ਹਮਾਸ ਦੇ ਕੌਮਾਂਤਰੀ ਮਾਮਲਿਆਂ ਦੇ ਵਿਭਾਗ ਦੇ ਮੁਖੀ ਮੂਸਾ ਅਬੂ ਮਰਜ਼ਾਊਕ ਨਾਲ ਗੱਲਬਾਤ...
‘‘ਪੁਆੜੇ ਦੀ ਅਸਲ ਜੜ੍ਹ ਕਬਜ਼ਾ ਹੈ’’
(ਇਹ ਇੰਟਰਵਿਊ ਅੰਗਰੇਜ਼ੀ ਮੈਗਜ਼ੀਨ ਫਰੰਟਲਾਈਨ ਵਿੱਚ ਪ੍ਰਕਾਸ਼ਿਤ ਹੋਣ ’ਤੇ ਇਜ਼ਰਾਇਲੀ ਰਾਜਦੂਤ ਵੱਲੋਂ ਭਾਰਤ ਸਰਕਾਰ ਕੋਲ ਸਖ਼ਤ ਇਤਰਾਜ਼ ਕੀਤਾ ਗਿਆ ਸੀ। ਇਹ ਇੰਟਰਵਿਊ 7 ਅਕਤੂਬਰ ਦੇ ਹਮਲੇ ਤੋਂ ਕੁੱਝ ਦਿਨ ਬਾਅਦ ਦੀ ਹੈ। ਇਸਦਾ ਮਹੱਤਵ ਹਮਾਸ ਜਥੇਬੰਦੀ ਦੀਆਂ ਪੁਜੀਸ਼ਨਾਂ ਨੂੰ ਜਾਨਣ ਦੇ ਪੱਖ ਤੋਂ ਹੈ। - ਸੰਪਾਦਕ, ਸੁਰਖ਼ ਲੀਹ)
ਮੂਸਾ ਅਬੂ ਮਰਜ਼ਾਊਕ, ਕਤਰ ਦੇ ਸ਼ਹਿਰ ਦੋਹਾ ਵਿਖੇ ਸਥਿਤ ਹਮਾਸ ਦੇ ਕੌਮਾਂਤਰੀ ਮਾਮਲਿਆਂ ਨਾਲ ਸੰਬੰਧਤ ਦਫ਼ਤਰ ਦਾ ਮੁਖੀ ਹੈ। ਪਿਛਲੇ ਸਮੇਂ ਉਹ ਹਮਾਸ ਦੀ ਪੋਲਿਟ ਬਿਊਰੋ ਦਾ ਮੁਖੀ ਵੀ ਰਿਹਾ ਹੈ। ਇੱਕ ਸਮੇਂ ਉਸਨੂੰ ਹਮਾਸ ਦੇ ਮੁਖੀ ਖਾਲਿਦ ਮਾਸ਼ਾਲ ਦੇ ਵਾਰਸ ਵਜੋਂ ਦੇਖਿਆ ਜਾਣ ਲੱਗਿਆ ਸੀ ਪਰ ਮਈ 2017 ’ਚ ਹੋਈਆਂ ਹਮਾਸ ਦੀਆਂ ਅੰਦਰੂਨੀ ਚੋਣਾਂ ’ਚ ਉਹ ਹਾਰ ਗਿਆ। ਪਰ ਉਹ ਹਮਾਸ ਦੀ ਪੋਲਿਟ ਬਿਊਰੋ ’ਚ ਕੋਰ ਮੈਂਬਰ ਵਜੋਂ ਮੌਜੂਦ ਹੈ। ਉਸਦਾ ਪਰਿਵਾਰ ਮੂਲ ਰੂਪ ’ਚ ਇਜ਼ਰਾਈਲ ’ਚ ਯਾਵਨੇ ਨਾਲ ਸੰਬੰਧਤ ਹੈ ਜਿਸਨੂੰ 1948 ’ਚ ਉੱਥੋਂ ਉੱਜੜ ਕੇ ਰਾਫਾਹ ਦੇ ਰਿਫਿਊਜੀ ਕੈਂਪ ਵਿੱਚ ਪਨਾਹ ਲੈਣ ਲਈ ਮਜ਼ਬੂਰ ਕਰ ਦਿੱਤਾ ਗਿਆ ਸੀ। ਉਸਦਾ ਜਨਮ ਇਸੇ ਕੈਂਪ ’ਚ ਹੀ ਹੋਇਆ। ‘ਫਰੰਟ ਲਾਈਨ’ ਦੀ ਤਰਫੋਂ ਪੱਤਰਕਾਰ ਇਫਤਿਖਾਰ ਗਿਲਾਨੀ ਦੀ ਉਸ ਨਾਲ ਕੀਤੀ ਇਸ ਇੰਟਰਵਿਊ ਦਾ ਪੰਜਾਬੀ ਅਨੁਵਾਦ ਸੁਰਖ਼ ਲੀਹ ਦੇ ਪੱਤਰਕਾਰ ਵੱਲੋਂ ਕੀਤਾ ਗਿਆ ਹੈ।
ਪੱਤਰਕਾਰ-
7 ਅਕਤੂਬਰ ਨੂੰ ਹਮਾਸ ਨੇ ਦੁਨੀਆ ਦੀਆਂ ਸਭ ਤੋਂ ਤਾਕਤਵਰ ਸੈਨਾਵਾਂ ’ਚੋਂ ਇੱਕ ਉੱਤੇ ਧਾਵਾ ਬੋਲ ਕੇ ਸਾਰੀ ਦੁਨੀਆ ਨੂੰ ਹੱਕੇ-ਬੱਕੇ ਕਰ ਦਿੱਤਾ। ਪਰ ਇਸਦਾ ਜਿਹੋ-ਜਿਹਾ ਪ੍ਰਤੀਕਰਮ ਇਜ਼ਰਾਈਲ ਨੇ ਕੀਤਾ ਹੈ, ਜਿਵੇਂ ਆਮ ਸ਼ਹਿਰੀ ਅਤੇ ਬੱਚੇ ਉਸ ਵੱਲੋਂ ਮਾਰੇ ਜਾ ਰਹੇ ਹਨ, ਉਸ ਤੋਂ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਹਮਾਸ ਵੱਲੋਂ ਅਜਿਹਾ ਕਰਨਾ ਕੀ ਠੀਕ ਸੀ?
ਜਵਾਬ- ਇਸ ਮਸਲੇ ਦੀ ਸ਼ੁਰੂਆਤ 7 ਅਕਤੂਬਰ ਤੋਂ ਨਹੀਂ ਹੋਈ। ਪੁਆੜੇ ਦੀ ਜੜ੍ਹ ਤਾਂ ਇਜ਼ਰਾਈਲ ਵੱਲੋਂ ਦਹਾਕਿਆਂ-ਬੱਧੀ ਚੱਲਿਆ ਆ ਰਿਹਾ ਫਲਸਤੀਨੀ ਧਰਤੀ ਉੱਪਰ ਕਬਜ਼ਾ ਹੈ, ਜਿਸ ਦੌਰਾਨ ਇਜ਼ਰਾਈਲ ਵੱਲੋਂ ਫਲਸਤੀਨੀ ਲੋਕਾਂ ਦੇ ਸੈਂਕੜਿਆਂ ਦੀ ਗਿਣਤੀ ’ਚ ਕਤਲੇਆਮ ਰਚਾਏ ਗਏ ਹਨ। ਇਸ ਗੱਲ ਦੇ ਬਾਵਜੂਦ ਕਿ ਅਸੀਂ ਉਸਦਾ ਟਾਕਰਾ ਕਰ ਰਹੇ ਹੋਈਏ ਜਾਂ ਨਾ, ਇਜ਼ਰਾਈਲ ਹਰ ਰੋਜ਼ ਸਾਡੇ ਲੋਕਾਂ ਨੂੰ ਮਾਰਦਾ ਆ ਰਿਹਾ ਹੈ। ਗਾਜ਼ਾ ਪੱਟੀ ਦੀ ਘੇਰਾਬੰਦੀ ਪਿਛਲੇ 17 ਸਾਲਾਂ ਤੋਂ ਲਗਾਤਾਰ ਜਾਰੀ ਹੈ, ਇਹ ਘੇਰਾਬੰਦੀ ਬਹੁਤ ਹੀ ਦਮ-ਘੋਟੂ ਹੈ। ਖੁਦ ਕਬਜ਼ਾਕਾਰੀ ਇਹ ਮੰਨਦੇ ਹਨ ਕਿ ਗਾਜ਼ਾ ਵਾਸੀ ਕਿੰਨੀਆਂ ਕੈਲੋਰੀਆਂ ਵਾਲਾ ਭੋਜਨ ਖਾ ਸਕਦੇ ਹਨ, ਉਹ ਸਾਡੇ ਹੱਥ-ਵੱਸ ਹੈ। ਇਜ਼ਰਾਈਲੀ ਹਮਲਿਆਂ ’ਚ ਸੈਂਕੜਿਆਂ ਦੀ ਗਿਣਤੀ ’ਚ ਹਰ ਰੋਜ਼ ਲੋਕ ਮਰ ਰਹੇ ਹਨ, ਬਹੁਤ ਵੱਡੀ ਪੱਧਰ ’ਤੇ ਜਾਨ-ਮਾਲ ਦਾ ਨੁਕਸਾਨ ਹੋ ਰਿਹਾ ਹੈ। ਗਾਜ਼ਾ ਪੱਟੀ ’ਚ ਰਹਿਣ ਵਾਲੇ ਵੱਡੀ ਗਿਣਤੀ ਨੌਜਵਾਨਾਂ ਦਾ ਇਜ਼ਰਾਈਲ ਵੱਲੋਂ ਭਵਿੱਖ ਤਬਾਹ ਕੀਤਾ ਜਾ ਰਿਹਾ ਹੈ। ਕੀ ਹਥਿਆਰ ਸੁੱਟ ਕੇ ਉਹਨਾਂ ਮੂਹਰੇ ਗੋਡੇ ਟੇਕ ਦੇਣ ਨਾਲ ਮਸਲਾ ਹੱਲ ਹੋ ਜਾਵੇਗਾ? ਇਜ਼ਰਾਈਲ ਨੂੰ ਤਾਂ ਫਲਸਤੀਨੀਆਂ ਵੱਲੋਂ ਅਜਿਹਾ ਆਤਮ-ਸਮਰਪਣ ਵੀ ਮਨਜੂਰ ਨਹੀਂ। ਉਹਨਾਂ ਨੂੰ ਜੋ ਮਨਜੂਰ ਹੈ, ਉਹ ਹੈ ਫਲਸਤੀਨੀਆਂ ਨੂੰ ਮਾਰ ਮੁਕਾਉਣਾ ਜਾਂ ਫਿਰ ਉਹਨਾਂ ਨੂੰ ਫਲਸਤੀਨੀ ਧਰਤੀ ਤੋਂ ਖਦੇੜ ਦੇਣਾ।
ਅਸੀਂ ਸਾਡੀ ਧਰਤੀ ਉੱਪਰ ਪੱਛਮੀ ਦੇਸ਼ਾਂ ਦੀ ਹਮਾਇਤ ਨਾਲ ਇਜ਼ਰਾਈਲ ਵੱਲੋਂ ਕੀਤੇ ਕਬਜ਼ੇ ਦੇ ਖ਼ਿਲਾਫ਼ ਮੁਕਤੀ ਲਹਿਰ ਚਲਾ ਰਹੇ ਹਾਂ। ਅਸੀਂ ਬੱਸ ਇਹੋ ਚਾਹੁੰਦੇ ਹਾਂ ਕਿ ਅਸੀਂ ਆਜ਼ਾਦ ਹੋਈਏ, ਕਿਉਂਕਿ ਸਾਨੂੰ ਕਿਸੇ ਦੇ ਗਲਬੇ ਹੇਠ ਰਹਿਣਾ ਮਨਜ਼ੂਰ ਨਹੀਂ। ਇਹ ਬਿਲਕੁਲ ਉਹੋ ਜਿਹੀ ਗੱਲ ਹੈ ਜਿਵੇਂ ਭਾਰਤੀ ਲੋਕਾਂ ਨੇ ਬਰਤਾਨਵੀ ਗਲਬੇ ਵਿਰੁੱਧ ਜੱਦੋਜਹਿਦ ਕੀਤੀ ਸੀ ਅਤੇ ਅੰਤ ਨੂੰ ਉਸਨੂੰ ਭਾਰਤ ’ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ।
ਪੱਤਰਕਾਰ- ਹਮਾਸ ਨੇ ਬਹੁਤ ਸਾਰੇ ਇਜ਼ਰਾਈਲੀ ਸ਼ਹਿਰੀਆਂ ਨੂੰ ਮਾਰ ਦਿੱਤਾ ਅਤੇ ਬਹੁਤ ਸਾਰਿਆਂ ਨੂੰ ਬੰਦੀ ਬਣਾ ਲਿਆ ਜਿਹਨਾਂ ’ਚ ਸ਼ਹਿਰੀ ਹੱਕਾਂ ਦਾ ਕਾਰਕੁੰਨ ਵਿਵੀਅਨ ਸਿਲਵਰ ਵੀ ਸ਼ਾਮਲ ਸੀ। ਇਸ ਉਪਰੇਸ਼ਨ (ਕਾਰਵਾਈ) ਦਾ ਅਸਲ ਮਕਸਦ ਕੀ ਸੀ?
ਜਵਾਬ- ਸ਼ਹਿਰੀਆਂ ਦੀਆਂ ਮੌਤਾਂ ਬਾਰੇ ਇਜ਼ਰਾਈਲ ਸਰਕਾਰ ਵੱਲੋਂ ਝੂਠੇ ਤੋਤਕੜੇ ਫੈਲਾਏ ਜਾ ਰਹੇ ਹਨ। ਇਸ ਘਟਨਾਕ੍ਰਮ ਸਮੇਂ ਮੌਕੇ ’ਤੇ ਹਾਜ਼ਰ ਇਜ਼ਰਾਈਲੀਆਂ ਨੇ ਗਵਾਹੀਆਂ ਦਿੱਤੀਆਂ ਹਨ ਕਿ ਸਾਡੇ ਲੜਾਕਿਆਂ ਨੇ ਉਹਨਾਂ ਨੂੰ ਨਹੀਂ ਮਾਰਿਆ। ਸਗੋਂ ਕਈ ਵੀਡੀਓ ਕਲਿੱਪਾਂ ਤਾਂ ਇਹ ਸਾਬਤ ਕਰਦੀਆਂ ਹਨ ਕਿ ਹਮਾਸ ਦੇ ਜੁਝਾਰੂਆਂ ਨੇ ਇਜ਼ਰਾਈਲੀ ਬੱਚਿਆਂ ਦਾ ਬਹੁਤ ਹੀ ਖਿਆਲ ਰੱਖਿਆ ਹੈ। ਇੱਕ ਇਜ਼ਰਾਇਲੀ ਔਰਤ ਨੇ ਦੱਸਿਆ ਕਿ ਇੱਕ ਹਮਾਸ ਲੜਾਕੂ ਵੱਲੋਂ ਉਸਦਾ ਇੱਕ ਕੇਲਾ ਲੈਣ ਅਤੇ ਖਾਣ ਲਈ ਉਸਤੋਂ ਇਜਾਜ਼ਤ ਮੰਗੀ ਗਈ। ਕੀ ਅਜਿਹਾ ਬੰਦਾ, ਜੋ ਖਾਣ ਦੀ ਇਜਾਜ਼ਤ ਮੰਗ ਰਿਹਾ ਹੈ, ਕਿਸੇ ਆਮ ਸ਼ਹਿਰੀ ਦਾ ਕਤਲ ਕਰ ਸਕਦਾ ਹੈ?
ਇਸ ਗੱਲ ਬਾਰੇ ਵੀ ਬਹੁਤ ਸਾਰੇ ਇਜ਼ਰਾਇਲੀਆਂ ਦੀਆਂ ਗਵਾਹੀਆਂ ਮੌਜੂਦ ਹਨ ਕਿ ਇਜ਼ਰਾਇਲੀ ਸਿਵਲੀਅਨਾਂ ਦੀ ਮੌਤ ਇਜ਼ਰਾਇਲੀ ਫੌਜ ਹੱਥੋਂ ਹੀ ਹੋਈ ਹੈ, ਕਿਉਂਕਿ ਫੌਜ ਨੇ ਉਹਨਾਂ ਘਰਾਂ ਨੂੰ ਘੇਰ ਕੇ ਉਹਨਾਂ ਉੱਤੇ ਬੰਬਾਰੀ ਕੀਤੀ ਜਿਹਨਾਂ ’ਚ ਹਮਾਸ ਲੜਾਕੂ ਘਿਰ ਗਏ ਸਨ। ਇਸ ਬੰਬਾਰੀ ’ਚ ਦਰਜਨਾਂ ਦੀ ਗਿਣਤੀ ’ਚ ਇਜ਼ਰਾਇਲੀ ਸਿਵਲੀਅਨ ਮਾਰੇ ਗਏ। ਉੱਥੇ ਜਿਹੋ ਜਿਹੀ ਤਬਾਹੀ ਕੀਤੀ ਗਈ ਉਹ ਇਸਦੇ ਇਜ਼ਰਾਈਲ ਦੀ ਫੌਜ ਦਾ ਕੁਕਰਮ ਹੋਣ ਦੀ ਸ਼ਾਹਦੀ ਭਰਦੀ ਸੀ। ਸਾਡੇ ਲੜਾਕਿਆਂ ਕੋਲ ਸਿਰਫ ਹਲਕੇ ਹਥਿਆਰ ਅਤੇ ਗੋਲੀ-ਸਿੱਕਾ ਸਨ। ਜਿੱਥੋਂ ਤੱਕ ਇਜ਼ਰਾਇਲੀ ਪ੍ਰਚਾਰ-ਧੂਤੂਆਂ ਦਾ ਇਹ ਦੋਸ਼ ਹੈ ਕਿ ਹਮਾਸ ਨੇ ਸਿਵਲੀਅਨਾਂ ਨੂੰ ਮਾਰਨ ਲਈ ਇੱਕ ਸੰਗੀਤ ਸਮੇਲਨ ਨੂੰ ਹਮਲੇ ਦਾ ਨਿਸ਼ਾਨਾ ਬਣਾਇਆ, ਹਕੀਕਤ ਇਹ ਹੈ ਕਿ ਸਾਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਉਸ ਇਲਾਕੇ ’ਚ ਕੋਈ ਸੰਗੀਤ-ਸਮੇਲਨ ਹੋ ਰਿਹਾ ਹੈ। ਸਾਡੇ ਲੜਾਕਿਆਂ ਦੇ ਉਸ ਸੰਗੀਤ ਸਮੇਲਨ ਵਾਲੀ ਜਗ੍ਹਾ ’ਤੇ ਪਹੁੰਚਣ ਤੋਂ ਪਹਿਲਾਂ ਹੀ ਇਸ ਪ੍ਰੋਗਰਾਮ ’ਚ ਆਏ ਲੋਕਾਂ ਨੂੰ ਉੱਥੋਂ ਕੱਢਣ ਲਈ ਇਜ਼ਰਾਇਲੀ ਫੌਜ ਅਤੇ ਸੁਰੱਖਿਆ ਸੇਵਾਵਾਂ ਉੱਥੇ ਪਹੁੰਚੀਆਂ ਹੋਈਆਂ ਸਨ। ਇਉਂ ਇਹ ਇਲਾਕਾ ਇੱਕ ਫੌਜੀ ਮੁੱਠਭੇੜ ਦਾ ਖੇਤਰ ਬਣ ਗਿਆ ਅਤੇ ਆਪਸੀ ਝੜੱਪਾਂ ਆਰੰਭ ਹੋ ਗਈਆਂ। ਮੌਕੇ ਦੇ ਚਸ਼ਮਦੀਦ ਇਜ਼ਰਾਇਲੀਆਂ ਦੇ ਕਬੂਲਨਾਮਿਆਂ ਤੇ ਗਵਾਹੀਆਂ ਅਨੁਸਾਰ, ਇਜ਼ਰਾਇਲੀ ਫੌਜ ਵੱਲੋਂ ਵਰਤੀਆਂ ਮਿਜ਼ਾਇਲਾਂ ਸਦਕਾ ਅਨੇਕ ਇਜ਼ਰਾਇਲੀ ਸਿਵਲੀਅਨ ਫੌਜ ਹੱਥੋਂ ਹੀ ਮਾਰੇ ਗਏ।
ਗਾਜ਼ਾ ਦੀ ਸਰਹੱਦ ਉੱਪਰ ਜਦ ਇਜ਼ਰਾਇਲੀ ਫੌਜ ਲੜਖੜਾ ਗਈ ਤੇ ਭਾਰੀ ਭੰਬਲਭੂਸਾ ਪੈਦਾ ਹੋ ਗਿਆ ਤਾਂ ਇਸ ਮੌਕੇ ਗਾਜ਼ਾ ਪੱਟੀ ’ਚੋਂ ਸੈਂਕੜਿਆਂ ਦੀ ਗਿਣਤੀ ’ਚ ਸਾਡੇ ਸ਼ਹਿਰੀ ਤੇ ਦੂਸਰੇ ਧੜਿਆਂ ਦੇ ਕਾਰਕੁੰਨ, ਕਬਜ਼ੇ ਹੇਠਲੇ ਖੇਤਰਾਂ ’ਚ ਵੜ ਗਏ ਤੇ ਉੱਥੇ ਬਹੁਤ ਸਾਰੇ ਇਜ਼ਰਾਇਲੀਆਂ ਨੂੰ ਫੜ ਕੇ ਬੰਦੀ ਬਣਾ ਲਿਆ। ਅਸੀਂ ਇਸ ਨਾਲ ਸੰਬੰਧਤ ਸਾਰੀਆਂ ਧਿਰਾਂ ਨੂੰ ਸੂਚਿਤ ਕਰ ਦਿੱਤਾ ਕਿ ਅਸੀਂ ਸਾਰੇ ਸਿਵਲੀਅਨਾਂ ਅਤੇ ਬਦੇਸ਼ੀਆਂ ਨੂੰ ਰਿਹਾਅ ਕਰ ਦੇਵਾਂਗੇ ਅਤੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਣਾ ਨਹੀਂ ਚਾਹੁੰਦੇ। ਕਿਸੇ ਨੂੰ ਬੰਦੀ ਬਣਾ ਕੇ ਰੱਖਣ ਦਾ ਸਾਡਾ ਅਸੂਲ ਨਹੀਂ , ਪਰ ਅਸੀਂ ਉਹਨਾਂ ਦੀ ਰਿਹਾਈ ਲਈ ਢੁੱਕਵਾਂ ਮਾਹੌਲ ਚਾਹੁੰਦੇ ਹਾਂ। ਗਾਜ਼ਾ ਪੱਟੀ ’ਚ ਕੀਤੀ ਜਾ ਰਹੀ ਤਾਬੜਤੋੜ ਬੰਬਾਰੀ ਦੀਆਂ ਹਾਲਤਾਂ ’ਚ ਅਜਿਹੀ ਰਿਹਾਈ ਕਰ ਸਕਣਾ ਬਹੁਤ ਔਖਾ ਕੰਮ ਹੈ।
ਹਾਲਤ ਇਹ ਹੈ ਕਿ ਬੇਤਹਾਸ਼ਾ ਬੰਬਾਰੀ ਦੀਆਂ ਹਾਲਤਾਂ ’ਚ ਰੈੱਡ ਕਰਾਸ ਦੀ ਕੌਮਾਂਤਰੀ ਕਮੇਟੀ ਵੀ ਗਾਜ਼ਾ ਪੱਟੀ ’ਚ ਆਪਣੇ ਗੁਦਾਮਾਂ ਤੱਕ ਪਹੁੰਚ ਕਰਨ ਤੋਂ ਅਸਮਰੱਥ ਹੈ। ਜਦ ਸਾਨੂੰ ਹਾਲੇ ਇਹ ਹੀ ਨਹੀਂ ਪਤਾ ਕਿ ਬੰਦੀ ਬਣਾਏ ਲੋਕ ਕਿੱਥੇ ਹਨ, ਅਸੀਂ ਉਹਨਾਂ ਨੂੰ ਰਿਹਾਅ ਕਿਵੇਂ ਕਰ ਸਕਦੇ ਹਾਂ?
ਪੱਤਰਕਾਰ- ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਕਹਿਣਾ ਹੈ ਕਿ ਤੁਹਾਡੇ ਹਮਲੇ ਦਾ ਇੱਕ ਮਕਸਦ ਅਬਰਾਹਮ ਸੰਧੀ, ਇਜ਼ਰਾਈਲ ਦੀ ਅਰਬ ਦੇਸ਼ਾਂ ਨਾਲ ਸੰਬੰਧ ਆਮ ਵਰਗੇ ਬਨਾਉਣ ਲਈ ਗੱਲਬਾਤ ਨੂੰ ਲੀਹੋਂ ਲਾਹੁਣਾ ਸੀ।
ਜਵਾਬ- ਇਜ਼ਰਾਈਲ ਤੇ ਅਰਬ ਦੇਸ਼ਾਂ ਵਿਚਕਾਰ ਆਮ ਵਰਗੇ ਸੰਬੰਧ ਬਨਾਉਣ ਤੋਂ ਰੋਕਣ ਵਰਗੇ ਮਾਮਲੇ ’ਚ ਹਮਲਾ ਕਰਨ ਦੀ ਲੋੜ ਨਹੀਂ, ਕਿਉਂਕਿ ਇਹ ਅਰਬ ਲੋਕਾਂ ਦੀ ਇੱਛਾ ਦੀ ਤਰਜਮਾਨੀ ਨਹੀਂ ਕਰਦੇ। ਅਰਬ ਲੋਕ ਤਾਂ ਪਹਿਲਾਂ ਹੀ ਅਜਿਹੇ ਆਮ ਵਰਗੇ ਸੰਬੰਧਾਂ ਨੂੰ ਰੱਦ ਕਰ ਚੁੱਕੇ ਹਨ। ਉਦਾਹਰਨ ਲਈ, ਮਿਸਰ ਅਤੇ ਜੌਰਡਨ ਨੇ 40 ਸਾਲਾਂ ਤੋਂ ਵੀ ਵੱਧ ਸਮਾਂ ਪਹਿਲਾਂ, ਇਜ਼ਰਾਈਲ ਨਾਲ ਸ਼ਾਂਤੀ ਸਮਝੌਤੇ ਕਰ ਲਏ ਸਨ। ਪਰ ਇਹਨਾਂ ਦੇਸ਼ਾਂ ਦੇ ਲੋਕ ਕਬਜ਼ੇ ਨੂੰ ਪੂਰੇ ਜ਼ੋਰ ਨਾਲ ਰੱਦ ਕਰ ਚੁੱਕੇ ਹਨ। ਇਸ ਕਰਕੇ ਅਸੀਂ ਅਜਿਹੇ ਆਮ ਵਰਗੇ ਸੰਬੰਧ ਬਨਾਉਣ ਦੇ ਸਮਝੌਤਿਆਂ ਤੋਂ ਨਹੀਂ ਡਰਦੇ ਕਿਉਂਕਿ ਇਹਨਾਂ ਨੇ ਆਪਣੇ ਆਪ ਨਕਾਰਾ ਹੋ ਜਾਣਾ ਹੈ।
ਪੱਤਰਕਾਰ- ਦੁਨੀਆ ਭਰ ’ਚ ਹੀ, ਹੁਣ ਹਥਿਆਰਬੰਦ ਟਾਕਰਾ ਲਹਿਰਾਂ ਦੇ ਸਫ਼ਲ ਹੋਣ ਦੀ ਜ਼ਿਆਦਾ ਸੰਭਾਵਨਾ ਨਹੀਂ ਦਿਸਦੀ। ਉਹਨਾਂ ਨੂੰ ਹੁਣ ਦਹਿਸ਼ਤਗਰਦ ਗਰੁੱਪ ਗਰਦਾਨ ਦਿੱਤਾ ਜਾਂਦਾ ਹੈ। ਪੱਛਮੀ ਦੇਸ਼ ਇਜ਼ਰਾਈਲ ਦੀ ਪਿੱਠ ਪੂਰ ਰਹੇ ਹਨ। ਇਸ ਨਵੇਂ ਭੂਗੋਲਿਕ-ਯੁੱਧਨੀਤਕ ਮਾਹੌਲ ’ਚ ਹਮਾਸ ਕਿਵੇਂ ਆਪਣੇ ਪੈਰ ਜਮਾਕੇ ਖੜ੍ਹ ਰਹੀ ਹੈ ਜਾਂ ਫਿਰ ਪੁਰਅਮਨ ਲਹਿਰ ਚਲਾਉਣ ਦੀ ਕੋਈ ਸੰਭਾਵਨਾ ਮੌਜੂਦ ਲੱਗਦੀ ਹੈ?
ਜਵਾਬ- ਜਦੋਂ ਬਰਤਾਨੀਆ ਨੇ ਭਾਰਤ ਨੂੰ ਆਪਣੀ ਬਸਤੀ ਬਣਾਇਆ ਸੀ, ਉਦੋਂ ਉਹ ਇੱਕ ਦਿਓ-ਤਾਕਤ ਸੀ। ਤਾਂ ਵੀ, ਭਾਰਤੀ ਲੋਕਾਂ ਨੇ ਇਸਦੇ ਕਬਜ਼ੇ ਦਾ ਵਿਰੋਧ ਕੀਤਾ। ਅਸੀਂ ਪੁਰਅਮਨ ਰਾਹ ਨੂੰ ਤੀਹ ਵਰ੍ਹੇ ਤੱਕ ਅਜ਼ਮਾਇਆ ਅਤੇ “ਫਤਹਿ” ਦੀ ਅਗਵਾਈ ਹੇਠਲੀ ਲਹਿਰ ਨੇ ਓਸਲੋ ਸੰਧੀ ’ਤੇ ਹਸਤਾਖਰ ਕੀਤੇ। ਇਸਦਾ ਕੀ ਨਤੀਜਾ ਨਿੱਕਲਿਆ? ਕੀਤੇ ਵਾਅਦੇ ਅਨੁਸਾਰ, ਸਾਨੂੰ ਫਲਸਤੀਨ ਰਾਜ ਨਹੀਂ ਮਿਲਿਆ ਅਤੇ ਚਾਰ-ਚੁਫੇਰੇ ਵਸਾਈਆਂ ਯਹੂਦੀ ਬਸਤੀਆਂ ’ਚ ਘਿਰਕੇ ਪੱਛਮੀ ਕਿਨਾਰੇ ਦਾ ਖੇਤਰ ਇੱਕ ਟਾਪੂ ਵਾਂਗ ਅਲੱਗ-ਥਲੱਗ ਹੋ ਕੇ ਰਹਿ ਗਿਆ ਹੈ ਅਤੇ ਗਾਜ਼ਾ ਦੀ ਚੁਫੇਰਿਓਂ ਨਾਕਾਬੰਦੀ ਕਰ ਰੱਖੀ ਹੈ। ਗਾਜ਼ਾ ਜਾਂ ਪੱਛਮੀ ਕਿਨਾਰੇ ’ਚ ਰਹਿੰਦੇ ਕਿਸੇ ਫਲਸਤੀਨੀ ਲਈ ਆਪਣੇ ਹੀ ਦੇਸ਼ ਦੇ ਦੂਸਰੇ ਹਿੱਸੇ, ਇਹ ਚਾਹੇ ਪੱਛਮੀ ਕਿਨਾਰਾ ਹੋਵੇ ਜਾਂ ਗਾਜ਼ਾ ’ਚ ਜਾਣ ਨਾਲੋਂ ਦੁਨੀਆਂ ਦੇ ਕਿਸੇ ਵੀ ਹੋਰ ਦੇਸ਼ ’ਚ ਜਾਣਾ ਕਿਤੇ ਸੁਖਾਲਾ ਹੈ।
ਇਹੋ ਕਾਰਨ ਹੈ ਕਿ ਸਾਡੇ ਫਲਸਤੀਨੀ ਲੋਕਾਂ ਦਾ ਸਿਰਫ ਪੁਰਅਮਨ ਹੱਲ ’ਚ ਹੁਣ ਹੋਰ ਵਿਸ਼ਵਾਸ਼ ਨਹੀਂ ਰਿਹਾ। ਹੁਣ ਸਾਡਾ ਭਰੋਸਾ ਅਜਿਹੀ ਭਰਵੀਂ ਟਾਕਰਾ ਲਹਿਰ ’ਚ ਹੈ ਜਿਸ ’ਚ ਹਥਿਆਰਬੰਦ ਟਾਕਰੇ ਅਤੇ ਲੋਕ ਲੁਭਾਉਣੇ ਜਨਤਕ ਟਾਕਰੇ ਦੇ ਦੋਵੇਂ ਅੰਸ਼ ਹੀ ਸ਼ਾਮਲ ਹਨ। ਸਾਡੇ ਲੋਕਾਂ ਨੇ ਘਰ-ਵਾਪਸੀ ਦੇ ਮਹਾਨ ਮਾਰਚ ’ਚ ਹਿੱਸਾ ਲਿਆ ਜਿਸ ਦੌਰਾਨ ਸੈਂਕੜੇ ਹਜ਼ਾਰਾਂ ਦੀ ਤਾਦਾਦ ’ਚ ਲੋਕ ਇਹ ਮੰਗ ਕਰਨ ਲਈ ਗਾਜ਼ਾ ਸਰਹੱਦ ’ਤੇ ਜਾਂਦੇ ਰਹੇ ਕਿ ਨਾਕਾਬੰਦੀ ਚੱਕੀ ਜਾਵੇ ਤਾਂ ਕਿ ਅਸੀਂ ਆਪਣੇ ਵਤਨ ਨੂੰ ਪਰਤ ਸਕੀਏ। ਘੋਲ ਦੀ ਜੋ ਮਰਜ਼ੀ ਸ਼ਕਲ ਹੋਵੇ, ਸਾਡੀ ਮੰਗ ਹੈ ਕਿ ਸਾਨੂੰ ਆਜ਼ਾਦੀ ਮਿਲੇ।
ਪੱਤਰਕਾਰ- ਸਾਲ 2006 ’ਚ ਤੁਸੀਂ ਗਾਜ਼ਾ ’ਚ ਸੱਤਾ ’ਚ ਆ ਗਏ ਸੀ। ਅਨੇਕ ਲੋਕਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਵਧੀਆ ਸਰਕਾਰ ਚਲਾਉਣ ’ਤੇ ਧਿਆਨ ਕੇਂਦਰਤ ਕੀਤਾ ਹੁੰਦਾ ਤਾਂ ਤੁਸੀਂ ਗਾਜ਼ਾ ਨੂੰ ਹਾਂਗਕਾਂਗ ਜਾਂ ਸਿੰਘਾਪੁਰ ਜਿਹਾ ਬਣਾ ਸਕਦੇ ਸੀ। ਇਹ ਇੱਕ ਖੇਤਰੀ ਵਪਾਰਕ ਕੇਂਦਰ ’ਚ ਪਲਟਿਆ ਜਾ ਸਕਦਾ ਸੀ ਤੇ ਤੁਸੀਂ ਇੱਕ ਉਦਾਹਰਨ ਕਾਇਮ ਕਰ ਸਕਣੀ ਸੀ। ਪਰ ਤੁਹਾਡੇ ਕਾਰਿਆਂ ਨੇ ਇਸਨੂੰ ਇੱਕ ਜੰਗ ਦਾ ਮੈਦਾਨ ਬਣਾ ਦਿੱਤਾ।
ਜਵਾਬ- ਇਹ ਸੁਣਨਾ ਬੜਾ ਅਟਪਟਾ ਲੱਗਦਾ ਹੈ ਕਿ ਜੋ ਕੁੱਝ ਇੱਥੇ ਵਾਪਰ ਰਿਹਾ ਹੈ ਉਸ ਲਈ ਸਾਡੀਆਂ ਕਾਰਵਾਈਆਂ ਜਿੰਮੇਵਾਰ ਹਨ। ਹਮਾਸ ਦੀ ਲਹਿਰ 1987 ਵਿੱਚ ਹੋਂਦ ਵਿੱਚ ਆਈ ਸੀ। ਸਾਲ 2006 ’ਚ ਅਸੀਂ ਗਾਜ਼ਾ ਦੀ ਹਕੂਮਤੀ ਜਿੰਮੇਵਾਰੀ ਸੰਭਾਲੀ। ਇਜ਼ਰਾਈਲ ਨੇ ਓਦੋਂ ਹੀ ਸਾਡੀ ਘੇਰਾਬੰਦੀ ਕਰ ਦਿੱਤੀ ਤਾਂ ਕਿ ਅਸੀਂ ਚੱਜ ਨਾਲ ਹਕੂਮਤ ਨਾ ਚਲਾ ਸਕੀਏ। ਇਜ਼ਰਾਈਲ, ਅਮਰੀਕਾ ਅਤੇ ਅਨਿਆਂਕਾਰੀ ਪੱਛਮੀ ਦੁਨੀਆਂ ਦੇ ਦੇਸ਼ਾਂ ਨੇ ਸਾਨੂੰ ਅਸਫ਼ਲ ਕਰਨ ਲਈ ਪੂਰਾ ਟਿੱਲ ਲਾਇਆ, ਪਰ ਫਿਰ ਵੀ ਅਸੀਂ ਅਡੋਲ ਡਟੇ ਰਹੇ। ਇਜ਼ਰਾਈਲ ਸਾਡਾ ਤੁਖਮ ਮਿਟਾਉਣ ਲਈ ਗਿਣਮਿਥ ਕੇ ਤੇ ਲਗਾਤਾਰ ਸਾਡੇ ਉੱਪਰ ਹਮਲੇ ਕਰਦਾ ਰਿਹਾ।
ਇਹ ਬਹੁਤ ਹੀ ਅਜੀਬੋ-ਗਰੀਬ ਬਿਆਨ ਹੈ ਕਿ “ਹਮਾਸ ਗਾਜ਼ਾ ਨੂੰ ਸਿੰਘਾਪੁਰ ਬਣਾ ਸਕਦੀ ਸੀ ਪਰ ਇਸਦੀ ਥਾਂ ਉਹਨੇ ਇਹਨੂੰ ਰਣਭੂਮੀ ’ਚ ਪਲਟ ਦਿੱਤਾ।” ਕੀ ਤੁਸੀਂ ਚੋਰ-ਉਚੱਕਿਆਂ ਅਤੇ ਮੁਜ਼ਰਮ ਅਨਸਰਾਂ ਨਾਲ ਭਰੇ ਸ਼ਹਿਰ ’ਚ ਕੋਈ ਵੀ ਪ੍ਰੋਜੈਕਟ ਸਫ਼ਲਤਾ ਨਾਲ ਉਸਾਰ ਸਕਦੇ ਹੋ? ਅਜਿਹਾ ਕਤਈ ਸੰਭਵ ਨਹੀਂ। ਫਿਰ ਤੁਸੀਂ ਮੈਥੋਂ ਇੱਕ ਪੂਰੀ ਤਰ੍ਹਾਂ ਗੁੰਦਿਆਂ ਹੋਇਆ ਅਰਥਚਾਰਾ ਵਿਕਸਤ ਕਰਨ ਦੀ ਮੰਗ ਕਿਵੇਂ ਕਰਦੇ ਹੋ? ਖੁਸ਼ਹਾਲੀ ਲਿਆਉਣ ਲਈ ਮੁਜ਼ਰਮਾਂ ਦਾ ਪੱਤਾ ਸਾਫ ਕਰਨ ਅਤੇ ਫਿਰ ਰਾਜ ਦਾ ਢਾਂਚਾ ਉਸਾਰਨਾ ਪਹਿਲਾ ਕਦਮ ਹੈ। ਜਦੋਂ ਸਾਡੀ ਧਰਤੀ ਉੱਤੇ ਕਿਸੇ ਦਾ ਕਬਜ਼ਾ ਨਹੀਂ ਹੋਇਆ ਸੀ, ਉਦੋਂ ਅਸੀਂ ਸੱਚਮੁੱਚ ਹੀ ਇਸ ਖੇਤਰ ਦਾ ਸਭ ਤੋਂ ਵਿਕਸਤ ਦੇਸ਼ ਸੀ। ਕਬਜ਼ੇ ਹੇਠ ਆਉਣ ਤੋਂ ਬਾਅਦ ਅਸੀਂ ਉਨਾਂ ਚਿਰ ਜੰਗਾਂ, ਉਜਾੜੇ ਅਤੇ ਸ਼ਰਨਾਰਥੀ ਬਣਨ ਦੇ ਅਮਲ ਹੰਢਾਉਂਦੇ ਰਹੇ ਜਿਨਾਂ ਚਿਰ ਫਲਸਤੀਨ ਦੀ ਅੱਧੀ ਵਸੋਂ ਰਫਿਊਜੀਆਂ ਦੇ ਰੂਪ ’ਚ ਬਾਹਰਲੇ ਦੇਸ਼ਾਂ ’ਚ ਨਾ ਧੱਕੀ ਗਈ।
ਅਸੀਂ ਵਿਕਾਸ ਅਤੇ ਖੁਸ਼ਹਾਲੀ ਭਰਿਆ ਜੀਵਨ ਬਸਰ ਕਰਨਾ ਚਾਹੁੰਦੇ ਹਾਂ ਪ੍ਰੰਤੂ ਤੁਸੀਂ ਮੈਨੂੰ ਇਸ ਗੱਲ ਦਾ ਜੁਆਬ ਦਿਓ: “ ਕੀ ਦੁਨੀਆਂ ਅੰਦਰ ਕੋਈ ਇੱਕ ਵੀ ਅਜਿਹੀ ਕੌਮ ਹੈ ਜਿਸਨੇ ਗੈਰ ਦੇ ਕਬਜ਼ੇ ਹੇਠ ਰਹਿੰਦਿਆਂ ਇੱਕ ਖੁਸ਼ਹਾਲ ਰਾਜ ਦਾ ਨਿਰਮਾਣ ਕੀਤਾ ਹੋਵੇ?’’
ਪੱਤਰਕਾਰ: ਤੁਸੀਂ ਜੰਗ ਸ਼ੁਰੂ ਕੀਤੀ ਹੈ। ਹੁਣ ਇਹ ਮੁੱਕੇਗੀ ਕਿਵੇਂ?
ਜਵਾਬ- ਜੰਗ ਛੇੜਨ ਵਾਲਾ ਓਹੀ ਹੈ ਜਿਸਨੇ ਮੇਰੀ ਧਰਤ ’ਤੇ ਕਬਜ਼ਾ ਕੀਤਾ ਹੈ, ਮੇਰੇ ਲੋਕਾਂ ਨੂੰ ਇੱਥੋਂ ਉਜਾੜਿਆ ਹੈ ਅਤੇ ਸਾਨੂੰ ਚੁਫੇਰਿਓਂ ਘੇਰ ਕੇ ਕੈਦ ਕੀਤਾ ਹੋਇਆ ਹੈ। ਮੇਰਾ ਕਰਮ ਇਜ਼ਰਾਇਲੀ ਫੌਜ ਨੂੰ ਆਪਣੀ ਚੋਟ ਦਾ ਨਿਸ਼ਾਨਾ ਬਨਾਉਣਾ ਹੈ। ਅਜਿਹਾ ਕਰਨਾ ਕਿਸੇ ਕਾਬਜ਼ ਧਿਰ ਵਿਰੁੱਧ ਵਾਜਬ ਪ੍ਰਤੀਰੋਧ (ਟਾਕਰੇ) ਦੇ ਪੂਰੀ ਤਰ੍ਹਾਂ ਘੇਰੇ ’ਚ ਆਉਂਦਾ ਹੈ। ਨਾਕੇਬੰਦੀ ’ਚ ਤੂੜੇ ਹਜ਼ਾਰਾਂ ਨੌਜਵਾਨਾਂ ਨੇ ਇਸ ਖੇਤਰ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਨੂੰ ਇਕੇਰਾਂ ਤਾਂ ਲਾਚਾਰ ਬਣਾ ਦਿੱਤਾ ਹੈ। ਸਾਡੀ ਇਹ ਟਾਕਰਾ ਲਹਿਰ ਉਨਾਂ ਚਿਰ ਜਾਰੀ ਰਹੇਗੀ ਜਿੰਨਾਂ ਚਿਰ ਸਾਨੂੰ ਆਜ਼ਾਦੀ ਨਹੀਂ ਮਿਲ ਜਾਂਦੀ। ਸਾਡੀ ਆਜ਼ਾਦੀ ਨਾਲ ਹੀ ਇਹ ਜੰਗ ਮੁੱਕੇਗੀ।
ਪੱਤਰਕਾਰ- ਇਸ ਵਾਰ ਅਰਬ ਦੇਸ਼ਾਂ ਅਤੇ ਗੈਰ-ਅਰਬ ਦੇਸ਼ਾਂ ਵੱਲੋਂ ਵੀ ਤੁਹਾਨੂੰ ਬਹੁਤ ਜ਼ਿਆਦਾ ਹਮਦਰਦੀ ਤੇ ਹਮਾਇਤ ਮਿਲ ਰਹੀ ਹੈ। ਫਲਸਤੀਨ ਮਸਲੇ ਦੇ ਸਮੁੱਚੇ ਰੂਪ ’ਚ ਨਿਪਟਾਰੇ ਲਈ ਤੁਸੀਂ ਇਸਦੀ ਕਿਵੇਂ ਵਰਤੋਂ ਕਰੋਗੇ? ਇਰਾਨ ਤੋਂ ਬਗੈਰ ਤੁਸੀਂ ਕਿਤੋਂ ਹੋਰ ਵੀ ਮੱਦਦ ਦੀ ਝਾਕ ਰੱਖ ਰਹੇ ਹੋ?
ਜਵਾਬ- ਫਲਸਤੀਨ ਟਾਕਰਾ ਲਹਿਰ ਤਾਂ ਇਰਾਨ ਦੇ ਇਨਕਲਾਬ ਤੋਂ ਪਹਿਲਾਂ ਵੀ ਮੌਜੂਦ ਸੀ। ਇਰਾਨ ਸਾਡੀ ਮੱਦਦ ਕਰਦਾ ਹੈ ਤੇ ਅਸੀਂ ਇਸ ਲਈ ਉਸਦਾ ਸ਼ੁਕਰੀਆ ਕਰਦੇ ਹਾਂ। ਵੱਖ-ਵੱਖ ਹੋਰਨਾਂ ਧਿਰਾਂ ਅਤੇ ਦੇਸ਼ਾਂ ਤੋਂ ਹਰ ਕਿਸਮ ਦੀ ਮੱਦਦ ਲਈ ਸਾਡੇ ਦਰ ਖੁੱਲ੍ਹੇ ਹਨ।
ਇਸ ਸੰਬੰਧ ’ਚ ਮੈਂ ਇਹ ਗੱਲ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਦੀ ਮੌਜੂਦਾ ਨੀਤੀ ਭਾਰਤੀ ਹਿੱਤਾਂ ਲਈ ਨੁਕਸਾਨਦੇਹ ਹੈ। ਇਜ਼ਰਾਈਲ ਨਾਲ ਗੱਠਜੋੜ ਭਾਰਤ ਦੇ ਫਲਸਤੀਨੀ ਲੋਕਾਂ ਅਤੇ ਅਰਬ ਦੇਸ਼ਾਂ ਨਾਲ ਸੰਬੰਧਾਂ ਦੇ ਇਤਿਹਾਸਕ ਵਿਰਸੇ ਵਿਰੁੱਧ ਰਾਜਪਲਟਾ ਹੈ। ਅਰਬ ਖੇਤਰ ’ਚ ਭਾਰਤ ਦੇ ਬੜੇ ਅਹਿਮ ਹਿੱਤ ਹਨ ਅਤੇ ਭਾਰਤ ਦੇ ਇਜ਼ਰਾਈਲ ਨਾਲ ਸੰਬੰਧਾਂ ਨੂੰ ਅਰਬ ਲੋਕਾਂ ਵੱਲੋਂ ਇੱਕ ਦੁਸ਼ਮਣ ਭਾਵ ਵਾਲੇ ਦੇਸ਼ ਵਜੋਂ ਦੇਖਿਆ ਜਾਵੇਗਾ। ਇਸ ਨਾਲ ਦੋਹਾਂ ਵਿਚਕਾਰ ਇੱਕ ਮਨੋਵਿਗਿਆਨਕ ਕੰਧ ਖੜ੍ਹੀ ਹੋ ਜਾਵੇਗੀ ਅਤੇ ਇਸ ਨਾਲ ਭਾਰਤ ਦੇ ਹਿੱਤਾਂ ਨੂੰ ਆਂਚ ਆਵੇਗੀ।
ਪੱਤਰਕਾਰ- ਤੁਸੀਂ ਅਕਸਰ ਇਹ ਕਹਿੰਦੇ ਰਹਿੰਦੇ ਹੋ ਕਿ ਤੁਸੀਂ ਇਜ਼ਰਾਈਲ ਨੂੰ ਮਾਨਤਾ ਨਹੀਂ ਦਿੰਦੇ। ਪ੍ਰੰਤੂ ਇਜ਼ਰਾਈਲ ਇੱਕ ਹਕੀਕਤ ਬਣ ਚੁੱਕਿਆ ਹੈ। ਜੇ ਤੁਸੀਂ ਦੋ ਦੇਸ਼ਾਂ ਦੀ ਸਥਾਪਨਾ ਵਾਲੇ ਹੱਲ ਨੂੰ ਪ੍ਰਵਾਨ ਨਹੀਂ ਕਰਦੇ ਤਾਂ ਫਿਰ ਹੱਲ ਲਈ ਹੋਰ ਕੀ ਰਾਹ ਹੈ?
ਜਵਾਬ- ਜੇ ਤੁਸੀਂ ਮੈਥੋਂ ਇਹ ਗੱਲ ਇਸ ਆਧਾਰ ’ਤੇ ਪ੍ਰਵਾਨ ਕਰਾਉਣਾ ਚਾਹੁੰਦੇ ਹੋ ਕਿ ਇਜ਼ਰਾਈਲ ਦੀ ਹੋਂਦ ਹਕੀਕਤ ਬਣ ਚੁੱਕੀ ਹੈ ਤਾਂ ਭਾਰਤ ਨੇ ਬਰਤਾਨਵੀ ਕਬਜ਼ੇ ਨੂੰ ਹਕੀਕਤ ਵਜੋਂ ਕਿਉਂ ਨਹੀਂ ਪ੍ਰਵਾਨ ਕੀਤਾ, ਹਲਾਂਕਿ ਉਸ ਵੇਲੇ ਬਰਤਾਨੀਆ ਇਜ਼ਰਾਈਲ ਨਾਲੋਂ ਕਿਤੇ ਸ਼ਕਤੀਸ਼ਾਲੀ ਸੀ। ਇਜ਼ਰਾਈਲ ਇੱਕ ਖੇਤਰੀ ਤਾਕਤ ਸੀ ਜਿਸਦੀ ਤਾਕਤ ਕਮਜ਼ੋਰ ਹੋ ਰਹੀ ਸੀ ਜਦਕਿ ਉਸ ਵੇਲੇ ਦਾ ਬਰਤਾਨੀਆ ਇੱਕ ਦਿਓ ਤਾਕਤ ਸੀ। ਇਹ ਸਭ ਤੋਂ ਸੌਖਾ ਰਾਹ ਹੈ ਕਿ ਇਜ਼ਰਾਈਲ ਵਿਰੁੱਧ ਟਾਕਰੇ ਦਾ ਰਾਹ ਛੱਡ ਦਿਓ ਤੇ ਇਜ਼ਰਾਈਲ ਨੂੰ ਪ੍ਰਵਾਨ ਕਰ ਲਓ। ਪਰ ਅਸੀਂ ਮਹਾਤਮਾ ਗਾਂਧੀ ਦੇ ਇਸ ਕਥਨ ਨੂੰ ਸੱਚ ਮੰਨ ਕੇ ਚੱਲਦੇ ਹਾਂ: “ਸਹੀ ਰਾਹ ਅਕਸਰ ਸਭ ਤੋਂ ਮੁਸ਼ਕਲਾਂ ਭਰਿਆ ਰਾਹ ਹੁੰਦਾ ਹੈ।’’
ਪੱਤਰਕਾਰ- ਅਮਨ ਸ਼ਾਂਤੀ ਦੀ ਕਾਇਮੀ ਲਈ ਕੀ ਇਹ ਸੰਭਵ ਹੈ ਕਿ ਇਜ਼ਰਾਇਲ ਤੇ ਫਲਸਤੀਨ ਦੋਨੋਂ ਨਾਲੋ ਨਾਲ ਸਹਿ-ਹੋਂਦ ਬਣਾ ਕੇ ਰੱਖ ਸਕਣ? ਕੀ ਹਮਾਸ ਨੂੰ ਇਹ ਗੱਲ ਪ੍ਰਵਾਨ ਹੈ?
ਜਵਾਬ: ਤੁਸੀਂ ਲੇਲੇ ਤੋਂ ਪੁੱਛ ਰਹੇ ਹੋ: “ਕੀ ਤੂੰ ਬਘਿਆੜ ਨਾਲ ਰਹਿਣ ਲਈ ਤਿਆਰ ਹੈਂ?” ਤੁਹਾਨੂੰ ਇਹ ਸੁਆਲ ਉਸ ਜਰਵਾਣੇ ਤੋਂ ਪੁੱਛਣਾ ਚਾਹੀਦਾ ਹੈ ਜਿਸ ਕੋਲ ਨਿਊਕਲੀਅਰ ਹਥਿਆਰ ਅਤੇ ਮੱਧ-ਪੂਰਬ ’ਚ ਸਭ ਤੋਂ ਉੱਨਤ ਹਥਿਆਰ ਹਨ ਕਿਉਂਕਿ ਇਹੀ ਪੁਆੜੇ ਦੀ ਜੜ੍ਹ ਹਨ। ਜਿੱਥੋਂ ਤੱਕ ਸਾਡਾ ਫਲਸਤੀਨੀਆਂ ਦਾ ਤੁਅੱਲਕ ਹੈ, ਅਸੀਂ ਓਸਲੋ ਸੰਧੀ ਅਤੇ ਦੋ-ਦੇਸ਼ਾਂ ਦੀ ਕਾਇਮੀ ਦੀ ਗੱਲ ਮੰਨੀ ਸੀ, ਪਰ ਕਬਜ਼ਾਕਾਰੀ ਧਿਰ ਨੇ ਆਪਣਾ ਰਾਜ ਤਾਂ ਉਸਾਰ ਲਿਆ ਪਰ ਸਾਨੂੰ ਫਲਸਤੀਨੀ ਰਾਜ ਦਾ ਨਿਰਮਾਣ ਕਰਨ ਤੋਂ ਰੋਕਿਆ। ਦਰਅਸਲ, ਇਜ਼ਰਾਈਲ ਦਾ ਮੌਜੂਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਕਹਿ ਚੁੱਕਿਆ ਹੈ ਕਿ ਉਹ ਫਲਸਤੀਨੀ ਲੋਕਾਂ ਦੇ ਮਨਾਂ ’ਚ ਵੱਖਰੇ ਫਲਸਤੀਨੀ ਰਾਜ ਸਥਾਪਨਾ ਦਾ ਵਿਚਾਰ ਦਾਖਲ ਹੀ ਹੋਣ ਨਹੀਂ ਦੇਣਾ ਚਾਹੁੰਦਾ। ਕੀ ਅਜਿਹੇ ਵਿਚਾਰਾਂ ਵਾਲਿਆਂ ਨਾਲ ਸਹਿਹੋਂਦ ਬਣਾਕੇ ਰੱਖੀ ਜਾ ਸਕਦੀ ਹੈ? ਕੀ ਅਜਿਹੇ ਲੋਕਾਂ ਨਾਲ ਸਹਿਹੋਂਦ ਬਣਾ ਕੇ ਰੱਖਣਾ ਸੰਭਵ ਹੈ ਜਿਹੜੇ ਇਸ ਧਾਰਨਾ ’ਚ ਵਿਸ਼ਵਾਸ਼ ਰੱਖਦੇ ਹਨ ਕਿ ਮਰਿਆ ਫਲਸਤੀਨੀ ਹੀ ਸਭ ਤੋਂ ਚੰਗਾ ਫਲਸਤੀਨੀ ਹੁੰਦਾ ਹੈ?
ਪੱਤਰਕਾਰ- ਇਹ ਆਮ ਪ੍ਰਭਾਵ ਬਣਿਆ ਹੋਇਆ ਹੈ ਕਿ ਫਲਸਤੀਨੀ ਖਿੰਡੇ ਅਤੇ ਵੰਡੇ ਹੋਏ ਹਨ। ਇੱਕ ਪਾਟੀ-ਖਿੰਡੀ ਲਹਿਰ ਨਾਲ ਕੋਈ ਵੀ ਵਰਤਣ ਲਈ ਤਿਆਰ ਨਹੀਂ ਹੁੰਦਾ।
ਜਵਾਬ- ਇਹ ਇੱਕ ਬੇਹੂਦਾ ਦਲੀਲ ਹੈ ਕਿਉਂਕਿ ਫਲਸਤੀਨੀਆਂ ’ਚ ਵੰਡੀ ਤਾਂ ਇਜ਼ਰਾਈਲ ਬਣਨ ਤੋਂ 6 ਦਹਾਕੇ ਬਾਅਦ 2006 ’ਚ ਪਈ ਸੀ। ਇਹਨਾਂ ਛੇ ਦਹਾਕਿਆਂ ਦੇ ਅਰਸੇ ਦੌਰਾਨ ਦੁਨੀਆਂ ਨੇ ਫਲਸਤੀਨ ਦੀ ਆਜ਼ਾਦੀ ਦੀ ਲਹਿਰ ਦੀ ਹਮਾਇਤ ਕਿਉਂ ਨਹੀਂ ਕੀਤੀ? ਅੱਜ, ਫਲਸਤੀਨੀ ਲਹਿਰ ਲਈ ਕੌਮਾਂਤਰੀ ਹਮਾਇਤ ’ਚ ਆਈ ਕਮੀ ਲਈ ਫਲਸਤੀਨੀਆਂ ਨੂੰ ਹੀ ਦੋਸ਼ੀ ਠਹਿਰਾਉਣ ਲਈ ਅਜਿਹੇ ਲੋਕਾਂ ਵੱਲੋਂ ਫਲਸਤੀਨੀਆਂ ’ਚ ਪਾਟੋਧਾੜ ਨੂੰ ਇੱਕ ਬਹਾਨੇ ਵਜੋਂ ਵਰਤਿਆ ਜਾ ਰਿਹਾ ਹੈ। ਮੈਂ ਤੁਹਾਨੂੰ ਇਹ ਸਲਾਹ ਦਿੰਦਾ ਹਾਂ ਕਿ ਤੁਸੀਂ ਭਾਰਤੀ ਲੋਕਾਂ ਦੀ ਇਨਕਲਾਬੀ ਲਹਿਰ ’ਤੇ ਮੁੜ ਝਾਤ ਮਾਰੋ। ਮੁਕਤੀ ਲਹਿਰ ਦੇ ਇਸ ਅਮਲ ਦੌਰਾਨ, ਵਿਚਾਰਾਂ ਅਤੇ ਪੁਜੀਸ਼ਨਾਂ ’ਚ ਵਖਰੇਵੇਂ ਆਉਂਦੇ-ਜਾਂਦੇ ਰਹੇ ਹਨ।
( ਫਰੰਟ ਲਾਈਨ ਵਿੱਚੋਂ ਅੰਗਰੇਜ਼ੀ ਤੋਂ ਅਨੁਵਾਦ ਸੁਰਖ਼ ਲੀਹ ਪੱਤਰਕਾਰ ਵੱਲੋਂ )
No comments:
Post a Comment