ਗੜਚਿਰੋਲੀ (ਮਹਾਂਰਾਸ਼ਟਰ) ’ਚ ਸੰਘਰਸ਼ੀ ਲੋਕਾਂ ਦੇ ਕਤਲਾਂ ਦਾ ਸਿਲਸਿਲਾ ਤੇਜ਼
-ਨਰਿੰਦਰ ਜੀਤ
ਮਹਾਂਰਾਸ਼ਟਰ ਦੇ ਗੜਚਿਰੋਲੀ ਜਿਲੇ ਦੇ ਏਟਾਪੱਲੀ ਇਲਾਕੇ
ਵਿਚ ਭਾਰੀ ਜੰਗਲ ਹਨ। ਇਹਨਾਂ ਜੰਗਲਾਂ ਤੋਂ ਬੀੜੀਆਂ ਬਨਾਉਣ ਲਈ ਤੇਂਦੂ ਪੱਤਾ, ਬਾਂਸ, ਅਨੇਕਾਂ ਜੜ੍ਹੀ-ਬੂਟੀਆਂ, ਬਹੇੜੇ ਆਦਿ ਭਾਰੀ ਮਾਤਰਾ
’ਚ ਮਿਲਦੇ ਹਨ। ਜੰਗਲਾਂ
ਦੀ ਇਸ ਪੈਦਾਵਾਰ ਨੂੰ ਇਕੱਠਾ ਕਰਨ ਲਈ ਸਰਕਾਰ ਵੱਲੋਂ ਠੇਕੇਦਾਰ ਨਿਯੁਕਤ ਕੀਤੇ ਜਾਂਦੇ ਹਨ ਜੋ ਇਹ
ਸਾਰੀਆਂ ਚੀਜ਼ਾਂ ਕਬਾਇਲੀ ਲੋਕਾਂ ਤੋਂ ਕੌਡੀਆਂ ਦੇ ਭਾਅ ਖਰੀਦ ਕੇ ਅੱਗੇ ਮਹਿੰਗੇ ਭਾਅ ਵਪਾਰੀਆਂ ਅਤੇ
ਕਾਰਖਾਨੇਦਾਰਾਂ ਨੂੰ ਵੇਚਦੇ ਹਨ। ਆਮ ਤੌਰ ’ਤੇ ਇਹ ਠੇਕੇਦਾਰ ਵਪਾਰੀਆਂ ਅਤੇ ਕਾਰਪੋਰੇਟਾਂ ਦੇ ਹੀ ਏਜੰਟ ਹੁੰਦੇ ਹਨ। ਕਿਰਤ ਕਾਨੂੰਨਾਂ ਅਤੇ
ਮਾਨਵੀ ਕਦਰਾਂ ਕੀਮਤਾਂ ਦੀ ਹਾਕਮਾਂ ਅਤੇ ਅਫਸਰਸ਼ਾਹੀ ਦੀ ਸ਼ਹਿ ’ਤੇ ਕੱਖ ਪ੍ਰਵਾਹ ਨਾ ਕਰਦੇ ਹੋਏ ਇਹ ਠੇਕੇਦਾਰ ਭੋਲੇ ਭਾਲੇ
ਕਬਾਇਲੀਆਂ ਦੀ ਅੰਨ੍ਹੀਂ ਲੁੱਟ ਕਰਦੇ ਹਨ। ਹਰ ਸਾਲ ਸਰਕਾਰ ਇਸ ਮੌਸਮ ਵਿਚ ਤੇਂਦੂ ਪੱਤਾ ਤੋੜਨ ਲਈ
ਮਜ਼ਦੂਰੀ ਦਾ ਰੇਟ ਤਹਿ ਕਰਦੀ ਹੈ। ਪਰ ਕੇਦਾਰ ਇਹਨਾਂ ਨੂੰ ਲਾਗੂ ਨਹੀਂ ਕਰਦੇ। ਕੁੱਝ ਸਾਲ ਪਹਿਲਾਂ
ਤੱਕ ਇੱਕ ਹਜ਼ਾਰ ਤੇਂਦੂ ਪੱਤਾ ਤੋੜਨ ਲਈ ਸਿਰਫ 70 ਪੈਸੇ ਮਜ਼ਦੂਰੀ ਦਿੱਤੀ ਜਾਂਦੀ ਸੀ। ਬਾਂਸਾਂ ਦੀ ਕਟਾਈ ਦੇ ਮਾਮਲੇ ਵਿਚ ਵੀ ਇਹੋ ਕੁੱਝ ਵਾਪਰਦਾ
ਸੀ।
ਮਾਓਵਾਦੀਆਂ ਦੀਆ
ਸਰਗਰਮੀਆਂ ਨੇ ਲੁੱਟ ਨੂੰ ਲਗਾਮ ਪਾਈ
ਇਸ ਇਲਾਕੇ ’ਚ ਮਾਓਵਾਦੀਆਂ ਦੀਆਂ ਸਰਗਰਮੀਆਂ ਸ਼ੁਰੂ ਹੋਣ ਤੋਂ ਬਾਅਦ ਠੇਕੇਦਾਰਾਂ ਦੀਆਂ ਸਰਗਰਮੀਆਂ ਨੂੰ ਇਕ
ਹੱਦ ਤੱਕ ਨੱਥ ਪਾਈ ਗਈ ਹੈ। ਏਟਾਪੱਲੀ ਦੇ ਇਲਾਕੇ ’ਚ ਕੁੱਝ ਜਨਤਕ ਜਥੇਬੰਦੀਆਂ ਨੇ ਵੀ ਠੇਕੇਦਾਰਾਂ ਦੀ ਸੱਤਾ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ
ਹੈ। ਮਾਓਵਾਦੀਆਂ ਅਤੇ ਜਨਤਕ ਜਥੇਬੰਦੀਆਂ ਦੀਆਂ ਵਧਦੀਆਂ
ਸਰਗਰਮੀਆਂ, ਜੰਗਲਾਂ ਦੀ ਪੈਦਾਵਾਰ ਦੇ
ਠੇਕੇਦਾਰਾਂ, ਜ਼ਮੀਨ ਹੇਠੋਂ ਖਣਿਜ
ਪਦਾਰਥ ਕੱਢਣ ਵਾਲੀਆਂ ਦੇਸੀ-ਬਦੇਸ਼ੀ ਮਾਈਨਿੰਗ ਕੰਪਨੀਆਂ, ਨਦੀਆਂ ਦੇ ਪਾਣੀਆਂ ’ਤੇ ਕਬਜਾ ਕਰੀ ਬੈਠੇ ਵੱਡੇ ਕਾਰਪੋਰੇਟਾਂ ਅਤੇ ਸੜਕਾਂ, ਸਰਕਾਰੀ ਇਮਾਰਤਾਂ ਆਦਿ
ਬਣਾਉਣ ਵਾਲੇ ਠੇਕੇਦਾਰਾਂ ਅਤੇ ਸਿਆਸਤਦਾਨਾਂ ਦੀਆਂ ਅੱਖਾਂ ’ਚ ਬੁਰੀ ਤਰਾਂ ਰੜਕਦੀਆਂ ਹਨ। ਇਹਨਾਂ ਦਾ ਮੁਕਾਬਲਾ ਕਰਨ
ਲਈ ਸਰਕਾਰ ਨੇ ਥਾਂ-ਪੁਰ-ਥਾਂ ਨੀਮ-ਫੌਜੀ ਬਲਾਂ ਦੇ ਪੱਕੇ ਕੈਂਪ ਬਨਾਉਣੇ ਸ਼ੁਰੂ ਕਰ ਦਿੱਤੇ ਹਨ। ਨਕਸਲਵਾਦ ਖਤਮ ਕਰਨ ਦੇ ਨਾਂ ਹੇਠ ਅਨੇਕਾਂ ਲੋਕਾਂ ਨੂੰ ਹਰ ਸਾਲ ਝੂਠੇ ਪੁਲਿਸ ਮਕਾਬਲਿਆਂ ਵਿਚ
ਮਾਰ ਮੁਕਾਇਆ ਜਾਂਦਾ ਹੈ। ਇਹਨਾਂ ਲੋਕ-ਦੋਖੀ ਅਤੇ ਜਾਬਰ ਮੁਹਿੰਮਾਂ ਲਈ ਮਹਾਂਰਾਸ਼ਟਰ ਸਰਕਾਰ ਨੇ
ਪੁਲਿਸ ਕਮਾਂਡੋਆਂ ਦਾ ਵਿਸ਼ੇਸ਼ ਦਸਤਾ ਸੀ-60 ਬਣਾਇਆ ਹੈ ਜਿਸ ਨੂੰ ਹਰ ਤਰਾਂ ਦੀਆਂ ਕੰਪਨੀ ਬੰਦਸ਼ਾਂ ਤੋਂ ਖੁੱਲ ਦੇ ਕੇ ਕਾਰਪੋਰੇਟਾਂ ਅਤੇ
ਠੇਕੇਦਾਰਾਂ ਦੀ ਸੇਵਾ ਵਿਚ ਤੈਨਾਤ ਕੀਤਾ ਗਿਆ ਹੈ। ਇਹ ਕੰਪਨੀਆਂ ਅਤੇ ਠੇਕੇਦਾਰ ਪੁਲਿਸ ਦੇ ਸੂਹੀਆਂ
ਵਜੋਂ ਕੰਮ ਕਰਨ ਦੇ ਨਾਲ ਨਾਲ, ਇਸ ਦੇ ਕੁਕਰਮਾਂ ’ਤੇ ਪਰਦਾ ਪਾਉਣ ਲਈ ਪ੍ਰੈੱਸ, ਟੀ ਵੀ ਅਤੇ ਸੋਸ਼ਲ ਮੀਡੀਆ ’ਤੇ ਚਲਾਈਆਂ ਜਾਣ ਵਾਲੀਆਂ ਮੁਹਿੰਮਾਂ ਲਈ ਧਨ ਵੀ ਜੁਟਾਉਦੀਆਂ ਹਨ।
ਰੋਟੀ-ਰੋਜ਼ੀ, ਖਣਿਜ ਪਦਾਰਥ ਅਤੇ ਜਲ, ਜੰਗਲ, ਜ਼ਮੀਨ ਦੀ ਰਾਖੀ ਲਈ
ਸੰਘਰਸ਼
ਅਸਲ ਵਿਚ ਗੜਚਿਰੋਲੀ (ਮਹਾਂਰਾਸ਼ਟਰ) ਦੇ ਆਦਿਵਾਸੀ ਜਿੱਥੇ
ਜੰਗਲ ਦੀ ਪੈਦਾਵਾਰ ਦਾ ਸਹੀ ਮੁੱਲ ਲੈਣ ਦੀ ਮੰਗ ਉਭਾਰ ਕੇ ਆਪਣੀ ਰੋਜ਼ੀ-ਰੋਟੀ ਦਾ ਰਾਖੀ ਕਰ ਰਹੇ ਹਨ
ਉੱਥੇ ਨਾਲ ਹੀ ਧਰਤੀ ਹੇਠਲੇ ਖਣਿਜ ਪਦਾਰਥਾਂ, ਦੀ ਦੇਸੀ-ਵਿਦੇਸ਼ੀ ਕਾਰਪੋਰੇਟਾਂ ਵੱਲੋਂ
ਭਾਰਤੀ ਹਾਕਮਾਂ ਦੀ ਮਿਲੀਭੁਗਤ ਨਾਲ ਕੀਤੀ ਜਾ ਰਹੀ ਲੁੱਟ ਦਾ ਵਿਰੋਧ ਕਰਕੇ ਜਲ, ਜੰਗਲ, ਜ਼ਮੀਨ ਤੇ ਕੌਮੀ ਦੌਲਤ ਨੂੰ ਬਚਾਉਣ ਲਈ ਤਿੱਖਾ ਸੰਘਰਸ਼ ਲੜ ਰਹੇ
ਹਨ।
ਦੂਜੇ ਪਾਸੇ ਹਰ ਸਾਲ ਤੇਂਦੂ ਪੱਤੇ ਦੀ ਤੁੜਵਾਈ ਦੇ ਸੀਜ਼ਨ
ਵਿਚ, ਜਦੋਂ ਕਬਾਇਲੀ ਲੋਕ ਆਪਣੀ ਮਿਹਨਤ ਦਾ ਵਾਜਬ ਮੁੱਲ ਲੈਣ ਲਈ ਇਕੱਠੇ ਹੋ
ਕੇ ਆਵਾਜ਼ ਬੁਲੰਦ ਕਰਦੇ ਹਨ ਤਾਂ ਲੁਟੇਰੇ ਠੇਕੇਦਾਰਾਂ ਅਤੇ ਕਾਰਪੋਰੇਟਾਂ ਦੇ ਅੰਨ੍ਹੇਂ ਮੁਨਾਫਿਆਂ
ਦੀ ਰਾਖੀ ਲਈ ਪੁਲਿਸ ਅਤੇ ਨੀਮ-ਫੌਜੀ ਬਲ ਉਹਨਾਂ ਦੀਆਂ ਪੈੜਾਂ ਸੁੰਘਣ ਲੱਗ ਜਾਂਦੇ ਹਨ। ਉਹਨਾਂ
ਦੀਆਂ ਸ਼ਾਂਤੀਪੂਰਵਕ ਮੀਟਿੰਗਾਂ, ਰੋਸ ਪਰਦਰਸ਼ਨਾਂ ਨੂੰ ਕੁੱਚਲਣ ਲਈ, ਨਕਸਲੀ ਬਗਾਵਤ ਦਾ ਨਾਂ ਦੇ ਕੇ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਲਹੂ ’ਚ ਡਬੋਂਦੇ ਹਨ।
ਇੰਦਰਾਵਤੀ ਨਦੀ ਦੇ
ਕਿਨਾਰੇ 40 ਕਬਾਇਲੀਆਂ ਦਾ ਕਤਲੇਆਮ
22 ਅਪ੍ਰੈਲ 2018 ਵਿਚ ਗੜਚਿਰੋਲੀ ਪੁਲਿਸ ਨੇ -ਜੰਗਲ ਦੇ ਉਤਪਾਦਾਂ ਅਤੇ
ਮਿਹਨਤ ਦਾ ਵਾਜਬ ਮੁੱਲ ਮੰਗਣ ਲਈ ਜਥੇਬੰਦ ਹੋ ਰਹੇ ਅਣਭੋਲ ਕਬਾਇਲੀਆਂ ਦੀ ਇੰਦਰਾਵਤੀ ਨਦੀ ਦੇ
ਕਿਨਾਰੇ ਜੰਗਲਾਂ ਵਿਚ ਹੋ ਰਹੀ ਇੱਕ ਮੀਟਿੰਗ ਦੀ ਥਾਂ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ 40 ਕਬਾਇਲੀਆ ਨੂੰ ਗੋਲੀਆਂ
ਨਾਲ ਮਾਰ ਸੁੱਟਿਆ। ਇਹਨਾਂ ਵਿਚ ਕਈ ਛੋਟੀ ਉਮਰ ਦੇ ਬੱਚੇ-ਬੱਚੀਆਂ ਵੀ ਸਨ। ਪੁਲਿਸ ਨੇ ਚਾਹੇ ਇਸ
ਘਟਨਾ ਨੂੰ ਨਕਸਲੀਆਂ ਨਾਲ ਜਚਵੇਂ ਮੁਕਾਬਲੇ ਦਾ ਨਾਂ ਦਿੱਤਾ ਪਰ ਅਸਲ ਵਿਚ ਮੀਟਿੰਗ ਦੀ ਸੂਹ ਮਿਲਣ ’ਤੇ ਪੁਲਿਸ ਨੇ ਉਸ ਥਾਂ
ਦੇ ਦੁਆਲੇ ਤਿੰਨ ਪਹਾੜੀਆਂ ’ਤੇ ਆ ਮੋਰਚੇ ਲਾਏ ਤੇ ਅੰਨੇਂਵਾਹ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁੱਝ ਲੋਕਾਂ ਨੇ
ਭੱਜ ਕੇ ਇੰਦਰਾਵਤੀ ਨਦੀ ਵਿਚ ਛਾਲਾਂ ਮਾਰ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਿਨਾਂ ਨੂੰ ਇਸ ਨਦੀ
ਵਿਚਲੇ ਮਗਰਮੱਛਾਂ ਨੇ ਗੰਭੀਰ ਜ਼ਖਮੀ ਕਰ ਦਿੱਤਾ। ਸਰਕਾਰ ਨੇ ਇਹ ਹੌਲਨਾਕ ਤੇ ਘਿ੍ਰਣਤ ਕਾਰਾ ਕਰਨ
ਵਾਲੀ ਪੁਲਿਸ ਧਾੜ ਨੂੰ ਇਨਾਮ ਵਜੋਂ ਦੋ ਮਹੀਨੇ ਲਈ ਵਿਦੇਸ਼ ’ਚ ਮੌਜ-ਮੇਲਾ ਕਰਨ ਲਈ ਭੇਜ ਦਿੱਤਾ।
ਇਸ ਤੋਂ ਬਾਅਦ ਵੀ ਕਤਲਾਂ ਦਾ ਇਹ ਸਿਲਸਿਲਾ ਹਰ ਸਾਲ ਜਾਰੀ
ਰਿਹਾ।
2021-ਗੜਚਿਰੋਲੀ ਕਤਲਾਂ ਦੀ ਲੰਮੀ ਲੜੀ
ਇਸ ਸਾਲ ਗੜਚਿਰੋਲੀ ਪੁਲਿਸ ਵੱਲੋਂ ਵਰਤਾਏ ਸਭ ਤੋਂ ਵੱਡੇ
ਕਤਲ-ਕਾਂਡ ਦੇ ਵੇਰਵੇ 21 ਮਈ ਦੇ ਅਖਬਾਰਾਂ ’ਚ ਛਪੇ। ਪੁਲਿਸ ਦੇ ਕਹਿਣ ਅਨੁਸਾਰ ਗੜਚਿਰੋਲੀ ਜਿਲੇ ਦੇ ਏਟਾਪੱਲੀ ਇਲਾਕੇ ਦੇ ਜੰਗਲਾਂ ’ਚ ਨਕਸਲੀਆਂ ਦੀ ਇਕ
ਮੀਟਿੰਗ ਹੋਣ ਬਾਰੇ ਪੱਕੀ ਸੂਹ ਮਿਲਣ ’ਤੇ ਸੀ-60 ਕਮਾਂਡੋਆਂ ਦੀ ਇੱਕ ਧਾੜ
ਨੇ ਉਸ ਥਾਂ ਨੂੰ ਘੇਰਾ ਪਾ ਲਿਆ ਅਤੇ ਮੀਟਿੰਗ ’ਚ ਹਾਜ਼ਰ ਲੋਕਾਂ ਦੇ ਨਿੱਕਲਣ ਲਈ ਭੀੜਾ ਜਿਹਾ ਰਾਹ ਛੱਡ ਦਿੱਤਾ ਤਾਂ ਜੋ ਉਹਨਾਂ ਨੂੰ ਸੌਖਿਆਂ
ਨਿਸ਼ਾਨਾ ਬਣਾਇਆ ਜਾ ਸਕੇ। ਇਸ ਘਟਨਾ ’ਚ ਪੁਲਿਸ ਨੇ 13 ਲੋਕਾਂ ਨੂੰ ਕਤਲ ਕਰ
ਦਿੱਤਾ ਜਿੰਨ੍ਹਾਂ ਵਿੱਚ 7 ਔਰਤਾਂ ਸਨ।
ਪੁਲਿਸ ਦਾ ਦਾਅਵਾ ਹੈ ਕਿ ਜਦੋਂ ਨਕਸਲੀਆਂ ਨੇ ਪੁਲਿਸ ਨੂੰ
ਵੇਖ ਲਿਆ ਤਾਂ ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਅਨੁਸਾਰ ਨਕਸਲੀ
ਆਟੋਮੈਟਿਕ ਹਥਿਆਰਾਂ ਅਤੇ ਧਮਾਕਾਖੇਜ ਸਮੱਗਰੀ ਨਾਲ ਲੈਸ ਸਨ। ਉਹਨਾਂ ਦੇ ਸਿਰ ’ਤੇ ਭਾਰੀ ਇਨਾਮ ਸਨ ਅਤੇ
ਪਹਿਲਾਂ ਵੀ ਕਈ ਮੁੱਠ-ਭੇੜਾਂ ’ਚ ਸ਼ਾਮਲ ਰਹਿ ਚੁੱਕੇ ਸਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਟੋਮੈਟਿਕ ਹਥਿਆਰਾਂ ਨਾਲ ਲੈਸ
ਖੂੰਖਾਰ ਨਕਸਲਵਾਦੀਆਂ ਨਾਲ ਮੁੱਠਭੇੜ ’ਚ ਕਿਸੇ ਪੁਲਿਸ ਮਲਾਜ਼ਮ ਨੂੰ ਝਰੀਟ ਤੱਕ ਵੀ ਨਹੀਂ ਆਈ। ਪੁਲਿਸ ਦੇ ਬਿਆਨਾਂ ਅਨੁਸਾਰ ਮੁੱਠਭੇੜ
ਦੌਰਾਨ ਪੁਲਿਸ ਨੇ ਨਕਸਲੀਆਂ ਨੂੰ ਆਤਮਸਮਰਪਣ ਕਰਨ ਲਈ ਇੱਕ ਵਾਰ ਵੀ ਨਹੀਂ ਕਿਹਾ ਅਤੇ ਹੀ ਪੁਲਿਸ ਨੇ ਉਹਨਾਂ ਨੂੰ ਗਿ੍ਰਫਤਾਰ ਕਰਨ ਦੀ ਕੋਈ
ਕੋਸ਼ਿਸ਼ ਕੀਤੀ। ਇਸ ਦਾ ਮਤਲਬ ਸਾਫ ਹੈ ਕਿ ਪੁਲਸ ਦਾ ਉਦੇਸ਼ ਸਿਰਫ ਉਨਾਂ ਦਾ ਕਤਲ ਕਰਨਾ ਸੀ ਜੋ ਕਿ ਇੱਕ
ਗੈਰ-ਕਾਨੂੰਨੀ ਤੇ ਵਹਿਸ਼ੀ ਕਾਰਾ ਹੈ।
ਇਸੇ ਸਾਲ 13 ਮਈ ਨੂੰ ਗੜਚਿਰੋਲੀ ਪੁਲਿਸ ਨੇ ਧਨੌਗ ਤਹਿਸੀਲ ਦੇ ਪਿੰਡ ਮੋਰਚਲ ਦੇ ਜੰਗਲਾਂ ’ਚ ਦੋ ਨਕਸਲੀਆਂ ਨੂੰ
ਮੁੱਠ-ਭੇੜ ’ਚ ਮਾਰ ਦੇਣ ਦਾ ਦਾਅਵਾ
ਕੀਤਾ, ਜਿਸ ਵਿਚ ਇੱਕ ਔਰਤ ਵੀ
ਸੀ।
ਅਸਲ ਵਿਚ ਇਹ ਮੁੱਠ-ਭੇੜਾਂ ਨਹੀਂ ਸਗੋਂ ਠੇਕੇਦਾਰਾਂ, ਵਪਾਰੀਆਂ ਅਤੇ
ਦੇਸੀ-ਵਿਦੇਸ਼ੀ ਕਾਰਪੋਰੇਟਾਂ ਲਈ ਲੁੱਟ ਦਾ ਰਾਹ ਪੱਧਰਾ ਕਰਨ ਲਈ ਨੰਗੇ ਚਿੱਟੇ ਕਤਲ ਹਨ। ਜਮਹੂਰੀ
ਅਤੇ ਇਨਸਾਫਪਸੰਦ ਵਿਅਕਤੀਆਂ ਨੂੰ ਡਟ ਕੇ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ।
No comments:
Post a Comment