Saturday, January 13, 2018


ਸ਼ਹੀਦ ਮਾਤਾ ਗੁਰਦੇਵ ਕੌਰ ਜਲੂਰ ਦੀ ਬਰਸੀ ਮੌਕੇ 
ਜ਼ਮੀਨੀ ਸੰਘਰਸ਼ ਨੂੰ ਤੇਜ਼ ਕਰਨ ਦਾ ਅਹਿਦ
ਪੰਚਾਇਤੀ ਜ਼ਮੀਨ ਵਿੱਚੋਂ ਆਪਣਾ ਹੱਕ ਮੰਗਦੇ ਦਲਿਤ ਮਜ਼ਦੂਰਾਂ ਤੇ ਪਿੰਡ ਦੇ ਚੌਧਰੀਆਂ ਵੱਲੋਂ ਪਿਛਲੇ ਸਾਲ ਕੀਤੇ ਗਏ ਵਹਿਸ਼ੀਆਣਾ ਹਮਲੇ ਵਿੱਚ ਸ਼ਹੀਦ ਹੋਈ ਮਾਤਾ ਗੁਰਦੇਵ ਕੌਰ ਦੀ ਬਰਸੀ 15 ਦਸੰਬਰ ਨੂੰ ਜਲੂਰ ਵਿਖੇ ਮਨਾਈ ਗਈ। ਬਰਸੀ ਦੀ ਤਿਆਰੀ ਲਈ ਪਹਿਲਾਂ ਜ਼ਿਲ•ੇ ਦੇ ਦਰਜਨਾਂ ਪਿੰਡਾਂ ਵਿੱਚ ਰੈਲੀਆਂ, ਮੀਟਿੰਗਾਂ ਰਾਹੀਂ ਮਾਤਾ ਗੁਰਦੇਵ ਕੌਰ ਦੀ ਸ਼ਹਾਦਤ, ਜ਼ਮੀਨ ਪ੍ਰਾਪਤੀ ਦੇ ਸੰਘਰਸ਼ ਦੀ ਮਹੱਤਤਾ ਅਤੇ ਪੇਂਡੂ ਚੌਧਰੀਆਂ, ਪ੍ਰਸਾਸ਼ਨ ਅਤੇ ਹਾਕਮਾਂ ਦੇ ਜਾਬਰ ਗਠਜੋੜ ਖ਼ਿਲਾਫ਼ ਚੇਤਨਾ ਮੁਹਿੰਮ ਚਲਾਈ ਗਈ। ਜਿਸਦੇ ਸਿੱਟੇ ਵਜੋਂ ਹਜ਼ਾਰਾਂ ਲੋਕ ਮਾਤਾ ਦੀ ਬਰਸੀ 'ਤੇ ਪਹੁੰਚੇ। ਬਰਸੀ ਦੌਰਾਨ ਸੰਬੋਧਨ ਕਰਦਿਆਂ ਵੱਖ-ਵੱਖ ਸੰਘਰਸ਼ਸ਼ੀਲ ਆਗੂਆਂ ਨੇ ਕਿਹਾ ਕਿ ਜਲੂਰ ਕਾਂਡ ਦੇ ਇੱਕ ਸਾਲ ਗੁਜਰ ਜਾਣ ਤੋਂ ਬਾਅਦ ਵੀ ਦਲਿਤ ਮਜ਼ਦੂਰ ਇਨਸਾਫ ਤੋਂ ਕੋਹਾਂ ਦੂਰ ਹਨ। ਬੇਸ਼ੱਕ ਸਰਕਾਰ ਅਕਾਲੀਆਂ ਦੀ ਬਜਾਇ ਕਾਂਗਰਸ ਦੀ ਆ ਗਈ ਹੈ ਪਰ ਦਲਿਤ ਮਜ਼ਦੂਰ ਹਾਲੇ ਵੀ ਪੇਂਡੂ ਚੌਧਰੀਆਂ, ਪ੍ਰਸਾਸ਼ਨ ਅਤੇ ਹਾਕਮਾਂ ਦੇ ਜਬਰ ਦਾ ਸ਼ਿਕਾਰ ਹੋ ਰਿਹਾ ਹੈ। ਉਨ•ਾਂ ਕਿਹਾ ਕਿ ਮਾਤਾ ਗੁਰਦੇਵ ਕੌਰ ਦੀ ਬਰਸੀ ਇਸ ਗੱਲ ਦੀ ਪ੍ਰੇਰਨਾ ਹੈ ਕਿ ਦਲਿਤਾਂ ਦੇ ਜ਼ਮੀਨ ਪ੍ਰਾਪਤੀ ਦੇ ਸੰਘਰਸ਼ ਲਈ ਅਤੇ ਚੌਧਰੀਆਂ ਦੇ ਜਬਰ ਦਾ ਮੁਕਾਬਲਾ ਕਰਨ ਲਈ ਸਾਨੂੰ ਜਾਨ ਹੂਲਵੇਂ ਸੰਘਰਸ਼ ਕਰਨ ਦੀ ਜਰੂਰਤ ਹੈ। ਕਿਉਂਕਿ ਜ਼ਮੀਨ ਦਲਿਤਾਂ ਲਈ ਕੇਵਲ ਰੁਜ਼ਗਾਰ ਦਾ ਸਾਧਨ ਹੀ ਨਹੀਂ ਬਲਕਿ ਚੌਧਰੀਆਂ ਦੇ ਦਾਬੇ ਨੂੰ ਤੋੜ ਕੇ ਮਾਨ-ਸਨਮਾਨ ਨਾਲ ਜ਼ਿੰਦਗੀ ਜਿਉਣ ਦਾ ਰਸਤਾ ਹੈ। ਆਗੂਆਂ ਅੱਗੇ ਕਿਹਾ ਕਿ ਹਾਕਮਾਂ ਦੀ ਕਿਸਾਨਾਂ-ਮਜ਼ਦੂਰਾਂ ਦੀ ਸਾਂਝੀ ਜਮਾਤੀ ਚੇਤਨਾ ਨੂੰ ਖਤਮ ਕਰ ਜਾਤੀਵਾਦ ਨੂੰ ਹੁਲਾਰਾ ਦੇਣ ਦੀ ਫਿਰਕੂ-ਫਾਸ਼ੀਵਾਦੀ ਸੋਚ ਦਾ ਸਾਹਮਣਾ ਵੀ ਦਲੇਰੀ ਅਤੇ ਸਮਝਦਾਰੀ ਨਾਲ ਕਰਨਾ ਪੈਣਾ ਹੈ। ਅੰਤ ਵਿੱਚ ਮਾਤਾ ਗੁਰਦੇਵ ਕੌਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ, ਦਲਿਤਾਂ ਦੇ ਹਿੱਸੇ ਦੀ ਜ਼ਮੀਨ ਪੱਕੇ ਰੂਪ ਵਿੱਚ ਦੇਣ ਅਤੇ ਪੰਚਾਇਤੀ ਜ਼ਮੀਨ ਕੰਪਨੀਆਂ ਨੂੰ ਦੇਣ ਦੇ ਫੈਸਲੇ ਨੂੰ ਰੱਦ ਕਰਵਾਉਣ ਆਦਿ ਮੰਗਾਂ 'ਤੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਮਾਨਵਤਾ ਕਲਾ ਮੰਚ ਨਗਰ ਦੀ ਟੀਮ ਵੱਲੋਂ ਜਲੂਰ ਕਾਂਡ 'ਤੇ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਨਾਟਕ ਖੇਡਿਆ ਗਿਆ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜੋਗਿੰਦਰ ਸਿੰਘ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜੋਰਾ ਸਿੰਘ ਨਸਰਾਲੀ, ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੁਰਮੁਖ ਸਿੰਘ ਸੇਲਬਰਾਹ, ਕ੍ਰਾਂਤੀਕਾਰੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੰਜੀਵ ਮਿੰਟੂ, ਪਲਸ ਮੰਚ ਦੇ ਅਮੋਲਕ ਸਿੰਘ ਤੋਂ ਇਲਾਵਾ ਪਰਮਜੀਤ ਕੌਰ, ਬਲਬੀਰ ਜਲੂਰ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਬਲਵਿੰਦਰ ਜਲੂਰ ਨੇ ਕੀਤਾ। ਇਸ ਮੌਕੇ ਪਲਸ ਮੰਚ ਦੇ ਸਹਿਯੋਗ ਨਾਲ ਤਿਆਰ ਕੀਤਾ ਗੀਤ 'ਮਾਏ ਸਾਡੇ ਹਿੱਸੇ ਨਾ ਆਏ ਖੇਤ' ਵੀ ਲੋਕ-ਅਰਪਨ ਕੀਤਾ ਗਿਆ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ।


No comments:

Post a Comment