Monday, July 12, 2021

ਮੀਂਹ/ ਤੂਫਾਨ/ ਜਜ਼ਬਾ/ ਪ੍ਰਤੀਬੱਧਤਾ

 

ਮੀਂਹ/ ਤੂਫਾਨ/ ਜਜ਼ਬਾ/ ਪ੍ਰਤੀਬੱਧਤਾ

                ਜੇਲ੍ਹਾਂ 'ਚ ਡੱਕੇ ਬੁੱਧੀਜੀਵੀਆਂ ਕਲਾਕਾਰਾਂ ਨਾਲ ਹੋ ਰਹੇ ਸਰਾਸਰ ਧੱਕੇ ਤੇ ਅਣਮਨੁੱਖੀ ਵਿਵਹਾਰ ਖਿਲਾਫ਼ ਰੋਹ ਦੀ ਗੂੰਜ ਪੈਦਾ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬੀਬੀ ਗੁਲਾਬ ਕੌਰ ਸਟੇਜ 'ਤੇ ਸਮਾਗਮ ਉਲੀਕਿਆ ਗਿਆ ..ਅਸੀਂ ਜਿਵੇਂ ਹੀ ਪਹੁੰਚ ਕੇ ਸ਼ੁਰੂਆਤ ਕਰਨ ਲਗੇ ਤਾਂ ਜ਼ੋਰਦਾਰ ਮੀਂਹ ਤੂਫਾਨ ਆ ਗਿਆ ..ਮਿੰਟਾਂ ਵਿਚ ਚਾਰੇ ਪਾਸੇ ਪਾਣੀ ਪਾਣੀ ਹੋ ਗਿਆ. ਸਟੇਜ ਅਤੇ ਪੰਡਾਲ ਅਸਤ ਵਿਅਸਤ ਹੋ ਗਿਆ..ਪਰ..

                ਜਿਨ੍ਹਾਂ ਦੀ ਰਿਹਾਈ ਲਈ ਮੰਗ ਕਰ ਰਹੇ ਸਾਂ, ਉਨ੍ਹਾਂ ਵਿੱਚੋਂ ਕਬੀਰ ਮੰਚ ਦੇ ਕੁਝ ਕਲਾਕਾਰ ਵੀ ਹਨ  ..ਉਨ੍ਹਾਂ ਗ੍ਰਿਫ਼ਤਾਰ ਹੋਏ ਕਲਾਕਾਰਾਂ ਵਿਚੋਂ ਇਕ ਕਲਾਕਾਰ ਦੀ ਪਤਨੀ ਸੀਤਲ ਸਾਠੇ ਜਦੋਂ ਸਟੇਜ ਤੋਂ ਗੀਤ ਗਾਉਂਦੀ ਹੈ ਤਾਂ ਉਸ ਦਾ  ਸਾਢੇ ਤਿੰਨ ਸਾਲਾ ਬੱਚਾ ਖੱਬੇ ਪਾਸੇ ਢੋਲਕੀ ਵਾਲੇ ਦੇ ਕੋਲ ਬੈਠਾ ਸਭ ਦੇਖ ਰਿਹਾ ਹੁੰਦਾ ਹੈ ..ਸੀਤਲ ਸਾਠੇ ਸਟੇਜ ਤੋਂ ਲਰਜ਼ਦੇ ਬੋਲ ਉੱਚੇ ਕਰਦੀ ਹੈ

    ਸਾਡੇ ਬੱਚੇ

    ਅਸੀਂ ਤੈਨੂੰ ਤੂਫਾਨ ਵਿਚ ਜਨਮ ਦਿੱਤਾ ਹੈ

    ਅਸੀਂ ਫਟੇ ਹੋਏ ਅੰਬਰ ਵਿੱਚ ਤੇਰੇ ਲਈ ਝੂਲਾ ਟੰਗਿਆ ਹੈ !!

              ਐਨੇ ਸਿਰੜੀ ਕਲਮਕਾਰਾਂ ਕਲਾਕਾਰ ਤੇ ਬੁੱਧੀਜੀਵੀਆਂ  ਨੂੰ ਸਮਰਪਿਤ ਪ੍ਰੋਗਰਾਮ ਫਿਰ ਮੀਂਹ ਤੂਫਾਨ ਨਾਲ ਕਿਵੇਂ ਰੁਕ ਸਕਦਾ ਸੀ ..ਝੱਟ ਪੱਟ  ਨਾਅਰੇ ਗੂੰਜਣ ਲੱਗ ਪਏ ਤੇ ਮੀਂਹ ਦੀਆਂ ਕਣੀਆਂ ਦੇ ਦੌਰਾਨ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਗਿਆ... ਤੂਫ਼ਾਨ ਦੀ ਹਾਰ ਹੋਈ ... ਮੀਂਹ ਘਟ ਗਿਆ ਤੇ ਪ੍ਰੋਗਰਾਮ ਬੇਰੋਕ ਟੋਕ ਜਾਰੀ ਰਿਹਾ! 

             ਹਾਂਅ....ਅਸੀਂ ਫਟੇ ਹੋਏ ਅੰਬਰਾਂ ਵਿਚ ਝੂਲਾ ਟੰਗਣ ਵਾਲੇ ਹਾਂ ....ਤੂਫ਼ਾਨਾਂ ਵਿਚ ਝੂਲਾ ਟੰਗਣਾ ਸੌਖਾ ਤਾਂ ਨਹੀਂ ਹੁੰਦਾ! ਪਰ ਕਿਸੇ ਨੂੰ ਤਾਂ ਟੰਗਣਾ ਪਏਗਾ,  ਤਾਂ ਕਿ ਆਉਣ ਵਾਲੀ ਨਸਲ ਲਈ ਜ਼ਿੰਦਗੀ  ਸਿਰਫ਼ ਸਜ਼ਾ ਬਣ ਕੇ ਨਾ ਰਹਿ ਜਾਵੇ ..ਜ਼ਿੰਦਗੀ ਮਾਨਣ ਯੋਗ ਬਣੇ..  ਤੇ ਸਭ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਹੱਕ ਮਿਲੇ! 

        ਅੱਜ  ਇਹ ਆਵਾਜ਼ ਬੁਲੰਦ ਕਰਨ ਵਾਲੇ ਸਿਰਫ਼ ਕਲਮਕਾਰ ਤੇ ਕਲਾਕਾਰ ਨਹੀਂ ਸਨ.. ਮਿਹਨਤਕਸ਼ ਕਿਰਤੀ ਲੋਕ ਸਨ ,ਜੋ ਦੁੱਗਣੇ ਜੋਸ਼ ਨਾਲ ਆਵਾਜ਼ ਬੁਲੰਦ ਕਰ ਰਹੇ ਸਨ ! ਇਹ ਗਲਵੱਕੜੀ  ਇਸੇ ਤਰ੍ਹਾਂ ਬਣੀ ਰਹੇਗੀ..ਤੇ ਇਕ ਦਿਨ ਪਿੰਜਰਾ ਟੁੱਟੇਗਾ!!

       ਸਲਾਮ ਕਿਰਤੀ ਲੋਕਾਂ ਨੂੰ ,ਜਿਹਨਾਂ ਨੇ ਸਾਨੂੰ ਅਪਣਾਇਆ !!! ਹੁਣ ਅਸੀਂ ਅਲੱਗ ਲੋਕ ਨਹੀਂ ..ਇਹਨਾਂ ਦਾ ਹਿੱਸਾ ਹਾਂ ..ਲੋਕ ਕਲਾਕਾਰ ਦੀ ਪ੍ਰੀਭਾਸ਼ਾ ਹੁਣ ਸਪਸ਼ਟ ਹੋ ਰਹੀ ਹੈ..ਜ਼ਿੰਦਾਬਾਦ ਪਿਆਰਿਓ!!

   ਲੋਕਾਂ ਦਾ ਕਲਾਕਾਰ

   ਸਾਹਿਬ  ਸਿੰਘ

No comments:

Post a Comment