ਆਤਸ਼ਕ ਇੱਕ 'ਸਮਾਜਕ ਰੋਗ' ਹੈ-ਯਾਨੀ ਕਿ ਅਜਿਹਾ ਰੋਗ ਜਿਸ ਦੀ ਹੋਂਦ ਅਤੇ ਪਸਾਰ ( ਅਤੇ ਜਿਵੇਂ ਅਸੀਂ ਦੇਖਾਂਗੇ, ਇਸ ਦਾ ਪਤਨ ਅਤੇ ਖਾਤਮਾ) ਸਮਾਜਕ ਅਤੇ ਸਿਆਸੀ ਕਾਰਨਾਂ ਦੇ ਮੁਥਾਜ ਹੈ। ਇਸ ਵੱਲੋਂ ਚੀਨ ਨੂੰ ਆਪਣੀ ਗ੍ਰਿਫਤ 'ਚ ਲੈਣ ਲਈ ਜੁੰਮੇਵਾਰ ਕਿਹੜੇ ਸਿਆਸੀ ਅਤੇ ਸਮਾਜਕ ਕਾਰਨ ਸਨ?
ਸਭ ਤੋਂ ਪਹਿਲਾ ਸਾਮਰਾਜਵਾਦ ਅਤੇ ਬਸਤੀਵਾਦ, ਹਮਲਾਵਰ ਦੇਸ਼ਾਂ ਵੱਲੋਂ ਇਸ ਦੇ ਖੇਤਰ ਦਾ ਜਬਰੀ ਕਬਜਾ, ਇਸ ਦੇ ਲੋਕਾਂ ਦੀ ਅਧੀਨਗੀ ਅਤੇ ਇਸ ਦੀ ਆਰਥਕਤਾ ਦੀ ਤਬਾਹੀ।
ਦੂਜੇ ਨੰਬਰ 'ਤੇ ਸਾਮਰਾਜਵਾਦ ਨਾਲ ਅਟੁੱਟ ਜੁੜੀ ਹੋਈ ਜੰਗ ਅਤੇ ਇਸ ਦੇ ਸਿੱਟੇ ਵਜੋਂ ਚੀਨੀ ਸਮਾਜ ਦੀ ਟੁੱਟ-ਭੱਜ। ਲੁਟੇਰਿਆਂ ਅਤੇ ਜਾਲਮਾਂ ਦੀ ਸੇਵਾ 'ਚ ਲੱਗੀਆਂ ਹਮਲਾਵਰ ਅਤੇ ਦੇਸੀ ਫੌਜਾਂ ਦਾ ਦਸਤੂਰ, ਲੁੱਟ ਖਸੁੱਟ, ਉਜਾੜਾ ਅਤੇ ਬਲਾਤਕਾਰ। ਚੀਨ ਦੇ ਪਿੰਡਾਂ ਵਿਚ ਆਤਸ਼ਕ ਦਾ ਘਟਨਾਕ੍ਰਮ ਅਮਰੀਕੀ, ਜਪਾਨੀ ਅਤੇ ਕੌਮਿਨਤਾਂਗੀ ਹਮਲਾਵਰ ਫੌਜਾਂ ਦੀ ਗਿਣਤੀ ਅਤੇ ਠਹਿਰ ਦੇ ਸਮੇਂ ਨਾਲ ਸਿੱਧੇ ਅਨੁਪਾਤ ਵਿਚ ਜੁੜਿਆ ਹੋਇਆ ਸੀ।
ਤੀਜੇ ਨੰਬਰ 'ਤੇ ਜਗੀਰੂ ਅਤੇ ਪੂੰਜੀਵਾਦੀ ਲੁੱਟ ਦੇ ਸਿੱਟੇ ਵਜੋਂ ਗਰੀਬੀ ਅਤੇ ਆਰਥਕ ਪਛੜਿਆਪਣ ਅਤੇ ਅਸੁਰੱਖਿਆ।
ਚੌਥੇ ਨੰਬਰ 'ਤੇ ਨਸ਼ੀਲੇ ਪਦਾਰਥਾਂ ਦੀ ਵਾਦੀ। ਨਸ਼ੀਲੇ ਪਦਾਰਥ ਅਤੇ ਵੇਸ਼ਵਾਗਮਨੀ ਬਦਕਾਰ ਹਮਜੋਲੀ ਹਨ।
ਪੰਜਵੇਂ ਨੰਬਰ 'ਤੇ ਜਮਾਤੀ ਸਮਾਜ ਦੀ ਖਾਸੀਅਤ, ਔਰਤਾਂ ਪ੍ਰਤੀ ਰਵੱਈਆ, ਜਿਹੜਾ ਔਰਤਾਂ ਨੂੰ ਮਰਦਾਂ ਨਾਲੋਂ ਘਟੀਆ ਸਮਝਦਾ ਹੈ, ਉਨ੍ਹਾਂ ਨੂੰ ਆਪਣੀਆਂ ਗੁਲਾਮ ਅਤੇ ਖਿਡੌਣੇ ਮਾਤਰ ਸਮਝਦਾ ਹੈ। ਬਹੁ-ਪਤਨੀ ਪ੍ਰਥਾ, ਰਖੇਲ ਪ੍ਰਥਾ ਅਤੇ ਬਾਲ ਵਿਆਹ ਵਾਲੇ ਜਗੀਰੂ ਸਮਾਜ ਅਤੇ ਔਰਤ ਲਈ ਕਾਨੂੰਨੀ ਅਤੇ ਜਾਇਦਾਦ ਦੇ ਅਧਿਕਾਰਾਂ ਦੀ ਮੁਕੰਮਲ ਗੈਰਮੌਜੂਦਗੀ ਵਿਚ ਮਰਦਾਂ ਔਰਤਾਂ ਵਿਚਕਾਰ ਨੰਗੀ ਚਿੱਟੀ ਦਿਖਾਈ ਦਿੰਦੀ ਨਾਬਰਾਬਰੀ।
ਚੀਨੀ ਮਜਦੂਰ ਜਮਾਤ ਵੱਲੋਂ ਸਿਆਸੀ ਸੱਤਾ 'ਤੇ ਫਤਿਹ ਪਾਉਣ ਦੇ ਕੁੱਝ ਸਾਲਾਂ 'ਚ ਹੀ ਆਤਸ਼ਕ ਰੋਗ 'ਤੇ ਜਿੱਤ, ਵਡੇਰੀਆਂ ਸਿਹਤ ਸੇਵਾਵਾਂ ਨੂੰ ਨਜਿੱਠਣ 'ਚ ਸਿਆਸਤ ਦੇ ਫੈਸਲਾਕੁਨ ਰੋਲ ਦੀ ਸਿਰ ਕੱਢ ਮਿਸਾਲ ਹੈ।
ਚੀਨ ਵਿਚ ਆਤਸ਼ਕ ਰੋਗ ਦੇ ਖਾਤਮੇ ਲਈ ਦੋ ਮੁੱਖ ਪੂਰਵ ਸ਼ਰਤਾਂ ਸਨ। ਪਹਿਲੀ ਸੀ ਸਮਾਜਵਾਦੀ ਢਾਂਚੇ ਦੀ ਸਥਾਪਤੀ, ਜਿਸ ਨੇ ਲੁੱਟ ਖਸੁੱਟ ਖਤਮ ਕਰ ਦਿੱਤੀ ਅਤੇ ਦੱਬੇ ਕੁਚਲੇ ਜਨਸਮੂਹਾਂ ਨੂੰ ਆਪਣੀ ਕਿਸਮਤ ਦੇ ਮਾਲਕ ਬਣਾ ਦਿੱਤਾ। ਦੂਜੀ ਸੀ ਇਸ ਮੁਹਿੰਮ 'ਚ ਸ਼ਾਮਲ ਉਨ੍ਹਾਂ ਸਾਰਿਆਂ ਨੂੰ, ਚਾਹੇ ਉਹ ਸਧਾਰਨ ਲੋਕ ਹਨ ਜਾਂ ਮੈਡੀਕਲ ਖੇਤਰ ਵਿਚਲੇ-ਜਨਤਾ ਦੀ ਸੇਵਾ ਅਤੇ ਸਮਾਜਵਾਦ ਦੀ ਉਸਾਰੀ 'ਚ ਮੱਦਦ ਕਰਨ ਦੇ ਦ੍ਰਿੜ ਇਰਾਦੇ ਨਾਲ ਲੈਸ ਕਰਨਾ ਤਾਂ ਜੋ ਉਹ ਉਨ੍ਹਾਂ ਸਾਹਮਣੇ ਅੜ ਰਹੀਆਂ ਸਭ ਮੁਸ਼ਕਲਾਂ ਨੂੰ ਸਰ ਕਰਨ ਦੇ ਯੋਗ ਹੋ ਜਾਣ। ਇਸ ਅਨੁਸਾਰ ਹੇਠ ਲਿਖੇ ਕਦਮ ਚੁੱਕੇ ਗਏ।
ਵੇਸਵਾਗਮਨੀ ਦਾ ਖਾਤਮਾ
ਮੁਕਤੀ ਦੇ ਕੁੱਝ ਹਫਤਿਆਂ ਦੇ ਵਿਚ ਹੀ ਜਨਤਾ ਦੀ ਸਿੱਧੀ ਕਾਰਵਾਈ ਰਾਹੀਂ ਵੇਸਵਾਘਰਾਂ ਦੀ ਵੱਡੀ ਗਿਣਤੀ ਬੰਦ ਕਰ ਦਿੱਤੀ ਗਈ। ਲੋਕਾਂ ਦੀ ਵੱਡੀ ਭਾਰੀ ਬਹੁ-ਗਿਣਤੀ ਨੇ ਪ੍ਰਵਾਨ ਕਰ ਲਿਆ ਸੀ ਕਿ ਵੇਸਵਾਗਮਨੀ ਨੁਕਸਾਨਦੇਹ ਹੈ। ਇਸ ਨਾਲ ਵੇਸਵਾਵਾਂ ਦੀ ਅੰਨ੍ਹੀਂ ਲੁੱਟ ਹੁੰਦੀ ਹੈ, ਜਿਹੜੀਆਂ ਆਮ ਤੌਰ 'ਤੇ ਗਰੀਬੀ ਜਾਂ ਨਿਰਦਈ ਸੀਨਾਜੋਰੀ ਕਰਕੇ ਇਸ ਧੰਦੇ 'ਚ ਧੱਕੀਆਂ ਜਾਂਦੀਆਂ ਹਨ। ਰੋਹ 'ਚ ਆਈ ਜਨਤਾ ਨੇ ਨਸ਼ਿਆਂ ਦੇ ਤਸਕਰਾਂ, ਬਦਮਾਸ਼ਾਂ ਅਤੇ ਵੇਸਵਾਘਰਾਂ ਦੇ ਗੁੰਡੇ ਮਾਲਕਾਂ ਦੀ ਆਪਣੇ ਹੱਥੀਂ ਭੁਗਤ ਸੁਆਰੀ ਜਾਂ ਸੁਰੱਖਿਆ ਦਸਤਿਆਂ ਦੇ ਹਵਾਲੇ ਕਰ ਦਿੱਤਾ। 1951 ਵਿਚ ਵੇਸਵਾਗਮਨੀ ਨੂੰ ਗੈਰ-ਕਾਨੂੰਨੀ ਕਰਾਰ ਦੇ ਕੇ, ਸਰਕਾਰੀ ਹੁਕਮਾਂ ਅਨੁਸਾਰ ਬੰਦ ਕਰ ਦਿੱਤਾ ਗਿਆ।
ਵੇਸਵਾਵਾਂ ਨੂੰ ਸਭ ਤੋਂ ਪਹਿਲਾਂ ਲਿੰਗ ਰੋਗਾਂ ਤੋਂ ਰਾਜ਼ੀ ਕਰਨਾ ਜਰੂਰੀ ਸੀ ਜੋ 90 ਫੀਸਦੀ ਤੋਂ ਵੀ ਵੱਧ ਨੂੰ ਲੱਗੇ ਹੋਏ ਸਨ। ਇਹ ਉਨ੍ਹਾਂ ਦੇ ਸਮਾਜਕ ਮੁੜ-ਵਸੇਬੇ ਨੂੰ ਹੱਥ ਪਾਉਣਾ ਸੀ। ਵੇਸਵਾਵਾਂ ਨੂੰ ਬਦਕਾਰ ਸਮਾਜਕ ਨਿਜ਼ਾਮ ਦੀਆਂ ਸ਼ਿਕਾਰ ਹੋਈਆਂ ਸਮਝਿਆ ਗਿਆ। ਉਨ੍ਹਾਂ ਦੀ ਘਰ ਵਾਪਸ ਜਾਣ ਲਈ ਹੌਂਸਲਾ-ਅਫਜਾਈ ਕੀਤੀ ਗਈ ਅਤੇ ਕੰਮਾਂ ਦੀ ਤਲਾਸ਼ ਕੀਤੀ ਗਈ। ਉਨ੍ਹਾਂ ਦੇ ਪ੍ਰਵਾਰਾਂ ਨੂੰ ਧੀਰਜ ਨਾਲ ਸਮਝਾਇਆ ਗਿਆ ਕਿ ਪੁਰਾਣੇ ਸਮਾਜ ਦੀ ਕਰੋਪੀ ਹੇਠ ਰਹੇ ਹੋਣਾ ਨਮੋਸ਼ੀ ਵਾਲੀ ਗੱਲ ਨਹੀਂ ਬਣਦੀ ਅਤੇ ਹੁਣ ਹਰ ਕੋਈ, ਜਿਹੜਾ ਵੀ ਚੰਗਾ ਕੰਮ ਕਰਦਾ ਹੈ, ਇੱਜ਼ਤ ਦਾ ਹੱਕਦਾਰ ਸੀ।
ਵੇਸਵਾਗਮਨੀ 'ਚ ਡੂੰਘੀਆਂ ਧਸੀਆਂ ਹੋਈਆਂ ਨੂੰ ਮੁੜ-ਵਸੇਬਾ ਸੈਂਟਰਾਂ 'ਚ ਦਾਖਲ ਕੀਤਾ ਗਿਆ, ਜਿੱਥੇ ਸਰਕਾਰ ਦੀ ਉਨ੍ਹਾਂ ਪ੍ਰਤੀ ਨੀਤੀ, ਨੇ ਰਾਜ-ਪ੍ਰਬੰਧ ਦੇ ਖਾਸੇ, ਉਨ੍ਹਾਂ ਦੇ ਵੇਸਵਾ ਬਣਨ ਦੇ ਕਾਰਣ ਅਤੇ ਉਨ੍ਹਾਂ ਲਈ ਖੁੱਲ੍ਹ ਰਹੇ ਨਵੇਂ ਮੌਕੇ, ਬਸ਼ਰਤੇ ਕਿ ਉਹ ਖੁਦ ਯੋਗਦਾਨ ਪਾਉਣ ਲਈ ਰਾਜ਼ੀ ਹੋਣ, ਬਾਰੇ ਘੋਖਿਆ ਵਿਚਾਰਿਆ ਜਾਂਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਿਸੇ ਨਾ ਕਿਸੇ ਕਿੱਤੇ ਦੀ ਸਿਖਲਾਈ ਦਿੱਤੀ ਗਈ, ਪੈਦਾਵਾਰੀ ਕੰਮ 'ਚ ਲਗਾਇਆ ਗਿਆ, ਜਿਸ ਦੀ ਹੋਰਨਾਂ ਕਾਮਿਆਂ ਦੇ ਬਰਾਬਰ ਅਦਾਇਗੀ ਕੀਤੀ ਜਾਂਦੀ ਸੀ। ਪੜ੍ਹਾਈ-ਲਿਖਾਈ, ਕੰਮ-ਕਾਰ, ਮਨ-ਪ੍ਰਚਾਵੇ ਲਈ ਖੁਦ ਆਪਣੀ ਕਮੇਟੀਆਂ ਜੱਥੇਬੰਦ ਕਰਨ ਲਈ ਉਨ੍ਹਾਂ ਨੂੰ ਉਤਸ਼ਾਹਤ ਕੀਤਾ ਗਿਆ ਅਤੇ ਜਦ ਵੀ ਚਾਹੁਣ ਉਹ ਸੈਂਟਰ ਨੂੰ ਛੱਡ ਕੇ ਜਾਣ ਲਈ ਆਜ਼ਾਦ ਸਨ। ਜਿਹੜੀਆਂ ਗਾ ਸਕਦੀਆਂ ਸਨ, ਨੱਚ ਸਕਦੀਆਂ ਸਨ, ਨਾਟਕ ਕਰ ਸਕਦੀਆਂ ਸਨ, ਜਾਂ ਲਿਖ ਸਕਦੀਆਂ ਸਨ ਉਨ੍ਹਾਂ ਨੇ ਦੇਸ਼ ਦੇ ਵੱਖ ਵੱਖ ਹਿਸਿਆਂ 'ਚ , ਹੋਰਨਾਂ ਸੈਂਟਰਾਂ 'ਚ ਅਭਿਨੈ ਕੀਤੇ। ਪ੍ਰਵਾਰਕ ਮੈਂਬਰਾਂ ਦੀਆਂ ਫੇਰੀਆਂ ਨੂੰ ਉਤਸ਼ਾਹਤ ਕੀਤਾ ਗਿਆ। ਜਦ ਉਨ੍ਹਾਂ ਦੇ ਮੁੜ-ਵਸੇਬੇ ਦਾ ਕਾਰਜ ਮੁਕੰਮਲ ਹੋ ਗਿਆ, ਉਨ੍ਹਾਂ ਲਈ ਸ਼ਹਿਰ 'ਚ ਕੰਮ ਲੱਭੇ ਗਏ ਜਾਂ ਵਾਪਸ ਪਿੰਡਾਂ ਨੂੰ ਭੇਜ ਦਿੱਤੀਆਂ ਗਈਆਂ। ਉਨ੍ਹਾਂ ਦੀ ਆਰਥਕ ਸੁਰੱਖਿਆ ਦੀ ਗਰੰਟੀ ਕੀਤੀ ਗਈ।
ਔਰਤਾਂ ਦੀ ਹੈਸੀਅਤ 'ਚ ਕਾਇਆਪਲਟੀ
ਨਿਰਸੰਦੇਹ, ਵੇਸਵਾਘਰਾਂ ਦਾ ਅੰਤ ਅਤੇ ਵੇਸਵਾਗਮਨੀ ਤੇ ਕਾਨੂੰਨੀ ਪਾਬੰਦੀ ਨੂੰ ਵੇਸਵਾਗਮਨੀ ਦੇ ਖਾਤਮੇ ਜਾਂ ਔਰਤਾਂ ਦੀ ਮੁਕੰਮਲ ਮੁਕਤੀ ਦੇ ਸਮਾਨਰੂਪ ਨਹੀਂ ਮੰਨਿਆ ਜਾ ਸਕਦਾ। ਇਸ ਦਾ ਇਕੋ ਇਕ ਬੁਨਿਆਦੀ ਢੰਗ ਹੈ, ਪਹਿਲਾਂ ਸਮਾਜ ਦੇ ਢਾਂਚੇ ਨੂੰ ਬਦਲਿਆ ਜਾਵੇ, ਫਿਰ ਉਨ੍ਹਾਂ ਦੀ ਸੋਚ ਨੂੰ ਬਦਲਿਆ ਜਾਵੇ ਜਿਹੜੇ ਇਸਦੇ ਸਿਰਜਣਹਾਰ ਹਨ। ਲੱਖਾਂ ਲੋਕਾਂ ਦੀਆਂ ਸਦਾਚਾਰਕ ਕਦਰਾਂ-ਕੀਮਤਾਂ ਅਤੇ ਡੂੰਘੇ ਰਚੇ ਰੀਤੀ-ਰਿਵਾਜਾਂ ਨੂੰ ਬਦਲਣ ਲਈ ਬਹੁਤ ਲੰਮਾਂ ਸਮਾਂ ਲਗਦਾ ਹੈ। ਪਰ ਮੁਕਤੀ ਤੋਂ ਬਾਅਦ ਭਾਰੀ ਵਿਕਾਸ ਹੋਇਆ। .. .. ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਇਤਿਹਾਸ ਅੰਦਰ ਔਰਤਾਂ ਦੇ ਰੁਤਬੇ 'ਚ ਅਜਿਹੀ ਕਾਇਆਪਲਟੀ ਵੇਖਣ ਨੂੰ ਨਹੀਂ ਮਿਲੀ ਜੋ 1949 ਤੋਂ ਲੈ ਕੇ ਚੀਨ 'ਚ ਹੋਈ ਹੈ।
ਗਰੀਬੀ ਦਾ ਖਾਤਮਾ
ਭਾਵੇਂ ਚੀਨ ਅਜੇ ਇੱਕ ਗਰੀਬ ਦੇਸ਼ ਹੈ, ਪਰ ਗਰੀਬੀ ਦੇ ਖਾਤਮੇ ਦੀ ਗੱਲ ਕੀਤੀ ਜਾ ਸਕਦੀ ਹੈ। ਕਿਸੇ ਖਾਸ ਸਮੇਂ ਕਿਸੇ ਦੇਸ਼ ਵਿਚ ਸਮਾਜਕ ਢਾਂਚੇ ਅਤੇ ਪੈਦਾਵਾਰੀ ਪੱਧਰ ਦੇ ਪ੍ਰਸੰਗ 'ਚ ਹੀ ਇਸਦਾ ਕੋਈ ਅਰਥ ਹੁੰਦਾ ਹੈ। ਪਰ ਯਕੀਨਨ ਹੀ ਅਜਿਹੀ ਹਾਲਤ ਉਸਾਰੀ ਗਈ ਹੈ, ਜਿਸ ਵਿਚ ਗੁਲਾਮ ਕੁੜੀਆਂ ਅਤੇ ਵੇਸਵਾਵਾਂ ਦਾ ਸ਼ਹਿਰਾਂ ਅੰਦਰ ਅਟੱਲ ਪ੍ਰਵਾਹ ਮੁੜ ਨਾ ਵਾਪਰ ਸਕੇ। ਲੱਖਾਂ ਦੀ ਗਿਣਤੀ 'ਚ ਨਵੇਂ ਰੁਜ਼ਗਾਰ ਪੈਦਾ ਕਰ ਦਿੱਤੇ ਗਏ ਹਨ ਅਤੇ ਸਮਾਜਕ ਸੁਰੱਖਿਆ ਦਾ ਵਿਸ਼ਾਲ ਢਾਂਚਾ ਉਸਾਰਿਆ ਜਾ ਰਿਹਾ ਹੈ। ਚੀਨ 'ਚ ਕਿਸੇ ਨੂੰ ਗੁਜ਼ਾਰੇ ਦੇ ਘੱਟੋ ਘੱਟ ਪੱਧਰ ਤੋਂ ਹੇਠਾਂ ਡਿੱਗ ਪੈਣ, ਭੁੱਖੇ ਰਹਿਣ, ਬੇਘਰੇ ਹੋ ਜਾਣ ਜਾਂ ਤਨ 'ਤੇ ਲੋੜੀਂਦੇ ਕੱਪਿੜਿਆਂ ਤੋਂ ਵਾਂਝਾ ਹੋਣ ਨਹੀਂ ਦਿੱਤਾ ਜਾਂਦਾ। ਸੰਵਿਧਾਨ ਦੀ ਇਕ ਧਾਰਾ ਇਉਂ ਕਹਿੰਦੀ ਹੈ, ''ਲੋਕ ਗਣਰਾਜ ਚੀਨ ਵਿਚ ਕਿਰਤੀ ਲੋਕਾਂ ਨੂੰ ਬੁਢਾਪੇ ਵਿਚ, ਬਿਮਾਰੀ ਦੀ ਹਾਲਤ ਵਿਚ ਅਤੇ ਅਪਾਹਜ ਹੋ ਜਾਣ ਦੀ ਹਾਲਤ ਵਿੱਚ, ਪਦਾਰਥਕ ਸਹਾਇਤਾ ਦਾ ਅਧਿਕਾਰ ਹੈ।''
ਵੇਸਵਾਗਮਨੀ ਤੇ ਅਪਰਾਧ ਦੀਆਂ ਜੜ੍ਹਾਂ ਹਮੇਸ਼ਾ ਲਈ ਵੱਢ ਦਿੱਤੀਅÎਾਂ ਗਈਆਂ ਹਨ।
ਆਤਸ਼ਕ ਰੋਗ ਵਿਰੁੱਧ ਜਨਤਕ ਮੁਹਿੰਮਾਂ
ਅਗਸਤ 1950 ਵਿੱਚ ਪਹਿਲੀ ਕੌਮੀ ਸਿਹਤ ਕਾਨਫਰੰਸ ਨੇ 4 ਸੇਧਕ ਅਸੂਲ ਪ੍ਰਵਾਨ ਕੀਤੇ-
-ਸਿਹਤ ਸੇਵਾਵਾਂ ਦੇ ਕੰਮ ਨੂੰ ਪ੍ਰਮੁੱਖ ਤੌਰ 'ਤੇ ਕਿਰਤੀ ਜਨ-ਸਮੂਹਾਂ ਦੀ ਸੇਵਾ ਕਰਨੀ ਚਾਹੀਦੀ ਹੈ।
-ਮੁੱਖ ਜੋਰ ਰੋਗ ਦੀ ਰੋਕਥਾਮ 'ਤੇ ਰਹਿਣਾ ਚਾਹੀਦਾ ਹੈ।
-ਰਵਾਇਤੀ ਅਤੇ ਅਧੁਨਿਕ ਡਾਕਟਰਾਂ ਵਿਚਕਾਰ ਡੂੰਘੀ ਏਕਤਾ ਵਿਕਸਤ ਕਰਨੀ ਚਾਹੀਦੀ ਹੈ।
-ਸਿਹਤ ਸੇਵਾਵਾਂ ਦਾ ਕੰਮ ਜਨਤਕ ਮੁਹਿੰਮਾਂ ਰਾਹੀਂ ਚਲਾਇਆ ਜਾਣਾ ਚਾਹੀਦਾ ਹੈ।
ਆਤਸ਼ਕ ਰੋਗ ਵਿਰੁੱਧ ਘੁਲਾਟੀਆਂ ਦੀ ਫੌਜ ਲਾਮਬੰਦ
ਲੰਮੀਆਂ-ਚੌੜੀਆਂ ਅਤੇ ਵਿੱਚ-ਵਿੱਚ ਭਖ-ਭਖਾਅ ਵਾਲੀਆਂ ਬਹਿਸਾਂ ਰਾਹੀਂ ਅੰਤ ਇਹ ਸਪਸ਼ਟ ਹੋ ਗਿਆ ਕਿ ਲਿੰਗ ਰੋਗ ਦੇ ਖਾਤਮੇ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਮੈਡੀਕਲ ਕਾਮਿਆਂ ਨੂੰ ਮਾਓ-ਜ਼ੇ-ਤੁੰਗ ਦੇ ਵਿਚਾਰਾਂ 'ਤੇ ਅਧਾਰਤ ਇੱਕ ਨਵੀਂ ਫਿਲਾਸਫੀ ਨੂੰ ਅਤੇ ਕੰਮ ਕਰਨ ਦੇ ਨਵੇਂ ਢੰਗ ਨੂੰ ਪੱਲੇ ਬੰਨ੍ਹਣ ਦੀ ਮੁੱਢਲੀ ਲੋੜ ਹੈ। ਚੀਨ ਵਿਚ ਸਿਆਸੀ ਤੇ ਪੇਸ਼ਾਵਰ ਯੋਗਤਾਵਾਂ ਦੇ ਜੋੜ-ਮੇਲ ਨੂੰ ''ਲਾਲ ਅਤੇ ਮਾਹਰ'' ਬਣਨਾ ਆਖਿਆ ਜਾਂਦਾ ਹੈ। ਜਦ ਇਹਨਾਂ ਬੁਨਿਆਦੀ ਅਸੂਲਾਂ 'ਤੇ ਸਹਿਮਤੀ ਹੋ ਗਈ ਤਾਂ ਸਿਖਲਾਈ ਦੇ ਢੰਗਾਂ ਅਤੇ ਭਰਤੀ ਬਾਰੇ ਉਲਟੇ-ਪੁਲਟੇ ਸੁਆਲਾਂ ਦੇ ਜੁਆਬ ਦੇਣੇ ਸੌਖੇ ਹੋ ਗਏ।
ਅਧਿਆਪਕ, ਬਹੁਤਾ ਕਰਕੇ ਪੁਰਾਣੇ ਰਾਜ ਦੇ ਸਿੱਖਿਅਤ ਪ੍ਰਾਈਵੇਟ ਪੇਸ਼ਾਵਰ ਸਨ। ਸਿਖਿਆਰਥੀਆਂ ਨਾਲ ਰਲ-ਮਿਲ ਕੇ ਉਨ੍ਹਾਂ ਨੇ ਸਿਆਸਤ ਦੀ ਪੜ੍ਹਾਈ ਕੀਤੀ। ਖਾਸ ਕਰਕੇ ਤਿੰਨ ਪੁਰਾਣੀਆਂ ਲਿਖਤਾਂ ( ਨਾਰਮਨ ਸੈਥਿਊਨ ਦੀ ਯਾਦ ਵਿਚ, ਲੋਕਾਂ ਦੀ ਸੇਵਾ ਕਰੋ, ਮੂਰਖ ਬੁੱਢਾ ਆਦਮੀ ਜਿਸਨੇ ਪਹਾੜ ਹਟਾ ਦਿੱਤੇ) ਦੀ। ਆਮ ਲੋਕਾਂ ਨਾਲ ਘੁਲਣਾ ਮਿਲਣਾ ਸਿੱਖਿਆ ਅਤੇ ਘੁਮੰਡ ਤੇ ਉਤਮਤਾ ਦੇ ਪੁਰਾਣੇ ਵਿਚਾਰਾਂ ਤੋਂ ਖਹਿੜਾ ਛੁਡਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਜਿਵੇਂ ਕਿ ਮਾਓ ਕਹਿੰਦਾ ਹੈ, ''ਲੋਕਾਂ ਦੇ ਅਧਿਆਪਕ ਬਣਨ ਲਈ ਪਹਿਲਾਂ ਲੋਕਾਂ ਦੇ ਸ਼ਗਿਰਦ ਬਣਨਾ ਜਰੂਰੀ ਹੈ।''
ਹੋਲੀ ਹੌਲੀ ਇਕਜੁੱਟ ਸਿਆਸੀ ਨਜ਼ਰੀਏ ਦੇ ਅਧਾਰ 'ਤੇ ਅਧਿਆਪਕਾਂ ਅਤੇ ਸ਼ਗਿਰਦਾਂ ਵਿਚਕਾਰ, ਰਵਾਇਤੀ (ਦੇਸੀ) ਅਤੇ ਅਧੁਨਿਕ ਡਾਕਟਰਾਂ ਵਿਚਕਾਰ, ਜਨਤਾ ਅਤੇ ਮੈਡੀਕਲ ਤੇ ਪੈਰਾ-ਮੈਡੀਕਲ ਕਾਮਿਆਂ ਦੇ ਕੁੱਲ ਸਮੂਹ ਵਿਚਕਾਰ ਏਕਤਾ ਸਥਾਪਤ ਹੋ ਗਏ ਅਤੇ ਚਾਲੂ ਕੰਮ ਦੌਰਾਨ ਇਹ ਹੋਰ ਵੀ ਮਜ਼ਬੂਤ ਹੋ ਗਈ।
ਕੇਸ ਤਲਾਸ਼ ਕਰਨ ਦੇ ਨਵੇਂ ਢੰਗ
ਮੁਲਕ ਭਰ 'ਚ ਥਾਂ ਥਾਂ ਬਿੱਖਰੇ ਲੁਪਤ ਆਤਸ਼ਕ ਰੋਗ ਦੇ ਲੱਖਾਂ ਰੋਗੀਆਂ ਦੀ ਤਲਾਸ਼ ਇੱਕ ਬਹੁਤ ਵੱਡਾ ਕਾਰਜ ਸੀ, ਜੋ ਪ੍ਰੰਪਰਾਗਤ ਲੀਹਾਂ 'ਤੇ ਨਜਿੱਠਿਆ ਨਹੀਂ ਸੀ ਜਾ ਸਕਦਾ। ਇਹ ਕਿਵੇਂ ਹੋ ਸਕੂ, ਰਾਇਆਂ ਵੱਖ ਵੱਖ ਸਨ। ਰੂੜੀਵਾਦੀ ਅਤੇ ਕੱਟੜ ਸੋਚ ਦੇ ਧਾਰਨੀਆਂ ਨੇ ਕਾਰਜ ਕੁਸ਼ਲਤਾ ਵਧਾਉਣ, ਹੋਰ ਵੱਧ ਅਮਲੇ ਫੈਲੇ, ਟੈਸਟ ਕਰਨ ਦੇ ਬਿਹਤਰ ਅਤੇ ਫੁਰਤੀਲੇ ਢੰਗ ਅਤੇ ਵਧੇਰੇ ਖਰਚੇ ਕਰਨ 'ਤੇ ਜੋਰ ਦਿੱਤਾ। ਇਹ ਉਨ੍ਹਾਂ ਦੀ ਨਿਰੀ ਪੁਰੀ ਤਕਨੀਕੀ ਪਹੁੰਚ ਸੀ। ਜਿਹੜੇ ਜੁਅੱਰਤਮੰਦ ਸਨ ਅਤੇ ਇਨਕਲਾਬੀ ਢੰਗ ਨਾਲ ਸੋਚ ਸਕਦੇ ਸਨ ਉਨਾਂ ਨੇ ਸਫਲਤਾ ਦੀ ਕੁੰਜੀ ਵਜੋਂ ਜਨਤਾ ਦੀ ਪਹਿਲਕਦਮੀ 'ਤੇ ਭਰੋਸੇ ਵਾਲੀ ਸਿਆਸੀ ਪਹੁੰਚ 'ਤੇ ਜੋਰ ਪਾਇਆ। ਸਿਆਸੀ ਪਹੁੰਚ ਦੀ ਜਿੱਤ ਹੋਈ, ਬੇਸ਼ੱਕ ਸੰਘਰਸ਼ ਤੋਂ ਬਗੈਰ ਨਹੀਂ.. .।
ਇਸ ਲਈ ਜੋਰਦਾਰ ਪ੍ਰਾਪੇਗੰਡਾ ਤੇ ਸਿੱਖਿਆ ਮੁਹਿੰਮ ਵਿੱਢੀ ਗਈ। ਪਿੰਡਾਂ ਦੀਆਂ ਗਲੀਆਂ 'ਚ ਪ੍ਰਾਪੇਗੰਡਾ ਪੋਸਟਰ ਚਿਪਕਾਏ ਗਏ, ਮਾਰਕੀਟਾਂ 'ਚ ਇਕਾਂਗੀ ਖੇਡੇ ਗਏ, ਦਿਹਾਤੀ ਰੇਡੀਓ 'ਤੇ ਚਰਚਾਵਾਂ ਚਲਾਈਆਂ ਗਈਆਂ, ਰਾਤਾਂ ਨੂੰ ਵਾਰ ਵਾਰ ਛੋਟੀਆਂ ਵੱਡੀਆਂ ਮੀਟਿੰਗਾਂ ਕੀਤੀਆਂ ਜਾਂਦੀਆਂ ਅਤੇ ਸੁਆਲਨਾਮੇ ਦੀ ਵਿਆਖਿਆ ਕੀਤੀ ਗਈ। ਇਸ ਤਰ੍ਹਾਂ ਹੌਲੀ ਹੌਲੀ ਕਿਸਾਨਾਂ ਦਾ ਸਾਥ ਪ੍ਰਾਪਤ ਕੀਤਾ ਗਿਆ।
ਸ਼ੁਰੂ 'ਚ ਹੁੰਗਾਰਾ ਮੱਧਮ ਸੀ, ਥੋੜ੍ਹੇ ਪਿੰਡ ਵਾਸੀਆਂ ਨੇ ਸੁਆਲਨਾਮਾ ਭਰਿਆ। ਕਈਆਂ ਨੇ ਕੋਈ ਨਾ ਕੋਈ ਸੰਕੇਤ ਛੁਪਾ ਲਏ। ਹੋਰ ਵਧੇਰੇ ਪ੍ਰਾਪੇਗੰਡਾ ਕੀਤਾ ਗਿਆ, ਹੋਰ ਮੀਟਿੰਗਾਂ ਕੀਤੀਆਂ ਗਈਆਂ ਜਿਨ੍ਹਾਂ ਵਿਚੱ ਮੁੱਖ ਬੁਲਾਰੇ ਉਹ ਸਨ, ਜਿਹੜੇ ਆਤਸ਼ਕ ਰੋਗੀ ਸਨ ਅਤੇ ਟੀਕੇ ਲੱਗਣ ਨਾਲ ਰਾਜ਼ੀ ਹੋ ਗਏ ਸਨ। ਉਨÎ੍ਹਾਂ ਨੇ ਮਾਨਸਕ ਜੱਦੋ-ਜਹਿਦ ਬਾਰੇ ਵੀ ਦੱਸਿਆ ਜਿਸ ਵਿਚਦੀ (ਬਿਮਾਰੀ ਦੇ, ਅਨੁ:)ਸੰਕੇਤਾਂ ਨੂੰ ਮੰਨ ਲੈਣ ਤੋਂ ਪਹਿਲਾਂ ਉਹ ਲੰਘੇ ਸਨ ਅਤੇ ਰਾਜ਼ੀ ਹੋ ਜਾਣ ਉਪਰੰਤ ਆਪਣੀਆਂ ਭਾਵਨਾਵਾਂ ਬਾਰੇ ਦਸਿਆ।
ਸ਼ਨਾਖਤ ਕੀਤੇ ਕੇਸਾਂ ਦੀ ਛੋਟੀ ਗਿਣਤੀ ਵਧ ਕੇ ਹੜ੍ਹ ਬਣ ਗਈ। ਜਨਤਕ ਲੀਹ ਦੇ ਰੰਗ ਦਾ ਮਹੱਤਵ ਫੈਸਲਾਕੁੰਨ ਰੂਪ 'ਚ ਸਾਬਤ ਹੋ ਗਿਆ ਸੀ।
ਆਤਸ਼ਕ ਰੋਗ ਪ੍ਰਤੀ ਨਵੀਂ ਪਹੁੰਚ ਰਾਜ਼ੀ ਹੋ ਜਾਣ ਦੇ ਸੰਕਲਪ ਦੀ ਮੰਗ ਕਰਦੀ ਸੀ, ਜੋ ਵਿਅਕਤੀ ਤੋਂ ਵਧ ਕੇ ਪੂਰੇ ਭਾਈਚਾਰੇ ਨੂੰ ਕਲਾਵੇ ਵਿਚ ਲੈਂਦੀ ਹੋਵੇ। ਭਾਈਚਾਰੇ ਦੀ ਅਰੋਗਤਾ ਦਾ ਮਾਪਦੰਡ ਸਖਤ ਸੀ। ਉਸ ਵਿਚ ਸ਼ਾਮਲ ਸੀ-ਸਾਰੇ ਮੌਜੂਦ ਕੇਸਾਂ ਦੀ ਤਲਾਸ਼ ਅਤੇ ਇਲਾਜ, ਭਾਈਚਾਰੇ ਅੰਦਰ ਨਵੇਂ ਕੇਸਾਂ ਦੀ ਮੁਕੰਮਲ ਗੈਰ-ਮੌਜੂਦਗੀ, ਨਵੇਂ ਜੰਮੇ ਬੱਚਿਆਂ ਵਿਚ ਜਮਾਂਦਰੂ ਆਤਸ਼ਕ ਦਾ ਖਾਤਮਾ, ਇਲਾਜ ਕਰਵਾ ਚੁੱਕੀਆਂ ਮਾਵਾਂ ਦੇ ਸਹੀ ਸਲਾਮਤ ਗਰਭ ਅਤੇ ਗਰਭ-ਫਲ। ਜਦ ਇਹ ਮਾਪਦੰਡ 5 ਸਾਲ ਤੱਕ ਕਾਇਮ ਰਹਿਣ ਤਾਂ ਪ੍ਰਵਾਨ ਕਰ ਲਿਆ ਜਾਂਦਾ ਸੀ ਕਿ ਭਾਈਚਾਰਾ ਅਰੋਗ ਹੈ। ਇਸ ਤਰ੍ਹਾਂ ਕਿਸੇ ਵੇਲੇ 'ਏਸ਼ੀਆ ਦੇ ਰੋਗੀ' ਵਜੋਂ ਜਾਣਿਆਂ ਜਾਂਦਾ ਚੀਨ ਆਤਸ਼ਕ 'ਤੇ ਜਿੱਤ ਪ੍ਰਾਪਤ ਕਰਨ ਵਾਲਾ ਸੰਸਾਰ ਦਾ ਪਹਿਲਾ ਦੇਸ਼ ਬਣਿਆ।
(ਡਾ. ਜੋਸ਼ੂਆ ਐਸ. ਹੌਰਨ ਦੀ ਪੁਸਤਕ ਮਹਾਂਮਾਰੀਆਂ ਨੂੰ ਅਲਵਿਦਾ ਵਿੱਚੋਂ ਸੰਖੇਪ)
No comments:
Post a Comment