ਥਰਮਲ ਦੇ ਠੇਕਾ ਕਾਮਿਆਂ ਦਾ ਪੱਕਾ ਧਰਨਾ ਸ਼ੁਰੂ
ਅੰਤਾਂ ਦੀ ਠੰਢ ’ਚ ਡਟੇ ਕਾਮਿਆਂ ਦੇ ਪਰਿਵਾਰ - ਵਿਆਪਕ ਲੋਕ ਹਮਾਇਤ
ਸਰਕਾਰੀ ਥਰਮਲ ਬੰਦ ਕਰਨ ਦੇ ਹਕੂਮਤੀ ਫੁਰਮਾਨ ਖਿਲਾਫ਼ ਠੇਕਾ ਕਾਮਿਆਂ ਨੇ ਬਠਿੰਡਾ ਡੀ. ਸੀ. ਦਫ਼ਤਰ ਮੂਹਰੇ ਅਣਮਿਥੇ ਸਮੇਂ ਦਾ ਰੈਗੂਲਰ ਧਰਨਾ ਸ਼ੁਰੂ ਕਰ ਦਿੱਤਾ ਹੈ। ਲੋਹੜੇ ਦੀ ਠੰਢ ਦੇ ਦਿਨਾਂ ’ਚ ਠੇਕਾ ਕਾਮਿਆਂ ਦੇ ਪਰਿਵਾਰਾਂ ਦੇ ਪਰਿਵਾਰ ਆ ਕੇ ਡਟ ਗਏ ਹਨ ਤੇ ਆਪਣੇ ਖੁੱਸ ਰਹੇ ਰੁਜ਼ਗਾਰ ਦੀ ਰਾਖੀ ਲਈ ਲੜਨ-ਮਰਨ ਦੀ ਭਾਵਨਾ ਨਾਲ ਘੋਲ ਪਿੜ ਮੱਲ ਲਿਆ ਹੈ। ਠੇਕਾ ਕਾਮਿਆਂ ਦੇ ਇਸ ਪੱਕੇ ਧਰਨੇ ਨੂੰ ਸ਼ਹਿਰ ਤੇ ਇਲਾਕਾ ਨਿਵਾਸੀ ਕਿਰਤੀ ਲੋਕਾਂ ਦੀ ਭਰਵੀਂ ਹਮਾਇਤ ਤੇ ਹੱਲਾਸ਼ੇਰੀ ਮਿਲ ਰਹੀ ਹੈ। ਸ਼ਹਿਰ ’ਚ ਰੋਜ਼ ਹੋ ਰਹੇ ਮੁਜਾਹਰਿਆਂ, ਹਕੂਮਤ ਦੇ ਸੜਦੇ ਪੁਤਲਿਆਂ, ਲੱਗਦੇ ਸੜਕ ਜਾਮਾਂ ਨੇ ਕਾਂਗਰਸ ਹਕੂਮਤ ਨੂੰ ਇੱਕ ਵਾਰ ਤਾਂ ਸਿਆਸੀ ਸੇਕ ਲਾਉਣਾ ਸ਼ੁਰੂ ਕਰ ਦਿੱਤਾ ਹੈ। ਕਾਮਿਆਂ ਦੇ ਸੰਘਰਸ਼ ਨੂੰ ਲੰਗਰ-ਪਾਣੀ ਤੇ ਫੰਡ ਦੇ ਰੂਪ ’ਚ ਹਰ ਪਾਸਿਉਂ ਵਿਆਪਕ ਹਮਾਇਤ ਮਿਲ ਰਹੀ ਹੈ। ਜਥੇਬੰਦ ਤਬਕਿਆਂ ਖਾਸ ਕਰ ਕਿਸਾਨਾਂ ਵੱਲੋਂ ਵੀ ਡਟਵਾਂ ਹਮਾਇਤੀ ਕੰਨ੍ਹਾ ਲਾਇਆ ਜਾ ਰਿਹਾ ਹੈ। ਕਿਸਾਨ ਜਥੇ ਹਰ ਰੋਜ਼ ਥਰਮਲ ਕਾਮਿਆਂ ਦੇ ਧਰਨੇ ’ਚ ਪੁੱਜਦੇ ਹਨ। ਰੈਗੂਲਰ ਕਾਮਿਆਂ ਦੇ ਕਾਫ਼ਲੇ ਵੀ ਲਗਾਤਾਰ ਧਰਨੇ ’ਚ ਪੁੱਜ ਰਹੇ ਹਨ ਤੇ ਆਪੋ ਆਪਣੀਆਂ ਥਾਵਾਂ ਤੋਂ ਵੀ ਆਵਾਜ਼ ਬੁਲੰਦ ਕਰ ਰਹੇ ਹਨ। ਸ਼ਹਿਰੀ ਦੁਕਾਨਦਾਰਾਂ ਵੱਲੋਂ ਵੀ ਹੱਲਾਸ਼ੇਰੀ ਦੇ ਝਲਕਾਰੇ ਪ੍ਰਗਟ ਹੋ ਰਹੇ ਹਨ। ਕਾਮਿਆਂ ਵੱਲੋਂ ਲੰਗਰ ਲਈ ਇਕੱਠੀ ਕੀਤੀ ਰਸਦ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ਹਿਰ ਦੇ ਜਮਹੂਰੀ ਹਿੱਸੇ ਵੀ ਧੱਕੜ ਹਕੂਮਤੀ ਫੁਰਮਾਨਾਂ ਦੀ ਖਸਲਤ ਉਘਾੜਨ ਲਈ ਸੜਕਾਂ ’ਤੇ ਨਿੱਤਰੇ ਹਨ।
ਸੰਘਰਸ਼ ਦੀ ਵਧ ਰਹੀ ਤਿੱਖ ਸੰਕੇਤ ਦੇ ਰਹੀ ਹੈ ਕਿ ਇਸ ਲੋਕ ਵਿਰੋਧੀ ਫੈਸਲੇ ਦੀ ਭਾਰੀ ਸਿਆਸੀ ਕੀਮਤ ਕਾਂਗਰਸੀ ਹਕੂਮਤ ਨੂੰ ’ਤਾਰਨੀ ਹੀ ਪੈਣੀ ਹੈ। ਇਸ ਨੂੰ ਖੋਰਾ ਪੈਣਾ ਸ਼ੁਰੂ ਹੋ ਚੁੱਕਿਆ ਹੈ।
No comments:
Post a Comment