ਸਰਕਾਰੀ ਥਰਮਲਾਂ ਬਾਰੇ ਹਕੂਮਤੀ ਕੁਫ਼ਰ!
ਸ਼ਰਮ ਦਾ ਘਾਟਾ!!
ਬਠਿੰਡਾ ਥਰਮਲ ਦੇ ਸਾਰੇ ਚਾਰ ਅਤੇ ਰੋਪੜ ਥਰਮਲ ਦੇ ਦੋ ਯੂਨਿਟ ਬੰਦ ਕਰਨ ਬਾਰੇ ਸਰਕਾਰ ਵੱਲੋਂ ਸ਼ਰੇਆਮ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ :-
ਸਰਕਾਰ ਕੇਂਦਰੀ ਬਿਜਲੀ ਅਥਾਰਟੀ ਦੀ ਰਿਪੋਰਟ ਦਾ ਹਵਾਲਾ ਦੇ ਕੇ ਕਹਿੰਦੀ ਹੈ ਕਿ ਅਸੀਂ ਕੇਂਦਰ ਸਰਕਾਰ ਦੇ ਹੁਕਮ ਅਨੁਸਾਰ ਬੰਦ ਕਰ ਰਹੇ ਹਾਂ। ਇਸ ਮਸਲੇ ’ਚ ਜਿਹੜੀ ਰਿਪੋਰਟ ਦਾ ਜ਼ਿਕਰ ਆ ਰਿਹਾ ਹੈ, ਉਹ ਕੇਂਦਰੀ ਬਿਜਲੀ ਅਥਾਰਟੀ ਦੀ ਰਿਪੋਰਟ ਹੈ। ਉਸ ਨੇ ਆਪਣੀ ਰਿਪੋਰਟ ’ਚ ਕਿਹਾ ਹੋਇਆ ਹੈ ਕਿ ਜਿਹੜੇ ਥਰਮਲ 100 ਮੈਗਾਵਾਟ ਤੋਂ ਘੱਟ ਕਪੈਸਟੀ ਵਾਲੇ ਹਨ, ਉਹਨਾਂ ਨੂੰ ਬੰਦ ਕਰਨਾ ਹੈ, ਪਰ ਨਾਲ ਸ਼ਰਤਾਂ ਇਹ ਹਨ:
1) ਜਿਹਨਾਂ ਦਾ ਨਵੀਨੀਕਰਨ ਨਹੀਂ ਹੋਇਆ (2) ਜਿਹਨਾਂ ’ਚ ਰੀ-ਹੀਟ ਸਿਸਟਮ ਨਹੀਂ ਲੱਗਿਆ, ਮਤਲਬ ਜਿਥੇ ਟਰਬਾਈਨ ’ਚ ਭਾਫ ਵਰਤਣ ਤੋਂ ਬਾਅਦ ਉਸਨੂੰ ਦੁਬਾਰੇ ਗਰਮ ਕਰਕੇ ਸਰਕਟ ’ਚ ਪਾ ਲਿਆ ਜਾਂਦਾ ਹੈ (3) ਫਿਰ ਵੀ ਸ਼ਰਤ ਹੈ ਕਿ ਜਿੰਨੀਂ ਕਪੈਸਟੀ ਦਾ ਥਰਮਲ ਬੰਦ ਕਰਨਾ ਹੈ, ਉੱਨੀ ਹੀ ਕਪੈਸਟੀ ਦਾ ਨਵਾਂ ਲਾਉਣਾ ਹੈ। ਬਠਿੰਡਾ ਥਰਮਲ ਤੇ ਇਹਨਾਂ ਚੋਂ ਕੁਝ ਵੀ ਲਾਗੂ ਨਹੀਂ ਹੁੰਦਾ ਕਿਉਂਕਿ,
(1) ਚਾਰੇ ਯੂਨਿਟ 100 ਮੈਗਾਵਾਟ ਤੋਂ ਵੱਧ ਕਪੈਸਟੀ ਦੇ ਹਨ
(2) ਨਵੀਨੀਕਰਨ ਤੇ 715 ਕਰੋੜ ਖਰਚੇ ਗਏ ਹਨ
(3) ਰੀ ਹੀਟ ਸਿਸਟਮ ਲੱਗਾ ਹੋਇਆ ਹੈ
(4) ਨਵੇਂ ਪਲਾਂਟ ਨਹੀਂ ਲਾਏ ਗਏ
ਜਿਹੜਾ 715 ਕਰੋੜ ਨਵੀਨੀਕਰਨ ’ਤੇ ਲਾਇਆ ਗਿਆ ਹੈ, ਉਹ ਕੇਂਦਰੀ ਬਿਜਲੀ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਲਾਇਆ ਗਿਆ ਹੈ। ਬਿਜਲੀ ਅਥਾਰਟੀ ਪੱਤਰ ਲਿਖਦੀ ਰਹੀ ਹੈ ਕਿ ਪਲਾਂਟ ਦਾ ਨਵੀਨੀਕਰਨ ਜਲਦੀ ਕਰੋ ਕਿਉਂਕਿ ਕੌਮੀ ਨੁਕਸਾਨ ਹੋ ਰਿਹਾ ਹੈ।।
ਨਵੀਨੀਕਰਨ ਹੋਣ ਨਾਲ ਪਲਾਂਟ ਦੀ ਲਾਈਫ 2022 ਅਤੇ 2029 ਤੱਕ ਵੱਧ ਚੁੱਕੀ ਹੈ।
ਬਿਜਲੀ ਮਹਿੰਗੀ ਹੋਣ ਦਾ ਮਸਲਾ :- ਮੰਗ ਕਰਨ ਦੇ ਬਾਵਜੂਦ ਸਰਕਾਰ ਨੇ ਅੱਜ ਤੱਕ ਨਿੱਜੀ ਥਰਮਲਾਂ ਨਾਲ ਕੀਤੇ ਸਮਝੌਤੇ ਜਨਤਕ ਨਹੀਂ ਕੀਤੇ। ਬਿਜਲੀ ਅਥਾਰਟੀ ਨੂੰ ਪੇਸ਼ ਕੀਤੇ ਇੱਕ ਪੱਤਰ ਚ ਸਰਕਾਰ ਨੇ 7.95 ਰੁ: ਯੂਨਿਟ ਕਿਹਾ ਹੈ , ਹਾਲਾਂ ਕਿ ਇਹ ਵੀ ਠੀਕ ਨਹੀਂ ਹੈ। ਜੇ ਚਾਰਾਂ ’ਚੋਂ ਇੱਕ ਯੂਨਿਟ ਚਲਾਉਣਾ ਹੈ ਅਤੇ ਉਹ ਵੀ ਘੱਟ ਲੋਡ ’ਤੇ, ਤਾਂ ਪੱਕਾ ਖਰਚਾ ਜਿਵੇਂ ਮੁਲਾਜ਼ਮਾਂ ਦੀ ਤਨਖਾਹ ਓਨੀ ਹੀ ਪੈਣੀ ਹੈ , ਇਸ ਤਰਾਂ ਜਾਣ-ਬੁੱਝ ਕੇ ਬਿਜਲੀ ਮਹਿੰਗੀ ਕਰਦੇ ਹਨ। ਥਰਮਲ ਦਾ ਕੁੱਲ ਘਾਟਾ ਵੀ ਵਿੱਚ ਗਿਣਦੇ ਹਨ ਅਤੇ ਕਾਰਪੋਰੇਟ ਖਰਚੇ ਵੀ ਵਿੱਚ ਪਾ ਦਿੰਦੇ ਹਨ। ਇਸ ਤਰਾਂ ਤੁੱਥ-ਮੁੱਥ ਕਰਕੇ ਬਿਜਲੀ ਮਹਿੰਗੀ ਦਿਖਾ ਰਹੇ ਹਨ , ਜਦੋਂ ਕਿ ਸੋਲਰ ਪਲਾਂਟਾਂ ਤੋਂ 18/- ਰੁ: ਯੂਨਿਟ ਖਰੀਦ ਰਹੇ ਹਨ ਅਤੇ ਨਿੱਜੀ ਥਰਮਲਾਂ ਨੂੰ ਬਿਨਾ ਚੱਲੇ ਕਰੋੜਾਂ ਰੁ: ਕਪੈਸਟੀ ਚਾਰਜ ਦੇ ਰਹੇ ਹਨ।
ਤਲਵੰਡੀ ਸਾਬੋ ਪਲਾਂਟ ਨੂੰ ਲੇਟ ਚੱਲਣ ਕਰਕੇ 850 ਕਰੋੜ ਦਾ ਜੁਰਮਾਨਾ ਲਾਉਣਾ ਬਣਦਾ ਸੀ , ਪਿਛਲੀ ਅਕਾਲੀ ਸਰਕਾਰ ਨੇ ਮੁਆਫ ਕਰ ਦਿੱਤਾ ਹੈ।
ਐਤਕੀਂ ਝੋਨੇ ਦੇ ਸੀਜਨ ’ਚ ਤਲਵੰਡੀ ਸਾਬੋ ਥਰਮਲ ’ਚ ਅੱਗ ਲੱਗਣ ਕਰਕੇ ਲੱਗਭੱਗ 50 ਦਿਨ ਬੰਦ ਰਿਹਾ , ਉਹਦਾ ਜੁਰਮਾਨਾ ਕੋਈ ਨਹੀਂ, ਉਦੋਂ ਇਹੀ ਬਠਿੰਡਾ ਥਰਮਲ ਮਾਰੋ-ਮਾਰ ਚਲਾਇਆ ਸੀ।
1300 ਕਰੋੜ ਘਾਟਾ :- ਇਹ ਬਹੁਤ ਵੱਡਾ ਝੂਠ ਹੈ। ਥਰਮਲਾਂ ’ਚ ਵੱਡਾ ਖਰਚਾ ਕੋਲੇ ਦਾ ਹੁੰਦਾ ਹੈ। ਜੇ ਬਠਿੰਡੇ ਦੇ ਚਾਰੇ ਯੂਨਿਟ ਫੁੱਲ ਲੋਡ ’ਤੇ ਚੱਲਣ ਤਾਂ ਮਹੀਨੇ ’ਚ ਵੱਧ ਤੋਂ ਵੱਧ 120 ਕਰੋੜ ਦਾ ਕੋਲਾ ਬਲਦਾ ਹੈ , ਪੱਕੇ ਮੁਲਾਜ਼ਮਾਂ ਦੀ ਤਨਖਾਹ ਵਿਹਲੇ ਬੈਠੇ ਵੀ ਦੇਣੀ ਪੈਣੀ ਹੈ। ਪਲਾਂਟ 110 ਲੱਖ ਯੂਨਿਟ ਬਿਜਲੀ ਰੋਜ਼ਾਨਾ ਪੈਦਾ ਕਰੂਗਾ, ਮਹੀਨੇ ਦੀ 3300 ਲੱਖ ਯੂਨਿਟ, ਜੇ 5 ਰੁ: ਯੂਨਿਟ ਵੀ ਸਰਕਾਰ ਖਰੀਦੇ ਤਾਂ 165 ਕਰੋੜ ਦੀ ਬਣੀ, ਘਾਟਾ ਕਿਥੇ ਹੈ? ਘਾਟਾ ਸਿਰਫ ਨੀਤ ਦਾ ਹੈ , ਮਾੜੀ ਨੀਤ ਦੇ ਘਾਟੇ ਹਨ।
(ਸੋਸ਼ਲ ਮੀਡੀਆ ਤੋਂ)
No comments:
Post a Comment