ਫਰੀਦਕੋਟ:
ਬਲਾਤਕਾਰੀ ਪਿਉ-ਪੁੱਤ ਵਿਰੁੱਧ ਘੋਲ ਉੱਠਿਆ
ਬਾਦਲ ਸਰਕਾਰ ਨੇ ਸਿੱਖਿਆ ਦੇ ਨਿੱਜੀਕਰਨ ਨੂੰ ਹੋਰ ਰਾਤੀ ਦੇਣ ਲਈ ਪੀ. ਪੀ. ਪੀ. (ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ) ਜਾਣੀ ਪਬਲਿਕ, ਪ੍ਰਾਈਵੇਟ, ਪਾਰਟਨਰ ਸਕੀਮ ਲਿਆ ਕੇ ਹਰ ਬਲਾਕ ਵਿੱਚ ਇੱਕ ਆਦਰਸ਼ ਸਕੂਲ ਖੋਲ ਦਿੱਤਾ। ਇਸ ਦੇ ਖਰਚੇ ਵਿੱਚ 70 ਪ੍ਰਤੀਸ਼ਤ ਹਿੱਸਾ ਸਰਕਾਰ ਨੇ ਅਤੇ 30 ਪ੍ਰਤੀਸ਼ਤ ਹਿੱਸਾ ਪ੍ਰਾਈਵੇਟ ਮਾਲਕ ਨੇ ਪਾਉਣਾ ਹੈ। ਪਰ ਮਾਲਕੀ 30 ਪ੍ਰਤੀਸ਼ਤ ਹਿੱਸਾ ਪਾਉਣ ਵਾਲੇ ਪ੍ਰਾਈਵੇਟ ਮਾਲਕ ਦੀ ਹੋਵੇਗੀ। ਇਸ ਪ੍ਰਾਈਵੇਟ ਮਾਲਕ ਨੇ ਹੀ ਅਧਿਆਪਕ ਕੱਢਣੇ ਅਤੇ ਰੱਖਣੇ ਚਾਹੀਦੇ ਹਨ।
ਇਸ ਸਕੀਮ ਅਧੀਨ ਜਿਲਾ ਫਰੀਦਕੋਟ ਦੇ ਤਿੰਨ ਆਦਰਸ਼ ਸਕੂਲਾਂ ਵਿੱਚੋਂ ਦੋ ਆਦਰਸ਼ ਸਕੂਲਾਂ ਦੀ ਮਾਲਕ ਸੁੱਖ ਸਾਗਰ ਵੈਲਫੇਅਰ ਸੁਸਾਇਟੀ ਹੈ। ਇਸ ਸੁਸਾਇਟੀ ਦਾ ਚੇਅਰਮੈਨ ਨਰਿੰਦਰ ਸਿੰਘ ਰੰਧਾਵਾ ਹੈ ਅਤੇ ਬਾਕੀ ਦੋ ਮੈਂਬਰ ਰੰਧਾਵਾ ਪਰਿਵਾਰ ਵਿਚੋਂ ਹਨ।
ਨਰਿੰਦਰ ਸਿੰਘ ਰੰਧਾਵਾ ਦੇ ਮਾੜੇ ਕਿਰਦਾਰ ਦੇ ਦਰਸ਼ਨ 30 ਅਕਤੂਬਰ ਦੇ ਧਰਨੇ ਵਿੱਚ ਉਸ ਦੇ ਸਕੂਲ ਦੀ ਇੱਕ ਅਧਿਆਪਕਾ ਨੇ ਇਉਂ ਕਰਵਾਏ। ਉਸ ਨੇ ਸਟੇਜ ਤੋਂ ਭਾਸ਼ਣ ਦਿੰਦਿਆ ਕਿਹਾ ਕਿ ਇੱਕ ਦਿਨ ਇੱਕ ਮਿਸਤਰੀ ਕੀਤੇ ਕੰਮ ਦੇ ਪੈਸੇ ਲੈਣ ਲਈ ਸਕੂਲ ਵਿੱਚ ਆਇਆ। ਪੱਕਾ ਸਕੂਲ ਦੀ ਪ੍ਰੇਅਰ ਸਮੇਂ ਖੜੀਅਾਂ ਅਧਿਆਪਕਾਂ ਵੱਲ ਉਂਗਲ ਕਰਕੇ ਰੰਧਾਵਾ ਕਹਿੰਦਾ ਕਿ ਛੱਡ ਪੈਸਿਅਾਂ ਨੂੰ ਇਨਾਂ ਵਿੱਚੋਂ ਜਿਹੜੀ ਪਸੰਦ ਹੈ ਲੈ ਜਾਹ। ਇਸ ਬੁਲਾਰਨ ਅਧਿਆਪਕਾ ਨੇ ਅੱਗੇ ਦੱਸਿਆ ਕਿ ਮੈਨੂੰ ਖੁਦ ਰੰਧਾਵਾ ਕਹਿੰਦਾ ਸੀ ਕਿ ਤੂੰ ਮੈਨੂੰ ਇੱਕ ਵਾਰ ਜਾਨੇਮਨ ਕਹਿ ਦੇ ਸਕੂਲ ਆਉਣ ਦੀ ਲੋੜ ਨਹੀਂ। ਰੰਧਾਵਾ ਦੀਅਾਂ ਕਰਤੂਤਾਂ ਕਾਰਨ ਮਿੱਡੂਮਾਨ ਸਕੂਲ ਵਿੱਚ ਅਧਿਆਪਕਾਵਾਂ ਵੱਲੋਂ ਕੀਤੇ ਜੂਤਪਤਾਣ ਤੋ ਬਾਅਦ ਪੁਲਸ ਹੀ ਉਸਨੂੰ ਛੁਡਵਾ ਕੇ ਲਿਆਈ ਸੀ। ਨਰਿੰਦਰ ਸਿੰਘ ਰੰਧਾਵਾ ਨੇ ਇੱਕ ਅਧਿਆਪਕਾ ਨੂੰ ਘਰੇ ਬੁਲਾ ਕੇ ਬਲਾਤਕਾਰ ਕੀਤਾ ਅਤੇ ਇਸਨੂੰ ਇਸ ਕੇਸ ਵਿੱਚ ਜੇਲ ਦੀ ਹਵਾ ਖਾਣੀ ਪਈ। ਉਸ ਦੇ ਇਸ ਜੇਲ ਸਮੇਂ ਨਰਿੰਦਰ ਸਿੰਘ ਰੰਧਾਵਾ ਦੇ ਪੁੱਤ ਜਗਜੀਤ ਸਿੰਘ ਨੇ ਪੀੜਤ ਅਧਿਆਪਕਾ ਨਾਲ ਫਿਰ ਬਲਾਤਕਾਰ ਕੀਤਾ। ਪੁਲਸ ਕੇਸ ਦਰਜ ਕਰਵਾਉਣ ਲਈ ਪੀੜਤ ਅਧਿਆਪਕਾ ਨੂੰ ਡੀ.ਸੀ. ਦਫਤਰ ਸਾਹਮਣੇ ਜ਼ਹਿਰ ਨਿਗਲਣਾ ਪਿਆ। ਕਈ ਦਿਨ ਹਸਪਤਾਲ ਰਹਿਣ ਉਪਰੰਤ ਉਹ ਠੀਕ ਹੋਈ। ਦੋਹਾਂ ਪਿਉ-ਪੱਤਾਂ ਵਿਰੁੱਧ ਬਲਾਤਕਾਰ ਦੇ ਦੋ ਵੱਖ-ਵੱਖ ਕੇਸ ਦਰਜ ਕਰਨ ਦੀ ਥਾਂ ਪੁਲਸ ਨੇ ਇੱਕੋ ਖਰਚੇ ਵਿੱਚ 376 ਸੀ ਦੀ 376 ਡੀ ਲਾ ਕੇ ਸਮੂਹਕ ਬਲਾਤਕਾਰ ਦਾ ਕੇਸ ਬਣਾ ਦਿੱਤਾ, ਜਿਸ ਅਧਾਰ ‘ਤੇ ਦੋਹਾਂ ਪਿਉ-ਪੁੱਤਾਂ ਦੀ ਪੰਜਾਬ ਹਰਿਆਣਾ ਹਾਈਕੋਰਟ ਨੇ ਆਰਜੀ ਜਮਾਨਤ ਪਰਵਾਨ ਕਰਕੇ ਪੁਲਸ ਇਨਕੁਆਰੀ ਵਿੱਚ ਸ਼ਾਮਲ ਹੋਣ ਦੇ ਹੁਕਮ ਜਾਰੀ ਕਰ ਦਿੱਤੇ। ਬਾਹਰ ਆ ਕੇ ਨਰਿੰਦਰ ਸਿੰਘ ਰੰਧਾਵਾ ਨੇ ਪੀੜਤ ਅਧਿਆਪਕਾ ਵਿਰੁੱਧ ਸਕੂਲ ਦੀ ਇੱਕ ਹੋਰ ਕਰਮਚਾਰਨ ਵੱਲੋਂ ਉਸ ਦੇ ਸਿਰ ਵਿੱਚ ਕਾਪਾ ਮਾਰਨ ਦਾ ਕੇਸ ਦਰਜ ਕਰਵਾ ਦਿੱਤਾ ਅਤੇ ਪੀੜਤ ਨੂੰ ਨੌਕਰੀ ਤੋਂ ਫਾਰਗ ਕਰਕੇ ਘਰੇ ਤੋਰ ਦਿੱਤਾ। ਨਰਿੰਦਰ ਰੰਧਾਵਾ ਦੇ ਵਿਰੁੱਧ ਦੋਹਾਂ ਸਕੂਲਾਂ ਦੀਅਾਂ ਅਧਿਆਪਕਾਂ ਵਲੋਂ ਧੋਖਾਧੜੀ, ਅਧਿਆਪਕਾਵਾਂ ਨਾਲ ਛੇੜ-ਛਾੜ ਕਰਨ ਅਤੇ ਅਸ਼ਲੀਲ ਕਮੈਂਟ ਕਰਨ ਅਤੇ ਸਕੂਲ ਸਮੇਂ ਬੱਚਿਅਾਂ ਤੋਂ ਕੰਮ ਕਰਵਾਉਣ ਦੇ ਕੇਸ ਦਰਜ ਕਰਵਾਏ ਜਾ ਚੁੱਕੇ ਹਨ ਪਰ ਫਰੀਦਕੋਟ ਪੁਲਸ ਇਹਨਾਂ ਕੇਸਾਂ ਵਿੱਚ ਰੰਧਾਵੇ ਵਿਰੁੱਧ ਅਦਾਲਤ ਵਿੱਚ ਚਲਾਨ ਪੇਸ਼ ਨਹੀਂ ਕਰ ਰਹੀ। ਨਰਿੰਦਰ ਰੰਧਾਵੇ ਦੀਅਾਂ ਕਰਤੂਤਾਂ ਖਿਲਾਫ਼ ਜਿਲਾ ਫਰੀਦਕੋਟ ਦੀਅਾਂ ਜਨਤਕ ਜਮਹੂਰੀ ਜਥੇਬੰਦੀਅਾਂ ਨੇ ਆਦਰਸ਼ ਸਕੂਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਬਣਾ ਕੇ ਪਿਉ-ਪੁੱਤ ਰੰਧਾਵਿਅਾਂ ਨੂੰ ਜੇਲ ਭਿਜਵਾਉਣ, ਉਹਨਾਂ ਨੂੰ ਸਖ਼ਤ ਸਜਾਵਾਂ ਦਿਵਾਉਣ, ਦੋਹਾਂ ਸਕੂਲਾਂ ਵਿਚੋਂ ਕੱਢੀਅਾਂ ਅਧਿਆਪਕਾਵਾਂ ਨੂੰ ਬਹਾਲ ਕਰਵਾਉਣ ਅਤੇ ਦੋਹਾਂ ਸਕੂਲਾਂ ਦੇ ਸਟਾਫ਼ ਨੂੰ ਨੌਂ-ਨੌਂ ਮਹੀਨਿਅਾਂ ਤੋਂ ਰੁਕੀਅਾਂ ਤਨਖਾਹਾਂ ਜਾਰੀ ਕਰਵਾਉਣ ਲਈ, 30 ਅਕਤੂਬਰ ਨੂੰ ਧਰਨਾ, 30 ਨਵੰਬਰ ਨੂੰ ਸ਼ਹਿਰ ਵਿੱਚ ਮੁਜ਼ਾਹਰਾ, 15 ਤੋਂ 19 ਦਸੰਬਰ ਤੱਕ ਪੁਲਸ ਪ੍ਰਸ਼ਾਸਨ ਦੀਅਾਂ ਪਿੰਡਾਂ ਵਿੱਚ ਅਰਥੀਅਾਂ ਸਾੜਨ ਅਤੇ 20 ਦਸੰਬਰ ਨੂੰ ਪੁਲਸ-ਪ੍ਰਸ਼ਾਸਨ ਅਤੇ ਰੰਧਾਵਿਅਾਂ ਦਾ ਪੁਤਲਾ ਡੀ.ਸੀ. ਦਫ਼ਤਰ ਸਾਹਮਣੇ ਸਾੜਨ ਆਦਿ ਦੇ ਐਕਸ਼ਨ ਕੀਤੇ ਗਏ ਹਨ। ਨੌਕਰੀਅਾਂ ਤੋਂ ਕੱਢੀਅਾਂ ਅਧਿਆਪਕਾਵਾਂ ਦੀ ਬਹਾਲੀ ਲਈ ਅਤੇ ਰੁਕੀਅਾਂ ਤਨਖਾਹਾਂ ਜਾਰੀ ਕਰਵਾਉਣ ਲਈ ਦੋਹਾਂ ਸਕੂਲਾਂ ਦੀਅਾਂ 7 ਅਧਿਆਪਕਾਵਾਂ ਨੇ ਡੀ.ਸੀ. ਦਫ਼ਤਰ ਦੇ ਬਰਾਂਡੇ ਵਿੱਚ 12 ਦਸੰਬਰ ਤੋਂ 21 ਦਸੰਬਰ ਤੱਕ ਧਰਨਾ ਲਾਈ ਰੱਖਿਆ ਅਤੇ 22 ਦਸੰਬਰ ਨੂੰ ਇਹਨਾਂ ਅਧਿਆਪਕਾਵਾਂ ਨੇ ਸਕੱਤਰੇਤ ਦੀ ਛੱਤ ਉੱਪਰ ਚੜ ਕੇ ਨਾਅਰੇਬਾਜੀ ਕੀਤੀ। ਧਰਨੇ ਦੌਰਾਨ ਅਕਾਲੀ ਆਗੂ ਇਨਾਂ ਨੂੰ ਧਰਨੇ ਤੋਂ ਉਠਾਉਣ ਲਈ ਆਏ ਪਰ ਬੇਰੰਗ ਵਾਪਸ ਮੋੜ ਦਿੱਤੇ ਗਏ ਪਰ 22 ਦਸੰਬਰ ਨੂੰ ਸਕੱਤਰੇਤ ਦੀ ਛੱਤ ਦੇ ਉੱਪਰ ਨਾਅਰੇ ਮਾਰਦੀਅਾਂ ਅਧਿਆਪਕਾਵਾਂ ਨੂੰ ਥੱਲੇ ਉਤਾਰਨ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਆਗੂ ਸਫ਼ਲ ਹੋ ਗਏ ਪਰ ਗੱਲਬਾਤ ਦੌਰਾਨ ਇਹ ਆਪ ਦੇ ਆਗੂ ਨੌਕਰੀਅਾਂ ਤੇ ਬਹਾਲੀ ਦੀ ਮੰਗ ਪ੍ਰਸ਼ਾਸਨ ਅਤੇ ਰੰਧਾਵੇ ਤੋਂ ਨਹੀਂ ਮਨਵਾ ਸਕੇ। ਧਰਨੇ ਦੌਰਾਨ ਇਹਨਾਂ ਅਧਿਆਪਕਾਵਾਂ ਨੇ ਕਾਂਗਰਸੀ ਹਲਕਾ ਵਿਧਾਇਕ ਉੱਪਰ ਰੰਧਾਵਾ ਦੀ ਮੱਦਦ ਕਰਨ ਦੇ ਦੋਸ਼ ਲਾਏ ਸਨ। ਐਕਸ਼ਨ ਕਮੇਟੀ ਵੱਲੋਂ ਘੋਲ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ।
No comments:
Post a Comment