ਕੰਮ ਦੀ ਰੁੱਤ
ਦੇ ਬਾਵਜੂਦ ਬਠਿੰਡੇ ’ਚੋ ਹੋਇਆ ਭਰਵਾਂ ਇਕੱਠ ਤੇ ਇਸ ਤੋਂ ਪਹਿਲਾਂ ਵਿਆਪਕ
ਪੈਮਾਨੇ ’ਤੇ ਚੱਲੀ ਮੁਹਿੰਮ ਦਲਿਤ ਜਨਤਾ ’ਚ ਕਬੂਲਵੇਂ ਹੁੰਗਾਰੇ ਦੀ ਗਵਾਹੀ ਬਣੀ ਹੈ। ਕਿਸਾਨ ਘੁਲਾਟੀਆਂ ਦੀ ਇਕੱਠ ’ਚ ਹਾਜ਼ਰੀ ਅਤੇ ਉਹਨਾਂ ਦਾ ਮੰਚ ਤੋਂ ਸੰਬੋਧਤ ਹੋਣਾ ਕਿਸਾਨ ਲਹਿਰ ਦੀਆਂ ਪਰਤਾਂ ’ਚ ( ਚਾਹੇ ਇਹ ਅਜੇ ਛੋਟੀ
ਗਿਣਤੀ ’ਚ ਹੀ)
ਚੇਤਨਾ ਦੇ ਹੋਏ ਸੰਚਾਰ ਦਾ ਸਿੱਟਾ ਹੈ। ਦਲਿਤ
ਹੱਕਾਂ ਲਈ ਅਤੇ ਜਬਰ ਤੇ ਦਾਬੇ ਖਿਲਾਫ ਅਖੌਤੀ ੳੱੁਚ
ਜਾਤਾਂ ਦੀ ਕਿਸਾਨੀ ਦੀਆਂ ਪਰਤਾਂ ਦੀ ਮੌਜੂਦਗੀ ਸੁਲੱਖਣਾ ਵਰਤਾਰਾ ਤਾਂ ਹੈ ਹੀ, ਨਾਲ ਹੀ ਕਿਸਾਨ ਲਹਿਰ ’ਚ ਮੁੱਢਲੇ ਪੱਧਰ ’ਤੇ ਹੋ ਰਹੀ ਜਮਹੂਰੀ ਤੇ ਜਮਾਤੀ ਚੇਤਨਾ ਦਾ ਪ੍ਰਗਟਾਵਾ ਵੀ ਹੈ ਜਿਸ ਨੂੰ ਹੋਰ ਵਧੇਰੇ ਪਾਲਣ
ਪੋਸਣ ਤੇ ਵਿਕਸਿਤ ਕਰਨ ਦੀ ਜਰੂਰਤ ਹੈ।
ਪੰਜਾਬ ਦੀ ਜਮਹੂਰੀ
ਲਹਿਰ ’ਚ ਸਹੀ ਅਰਥਾਂ ’ਚ ਜਮਹੂਰੀ ਚੇਤਨਾ ਦੇ ਪੱਧਰ ਦੀ
ਪਰਖ ਦਾ ਇਕ ਪੈਮਾਨਾ ਇਹ ਬਣਦਾ ਹੈ ਕਿ ਦਲਿਤਾਂ ’ਤੇ ਜਬਰ ਤੇ ਦਾਬੇ ਵਿਤਕਰਿਆਂ
ਦੇ ਹਰ ਤਰ੍ਹਾਂ ਦੇ ਇਜ਼ਹਾਰਾਂ ਖਿਲਾਫ ਖੜ੍ਹਨ ਪੱਖੋਂ ਉਸ ਦੀ ਹਾਲਤ ਕੀ ਹੈ। ਇਸ
ਪੱਖ ਤੋਂ ਜਮਹੂਰੀ ਲਹਿਰ ਦੀਆਂ ਕਈ ਟੁਕੜੀਆਂ ਨੇ ਇਸ ਹਕੀਕੀ ਜਮਹੂਰੀ ਸੋਝੀ ਦਾ ਸੰਚਾਰ ਹੋਏ ਹੋਣ ਦੇ
ਮਹੱਤਵਪੂਰਨ ਪ੍ਰਗਟਾਵੇ ਕੀਤੇ ਹਨ। ਇਸ ਨਰੋਏ ਤੇ ਹਾਂਦਰੂ ਲੱਛਣ ਨੂੰ ਸੂਬੇ ਦੀ ਸਮੁੱਚੀ
ਜਮਹੂਰੀ ਲਹਿਰ ’ਚ ਹੋਰ ਵਿਕਸਤ ਕਰਨ ਦੀ ਜਰੂਰਤ ਹੈ।
No comments:
Post a Comment