32 ਵਾਂ ਮੇਲਾ ਗਦਰੀ ਬਾਬਿਆਂ ਦਾ
ਸੰਘਰਸ਼ੀ ਯੋਧਿਆਂ ਦੇ ਸੁਪਨੇ ਸਾਕਾਰ ਕਰਨ ਦਾ ਅਹਿਦ
-ਅਮੋਲਕ ਸਿੰਘ
ਸਾਡੇ ਅਤੀਤ, ਵਰਤਮਾਨ ਅਤੇ ਭਵਿੱਖ ਦੀ ਤਿ੍ਰਵੈਣੀ ਹੈ, ਮੇਲਾ ਗਦਰੀ ਬਾਬਿਆਂ ਦਾ। ਮੇਲਾ ਸਿਰਫ ਬੀਤੀਆਂ ਸਦੀਆਂ ਜਾਂ ਸਮਿਆਂ ਦੀਆਂ ਬਾਤਾਂ ਪਾਉਣ ਤੱਕ ਮਹਿਦੂਦ ਨਹੀਂ, ਮੇਲਾ ਆਪਣੀ ਪਿੱਠ ਟਿਕਾ ਕੇ ਜੋੜਦਾ ਹੈ ਸਾਡੇ ਸ਼ਾਨਾਮਈ ਅਤੀਤ ਨਾਲ। ਮੇਲਾ ਵਰਤਮਾਨ ਚੁਣੌਤੀਆਂ ਦੀ ਅੱਖ ’ਚ ਅੱਖ ਪਾ ਕੇ ਝਾਕਦਾ ਹੈ। ਮੇਲਾ ਦੂਰ-ਦਿ੍ਰਸ਼ਟੀ ਭਰੀ ਨਜ਼ਰ ਨਾਲ ਆਉਣ ਵਾਲੇ ਕੱਲ੍ਹ ਦੇ ਅਨੇਕਾਂ ਪੱਖਾਂ ਉੱਪਰ ਨਜ਼ਰ ਮਾਰਦਾ ਹੈ, ਇਹ
ਮੇਲੇ ਦਾ ਗੁਣਾਤਮਕ ਅਮੀਰ ਪੱਖ ਹੈ। ਇਹ ਇਸ ਦੇ ਨਿਰੰਤਰ ਜੀਵਨ ਦਾ ਜਾਮਨ ਹੈ। ਮੇਲਾ ਐਧਰ-ਓਧਰ ਦੀਆਂ ਨਿਰਾਰਥਕ ਬਾਤਾਂ ਨਹੀਂ ਪਾਉਂਦਾ। ਮੇਲਾ ਜਿੱਥੇ ਬੁਨਿਆਦੀ ਸੁਆਲਾਂ ਨੂੰ ਮੁਖਾਤਿਬ ਹੁੰਦਾ ਹੈ ਉਥੇ ਸਮੇਂ ਸਮੇਂ ਦੀਆਂ ਲੋਕਾਂ ਦੇ ਸਿਰਾਂ ’ਤੇ ਕੂਕਦੀਆਂ ਚੁਣੌਤੀਆਂ ਨੂੰ ਆਪਣੀ ਸਮਝ ਅਤੇ ਵਿਧਾ ਅਨੁਸਾਰ ਸਿੱਧੇ ਮੱਥੇ ਟੱਕਰਦਾ ਹੈ। ਮੇਲੇ ਦਾ 32 ਵਰ੍ਹਿਆਂ ਦਾ ਇਤਿਹਾਸ ਅਜਿਹੀਆਂ ਹੀ ਮੁੱਲਵਾਨ ਹਕੀਕਤਾਂ ਨਾਲ ਭਰਪੂਰ ਹੈ। ਮੇਲਾ ਸਦੀ ਤੋਂ ਵੱਧ ਅਰਸਾ ਪਹਿਲਾਂ ਬਣੀ ਗਦਰ ਪਾਰਟੀ ਦਾ ਪਿਛੋਕੜ, ਇਤਿਹਾਸਕ ਪ੍ਰਸੰਗ ਛੇੜਨ ਤੱਕ ਸੀਮਤ ਰਹਿਣ ਦੀ ਬਜਾਏ ਉਸ ਤੋਂ ਅੱਜ ਅਤੇ ਕੱਲ੍ਹ ਨੂੰ ਵੇਖਣ, ਘੋਖਣ ਅਤੇ ਭਵਿੱਖ ਦੀ ਬੁੱਕਲ ’ਚ ਸਮੋਈਆਂ ਚੁਣੌਤੀਆਂ ਦੇ ਮੱਦੇਨਜ਼ਰ ਆਪਣੇ ਪਿੜ ਅੰਦਰ ਮੋਰਚੇ ਮੱਲਣ ਦਾ ਹਰਕਾਰਾ ਹੈ। .
32ਵਾਂ ਮੇਲਾ ਇਸ ਮੰਥਨ ਅਤੇ ਸੋਚ-ਦਿ੍ਰਸ਼ਟੀ ਦਾ ਹੀ ਪ੍ਰਮਾਣ ਹੈ। ਗਦਰੀ ਬਾਬਿਆਂ ਦੇ ਮੇਲੇ ਮੌਕੇ ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਨੂੰ ਗਦਰ ਪਾਰਟੀ ਦੇ ਬਾਨੀਆਂ ਦੀ ਲੜੀ ਦੇ ਅਹਿਮ ਮਣਕੇ ਪ੍ਰੋ. ਬਰਕਤ ਉਲਾ ਨਗਰ ਦਾ ਨਾਂਅ ਦੇਣਾ। ਨਗਰ ਦੇ ਪ੍ਰਵੇਸ਼ ਦੁਆਰ ਦੀ ਸਰਦਲ ’ਤੇ ਪੈਰ ਟਿਕਾਉਂਦਿਆਂ ਹੀ ਖੱਬੇ ਹੱਥ ਲੰਮੀ ਕੰਧ ਉੱਪਰ ਮਨੀਪੁਰ ਦੀਆਂ ਧੀਆਂ ਦੀ ਆਬਰੂ ਲੁੱਟਣ ਅਤੇ ਮਾਰ ਮੁਕਾਉਣ ਵਰਗੇ ਕਾਰਿਆਂ ਖਿਲਾਫ ਪ੍ਰਤੀਰੋਧ ਦਾ ਇਜ਼ਹਾਰ ਕਰਦੀਆਂ ਤਸਵੀਰਾਂ, ਬੋਲਣ ਦੀ ਆਜ਼ਾਦੀ ਉਪਰ ਮਾਰੇ ਜਾ ਰਹੇ ਡਾਕਿਆਂ ਖਿਲਾਫ਼ ਬੇਖੌਫ਼ ਹੋ ਕੇ ਆਵਾਜ਼ ਬੁਲੰਦ ਕਰਨ ਦਾ ਪੈਗਾਮ ਦਿੰਦੇ ਚਿਤਰ , ਅਮਰੀਕੀ ਹਾਕਮਾਂ ਦੇ ਥਾਪੜੇ ਦੇ ਕੇ ਸ਼ਸ਼ਕਾਰੇ ਹੋਏ ਇਜ਼ਰਾਈਲੀ ਧਾੜਵੀਆਂ ਵੱਲੋਂ ਫਲਸਤੀਨੀਆਂ ਖਿਲਾਫ ਵਿੱਢੇ ਨਸਲਘਾਤੀ ਹੱਲੇ ਅਤੇ ਇਸਦਾ ਟਾਕਰਾ ਕਰਦੇ ਫਲਸਤੀਨੀ ਲੋਕਾਂ ਦੇ ਜਾਂਬਾਜ ਇਤਿਹਾਸ ਦੀ ਤਰਜ਼ਮਾਨੀ ਕਰਦੇ ਚਿੱਤਰ, ਮੇਲੇ ’ਚ ਜੁੜੇ ਲੋਕਾਂ ’ਚ ਨਵੇਂ ਖਿਆਲਾਂ ਦੀ ਤਰੰਗ ਛੇੜਦੇ ਸਨ। ..
ਗਦਰੀ ਬਾਬਿਆਂ ਦੀ ਕਲਮ ਤੋਂ ਸਿਰਜੇ ਬੁਨਿਆਦੀ ਪ੍ਰੋਗਰਾਮ ਨੂੰ ਸਲਾਮ ਕਰਦੇ ਹੋਏ ਅਮਲ ’ਚ ਲਾਗੂ ਕਰਦਿਆਂ ਸਾਮਰਾਜੀ ਧਾੜਵੀਆਂ ਖਿਲਾਫ ਮੇਲੇ ਦੀ ਬੁਲੰਦ ਸੁਰ ਗੂੰਜਦੀ ਸਭ ਨੇ ਸੁਣੀ, ਦੇਖੀ ਅਤੇ ਉਸ ਤੋਂ ਪ੍ਰੇਰਣਾ ਲਈ। ਆਜ਼ਾਦੀ ਪ੍ਰਤੀ ਗਦਰੀ ਬਾਬਿਆਂ ਦੇ ਐਲਨਨਾਮੇ ਵਿਚ ਦਰਜ ਹੈ,
‘‘ਹਰ ਗਦਰੀ ਦਾ ਇਹ ਪਹਿਲਾ ਫਰਜ਼ ਹੈ ਕਿ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਹੁੰਦੇ ਸਾਮਰਾਜੀ ਦਾਬੇ, ਧੱਕੇ, ਨਿਹੱਕੀ ਜੰਗ ਖਿਲਾਫ ਆਵਾਜ਼ ਬੁਲੰਦ ਕਰੇ।’’
ਇਸ ਦੀ ਪਾਲਣਾ ਕਰਦੇ ਹੋਏ ਆਪਣੀ ਗੌਰਵਮਈ ਰਵਾਇਤ ਅਨੁਸਾਰ ਇਸ ਮੇਲੇ ਵਿਚ ਵੀ ਫਲਸਤੀਨੀ ਲੋਕਾਂ ਦੇ ਹੱਕੀ ਇਤਿਹਾਸਕ ਸੰਗਰਾਮ ਦੇ ਪੱਖ ’ਚ ਡਟਵੀਂ ਆਵਾਜ਼ ਬੁਲੰਦ ਕੀਤੀ ਗਈ। ਕਲਾ-ਕਿ੍ਰਤਾਂ, ਪੇਸ਼ਕਾਰੀਆਂ, ਵਿਚਾਰ-ਚਰਚਾਵਾਂ, ਤਕਰੀਰਾਂ, ਸੁਨੇਹਿਆਂ, ਫਲੈਕਸਾਂ, ਨਾਅਰਿਆਂ ਤੇ ਹੱਥ ਖੜ੍ਹੇ ਕਰਕੇ ਮੇਲੇ ’ਚ ਬਾਰ ਬਾਰ ਪਾਸ ਕੀਤੇ ਮਤਿਆਂ ਰਾਹੀਂ ਬੁੱਧੀਜੀਵੀਆਂ, ਪੱਤਰਕਾਰਾਂ, ਕਵੀਆਂ ਦੀ ਰਿਹਾਈ ਲਈ ਮੇਲਾ ਆਪਣਾ ਫਰਜ਼ ਅਦਾ ਕਰਨ ਵਿਚ ਸਫਲ ਰਿਹਾ। ---
ਮੇਲੇ ਦੇ ਪ੍ਰੱਮੁਖ ਪੰਡਾਲ ਨੂੰ ਗਦਰੀ ਗੁਲਾਬ ਬੀਬੀ ਗਦਰੀ ਗੁਲਾਬ ਕੌਰ ਦਾ ਨਾਂਅ ਦੇਣਾ, ਕੁਇਜ਼ ਮੁਕਾਬਲਾ ਇਸ ਮਹਾਂ-ਗਦਰੀ ਸੰਗਰਾਮਣ ਦੇ ਜੀਵਨ ’ਤੇ ਕੇਂਦਰਤ ਕਰਨਾ, ਮਨੀਪੁਰ , ਪਹਿਲਵਾਨ ਧੀਆਂ, ਫਲਸਤੀਨ ਦੀਆਂ ਜੁਝਾਰੂ ਔਰਤਾਂ ਦੇ ਤਣੇ ਹੋਏ ਮੁੱਕਿਆਂ ਨਾਲ ਆਪਣੀ ਇਤਿਹਾਸਕ ਵਿਰਾਸਤ ਨੂੰ ਜੋੜਦਿਆਂ, ਅਜੋਕੇ ਦੌਰ
ਵਿਚ ਵੀ ਮੂੰਹ ਬੋਲਦਾ ਸਬੂਤ ਸੀ। ਇਹ ਸਾਰੇ ਕੰਮ ਮਹਿਜ਼ ਨਾਹਰੇਬਾਜੀ ਦੇ ਜੋਰ ਹੀ ਮੇਲੇ ’ਚ ਨਾ ਕਰਕੇ, ਸਗੋਂ ਸੰਵਾਦ ਅਤੇ ਕਲਾ-ਕਿ੍ਰਤਾਂ ਦੇ ਮਧਿਅਮ ਰਾਹੀਂ ਬੁਲੰਦ ਕੀਤੇ ਗਏ। .....
ਆਰਥਕ, ਸਮਾਜਕ, ਮਾਨਸਿਕ ਤਣਾਵਾਂ ਦੇ ਦੌਰ ਅੰਦਰ ਜਦੋਂ ਰਿਸ਼ਤੇ ਤਿੜਕ ਅਤੇ ਨਿਰਮੋਹੇ ਹੋ ਰਹੇ ਹਨ, ਜਦੋਂ ਤੇਜ਼ ਦੌੜਦੀ ਜ਼ਿੰਦਗੀ ਅੰਦਰ ਨੈਤਿਕ ਕਦਰਾਂ ਕੀਮਤਾਂ ਦੀ ਔੜ-ਰੁਤ , ਸੰਵੇਦਨਸ਼ੀਲ ਲੋਕਾਂ ਨੂੰ ਝੰਬ ਰਹੀ ਹੈ, ਅਜਿਹੇ ਦੌਰ ਅੰਦਰ ਮੇਲਾ ਮੁਹੱਬਤਾਂ ਦੀ ਮੋਹਲੇਧਾਰ ਬਰਸਾਤ ਬਣਕੇ ਵਰ੍ਹਦਾ ਹੈ। ਜਦੋਂ ਕਿਹਾ ਜਾ ਰਿਹੈ ‘ਕਿ ਏਥੇ ਜਿਉਂਦਿਆਂ ਦੀ ਕਦਰ ਨਹੀਂ, ਭਲਾਂ ਮੋਇਆਂ ਨੂੰ ਕੌਣ ਗਲੇ ਲਗਾਂਵਦਾ ਏ’। ਇਹ ਉਲਾਂਭੇ ਲਾਹੁੰਦਾ ਮੇਲਾ ਆਪਣੇ ਤੁਰ ਗਏ ਸੰਗੀ ਸਾਥੀਆਂ ਨੂੰ ਅਦਬ ਸਹਿਤ ਸਿਜਦਾ ਕਰਦਾ ਹੈ। ਉਹਨਾਂ ਦੇ ਜੀਵਨ ਸਫਰ ਦੀਆਂ ਯਾਦਾਂ ਸਾਂਝੀਆਂ ਕਰਦਾ ਉਹਨਾਂ ਦੀ ਸਮਾਜ ਲਈ ਨਿਭਾਈ ਭੂਮਿਕਾ ਨੂੰ ਸਲਾਮ ਕਰਦਾ ਹੈ ਕਿ, ‘‘ਯਾਰੋ ਸਾਨੂੰ ਨਹੀਓਂ ਭੁਲਣੀ, ਉਹਨਾਂ ਮਿਤਰਾਂ ਦੀ ਯਾਦ ਪਿਆਰੀ.’’....।
ਇਸ ਤੋਂ ਵੀ ਅਗੇਰੇ ਕਦਮ ਪੁੱਟਦਿਆਂ ਮੇਲਾ ਉਹਨਾਂ ਸਮੇਤ ਹੋਰਾਂ ਦੇ ਵੀ ਸਿਰਜੇ ਸਾਹਿਤਕ ਸੰਸਾਰ ਉੱਪਰ ਸੰਵਾਦ ਰਚਾਉਂਦਾ ਹੈ। ਇਹ ਕਾਰਜ ਪੰਜਾਬੀ ਸਾਹਿਤ ਜਗਤ ਦਾ ਅਮੁੱਲਾ ਗਹਿਣਾ ਹੈ। ਖਾਸ ਕਰਕੇ ਉਸ ਮੌਸਮ ਅੰਦਰ ਜਦੋਂ ਪੁਸਤਕ ਸੱਭਿਆਚਾਰ ਨੂੰ ਗ੍ਰਹਿਣ ਲੱਗਣ ਦਾ ਝੋਰਾ ਖਾ ਰਿਹਾ ਹੈ। ਇਸ ਵਾਰ ਦੇ ਮੇਲੇ ਦੇ ਬਾਗ ਅੰਦਰ ਫੁੱਟੀਆਂ ਇਹ ਵਿਚਾਰ ਚਰਚਾ ਦੀਆਂ ਕਰੂੰਬਲਾਂ ਭਵਿੱਖ ਵਿਚ ਹੋਰ ਵੀ ਸੁਗੰਧੀਆਂ ਅਤੇ ਖੇੜੇ ਦੀ ਆਸ ਬੰਨ੍ਹਾਉਂਦੀਆਂ ਹਨ। .. ..
ਪੰਜਾਬੀ ਗਾਇਕੀ ਅਤੇ ਸੰਗੀਤ ਅੰਦਰ ਆਏ ਨਿਘਾਰ ਦੇ ਮੁਕਾਬਲੇ ਮੇਲੇ ’ਤੇ ਡੁੱਲ੍ਹ ਡੁੱਲ੍ਹ ਪਈ ਗਾਇਕੀ ਅਤੇ ਸੰਗੀਤਕ ਸਰਗਮ ਵਿਸ਼ੇ ਵਸਤੂ ਅਤੇ ਕਲਾ ਪੱਖੋਂ ਪੂਰੀ ਠੁੱਕਦਾਰ ਰਹੀ ਹੈ। ਪੰਜਾਬੀ ਮਾਨਸਿਕਤਾ ਨੂੰ ਬੁੱਝਦਿਆਂ ਜੋ ਗੈਰ-ਵਿਗਿਆਨਕ, ਮੱਧ-ਯੁੱਗੀ, ਜਗੀਰੂ, ਅਸ਼ਲੀਲ, ਬਜਾਰੂ, ਮਾਰ-ਧਾੜ, ਫਿਰਕੂ ਜ਼ਹਿਰ ਭਰਿਆ ਅਸੱਭਿਆਚਾਰਕ ਹੱਲਾ ਬੋਲਿਆ ਜਾ ਰਿਹਾ ਹੈ, ਮੇਲਾ ਇਸ ਹਨੇਰੀ ਦੇ ਉਲਟੇ ਰੁਖ਼ ਪਰਵਾਜ਼ ਭਰਦਾ ਹੈ।
---0--- (ਇੱਕ ਲਿਖਤ ਦਾ ਹਿੱਸਾ)
No comments:
Post a Comment