ਅਮਰੀਕੀ ਸਾਮਰਾਜੀ ਜੰਗਬਾਜ਼ ਮਨਸੂਬੇ
ਹੁਣ ਉੱਤਰੀ ਕੋਰੀਆ ਨਿਸ਼ਾਨੇ ’ਤੇ
ਉੱਤਰੀ ਕੋਰੀਆ ਅਤੇ ਅਮਰੀਕਾ ਵਿਚਕਾਰ ਲੰਮੇ ਸਮੇਂ ਤੋਂ ਤੁਰਿਆ ਆ ਰਿਹਾ ਤਣਾਅ ਪਿਛਲੇ ਕੁੱਝ ਮਹੀਨਿਆਂ ਦੌਰਾਨ ਨਵਾਂ ਪਸਾਰ ਹਾਸਲ ਕਰ ਚੁੱਕਾ ਹੈ। ਇੱਕ ਪ੍ਰਮਾਣੂ ਸ਼ਕਤੀ ਵਜੋਂ ਉੱਤਰੀ ਕੋਰੀਆ ਦੇ ਕਦਮ ਵਧਾਰੇ ਨੇ ਅਤੇ ਇਸ ਵੱਲੋਂ ਅੰਤਰਦੀਪੀ ਮਾਰ ਕਰਨ ਦੀ ਸਮਰੱਥਾ ਰਖਦੀਆਂ ਬੈਲਿਸਟਿਕ ਮਿਜ਼ਾਈਲਾਂ ਦੀ ਪਰਖ ਨੇ ਘੜੱਮ ਚੌਧਰੀ ਅਮਰੀਕਾ ਨੂੰ ਲੋਹੇ-ਲਾਖੇ ਕਰ ਦਿੱਤਾ ਹੈ। ਅਮਰੀਕਾ ਅਤੇ ਇਸ ਦੇ ਪਿੱਠੂ ਮੁਲਕਾਂ ਵੱਲੋਂ ਲਗਾਤਾਰ ਮੜ੍ਹੀਆਂ ਜਾ ਰਹੀਆਂ ਰੋਕਾਂ ਦੇ ਬਾਵਜੂਦ ਉੱਤਰੀ ਕੋਰੀਆ ਆਪਣਾ ਪ੍ਰਮਾਣੂ ਪ੍ਰੋਗਰਾਮ ਅੱਗੇ ਵਧਾ ਰਿਹਾ ਹੈ। ਇਸ ਨਾਬਰੀ ਨੂੰ ਭੰਨਣ ਲਈ ਅਮਰੀਕਾ ਵੱਲੋਂ ਲਗਾਇਆ ਹਰ ਜੋਰ ਅਸਫਲ ਨਿੱਬੜ ਰਿਹਾ ਹੈ।
ਦੂਜੀ ਸੰਸਾਰ ਜੰਗ ਦੇ ਖਾਤਮੇ ਸਮੇਂ, ਜਪਾਨੀਆਂ ਤੋਂ ਮੁਕਤੀ ਦੀ ਜੰਗ ਲੜਦੇ ਹੋਏ, ਜਦ ਕੋਰੀਆ, ੳੱੁਤਰੀ ਅਤੇ ਦੱਖਣੀ ਦੋ ਭਾਗਾਂ ਵਿਚ ਵੰਡਿਆ ਗਿਆ ਸੀ ਤਾਂ ਉੱਤਰੀ ਕੋਰੀਆ ਸਮਾਜਵਾਦੀ ਰੂਸ ਦੇ ਪ੍ਰਭਾਵ ਹੇਠ ਸੀ, ਜਦ ਕਿ ਦੱਖਣੀ ਕੋਰੀਆ ਅਮਰੀਕਾ ਦਾ ਪ੍ਰਭਾਵ ਖੇਤਰ ਸੀ। ੳੱੁਤਰੀ ਕੋਰੀਆ ਦਾ ਪਹਿਲਾ ਆਗੂ ਕਿਮ-ਇਲ-ਸੰੁਗ ਕਿਸੇ ਹੱਦ ਤੱਕ ਸਮਾਜਵਾਦੀ ਆਦਰਸ਼ਾਂ ਤੋਂ ਪ੍ਰਭਾਵਤ ਸੀ। ਉਸ ਨੇ ਸਵੈ-ਨਿਰਭਰਤਾ ਅਤੇ ਆਤਮ ਸੁਰੱਖਿਆ ’ਤੇ ਜੋਰ ਦਿੰਦਿਆਂ ਕੌਮੀ ਆਰਥਕਤਾ ਦੇ ਵਿਕਾਸ ਰਾਹੀਂ ਸਮਾਜਵਾਦੀ ਉਸਾਰੀ ਕਰਨ ਦਾ ਸਿਧਾਂਤ ਪੇਸ਼ ਕੀਤਾ। ਅਗਲੇ ਸਾਲਾਂ ਦੌਰਾਨ, ਖਾਸ ਕਰਕੇ ਸਮਾਜਵਾਦੀ ਰੂਸ ਅਤੇ ਚੀਨ ਦੇ ਢਹਿ-ਢੇਰੀ ਹੋਣ ਤੋਂ ਬਾਅਦ ਭਾਵੇਂ ਉੱਤਰੀ ਕੋਰੀਆ ਦੀ ਸਿਆਸਤ ਅੰਦਰ ਸਮਾਜਵਾਦੀ ਆਦਰਸ਼ਾਂ ਤੇ ਅੰਸ਼ਾਂ ਦੀ ਹਾਜਰੀ ਘਟਦੀ ਗਈ, ਪਰ ਆਤਮ ਸੁਰੱਖਿਆ ਤੇ ਸਵੈ-ਨਿਰਭਰਤਾ ਦੇ ਸਿਧਾਂਤ ’ਤੇ ਜੋਰ ਬਣਿਆ ਰਿਹਾ। ਕਿਮ-ਇਲ-ਸੁੰਗ ਤੋਂ ਬਾਅਦ ਕਿਮ-ਜੌਂਗ-ਇਲ ਅਤੇ ਹੁਣ ਕਿਮ-ਜੌਂਗ-ਉਨ ਦੇ ਸਾਸ਼ਨ ਦੌਰਾਨ ਆਤਮ ਰੱਖਿਆ ਲਈ ਫੌਜੀ ਸਮਰੱਥਾ ਵਧਾਉਣ ਦੀਆਂ ਕੋਸ਼ਿਸ਼ਾਂ ’ਤੇ ਜੋਰ ਦਿੱਤਾ ਗਿਆ। ਪ੍ਰਮਾਣੂ ਸਮਰੱਥਾ ਦੀ ਉਸਾਰੀ ਨੂੰ ਵੀ ੳੱੁਤਰੀ ਕੋਰੀਆ ਆਪਣੀ ਸੁਰੱਖਿਆ ਦੇ ਸਾਧਨ ਵਜੋਂ ਹੀ ਵਿਕਸਿਤ ਕਰਨਾ ਚਾਹੁੰਦਾ ਹੈ।
ਇਸ ਵੇਲੇ ਉੱਤਰੀ ਕੋਰੀਆ ਕੋਲ ਇਕ ਅੰਦਾਜ਼ੇ ਮੁਤਾਬਕ 60 ਦੇ ਕਰੀਬ ਪ੍ਰਮਾਣੂ ਹਥਿਆਰ ਹਨ, ਜਦੋਂ ਕਿ ਦੂਜੇ ਮੁਲਕਾਂ ਨੂੰ ਪ੍ਰਮਾਣੂ ਹਥਿਆਰ ਨਾ ਰੱਖਣ ਦੀਆਂ ਨਸੀਹਤਾਂ, ਡਰਾਵੇ, ਧਮਕੀਆਂ ਦਿੰਦੇ ਫਿਰਦੇ ਅਮਰੀਕਾ ਕੋਲ 6800 ਮਾਰੂ ਪ੍ਰਮਾਣੂ ਹਥਿਆਰ ਹਨ। ਕੋਈ ਹੋਰ ਮੁਲਕ ਉਸ ਤੋਂ ਨਾਬਰ ਹੋ ਕੇ ਵੱਡੀ ਜੰਗੀ ਸਮਰੱਥਾ ਅਖਤਿਆਰ ਕਰੇ, ਇਹ ਅਮਰੀਕਾ ਦੇ ਸੰਸਾਰ ਚੌਧਰ ਦੇ ਹਿਤਾਂ ਨੂੰ ਰਾਸ ਬੈਠਦੀ ਗੱਲ ਨਹੀਂ ਹੈ। ਇਸ ਕਰਕੇ 2006 ਵਿਚ ਜਦੋਂ ਉੱਤਰੀ ਕੋਰੀਆ ਨੇ ਪਹਿਲੇ ਪ੍ਰਮਾਣੂ ਹਥਿਆਰ ਦੀ ਪਰਖ ਕੀਤੀ ਸੀ, ਉਦੋਂ ਤੋਂ ਲੈ ਕੇ ਅਨੇਕਾਂ ਵਾਰ ਉਸ ਨੇ ਉੱਤਰੀ ਕੋਰੀਆ ’ਤੇ ਆਰਥਕ ਰੋਕਾਂ ਮੜ੍ਹੀਆਂ ਹਨ ਅਤੇ ਹੋਰਨਾਂ ਮੁਲਕਾਂ ਨੂੰ ਅਜਿਹੀਆਂ ਰੋਕਾਂ ਲਾਉਣ ਲਈ ਮਜਬੂਰ ਕੀਤਾ ਹੈ। 2017 ਦੇ ਅੰਦਰ ਅੰਦਰ ਹੀ ਅਮਰੀਕਾ ਨੇ ਆਪਣੇ ਤੌਰ ’ਤੇ ਉੱਤਰੀ ਕੋਰੀਆ ’ਤੇ ਪੰਜ ਵਾਰ ਰੋਕਾਂ ਆਇਦ ਕੀਤੀਆਂ ਹਨ ਅਤੇ ਤਿੰਨ ਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੋਂ ਇਹ ਰੋਕਾਂ ਲਗਵਾਈਆਂ ਹਨ।
ਇਹਨਾਂ ਰੋਕਾਂ ਅੰਦਰ ਜੋ ਮੱਦਾਂ ਸ਼ਾਮਲ ਹਨ, ਉਨ੍ਹਾਂ ਅਨੁਸਾਰ ਉੱਤਰੀ ਕੋਰੀਆ ਨੂੰ ਤੇਲ ਦੀ ਸਪਲਾਈ ਬੰਦ ਕੀਤੀ ਜਾਣੀ ਹੈ, ਇਕ ਲੱਖ ਦੇ ਕਰੀਬ ਪਰਵਾਸੀ ੳੱੁਤਰੀ ਕੋਰੀਆਈ ਨਾਗਰਿਕਾਂ ਨੂੰ ਜੋ ਵੱਖ ਵੱਖ ਦੇਸ਼ਾਂ ਅੰਦਰ ਰੁਜ਼ਗਾਰ ਯਾਫਤਾ ਹਨ, 24 ਮਹੀਨਿਆਂ ਦੇ ਅੰਦਰ ਅੰਦਰ ਵਾਪਸ ਭੇਜਿਆ ਜਾਣਾ ਹੈ, ਉੱਤਰੀ ਕੋਰੀਆ ਤੋਂ ਬਰਾਮਦ ਹੁੰਦੇ ਕੋਲੇ ਅਤੇ ਹੋਰਨਾਂ ਵਸਤਾਂ ’ਤੇ ਰੋਕ ਲਾਈ ਜਾਣੀ ਹੈ, ਉੱਤਰੀ ਕੋਰੀਆ ਨੂੰ ਦਰਾਮਦ ਕੀਤੀਆਂ ਜਾ ਰਹੀਆਂ ਧਾਤਾਂ, ਮਸ਼ੀਨਰੀ, ਸਨਅਤੀ ਸਮਾਨ, ਟਰਾਂਸਪੋਰਟ ਵਹੀਕਲ ਆਦਿ ਬੰਦ ਕੀਤੇ ਜਾਣੇ ਹਨ। ਇਨਾਂ ਰੋਕਾਂ ਦਾ ਮਤਲਬ ਉੱਤਰੀ ਕੋਰੀਆ ਨੂੰ ਹਰ ਪ੍ਰਕਾਰ ਦੀ ਲੋੜੀਂਦੀ ਸਪਲਾਈ ਤੋਂ ਵਿਰਵਾ ਕਰਕੇ ਅਤੇ ਬਰਾਮਦਾਂ ਰਾਹੀਂ ਹੋਣ ਵਾਲੀ ਅਤੇ ਪ੍ਰਵਾਸੀ ਕੋਰੀਆਈ ਨਾਗਰਿਕਾਂ ਰਾਹੀਂ ਦੇਸ਼ ਨੂੰ ਭੇਜੀ ਜਾ ਰਹੀ ਕਮਾਈ ਤੋਂ ਵਿਰਵਾ ਕਰਕੇ ਉਸ ਦੀ ਆਰਥਕ ਨਾਕਾਬੰਦੀ ਕਰਨੀ ਹੈ ਅਤੇ ਉਥੋਂ ਦੀ ਆਰਥਕਤਾ ਨੂੰ ਕੰਗਾਲੀ ਮੂੰਹ ਧੱਕ ਕੇ ਗੋਡੇ ਟੇਕਣ ਲਈ ਮਜਬੂਰ ਕਰਨਾ ਹੈ। ਜਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਵੱਖ ਵੱਖ ਰੋਕਾਂ ਦਾ ਸਾਹਮਣਾ ਕਰ ਰਹੀ ਤੇ ਸੰਸਾਰ ਅਰਥਚਾਰੇ ਤੋਂ ਨਿੱਖੜੀ ਹੋਈ ਉੱਤਰੀ ਕੋਰੀਆ ਦੀ ਆਰਥਕਤਾ ਲਈ ਇਸ ਦੇ ਪਰਵਾਸੀ ਨਾਗਰਿਕਾਂ ਵੱਲੋਂ ਕਮਾ ਕੇ ਮੁਲਕ ਭੇਜੇ ਪੈਸੇ ਵਿਦੇਸ਼ੀ ਕਰੰਸੀ ਦਾ ਅਹਿਮ ਸੋਮਾ ਹਨ। ਇਕੱਲੇ ਰੂਸ ਅੰਦਰੋਂ ਹੀ ਨਵੀਆਂ ਰੋਕਾਂ ਤਹਿਤ 40,000 ਉੱਤਰੀ ਕੋਰੀਆਈ ਕਾਮੇ ਜੋ ਨਿਰਮਾਣ ਸਨਅਤ ’ਚ ਲੱਗੇ ਹੋਏ ਹਨ, ਵਾਪਸ ਭੇਜੇ ਜਾਣੇ ਹਨ ਤੇ ਇਹ ਗੱਲ ਰੂਸ ਲਈ ਵੀ ਘਾਟੇਵੰਦੀ ਹੈ, ਜਿਸ ਖਿਲਾਫ ਉਸ ਨੇ ਰੋਸ ਵੀ ਜਤਾਇਆ ਹੈ। ਇਹਨਾਂ ਰੋਕਾਂ ਨੂੰ ਉੱਤਰੀ ਕੋਰੀਆ ਨੇ ਮੁਲਕ ਦੀ ਖੁਦ-ਮੁਖਤਿਆਰੀ ਦੀ ਉਲੰਘਣਾ ਕਰਾਰ ਦਿੱਤਾ ਹੈ ਤੇ ਇਹਨਾਂ ਨੂੰ ਜੰਗ ਦੀ ਧਮਕੀ ਕਿਹਾ ਹੈ। ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਸਾਰ ਉੱਤਰੀ ਕੋਰੀਆ, ਅਮਰੀਕੀ ਪ੍ਰਮਾਣੂ ਧਮਕੀਆਂ, ਬਲੈਕਮੇਲ ਤੇ ਦੁਸ਼ਮਣਾਨਾ ਚਾਲਾਂ ਨੂੰ ਪਛਾੜਨ ਲਈ ਆਪਣਾ ਸਵੈ ਰੱਖਿਆਤਮਕ ਪ੍ਰਮਾਣੂ ਪ੍ਰੋਗਰਾਮ ਜਾਰੀ ਰੱਖੇਗਾ। ਦੂਜੇ ਪਾਸੇ ਇਹ ਰੋਕਾਂ ਨਾ ਲਾਉਣ ਵਾਲੇ ਮੁਲਕਾਂ ੳੱੁਪਰ ਅਮਰੀਕਾ ਨੇ ਦੋਮ-ਦਰਜੇ ਦੀਆਂ ਰੋਕਾਂ ਲਾਈਆਂ ਹਨ। ਉੱਤਰੀ ਕੋਰੀਆ ਨਾਲ ਵਪਾਰ ਕਰਨ ਵਾਲੀਆਂ ਅਨੇਕਾਂ ਚੀਨੀ ਤੇ ਰੂਸੀ ਫਰਮਾਂ ਨੂੰ ਬਲੈਕ ਲਿਸਟ ਕੀਤਾ ਹੈ ਤੇ ਉਨਾਂ ਦੇ ਵਪਾਰ ’ਤੇ ਰੋਕ ਲਾਈ ਹੈ। ਅਮਰੀਕਾ ਨੇ ਸਪਸ਼ਟ ਕਿਹਾ ਹੈ ਕਿ ੳੱੁਤਰੀ ਕੋਰੀਆ ਨਾਲ ਵਪਾਰ ਕਰਨ ਵਾਲੀ ਕੋਈ ਵੀ ਫਰਮ ਅਮਰੀਕਾ ਵਿਚ ਵਪਾਰ ਨਹੀਂ ਕਰ ਸਕਦੀ। ਰੋਕਾਂ ਦੇ ਬਾਵਜੂਦ ਚੀਨ ਵੱਲੋਂ ਉੱਤਰੀ ਕੋਰੀਆਈ ਕੋਲੇ ਦੀ ਦਰਾਮਦ ਜਾਰੀ ਰੱਖਣ ਤੋਂ ਅਮਰੀਕਾ ਡਾਢਾ ਖਫਾ ਹੋਇਆ ਹੈ।
ਅਮਰੀਕਾ ਵੱਲੋਂ ਉੱਤਰੀ ਕੋਰੀਆ ਨਾਲ ਅਜਿਹਾ ਆਢਾ ਲਾਉਣ ’ਚ ਇਕ ਅੰਸ਼ ਇਸ ਦੀ ਚੀਨ ਨਾਲ ਨੇੜਤਾ ਦਾ ਵੀ ਹੈ ਤੇ ਦੂਜਾ ਅੰਸ਼ ਅਮਰੀਕੀ ਪਾਲਤੂ ਸ਼ਕਤੀ ਵਜੋਂ ਦੱਖਣੀ ਕੋਰੀਆ ਨਾਲ ਇਸ ਦੇ ਟਕਰਾਅ ਦਾ ਵੀ ਹੈ ਤਾਂ ਵੀ ਸਭ ਤੋਂ ਵਧਕੇ ਅਮਰੀਕੀ ਹਮਲਾਵਰ ਰੁਖ਼ ਦਾ ਕਾਰਨ ਇਹ ਹੈ ਕਿ ਉਹ ਸੰਸਾਰ ਭਰ ਅੰਦਰ ਆਪਣੀ ਸਾਮਰਾਜੀ ਧੌਂਸ ਬਰਕਰਾਰ ਰੱਖਣੀ ਚਾਹੁੰਦਾ ਹੈ। ਇਸ ਲਈ ਉਸ ਦੀ ਟੇਕ ਆਪਣੀ ਜੰਗਬਾਜ ਸਮਰੱਥਾ ਨੂੰ ਜਰਬਾਂ ਦੇਣ ਦੀ ਹੈ। ਪ੍ਰਮਾਣੂ ਹਥਿਆਰ ਰੱਖਣ ਬਦਲੇ ਉੱਤਰੀ ਕੋਰੀਆ ਨੂੰ ਵੱਡਾ ਖਤਰਾ ਬਣਾ ਕੇ ਪੇਸ਼ ਕਰ ਰਹੇ ਅਮਰੀਕਾ ਨੇ ਆਪਣੇ ਪ੍ਰਮਾਣੂ ਹਥਿਆਰਾਂ ਦੇ ਨਵੀਨੀਕਰਨ ਲਈ 10 ਅਰਬ ਡਾਲਰ ਦੀ ਰਕਮ ਬੱਜਟ ਵਿਚ ਰਾਖਵੀਂ ਰੱਖੀ ਹੈ। ਸੰਸਾਰ ਭਰ ਵਿਚ ਥਾਂ-ਥਾਂ ਇਸ ਨੇ ਆਪਣੇ ਫੌਜੀ ਅੱਡੇ ਸਥਾਪਤ ਕੀਤੇ ਹੋਏ ਹਨ ਅਤੇ ਅਨੇਕਾਂ ਮੁਲਕਾਂ ਨੂੰ ਇਸ ਨੇ ਆਪਣੇ ਆਰਥਕ ਹਿੱਤਾਂ ਕਰਕੇ ਜੰਗ ਦੀ ਭੇਂਟ ਚਾੜ੍ਹਿਆ ਹੈ। ਇਰਾਕ, ਅਫਗਾਨਿਸਤਾਨ, ਯਮਨ, ਲਿਬੀਆ ਤੋਂ ਬਾਅਦ ਸਭ ਤੋਂ ਤਾਜ਼ਾਤਰੀਨ ਉਦਾਹਰਣ ਸੀਰੀਆ ਦੀ ਹੈ, ਜਿੱਥੇ ਇਹ ਹਵਾਈ ਹਮਲਾ ਕਰਕੇ ਹਟਿਆ ਹੈ। ਦੱਖਣੀ ਕੋਰੀਆ ਅਤੇ ਜਪਾਨ ਇਸ ਦੇ ਅਹਿਮ ਫੌਜੀ ਟਿਕਾਣੇ ਹਨ। ਪਿਛਲੇ ਸਮੇਂ ਅੰਦਰ ਇਸ ਨੇ ਦੱਖਣੀ ਕੋਰੀਆ ਨਾਲ ਮਿਲ ਕੇ ਵੱਡੀਆਂ ਹਵਾਈ ਅਤੇ ਸਮੁੰਦਰੀ ਮਸ਼ਕਾਂ ਕੀਤੀਆਂ ਹਨ। ਕੋਰੀਅਨ ਪ੍ਰਾਇਦੀਪ ਵਿਚ ਸ਼ਾਂਤੀ ਦੀ ਬਹਾਲੀ ਲਈ ਰੂਸ ਅਤੇ ਚੀਨ ਵੱਲੋਂ ਅਮਰੀਕਾ ਨੂੰ ਅਜਿਹੀਆਂ ਮਸ਼ਕਾਂ ਨਾ ਕਰਨ ਦੀ ਸਲਾਹ ਦਿੱਤੀ ਗਈ ਸੀ, ਪਰ ਅਮਰੀਕਾ ਨੇ ਦੱਖਣੀ ਕੋਰੀਆ ਨਾਲ ਮਿਲ ਕੇ 230 ਹਵਾਈ ਜਹਾਜਾਂ ਵਾਲੀ ਸਭ ਤੋਂ ਵੱਡੀ ਹਵਾਈ ਮਸ਼ਕ ਜਾਰੀ ਰੱਖੀ, ਜਿਸ ਰਾਹੀਂ ਉੱਤਰੀ ਕੋਰੀਆ ਦੇ ਪ੍ਰਮਾਣੂ ਤੇ ਮਿਜ਼ਾਈਲ ਟਿਕਾਣਿਆਂ ਨੂੰ ਹਮਲੇ ਹੇਠ ਲਿਆਉਣ ਦੀ ਕਸਰਤ ਕੀਤੀ ਗਈ। ਅਕਤੁੂਬਰ ਮਹੀਨੇ ਵਿਚ 40 ਸਮੁੰਦਰੀ ਜਹਾਜਾਂ ਅਤੇ ਪ੍ਰਮਾਣੂ ਸਮਰੱਥਾ ਨਾਲ ਲੈਸ ਇੱਕ ਹਵਾਈ ਜਹਾਜ ਵਾਲੀ ਸਾਂਝੀ ਸਮੁੰਦਰੀ ਮਸ਼ਕ ਵੀ ਕੀਤੀ ਗਈ। ਇਸ ਤੋਂ ਬਿਨਾਂ ਦੱਖਣੀ ਕੋਰੀਆ ਦੀ ਧਰਤੀ ਉੱਪਰ ਕਿਸੇ ਵੀ ਸਮੇਂ ਨਾਲੋਂ ਵੱਡੀ ਸਾਂਝੀ ਮਸ਼ਕ ਕੀਤੀ ਗਈ, ਜਿਸ ਵਿੱਚ 12000 ਅਮਰੀਕੀ ਫੌਜੀ ਸ਼ਾਮਲ ਹੋਏ। ਇਹਨਾਂ ਵਿਚ ਨੇਵੀ ਤੇ ਹਵਾਈ ਸੈਨਾ ਦੇ ਜਵਾਨ ਵੀ ਸ਼ਾਮਲ ਸਨ। ਅਮਰੀਕੀ ਫੌਜ ਸਮੇਤ ਦੱਖਣੀ ਕੋਰੀਆ ਦੀਆਂ ਫੌਜਾਂ, ਹਵਾਈ ਜਹਾਜਾਂ ਅਤੇ ਪ੍ਰਮਾਣੂ ਹਥਿਆਰਾਂ ਰਾਹੀਂ ਆਪਣੇ ਜੰਗਬਾਜ ਇਰਾਦਿਆਂ ਦਾ ਪ੍ਰਗਟਾਵਾ ਕੀਤਾ ਗਿਆ। ਪਿਛਲੇ ਮਹੀਨਿਆਂ ਦੌਰਾਨ ਹੀ ਅਮਰੀਕਾ ਨੇ ਦੱਖਣੀ ਕੋਰੀਆ ਦੀ ਧਰਤੀ ’ਤੇ ਹਵਾਈ ਰੱਖਿਆ ਤੇ ਮਿਜ਼ਾਈਲਾਂ ਨੂੰ ਡੇਗਣ ਵਾਲੇ ਸਟੇਸ਼ਨ ਦੀ ਸਥਾਪਨਾ ਕੀਤੀ ਹੈ, ਜੋ 1 ਮਈ 2017 ਤੋਂ ਚਾਲੂ ਹੋ ਚੁੱਕਿਆ ਹੈ। ਇਸ ਸਟੇਸ਼ਨ ਦੀ ਸਥਾਪਨਾ ਰਾਹੀਂ ਉੱਤਰੀ ਕੋਰੀਆ ਨੂੰ ਜੰਗੀ ਤਿਆਰੀ ਦਾ ਸੰਕੇਤ ਦਿੱਤਾ ਗਿਆ। ਅਜਿਹੇ ਸੰਕੇਤਾਂ ਅਤੇ ਸਾਂਝੀਆਂ ਮਸ਼ਕਾਂ ਨੇ ਉੱਤਰੀ ਕੋਰੀਆ ਦਾ ਪ੍ਰਤੀਕਰਮ ਜਗਾਇਆ ਹੈ ਅਤੇ ਉਸ ਨੇ ਨਵੰਬਰ ਮਹੀਨੇ ਵਿਚ ਬੈਲਿਸਟਿਕ ਮਿਜ਼ਾਈਲ ਦੀ ਪਰਖ ਕੀਤੀ ਹੈ। ਮਾਹਰਾਂ ਦੇ ਦਾਅਵੇ ਅਨੁਸਾਰ ਇਹ ਮਿਜ਼ਾਈਲਾਂ ਮਹਾਂਦੀਪ ਪਾਰ ਕਰਕੇ ਅਮਰੀਕਾ ਤੱਕ ਮਾਰ ਕਰ ਸਕਦੀਆਂ ਹਨ। ਇਸ ਦੇ ਨਾਲ ਹੀ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਉੱਤਰੀ ਕੋਰੀਆ ਨੇ ਨਿੳੂਕਲੀਆਈ ਹਥਿਆਰਾਂ ਦਾ ਏਨਾ ਛੋਟਾ ਰੂਪ ਵਿਕਸਿਤ ਕਰ ਲਿਆ ਹੈ, ਜਿਹੜਾ ਇਨਾਂ ਮਿਜ਼ਾਈਲਾਂ ੳੱੁਪਰ ਫਿੱਟ ਕੀਤਾ ਜਾ ਸਕਦਾ ਹੈ ਤੇ ਇਸ ਤਰ੍ਹਾਂ ਦੁਨੀਆਂ ਦੇ ਕਿਸੇ ਵੀ ਕੋਨੇ ’ਤੇ ਪ੍ਰਮਾਣੂ ਹਮਲਾ ਕੀਤਾ ਜਾ ਸਕਦਾ ਹੈ। ਉੱਤਰੀ ਕੋਰੀਆ ਦੇ ਗੁਆਂਢ ’ਚ ਪੈਂਦੇ ਜਪਾਨ, ਦੱਖਣੀ ਕੋਰੀਆ ਅਤੇ ਪ੍ਰਸ਼ਾਂਤ ਮਹਾਂਸਾਗਰ ਵਿਚਲੇ ਗੁਆਮ ਟਾਪੂ ਦੇ ਅਮਰੀਕੀ ਫੌਜੀ ਅੱਡੇ ਤਾਂ ਪੂਰੀ ਤਰ੍ਹਾਂ ਹੀ ਇਹਨਾਂ ਮਿਜ਼ਾਈਲਾਂ ਦੀ ਮਾਰ ਹੇਠ ਹਨ। ਸੋ ਇਸ ਪੱਖੋਂ ਨਾਬਰ ਉੱਤਰੀ ਕੋਰੀਆ ਦੀ ਵਧ ਰਹੀ ਜੰਗੀ ਸਮਰੱਥਾ ਅਮਰੀਕਾ ਦੇ ਜੰਗਬਾਜ ਇਰਾਦਿਆਂ ਨੂੰ ਸਿੱਧੀ ਚੁਣੌਤੀ ਹੈ। ਇਸ ਚੁਣੌਤੀ ਤੋਂ ਬੁਖਲਾ ਕੇ ਟਰੰਪ ਨੇ ਉੱਤਰੀ ਕੋਰੀਆ ਨੂੰ ਤਹਿਸ-ਨਹਿਸ ਕਰ ਦੇਣ ਦੀ ਧਮਕੀ ਦਿੱਤੀ ਹੈ। ਪਰ ਸੰਸਾਰ ਸਾਮਰਾਜੀ ਤਾਕਤਾਂ ਦੇ ਕੰਟਰੋਲ ’ਚ ਹੋਣ ਕਰਕੇ ਮੀਡੀਆ, ਖਾਸ ਕਰਕੇ ਇਲੈਕਟਰੋਨਿਕ ਮੀਡੀਆ ਉੱਤਰੀ ਕੋਰੀਆ ਨੂੰ ਤਾਂ ਜੰਗਬਾਜ ਤੇ ਖੂੰਖਾਰ ਫੌਜੀ ਤਾਕਤ ਵਜੋਂ ਪੇਸ਼ ਕਰ ਰਿਹਾ ਹੈ ਜਦ ਕਿ ਅਸਲ ਜੰਗਬਾਜ ਤੇ ਮਨੁੱਖਤਾ ਦੇ ਦੁਸ਼ਮਣ ਅਮਰੀਕੀ ਸਾਮਰਾਜ ਦੀਆਂ ਕਰਤੂਤਾਂ ’ਤੇ ਪਰਦਾਪੋਸ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਸੰਸਾਰ ਇਤਿਹਾਸ ਗਵਾਹ ਹੈ ਕਿ ਪਿਛਲੇ ਸਾਲਾਂ ਦੌਰਾਨ ਵੱਖ ਵੱਖ ਮੁਲਕਾਂ ’ਤੇ ਹੋਏ ਸਭਨਾਂ ਹਮਲਿਆਂ ਪਿੱਛੇ ਅਮਰੀਕਾ ਰਿਹਾ ਹੈ ਨਾ ਕਿ ਉੱਤਰੀ ਕੋਰੀਆ ਤੇ ਇਸ ਤਰ੍ਹਾਂ ਸੰਸਾਰ ਅਮਨ ਨੂੰ ਉੱਤਰੀ ਕੋਰੀਆ ਦੇ ਨਹੀਂ ਸਗੋਂ ਅਮਰੀਕਾ ਦੇ ਪ੍ਰਮਾਣੂ ਸ਼ਕਤੀ ਹੋਣ ਤੋਂ ਖਤਰਾ ਹੈ।
ਸੰਸਾਰ ਭਰ ਦੇ ਲੋਕਾਂ ਨਾਲ ਵੈਰ ਕਮਾ ਰਹੇ ਅਮਰੀਕਣ ਸਾਮਰਾਜ ਨੇ ਥਾਂ-ਪੁਰ-ਥਾਂ ਲੋਕਾਂ ਦਾ ਵਿਰੋਧ ਖੱਟਿਆ ਹੈ। ਅੱਜ ਇਕ ਪਾਸੇ ਮਹਾਂ ਸ਼ਕਤੀ ਵਜੋਂ ਇਸ ਦੀ ਤਾਕਤ ਖੁਰਦੀ ਜਾ ਰਹੀ ਹੈ, ਦੂਜੇ ਪਾਸੇ ਜਗ੍ਹਾ ਜਗ੍ਹਾ ਨਾਬਰੀ ਤੇ ਵਿਰੋਧ ਦੇ ਫੁਟਾਰੇ ਹੋ ਰਹੇ ਹਨ। ਅਜਿਹੇ ਸੰਕਟਾਂ ਦਾ ਸਾਹਮਣਾ ਕਰ ਰਹੇ ਅਮਰੀਕਾ ਦੀ ਟੇਕ ਆਉਦੇ ਸਮੇਂ ’ਚ ਜੰਗੀ ਹਥਿਆਰਾਂ ਅਤੇ ਜੰਗੀ ਕਾਰਵਾਈਆਂ ’ਤੇ ਹੋਰ ਵਧਣੀ ਹੈ। ਨਾਬਰ ਮੁਲਕਾਂ ਅੰਦਰ ਰਾਜ ਪਲਟਿਆਂ, ਫੌਜੀ ਕਾਰਵਾਈਆਂ ਤੇ ਹਮਲਿਆਂ ਦਾ ਰਾਹ ਇਸ ਦਾ ਪਰਖਿਆ ਹੋਇਆ ਰਾਹ ਹੈ ਜਿਸ ਉਪਰ ਇਸ ਨੇ ਆਉਦੇ ਸਮੇਂ ’ਚ ਵੀ ਅੱਗੇ ਵਧਣਾ ਹੈ। ਸੰਸਾਰ ਭਰ ਦੇ ਲੋਕਾਂ ਨੂੰ ਅਮਰੀਕਾ ਦੇ ਸਾਮਰਾਜੀ ਹਿੱਤਾਂ ’ਤੇ ਟਿਕੇ ਜੰਗਬਾਜ ਮਨਸੂਬਿਆਂ ਦਾ ਵਿਰੋਧ ਕਰਨਾ ਅਤੇ ਉੱਤਰੀ ਕੋਰੀਆ ਦੇ ਸਵੈ-ਰੱਖਿਆ ਵਜੋਂ ਹਥਿਆਰਬੰਦ ਹੋਣ ਦੇ ਹੱਕ ਦੀ ਹਿਮਾਇਤ ਕਰਨੀ ਚਾਹੀਦੀ ਹੈ।
No comments:
Post a Comment