Wednesday, September 5, 2018

ਪੰਜ ਬੁੱਧੀਜੀਵੀ ਕਾਰਕੁੰਨਾਂ ਦੀ ਨਜ਼ਰਬੰਦੀ



ਪੰਜ ਬੁੱਧੀਜੀਵੀ ਕਾਰਕੁੰਨਾਂ ਦੀ ਨਜ਼ਰਬੰਦੀ
ਆਪਾਸ਼ਾਹ ਰਾਜ ਆਪਣੇ ਅਸਲੀ ਰੰਗ '
ਭਾਜਪਾਈ ਹਾਕਮਾਂ ਦੇ ਇਸ਼ਾਰੇ 'ਤੇ ਪੂਨਾ ਪੁਲੀਸ ਵੱਲੋਂ ਪੰਜ ਬੁੱਧੀਜੀਵੀ ਕਾਰਕੁੰਨਾਂ ਨੂੰ ਮਨਘੜਤ ਦੋਸ਼ ਲਾ ਕੇ ਗ੍ਰਿਫਤਾਰ ਕਰਨ ਤੇ ਕਈ ਹੋਰਾਂ ਦੇ ਘਰੀਂ ਛਾਪੇਮਾਰੀ ਕਰਨ ਤੇ ਤਲਾਸ਼ੀ ਲੈਣ ਦੀ ਹਕੂਮਤੀ ਕਾਰਵਾਈ ਇੱਕ ਬੁਖਲਾਹਟ ਭਰੀ, ਸਿਰੇ ਦੀ ਧੱਕੜ ਤੇ ਦਹਿਸ਼ਤਗਰਦ ਕਾਰਵਾਈ ਹੈ। ਇਹ ਘਿਨਾਉਣੀ ਹਕੂਮਤੀ ਹਰਕਤ ਸਰਕਾਰ ਵਿਰੋਧੀ ਸੁਰਾਂ ਦੀ ਜੁਬਾਨਬੰਦੀ ਕਰਨ ਤੇ ਹੋਰਨਾਂ ਨੂੰ ਦਹਿਸ਼ਤਜ਼ਦਾ ਕਰਕੇ ਹਕੂਮਤੀ ਵਿਰੋਧ ਦੇ ਰਾਹ ਨਾ ਪੈਣ  ਦੀ ਧਮਕਾਊ ਕਾਰਵਾਈ ਹੈ। ਇਹ ਸਭਨਾਂ ਜਮਹੂਰੀ ਤੇ ਇਨਸਾਫਪਸੰਦ ਲੋਕਾਂ ਵੱਲੋਂ ਪੁਰਜ਼ੋਰ ਨਿਖੇਧੀ ਤੇ ਡਟਵੇਂ ਵਿਰੋਧ ਦੀ ਹੱਕਦਾਰ ਹੈ।
ਗ੍ਰਿਫਤਾਰੀ ਦਾ ਨਿਸ਼ਾਨਾ ਬਣੇ ਸ਼੍ਰੀ ਵਰਵਰਾ ਰਾਓ, ਪ੍ਰੋ. ਸੁਧਾ ਭਾਰਦਵਾਜ, ਸ਼੍ਰੀ ਗੌਤਮ ਨਵਲੱਖਾ, ਸ਼੍ਰੀ ਅਰੁਨ ਫਰੇਰਾ ਅਤੇ ਵਰਨਨ ਗੌਨਸਾਲਵੇਜ਼ ਅਤੇ ਛਾਪੇਮਾਰੀ ਦਾ ਸ਼ਿਕਾਰ ਪ੍ਰੋ. ਅਨੰਦ ਤੇਲਤੁੰਬੜੇ ਅਤੇ 80 ਸਾਲਾ ਪਾਦਰੀ ਫਾਦਰ ਸਟੈਨ ਸਵਾਮੀ ਸਮਾਜਕ ਖੇਤਰ ' ਜਮਹੂਰੀ ਹੱਕਾਂ, ਮਨੁੱਖੀ ਅਧਿਕਾਰਾਂ, ਦਲਿਤ ਤੇ ਆਦਿਵਾਸੀ ਲੋਕਾਂ ਦੇ ਹੱਕਾਂ ਆਦਿਕ ਲਈ ਲੜਨ ਵਾਲੀਆਂ ਨਾਮਵਰ ਤੇ ਸਤਿਕਾਰਤ ਸਖਸ਼ੀਅਤਾਂ ਹਨ ਜਿਨ ਦਾ ਆਪੋ ਆਪਣੇ ਖੇਤਰ 'ਚ ਸਮਾਜਕ ਸਰਗਰਮੀ ਦਾ ਲੰਮਾ ਪਿਛੋਕੜ ਹੈ। ਮਨਘੜਤ ਦੋਸ਼ਾਂ ਅਤੇ ਪੁਲਸ ਵੱਲੋਂ ਤਿਆਰ ਕੀਤੇ ਜਾਅਲੀ ਦਸਤਾਵੇਜ਼ਾਂ ਦੇ ਅਧਾਰ 'ਤੇ ਇਹਨਾਂ ਨਾਮਵਰ ਤੇ ਜਮਹੂਰੀ ਸਖਸ਼ੀਅਤਾਂ ਨੂੰ ਝੂਠੇ ਕੇਸਾਂ ' ਉਲਝਾਉਣ ਤੇ ਜੇਲਾਂ 'ਚ ਰੱਖਣ ਦੀ ਇਹ ਸਾਜਿਸ਼ ਬੇਹੱਦ ਭੜਕਾਊ, ਬੁਖਲਾਹਟ ਭਰੀ ਤੇ ਘਿਨਾਉਣੀ ਕਾਰਵਾਈ ਹੈ। ਇਹ ਭਾਰਤ 'ਚ ਜਮਹੂਰੀਅਤ ਦੇ ਕੀਤੇ  ਜਾਂਦੇ ਦੰਭੀ ਦਾਅਵਿਆਂ ਦਾ ਜਲੂਸ  ਕੱਢਣ ਦੇ ਤੁੱਲ ਹੈ।
ਕੁੱਝ  ਨਾਮਵਰ ਸਖਸ਼ੀਅਤਾਂ ਵੱਲੋਂ ਸੁਪਰੀਮ ਕੋਰਟ 'ਚ ਦਾਖਲ ਕੀਤੀ ਰਿੱਟ ਦੇ ਅਧਾਰ 'ਤੇ ਸੁਪਰੀਮ ਕੋਰਟ ਨੇ ਇਹਨਾਂ ਗ੍ਰਿਫਤਾਰੀਆਂ ਨੂੰ ਅਗਲੀ ਸੁਣਵਾਈ ਤੱਕ ਘਰ 'ਚ ਨਜ਼ਰਬੰਦੀ 'ਚ ਬਦਲ ਦਿੱਤਾ ਹੈ। ਸੁਪਰੀਮ ਕੋਰਟ ਨੇ ਪੁਲਸ ਦੀ ਇਸ ਕਾਰਵਾਈ ਦੇ ਵੱਖਰੇ ਵਿਚਾਰਾਂ ਨੂੰ ਕੁਚਲਣ ਵਾਲੀ ਹੋਣ ਵੱਲ ਇਸ਼ਾਰਾ ਕਰਦਿਆਂ ਟਿੱਪਣੀ ਕੀਤੀ ਹੈ ਕਿ ਵੱਖਰੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਜਮਹੂਰੀਅਤ 'ਚ ਸੇਫਟੀ ਵਾਲਵ ਦਾ ਕੰਮ ਕਰਦੀ ਹੈ ਜਿਸ ਦੇ ਨਾ ਹੋਣ ਨਾਲ  ਪ੍ਰੈਸ਼ਰ ਕੁੱਕਰ ਫਟ ਸਕਦਾ ਹੁੰਦਾ ਹੈ। ਸੁਪਰੀਮ ਕੋਰਟ ਦੀ ਇਹ ਟਿੱਪਣੀ ਰਾਜ ਦੇ ਇਕ ਅੰਗ ਵੱਲੋਂ ਇਸੇ ਰਾਜ ਦੇ ਇਕ ਹੋਰ ਅੰਗ ਨੂੰ ਸੰਭਲ ਕੇ ਚੱਲਣ ਤੇ ਜਮਹੂਰੀਅਤ ਦੇ ਬੁਰਕੇ ਨੂੰ ਬਚਾਈ ਰੱਖਣ ਲਈ ਕੀਤੀ ਤਾਕੀਦ ਹੈ। ਇਹੀ ਨਿਆਂਪਾਲਿਕਾ ਹੋਰਨਾਂ ਮੌਕਿਆਂ 'ਤੇ ਜਮਹੂਰੀਅਤ ਦਾ ਘੋਰ ਨਿਖੇਧ ਕਰਨ ਵਾਲੇ ਕਾਲੇ ਕਾਨੂੰਨਾਂ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕਰਨ ਤੱਕ ਜਾਂਦੀ ਹੈ। ਸੁਪਰੀਮ ਕੋਰਟ ਨੇ ਗ੍ਰਿਫਤਾਰੀਆਂ ਨੂੰ ਰੱਦ ਨਹੀਂ ਕੀਤਾ, ਇਸ ਅਮਲ ਨੂੰ ਕੁੱਢਰ ਢੰਗ ਨਾਲ ਅੰਜ਼ਾਮ ਦੇਣ ਦੀ ਥਾਂ ਸਚਿਆਰੇ ਢੰਗ ਨਾਲ ਸਿਰੇ ਚਾੜਨ ਵੱਲ ਸੰਕੇਤ ਕੀਤਾ ਹੈ।
ਗ੍ਰਿਫਤਾਰ ਕੀਤੇ ਇਹਨਾਂ ਕਾਰਕੁਨਾਂ ਨੂੰ ਬਹੁਤ ਹੀ ਸੰਗੀਨ ਫੌਜਦਾਰੀ ਧਾਰਾਵਾਂ ਸਹਿਤ ਬਦਨਾਮ ''ਗੈਰਕਾਨੂੰਨੀ ਕਾਰਵਾਈਆਂ ਦੀ ਰੋਕਥਾਮ'' ਸਬੰਧੀ ਕਾਨੂੰਨ ਤਹਿਤ ਫੜਿਆ ਗਿਆ ਹੈ। ਇਸਦਾ ਮਕਸਦ ਇਹਨਾਂ ਨੂੰ ਬਿਨਾਂ ਜਮਾਨਤ ਮਿਲੇ ਜੇਲ• ' ਡੱਕ ਕੇ ਰੱਖਣਾ ਹੈ। ਊਪਾ (ਯੂ. ਏ. ਪੀ. ਏ.), ਅਫਸਪਾ, ਧਾਰਾ 295-, ਧਾਰਾ 120 ਆਦਿਕ ਕਾਨੂੰਨ ਆਪਣੇ ਆਪ 'ਚ ਹੀ ਇਸ ਗੱਲ ਦੇ ਗਵਾਹ ਹਨ ਕਿ ਭਾਰਤੀ ਜਮਹੂਰੀਅਤ ਥੋਥੀ ਹੈ। ਇਹਨਾਂ ਕਾਨੂੰਨਾਂ ਤਹਿਤ ਹਾਕਮ ਬੇਬੁਨਿਆਦ ਤੇ ਝੂਠੇ ਦੋਸ਼ ਲਾ ਕੇ ਕਿਸੇ ਵੀ ਅਣਚਾਹੇ ਵਿਅਕਤੀ ਨੂੰ ਸਾਲਾਂ ਬੱਧੀ ਜੇਲ• 'ਚ ਡੱਕ ਕੇ ਰੱਖ ਸਕਦੇ ਹਨ। ਜੇ ਕੇਸ ਝੂਠੇ ਵੀ ਸਾਬਤ ਹੋ ਜਾਣ, ਤਾਂ ਵੀ ਝੂਠੇ ਕੇਸ ਪਾਉਣ ਵਾਲੇ ਅਫਸਰਾਂ ਨੂੰ ਸਜ਼ਾਵਾਂ ਦੇਣ ਤੇ ਹਰਜਾਨੇ 'ਤਾਰਨ ਦੀ ਇਸ ਅਖੌਤੀ ਜਮਹੂਰੀ ਸੰਵਿਧਾਨ 'ਚ ਕੋਈ ਵਿਵਸਥਾ ਨਹੀਂ। ਇਸ ਤਰਾਂ ਇਨਾਂ
ਕਾਨੂੰਨਾਂ ਤਹਿਤ ਕੀਤੀਆਂ ਇਹ ਗ੍ਰਿਫਤਾਰੀਆਂ ਪੂਰੀ ਤਰਾਂ ਬੇਤੁਕੀਆਂ ਤੇ ਘੋਰ ਗੈਰ-ਜਮਹੂਰੀ ਹਨ।
ਗ੍ਰਿਫਤਾਰੀ ਜਾਂ ਛਾਪੇਮਾਰੀ ਦਾ ਸ਼ਿਕਾਰ ਬਣੀਆਂ ਇਹ ਸਭ ਬੁੱਧੀਜੀਵੀ ਸਖਸ਼ੀਅਤਾਂ ਵਸੋਂ ਦੇ ਸਭ ਤੋਂ ਲੁੱਟੇ-ਲਤਾੜੇ ਹਿੱਸਿਆਂ ਦੀ ਆਵਾਜ਼ ਹਨ। ਕਾਰਪੋਰੇਟ ਘਰਾਣਿਆਂ ਵੱਲੋਂ ਆਦਿਵਾਸੀਆਂ ਦੇ ਸਾਧਨ ਵਸੀਲਿਆਂ ਦੇ ਕਬਜੇ ਵਿਰੁੱਧ ਲੜਾਈ 'ਚ ਉਹਨਾਂ ਦਾ ਪੱਖ ਪੂਰਦੀਆਂ ਹਨ। ਉਨਾਂ ਉਪਰ ਹੁੰਦੇ ਜਬਰ ਦਾ ਵਿਰੋਧ ਕਰਦੀਆਂ ਹਨ, ਉਹਨਾਂ 'ਤੇ ਪਾਏ ਝੂਠੇ ਕੇਸਾਂ 'ਚ ਕਾਨੂੰਨੀ ਮਦਦ ਮੁਹੱਈਆ ਕਰਦੀਆਂ ਹਨ। ਇਸ ਪੱਖੋਂ ਦੇਖਿਆਂ, ਇਹ ਸਖਸ਼ੀਅਤਾਂ ਲੋਕਾਂ ਦੇ ਜਮਹੂਰੀ ਹੱਕਾਂ ਤੇ ਸ਼ਹਿਰੀ ਆਜ਼ਾਦੀਆਂ ਦੀ ਲਹਿਰ ਅਤੇ ਲੁੱਟ-ਖਸੁੱਟ ਤੇ ਦਾਬੇ ਵਿਰੁੱਧ ਲਹਿਰ 'ਚ ਅਹਿਮ ਹਿੱਸਾ ਪਾਉਂਦੀਆਂ ਹਨ। ਇਉਂ ਇਹਨਾਂ 'ਤੇ ਹੋਇਆ ਹਮਲਾ ਲੋਕਾਂ ਦੀ ਵਿਸ਼ਾਲ ਇਨਕਲਾਬੀ ਜਮਹੂਰੀ ਲਹਿਰ 'ਤੇ ਵੀ ਹਮਲਾ ਹੈ। ਇਸੇ ਵਜਾ ਕਰਕੇ, ਆਦਿਵਾਸੀਆਂ ਜਿਹੇ ਲੁੱਟੇ-ਲਤਾੜੇ ਲੋਕਾਂ ਦੀ ਬਾਂਹ ਫੜਨ ਵਾਲੇ ਇਹੋ ਜਿਹੇ ਲੋਕਾਂ ਨੂੰ ਸਰਕਾਰ ਜੇਲਾਂ 'ਚ ਸੁੱਟ ਕੇ ਕਾਰਪੋਰੇਟ ਗਿਰਝਾਂ ਵਿਰੁੱਧ ਸੰਘਰਸ਼ਸ਼ੀਲ ਆਦਿਵਾਸੀ ਲੋਕਾਂ ਨੂੰ ਪੂਰੀ ਤਰਾਂ ਨਿਸੱਤੇ ਤੇ ਨਿਆਸਰੇ ਬਣਾਉਣਾ ਚਾਹੁੰਦੀ ਹੈ। ਇਉਂ ਮੋਦੀ ਸਰਕਾਰ ਦੀ ਇਹ ਧੱਕੜ ਕਾਰਵਾਈ ਕਾਰਪੋਰੇਟਾਂ ਨਾਲ ਵਫਾ ਪਾਲਣ ਵੱਲ ਸੇਧਤ ਹੈ। ਭਾਜਪਾ ਹਕੂਮਤ ਇੱਕ ਪਾਸੇ ਲੋਕਾਂ ਦੀ ਵਿਰੋਧ ਲਹਿਰ ਦੇ ਹਰ ਹਿੱਸੇ ਨੂੰ ਦੇਸ਼-ਧਰੋਹੀ ਤੇ ਮੁਲਕ ਲਈ ਖ਼ਤਰਾ ਦਰਸਾ ਕੇ ਕੁਚਲਣਾ ਚਾਹੁੰਦੀ ਹੈ ਤੇ ਨਾਲ ਹੀ ਇਸ ਹਮਲੇ ਰਾਹੀਂ ਪਛੜੀਆਂ ਪਰਤਾਂ ਦੀ ਲਾਮਬੰਦੀ ਕਰਨਾ ਚਾਹੁੰਦੀ ਹੈ। ਪਰ ਮੁਲਕ ਦੇ ਜਮਹੂਰੀ ਹਲਕਿਆਂ ਦੀ ਡਟਣ ਨਿਭਣ ਦੀ ਸਮਰੱਥਾ ਤੇ ਲੋਕਾਂ ਨਾਲ ਰਿਸ਼ਤੇ ਦੀ ਤਾਕਤ ਭਾਜਪਾਈ ਹਾਕਮਾਂ ਦੀ ਇਹ ਬਾਜੀ ਪੁੱਠੀ ਪਵਾ ਸਕਦੀ ਹੈ।
ਭਾਜਪਾਈ ਸਿਧਾਂਤਕਾਰਾਂ ਵੱਲੋਂ ਗ੍ਰਿਫਤਾਰ ਬੁੱਧੀਜੀਵੀ ਕਾਰਕੁੰਨਾਂ ਦੇ ਮਾਓਵਾਦੀਆਂ ਨਾਲ ਰਲ ਕੇ ਮੋਦੀ ਨੂੰ ਕਤਲ ਕਰਨ ਦੀ ਸਾਜਿਸ਼ ਦੇ ਲਾਏ, ਪੂਰੀ ਤਰਾਂ ਬੇਤੁਕੇ ਤੇ ਹਾਸੋਹੀਣੇ ਇਲਜ਼ਾਮ, ਮੋਦੀ ਤੇ ਉਸ ਦੀ ਸਰਕਾਰ ਦੇ ਖੁਰ ਰਹੇ ਆਧਾਰ ਦੀਆਂ ਕਨਸੋਆਂ ਦਿੰਦੇ ਹਨ। ਸਰਕਾਰੀ ਟੁੱਕੜਬੋਚ ਮੀਡੀਆ ਦੀ ਮੱਦਦ ਨਾਲ ਮੋਦੀ ਦੀ ਜਾਨ ਲੈਣ ਦੀਆਂ ਸਾਜਿਸ਼ਾਂ ਦੀ ਮਨਘੜਤ ਕਹਾਣੀ ਨੂੰ ਸਨਸਨੀਖੇਜ ਢੰਗ ਨਾਲ ਉਭਾਰ ਕੇ, ਪਹਿਲਾਂ ਅਜ਼ਮਾਏ ਤਜਰਬਿਆਂ ਨੂੰ ਦੁਹਰਾ ਕੇ, ਮੋਦੀ ਲਈ ਹਮਦਰਦੀ ਤੇ ਹਮਾਇਤ ਜਿੱਤਣ ਦੇ ਨਿਹਫਲ ਯਤਨ ਕੀਤੇ ਜਾ ਰਹੇ ਹਨ।
ਮੋਦੀ ਸਰਕਾਰ ਆਪਣੇ ਸਿਆਸੀ ਵਿਰੋਧੀਆਂ, ਖਾਸ ਕਰਕੇ ਖੱਬੇ ਪੱਖੀ ਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ, ਦਲਿਤ ਤੇ ਆਦਿਵਾਸੀ ਕਾਰਕੁੰਨਾਂ, ਟਰੇਡ ਯੂਨੀਅਨ ਆਗੂਆਂ ਆਦਿਕ ਨੂੰ ਜਿਵੇਂ ਕਿਵੇਂ ਝੂਠੇ ਕੇਸਾਂ 'ਚ ਉਲਝਾ ਕੇ ਹਕੂਮਤੀ ਵਿਰੋਧ ਦੀ ਆਵਾਜ਼ ਦੀ ਸੰਘੀ ਘੁੱਟਣ 'ਤੇ ਉਤਾਰੂ ਹੈ। ਦੂਜੇ ਪਾਸੇ, ਬੁਰਛਾਗਰਦ ਹਿੰਦੂਵਾਦੀ ਅਨਸਰਾਂ ਤੇ ਜਥੇਬੰਦੀਆਂ ਨੂੰ ਖੁੱਲਖੇਡਣ ਦੀ ਪੂਰੀ ਛੋਟ ਦੇ ਰੱਖੀ ਹੈ। ਭੀਮਾ ਕੋਰੇਗਾਓਂ 'ਚ ਹਿੰਸਾ ਭੜਕਾਉਣ ਦੀਆਂ ਮੁਜਰਮ ਹਿੰਦੂਵਾਦੀ ਜਥੇਬੰਦੀਆਂ ਵਿਰੁੱਧ ਕੋਈ ਕਾਰਵਾਈ ਨਾ ਕਰਨਾ, ਸਵਾਮੀ ਅਗਨੀਵੇਸ਼, ਉਮਰ ਖਾਲਿਦ ਅਤੇ ਵਾਜਪਾਈ ਦੀ ਮੌਤ 'ਤੇ ਉਸਦੀ ਨੁਕਤਾਚੀਨੀ ਕਰਦੀ ਟਿੱਪਣੀ ਕਰਨ ਵਾਲੇ ਬਿਹਾਰ ਦੇ ਇੱਕ ਪ੍ਰੋਫੈਸਰ 'ਤੇ ਜਾਨਲੇਵਾ ਹਮਲਾ ਤੇ ਵਹਿਸ਼ੀ ਕੁਟਾਪਾ ਕਰਨ ਵਾਲੇ ਹਿੰਦੂਵਾਦੀ ਅਨਸਰਾਂ ਵਿਰੁੱਧ  ਕਾਰਵਾਈ ਨਾ ਕਰਨਾ ਤੇ ਸਨਾਤਨ ਸੰਸਥਾ ਜਿਹੀਆਂ ਹਿੰਦੂ ਫਾਸ਼ੀਵਾਦੀ ਜਥੇਬੰਦੀਆਂ ਜਾਂ ਕਾਤਲੀ ਭੀੜਾਂ ਦੇ ਅਯੋਜਕਾਂ ਨੂੰ ਸ਼ਹਿ ਦੇਣਾ ਇਸ ਗੱਲ ਦਾ ਸੂਚਕ ਹੈ ਕਿ ਭਾਜਪਾਈ ਹਾਕਮ ਵਿਰੋਧ ਦੀ ਧਰਮ ਨਿਰਪੱਖ ਆਵਾਜ਼ ਨੂੰ ਕੁਚਲ ਕੇ ਹਿੰਦੂ ਰਾਸ਼ਟਰ ਦੀ ਸਥਾਪਨਾ ਵੱਲ ਪੇਸ਼ਕਦਮੀ ਜਾਰੀ ਰੱਖ ਰਹੇ ਹਨ। ਇਹ ਸਭਨਾਂ ਦੇ ਗੰਭੀਰ ਗੌਰ ਫਿਕਰ ਦਾ ਮਾਮਲਾ ਬਣਦਾ ਹੈ।
ਭਾਰਤ ਦੇ ਕਮਿਊਨਿਸਟ ਇਨਕਲਾਬੀਆਂ ਦੀ ਸ਼ੁਰੂ ਤੋਂ ਹੀ ਇਹ ਧਾਰਨਾ ਰਹੀ ਹੈ ਕਿ ਮੌਜੂਦਾ ਭਾਰਤੀ ਰਾਜ ਸਿਰਫ ਇਕ ਨਾਮਧਰੀਕ ਪਾਰਲੀਮਾਨੀ ਜਮਹੂਰੀਅਤ ਹੈ। ਹਕੀਕਤ 'ਚ ਇਹ ਇਕ ਧੱਕੜ ਆਪਾਸ਼ਾਹ ਰਾਜ ਹੈ। ਭਾਰਤੀ ਸੰਵਿਧਾਨ 'ਚ ਦਰਜ ਨਾਗਰਿਕਾਂ ਦੇ ਵੱਖ ਵੱਖ ਅਧਿਕਾਰ ਤੇ ਅਜ਼ਾਦੀਆਂ ਬਹੁਤਾ ਕਰਕੇ ਦਿਖਾਵੇ ਲਈ ਹਨ, ਜਿਨਾਂ ਦਾ ਹਕੀਕਤ 'ਚ ਆਮ ਲੋਕਾਂ ਦੀ ਜਿੰਦਗੀ ਨਾਲ ਕੋਈ ਲਾਗਾ-ਦੇਗਾ ਨਹੀਂ ਹੈ। ਭਾਰਤੀ ਰਾਜ  ਦੇ ਜਾਬਰ ਤੇ ਧੱਕੜ ਚਿਹਰੇ 'ਤੇ ਜਮਹੂਰੀਅਤ ਦਾ ਪਰਦਾ ਪਾ ਕੇ ਰੱਖਣ ਲਈ ਕਦੇ ਕਦਾਈਂ ਆਮ ਲੋਕਾਂ ਨੂੰ ਵੀ ਮਾੜੀ ਮੋਟੀ ਜਮਹੂਰੀਅਤ ਦੇ ਦੀਦਾਰ ਹੋ ਜਾਂਦੇ ਹਨ ਪਰ ਕੁੱਲ ਮਿਲਾ ਕੇ ਇੱਕ ਸਮੂਹ ਦੇ ਤੌਰ 'ਤੇ ਉਹਨਾਂ ਲਈ ਇਹ ਜਮਹੂਰੀਅਤ ਬੇਮਾਨਾ ਬਣੀ ਰਹਿੰਦੀ ਹੈ। Àੁੱਪਰ ਵਰਨਣ ਕੀਤੀਆਂ ਗ੍ਰਿਫਤਾਰੀਆਂ ਭਾਰਤੀ ਰਾਜ ਦੇ ਇਸ ਦਬਾਊ ਤੇ ਧੱਕੜ ਆਮ ਵਿਹਾਰ ਦੀ ਪੁਸ਼ਟੀ ਕਰਦੀ Àੁੱਘੜਵੀਂ ਉਦਾਹਰਣ ਹੈ।
ਇਨਕਲਾਬੀ ਜਮਹੂਰੀ ਸ਼ਕਤੀਆਂ ਤੇ ਹੋਰ ਇਨਸਾਫ ਪਸੰਦ ਵਿਅਕਤੀਆਂ ਨੂੰ ਇਹਨਾਂ ਅਤੇ ਇਸ ਤੋਂ ਪਹਿਲਾਂ ਇਹੋ ਜਿਹੇ ਕੇਸਾਂ 'ਚ ਗ੍ਰਿਫਤਾਰ ਕੀਤੇ ਸਭਨਾਂ ਜਮਹੂਰੀ ਤੇ ਲੋਕ ਪੱਖੀ ਕਾਰਕੁੰਨਾਂ ਦੀ ਬਿਨਾਂ ਸ਼ਰਤ ਰਿਹਾਈ ਲਈ ਆਵਾਜ਼ ਉਠਾਉਣੀ ਚਾਹੀਦੀ ਹੈ ਤੇ ਲੋਕਾਂ 'ਤੇ ਹੋ ਰਹੇ ਹਰ ਕਿਸਮ ਦੇ ਹਕੂਮਤੀ ਹਮਲਿਆਂ ਦਾ ਲਗਾਤਾਰ ਵਿਰੋਧ ਜਾਰੀ ਰੱਖਣਾ ਚਾਹੀਦਾ ਹੈ, ਇਸਦੇ ਨਾਲੋ ਨਾਲ ਵਿਰੋਧ ਲਹਿਰ ਨੂੰ ਹੋਰ ਵਿਆਪਕ ਤੇ ਪਰਚੰਡ ਬਣਾਉਣਾ ਚਾਹੀਦਾ ਹੈ। ਇਸ ਗੈਰ-ਜਮਹੂਰੀ ਆਪਸ਼ਾਹ ਰਾਜ ਦੀ ਜਾਬਰ ਖਸਲਤ ਨੂੰ ਨੰਗਾ ਕਰਕੇ ਇਸ ਨੂੰ ਚਲਦਾ ਕਰਨ ਅਤੇ ਇੱਕ ਖਰਾ ਜਮਹੂਰੀ ਰਾਜ ਸਿਰਜਣ ਵੱਲ ਵੀ ਆਪਣੇ ਯਤਨ ਤੇਜ਼ ਕਰਨੇ ਚਾਹੀਦੇ ਹਨ।

ਨਜ਼ਰਬੰਦੀਆਂ: ਜਮਹੂਰੀ ਹਲਕਿਆਂ ਦੇ ਪ੍ਰਤੀਕਰਮ




ਨਜ਼ਰਬੰਦੀਆਂ:
ਜਮਹੂਰੀ ਹਲਕਿਆਂ ਦੇ ਪ੍ਰਤੀਕਰਮ
ਐਮਰਜੈਂਸੀ ਨਾਲੋਂ ਵੀ ਸੰਗੀਨ ਹਾਲਤ - ਅਰੁੰਧਤੀ ਰਾਏ
''ਉੱਧੜਕੇ ਸਾਹਮਣੇ ਆ ਰਹੀਆਂ ਘਟਨਾਵਾਂ ਜਮਹੂਰੀਅਤ ਦਾ ਭੋਗ ਪਾਉਣ ਤੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰਵਾਦ 'ਚ ਬਦਲਣ ਦੇ ਇਰਾਦਿਆਂ ਨੂੰ ਜਾਹਰ ਕਰਦੀਆਂ ਹਨ।
''ਹੁਣ ਇਹ ਅਜਿਹੇ ਇਰਾਦਿਆਂ ਦਾ ਖੁੱਲਮ-ਖੁੱਲਾ ਐਲਾਨ ਹੈ। ਇਹ ਐਮਰਜੈਂਸੀ ਨਾਲੋਂ ਕਿਤੇ ਗੰਭੀਰ ਮਾਮਲਾ ਹੈ, ਕਿਤੇ ਜ਼ਿਆਦਾ ਖਤਰਨਾਕ ਮਾਮਲਾ ਹੈ। ਐਤਕੀਂ ਵਾਰੀ ਇਹ ਖੁਦ ਸਰਕਾਰ ਹੀ ਹੈ ਜੋ ਮੀਡੀਆ 'ਚ ਆਪਣੇ ਚਾਟੜਿਆਂ, ਕਾਤਲੀ ਸੂਹੀਆਂ ਅਤੇ ਨਫ਼ਰਤ ਦੇ ਵਣਜਾਰਿਆਂ ਰਾਹੀਂ ਘੱਟ ਗਿਣਤੀਆਂ, ਦਲਿਤਾਂ, ਇਸਾਈਆਂ, ਮੁਸਲਮਾਨਾਂ, ਖੱਬੇ ਪੱਖੀਆਂ ਅਤੇ ਹਰ ਉਸ ਹਿੱਸੇ ਵਿਰੁੱਧ, ਜੋ ਉਹਨਾਂ ਨਾਲ ਸਹਿਮਤ ਨਹੀਂ, ਜੰਗ ਛੇੜ ਕੇ ਉਹਨਾਂ Àੁੱਪਰ ਅਮਨ ਕਾਨੂੰਨ ਭੰਗ ਹੋਣ ਦੀ ਹਾਲਤ ਮੜਰਹੀ  ਹੈ। ਹਰ ਉਸ ਵਿਅਕਤੀ ਨੂੰ ਜੋ ਇੱਕ ਵਿਸ਼ੇਸ਼ ਵਿਚਾਰਧਾਰਾ ਨਾਲ ਸਹਿਮਤ ਨਹੀਂ, ਮੁਜ਼ਰਮ ਗਰਦਾਨਿਆ ਜਾ ਰਿਹਾ ਹੈ, ਜੇਲ• 'ਚ ਸੁੱਟਿਆ ਜਾ ਰਿਹਾ ਹੈ ਜਾਂ ਫਿਰ ਨਕਾਬਪੋਸ਼ ਸੱਜੇ-ਪੱਖੀ ਹਤਿਆਰਿਆਂ ਵੱਲੋਂ ਕਤਲ ਕੀਤਾ ਜਾ ਰਿਹਾ ਹੈ।
''ਵਡੇਰੇ ਪ੍ਰਸੰਗ 'ਚ ਦੇਖਿਆਂ, ਇਕ ਪਾਸੇ ਵਕੀਲਾਂ, ਬੁੱਧੀਜੀਵੀਆਂ ਤੇ ਦਲਿਤ ਕਾਰਕੁੰਨਾਂ ਦੀਆਂ ਗ੍ਰਿਫਤਾਰੀਆਂ ਕਰਨਾ ਤੇ ਦੂਜੇ ਪਾਸੇ ਕਾਤਲੀ ਭੀੜਾਂ ਦੇ ਸਰਗਣਿਆਂ ਅਤੇ ਨਫ਼ਰਤ ਦੇ ਵਣਜਾਰਿਆਂ ਦੀਆਂ ਗ੍ਰਿਫਤਾਰੀਆਂ ਨਾ ਕਰਨਾ ਭਾਰਤੀ ਸੰਵਿਧਾਨ ਦੀ ਰੂਹ 'ਤੇ ਤਾਬੜਤੋੜ ਵਿਚਾਰਧਾਰਕ ਹਮਲੇ ਦਾ ਹੀ ਅੰਗ ਹੈ।
''ਜਿੱਥੇ ਇੱਕ ਪਾਸੇ Àੁੱਚ ਅਹੁਦਿਆਂ 'ਤੇ ਬੈਠੇ ਲੋਕਾਂ ਵੱਲੋਂ ਕਾਤਲਾਂ ਦੇ ਗਲਾਂ 'ਚ ਹਾਰ ਪਾਏ ਜਾ ਰਹੇ ਹਨ ਤੇ ਉਹਨਾਂ ਦੀ ਹਿਫਾਜ਼ਤ ਕੀਤੀ ਜਾ ਰਹੀ ਹੈ, ਉਥੇ ਦੂਜੇ ਪਾਸੇ ਜਿਹੜਾ ਵੀ ਕੋਈ ਇਨਸਾਫ ਦੀ ਗੱਲ ਕਰਦਾ ਹੈ ਜਾਂ ਹਿੰਦੂ ਬਹੁ-ਗਿਣਤੀ ਦਾ ਵਿਰੋਧ ਕਰਦਾ ਹੈ, ਉਸ ਨੂੰ ਮੁਜ਼ਰਮ ਗਰਦਾਨਿਆ ਜਾ ਰਿਹਾ ਹੈ। ਜੋ ਕੁੱਝ ਵਾਪਰ ਰਿਹਾ ਹੈ, ਇਹ ਬੇਹੱਦ ਖਤਰਨਾਕ ਹੈ। ਆ ਰਹੀਆਂ ਚੋਣਾਂ ਦੇ ਪ੍ਰਸੰਗ 'ਚ ਇਹ ਭਾਰਤੀ ਸੰਵਿਧਾਨ ਤੇ ਸਾਡੇ ਵੱਲੋਂ ਚਾਹੀਆਂ ਜਾਣ ਵਾਲੀਆਂ ਸਭਨਾਂ ਆਜ਼ਾਦੀਆਂ ਖਿਲਾਫ ਕੀਤਾ ਗਿਆ ਰਾਜ ਪਲਟਾ ਹੈ। ''
ਅਜਿਹਾ ਕਿਸੇ ਨਾਲ ਵੀ ਵਾਪਰ ਸਕਦਾ ਹੈ
Àੁੱਘੇ ਦਲਿਤ ਵਿਦਵਾਨ, ਲੇਖਕ ਤੇ ਪ੍ਰੋਫੈਸਰ ਆਨੰਦ ਤੇਲਤੁੰਬੜੇ, ਜੋ ਮੌਜੂਦਾ ਹਮਲੇ ਦਾ ਨਿਸ਼ਾਨਾ ਵੀ ਸਨ, ਦਾ ਕਹਿਣਾ ਹੈ:
''ਇਹ ਸਿਰਫ ਕੁੱਝ ਇਕ ਸਖਸ਼ਾਂ ਨੂੰ ਗ੍ਰਿਫਤਾਰ ਕੀਤੇ ਜਾਣ ਤੇ ਨਿਸ਼ਾਨਾ ਬਣਾਏ ਜਾਣ ਦਾ ਹੀ ਮਾਮਲਾ ਨਹੀਂ, ਅਜਿਹਾ ਕਿਸੇ ਨਾਲ ਵੀ ਵਾਪਰ ਸਕਦਾ ਹੈ। ਸਰਕਾਰ ਨੇ ਇਕ ਦਹਿਸ਼ਤਗਰਦ ਦਾ ਰੋਲ ਸੰਭਾਲ ਲਿਆ ਹੈ ਤੇ ਜੀਹਨੂੰ ਜੀਅ ਚਾਹੇ ਹਮਲੇ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਜਿਹੋ ਜਿਹੀ ਹਾਲਤ 'ਚ ਅਸੀਂ ਰਹਿ ਰਹੇ ਹਾਂ, ਇਹ ਅਣ-ਐਲਾਨੀ ਐਮਰਜੈਂਸੀ ਵਾਲੀ ਹਾਲਤ ਹੈ, ਜੋ 1975 ' ਲਾਈ ਐਮਰਜੈਂਸੀ ਤੋਂ ਵੀ ਭੈੜੀ ਹੈ। ਉਹ ਐਮਰਜੈਂਸੀ ਵਿਧਾਨ ਮੁਤਾਬਕ ਲਾਈ ਸੀ। ਕਾਨੂੰਨ ਨੇ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸ ਬਾਰੇ ਬਹਿਸ-ਵਿਚਾਰ ਕੀਤੀ ਜਾ ਸਕਦੀ ਹੈ ਕਿ ਇਹ ਕਿਵੇਂ ਗਲਤ ਸੀ। ਪਰ ਹੁਣ ਮੌਜੂਦਾ ਹਾਲਤਾਂ ', ਇਸ ਨੂੰ ਕੋਈ ਵੀ ਕਾਨੂੰਨੀ ਉਚਿੱਤਤਾ ਹਾਸਲ ਨਹੀਂ।
ਗੁਜਰਾਤ ਦੇ Àੁੱਘੇ ਦਲਿਤ ਆਗੂ ਜਿਗਨੇਸ਼ ਮੇਵਾਨੀ ਦਾ ਕਹਿਣਾ ਹੈ:
''ਇਹ ਗ੍ਰਿਫਤਾਰੀਆਂ ਅਣ-ਐਲਾਨੀ ਐਮਰਜੈਂਸੀ, ਫਾਸਿਜ਼ਮ ਤੇ ਗੁਜਰਾਤ ਮਾਡਲ ਦਾ ਮਿਲਗੋਭਾ ਜਾਪਦੀਆਂ ਹਨ। ਹਰੇਕ ਉਸ ਵਿਅਕਤੀ ਨੂੰ ਜੋ ਹੁਕਮਰਾਨ ਦੀ ਵਿਚਾਰਧਾਰਾ ਦਾ ਵਿਰੋਧ ਕਰਦਾ ਹੈ ਅਤੇ ਲੋਕਾਂ ਦੇ ਹਿੱਤਾਂ ਲਈ ਜੱਦੋਜਹਿਦ ਕਰਦਾ ਹੈ, ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਉਹਨਾਂ ਦੀ ਦੂਜੀ ਕੋਸ਼ਿਸ਼ ਇਹ ਹੈ ਕਿ ਦਲਿਤ ਲਹਿਰ ਅਤੇ ਦਲਿਤ ਅਧਿਕਾਰ ਜਤਲਾਈ ਨੂੰ ਬਦਨਾਮ ਕੀਤਾ ਜਾਵੇ। ਇਹ ਕਾਰਕੁੰਨਾਂ ਵੱਲੋਂ ਰਾਜ ਵਿਰੁੱਧ ਛੇੜੀ ਜੰਗ ਨਹੀਂ, ਸਗੋਂ ਇਕ ਅਜਿਹੀ ਜੰਗ ਹੈ ਜੋ ਰਾਜ ਵੱਲੋਂ ਉਹਨਾਂ ਉਪਰ ਥੋਪੀ ਗਈ ਹੈ।
''ਪ੍ਰਧਾਨ ਮੰਤਰੀ ਨੂੰ ਕਤਲ ਕੀਤੇ ਜਾਣ ਦੇ ਖਤਰੇ ਦੀਆਂ ਧੁਮਾਈਆਂ ਜਾ ਰਹੀਆਂ ਕਹਾਣੀਆਂ 2019 ਦੀਆਂ ਚੋਣਾਂ ਤੋਂ ਪਹਿਲਾਂ ਨਰਿੰਦਰ ਮੋਦੀ ਲਈ ਹਮਦਰਦੀ ਜਿੱਤਣ ਲਈ ਹਨ। ਇਹ ਨੋਟਬੰਦੀ, ਜੀ. ਐਸ. ਟੀ., ਕਿਸਾਨਾਂ ਦੀਆਂ ਖੁਦਕੁਸ਼ੀਆਂ ਆਦਿਕ ਜਿਹੇ ਹਕੀਕੀ ਮਸਲਿਆਂ ਤੋਂ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਹੈ। ਅਸੀਂ ਇਸ ਤੋਂ ਡਰਨ ਵਾਲੇ ਨਹੀਂ ਹਾਂ ਅਤੇ ਅਸੀਂ ਆਵਾਜ਼ ਸੁਣਾਉਣ ਲਈ ਦੇਸ਼ ਭਰ ਅੰਦਰ ਰੈਲੀਆਂ ਦੀ ਸਿਲਸਿਲਾ ਜਾਰੀ ਰੱਖਾਂਗੇ।''
ਇਹ ਹਕੂਮਤੀ ਦਹਿਸ਼ਤਗਰਦੀ ਤੋਂ ਬਿਨਾਂ ਹੋਰ ਕੁੱਝ ਨਹੀਂ
ਐਲਗਾਰ ਪ੍ਰੀਸ਼ਦ ਦੇ ਆਰਗੇਨਾਈਜ਼ਰਾਂ 'ਚੋਂ ਇੱਕ
ਜਸਟਿਸ (ਰਿਟਾਇਰਡ) ਪੀ. ਪੀ. ਸਾਵੰਤ
''ਮੈਨੂੰ ਸਮਝ ਨਹੀਂ ਆਉਂਦਾ ਕਿ ਇਹਨਾਂ ਸਖਸ਼ਾਂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦੋਸ਼ ਲਾ ਰਹੀ ਹੈ ਕਿ ਇਹ ਲੋਕ ਨਕਸਲਾਈਟਾਂ ਨਾਲ ਜੁੜੇ ਹੋਏ ਹਨ ਤੇ ਪਿਛਲੇ ਸਾਲ 31 ਦਸੰਬਰ ਨੂੰ ਹੋਈ ਐਲਗਾਰ ਕਾਨਫਰੰਸ ਨੂੰ ਜਥੇਬੰਦ ਕਰਨ ਵਿਚ ਵੀ ਇਹਨਾਂ ਦਾ ਹੱਥ ਹੈ। ਕੀ ਇਹ ਗੱਲ ਹੁਣ 8 ਮਹੀਨਿਆਂ ਬਾਅਦ ਚੇਤੇ ਆਈ ਹੈ? ਮੈਂ ਤਾਂ ਇਹਨਾਂ ਨੂੰ ਕਦੇ ਵੇਖਿਆ ਜਾਂ ਮਿਲਿਆ ਨਹੀਂ।  ਇਹਨਾਂ 'ਚੋਂ ਸਿਰਫ ਇੱਕ ਜਣਾ-ਇਕ ਵਕੀਲ ਔਰਤ-ਕੁੱਝ ਸਮਾਂ ਪਹਿਲਾਂ ਮੇਰੇ ਕੋਲੋਂ ਕਾਨੂੰਨੀ ਸਲਾਹ ਲੈਣ ਆਈ ਸੀ ਜਦੋਂ ਕੁੱਝ ਹੋਰ ਜਣਿਆਂ ਨੂੰ ਪੁਲਸ ਵੱਲੋਂ ਫੜਿਆ ਗਿਆ ਸੀ। ਉਦੋਂ ਪੁਲਿਸ ਨੇ ਕਿਹਾ ਸੀ ਕਿ ਉਸ ਨੂੰ ਉਹਨਾਂ ਕੋਲੋਂ ਕੁੱਝ ਵੀ ਨਹੀਂ ਮਿਲਿਆ ਜੋ ਉਹਨਾਂ ਦਾ ਨਕਸਲੀਆਂ ਨਾਲ ਸਬੰਧ ਸਥਾਪਤ ਕਰਦਾ ਹੋਵੇ। ਹੁਣ, ਉਹ ਇਕ ਹੋਰ ਪੂਰ ਦੀਆਂ ਗ੍ਰਿਫਤਾਰੀਆਂ ਕਰ ਰਹੇ ਹਨ।
ਇਸ ਸਭ ਕਾਸੇ ਤੋਂ ਭਲਾ ਹੋਰ ਕੀ ਨਤੀਜਾ ਕੱਢਿਆ ਜਾ ਸਕਦਾ ਹੈ, ਸਿਵਾਏ ਇਸ ਗੱਲ ਦੇ ਕਿ ਇਹ ਸਾਰਾ ਕੁੱਝ ਸਰਕਾਰ ਦੇ ਕਹਿਣ 'ਤੇ ਕੀਤਾ ਜਾ ਰਿਹਾ ਹੈ। ਕੀ ਇਸ ਦੇਸ਼ ' ਕਾਨੂੰਨ ਦਾ ਰਾਜ ਹੈ? ਕੀ ਇਥੇ ਮੁਲਕ ਅੰਦਰ ਜਮਹੂਰੀਅਤ ਅਤੇ ਸੰਵਿਧਾਨ ਲਾਗੂ ਹੈ? ਇਸ ਸਭ ਨੂੰ ਕੀ ਸਮਝਿਆ ਜਾਵੇ? ਇਸ ਬਾਰੇ ਮੈਨੂੰ ਭੋਰਾ-ਭਰ ਵੀ ਸ਼ੱਕ ਨਹੀਂ ਕਿ ਰਾਜਸੱਤਾ, ਯਾਨੀ ਕੇਂਦਰ ਸਰਕਾਰ ਇਸ ਗੱਲ ਲਈ ਉਹਨਾਂ (ਪੁਲਸ) 'ਤੇ ਦਬਾਅ ਪਾ ਰਹੀ ਹੈ .. .. ਸਰਕਾਰ ਬੁਖਲਾ ਗਈ ਹੈ ਅਤੇ ਉਹ ਦੇਸ਼ 'ਚ ਜੋ ਕੁੱਝ ਹੋਰ ਵਾਪਰ ਰਿਹਾ ਹੈ, ਉਸ ਤੋਂ ਧਿਆਨ ਲਾਂਭੇ ਕਰਨਾ ਲੋਚਦੀ ਹੈ।''
ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਗੈਰਕਾਨੂੰਨੀ ਕਾਰਵਾਈਆਂ ਦੀ ਰੋਕਥਾਮ ਸਬੰਧੀ ਕਾਨੂੰਨ (ਉਪਾ) ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ, ਕਿਉਂਕਿ ਇਸ ਤਹਿਤ ਫੜੇ ਜਾਣ ਤੋਂ ਬਾਅਦ ਜਮਾਨਤ ਹਾਸਲ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਹੈ। ਐਡਵੋਕੇਟ ਸੁਰਿੰਦਰ ਗੈਡਲਿੰਗ ਨੂੰ ਸਿਰਫ ਇਸ ਕਰਕੇ ਹੀ ਫੜ ਲਿਆ ਗਿਆ ਕਿਉਂਕਿ ਉਸ ਨੇ ਨਕਸਲੀਆਂ ਦੇ ਕੇਸ ਦੀ ਵਕੀਲ ਵਜੋਂ ਪੈਰਵਾਈ ਕਰਨਾ ਮਨਜੂਰ ਕਰ ਲਿਆ ਸੀ। ਉਹ ਹੁਣ ਅਦਾਲਤੀ ਹਿਰਾਸਤ 'ਚ ਰੱਖਿਆ ਹੋਇਆ ਹੈ। ਇਹ ਕਾਨੂੰਨ ਨਾਲ ਮੁਕੰਮਲ ਖਿਲਵਾੜ ਹੈ।
''ਹੁਣ ਇਹ ਗੱਲ ਅਸੀਂ ਭਲੀਭਾਂਤ ਦੇਖ ਸਕਦੇ ਹਾਂ ਕਿ ਇਹ ਗ੍ਰਿਫਤਾਰੀਆਂ ਲੋਕਾਂ ਨੂੰ, ਵਿਸ਼ੇਸ਼ ਕਰਕੇ ਉਹਨਾਂ ਲੋਕਾਂ ਨੂੰ ਜੋ ਮੌਜੂਦਾ ਹਕੂਮਤ ਦੀ ਨੁਕਤਾਚੀਨੀ ਕਰਦੇ ਹਨ, ਦਹਿਸ਼ਤਜ਼ਦਾ ਕਰਨ ਦੀ ਵਡੇਰੀ ਵਿਉਂਤ ਦਾ ਅੰਗ ਹੈ। ਇਹ ਹਕੂਮਤੀ ਦਹਿਸ਼ਤਗਰਦੀ ਤੋਂ ਬਿਨਾਂ ਹੋਰ ਕੁੱਝ ਨਹੀਂ। ਦੂਜੇ ਪਾਸੇ, ਸਭਨਾਂ ਹਿੰਦੂਤਵਵਾਦੀ ਜਥੇਬੰਦੀਆਂ-ਚਾਹੇ ਆਰ. ਐਸ. ਐਸ. ਹੋਵੇ, ਬਜਰੰਗ ਦਲ ਹੋਵੇ ਜਾਂ ਸਨਾਤਨ ਸੰਸਥਾ, ਉਹਨਾਂ ਨੂੰ ਖੁੱਲਖੇਡਣ ਦੀ ਪੂਰੀ ਛੁੱਟੀ ਦੇ ਰੱਖੀ ਹੈ।
ਐਲਗਾਰ ਪ੍ਰੀਸ਼ਦ ਦੀਆਂ ਮੀਟਿੰਗਾਂ ਦੇ ਸਬੰਧ 'ਚ ਜਸਟਿਸ ਸਾਵੰਤ ਨੇ ਕਿਹਾ,''ਅਸੀਂ ਦੇਸ਼ ਭਰ ਅੰਦਰ ਅਜਿਹੀਆਂ ਹੋਰ ਕਾਨਫਰੰਸਾਂ ਕਰਾਵਾਂਗੇ, ਜ਼ਿਆਦਾ ਇਸ ਗੱਲ ਕਰਕੇ ਕਿਉਂਕਿ ਸਰਕਾਰ ਅਤੇ ਪੁਲਸ ਸਾਡੇ ਪਿੱਛੇ ਪੈ ਗਈ ਹੈ।''
ਵਿਚਾਰ ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲਾ
ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਆਰ. ਐਨ. ਲੋਧਾ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਜਮਹੂਰੀ ਕਾਰਕੁੰਨਾਂ ਨੂੰ ਗ੍ਰਿਫਤਾਰ ਕਰਨ ਦੀ ਇਹ ਕਾਰਵਾਈ ''ਵਖਰੇਵੇਂ ਵਾਲੀ ਆਵਾਜ਼ ਨੂੰ ਦਬਾਉਣ ਦੀ  ਕੋਸ਼ਿਸ਼ ਹੈ।'' ਉਹਨਾਂ ਨੇ ਕਿਹਾ ਕਿ ''ਇਹ ਗ੍ਰਿਫਤਾਰੀਆਂ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ 'ਤੇ ਇਕ ਹਮਲਾ ਹੈ.. .. ਅਤੇ ਇਹ ਵਿਧਾਨਕ ਜਮਹੂਰੀਅਤ ਦੇ ਮੂਲ ਸਿਧਾਂਤਾਂ ਦਾ ਉਲੰਘਣ ਹੈ।''
''ਉਹ ਸਾਨੂੰ ਸਬਕ ਸਿਖਾਉਣਾ ਚਾਹੁੰਦੇ ਹਨ''
ਬੰਬਈ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਬੀ. ਜੀ. ਕੋਲਸੇ ਪਾਟਿਲ, ਜੋ ਭੀਮਾ ਕੋਰੇਗਾਓਂ 'ਚ ਕੀਤੀ ਐਲਗਾਰ ਕਾਨਫਰੰਸ ਦੇ ਆਯੋਜਕਾਂ 'ਚੋਂ ਇੱਕ ਸਨ, ਨੇ ਕਿਹਾ, ''ਅਸੀਂ ਅਕਤੂਬਰ 4, 2015 ਨੂੰ ਆਰ. ਐਸ. ਐਸ. ਮੁਕਤ ਭਾਰਤ ਦੀ ਮੰਗ ਕੀਤੀ ਸੀ। ਅਸੀਂ ਜੋ ਕੰਮ ਕਰ ਰਹੇ ਹਾਂ, ਸਰਕਾਰ ਨੂੰ ਉਹ ਹਜ਼ਮ ਨਹੀਂ ਆ ਰਿਹਾ। ਉਹ ਸਾਨੂੰ ਸਬਕ ਸਿਖਾਉਣਾ ਚਾਹੁੰਦੇ ਹਨ।'' ਉਹਨਾਂ ਨੇ ਗ੍ਰਿਫਤਾਰੀਆਂ ਦੀ ਕਾਰਵਾਈ ਨੂੰ ''ਹਕੂਮਤੀ ਦਹਿਸ਼ਤਗਰਦੀ'' ਗਰਦਾਨਿਆ।
ਬੇਚੈਨ ਕਰਨ ਵਾਲੀ ਕਾਰਵਾਈ
ਐਮਨੈਸਟੀ ਇੰਟਰਨੈਸ਼ਨਲ ਇੰਡੀਆ ਅਤੇ ਔਕਸਫਾਮ ਇੰਡੀਆ ਨੇ ਮੰਗਲਵਾਰ ਨੂੰ ਜਾਰੀ ਕੀਤੇ ਇੱਕ ਸਾਂਝੇ ਬਿਆਨ 'ਚ ਕਿਹਾ ਹੈ ਕਿ ਕਾਰਕੁੰਨਾਂ, ਐਡਵੋਕੇਟਾਂ ਤੇ ਮਨੁੱਖੀ ਹੱਕਾਂ ਦੇ ਰਾਖਿਆਂ ਉਤੇ ਦੇਸ਼ ਵਿਆਪੀ ਚੜਾਈ ਬਹੁਤ ਹੀ ਬੇਚੈਨ ਕਰਨ ਵਾਲੀ ਤੇ ਮੂਲ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਕਦਰਾਂ ਕੀਮਤਾਂ ਲਈ ਖਤਰਾ ਖੜਾ ਕਰਨ ਵਾਲੀ ਕਾਰਵਾਈ ਹੈ।
''ਸਰਕਾਰ ਦੀ ਨੁਕਤਾਚੀਨੀ ਕਰਨ ਵਾਲੇ ਕਾਰਕੁੰਨਾਂ, ਵਕੀਲਾਂ ਅਤੇ ਪੱਤਰਕਾਰਾਂ ਦੀਆਂ ਅੱਜ ਦੀਆਂ ਗ੍ਰਿਫਤਾਰੀਆਂ ਇਸ ਅਮਲ ਦਾ ਦੂਜਾ ਗੇੜ ਹੈ। ਗ੍ਰਿਫਤਾਰ ਕੀਤੇ ਗਏ ਇਹ ਸਾਰੇ ਵਿਅਕਤੀਆਂ ਦਾ ਭਾਰਤ ਦੇ ਸਭ ਤੋਂ ਗਰੀਬ ਤੇ ਖੂੰਜੇ ਲੱਗੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਇਤਿਹਾਸ ਹੈ। ਇਹਨਾਂ ਗ੍ਰਿਫਤਾਰੀਆਂ ਨੇ ਬੇਚੈਨ ਕਰਨ ਵਾਲੇ ਸੁਆਲ ਖੜੇ ਕੀਤੇ ਹਨ ਕਿ ਕਿਤੇ ਉਹਨਾਂ ਨੂੰ ਇਹਨਾਂ ਸਰਗਰਮੀਆਂ ਕਰਕੇ ਹੀ ਹਮਲੇ ਦਾ ਨਿਸ਼ਾਨਾ ਤਾਂ ਨਹੀਂ ਬਣਾਇਆ ਜਾ ਰਿਹਾ।''


ਆਉਂਦੀਆਂ ਚੋਣਾਂ: ਭਾਜਪਾ ਦੀਆਂ ਫਾਸ਼ੀ ਲਾਮਬੰਦੀਆਂ ਹੋਰ ਤੇਜ਼




ਆਉਂਦੀਆਂ ਚੋਣਾਂ:
ਭਾਜਪਾ ਦੀਆਂ ਫਾਸ਼ੀ ਲਾਮਬੰਦੀਆਂ ਹੋਰ ਤੇਜ਼
ਜਮਹੂਰੀ ਹਲਕੇ ਚੋਣਵਾਂ ਨਿਸ਼ਾਨਾ
ਚੋਣ ਖੇਡ ਅੰਦਰ ਭਾਜਪਾ ਦੀ ਸਿਆਸਤ ਜਿੱਥੇ ਇੱਕ ਪਾਸੇ ਲੋਕ ਲੁਭਾਊ ਲਫਾਜ਼ੀ ਹੇਠ ਸਾਮਰਾਜੀ ਏਜੰਡੇ ਜ਼ੋਰ ਸ਼ੋਰ ਨਾਲ ਲਾਗੂ ਕਰਨ ਦੀ ਹੈ, ਉਥੇ ਦੂਜੇ ਪਾਸੇ ਇਸ ਮਕਸਦ ਤਹਿਤ ਫਿਰਕੂ ਅਤੇ ਕੌਮੀ ਸ਼ਾਵਨਵਾਦ ਨੂੰ ਜੁੜੱਤ ਰੂਪ ਵਿੱਚ ਉਭਾਰਨ ਦੀ ਸਿਆਸਤ ਹੈ। ਇਹ ਸ਼ਾਵਨਵਾਦ ਇਸਦਾ ਵਿਸ਼ੇਸ਼ ਸਿਆਸੀ ਲੱਛਣ ਹੈ। ਨਾਲ ਹੀ ਆਪਣੀ ਲੋਕ ਦੋਖੀ ਸਿਆਸਤ ਦੀਆਂ ਜੜਾਂ ਜਮਾਉਣ, ਇਸਦਾ ਧੁਰ ਹੇਠਾਂ ਤੱਕ ਸੰਚਾਰ ਕਰਨ ਅਤੇ ਹਜੂਮਾਂ ਨੂੰ ਲਾਮਬੰਦ ਕਰਨ ਲਈ ਇਹ ਬੇਹੱਦ ਸਰਗਰਮ ਹੈ। ਇਸੇ ਕਾਰਨ ਕਿਸੇ ਵੀ ਹੋਰ ਹਾਕਮ ਜਮਾਤੀ ਸ਼ਰੀਕ ਪਾਰਟੀ ਦੇ ਮੁਕਾਬਲੇ ਇਸਦਾ ਢਾਂਚਾ (ਜਿਵੇਂ ਇਸਦੇ ਸਿਆਸੀ ਸਰਪ੍ਰਸਤ ਆਰ. ਐਸ. ਐਸ. ਦੇ ਵਿੰਗ) ਤੇ ਰਸਾਈ ਮੁਕਾਬਲਤਨ ਵੱਡੇ ਹਿੱਸੇ ਅਤੇ ਹੇਠਾਂ ਤੱਕ ਹੈ। ਇਸ ਸੰਚਾਰ ਨੂੰ ਅਸਰਦਾਰ ਬਣਾਉਣ ਲਈ ਮੋਦੀ ਹਕੂਮਤ ਨੇ ਆਪਣੇ ਕਾਰਜਕਾਲ ਦੌਰਾਨ ਸਾਰੇ ਤਿੱਖੇ ਆਰਥਿਕ ਹਮਲਿਆਂ ਨੂੰ ਦੇਸ਼ ਭਗਤੀ ਦੀ ਰੰਗਤ ਦੇਣ ਅਤੇ ਹਰ ਤਰਾਂ ਦੇ ਵਿਰੋਧ ਨੂੰ ਕੌਮੀ ਖਤਰੇ ਵਜੋਂ ਉਭਾਰ ਕੇ ਸਿੱਝਣ ਦੀਆਂ ਮਸ਼ਕਾਂ ਕੀਤੀਆਂ ਹਨ। ਇਸਨੇ ਜਿੱਥੇ ਨੋਟਬੰਦੀ ਅਤੇ ਜੀ.ਐਸ.ਟੀ. ਲਾਗੂ ਕਰਨ ਵਰਗੇ ਲੋਕ ਮਾਰੂ ਫੈਸਲਿਆਂ ਨੂੰ ਕੌਮੀ ਹਿਤਾਂ ਅਤੇ ਦੇਸ਼ਭਗਤੀ ਦਾ ਤੜਕਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਥੇ ਲੋਕ ਪੱਖੀ ਬੁੱਧੀਜੀਵੀਆਂ ਕਾਰਕੁੰਨਾਂ ਅਤੇ ਜਥੇਬੰਦੀਆਂ ਨੂੰ ਕੌਮੀ ਖਤਰੇ ਵਜੋਂ ਪੇਸ਼ ਕਰਕੇ ਉਲਟ ਲਾਮਬੰਦੀ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਹਿੰਸਕ ਭੀੜਾਂ ਜੁਟਾਈਆਂ ਹਨ। ਹੁਣ 2019 ਦੀਆਂ ਚੋਣਾਂ ਦੀਆਂ ਤਿਆਰੀਆਂ ਵਜੋਂ ਇਹਨਾਂ ਕੋਸ਼ਿਸ਼ਾਂ ਨੇ ਹੋਰ ਵੇਗ ਫੜਨਾ ਹੈ।
ਹਿੰਦੂ ਵੋਟ ਬੈਂਕ ਤੇ ਕੇਂਦਰਿਤ ਕਰਦੇ ਹੋਏ ਇਸਨੇ ਗਊ ਰੱਖਿਆ ਵਰਗੇ ਮੁੱਦੇ ਉਭਾਰੇ ਹਨ ਅਤੇ ਉਹਨਾਂ ਉਪਰ ਧੁਰ ਹੇਠਾਂ ਤੱਕ ਲਾਮਬੰਦੀ ਕੀਤੀ ਹੈ। 'ਗਊ ਰੱਖਿਆ' ਦੀਆਂ ਭੀੜਾਂ ਵੱਲੋਂ ਅਨੇਕਾਂ ਮੁਸਲਿਮ ਅਤੇ ਦਲਿਤ ਵਿਅਕਤੀਆਂ ਨੂੰ ਕੁੱਟ ਕੁੱਟ ਕੇ ਮਾਰਿਆ ਜਾ ਚੁੱਕਾ ਹੈ ਤੇ ਇਹ ਸਿਲਸਿਲਾ ਅਜੇ ਜਾਰੀ ਹੈ। ਅਜਿਹੀਆਂ ਫਿਰਕੂ ਲਾਮਬੰਦੀਆਂ ਦੇ ਨਾਲ ਨਾਲ ਦੂਜੇ ਪਾਸੇ ਵਿਰੋਧੀ ਵਿਚਾਰਾਂ ਨਾਲ ਸਿੱਝਣ ਲਈ ਇਹਨੇ ਲੋਕਾਂ ਦੀਆਂ ਕੌਮਪ੍ਰਸਤ ਭਾਵਨਾਵਾਂ ਨੂੰ ਵਰਤਦੇ ਹੋਏ ਲਾਮਬੰਦੀਆਂ ਦੇ ਯਤਨ ਕੀਤੇ ਹਨ। 2016 ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਅੰਦਰ ਕਨੱਈਆ ਕੁਮਾਰ ਅਤੇ ਸਾਥੀਆਂ ਖਿਲਾਫ ਦੇਸ਼ ਵਿਰੋਧੀ ਨਾਰੇ ਲਾਉਣ ਦੇ ਦੋਸ਼ ਲਾ ਕੇ ਕੇਸ ਮੜੇ ਗਏ ਸਨ ਅਤੇ ਇਹਨਾਂ ਨੂੰ ਮੀਡੀਆ ਅੰਦਰ ਕੌਮ ਵਿਰੋਧੀਆਂ ਵਜੋਂ ਪੇਸ਼ ਕਰਕੇ ਕੁੱਲ ਯੂਨੀਵਰਸਿਟੀ ਦੀ ਆਬੋ ਹਵਾ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਹਨਾਂ ਦੇ ਖਿਲਾਫ ਸੁਤੇਸਿਧ ਲੋਕ ਰੋਹ ਦੇ ਨਾਂ ਹੇਠ ਹਮਲੇ ਜਥੇਬੰਦ ਕਰਵਾਏ ਗਏ ਸਨ। 15 ਫਰਵਰੀ 2016 ਨੂੰ ਕਨਈਆ ਕੁਮਾਰ ਦੇ ਕੇਸ ਦੀ ਸੁਣਵਾਈ ਲਈ ਹਾਜਰ ਵਿਦਿਆਰਥੀਆਂ, ਅਧਿਆਪਕਾਂ ਅਤੇ ਪੱਤਰਕਾਰਾਂ ਉਪਰ ਪਟਿਆਲਾ ਹਾਊਸ ਕੋਰਟ ਵਿੱਚ ਮੌਜੂਦ ਭੀੜ ਨੇ ਹਮਲਾ ਕੀਤਾ ਸੀ। ਇਸ ਸਮੇਂ ਭਾਜਪਾ ਦੇ ਵਿਧਾਇਕ ਓ.ਪੀ. ਸ਼ਰਮਾ ਦੀ ਇੱਕ ਵਿਅਕਤੀ ਨੂੰ ਕੁੱਟਦੇ ਹੋਏ ਦੀ ਵੀਡੀਓ ਜਨਤਕ ਹੋਈ ਸੀ ਜਿਸਦੀ ਸਫਾਈ ਵਿੱਚ ਉਸਨੇ ਕਿਹਾ ਸੀ ਕਿ ਭਾਰਤ ਵਿਰੋਧੀ ਅਤੇ ਪਾਕਿਸਤਾਨ ਪੱਖੀ ਨਾਹਰੇ ਸੁਣਕੇ ਉਸਦਾ ਆਪੇ 'ਤੇ ਕਾਬੂ ਨਹੀਂ ਰਿਹਾ ਸੀ। ਉਸ ਅਨੁਸਾਰ ਅੱਤਵਾਦ ਅਤੇ ਦੇਸ਼ ਵਿਰੋਧੀ ਕਾਰਵਾਈਆਂ ਨੂੰ ਸ਼ਹਿ ਦੇਣ ਕਰਕੇ ਜੇ. ਐਨ. ਯੂ. ਬੰਦ ਕੀਤੀ ਜਾਣੀ ਚਾਹੀਦੀ ਹੈ। ਇਸਤੋਂ ਅਗਲੇ ਹੀ ਦਿਨ ਕੋਰਟ ਵਿੱਚ ਸੁਣਵਾਈ ਲਈ ਜਾ ਰਹੇ ਕਨਈਆ ਕੁਮਾਰ ਉਪਰ ਵਕੀਲਾਂ ਦੇ ਪਹਿਰਾਵੇ ਵਿੱਚ ਕੁਝ ਵਿਅਕਤੀਆਂ ਨੇ ਮੁੜ ਹਮਲਾ ਕੀਤਾ ਸੀ। ਵਿਕਰਮ ਚੌਹਾਨ ਨਾਮ ਦੇ ਵਕੀਲ ਦੀ ਅਗਵਾਈ ਵਿੱਚ ਭੀੜ ਵੱਲੋਂ ਤਿਰੰਗਾ ਲਹਿਰਾ ਕੇ 'ਵੰਦੇ ਮਾਤਰਮ' ਦੇ ਨਾਹਰੇ ਲਾਏ ਜਾ ਰਹੇ ਸਨ। ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਵੀ ਸੋਸ਼ਲ ਮੀਡੀਆ ਉਪਰ ਉਸਨੂੰ ਦੇਸ਼ ਵਿਰੋਧੀ ਗਰਦਾਨਦਿਆਂ ਵਿਆਪਕ ਮੁਹਿੰਮ ਚਲਾਈ ਗਈ ਸੀ। ਇਸਤੋਂ ਪਹਿਲਾਂ ਦਭੋਲਕਰ, ਕਲਬੁਰਗੀ, ਪਨਸਾਰੇ ਦੇ ਕਤਲਾਂ ਖਿਲਾਫ ਚੱਲੀ ਮੁਹਿੰਮ ਅੰਦਰ ਜਦੋਂ ਸਾਹਿਤਕਾਰਾਂ, ਰੰਗਕਰਮੀਆਂ ਅਤੇ ਬੁੱਧੀਜੀਵੀਆਂ ਨੇ ਵਿਆਪਕ ਰੋਸ ਦਾ ਵਿਖਾਵਾ ਕੀਤਾ ਸੀ ਤਾਂ ਇਸ ਰੋਸ ਮੁਹਿੰਮ ਨੂੰ ਦੇਸ਼ ਵਿਰੋਧੀ ਗਰਦਾਨ ਕੇ ਬੁੱਧੀਜੀਵੀਆਂ ਤੇ ਰੰਗਕਰਮੀਆਂ ਦੇ ਇੱਕ ਹਿੱਸੇ ਦੀ ਉਲਟ ਲਾਮਬੰਦੀ ਦੇ ਯਤਨ ਕੀਤੇ ਗਏ ਸਨ। ਇਸ ਹਿੱਸੇ ਨੇ ਰੋਸ ਮੁਹਿੰਮ ਦੇ ਖਿਲਾਫ ਬੋਲਦਿਆਂ ਮੋਦੀ ਤੇ ਉਸਦੀਆਂ ਰਾਸ਼ਟਰ ਪੱਖੀ ਨੀਤੀਆਂ ਦੇ ਸੋਹਲੇ ਗਾਏ ਸਨ ਅਤੇ ਖੁਦ ਨੂੰ ਦੇਸ਼-ਭਗਤਾਂ ਵਜੋਂ ਪੇਸ਼ ਕੀਤਾ ਸੀ। ਹੁਣ ਵੀ ਮੋਦੀ ਸਰਕਾਰ ਵੱਲੋਂ ਬੁੱਧੀਜੀਵੀਆਂ ਦੀ ਅਜਿਹੀ ਲਾਮਬੰਦੀ ਦੇ ਵਿਆਪਕ ਯਤਨ ਚੱਲ ਰਹੇ ਹਨ। ਫੇਰ ਵੀ ਹਾਂ-ਪੱਖੀ ਗੱਲ ਇਹ ਹੈ ਕਿ ਬੁੱਧੀਜੀਵੀਆਂ ਦਾ ਗਿਣਨਯੋਗ ਹਿੱਸਾ ਅਜੇ ਨਾ ਸਿਰਫ਼ ਇਸਦੇ ਪ੍ਰਭਾਵ ਤੋਂ ਬਾਹਰ ਹੈ ਸਗੋਂ ਅਜਿਹੀ ਸਿਆਸਤ ਖਿਲਾਫ਼ ਨਿੱਤਰਿਆ ਹੋਇਆ ਹੈ ਜੋ ਭਾਜਪਾ ਨੂੰ ਹਜਮ ਨਹੀਂ ਆ ਰਿਹਾ। ਅਜਿਹੇ ਹਿੱਸੇ ਨਾਲ ਸਿੱਝਣ ਲਈ ਇਹ ਇੱਕ ਪਾਸੇ ਬੁੱਧੀਜੀਵੀਆਂ ਦੀ ਉਲਟ ਲਾਮਬੰਦੀ ਰਾਹੀਂ ਤੇ ਦੂਜੇ ਪਾਸੇ ਇਹਨਾਂ ਖਿਲਾਫ਼ ਹਿੰਸਕ ਗਰੋਹਾਂ ਰਾਹੀਂ ਯਤਨਸ਼ੀਲ ਹੈ। 'ਪ੍ਰਬੁੱਧ ਜਨ ਸੰਮੇਲਨ' ਦੇ ਨਾਂ ਹੇਠ ਦੇਸ਼ ਦੇ ਵੱਖ-ਵੱਖ ਹਿੱਸਿਆਂ ਅੰਦਰ ਬੁੱਧੀਜੀਵੀ ਹਿੱਸਿਆਂ ਨੂੰ ਭਾਜਪਾ ਵੱਲੋਂ ਸੰਬੋਧਿਤ ਕਰਦਿਆਂ ਯੋਗੀ ਅਦਿਤਿਆਨਾਥ ਨੇ ਮੋਦੀ ਅਤੇ ਭਾਜਪਾ ਹਕੂਮਤ ਦੀ 2019 ਦੀਆਂ ਚੋਣਾਂ ਅੰਦਰ ਜਿੱਤ ਵਿੱਚ ਬੁੱਧੀਜੀਵੀਆਂ ਦੀ ਨਿਰਣਾਇਕ ਭੂਮਿਕਾ ਹੋਣ ਦੀ ਗੱਲ ਕੀਤੀ ਹੈ।
ਹੁਣ ਸਿਰ ਆਈਆਂ 2019 ਦੀਆਂ ਪਾਰਲੀਮਾਨੀ ਚੋਣਾਂ ਨੇ ਭਾਜਪਾ ਦੀ ਇਸ ਸ਼ਾਵਨਵਾਦੀ ਲਾਮਬੰਦੀ ਨੂੰ ਅੱਡੀ ਲਾਈ ਹੈ। ਸਵਾਮੀ ਅਗਨੀਵੇਸ਼ ਅਤੇ ਉਮਰ ਖਾਲਿਦ ਉਪਰ ਜਥੇਬੰਦ ਹਮਲਿਆਂ ਅਤੇ ਪਹਿਲਾਂ ਸੁਰਿੰਦਰ ਗਾਡਲਿੰਗ, ਰੋਨਾ ਵਿਲਸਨ, ਸ਼ੋਮਾ ਸੇਨ, ਮਹੇਸ਼ ਰਾਊਤ ਅਤੇ ਸੁਧੀਰ ਧਾਵਲੇ ਖਿਲਾਫ ਅਤੇ ਹੁਣ ਸੁਧਾ ਭਾਰਦਵਾਜ, ਵਰਵਰਾ ਰਾਓ, ਗੌਤਮ ਨਵਲੱਖਾ, ਅਰੁਣ ਫਰੇਰਾ ਅਤੇ ਵਰਨਨ ਗੌਂਜ਼ਾਲਵੇਜ਼ ਖਿਲਾਫ ਕੇਸਾਂ ਪਿੱਛੇ ਇਹੋ ਤਿਆਰੀ ਕੰਮ ਕਰ ਰਹੀ ਹੈ। ਮਨੁੱਖੀ ਅਧਿਕਾਰ ਕਾਰਕੁੰਨ ਸਵਾਮੀ ਅਗਨੀਵੇਸ਼ ਉਪਰ ਇਕ ਮਹੀਨੇ ਦੇ ਵਕਫੇ ਵਿੱਚ ਦੋ ਵਾਰ ਭਾਜਪਾ ਕਾਰਕੁੰਨਾਂ ਵੱਲੋਂ ਹਮਲਾ ਕੀਤਾ ਗਿਆ। 17 ਜੁਲਾਈ ਨੂੰ ਝਾਰਖੰਡ ਦੇ ਪਾਕੁਡ ਵਿਖੇ ਅਗਨੀਵੇਸ਼ ਉਪਰ ਭਾਜਪਾ ਦੇ ਵਿੰਗਾਂ ਭਾਰਤੀ ਜਨਤਾ ਯੁਵਾ ਮੋਰਚਾ ਅਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਕਾਰਕੁੰਨਾਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ਦੌਰਾਨ ਜੈ ਸ਼੍ਰੀ ਰਾਮ ਦੇ ਨਾਲ ਨਾਲ ਅਗਨੀਵੇਸ਼ ਨੂੰ 'ਪਾਕਿਸਤਾਨੀ ਏਜੰਟ' ਕਹਿੰਦਿਆਂ 'ਵਾਪਸ ਜਾਓ' ਦੇ ਨਾਹਰੇ ਵੀ ਲਾਏ ਗਏ ਸਨ। ਇੱਕ ਮਹੀਨਾ ਬੀਤਣ ਉਪਰੰਤ ਵੀ ਦੋਸ਼ੀਆਂ ਉਪਰ ਕੋਈ ਕਾਰਵਾਈ ਨਹੀਂ ਹੋਈ ਜਦੋਂ ਕਿ ਵੀਡੀਓ ਅੰਦਰ ਹਮਲਾਵਰਾਂ ਦੇ ਚਿਹਰੇ ਸਪਸ਼ਟ ਦਿਖ ਰਹੇ ਸਨ ਅਤੇ  ਸਵਾਮੀ ਅਗਨੀਵੇਸ਼ ਵੱਲੋਂ ਐਫ. ਆਈ. ਆਰ. ਵਿੱਚ ਕੁੱਝ ਦੋਸ਼ੀਆਂ ਦੇ ਨਾਂ ਵੀ ਦਰਜ ਕਰਵਾਏ ਗਏ ਸਨ। ਹੁਣ 17 ਅਗਸਤ ਨੂੰ ਦਿੱਲੀ ਵਿਖੇ ਮੁੜ ਭਾਜਪਾ ਕਾਰਕੁੰਨਾਂ ਦੀ ਭੀੜ ਵੱਲੋਂ ਸਵਾਮੀ ਅਗਨੀਵੇਸ਼ ਉਪਰ ਹਮਲਾ ਕੀਤਾ ਗਿਆ ਤੇ ਉਸਨੂੰ ਗੱਦਾਰ ਕਿਹਾ ਗਿਆ। ਪੁਲਸ ਨੇ ਜੋ ਉਸ ਵੇਲੇ ਮੂਕ ਦਰਸ਼ਕ ਰਹੀ, ਬਾਅਦ ਵਿੱਚ ਵੀ ਇਸ ਸਬੰਧੀ ਕੋਈ ਗ੍ਰਿਫਤਾਰੀ ਨਹੀਂ ਕੀਤੀ। ਬੀਤੀ 14 ਅਗਸਤ ਨੂੰ ਉਮਰ ਖਾਲਿਦ 'ਤੇ ਹਮਲਾ ਕਰਨ ਵਾਲੇ ਦੋ ਹਮਲਾਵਰਾਂ ਨੇ ਇੱਕ ਵੀਡੀਓ ਪਾ ਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ ਅਤੇ ਇਸ ਹਮਲੇ ਨੂੰ 'ਕੌਮ ਲਈ ਤੋਹਫੇ' ਵਜੋਂ ਪੇਸ਼ ਕੀਤਾ ਸੀ। ਇਸ ਵੀਡੀਓ ਵਿੱਚ ਉਹਨਾਂ ਨੇ 17 ਅਗਸਤ ਨੂੰ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਪਿੰਡ ਜਾ ਕੇ ਆਤਮ ਸਮਰਪਣ ਕਰਨ ਦੀ ਫੜਵੀ ਮਾਰੀ ਸੀ ਤੇ ਇਸ ਤਰਾਂ ਸਰਾਭੇ ਦੀ ਸੰਗਰਾਮੀ ਵਿਰਾਸਤ ਨੂੰ ਆਪਣੇ ਕੋਝੇ ਫਿਰਕੂ ਵਾਰ ਦੇ ਹੱਕ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਕੋਸ਼ਿਸ਼ ਲੋਕਾਂ ਦੀਆਂ ਨਿਰਛਲ ਦੇਸ਼ ਭਗਤ ਭਾਵਨਾਵਾਂ ਨੂੰ ਆਪਣੇ ਪਲੀਤ ਮਨੋਰਥਾਂ ਲਈ ਵਰਤਣ ਦੀ ਸਿਆਸਤ ਦਾ ਹੀ ਇੱਕ ਨਮੂਨਾ ਸੀ।
ਜੂਨ 2018 ਵਿੱਚ ਸੁਰਿੰਦਰ ਗਾਡਲਿੰਗ, ਸ਼ੋਮਾ ਸੇਨ, ਰੋਨਾ ਵਿਲਸਨ, ਮਹੇਸ਼ ਰਾਊਤ ਅਤੇ ਸੁਧੀਰ ਧਾਵਲੇ ਖਿਲਾਫ ਮੜੇ ਦੋਸ਼ਾਂ ਵਿੱਚੋਂ ਇੱਕ ਫੰਡ ਅਤੇ ਹਥਿਆਰ ਇਕੱਠੇ ਕਰਨ ਅਤੇ ਮੋਦੀ ਨੂੰ ਮਾਰਨ ਦੀ ਸਾਜ਼ਿਸ਼ ਕਰਨਾ ਹੈ ਜਿਸ ਦੇ ਸਬੂਤ ਵਜੋਂ ਇਕ ਜਾਅਲੀ ਚਿੱਠੀ ਪੇਸ਼ ਕੀਤੀ ਗਈ ਹੈ। ਹੁਣ ਵਰਵਰਾ ਰਾਓ ਅਤੇ ਦੂਸਰੇ ਕਾਰਕੁੰਨਾਂ ਨੂੰ ਗ੍ਰਿਫਤਾਰ ਕਰਨ ਵੇਲੇ ਇੱਕ ਵਾਰ ਫੇਰ ਮਹਾਂਰਾਸ਼ਟਰ ਪੁਲੀਸ ਵੱਲੋਂ ਮੋਦੀ ਨੂੰ ਮਾਰਨ ਦੀ ਸਾਜ਼ਿਸ਼ ਘੜਨ ਦੀ ਕਹਾਣੀ ਦੁਹਰਾਈ ਜਾ ਰਹੀ ਹੈ
ਇਹ ਕਦਮ ਦੇਸ਼ ਅਤੇ ਇਸਦੇ ਆਗੂ ਦੀ ਸੁਰੱਖਿਆ ਨੂੰ ਖਤਰੇ ਵਜੋਂ ਪੇਸ਼ ਕਰਕੇ ਕੌਮੀ ਸ਼ਾਵਨਵਾਦੀ ਭਾਵਨਾਵਾਂ ਭੜਕਾਉਣ ਤੇ ਇਹਨਾਂ ਨੂੰ ਵੋਟਾਂ ਵਿੱਚ ਢਾਲਣ ਦੇ ਯਤਨ ਹਨ। ਅਜਿਹੇ ਛਲ ਤੋਂ ਲੋਕਾਂ ਦੇ ਨਿਰਛਲ ਕੌਮੀ ਜਜ਼ਬਿਆਂ ਨੂੰ ਬਚਾਉਣ ਅਤੇ ਖਰੀ ਕੌਮਪ੍ਰਸਤੀ ਨੂੰ ਬੁਲੰਦ ਕਰਨ ਵਿੱਚ ਚੇਤਨ ਹਿੱਸਿਆਂ ਵੱਲੋਂ ਕੀਤੇ ਪ੍ਰਚਾਰ ਦੀ ਅਹਿਮ ਭੂਮਿਕਾ ਹੈ। 2019 ਦੀਆਂ ਚੋਣਾਂ ਦੀ ਤਿਆਰੀ ਦੇ ਅੰਗ ਵਜੋਂ ਲੋਕਾਂ ਅੰਦਰ ਅਜਿਹੇ ਮੁੱਦਿਆਂ ਦਾ ਪਰਦਾਚਾਕ ਕਰਨਾ ਬਣਦਾ ਹੈ।