Monday, July 12, 2021

ਜੇਲ੍ਹੀਂ ਡੱਕੇ ਬੁੱਧੀਜੀਵੀਆਂ ਦੇ ਨਾਂ

  ਜੇਲ੍ਹੀਂ ਡੱਕੇ ਬੁੱਧੀਜੀਵੀਆਂ ਦੇ ਨਾਂ

ਇਹ ਹੁਨਰ,ਇਹ ਮੁਹਾਰਤ

ਇਹ ਕਲਾ,ਇਹ ਲਿਆਕਤ

ਸੋਨੇ ਦੀ ਤੱਕੜੀ,ਵਿੱਚ ਰਹੇ ਤੁਲਦੇ 

ਸਿੱਖਕੇ ਤਖ਼ਤਾਂ ਦੀ,ਕਰਨੀ ਇਬਾਦਤ

 

ਇਨ੍ਹਾਂ ਦੀ ਥਾਂ ਤਾਂ,ਮੀਨਾਰਾਂ ਦੇ ਅੰਦਰ

ਦਰਬਾਰਾਂ ਦੇ ਅੰਦਰ,ਬਾਜ਼ਾਰਾਂ ਦੇ ਅੰਦਰ

ਨੱਕਾਸ਼ ਛੱਤ ਹੋ, ਕਲਾ ਜਗਮਗਾਵੇ

ਰਾਮ ਯੁਧਿਸ਼ਟਰ ਦੀ,ਗਾਥਾ ਸੁਣਾਵੇ

ਹਾਕਮ ਵਿਉਂਤੇ,ਸ਼ਹਿਰਾਂ ਤੇ ਧਾਵੇ

ਬੰਬਾਂ ਦੀ ਕਾਢ,ਹੁਨਰ ਵਟ ਜਾਵੇ

ਜਦ ਹਿੱਲਦੇ ਜਾਪਣ,ਤਖ਼ਤਾਂ ਦੇ ਪਾਵੇ

ਕੂਟਨੀਤੀ ਹੋ ਕੇ,ਲਿਆਕਤ ਬਚਾਵੇ 

ਤਾਜ ਦੇ ਵਿੱਚੋਂ,ਸ਼ਾਹਜਹਾਂ ਮੁਸਕਰਾਵੇ

ਤੇ ਕਲਾ ਵੇਖੇ ਮਿੱਟੀ ਵੱਲ,ਭਰਕੇ ਹਿਕਾਰਤ

 

ਪਰ ਇਹ ਕੀ ਹੋਇਆ,ਸਮਝ ਨਾ ਆਉਂਦੀ

ਕੈਸੀ ਪ੍ਰਤਿਭਾ,ਨਾ ਮੁੱਲ ਆਪਣਾ ਚਾਹੁੰਦੀ

ਤੱਜ ਰਤਨਾਂ ਦੇ ਰੁਤਬੇ,ਗੀਤ ਦੁੱਲਿਆਂ ਦਾ ਛੋਂਹਦੀ

ਨਾ ਸਿੱਕਿਆਂ ਚ ਢਲਦੀ,ਨਾ ਖ਼ਿਤਾਬਾਂ ਤੇ ਮੋਂਹਦੀ

ਪੈਰੀਂ ਪਾ ਚੱਪਲਾਂ,ਫਿਰੇ ਝੁੱਗੀਆਂ ਨੂੰ ਗਾਹੁੰਦੀ

ਡੱਕ ਦਿਓ ਨ੍ਹੇਰ-ਕਾਰਗਾਰਾਂ ਦੇ ਅੰਦਰ

ਪਤਾ ਲੱਗੇ ਕਰੀਦੀ ਹੈ ਕਿੱਦਾਂ ਹਿਮਾਕਤ

 

ਬਾਗੀ ਲਿਆਕਤ,ਤਖ਼ਤਾਂ ਨੂੰ ਘੂਰੇ  

ਕਦੇ ਦੁੱਲਿਆਂ ਦੀ ਗਾਥਾ ਵੀ,ਜਾਨਣਗੇ ਨੂਰੇ

ਜਦ ਮਿੱਟੀ ਨੇ ਸਾਂਭੇ,ਹਿੱਕ ਦੇ ਪੰਘੂੜੇ

ਤੇ ਮਿੱਟੀ ਤੇ ਹੁਨਰਾਂ ਦੇ ,ਹੋਏ ਰਿਸ਼ਤੇ ਗੂੜ੍ਹੇ 

ਲੈ ਜਾਣ ਖਿੱਚ ਕੇ,ਮਿੱਟੀ ਦੇ ਕੋਲੋਂ,

ਹੋਊ ਕਿਹੜੇ ਤਖ਼ਤਾਂ,ਤੇ ਤਾਜਾਂ ਚ ਤਾਕਤ?

No comments:

Post a Comment