Monday, July 12, 2021

ਲਾਤੀਨੀ ਅਮਰੀਕਾ ’ਚ ਬਸਤੀਵਾਦ ਵਿਰੋਧੀ ਲਹਿਰ ਦਾ ਮਹਾਂ-ਨਾਇਕ ਸੀਮੋਨ ਬੋਲੀਵਰ

 

ਲਾਤੀਨੀ ਅਮਰੀਕਾ ਚ ਬਸਤੀਵਾਦ ਵਿਰੋਧੀ ਲਹਿਰ ਦਾ 

ਮਹਾਂ-ਨਾਇਕ ਸੀਮੋਨ ਬੋਲੀਵਰ

24 ਜੁਲਾਈ ਨੂੰ ਸੀਮੋਨ ਬੋਲੀਵਰ ਦਾ ਜਨਮ ਦਿਹਾੜਾ ਹੈ-ਜਸਵਿੰਦਰ

                ਜਿਵੇਂ ਭਾਰਤ ਅੰਦਰ ਗੋਰੇ ਬਸਤੀਵਾਦੀ ਹਾਕਮਾਂ ਵਿਰੁੱਧ ਕੌਮੀ ਆਜ਼ਾਦੀ ਦੀ ਲਹਿਰ ਦੇ ਨਾਇਕ ਸ਼ਹੀਦੇ-ਆਜ਼ਮ ਭਗਤ ਸਿੰਘ ਘਰ ਘਰ ਹਰਮਨਪਿਆਰਾ ਤੇ ਸਤਿਕਾਰ ਦਾ ਪਾਤਰ ਹੈ, ਉਵੇਂ ਹੀ ਲਾਤੀਨੀ ਅਮਰੀਕਾ ਦੇ ਅਨੇਕ ਦੇਸ਼ਾਂ ਚ ਸੀਮੋਨ ਬੋਲੀਵਰ ਦਾ ਨਾਂ ਸਪੇਨੀ ਬਸਤੀਵਾਦੀ ਰਾਜ ਵਿਰੁੱਧ ਕੌਮੀ ਜੰਗ ਦੇ ਮਹਾਂ-ਨਾਇਕ ਵਜੋਂ ਭਗਤ ਸਿੰਘ ਨਾਲੋਂ ਕਿਤੇ ਵੱਡੀ ਪੱਧਰ ਤੇ , ਬੇਹੱਦ ਪਿਆਰ ਤੇ ਸਤਿਕਾਰ ਵਜੋਂ ਲਿਆ ਜਾਂਦਾ ਹੈ। ਸੀਮੋਨ ਬੋਲੀਵਰ ਇੱਕ ਸੱਚਾ ਤੇ ਸਾਹਸੀ ਦੇਸ਼ ਭਗਤ, ਸੁਘੜ ਤੇ ਦੂਰਅੰਦੇਸ਼ ਰਾਜਨੀਤੀਵਾਨ, ਇੱਕ ਨਿਧੜਕ ਤੇ ਪਰਬੀਨ ਫੌਜੀ ਜਰਨੈਲ ਤੇ ਰਣਨੀਤੀਕਾਰ ਅਤੇ ਇੱਕ ਕ੍ਰਿਸ਼ਮਈ ਸ਼ਖਸ਼ੀਅਤ ਸੀ। ਉਹ ਬਸਤੀਵਾਦੀ ਗੁਲਾਮੀ ਨੂੰ ਵਗਾਹ ਮਾਰਨ ਤੋਂ ਬਾਅਦ 1819 ਤੋਂ 1830 ਤੱਕ ਗਰੈਨ ਕੋਲੰਬੀਆ (ਕਈ ਅਜੋਕੇ ਲਾਤੀਨੀ ਅਮਰੀਕੀ ਦੇਸ਼ ਉਸ ਵੇਲੇ ਜਿਸ ਦੇ ਅੰਗ ਸਨ) ਦਾ ਰਾਸ਼ਟਰਪਤੀ ਰਿਹਾ। ਉਸ ਵੱਲੋਂ ਚਲਾਈ ਗਈ ਸਪੇਨੀ ਬਸਤੀਵਾਦ ਰਾਜ ਵਿਰੁੱਧ ਆਜ਼ਾਦੀ ਦੀ ਜੰਗ ਦੇ ਸਿੱਟੇ ਵਜੋਂ ਲਾਤੀਨੀ-ਅਮਰੀਕੀ ਮਹਾਂਦੀਪ ਕੋਲੰਬੀਆ, ਪੀਰੂ, ਇਕੂਆਡੋਰ, ਪਨਾਮਾ, ਬੋਲੀਵੀਆ ਤੇ ਵੈਨਜ਼ੂਏਲਾ ਜਿਹੇ ਅਨੇਕਾਂ  ਰਾਜਾਂ ਦੇ ਖੇਤਰ ਚੋਂ ਬਸਤੀਵਾਦੀ ਰਾਜ ਨੂੰ ਹੂੰਝ ਦਿੱਤਾ ਗਿਆ ਸੀ।

          ਸੀਮੋਨ  ਬੋਲੀਵਰ ਦੀ ਜਾਦੂਮਈ ਇਨਕਲਾਬੀ ਸ਼ਖਸ਼ੀਅਤ ਅਤੇ ਵਿਆਪਕ ਹਰਮਨਪਿਆਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਨ-ਮਾਨਸ ਅੰਦਰ ਉਸ ਨੂੰ ‘‘ਮੁਕਤੀ ਦਾਤੇ’’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਸ ਦੀ ਮੌਤ ਤੋਂ ਬਾਅਦ ਲਾਤੀਨੀ ਅਮਰੀਕੀ ਮੁਲਕਾਂ ਦੇ ਇਤਿਹਾਸ ਅੰਦਰ ਬਸਤੀਵਾਦ ਤੇ ਨਵ-ਬਸਤੀਵਾਦ ਦੇ ਖਾਤਮੇ ਲਈ ਚੱਲੇ ਘੋਲਾਂ ਅਤੇ ਇਹਨਾਂ ਘੋਲਾਂ ਦੇ ਸਭਨਾਂ ਉੱਘੇ ਨਾਇਕਾਂ-ਚੀ ਗੁਵੇਰਾ, ਫੀਦਲ ਕਾਸਤਰੋ, ਜੋਸ ਮਾਰਤ, ਹਿਊਗੋ ਸ਼ਾਵੇਜ਼ ਆਦਿਕ-ਲਈ ਉਹ ਪ੍ਰੇਰਨਾ, ਉਤਸ਼ਾਹ ਤੇ ਰਾਹ-ਦਰਸਾਵੇ ਦਾ ਵੱਡਾ ਸੋਮਾ ਬਣਿਆ ਰਿਹਾ। ਇਸ ਤੋਂ ਵੀ ਵੱਧ ਬਸਤੀਵਾਦ ਵਿਰੋਧੀ ਜੰਗ ਚ ਉਸਦੀ ਬਹੁਮੁੱਲੀ ਦੇਣਦਾਰੀ ਦੇ ਸਨਮਾਨ ਵਜੋਂ ਗਰੈਨ ਕੋਲੰਬੀਆ ਅਤੇ ਪੀਰੂ ਦਾ ਕ੍ਰਮਵਾਰ ਹਿੱਸਾ ਰਹੇ ਅਜੋਕੇ ਦੋ ਦੇਸ਼ਾਂ-ਯਾਨੀ ਬੋਲੀਵਰੀਅਨ ਰਿਪਬਲਿਕ ਆਫ ਵੈਨਜ਼ਵੇਲਾ ਅਤੇ ਬੋਲੀਵੀਆ-ਦਾ ਨਾਂ ਉਸ ਦੇ ਨਾਂ ਤੇ ਰੱਖਿਆ ਗਿਆ ਸੀ। ਪਿਛਲੇ ਸਾਲਾਂ ਚ ਲਾਤੀਨੀ ਅਮਰੀਕੀ ਮੁਲਕਾਂ -ਬਰਾਜ਼ੀਲ, ਵੈਨਜ਼ਵੇਲਾ, ਬੋਲੀਵੀਆ, ਅਰਜਨਟਾਈਨਾ, ਇਕੁਆਡੋਰ, ਪੀਰੂ ਆਦਿਕ-ਚ ਅਮਰੀਕੀ ਸਾਮਰਾਜਵਾਦ ਤੇ ਉਸ ਦੀਆਂ ਹੱਥ-ਠੋਕਾ ਹਕੂਮਤਾਂ ਵਿਰੁੱਧ ਜਿੰਨੀਆਂ  ਵੀ ਇਨਕਲਾਬੀ  ਲਹਿਰਾਂ ਉੱਠੀਆਂ ਜਾਂ ਲੋਕ-ਲੁਭਾਉਣੀਆਂ ਸਰਕਾਰਾਂ ਬਣੀਆਂ, ਉਹਨਾਂ ਨੂੰ ਵੀ ਆਮ ਕਰਕੇ ਬੋਲੀਵੀਅਨ ਲਹਿਰਾਂ ਜਾਂ ਇਨਕਲਾਬਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

          ਸੀਮੋਨ ਬੋਲੀਵਰ ਦਾ ਜਨਮ 24 ਜੁਲਾਈ 1783 ਨੂੰ ਅਜੋਕੇ ਵੈਨਜ਼ਵੇਲਾ ਦੇ ਕੈਰਾਕਾਸ ਸ਼ਹਿਰ ਚ ਇੱਕ ਰਾਈਸ ਘਰਾਣੇ ਚ ਹੋਇਆ ਸੀ। ਉਹ ਹਾਲੇ ਛੋਟਾ ਬਾਲ ਹੀ ਸੀ ਜਦ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਅਰੰਭਕ ਪੜ੍ਹਾਈ ਉੱਥੋਂ ਹੀ ਕਰਨ ਤੋਂ ਬਾਅਦ ਉਹ ਅਗਲੀ ਪੜ੍ਹਾਈ ਲਈ 16 ਸਾਲ ਦੀ ਉਮਰ ਚ ਸਪੇਨ ਚਲਾ ਗਿਆ। ਸੰਨ 1802 ਵਿੱਚ ਇੱਕ ਸਪੇਨੀ ਅਮੀਰਜ਼ਾਦੇ ਦੀ ਬੇਟੀ ਮਾਰੀਆ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਹ ਵਾਪਸ ਆਪਣੇ ਮੁਲਕ ਪਰਤ ਆਇਆ। 1803 ਵਿੱਚ ਉਸ ਦੀ ਪਤਨੀ ਮਾਰੀਆ ਦਾ ਪੀਲੇ ਬੁਖਾਰ ਨਾਲ ਦੁਖਦਾਈ ਦਿਹਾਂਤ ਹੋਣ ਨਾਲ ਉਸ ਨੂੰ ਭਾਰੀ ਸਦਮਾ ਪਹੁੰਚਿਆ। ਇਹ ਚੋਟ ਉਸ ਦੇ ਜੀਵਨ ਨੂੰ ਵੱਡਾ ਮੋੜ ਦੇਣ ਦਾ ਕਾਰਨ ਬਣੀ। ਬੋਲੀਵਰ ਨੇ ਖੁਦ ਇਹ ਲਿਖਿਆ ਕਿ ਜੇ ਉਹ ਰੰਡਾ ਨਾ ਹੋਇਆ ਹੁੰਦਾ ਤਾਂ ਉਸ ਨੇ ਜਨਰਲ ਬੋਲੀਵਰ ਬਣਨ ਦੀ ਥਾਂ ਕੁੱਝ ਹੋਰ ਹੋਣਾ ਸੀ।

          ਪਤਨੀ ਦੀ ਮੌਤ ਤੋਂ ਬਾਅਦ ਉਹ ਪੈਰਿਸ ਚਲਾ ਗਿਆ ਜਿੱਥੇ ਉਹ ਵਾਲਟੇਅਰ, ਰੂਸੋ ਅਤੇ ਮੌਂਟਸਕਿਊ ਵਰਗੇ ਦਾਰਸ਼ਨਿਕਾਂ ਦੇ ਵਿਚਾਰਾਂ ਤੋਂ ਕਾਫੀ ਪ੍ਰਭਾਵਤ ਹੋਇਆ। ਇੱਥੇ ਹੀ ਉਸ ਨੂੰ ਬਸਤੀਵਾਦ ਤੋਂ ਮੁਕਤੀ ਹਾਸਲ ਕਰਨ ਦੀ ਚਿਣਗ ਲੱਗੀ। ਉਹ ਨਪੋਲੀਅਨ ਤੋਂ ਵੀ ਕਾਫੀ ਪ੍ਰਭਾਵਤ ਹੋਇਆ। ਸੰਨ 1897 ਉਹ ਅਮਰੀਕਾ ਹੁੰਦਾ ਹੋਇਆ ਵਪਸ ਆਪਣੇ ਦੇਸ਼ ਪਰਤ ਆਇਆ।

          ਨਪੋਲੀਅਨ ਵੱਲੋਂ ਸਪੇਨ ਦੇ ਹੁਕਮਰਾਨ ਰਾਜ ਘਰਾਣੇ ਨੂੰ ਗੱਦੀਉਂ ਲਾਹ ਦੇਣ ਤੋਂ ਬਾਅਦ ਸਪੇਨ ਦੀਆਂ ਬਸਤੀਆਂ ਚ ਆਜ਼ਾਦੀ ਲਹਿਰ ਦਾ ਪਿੜ ਬੱਝਣ ਲੱਗਾ। ਬੋਲੀਵਰ ਦੇ ਦੇਸ਼ ਵੈਨਜ਼ਵੇਲਾ ਵਿੱਚ ਵੀ ਇਸ ਮਸਲੇ ਤੇ ਬਹਿਸ ਭਖੀ ਤਾਂ ਬੋਲੀਵਰ  ਨੇ ਆਜ਼ਾਦੀ ਦੇ ਹੱਕ ਚ ਜੋਰਦਾਰ ਮੁਹਿੰਮ ਚਲਾਈ ਤੇ ਲੋਕ-ਮੱਤ ਤਿਆਰ ਕੀਤਾ। 5 ਜੁਲਾਈ 1811 ਨੂੰ ਵੈਨਜ਼ੁਏਲਾ ਦੀ ਕੌਮੀ ਅਸੈਂਬਲੀ ਨੇ ਆਜ਼ਾਦੀ ਦਾ ਐਲਾਨ ਕਰ ਦਿੱਤਾ। ਖੁਸ਼ੀ ਚ ਖੀਵੇ ਹੋਏ ਸੀਮੋਨ ਬੋਲੀਵਰ ਨੇ ਪਰਿਵਾਰ ਲਈ ਕੰਮ ਕਰਦੇ ਸਭਨਾਂ ਗੁਲਾਮਾਂ ਨੂੰ ਆਜ਼ਾਦ ਕਰ ਦਿੱਤਾ ਅਤੇ ਦੱਖਣੀ ਅਰਧ-ਗੋਲੇ ਚੋਂ ਗੁਲਾਮੀ ਪ੍ਰਥਾ ਦੇ ਖਾਤਮੇ ਦਾ ਸੱਦਾ ਵੀ ਦਿੱਤਾ। ਇਸੇ ਸਮੇਂ ਉਹ ਕੌਮੀ ਫੌਜ ਚ ਵੀ ਭਰਤੀ ਹੋ ਗਿਆ।

          ਆਜ਼ਾਦੀ ਦਾ ਇਹ ਅਮਲ ਥੋੜ-ਚਿਰਾ ਹੀ ਸਾਬਤ ਹੋਇਆ। ਸੰਨ 1812 ’ਚ ਸਪੇਨ ਨੇ ਮੁੜ ਆਪਣਾ ਕਬਜਾ ਕਾਇਮ ਕਰ ਲਿਆ। ਸੀਮੌਨ ਨੂੰ ਭੱਜ ਕੇ ਨਿਊ ਗਰੇਨਾਡਾ ਚ ਕਾਰਟਾਜੀਨਾ ਵਿਖੇ ਸ਼ਰਨ ਲੈਣੀ ਪਈ। ਇਥੇ ਬੋਲੀਵਰ ਨੇ ਕਾਰਟਾਜੀਨਾ ਮੈਨੀਫੈਸਟੋਨਾਂ ਦਾ ਐਲਾਨਨਾਮਾ ਜਾਰੀ ਕੀਤਾ ਜਿਸ ਚ ਖੁੱਸੀ ਹੋਈ ਆਜ਼ਾਦੀ ਨੂੰ ਹਾਸਲ ਕਰਨ ਲਈ ਨਵੇਂ ਸਿਰਿਉ ਹੰਭਲਾ ਮਾਰਨ ਦਾ ਸੱਦਾ ਦਿੱਤਾ। 1813 ਵਿੱਚ ਉਸ ਨੇ ਪਹਿਲੀ ਵਾਰ ਫੌਜੀ ਕਮਾਨ ਸੰਭਾਲੀ ਤੇ ਕਈ ਲੜਾਈਆਂ ਜਿੱਤਣ ਤੋਂ ਬਾਅਦ ਕੈਰਾਕਾਸ ਤੇ ਹਮਲਾ ਕਰਕੇ 6 ਅਗਸਤ 1813 ਨੂੰ ਇੱਥੇ ਜਿੱਤ ਦਾ ਪ੍ਰਚਮ ਲਹਿਰਾ ਦਿੱਤਾ। ਉਸ ਨੂੰ ਮੁਕਤੀ ਦਾਤੇ ਦਾ ਖਿਤਾਬ ਦਿੱਤਾ ਗਿਆ। ਬੋਲੀਵਰ ਦੀ ਅਗਵਾਈ ਵਿੱਚ ਨਵਾਂ ਰਾਜ ਪ੍ਰਬੰਧ ਕਾਇਮ ਕੀਤਾ ਗਿਆ। ਪਰ ਇੱਥੇ ਵੱਖ ਵੱਖ ਧੜਿਆਂ ਚ ਖਾਨਾਜੰਗੀ ਸ਼ੁਰੂ ਹੋਣ ਕਰਕੇ ਇੱਕ ਵਾਰ ਫਿਰ ਸਪੇਨ ਨੇ ਇੱਥੇ ਕਬਜਾ ਕਰ ਲਿਆ ਤੇ ਬੋਲੀਵਰ ਨੂੰ ਫਿਰ ਗਰੇਨਾਡਾ ਚ ਸ਼ਰਨ ਲੈਣੀ ਪਈ। ਇੱਥੇ ਉਸ ਨੇ ਆਪਣੇ ਸਿਆਸੀ ਸਿਧਾਂਤ ਦੀ ਹੋਰ ਵਿਆਖਿਆ ਕੀਤੀ ਅਤੇ ਆਜ਼ਾਦੀ ਪਸੰਦ ਕੌਮਾਂ ਚ ਆਪਸੀ ਸਾਂਝ ਤੇ ਕੌਮਾਂਤਰੀ ਸਾਂਝ ਤੇ ਜੋਰ ਦਿੱਤਾ।         

          ਸੰਨ 1816 ’ਚ ਉਸ ਨੇ ਮੁੜ ਤਾਕਤਾਂ ਇਕੱਠੀਆਂ ਕਰਕੇ ਇੱਕ ਵਾਰ ਫਿਰ ਵੈਨਜ਼ੁਏਲਾ ਨੂੰ ਮੁਕਤ ਕਰਾਉਣ ਲਈ ਧਾਵਾ ਬੋਲਿਆ। ਕਈ ਬਹੁਤ ਹੀ ਜੋਖਮ ਭਰੀਆਂ ਤੇ ਸਾਹਸੀ ਲੜਾਈਆਂ ਲੜੀਆਂ ਜਿਨ੍ਹਾਂ ਦੇ ਨਤੀਜੇ ਵਜੋਂ ਅਗਸਤ 1819 ਵਿੱਚ ਉਸ ਨੇ ਸਪੇਨੀ ਫੌਜਾਂ ਨੂੰ ਹਰਾ ਕੇ ਬੋਗੋਤਾ ਤੇ ਕਬਜਾ ਕਰ ਲਿਆ ਤੇ ਇਉ ਇੱਕ ਤੋਂ ਬਾਅਦ ਇੱਕ ਜਿੱਤਾਂ ਦੀ ਲੜੀ ਜਾਰੀ ਰਖਦੇ ਹੋਏ 1821 ’ਚ ਗਰੈਨ ਕੋਲੰਬੀਆ ਦਾ ਰਾਜਭਾਗ ਸੰਭਾਲ ਲਿਆ। ਬਾਅਦ ਚ ਇਕੁਆਡੋਰ ਤੇ ਪੀਰੂ ਤੇ ਜਿੱਤਾਂ ਹਾਸਲ ਕਰਕੇ ਉਹਨਾਂ ਨੂੰ ਆਜ਼ਾਦ ਕਰਾਇਆ। ਇਉਂ 1825 ਤੱਕ ਵੈਨਜ਼ੁਏਲਾ, ਕੋਲੰਬੀਆ, ਪੀਰੂ, ਪਨਾਮਾ, ਇਕੁਆਡੋਰ ਤੇ ਬੋਲੀਵੀਆ ਦੀਆਂ ਗਣਤੰਤਰੀ ਸਰਕਾਰਾਂ ਕਾਇਮ ਕਰਕੇ ਇਹਨਾਂ ਦੀ ਅਮਰੀਕਨ ਫੈਡਰੇਸ਼ਨ ਬਣਾਈ। ਪਰ ਅਜਿਹੀ ਫੈਡਰੇਸ਼ਨ ਦੀ ਕਾਇਮੀ ਬਾਰੇ ਇੱਕਮੱਤਤਾ ਨਾ ਉੱਭਰਨ ਕਰਕੇ ਇਸ ਨੂੰ ਜਾਰੀ ਨਾ ਰੱਖਿਆ ਜਾ ਸਕਿਆ

          ਬੋਲੀਵਰ ਨੇ ਏਕੀਕਰਨ ਕੀਤੇ ਮੁਲਕ ਦਾ ਸੰਵਿਧਾਨ ਵੀ ਲਿਖਿਆ ਜਿਸ ਵਿੱਚ ਉਸ ਨੇ ਰਾਜਾਸ਼ਾਹੀ ਦੇ ਖਾਤਮੇ ਤੇ ਉਸ ਵੇਲੇ ਪ੍ਰਚੱਲਤ ਗੁਲਾਮ ਪ੍ਰਥਾ ਦੀ ਮਨਾਹੀ ਕਰਨ ਦੇ ਨਾਲ ਨਾਲ ਜਮਹੂਰੀ ਅਸੂਲ ਵਿਕਸਤ ਕਰਨ ਵੱਲ ਧਿਆਨ  ਦਿੱਤਾ।

          ‘‘ਵੈਨਜ਼ੁਏਲਾ ਨੂੰ ਜਿਸ ਚੀਜ਼ ਦੀ ਲੋੜ ਹੈ, ਉਹ ਹੈ ਇੱਕ ਲੋਕਤੰਤਰੀ ਸਰਕਾਰ ਦਾ ਗਠਨ। ਇਹ ਲੋਕਤੰਤਰੀ ਸਰਕਾਰ ਲੋਕਾਂ ਦੀ ਪ੍ਰਭੂਸਤਾ, ਸ਼ਕਤੀਆਂ ਦੀ ਵੰਡ, ਸ਼ਹਿਰੀ ਆਜ਼ਾਦੀਆਂ, ਗੁਲਾਮ ਪ੍ਰਥਾ ਦੀ ਮਨਾਹੀ ਅਤੇ ਰਾਜਾਸ਼ਾਹੀ ਤੇ ਉਸ ਨਾਲ ਜੁੜੀਆਂ ਰਿਆਇਤਾਂ ਤੇ ਸੁਖ-ਸਹੂਲਤਾਂ ਦੇ ਖਾਤਮੇ ਦੇ ਅਸੂਲਾਂ ਤੇ ਅਧਾਰਤ ਹੋਣੀ ਚਾਹੀਦੀ ਹੈ। ਸਾਨੂੰ ਬਰਾਬਰੀ ਦੇ ਅਸੂਲ ਦੀ ਪਾਲਣਾ ਕਰਨ ਦੀ ਲੋੜ ਹੈ ਤਾਂ ਕਿ ਵਰਗਾਂ ਚ ਵੰਡੇ ਵਿਅਕਤੀਆਂ, ਸਿਆਸੀ ਵਿਚਾਰਾਂ ਅਤੇ ਸਿਆਸੀ ਰਵਾਇਤਾਂ ਵਾਲੇ ਮੁਲਕ ਨੂੰ ਇੱਕਮੁੱਠ ਇਕਾਈ ਵਿੱਚ ਗੁੰਦਿਆ ਜਾ ਸਕੇ।’’

          1830 ਵਿੱਚ ਬੋਲੀਵਰ ਨੇ ਸਵੈ-ਇੱਛਤ ਰੂਪ ਚ ਉਸ ਵੇਲੇ ਦੇਸ਼ ਦੇ ਰਾਸ਼ਟਰਪਤੀ ਪਦ ਤੋਂ ਅਸਤੀਫਾ ਦੇ ਦਿੱਤਾ ਜਦ ਉਸ ਉੱਪਰ ਉਮਰ ਭਰ ਲਈ ਰਾਸ਼ਟਰਪਤੀ ਬਣੇ ਰਹਿਣ ਲਈ ਦਬਾਅ ਪਾਇਆ ਜਾ ਰਿਹਾ ਸੀ। ਉਸ ਦਾ ਨਿੱਜੀ ਸੰਪਤੀ ਬਣਾਉਣ ਜਾਂ ਕੋਈ ਹੋਰ ਲਾਭ ਉਠਾਉਣ ਚ ਭੋਰਾ ਵੀ ਰੁਚੀ ਨਹੀਂ ਸੀ। ਉਹ ਇੱਕ ਆਮ ਵਿਅਕਤੀ ਵਾਂਗ ਜਿਉਣਾ ਚਾਹੁੰਦਾ ਸੀ। ਉਹ ਇੱਕ ਅਮੀਰ ਘਰਾਣੇ ਚ ਜੰਮਿਆ ਸੀ। ਉਸ ਨੇ ਆਪਣੀ ਸਾਰੀ ਸੰਪਤੀ ਤੇ ਜੀਵਨ ਲੋਕਾਂ ਦੇ ਲੇਖੇ ਲਾ ਦਿੱਤਾ। ਮਰਨ ਵੇਲੇ ਉਹ ਇੱਕ ਗਰੀਬ ਆਮ ਵਿਅਕਤੀ ਵਾਂਗ ਸੀ।

          ਸੀਮੋਨ ਬੋਲੀਵਰ ਰਾਸ਼ਟਰਪਤੀ ਪਦ ਤੋਂ ਫਾਰਗ ਹੋ ਕੇ ਯੂਰਪ ਦੀ ਯਾਤਰਾ ਤੇ ਜਾਣਾ ਚਾਹੁੰਦਾ ਸੀ ਪਰ ਤਪਦਿਕ ਦੀ ਭਿਆਨਕ ਬਿਮਾਰੀ ਦੀ ਜਕੜ ਵਿੱਚ ਆ ਗਿਆ। ਇਸੇ ਬਿਮਾਰੀ ਨਾਲ ਦਸਤਪੰਜਾ ਲੈਂਦਾ ਉਹ ਕੋਲੰਬੀਆ ਦੇ ਸੈਨਮਾਰਟਾ ਸ਼ਹਿਰ ਵਿੱਚ 17 ਦਸੰਬਰ 1830 ਨੂੰ ਚਲ ਵਸਿਆ। ਬੋਲੀਵਰ ਸਿਰਫ 47 ਵਰ੍ਹਿਆਂ ਦੀ ਛੋਟੀ ਪਰ ਬੇਹੱਦ ਤਰਥੱਲੀਆਂ ਭਰੀ ਤੇ ਅਰਥ-ਭਰਪੂਰ ਜਿੰਦਗੀ ਜਿਉਂਇਆ। ਜਿਸ ਕਰਕੇ ਉਹਦਾ ਨਾਂ ਹਮੇਸ਼ਾ ਲਈ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਉੱਕਰਿਆ ਗਿਆ।

          ਸੀਮੋਨ ਬੋਲੀਵਰ ਦੀ ਸੰਗਰਸ਼ਮਈ ਜੀਵਨਗਾਥਾ ਅੱਜ ਵੀ ਸਾਡੇ ਲਈ ਪੂਰੀ ਤਰਾਂ ਪ੍ਰਸੰਗਕ ਅਤੇ ਪ੍ਰੇਰਨਾਮਈ ਹੈ। ਉਦੋਂ ਅਜੇ ਮਾਰਕਸਵਾਦ ਵੀ ਵਿਕਸਤ ਨਹੀਂ ਸੀ ਹੋਇਆ ਤੇ ਸੰਸਾਰ ਅੰਦਰ ਮਜ਼ਦੂਰ ਜਮਾਤ ਵੀ ਇੱਕ ਸ਼ਕਤੀ ਵਜੋਂ ਨਹੀਂ ਸੀ ਉੱਭਰੀ। ਇਸ ਲਈ ਸੀਮੋਨ ਬੋਲੀਵਰ ਵਰਗੇ ਯੋਧਿਆਂ ਦੇ ਜ਼ਮਾਨੇ ਹੁਣ ਨਾਲੋਂ ਬਹੁਤ ਵੱਖਰੇ ਸਨ ਪਰ ਦੱਬੀਆਂ-ਕੁਚਲੀਆਂ ਤੇ ਲੁੱਟੀਆਂ ਜਾਣ ਵਾਲੀਆਂ ਜਮਾਤਾਂ ਦੇ ਨਾਇਕਾਂ ਵਜੋਂ ਉਹਨਾਂ ਦੀ ਆਪਾਵਾਰੂ ਭਾਵਨਾ ਤੇ ਲੋਕਾਂ ਲਈ ਸਮਰਪਣ ਦੀ ਤਾਂਘ ਅੱਜ ਵੀ ਜੂਝਦੇ ਜੁਝਾਰਾਂ ਲਈ ਰਾਹ ਦਰਸਾਊ ਹੈ। ਅੱਜ ਭਾਵੇਂ ਪੁਰਾਣੀ ਕਿਸਮ ਦਾ ਬਸਤੀਵਾਦੀ ਪ੍ਰਬੰਧ ਢਹਿ-ਢੇਰੀ ਹੋ ਚੁੱਕਾ ਹੈ ਪਰ ਉਸ ਦੀ ਥਾਂ ਸਾਮਰਾਜੀ ਗਲਬੇ ਦੇ ਸੰਸਾਰ-ਵਿਆਪੀ ਨਵ-ਬਸਤੀਵਾਦੀ ਪ੍ਰਬੰਧ ਨੇ ਲੈ ਲਈ ਹੈ। ਇਹ ਲੁਕਵੀਂ ਨਵ-ਬਸਤੀਆਨਾ ਲੁੱਟ ਤੇ ਗੁਲਾਮੀ ਹੋਰ ਵੀ ਘਾਤਕ ਹੈ ਅਤੇ ਇਸ ਦੀ ਨਪੀੜ ਲਗਾਤਾਰ ਵਧਦੀ ਜਾ ਰਹੀ ਹੈ। ਬੋਲੀਵਰ ਦੀ ਬਸਤੀਵਾਦ-ਵਿਰੋਧੀ ਜੰਗ ਤੋਂ ਪ੍ਰੇਰਨਾ ਲੈ ਕੇ ਸਾਨੂੰ ਉਸ ਵਾਂਗ ਹੀ ਧੜੱਲੇ, ਜੁਰਅੱਤ ਅਤੇ ਸਮਝਦਾਰੀ ਨਾਲ ਇਸ ਨਵ-ਬਸਤੀਵਾਦੀ ਗੁਲਾਮੀ ਤੇ ਲੁੱਟ ਦੇ ਪ੍ਰਬੰਧ ਅਤੇ ਇਸ ਦੇ ਪਾਲਣਹਾਰ ਸਾਮਰਾਜਵਾਦ ਨੂੰ ਵਗਾਹ ਕੇ ਇਤਿਹਾਸ ਦੇ ਕੂੜੇ ਦੇ ਢੇਰ ਤੇ ਸੁੱਟਣ ਲਈ ਇੱਕਜੁੱਟ ਹੋ ਜਾਣ ਦੀ ਲੋੜ ਹੈ।

  

No comments:

Post a Comment