ਸੂਦਖੋਰ ਖਿਲਾਫ਼ ਸੰਘਰਸ਼:
ਗਰੀਬ ਕਿਸਾਨ ਦੀ ਧਿਰ ਬਣਕੇ ਖੜ੍ਹੀ ਕਿਸਾਨ ਤਾਕਤ
-ਫੀਲਡ ਰਿਪੋਰਟਰ
ਪਿੰਡ ਰਾਏਕੇ ਕਲਾਂ (ਬਠਿੰਡਾ) ਸੂਦਖੋਰ ਸੰਦੀਪ ਮੋਤੀ ਆਪਣੇ ਅਤੇ ਨੇੜਲੇ ਪਿੰਡਾਂ ਵਿੱਚ ਸੂਦਖੋਰੀ ਦਾ ਧੰਦਾ ਕਰਦਾ ਹੈ, 8 ਤੋਂ 10 ਰੁਪਏ ਵਿਆਜ਼ ’ਤੇ ਕਰਜ਼ ਦਿੰਦਾ ਹੈ, ਇਹ ਰੱਤ ਨਿਚੋੜੂ ਵਿਆਜ਼ ਨਾ ਮੁੜਨ ਤੇ ਕਿਸਾਨ ਦੀ ਜ਼ਮੀਨ ਕਬਜ਼ੇ ਵਿੱਚ ਲੈਂਦਾ ਹੈ, ਮਜ਼ਦੂਰਾਂ ਪਾਸੋਂ ਉਹਨਾਂ ਦੇ ਰੋਜ਼ੀ ਕਮਾਉਣ ਵਾਲੇ ਸੰਦ ਦਾਤੀਆਂ ਅਤੇ ਢੋਲਕੀਆਂ ਤੱਕ ਵੀ ਰੱਖ ਲੈਂਦਾ ਹੈ, ਪਿੰਡ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਅੱਜ ਦੀ ਮਹਿੰਗਾਈ ਵਿੱਚ ਜਿੱਥੇ ਚੁੱਲ੍ਹਾ ਚਲਾਉਣਾ ਔਖਾ ਹੈ, ਉੱਥੇ ਸੂਦਖੋਰ ਮੋਤੀ ਲਈ ਜ਼ਮੀਨ ਖਰੀਦਣਾ ਖੱਬੇ ਹੱਥ ਦਾ ਕੰਮ ਹੈ। ਕੁੱਝ ਸਮਾਂ ਪਹਿਲਾਂ ਮੋਤੀ ਦੇ ਕਰਜ਼ੇ ਨੇ ਇੱਕ ਮਜ਼ਦੂਰ ਨੂੰ ਸਲਫਾਸ ਨਿਗਲ ਕੇ ਖੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ, ਪਿੰਡ ਦੇ ਇੱਕ ਕਿਸਾਨ ਦੀ ਬਹੁਤ ਨਿਗੂਣੇ ਕਰਜ਼ੇ ਬਦਲੇ ਸੂਦਖੋਰ ਸਾਢੇ ਤਿੰਨ ਕਿੱਲੇ ਜ਼ਮੀਨ ਖਾ ਗਿਆ। ਸੂਦਖੋਰ ਵੱਲੋਕਿਸਾਨ ਸੁਖਦੇਵ ਸਿੰਘ ਨਾਲ ਕੀਤੀ ਧੋਖਾਧੜੀ ਦਾ ਵੇਰਵਾ
ਪਿੰਡ ਰਾਏਕੇ ਕਲਾਂ ਦੇ 8 ਕਨਾਲਾਂ ਜ਼ਮੀਨ ਦੇ ਮਾਲਕ ਸੁਖਦੇਵ ਸਿੰਘ ਨੇ ਸੂਦਖੋਰ ਪਾਸੋਂ ਸਾਲ 2020 ਵਿੱਚ 2ਲੱਖ ਰੁਪਏ ਕਰਜ਼ ਲਿਆ ਸੀ, ਸੂਦਖੋਰ ਨੇ ਸੁਖਦੇਵ ਸਿੰਘ ਦੇ ਖਾਤੇ ਵਿੱਚ 3ਲੱਖ 30 ਰੁਪਏ ਪਾਏ, ਕਿਸਾਨ ਨੇ 1ਲੱਖ 30 ਹਜ਼ਾਰ ਰੁਪਏ ਅਗਲੇ ਦਿਨ ਪਿੰਡ ਦੇ ਮੋਹਤਬਰ ਬੰਦਿਆਂ ਦੀ ਹਾਜ਼ਰੀ ਵਿੱਚ ਵਾਪਿਸ ਕਰ ਦਿਤੇ ਅਤੇ ਸਾਲ 2021 ਵਿੱਚ 2 ਲੱਖ ਰੁਪਏ ਵੀ ਵਾਪਿਸ ਕਰ ਦਿੱਤੇ ਸਨ, ਸੂਦਖੋਰ ਨੇ ਜ਼ਮੀਨ ਨੱਪਣ ਦੀ ਨੀਅਤ ਨਾਲ ਪਰਿਵਾਰ ’ਤੇ 3ਲੱਖ 30 ਹਜ਼ਾਰ ਰੁਪਏ ਵਾਪਿਸ ਨਾ ਕਰਨ ਦਾ ਝੂਠਾ ਕੇਸ ਲਾ ਦਿੱਤਾ, ਕਾਨੂੰਨੀ ਪੇਸ਼ਬੰਦੀਆਂ ਤੋਂ ਅਣਜਾਣ ਪਰਿਵਾਰ ਨੇ ਕੇਸ ਦੀ ਪੈਰਵਾਈ ਨਾ ਕੀਤੀ, ਆਖਿਰ ਅਦਾਲਤ ਵੀ ਸੂਦਖੋਰ ਦੇ ਹੱਕ ਵਿੱਚ ਭੁਗਤ ਗਈ, ਪਰਿਵਾਰ ਨੂੰ 3 ਲੱਖ ਰੁਪਏ ਸੂਦਖੋਰ ਨੂੰ ਦੇਣ ਲਈ ਕਿਹਾ, ਪਰਿਵਾਰ ਨੇ 3 ਲੱਖ ਰੁਪਏ ਅਦਾਲਤ ਵਿੱਚ ਭਰਨ ਦਾ ਫੈਂਸਲਾ ਕੀਤਾ, ਪਰ ਤਰੀਕ ਵਾਲੇ ਦਿਨ ਸੂਦਖੋਰ ਅਦਾਲਤ ਵਿੱਚ ਨਾ ਗਿਆ, ਸੁਖਦੇਵ ਸਿੰਘ ਨੂੰ ਮੋਤੀ ਦੇ ਸਾਥੀ ਨੇ 8 ਕਨਾਲਾਂ ਜ਼ਮੀਨ ’ਤੇ ਕਬਜ਼ਾ ਕਰਨ ਦੀ ਧਮਕੀ ਦਿੱਤੀ। ਇਹ ਗਹਿਰਾ ਮਾਨਸਿਕ ਸਦਮਾ ਹੀ ਸੁਖਦੇਵ ਸਿੰਘ ਦੀ ਮੌਤ ਦੀ ਵਜਹਾ ਬਣਿਆ।
ਪਰਿਵਾਰ ਨੇ ਚੁਣਿਆ ਸ਼ੰਘਰਸ ਦਾ ਰਾਹ, ਜੱਥੇਬੰਦੀ ਨੇ ਸਾਂਭੀ ਅਗਵਾਈ, ਲੋਕ ਹਿਮਾਇਤ ਵਿੱਚ ਆਏ
ਪੀੜਤ ਪਰਿਵਾਰ ਨੇ ਇਨਸਾਫ਼ ਲਏ ਬਿਨਾਂ ਸੁਖਦੇਵ ਸਿੰਘ ਦਾ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਪੀੜਤ ਪਰਿਵਾਰ ਅਤੇ ਕਿਸਾਨ ਆਗੂ 18 ਦਸੰਬਰ ਨੂੰ ਥਾਣਾ ਨੰਦਗੜ੍ਹ ਦੇ ਮੁਖੀ ਨੂੰ ਸੂਦਖੋਰ ’ਤੇ ਪਰਚਾ ਦਰਜ਼ ਕਰਨ ਦੀ ਮੰਗ ਰੱਖੀ, ਪੁਲਿਸ ਅਧਿਕਾਰੀਆਂ ਵੱਲੋਂ ਬਿਆਨ ਲਿਖਣ ਉਪਰੰਤ 4 ਦਿਨਾਂ ਤੱਕ ਲੀਗਲ ਹੁਕਮਾਂ ਦੀ ਉਡੀਕ ਕਰਨ ਲਈ ਕਿਹਾ, ਅਗਲੇ ਹੀ ਦਿਨ ਪਿੰਡ ਕਮੇਟੀ ਨੇ ਮੀਟਿੰਗ ਕਰਕੇ ਸੂਦਖੋਰ ਖ਼ਿਲਾਫ ਪਿੰਡ ਦੀ ਸੱਥ ਵਿੱਚ ਰੈਲੀ ਕਰਨ ਉਪਰੰਤ ਪਿੰਡ ’ਚ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ, ਰੈਲੀ ਵਾਲੇ ਦਿਨ ਸੂਦਖੋਰ ਵੱਲੋਂ ਪਿੰਡ ਕਮੇਟੀ ਤੇ ਪਰਿਵਾਰ ਕੋਲ ਪਹੁੰਚ ਕਰਕੇ ਆਪਣੇ-ਆਪ ਨੂੰ ਸੱਚਾ ਸਾਬਿਤ ਕਰਨ ਦਾ ਯਤਨ ਕੀਤਾ, ਪਰ ਪਰਿਵਾਰ ਤੇ ਕਿਸਾਨ ਆਗੂਆਂ ਦੀਆਂ ਦਲੀਲਾਂ ਦਾ ਸੂਦਖੋਰ ਨੂੰ ਕੋਈ ਜਵਾਬ ਨਾ ਆਇਆ। ਤਹਿ ਸਮੇਂ ਮੁਤਾਬਿਕ ਪਿੰਡ ਵਿੱਚ ਰੈਲੀ ਹੋਈ, ਭਰਵੇਂ ਇੱਕਠ ਨੇ ਮੁਜ਼ਾਹਰਾ ਕੀਤਾ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਨੂੰ ਦੇਖਦਿਆਂ ਥਾਣਾ ਮੁਖੀ ਨੂੰ ਜਨਤਕ ਡੈਪੂਟੇਸ਼ਨ ਮਿਲਣ ਤੋਂ ਬਾਅਦ ਸੂਦਖੋਰ ਖਿਲਾਫ਼ ਬਣਦੀ ਕਾਰਵਾਈ ਕਰਵਾਉਣ ਲਈ 24 ਦਸੰਬਰ ਤੋਂ ਪੁਲਿਸ ਥਾਣੇ ਅੱਗੇ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ। ਪਿੰਡ ਕਮੇਟੀ ਸਮੇਤ ਪੀੜਤ ਪਰਿਵਾਰ ਨੇ ਧਰਨੇ ਵਿੱਚ ਸ਼ਮੂਲੀਅਤ ਲਈ ਘਰ-ਘਰ ਸੁਨੇਹੇ ਲਾਏ, ਲੋਕਾਂ ਨੇ ਸੂਦਖੋਰ ਦੀ ਧੱਕੇਸ਼ਾਹੀ ਅਤੇ ਢੀਠਤਾਈ ਦੀ ਨਿੰਦਿਆ ਕੀਤੀ, ਲੋਕਾਂ ਤੋਂ ਮਿਲੇ ਹੁੰਗਾਰੇ ਨੇ ਪਰਿਵਾਰ ਨੂੰ ਹੌਂਸਲਾ ਦਿੱਤਾ। ਪੱਕੇ ਧਰਨੇ ਦੇ ਤੀਸਰੇ ਦਿਨ ਬਲਾਕ ਕਮੇਟੀ ਵੱਲੋਂ ਘੋਲ ਆਪਣੇ ਹੱਥ ਵਿੱਚ ਲੈਣ ਤੋਂ ਬਾਅਦ ਪੁਲਿਸ ਥਾਣੇ ਦਾ 3 ਘੰਟੇ ਘਿਰਾਓ ਕੀਤਾ, ਪ੍ਰਸ਼ਾਸਨ ਨੇ ਗੱਲਬਾਤ ਲਈ ਸੱਦਿਆ, ਪਰ ਥਾਣਾ ਮੁਖੀ ਨੇ ਇਨਸਾਫ਼ ਦੇਣ ਦੀ ਥਾਂ ਕਿਸਾਨ ਆਗੂਆਂ ਨੂੰ ਗੱਲਬਾਤ ਰਾਹੀਂ ਟੋਹਣ ਅਤੇ ਸੂਦਖੋਰ ਦੀ ਪੜਤ ਬਚਾਈ ਰੱਖਣ ਦੀ ਕੋਸ਼ਿਸ਼ ਕੀਤੀ। ਦੋਸ਼ੀ ਸੂਦਖੋਰ ਨੂੰ ਥਾਣੇ ਸੱਦਣ ਦੀ ਬਜਾਏ ਪਿੰਡ ਵਿੱਚ ਕਿਸੇ ਦੇ ਘਰ ਬੈਠ ਕੇ ਮਸਲੇ ਨੂੰ ਸਲਝਾਉਣ ਦੀ ਰਾਇ ਕਿਸਾਨ ਆਗੂਆਂ ਨੇ ਰੱਦ ਕੀਤੀ, ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਜੱਥੇਬੰਦੀ ਤੋਂ ਹਟ ਕੇ ਸਮਝੌਤਾ ਕਰਨ ਦੇ ਯਤਨਾਂ ਨੂੰ ਪਰਿਵਾਰ ਨੇ ਨਾਕਾਮ ਕੀਤਾ, ਬਲਾਕ ਕਮੇਟੀ ਵੱਲੋਂ ਮੀਟਿੰਗ ਕਰਕੇ ਅਗਲੇ ਦਿਨ ਵੱਡਾ ਇੱਕਠ ਕਰਕੇ ਸਖ਼ਤ ਐਕਸ਼ਨ ਕਰਨ ਦਾ ਐਲਾਨ ਕੀਤਾ। ਅਗਲੇ ਦਿਨ ਆਸ-ਪਾਸ ਦੇ ਪਿੰਡਾਂ ਨੇ ਭਰਵੀਂ ਸ਼ਮੂਲੀਅਤ ਕੀਤੀ 27 ਦਸੰਬਰ ਨੂੰ ਕਿਸਾਨਾਂ ਨੇ ਐਲਾਨ ਮੁਤਾਬਿਕ ਦੁਪਹਿਰ 1 ਵਜੇ ਤੋਂ ਅਣਮਿਥੇ ਸਮੇਂ ਲਈ ਥਾਣੇ ਦਾ ਮੁਕੰਮਲ ਘਿਰਾਓ ਕਰ ਦਿੱਤਾ, ਥਾਣਾ ਘੇਰ ਕੇ ਬੈਠੇ ਲੋਕਾਂ ਦੀਆਂ ਅੱਖਾਂ ਵਿਚਲੇ ਰੋਹ ਤੇ ਗੁੱਸੇ ਨੇ ਪ੍ਰਸ਼ਾਸਨ ਨੂੰ ਕੰਬਣੀਆਂ ਛੇੜੀਆਂ, ਡੀਐਸਪੀ ਤੇ ਐਸਪੀ ਧਰਨੇ ਵਿੱਚ ਪੁੱਜੇ, ਗੱਲਬਾਤ ਦਾ ਦੌਰ ਚੱਲਿਆ, ਪੁਲਿਸ ਅਧਿਕਾਰੀਆਂ ਨੇ ਕਿਸਾਨ ਆਗੂਆਂ ਤੋਂ ਮਾਮਲੇ ਦੀ ਜਾਣਕਾਰੀ ਲਈ, ਦੋਸ਼ੀ ਨੂੰ ਥਾਣੇ ਤਲਬ ਕੀਤਾ। ਪੁਲਿਸ ਅਧਿਕਾਰੀਆਂ, ਕਿਸਾਨ ਆਗੂਆਂ ਅਤੇ ਸੂਦਖੋਰ ਵਿਚਕਾਰ 2 ਗੇੜਾਂ ਦੀ ਗੱਲਬਾਤ ਹੋਈ, ਕਿਸਾਨ ਆਗੂਆਂ ਦੀ ਦਲੀਲਾਂ ਸਾਹਮਣੇ ਅਧਿਕਾਰੀ ਲਾਜਵਾਬ ਹੋਏ, ਲੋਕਾਂ ਦੇ ਦਬਾਅ ਸਦਕਾ ਪੁਲਿਸ ਅਧਿਕਾਰੀਆਂ ਨੇ ਸੂਦਖੋਰ ਨੂੰ ਪੀੜਤ ਪਰਿਵਾਰ ਤੇ ਦਰਜ਼ ਕੇਸ ਵਾਪਿਸ ਲੈਣ ਲਈ ਪਾਬੰਦ ਕੀਤਾ। ਪਰਿਵਾਰ ਨੇ ਫੈਂਸਲੇ ਤੇ ਸੁੰਤਸ਼ਟੀ ਜਾਹਿਰ ਕੀਤੀ। ਬਲਾਕ ਕਮੇਟੀ ਨੇ ਇੱਕਠ ਵਿੱਚ ਫੈਂਸਲੇ ਦੀ ਜਾਣਕਾਰੀ ਦਿੱਤੀ ਅਤੇ ਸਮਝੋਤੇ ਨੂੰ ਲਿਖਤੀ ਰੂਪ ਦੇਣ ਤੱਕ ਘਿਰਾਓ ਸਮਾਪਤ ਕਰਕੇ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਘੋਲ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਵੀ ਸ਼ਮੂਲੀਅਤ ਕੀਤੀ।
ਇਸ ਘੋਲ ਵਿੱਚ ਪਿੰਡ ਕਮੇਟੀ ਨੇ ਸੂਦਖੋਰ ਖਿਲਾਫ਼ ਡਟ ਕੇ ਖੜ੍ਹਨ, ਪੀੜਤ ਪਰਿਵਾਰ ਵਿਰੋਧੀ ਗੱਲਾਂ ਦੀ ਕਾਟ ਕਰਨ ਅਤੇ ਲਾਮਬੰਦੀ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ। ਇਸ ਸ਼ੰਘਰਸ਼ ਦਾ ਵਿਸ਼ੇਸ਼ ਪਹਿਲੂ ਇਹ ਵੀ ਹੈ ਕਿ ਬਲਾਕ ਕਮੇਟੀ ਨੇ ਇਸ ਘੋਲ ਦੀਆਂ ਸ਼ਕਲਾਂ ਘੜਨ, ਅਧਿਕਾਰੀਆਂ ਨਾਲ ਗੱਲਬਾਤ ਵਿੱਚ ਪੈਣ ਅਤੇ ਸਮੇਂ ਮੁਤਾਬਿਕ ਹਾਲਤਾਂ ਨੂੰ ਬੁੱਝਣ ਲਈ ਆਪਣੇ ਪੱਧਰ ’ਤੇ ਫੈਸਲੇ ਕੀਤੇ। ਇਸ ਘੋਲ ਨੇ ਪੁਲਿਸ ਤੇ ਸੂਦਖੋਰਾਂ ਦੇ ਗੱਠਜੋੜ ਨੂੰ ਲੋਕ ਤਾਕਤ ਮੂਹਰੇ ਝੁਕਣ ਲਈ ਮਜ਼ਬੂਰ ਕੀਤਾ, ਸੂਦਖੋਰ ਵੱਲੋਂ ਝੂਠਾ ਕੇਸ ਲਾ ਕੇ ਜ਼ਮੀਨ ਨੱਪਣ ਦੀ ਨੀਅਤ ਨੂੰ ਮਿੱਟੀ ਵਿੱਚ ਮਿਲਾ ਦਿੱਤਾ, ਸੂਦਖੋਰਾਂ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਬੇਪਰਦ ਕੀਤਾ, ਕਿਸਾਨ-ਮਜ਼ਦੂਰ ਆਗੂਆਂ ਨੇ ਆਪਣੇ ਭਾਸ਼ਣਾਂ ਵਿੱਚ ਇਹਨਾਂ ਹਾਲਤਾਂ ਲਈ ਜੁੰਮੇਵਾਰ ਜ਼ਮੀਨ ਦੀ ਤੋਟ ਨੂੰ ਉਭਾਰਿਆ, ਕਰਜ਼ਾ ਮੁਕਤੀ ਲਈ ਕਿਸਾਨਾਂ-ਮਜ਼ਦੂਰਾਂ ਦੀ ਜੋਟੀ ਨੂੰ ਮਜਬੂਤ ਕਰਨ ਅਤੇ ਸਾਂਝੇ ਸ਼ੰਘਰਸਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ।
---0---
No comments:
Post a Comment