ਅਕਤੂਬਰ ਇਨਕਲਾਬ ਦੇ ਸੌ ਸਾਲ,
ਦੁਨੀਆਂ ਦੇ ਕੋਨੇ-ਕੋਨੇ ’ਚ ਰੋਸ਼ਨ ਹੋਈ ਸੂਹੀ ਯਾਦ।
ਦੁਨੀਆਂ ਭਰ ’ਚ ਸਮਾਜਵਾਦੀ ਕੈਂਪ ਨੂੰ ਲੱਗੀਆਂ ਗੰਭੀਰ ਪਛਾੜਾਂ ਦੇ ਬਾਵਜੂਦ ਸਮਾਜਵਾਦ ਤੇ ਕਮਿਊਨਿਜ਼ਮ ਹੀ ਸੰਸਾਰ ਨੂੰ ਮੌਜੂਦਾ ਸਾਮਰਾਜੀ-ਲੋਟੂ ਪ੍ਰਬੰਧ ਦਾ ਬਦਲ ਪ੍ਰਦਾਨ ਕਰ ਸਕਦਾ ਹੈ। ਅਕਤੂਬਰ ਇਨਕਲਾਬ ਦੀ 100 ਵੀਂ ਵਰ੍ਹੇਗੰਢ ’ਤੇ ਇਹ ਸੁਨੇਹਾ ਦੁਨੀਆਂ ਦੇ ਹਰੇਕ ਕੋਨੇ ’ਚੋਂ ਗੂੰਜਿਆ ਹੈ। ਧਰਤੀ ਦੇ ਸਾਰੇ ਮਹਾਂਦੀਪਾਂ ਤੇ ਦੇਸ਼ਾਂ ’ਚ ਮਜਦੂਰਾਂ, ਨੌਜਵਾਨਾਂ, ਕਮਿੳੂਨਿਸਟ ਤੇ ਇਨਕਲਾਬੀ ਪਾਰਟੀਆਂ ਦੇ ਸੱਦਿਆਂ ’ਤੇ ਕਮਿੳੂਨਿਜ਼ਮ ਦੇ ਸੂਹੇ ਪਰਚਮ , ਇਸ ਇਨਕਲਾਬ ਦੀਆਂ ਸੁਨਹਿਰੀ ਯਾਦਾਂ ਤੇ ਪ੍ਰਾਪਤੀਆਂ ਦੇ ਰੰਗ ’ਚ ਗੜੁੱਚ ਹੋ ਕੇ ਲਹਿਰੇ ਹਨ। ਅਕਤੂਬਰ ਇਨਕਲਾਬ ਦੇ ਜਸ਼ਨਾਂ ਦੀ ਧਮਕ ਸੰਸਾਰ ਮਜ਼ਦੂਰ ਜਮਾਤ ਦੇ ਇਨਕਲਾਬੀ ਉਤਸ਼ਾਹ ਤੇ ਸੰਗਰਾਮੀ ਇਰਾਦਿਅਾਂ ਦੀ ਬੁਲੰਦੀ ਦਾ ਸਿਰਨਾਵਾਂ ਬਣੀ ਹੈ। ਚਾਹੇ ਅਜੇ ਸੰਸਾਰ ਕਮਿਊਨਿਸਟ ਲਹਿਰ ’ਚ ਸੋਧਵਾਦੀ ਪਾਰਟੀਅਾਂ ਤੇ ਲੀਡਰਸ਼ਿੱਪਾਂ ਦੀ ਭਾਰੂ ਹੈਸੀਅਤ ਹੈ ਪਰ ਕਮਿਊਨਿਸਟ ਇਨਕਲਾਬੀ ਤਾਕਤਾਂ ਇਹਨਾਂ ਲੀਡਰਸ਼ਿਪਾਂ ਤੇ ਰੁਝਾਨਾਂ ਖਿਲਾਫ਼ ਲੰਮੀ ਤੇ ਅਣਥੱਕ ਵਿਚਾਰਧਾਰਕ ਸਿਆਸੀ ਜਦੋਜਹਿਦ ਚਲਾ ਰਹੀਅਾਂ ਹਨ। ਅਕਤੂਬਰ ਇਨਕਲਾਬ ਸ਼ਤਾਬਦੀ ਜਸ਼ਨਾਂ ਵੇਲੇ ਇਸ ਜਦੋਜਹਿਦ ਦਾ ਰੰਗ ਵੀ ਇਹਨਾਂ ਮੁਹਿੰਮਾਂ ਦੌਰਾਨ ਦੇਖਿਆ ਜਾ ਸਕਦਾ ਸੀ। ਸੰਸਾਰ ਦੇ ਵੱਖ-ਵੱਖ ਮੁਲਕਾਂ ’ਚ ਚਾਹੇ ਸ਼ਤਾਬਦੀ ਮਨਾਉਣ ਦੇ ਮੁਲਕ ਪੱਧਰ ਸੱਦੇ ਅਤੇ ਇਹਨਾਂ ਸੱਦਿਅਾਂ ’ਤੇ ਹੋਏ ਸਮਾਗਮ ਮੁੱਖ ਤੌਰ ’ਤੇ ਸੋਧਵਾਦੀ ਪਾਰਟੀਅਾਂ ਵੱਲੋਂ ਹੀ ਜਥੇਬੰਦ ਕੀਤੇ ਗਏ ਸਨ ਪਰ ਇਹਨਾਂ ਸਮਾਗਮਾਂ ਦੇ ਅੰਦਰ ਤੇ ਬਾਹਰ ਖਰੀਅਾਂ ਕਮਿਊਨਿਸਟ ਇਨਕਲਾਬੀ ਤਾਕਤਾਂ ਵੀ ਮੌਜੂਦ ਸਨ। ਸੰਸਾਰ ਭਰ ਦੇ ਕਮਿਊਨਿਸਟ ਇਨਕਲਾਬੀਅਾਂ ਤੇ ਇਨਕਲਾਬੀ ਜਮਹੂਰੀ ਸ਼ਕਤੀਅਾਂ ਨੇ ਅਤੇ ਸੰਸਾਰ ਮਜ਼ਦੂਰ ਜਮਾਤ ਨੇ ਜਿਸ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਹੈ ਉਹ ਲਾਜ਼ਮੀ ਹੀ ਸੋਧਵਾਦ ਨੂੰ ਮਾਤ ਦੇਣ ’ਚ ਭਰੋਸੇ ਦੀ ਹੋਰ ਮਜ਼ਬੂਤੀ ਦਾ ਅਧਾਰ ਬਣਦਾ ਹੈ। ਇੱਕ ਪਾਸੇ ਪੂੰਜੀਵਾਦ ਦੇ ਗੜ੍ਹਾਂ ’ਚ ਮਾਰਕਸਵਾਦ ਦੀ ਸਦਾ ਸਲਾਮਤ ਰਹਿਣੀ ਸ਼ਾਨ ਦੇ ਗੀਤ ਗੂੰਜ ਉੱਠੇ ਹਨ ਤੇ ਦੂਜੇ ਪਾਸੇ ਤੀਜੀ ਦੁਨੀਅਾਂ ਦੇ ਦੱਬੇ ਕੁਚਲੇ ਮੁਲਕਾਂ ’ਚ ਸਾਮਰਾਜ ਖਿਲਾਫ ਕੌਮੀ ਮੁਕਤੀ ਸੰਗਰਾਮ ਨੂੰ ਨਵੀਅਾਂ ਉਚਾਈਅਾਂ ’ਤੇ ਲੈ ਕੇ ਜਾਣ ਦਾ ਅਹਿਦਨਾਮਾ ਹੋ ਨਿਬੜੇ ਹਨ ਅਕਤੂਬਰ ਇਨਕਲਾਬ ਸ਼ਤਾਬਦੀ ਜਸ਼ਨ ਇਸ ਦਿਹਾੜੇ ਦੇ ਵਿਆਪਕ ਪੈਮਾਨੇ ’ਤੇ ਮਨਾਏ ਜਾਣ ਤੇ ਕਿਰਤੀ ਲੋਕਾਈ ’ਚ ਸਮਾਜਵਾਦੀ ਰੂਸ ਬਾਰੇ ਪ੍ਰਗਟ ਹੋਈ ਜਗਿਆਸਾ ਨੇ ਦਰਸਾਇਆ ਹੈ ਕਿ ਅੱਜ ਪੂੰਜੀਵਾਦੀ ਨਿਜ਼ਾਮ ਦੇ ਮੁਕਾਬਲੇ ਸਮਾਜਵਾਦ ਦੀ ਉਤਮੱਤਾ ਦਾ ਸੰਦੇਸ਼ ਗ੍ਰਹਿਣ ਕਰਨ ਪੱਖੋਂ ਲੋਕ ਹੋਰ ਵੀ ਬੇਹਤਰ ਹਾਲਤ ’ਚ ਹਨ। ਦੁਨੀਅਾਂ ਦੇ ਵੱਖ-ਵੱਖ ਮੁਲਕਾਂ ’ਚ ਸ਼ਤਾਬਦੀ ਜਸ਼ਨਾਂ ਦੀਆਂ ਕੁੱਝ ਝਲਕਾਂ ਇਉਂ ਹਨ-
ਰੂਸ: ਵਲਾਦੀਮੀਰ ਪੂਤਿਨ ਦੀ ਅਗਵਾਈ ਵਾਲੀ ਸੋਧਵਾਦੀ ਹਕੂਮਤ ਨੇ ਅਕਤੂਬਰ ਇਨਕਲਾਬ ਦੇ ਸ਼ਤਾਬਦੀ ਜਸ਼ਨਾਂ ਤੋਂ ਪਾਸਾ ਵੱਟਿਆ ਤੇ ਇਸਦੀ ਬਜਾਏ ਦੂਜੀ ਵਿਸ਼ਵ ਜੰਗ ਦੀ ਕਿਸੇ ਜਿੱਤ ਦੀ ਯਾਦ ’ਚ ਸਰਕਾਰੀ ਸਮਾਗਮ ਕੀਤੇ, ਪਰ ਇਸਦੇ ਬਾਵਜੂਦ ਦੁਨੀਆਂ ਭਰ ਦੀਆਂ 103
ਦੇਸ਼ਾਂ ਦੀਆਂ ਕਮਿੳੂਨਿਸਟ ਪਾਰਟੀਆਂ ਦੇ ਨੁਮਾਇੰਦਿਆਂ ਤੇ ਵਰਕਰਾਂ ਨੇ ਅਕਤੂਬਰ ਇਨਕਲਾਬ ਸ਼ਤਾਬਦੀ ਸਮਾਗਮਾਂ ’ਚ ਸ਼ਿਰਕਤ ਕੀਤੀ। ਇਸ ਸਮਾਗਮ ਦੀ ਸ਼ੁਰੂਆਤ ਇੰਟਰਨੈਸ਼ਨਲ ਗਾਉਣ ਨਾਲ ਹੋਈ ਤੇ ਉਸ ਤੋਂ ਬਾਅਦ ਓਕਾਤੀਬਰਸਕੀ ਹਾਲ ’ਚ ਸਾਰੀ ਰਾਤ ਕਲਾਤਮਕ ਸਮਾਗਮ ਹੋਏ। ਇਹਨਾਂ ਕਾਰਕੁੰਨਾਂ ਵੱਲੋਂ ਹਜ਼ਾਰਾਂ ਦੀ ਗਿਣਤੀ ’ਚ 7 ਨਵੰਬਰ ਨੂੰ ਮਾਸਕੋ ’ਚ ਵਿਸ਼ਾਲ ਮਾਰਚ ਕੀਤਾ ਗਿਆ, ਜਿਹੜਾ ਮੇਨ ਸਟਰੀਟ ਤੇ ਦੂਮਾ ਦੇ ਅੱਗੋਂ ਲੰਘਿਆ ਤੇ ਇਨਕਲਾਬ ਚੌਂਕ ’ਚ ਹੋਈ ਰੈਲੀ ਨਾਲ ਸਮਾਪਤ ਹੋਇਆ। ਸਮਾਗਮ ਨੂੰ ਸੰਬੋਧਿਤ ਹੁੰਦਿਆਂ ਕਮਿੳੂਨਿਸਟ ਪਾਰਟੀ ਆਫ ਰੂਸ ਦੇ ਪ੍ਰਧਾਨ ਜੇਨਾਡੀ ਜਿਉਗਾਨੋਵ ਨੇ ਕਿਹਾ ਕਿ ‘‘ਅੱਜ ਦੇ ਸਮਾਗਮ ’ਚ 131 ਪਾਰਟੀਆਂ ਦੇ ਬੁਲਾਰਿਆਂ ਨੇ ਲੈਨਿਨਗਰਾਦ ਤੇ ਮਾਸਕੋ ਦੇ ਇਕੱਠਾਂ ਨੂੰ ਸੰਬੋਧਨ ਕੀਤਾ ਹੈ। ਅਸੀਂ ਸੰਸਾਰ ਦੀਆਂ ਸਮਾਜਵਾਦੀ ਤਾਕਤਾਂ ਦੇ ਏਕੇ ਦਾ ਮਤਾ ਪਾਸ ਕੀਤਾ ਹੈ।ਅਤੇ ਮੇਰਾ ਪੱਕਾ ਯਕੀਨ ਹੈ ਕਿ ਸਮਾਜਵਾਦ ਦਾ ਫੁਰੇਰਾ, ਸਮਾਜਵਾਦ ਦਾ ਸੁਨਹਿਰੀ ਸੂਰਜ ਰੂਸ ਅਤੇ ਕੁੱਲ ਦੁਨੀਆਂ ੳੱੁਪਰ ਫਿਰ ਚਮਕੇਗਾ।’’ 87 ਸਾਲਾ ਪੈਨਸ਼ਨਰ ਮਿਖਾਈਲ ਵੈਸਲੇਦਿਨ ਨੇ ਕਿਹਾ, ‘‘ਮੈਂ ਆਪਣੀ ਸਾਰੀ ਜ਼ਿੰਦਗੀ ਕਮਿਊਨਿਜ਼ਮ ਦੇ ਵਿਚਾਰ ਦਾ ਸਾਥ ਦਿੱਤਾ ਹੈ।ਅਜਿਹਾ ਹੋਰ ਕੋਈ ਵਿਚਾਰ ਮੌਜੂਦ ਨਹੀਂ ਜਿਹੜਾ ਬੰਦੇ ਨੂੰ ਮਨੁੱਖ ਬਣਾ ਸਕੇ।’ ਇੱਕ ਹੋਰ ਬਜ਼ੁਰਗ ਔਰਤ ਪੈਨਸ਼ਨਰ ਸਵੇਤਲਾਨਾ ਪੈਨੋਵਾ ਨੇ ਕਿਹਾ, ‘‘ਮੈਂ ਇੱਥੋਂ ਜ਼ਿਆਦਾ ਦੂਰ ਨਹੀਂ ਰਹਿੰਦੀ। ਪਰ ਮੈਂ ਇੱਥੇ ਪਹੁੰਚਣ ਲਈ ਕਿਸੇ ਵੀ ਤਰ੍ਹਾਂ ਦੀਆਂ ਹਾਲਤਾਂ ’ਚ ਕਿਤੇ ਵੀ ਜਾ ਸਕਦੀ ਹਾਂ।’’ ਦੁਨੀਆਂ ਭਰ ਦੇ 32 ਦੇਸ਼ਾਂ ਦੀਆਂ 36 ਕਮਿਊਨਿਸਟ ਯੂਥ ਆਰਗੇਨਾਈਜ਼ੇਸ਼ਨਜ਼ ਵੱਲੋਂ ਸੋਚੀ ਵਿੱਖੇ ਇੱਕ ਵਿਸ਼ਾਲ ਵਿਚਾਰ-ਚਰਚਾ ਆਯੋਜਿਤ ਕੀਤੀ ਗਈ। ਇਹਨਾਂ ਜਥੇਬੰਦੀਆਂ ਵੱਲੋਂ ਅਕਤੂਬਰ ਇਨਕਲਾਬ ਨੂੰ ਸਲਾਮ ਕਰਦਿਆਂ ਐਲਾਨ ਕੀਤਾ ਕਿ ਭਵਿੱਖ ਮਾਰਕਸ ਅਤੇ ਲੈਨਿਨ ਦਾ ਹੈ।
ਗਰੀਸ: ਕਮਿਊਨਿਸਟ ਪਾਰਟੀ ਆਫ ਗਰੀਸ ਵੱਲੋਂ 15 ਅਕਤੂਬਰ ਨੂੰ ਅਕਤੂਬਰ ਇਨਕਲਾਬ ਸ਼ਤਾਬਦੀ ਦਿਨ ਵਜੋਂ ਮਨਾਉਂਦਿਆਂ ਪਾਰਟੀ ਹਾਲ ’ਚ ਹਜ਼ਾਰਾਂ ਦੀ ਗਿਣਤੀ ’ਚ ਇੱਕਠੇ ਹੋ ਕੇ ਸਮਾਗਮ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਲੈਨਿਨ ਵੱਲੋਂ ਕਮਿਊਨਿਸਟ ਇੰਟਰਨੈਸ਼ਨਲ ਦੀ ਸਥਾਪਨਾ ਸਮੇਂ ਕੀਤੀ ਤਕਰੀਰ ਦੀ ਵੀਡੀਓ ਪੇਸ਼ ਕਰਕੇ ਕੀਤੀ ਗਈ। ਕਮਿੳੂਨਿਸਟ ਪਾਰਟੀ ਆਫ ਗਰੀਸ ਦੇ ਜਨਰਲ ਸਕੱਤਰ ਦਮਿਤਰੀ ਕਾਊਟਸੁਮਪਾਸ ਨੇ ਕਿਹਾ ਕਿ ਸੋਵੀਅਤ ਪ੍ਰਬੰਧ ਨੇ ਆਪਣੇ ਥੋੜ੍ਹੇ ਸਮੇਂ ਦੌਰਾਨ ਹੀ ਬਹੁਤ ਵੱਡੀਆਂ ਚੁਣੌਤੀਆਂ ਨਾਲ ਮੱਥਾ ਲਾਉਂਦਿਆਂ ਆਪਣੇ ਆਪ ਨੂੰ ਸਰਵੋਤਮ ਸਾਬਤ ਕੀਤਾ ਹੈ।ਉਨਾਂ ਕਿਹਾ ਅਸੀਂ ਅਜੇ ਬਹੁਤ ਦੂਰ ਜਾਣਾ ਹੈ, ਕਿਉਂਕਿ ਪ੍ਰੋਲੇਤਾਰੀ ਦਾ ਕਾਜ਼, ਕਮਿਊਨਿਜਮ ਸਭ ਤੋਂ ਵੱਧ ਮਨੁੱਖੀ, ਸਰਵ-ਵਿਆਪਕ ਤੇ ਡੂੰਘੇਰਾ ਕਾਰਜ ਹੈ। ਗਰੀਸ ਵਿੱਚ ਹੀ 43ਵੇਂ ਉਡੀਜੀਟਿਸ ਮੇਲੇ ਨੂੰ ਕਮਿਊਨਿਸਟ ਯੂਥ ਆਫ ਗਰੀਸ ਦੇ ਸੱਦੇ ’ਤੇ ਅਕਤੂਬਰ ਇਨਕਲਾਬ ਨੂੰ ਸਮਰਪਤ ਕੀਤਾ ਗਿਆ। ਤਿੰਨ ਦਿਨਾਂ ਮੇਲੇ ਵਿੱਚ ਦਰਜਨਾਂ ਕਮਿਊਨਿਸਟ ਪਾਰਟੀਆਂ ਦੇ ਨੁਮਾਇੰਦਿਆਂ ਸਮੇਤ ਕਰੀਬ ਢਾਈ ਲੱਖ ਦੇ ਕਰੀਬ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੇਲੇ ਦੌਰਾਨ ਸਭਿਆਚਾਰਕ ਸਮਾਗਮਾਂ, ਪ੍ਰਦਰਸ਼ਨੀਆਂ, ਸੈਮੀਨਾਰਾਂ ਤੇ ਲਿਖਤਾਂ ਵੰਡਣ ਰਾਹੀਂ ਅਕਤੂਬਰ ਇਨਕਲਾਬ ਦਾ ਸੁਨੇਹਾ ਬੁਲੰਦ ਕੀਤਾ ਗਿਆ।
ਗਰੀਸ ਦੇ ਹੀ ਇਉਨੀਨਾ ਸ਼ਹਿਰ ’ਚ ਨੌਜਵਾਨਾਂ ਵੱਲੋਂ 26ਵੇਂ ਦੋ ਦਿਨਾ ਸਾਮਰਾਜ ਵਿਰੋਧੀ ਕੈਂਪ ਦਾ ਆਯੋਜਨ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ’ਚ ਨੌਜਵਾਨਾਂ ਨੇ ਰੈਲੀ ਕੀਤੀ,।ਉਹਨਾਂ ਵੱਲੋਂ ਗਰੀਕ ਬੁਰਜੂਆਜ਼ੀ ਵੱਲੋਂ ਕਮਿਊਨਿਸਟ ਫੌਜੀਆਂ ’ਤੇ ਤਸ਼ਦੱਦ ਢਾਹੁਣ ਲਈ ਵਰਤੀ ਜਾਂਦੀ ਜਗ੍ਹਾ ’ਤੇ ਬਹਾਦਰ ਕਮਿੳੂਨਿਸਟ ਫੌਜੀਆਂ ਦੀ ਯਾਦਗਾਰ ਸਥਾਪਤ ਕੀਤੀ ਗਈ।
ਰੋਮ(ਇਟਲੀ): ਕਮਿਊਨਿਸਟ ਪਾਰਟੀ ਆਫ ਰੋਮ ਅਤੇ ਨੌਜਵਾਨ ਕਮਿਊਨਿਸਟ ਫਰੰਟ ਵੱਲੋਂ ਰੋਮ ਵਿੱਚ ਅਕਤੂਬਰ ਇਨਕਲਾਬੀ ਸ਼ਤਾਬਦੀ ਦੇ ਮੌਕੇ ਪੰਜ ਹਜ਼ਾਰ ਦੀ ਗਿਣਤੀ ’ਚ ਇਕੱਠੇ ਹੋ ਕੇ ਮਾਰਚ ਕੀਤਾ ਗਿਆ। ਇਸਤੋਂ ਪਹਿਲਾਂ ਪੂਰੇ ਸ਼ਹਿਰ ਨੂੰ ਲਾਲ ਝੰਡਿਆਂ ਤੇ ਬੈਨਰਾਂ ਨਾਲ ਸਜਾਇਆ ਗਿਆ।ਹਜ਼ਾਰਾਂ ਦੀ ਗਿਣਤੀ ’ਚ ਇਹ ਇਕੱਠ ਕਲੌਜੀਅਮ ਚੌਂਕ ਪਹੁੰਚਿਆ, ਜਿੱਥੇ ਬੁਲਾਰਿਆਂ ਨੇ ਸਮਾਜਵਾਦ ਤੇ ਕਮਿੳੂਨਿਜ਼ਮ ਨੂੰ ਸੰਸਾਰ ਸਾਮਰਾਜੀ ਪ੍ਰਬੰਧ ਦਾ ਇੱਕੋ-ਇੱਕ ਬਦਲ ਕਰਾਰ ਦਿੱਤਾ। ਇਹਨਾਂ ਸਮਾਗਮਾਂ ’ਤੇ ਕੌਮੀ ਪ੍ਰੈਸ ਦੇ ਇੱਕ ਹਿੱਸੇ ਵੱਲੋਂ ਕੂੜ-ਪ੍ਰਚਾਰਕ ਹਮਲੇ ਅਤੇ ਫਾਸ਼ੀਵਾਦੀ ਗਿਰੋਹਾਂ ਵੱਲੋਂ ਸਰੀਰਕ ਹਮਲੇ ਕਰਨ ਦੀਆਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਬੁਲਾਰਿਆਂ ਨੇ ਕਿਹਾ ‘‘ਉਹ ਅਕਤੂਬਰ ਇਨਕਲਾਬ ਦੇ ਸ਼ਤਾਬਦੀ ਸਮਾਗਮਾਂ ਤੋਂ ਡਰਦੇ ਹਨ, ਕਿਉਂਕਿ ਕਮਿੳੂਨਿਜ਼ਮ ਅਜੇ ਵੀ ਲੁੱਟ-ਅਧਾਰਿਤ ਇਸ ਢਾਂਚੇ ਦੇ ਬਦਲ ਵਜੋਂ ਮੌਜੂਦ ਹੈ। ਇਸੇ ਤਰ੍ਹਾਂ ਫਰੰਟ ਆਫ ਕਮਿਊਨਿਸਟ ਯੂਥ ਦੇ ਸੱਦੇ ’ਤੇ ਇਟਲੀ ਦੇ ਰੋਕੇਲਾ ਇਨੋਕਾ ਸ਼ਹਿਰ ’ਚ ਚੌਥਾ ਗਰਮੀਆਂ ਦਾ ਗੁਰੀਲਾ ਕੈਂਪ ਆਯੋਜਿਤ ਕੀਤਾ ਗਿਆ। ਵਿਚਾਰਧਾਰਕ ਸਿਖਲਾਈ ਨਾਲ ਸਬੰਧਤ ਇਸ ਕੈਂਪ ’ਚ ਯੂਰਪ ਦੇ ਕਈ ਦੇਸ਼ਾਂ ਦੇ ਨੌਜਵਾਨਾਂ ਨੇ ਸ਼ਿਰਕਤ ਕੀਤੀ।
ਤੁਰਕੀ: ਕਮਿਊਨਿਸਟ ਪਾਰਟੀ ਆਫ ਤੁਰਕੀ ਦੀ ਅਗਵਾਈ ’ਚ ਪੱਛਮੀ ਖਿੱਤੇ ਦੇ ਇਜਮੀਅਰ ਨਾਮੀ ਸਥਾਨ ’ਤੇ ਵਿਸ਼ਾਲ ਅਕਤੂਬਰ ਇਨਕਲਾਬ ਸ਼ਤਾਬਦੀ ਸਮਾਗਮ ਤੇ ਰਿਪਬਲਿਕ ਆਫ ਤੁਰਕੀ ਸਥਾਪਨਾ ਸਮਾਗਮ ਕੀਤਾ ਗਿਆ। ਕਾਫੀ ਬਾਰਸ਼ ਦੇ ਬਾਵਜੂਦ ਹਜ਼ਾਰਾਂ ਕਾਰਕੁਨਾਂ ਨੇ ਸਮਾਗਮ ’ਚ ਹਿੱਸਾ ਲਿਆ।
ਸਪੇਨ: ਕੁਲੈਕਟਿਵਜ਼ ਆਫ ਕਮਿਊਨਿਸਟ ਯੂਥ ਵੱਲੋਂ 10 ਤੋਂ 13 ਅਗਸਤ ਵਿਚਕਾਰ ਜਾਰਾਗੋਜਾ ਨਾਮੀ ਸਥਾਨ ਤੇ ‘1917-2017 ਪੜ੍ਹੋ, ਸਮਝੋ ਤੇ ਲੜੋ’ ਦੇ ਨਾਂ ਹੇਠ ਤਿੰਨ ਦਿਨਾਂ ਕੈਂਪ ਲਾਇਆ ਗਿਆ। ਦੇਸ -ਵਿਦੇਸ਼ ਤੋਂ ਪੁੱਜੇ ਹਜ਼ਾਰਾਂ ਨੌਜਵਾਨਾਂ ਨੇ ਗੰਭੀਰ ਵਿਚਾਰਾਂ ਕੀਤੀਆਂ। ਕੈਂਪ ਨੂੰ ਕਮਿਊਨਿਸਟ ਪਾਰਟੀ ਆਫ ਸਪੇਨ ਦੇ ਕੇਂਦਰੀ ਕਮੇਟੀ ਮੈਂਬਰ ਰਾਓਲ ਮਾਰਤੀਨੇਜ ਨੇ ਸੰਬੋਧਨ ਕੀਤਾ ਤੇ ਕਿਹਾ,‘‘ਇਨਕਲਾਬ ਲਈ ਅੰਤਰਮੁਖੀ ਹਾਲਤਾਂ ਦੀ ਸਿਰਜਣਾ ਅੱਜ ਦੇ ਸਮੇਂ ਦਾ ਨਿਰਣਾਇਕ ਕਾਰਜ ਹੈ। ਤੇ ਕਮਿਊਨਿਸਟਾਂ ਨੂੰ ਇਤਿਹਾਸ ਨੂੰ ਇਹਦੀਆਂ ਹਾਰਾਂ ਤੇ ਜਿੱਤਾਂ ਇਹਨਾਂ ਦੀ ਪੂਰੀ ਗੁੰਝਲਦਾਰ ਹਾਲਤ ਸਮੇਤ ਸੰਬੋਧਨ ਹੋਣਾ ਚਾਹੀਦਾ ਹੈ।’’ ਚੈਕੋਸਲਵਾਕੀਆ: ਕਮਿਊਨਿਸਟ ਪਾਰਟੀ ਆਫ ਬੋਹੇਮੀਆ ਤੇ ਮੋਰਾਵੀਆ, ਕਮਿਊਨਿਸਟ ਪਾਰਟੀ ਆਫ ਚੈਕੋਸਲਵਾਕੀਆ ਤੇ ਕਮਿਊਨਿਸਟ ਯੂਥ ਯੂਨੀਅਨ ਵੱਲੋਂ ਪਰਾਗ ਵਿਖੇ ‘‘ਅਕਤੂਬਰ ਇਨਕਲਾਬ ਤੋਂ ਸੌ ਸਾਲਾਂ ਬਾਅਦ ਸੰਸਾਰ , ਕੀ ਤੇ ਕਿਵੇਂ ਕਰਨਾ ਹੈ’ ਵਿਸ਼ੇ ਅਧੀਨ ਇੱਕ ਕਾਨਫਰੰਸ ਕੀਤੀ ਗਈ।
ਪੁਰਤਗਾਲ: 7 ਨਵੰਬਰ ਨੂੰ ਪੁਰਤਗਾਲ ਕਮਿਊਨਿਸਟ ਪਾਰਟੀ ਦੇ ਸੱਦੇ ਤੇ ਦੋ ਹਜਾਰ ਤੋਂ ਵੱਧ ਕਮਿਊਨਿਸਟ ਲਿਸਬਨ ਵਿੱਖੇ ਇਕੱਠੇ ਹੋਏ। ਦੁਨੀਆਂ ਦੇ ਵੱਖ-ਵੱਖ ਕੋਨਿਆਂ ਦੇ ਇਨਕਲਾਬੀ ਸੰਗੀਤ ਤੋਂ ਬਾਅਦ ਅਕਤੂਬਰ ਇਨਕਲਾਬ ਦੀਆਂ ਪ੍ਰਾਪਤੀਆਂ ਦੀ ਸੰਖੇਪ ਡਾਕੂਮੈਂਟਰੀ ਦਿਖਾਈ ਗਈ। ਬੰਗਲਾਦੇਸ਼: ਅਕਤੂਬਰ ਇਨਕਲਾਬ ਮਨਾਓ ਕਮੇਟੀ ਬੰਗਲਾਦੇਸ਼ ਵੱਲੋਂ 11 ਕਮਿੳੂਨਿਸਟ ਪਾਰਟੀਆਂ, 16 ਮਜਦੂਰ ਜਥੇਬੰਦੀਆਂ, 11ਕਿਸਾਨ ਜਥੇਬੰਦੀਆਂ, 32 ਸਭਿਆਚਾਰਕ ਸੰਗਠਨਾਂ ਤੇ 14 ਔਰਤ ਤੇ ਨੌਜਵਾਨ ਜਥੇਬੰਦੀਆਂ ਦੇ ਅਧਾਰ ’ਤੇ ਅਕਤੂਬਰ ਇਨਕਲਾਬ ਦੀ ਸ਼ਤਾਬਦੀ ਮਨਾਈ ਗਈ। ਇਸ ਸਬੰਧੀ ਸ਼ੁਰੂਆਤੀ ਰੈਲੀ ਨੈਸ਼ਨਲ ਮਿਊਜ਼ੀਅਮ ਆਫ ਸਾਹਬਾਗ ’ਚ ਕੀਤੀ ਗਈ। 7 ਅਕਤੂਬਰ ਨੂੰ ਕਿਸਾਨ ਸੈਮੀਨਾਰ, 11 ਅਕਤੂਬਰ ਨੂੰ ਵਿਦਿਆਰਥੀ ਸੈਮੀਨਾਰ, 13 ਅਕਤੂਬਰ ਨੂੰ ਔਰਤ ਸੈਮੀਨਾਰ ਤੇ ਤੇਰਾਂ 31 ਅਕਤੂਬਰ ਨੂੰ ਵਿਦਿਆਰਥੀ ਰੈਲੀ ਕੀਤੀ ਗਈ। ਸਭਿਆਚਾਰਕ ਸਰਗਰਮੀਆਂ ਸਾਰੇ ਪ੍ਰੋਗਰਾਮਾਂ ਦਾ ਹਿੱਸਾ ਰਹੀਆਂ।
ਸ਼੍ਰੀਲੰਕਾ:ਗਿਟਾਰ ਸੁਸਾਇਟੀ ਵੱਲੋਂ ਹਜ਼ਾਰਾਂ ਦੀ ਸਮੂਲੀਅਤ ’ਚ ਸਭਿਆਚਾਰਕ ਸਮਾਗਮ ਤੇ ਵਿਚਾਰ ਚਰਚਾ ਕੀਤੀ ਗਈ।
ਇਸ ਤੋਂ ਬਿਨਾਂ ਕਿੳੂਬਾ, ਵੈਨਜ਼ੂਏਲਾ, ਬੋਲੀਵੀਆ ’ਚ ਵੀ ਵੱਡੇ ਜਨਤਕ ਇਕੱਠ ਹੋਏ।
No comments:
Post a Comment