ਕਿਸਾਨ ਸੰਘਰਸ਼ ਅੰਦਰ ਔਰਤਾਂ:ਕੁਝ ਵਿਚਾਰਨਯੋਗ ਪਹਿਲੂ
ਪੰਜਾਬ ਦੀ ਜਨਤਕ ਜਮਹੂਰੀ ਲਹਿਰ
ਨੇ ਪਿਛਲੇ ਅਰਸੇ ਅੰਦਰ ਹੋਰਨਾਂ ਪੱਖਾਂ ਤੋਂ ਇਲਾਵਾ ਜੋ ਵਿਸ਼ੇਸ਼ ਸਿਫ਼ਤ ਹਾਸਲ ਕੀਤੀ ਹੈ, ਉਹ ਆਬਾਦੀ ਦਾ ਅੱਧ ਬਣਦੀਆਂ ਔਰਤਾਂ ਦੀ ਇਸ ਅੰਦਰ ਦਿਖਣ ਲੱਗੀ ਹਾਜ਼ਰੀ ਹੈ।ਇਸ ਹਾਜ਼ਰੀ
ਨੇ ਪਿਛਲੇ ਡੇਢ ਦਹਾਕੇ ਤੋਂ ਪੰਜਾਬ ਅੰਦਰ ਚੱਲਦੇ ਰਹੇ ਅਨੇਕਾਂ ਘੋਲਾਂ ਜਿਵੇਂ ਤਬਾਹ ਹੋਏ ਨਰਮੇ ਦੇ
ਮੁਆਵਜ਼ੇ ਦਾ ਘੋਲ, ਕਰਜ਼ਾ ਮੁਕਤੀ ਸੰਘਰਸ਼,ਬਿਜਲੀ ਬੋਰਡ ਦੇ ਨਿੱਜੀਕਰਨ ਖ਼ਿਲਾਫ਼ ਸੰਘਰਸ਼, ਪੱਕੇ ਰੁਜ਼ਗਾਰ
ਲਈ ਸੰਘਰਸ਼ ਅਤੇ ਕਾਰਪੋਰੇਟਾਂ ਤੋਂ ਜ਼ਮੀਨਾਂ ਦੀ ਰਾਖੀ ਲਈ ਸੰਘਰਸ਼ ਆਦਿ ਅੰਦਰ ਧਿਆਨ ਖਿੱਚਿਆ ਹੈ। ਬੀਤੇ
ਵਰ੍ਹੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਸੰਘਰਸ਼ ਅੰਦਰ ਜਿੱਥੇ ਦਿੱਲੀ ਦੇ ਸ਼ਾਹੀਨ ਬਾਗ ਮੋਰਚੇ ਨੇ ਔਰਤ
ਸ਼ਮੂਲੀਅਤ ਦੀ ਨਿਵੇਕਲੀ ਮਿਸਾਲ ਸਿਰਜੀ ਹੈ, ਉੱਥੇ ਪੰਜਾਬ ਵਿੱਚ ਮਲੇਰਕੋਟਲੇ ਅੰਦਰ ਇਸੇ ਮਸਲੇ ’ਤੇ ਔਰਤਾਂ ਵੱਲੋਂ ਕੀਤੇ ਗਏ ਵਿਸ਼ਾਲ ਮਾਰਚ ਦੀ ਧਮਕ
ਵੀ ਦੂਰ ਤੱਕ ਪਈ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਮੌਜੂਦਾ ਕਿਸਾਨ ਸੰਘਰਸ਼ ਅੰਦਰ ਔਰਤਾਂ
ਦੀ ਜ਼ਬਰਦਸਤ ਸ਼ਮੂਲੀਅਤ ਨਾ ਸਿਰਫ਼ ਦੇਸੀ ਵਿਦੇਸ਼ੀ ਮੀਡੀਆ ਅਤੇ ਸਭ ਤਰ੍ਹਾਂ ਦੇ ਹਲਕਿਆਂ ਦਾ ਧਿਆਨ ਇਸ ਘੋਲ
ਵੱਲ ਖਿੱਚ ਰਹੀ ਹੈ ਬਲਕਿ ਇਸ ਘੋਲ ਨੂੰ ਮਘਦੇ ਰੱਖਣ ਤੇ ਮਜ਼ਬੂਤ ਕਰਨ ਵਿੱਚ ਵੱਡਾ ਰੋਲ ਅਦਾ ਕਰ ਰਹੀ
ਹੈ।
ਔਰਤਾਂ ਦੀ ਸੰਘਰਸ਼ਾਂ ਅੰਦਰ ਅਜਿਹੀ ਸ਼ਮੂਲੀਅਤ ਆਪਣੇ
ਨਾਲ ਕਈ ਤਰ੍ਹਾਂ ਦੀਆਂ ਚੁਣੌਤੀਆਂ ਲੈ ਕੇ ਆਈ ਹੈ,ਜਿਨ੍ਹਾਂ ਨੂੰ ਪਛਾਨਣ ਅਤੇ ਸਰ ਕਰਨ ਦੀ ਲੋੜ ਖੜ੍ਹੀ
ਹੈ।ਇਨ੍ਹਾਂ ਵਿੱਚੋਂ ਇੱਕ ਉੱਭਰਵੀਂ ਚੁਣੌਤੀ ਔਰਤਾਂ ਲਈ ਸੁਰੱਖਿਅਤ ਮਾਹੌਲ ਦੀ ਹੈ। ਇੱਕ ਹਕੀਕਤ ਇਹ
ਹੈ ਕਿ ਸੰਘਰਸ਼ ਵਿਚ ਸ਼ਾਮਲ ਗਿਣਨਯੋਗ ਹਿੱਸਾ ਅਜਿਹਾ ਹੈ ਜੋ ਗੈਰ ਜਥੇਬੰਦ ਹੈ ਜਾਂ ਜਥੇਬੰਦੀਆਂ ਦੇ ਨਵਾਂ
ਨਵਾਂ ਵਾਹ ਵਿੱਚ ਆਇਆ ਹੈ ।ਇਹ ਜਥੇਬੰਦਕ ਜ਼ਾਬਤੇ ਅਤੇ ਸੰਘਰਸ਼ ਦੀਆਂ ਲੋੜਾਂ ਤੋਂ ਅਣਜਾਣ ਹੈ।ਸੰਘਰਸ਼ ਦੇ
ਮੁੱਢਲੇ ਦੌਰ ਵਿੱਚ ਤਾਂ ਇਹ ਹਿੱਸਾ ਮੋਰਚਿਆਂ ਅਤੇ ਖ਼ਾਸ ਤੌਰ ’ਤੇ ਦਿੱਲੀ ਮੋਰਚੇ ’ਤੇ ਸ਼ਾਮਲ ਇਕੱਠ ਦਾ ਭਾਰੂ ਹਿੱਸਾ
ਰਿਹਾ ਹੈ। ਦੂਜੀ ਹਕੀਕਤ ਇਹ ਹੈ ਕਿ ਸੰਘਰਸ਼ ਵਿੱਚ ਸ਼ਾਮਲ ਲੋਕ ਉਸੇ ਸਮਾਜ ਦਾ ਅੰਗ ਹਨ,ਜਿਸ ਸਮਾਜ ਅੰਦਰ
ਔਰਤਾਂ ਪ੍ਰਤੀ ਸਿਰੇ ਦੇ ਪਿਛਾਖੜੀ ਅਤੇ ਅਪਮਾਨਜਨਕ ਵਿਚਾਰਾਂ, ਸੰਸਕਾਰਾਂ ਤੇ ਕਦਰਾਂ ਕੀਮਤਾਂ ਦੀ ਭਰਮਾਰ
ਹੈ। ਇਹਨਾਂ ਵਿਚਾਰਾਂ ਅਨੁਸਾਰ ਔਰਤ ਮਹਿਜ਼ ਭੋਗ ਦੀ ਵਸਤੂ ਹੈ ਅਤੇ ਇੱਜ਼ਤਦਾਰ ਔਰਤਾਂ ਦੀ ਥਾਂ ਸਿਰਫ਼
ਘਰ ਦੀ ਚਾਰਦੀਵਾਰੀ ਦੇ ਅੰਦਰ ਹੈ। ਇਹ ਵਿਚਾਰ ਤੇ ਸੰਸਕਾਰ ਸੰਘਰਸ਼ ਵਿਚ ਸ਼ਾਮਲ ਔਰਤਾਂ ਲਈ ਅਸੁਰੱਖਿਅਤ
ਮਾਹੌਲ ਸਿਰਜਣ ਵਿੱਚ ਰੋਲ ਅਦਾ ਕਰਦੇ ਹਨ। ਇਨ੍ਹਾਂ ਵਿਚਾਰਾਂ ਨਾਲ ਭਿੜਨਾ ਅਤੇ ਇਨ੍ਹਾਂ ਦੇ ਪ੍ਰਭਾਵ
ਨੂੰ ਖਾਰਜ ਕਰਨ ਲਈ ਪੇਸ਼ਬੰਦੀਆਂ ਕਰਨਾ ਕਿਸਾਨ ਲੀਡਰਸ਼ਿਪਾਂ ਵੱਲੋਂ ਕੀਤੇ ਜਾਣ ਵਾਲਾ ਅਹਿਮ ਕਾਰਜ ਬਣਦਾ
ਹੈ। ਇਸੇ ਵਿੱਚੋਂ ਇਹ ਲੋੜ ਨਿਕਲਦੀ ਹੈ ਕਿ ਸੰਘਰਸ਼ ਦੌਰਾਨ ਔਰਤਾਂ ਪ੍ਰਤੀ ਕਿਸੇ ਵੀ ਛੇੜ ਛਾੜ ਜਾਂ ਬਦਸਲੂਕੀ
ਦੀ ਘਟਨਾ ਨੂੰ ਬੇਹੱਦ ਗੰਭੀਰਤਾ ਅਤੇ ਸਖ਼ਤੀ ਨਾਲ ਅਤੇ ਤੁਰਤ ਪੈਰ ਨਜਿੱਠਿਆ ਜਾਵੇ। ਇਸ ਸਮੱਸਿਆ ਦੀ ਗੰਭੀਰਤਾ
ਸਮਝ ਕੇ ਹੀ ਬੀਤੇ ਮਹੀਨੇ ਸੰਘਰਸ਼ ਦੌਰਾਨ ਪੱਛਮੀ ਬੰਗਾਲ ਦੀ ਲੜਕੀ ਨਾਲ ਵਾਪਰੀ ਅਜਿਹੀ ਘਟਨਾ ਨੂੰ ਲੀਡਰਸ਼ਿਪ
ਅੰਦਰਲੇ ਚੇਤਨ ਹਿੱਸੇ ਨੇ ਬੇਹੱਦ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਮਾਮਲੇ ਸਬੰਧੀ ਪੀੜਤ ਪਰਿਵਾਰ ਨੂੰ
ਇਨਸਾਫ ਦਿਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਵਾਉਣ ਲਈ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ ਹਨ। ਦੂਜੇ ਪਾਸੇ ਹਕੂਮਤ ਦਾ ਜੋਰ ਇਸ ਘਟਨਾ ਨੂੰ ਆਧਾਰ
ਬਣਾ ਕੇ ਸੰਘਰਸ਼ ਨੂੰ ਬਦਨਾਮ ਕਰਨ ਅਤੇ ਲੀਡਰਸ਼ਿਪ ਨੂੰ ਫਸਾਉਣ ਵਿੱਚ ਲੱਗਿਆ ਰਿਹਾ ਹੈ। ਇਸ ਖਾਤਰ ਉਹਨੇ
ਔਰਤ ਕਮਿਸ਼ਨ ਵਰਗੇ ਅਦਾਰੇ ਵੀ ਸਰਗਰਮ ਕੀਤੇ ਹਨ ਜਿਨ੍ਹਾਂ ਦਾ ਔਰਤਾਂ ਪ੍ਰਤੀ ਹਕੀਕੀ ਸਰੋਕਾਰ ਲੋਕਾਂ
ਨੇ ਸ਼ਾਹੀਨ ਬਾਗ਼ ਅਤੇ ਦਿੱਲੀ ਮੋਰਚੇ ਦੌਰਾਨ ਹੀ ਨਹੀਂ, ਸਗੋਂ ਕਸ਼ਮੀਰ,ਉੱਤਰ-ਪੂਰਬ, ਬਸਤਰ ਸਮੇਤ ਥਾਂ ਥਾਂ ਤੇ ਹੁੰਦੀਆਂ ਔਰਤਾਂ
ਖ਼ਿਲਾਫ਼ ਹਕੂਮਤੀ ਧੱਕੇਸ਼ਾਹੀਆਂ ਉਪਰ ਧਾਰੀ ਮੁਕੰਮਲ ਚੁੱਪ ਵਿੱਚੋਂ ਦੇਖਿਆ ਹੈ। ਸੋ, ਲੋਕ ਸੰਘਰਸ਼ਾਂ ਦੌਰਾਨ
ਵਾਪਰੀਆਂ ਅਜਿਹੀਆਂ ਘਟਨਾਵਾਂ ਹਕੂਮਤ ਨੂੰ ਸੰਘਰਸ਼ਾਂ ਨੂੰ ਠਿੱਬੀ ਲਾਉਣ ਦਾ ਮੌਕਾ ਪ੍ਰਦਾਨ ਕਰਦੀਆਂ ਹਨ।
ਪਰ ਇਸ ਤੋਂ ਵੀ ਵੱਧ
ਕੇ ਇਹ ਘਟਨਾਵਾਂ ਉਨ੍ਹਾਂ ਔਰਤਾਂ ਨੂੰ ਮੁੜ ਸੰਘਰਸ਼ਾਂ ਚੋਂ ਬਾਹਰ ਕਰਨ ਦਾ ਸਬੱਬ ਬਣਦੀਆਂ ਹਨ, ਜਿਹੜੀਆਂ
ਪਹਿਲਾਂ ਹੀ ਘਰਾਂ ਅਤੇ ਸਮਾਜ ਅੰਦਰਲੇ ਪਿਛਾਖੜੀ ਮਾਹੌਲ
ਨਾਲ ਭਿੜਦੀਆਂ ਸੰਘਰਸ਼ਾਂ ਵਿੱਚ ਸ਼ਾਮਲ
ਹੁੰਦੀਆਂ ਹਨ । ਉਨ੍ਹਾਂ ਦੀ ਸੁਰੱਖਿਆ ਹੀ ਨਹੀਂ ,ਸਗੋਂ ਮਾਣ ਸਨਮਾਨ ਵੀ ਇਨ੍ਹਾਂ ਘਟਨਾਵਾਂ ਨੂੰ ਨੱਥ
ਪਾਏ ਜਾਣ ਨਾਲ ਜੁੜਿਆ
ਹੋਇਆ ਹੁੰਦਾ ਹੈ। ਇਹ ਸੁਰੱਖਿਆ ਦੀ ਗਾਰੰਟੀ ਅਤੇ ਜ਼ਲੀਲ ਕਰਨ ਵਾਲੀਆਂ ਨਜ਼ਰਾਂ, ਬੋਲੀਆਂ, ਫ਼ਿਕਰਿਆਂ ਤੋਂ ਰਹਿਤ ਮਾਹੌਲ ਔਰਤਾਂ ਦੀ ਸੰਘਰਸ਼
ਵਿੱਚ ਨਿਰੰਤਰ ਸ਼ਮੂਲੀਅਤ ਲਈ ਬੇਹੱਦ ਜ਼ਰੂਰੀ ਹੈ। ਅਜਿਹੀਆਂ ਘਟਨਾਵਾਂ ਪ੍ਰਤੀ ਧਾਰੀ ਕੋਈ ਵੀ ਚੁੱਪ,
ਭਾਵੇਂ ਉਹ ਸੰਘਰਸ਼ ਪ੍ਰਤੀ ਜਿੰਨੀਂ
ਵੀ ਸੁਹਿਰਦ ਭਾਵਨਾ ਵਿੱਚੋਂ ਕਿਉਂ
ਨਾ ਨਿਕਲੀ ਹੋਵੇ,ਹਕੀਕਤ ਵਿਚ ਸੰਘਰਸ਼ ਦੇ ਉਲਟ ਭੁਗਤਦੀ ਹੈ।
ਇਸੇ ਸਮੱਸਿਆ ਨਾਲ
ਜੁੜਿਆ ਇੱਕ ਹੋਰ ਪਹਿਲੂ ਨਸ਼ੇ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਣ ਦਾ ਹੈ, ਕਿਉਂਕਿ ਨਸ਼ੇ ਦੀ ਹਾਲਤ
ਗੁੰਡਾਗਰਦੀ ਨੂੰ ਉਤਸ਼ਾਹਤ ਕਰਦੀ ਹੈ ਅਤੇ ਘਰਾਂ ਅੰਦਰ ਵੀ ਮਰਦਾਂ ਦੇ ਨਸ਼ੇ ਦਾ ਸਾਹਮਣਾ ਕਰ ਰਹੀਆਂ ਔਰਤਾਂ
ਨੂੰ ਸੰਘਰਸ਼ ਤੋਂ ਪਾਸੇ ਧੱਕਣ ਦਾ ਕਾਰਨ ਬਣਦੀ ਹੈ। ਇਸ ਸੰਬੰਧੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ
ਏਕਤਾ ਉਗਰਾਹਾਂ ਵੱਲੋਂ ਕੀਤੀਆਂ
ਗਈਆਂ ਕੋਸ਼ਿਸ਼ਾਂ ਸਲਾਹੁਣਯੋਗ ਹਨ। ਇਸ ਜਥੇਬੰਦੀ ਵੱਲੋਂ
ਆਪਣੀ ਆਗੂ ਟੀਮ ਤੋਂ ਸ਼ੁਰੂ ਕਰਦਿਆਂ ਨਸ਼ਾ ਮੁਕਤੀ ਲਈ ਜ਼ੋਰਦਾਰ ਯਤਨ ਜੁਟਾਏ ਗਏ ਹਨ,ਪ੍ਰੇਰਨਾ ਮੁਹਿੰਮਾਂ
ਚਲਾਈਆਂ ਗਈਆਂ ਹਨ ਅਤੇ ਧਰਨਿਆਂ ਦੌਰਾਨ ਨਸ਼ੇ ਦੀ ਵਰਤੋਂ ਖ਼ਿਲਾਫ਼ ਸਖਤੀ ਨਾਲ ਵਰਜਿਆ ਗਿਆ ਹੈ। ਉਨ੍ਹਾਂ
ਵੱਲੋਂ ਧਰਨੇ ਦੌਰਾਨ ਨਸ਼ਾ ਕਰਨ ਵਾਲਿਆਂ ਦੀ ਪੜਤਾਲ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਰਿਕਾਰਡ ਉਪਰ ਲਿਆ ਜਾਂਦਾ ਹੈ।
ਇਨ੍ਹਾਂ ਕੋਸ਼ਿਸ਼ਾਂ ਤੋਂ ਸਿੱਖਣ ਅਤੇ ਇਨ੍ਹਾਂ ਨੂੰ ਹੋਰ ਵਡੇਰੀ ਪੱਧਰ ਉੱਪਰ ਲਾਗੂ ਕਰਨ ਦੀ ਲੋੜ ਹੈ। ਨਾਲ ਹੀ,ਅਜਿਹੀਆਂ ਟੀਮਾਂ-ਕਮੇਟੀਆਂ ਦੀ ਉਸਾਰੀ ਕਰਨ
ਦੀ ਲੋੜ ਹੈ ਜਿਥੇ ਸਾਰੀਆਂ ਔਰਤ ਮੈਂਬਰਾਂ ਦੀ ਰਸਾਈ ਅਤੇ ਸੁਣਵਾਈ ਹੋਵੇ। ਜਿੰਨੇ ਹੇਠਲੇ ਪੱਧਰ ’ਤੇ ਇਹ ਕਮੇਟੀਆਂ ਹੋਂਦ ਵਿਚ
ਆਉਣਗੀਆਂ,ਉੱਨਾ
ਹੀ ਇਹ ਸੁਨਿਸ਼ਚਿਤ ਕੀਤਾ ਜਾ ਸਕੇਗਾ ਕਿ ਔਰਤਾਂ ਪ੍ਰਤੀ ਬਦਸਲੂਕੀ ਦੀ ਕੋਈ ਵੀ ਘਟਨਾ ਅੱਖੋਂ ਪਰੋਖੇ ਨਾ
ਹੋਵੇ।
ਔਰਤਾਂ ਦੀ ਸ਼ਮੂਲੀਅਤ ਨਾਲ ਜੁੜਿਆ ਇੱਕ ਹੋਰ ਪੱਖ ਧਰਨੇ
ਅੰਦਰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦਾ ਹੈ। ਇਹ ਗੱਲ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਔਰਤਾਂ
ਧਰਨਿਆਂ ਅੰਦਰ ਲੰਗਰ ਤਿਆਰ ਕਰਨ ਜਾਂ ਸਾਫ਼ ਸਫ਼ਾਈ ਰੱਖਣ ਵਰਗੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਸ਼ਾਮਲ
ਨਹੀਂ ਹੋਈਆਂ, ਸਗੋਂ ਉਹ ਇਕ ਸੋਚਣ ਸਮਝਣ ਵਾਲੇ ਵਿਅਕਤੀ ਵਜੋਂ ਸੰਘਰਸ਼ ਦੀ ਚੇਤਨਾ ਲੈ ਕੇ ਸ਼ਾਮਲ ਹੋਈਆਂ
ਹਨ। ਹਰ ਪ੍ਰਕਾਰ ਦੀਆਂ ਵਿਚਾਰ
ਚਰਚਾਵਾਂ ਵਿੱਚ ਸ਼ਾਮਲ ਹੋਣਾ, ਮੀਟਿੰਗਾਂ ਕਰਨਾ,ਬੁਲਾਰਿਆਂ ਨੂੰ ਸੁਣਨਾ ਉਨ੍ਹਾਂ ਲਈ ਵੀ ਓਨਾ ਹੀ ਜ਼ਰੂਰੀ
ਹੈ ਜਿੰਨਾਂ ਮਰਦ ਮੈਂਬਰਾਂ ਲਈ। ਸਗੋਂ ਉਨ੍ਹਾਂ ਲਈ ਤਾਂ ਹੋਰ
ਵੀ ਵੱਧ ਜ਼ਰੂਰੀ ਹੈ ਕਿਉਂਕਿ ਉਹ ਹਾਲੇ ਤੱਕ ਘਰਾਂ ਦੇ ਅੰਦਰ ਅਜਿਹੇ ਕੰਮਾਂ ਦੇ ਭਾਰ ਹੇਠ ਹੀ ਸਮਾਂ ਬਿਤਾਉਂਦੀਆਂ
ਰਹੀਆਂ ਹਨ ਅਤੇ ਅਨੇਕਾਂ ਪ੍ਰੋਗਰਾਮਾਂ ਅਤੇ ਸਿੱਖਿਆ ਮੀਟਿੰਗਾਂ
ਤੋਂ ਮਹਿਰੂਮ ਰਹੀਆਂ ਹਨ। ਮਰਦ ਮੈਂਬਰਾਂ ਵੱਲੋਂ ਅਜਿਹੇ ਕੰਮਾਂ ਦੀ ਜ਼ਿੰਮੇਵਾਰੀ ਚੁੱਕੇ ਜਾਣ ਨੂੰ ਉਤਸ਼ਾਹਤ
ਕਰਨਾ ਨਾ ਸਿਰਫ਼ ਔਰਤਾਂ ਅੰਦਰ ਬਰਾਬਰੀ ਅਤੇ ਸਨਮਾਨ ਦੀ ਭਾਵਨਾ ਜਗਾਉਣ ਲਈ ਜ਼ਰੂਰੀ ਹੈ,ਬਲਕਿ ਸਿਰਫ਼ ਇਉਂ
ਹੀ ਔਰਤਾਂ ਲਈ ਬਾਹਰਮੁਖੀ ਤੌਰ ’ਤੇ ਵਧੇਰੇ ਜਾਨਣ ਸਮਝਣ ਅਤੇ ਕਾਰਕੁਨਾਂ ਤੇ ਆਗੂਆਂ ਵਜੋਂ ਸਰਗਰਮ ਰੋਲ ਨਿਭਾਉਣ
ਦੇ ਮੌਕੇ ਸਿਰਜੇ ਜਾ ਸਕਦੇ ਹਨ। ਇਸ ਦਿਸ਼ਾ ਵਿੱਚ ਜਿੰਨਾਂ ਵੀ ਅਮਲ ਚੱਲਿਆ ਹੈ ਉਹਨੇ ਔਰਤਾਂ ਅੰਦਰ ਉਤਸ਼ਾਹ ਅਤੇ
ਜਥੇਬੰਦੀ ਲਈ ਸਤਿਕਾਰ ਦੀ ਭਾਵਨਾ ਹੋਰ ਗੂੜ੍ਹੀ ਕੀਤੀ ਹੈ।
ਔਰਤਾਂ ਦੀ ਸ਼ਮੂਲੀਅਤ ਨਾਲ ਜੁੜੀ ਅਗਲੀ ਸਮੱਸਿਆ
ਉਨ੍ਹਾਂ ਦੇ ਆਗੂ ਰੋਲ ਬਾਰੇ ਹੈ। ਦਿਨੋਂ ਦਿਨ ਤਿੱਖਾ ਹੋ ਰਿਹਾ ਆਰਥਿਕ ਹੱਲਾ ਸਮਾਜ ਲਈ ਇਹ ਮਜਬੂਰੀ
ਤਾਂ ਖੜ੍ਹੀ ਕਰ ਰਿਹਾ ਹੈ ਕਿ ਔਰਤਾਂ ਨੂੰ ਸੰਘਰਸ਼ ਪਿੜਾਂ ਅੰਦਰ ਲਿਆਂਦਾ ਜਾਵੇ,ਪਰ ਔਰਤਾਂ ਨੂੰ ਆਗੂ
ਵਜੋਂ ਸਵੀਕਾਰ ਕਰਨ ਦੀ ਚੇਤਨਾ ਅਜੇ ਸਾਡੇ ਸਮਾਜ ਦੀ ਮਾਨਸਿਕਤਾ ਦਾ ਅੰਗ ਨਹੀਂ ਬਣੀ। ਇਹ ਦੇਖਿਆ ਜਾ
ਸਕਦਾ ਹੈ ਕਿ ਕੁੱਲ ਸੰਘਰਸ਼ ਅੰਦਰ ਔਰਤ ਆਗੂਆਂ ਦੀ ਗਿਣਤੀ ਬੇਹੱਦ ਨਿਗੂਣੀ ਹੈ। ਤੇ ਜੋ ਔਰਤਾਂ ਆਗੂ ਹਨ ,ਉਨ੍ਹਾਂ ਵਿੱਚੋਂ ਵੀ ਵੱਡੀ
ਗਿਣਤੀ ਨੂੰ ਔਰਤਾਂ ਦੀਆਂ ਮੀਟਿੰਗਾਂ ਦੀ ਜ਼ਿੰਮੇਵਾਰੀ ਹੀ ਮਿਲਦੀ ਹੈ । ਉਹ ਮਰਦਾਂ ਦੀਆਂ ਮੀਟਿੰਗਾਂ
ਵੀ ਕਰਾ ਸਕਣ ਅਤੇ ਇਨ੍ਹਾਂ ਮੀਟਿੰਗਾਂ ਅੰਦਰ ਸ਼ਾਮਲ ਮਰਦ ਮੈਂਬਰ ਉਨ੍ਹਾਂ ਨੂੰ ਇੱਕ ਪੂਰੇ ਸੂਰੇ ਆਗੂ
ਵਜੋਂ ਸਵੀਕਾਰ ਕਰ ਸਕਣ,ਇਸ ਪੱਖੋਂ ਅਜੇ ਕਾਫੀ ਕੁਝ ਕਰਨਾ ਬਾਕੀ ਹੈ । ਅਜਿਹਾ ਮਾਹੌਲ ਸਿਰਜਣਾ ,ਜਿਸ ਅੰਦਰ ਔਰਤਾਂ ਧੜੱਲੇ
ਨਾਲ ਆਗੂ ਦੀ ਜ਼ਿੰਮੇਵਾਰੀ ਚੁੱਕ ਸਕਣ ,ਬੇਹੱਦ ਲੋੜੀਂਦਾ ਹੈ। ਅਜਿਹਾ ਮਾਹੌਲ ਸਿਰਜਣ ਦੀਆਂ ਕੋਸ਼ਿਸ਼ਾਂ
ਅੰਦਰ ਸਭ ਤੋਂ ਪਹਿਲਾਂ ਤਾਂ ਇਹ ਤਸਲੀਮ ਕੀਤੇ ਜਾਣ ਦੀ ਹੀ ਲੋੜ ਨਿਕਲਦੀ ਹੈ ਕਿ ਔਰਤਾਂ ਦੀਆਂ ਵਿਸ਼ੇਸ਼
ਹਾਲਤਾਂ ਅਤੇ ਲੋੜਾਂ ਹਨ ਅਤੇ ਉਨ੍ਹਾਂ ਹੀ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਔਰਤਾਂ ਨੂੰ ਮਰਦਾਂ ਦੇ
ਮੁਕਾਬਲੇ ਕਿਤੇ ਵਧੇਰੇ ਕਠਿਨਾਈਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਹੋਰਨਾਂ ਕੋਸ਼ਿਸ਼ਾਂ ਵਿੱਚ ਹੋਣਹਾਰ ਔਰਤ ਕਾਰਕੁਨਾਂ
ਦੀ ਆਗੂ ਵਜੋਂ ਵਿਸ਼ੇਸ਼ ਸਿਖਲਾਈ, ਉਨ੍ਹਾਂ ਦੀਆਂ ਹੋਰਨਾਂ ਜ਼ਿੰਮੇਵਾਰੀਆਂ ਦੇ ਬਦਲਵੇਂ ਪ੍ਰਬੰਧ, ਮੀਟਿੰਗਾਂ
ਦਾ ਸਮਾਂ ਸਥਾਨ ਆਦਿ ਉਨ੍ਹਾਂ ਦੀ ਸਹੂਲਤ ਮੁਤਾਬਕ ਜਥੇਬੰਦ ਕਰਨ ਦੇ ਯਤਨ,ਮਰਦ ਮੈਂਬਰਾਂ ਨੂੰ ਇਸ ਸਬੰਧੀ
ਸਿੱਖਿਅਤ ਅਤੇ ਤਿਆਰ ਕਰਨ ਦੇ ਯਤਨ ਸ਼ਾਮਲ ਹਨ।
ਹਕੂਮਤ ਦੀਆਂ ਨੀਤੀਆਂ ਨੂੰ ਚੁਣੌਤੀ ਦੇਣ ਵਾਲੀ ਕੋਈ
ਵੀ ਲਹਿਰ ਇਨ੍ਹਾਂ ਸਮੱਸਿਆਵਾਂ ਨੂੰ ਸੰਬੋਧਿਤ ਹੋਏ ਬਿਨਾਂ ਅੱਗੇ ਨਹੀਂ ਵਧ ਸਕਦੀ। ਨਾ ਸਿਰਫ਼ ਇਸ ਕਰਕੇ ਕਿ ਇਹ ਸਮੱਸਿਆਵਾਂ ਆਬਾਦੀ ਦੇ
ਅੱਧ ਵਜੋਂ ਸੰਘਰਸ਼ਾਂ ਅੰਦਰ ਹਾਜ਼ਰ ਹੋਣ ਵਾਲੀ ਗਿਣਤੀ ਨੂੰ ਅਸਰਅੰਦਾਜ਼ ਕਰਦੀਆਂ ਹਨ, ਬਲਕਿ ਸਭ ਤੋਂ ਵਧ ਕੇ
ਇਸ ਕਰਕੇ ,ਕਿ ਇਹ ਸੰਘਰਸ਼ ਦੇ ਸਭ ਤੋਂ ਵਧੇਰੇ ਜਾਂਬਾਜ਼ ,ਪਾਏਦਾਰ ਅਤੇ ਖਾੜਕੂ ਤੱਤ ਨੂੰ ਅਸਰਅੰਦਾਜ਼ ਕਰਦੀਆਂ
ਹਨ।
No comments:
Post a Comment