ਸੀ.ਏ.ਏ. ਅਤੇ ਐਨ.ਸੀ.ਆਰ. ਖਿਲਾਫ਼ ਪੰਜਾਬ ਦੀ 'ਚ ਜੋਰਦਾਰ ਸਰਗਰਮੀ
ਕੇਂਦਰ ਦੀ ਮੋਦੀ ਹਕੂਮਤ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਅਤੇ ਕੌਮੀ ਨਾਗਰਿਕ ਰਜਿਸਟਰ ਰਾਹੀਂ
ਭਾਰਤੀ ਲੋਕਾਂ 'ਤੇ ਵਿੱਢੇ ਨਵੇਂ ਫਾਸ਼ੀਵਾਦੀ ਹਮਲੇ ਖਿਲਾਫ ਵੱਖ ਵੱਖ ਸੂਬਿਆਂ 'ਚ ਵਿਸ਼ਾਲ ਪੱਧਰ 'ਤੇ ਹੋ ਰਹੇ ਜਨਤਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਪੰਜਾਬ ਵਿਚ ਅਨੇਕਾਂ ਜਨਤਕ ਜਮਹੂਰੀ ਜਥੇਬੰਦੀਆਂ
ਸੜਕਾਂ 'ਤੇ ਨਿਕਲੀਆਂ ਹਨ, ਵੱਖ ਵੱਖ ਸ਼ਹਿਰਾਂ ਕਸਬਿਆਂ ਵਿਚ, ਕਾਲਜਾਂ ਤੇ ਯੂਨੀਵਰਸਿਟੀਆਂ
ਵਿਚ ਛੋਟੇ ਵੱਡੇ ਮਾਰਚ ਹੋਏ ਹਨ। ਇਹਨਾਂ ਮਾਰਚਾਂ ਵਿਚ ਨੌਜਵਾਨਾਂ ਵਿਦਿਆਰਥੀਆਂ ਸਮੇਤ ਸਮਾਜ ਦੇ
ਵੱਖ ਵੱਖ ਹਿੱਸੇ ਸ਼ਾਮਲ ਹੋਏ ਹਨ। ਕਈ ਥਾਵਾਂ 'ਤੇ ਮੁਸਲਿਮ ਭਾਈਚਾਰੇ ਦੇ ਲੋਕ ਇਹਨਾਂ ਮਾਰਚਾਂ ਦਾ ਹਿੱਸਾ ਬਣੇ ਹਨ ਅਤੇ ਧਾਰਮਿਕ ਅਧਾਰ 'ਤੇ ਵੰਡੀਆਂ ਪਾਉਣ ਵਾਲੇ ਇਸ ਲੋਕ ਵਿਰੋਧੀ ਕਾਲੇ ਕਾਨੂੰਨ ਨੂੰ
ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ
ਮਜ਼ਦੂਰ ਯੂਨੀਅਨ ਨੇ ਆਪੋ ਆਪਣੇ ਕਾਰਕੁੰਨਾਂ ਨੂੰ ਇਹਨਾਂ ਜਨਤਕ ਪ੍ਰਦਰਸ਼ਨਾਂ 'ਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਹਨ।ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਨੇ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਵੱਲੋਂ ਦੇਸ਼ ਭਰ 'ਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦਾ ਸਮਰਥਨ ਕਰਦਿਆਂ ਸਮੂਹ ਦੇਸ਼ ਭਗਤ ਤੇ ਜਮਹੂਰੀ ਤਾਕਤਾਂ ਨੂੰ ਇਹਨਾਂ ਰੋਸ ਪ੍ਰਦਰਸ਼ਨਾਂ ਵਿਚ ਸ਼ਾਮਲ ਹੋ ਕੇ ਇਸ ਕਾਲੇ ਕਾਨੂੰਨ ਖਿਲਾਫ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ।
ਬਰਨਾਲੇ ਵਿਚ ਜਮਹੂਰੀ ਅਧਿਕਾਰ ਸਭਾ ਦੇ ਸੱਦੇ 'ਤੇ ਇੱਕ ਦਰਜਨ ਤੋਂ ਵੱਧ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਸ਼ਹਿਰ 'ਚ ਮਾਰਚ ਕਰਕੇ ਕਚਹਿਰੀ ਚੌਂਕ 'ਚ ਧਰਨਾ ਮਾਰਿਆ ਗਿਆ। ਮੁਸਲਿਮ ਭਾਈਚਾਰੇ ਦੀ ਸ਼ਮੂਲੀਅਤ ਵਾਲੇ ਇਸ ਮਾਰਚ ਵਿਚ ਜੋਰਦਾਰ ਆਵਾਜ਼ ਉਠਾਈ ਗਈ ਕਿ ਨਾਗਰਿਕਤਾ ਦੇਣ ਦਾ ਅਧਾਰ ਧਰਮ ਨਹੀਂ ਹੋ ਸਕਦਾ; ਮੋਦੀ ਸਰਕਾਰ ਦੇਸ਼ ਨੂੰ ਫਿਰਕੂ ਲੀਹਾਂ 'ਤੇ ਵੰਡ ਕੇ ਆਪਣਾ ਵੋਟ ਬੈਂਕ ਪੱਕਾ ਕਰਨਾ ਚਾਹੁੰਦੀ ਹੈ; ਭਾਜਪਾ-ਆਰ ਐਸ ਐਸ ਵੱਲੋਂ ਇੱਕ ਫਿਰਕੇ ਨੂੰ ਨਿਸ਼ਾਨਾ ਬਨਾਉਣ ਦੇ ਕੋਝੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।
ਜਮਹੂਰੀ ਅਧਿਕਾਰ ਸਭਾ ਦੇ ਸੱਦੇ 'ਤੇ ਹੀ ਲੁਧਿਆਣੇ ਅੰਮ੍ਰਿਤਸਰ, ਪਟਿਆਲੇ,ਝੁਨੀਰ ਆਦਿ ਸ਼ਹਿਰਾਂ ਵਿਚ ਮਾਰਚ ਕੀਤੇ ਗਏ ਹਨ।
ਮੋਗੇ 'ਚ ਹਿੰਦੂਤਵ ਫਾਸ਼ੀਵਾਦੀ ਵਿਰੋਧੀ ਫਰੰਟ ਦੀ ਅਗਵਾਈ ਹੇਠ 24 ਦਸੰਬਰ ਨੂੰ ਹੋਏ ਮਾਰਚ ਅਤੇ ਨੇਚਰ ਪਾਰਕ ਵਿਚ ਹੋਈ ਰੈਲੀ ਵਿਚ ਵੱਡੀ ਗਿਣਤੀ ਵਿਦਿਆਰਥੀਆਂ, ਨੌਜਵਾਨਾਂ ਤੇ ਹੋਰ ਲੋਕਾਂ ਨੇ ਸ਼ਮੂਲੀਅਤ ਕੀਤੀ। ਰੈਲੀ ਨੂੰ ਲੋਕ ਸੰਗਰਾਮ ਮੰਚ ਦੇ ਤਾਰਾ ਸਿੰਘ ਸੰਧੂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ, ਇਨਕਲਾਬੀ ਲੋਕ ਮੋਰਚੇ ਦੇ ਦਰਸ਼ਨ ਸਿੰਘ ਤੂਰ ਤੋਂ ਇਲਾਵਾ ਨੌਜਵਾਨ ਭਾਰਤ ਸਭਾ ਤੇ ਵਿਦਿਆਰਥੀ ਆਗੂਆਂ ਨੇ ਸੰਬੋਧਨ ਕਰਦੇ ਹੋਏ ਭਾਰਤੀ ਸੰਵਿਧਾਨ ਵਿਚ ਦਰਜ ਅਨੇਕਤਾ ਵਿਚ ਏਕਤਾ ਅਤੇ ਇਸਦੇ ਨਿਰਪੱਖਤਾ ਦੀਆਂ ਵਿਵਸਥਾਵਾਂ ਨੂੰ ਤਬਾਹ ਕਰਨ ਦੇ ਬਰਾਬਰ ਦਰਸਾਉਂਦੇ ਹੋਏ ਐਲਾਨ ਕੀਤੇ ਕਿ ਖੱਬੀਆਂ ਧਿਰਾਂ ਤੇ ਜਨਤਕ ਜਥੇਬੰਦੀਆਂ ਫਿਰਕੂ ਲੀਹਾਂ 'ਤੇ ਵੰਡਣ ਵਾਲੇ ਇਸ ਕਾਲੇ ਕਾਨੂੰਨ ਨੂੰ ਸਫਲ ਨਹੀਂ ਹੋਣ ਦੇਣਗੀਆਂ।
ਚੰਡੀਗੜ੍ਹ - ਪੰਜਾਬ ਯੂਨੀਵਰਸਿਟੀ ਚੰਡੀਗੜ੍ਹਦੀਆਂ ਵੱਖ ਵੱਖ ਵਿਦਿਆਰਥੀ ਜਥੇਬੰਦੀਆਂ ਨੇ ਸਟੂਡੈਂਟਸ ਸੈਂਟਰ ਵਿਚ ਰੈਲੀ ਤੇ ਮਾਰਚ ਕਰਨ ਉਪਰੰਤ ਸੈਕਟਰ 14 ਵਿਚ ਭਾਜਪਾ-ਆਰ ਐਸ ਐਸ ਦਾ ਪੁਤਲਾ ਸਾੜਿਆ। ਬੁਲਾਰਿਆਂ ਨੇ ਸੀ. ਏ. ਏ. ਤੇ ਐਸ. ਆਰ. ਸੀ. ਖਿਲਾਫ ਆਵਾਜ਼ ਬੁਲੰਦ ਕੀਤੀ ਅਤੇ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ, ਸਟਾਫ ਮੈਂਬਰਾਂ ਤੇ ਅਧਿਆਪਕਾਂ 'ਤੇ ਪੁਲਸ ਤਸ਼ੱਦਦ ਦੀ ਨਿਖੇਧੀ ਕਰਦਿਆਂ ਵਿਦਿਆਰਥੀ ਸੰਘਰਸ਼ ਨਾਲ ਯਕਯਹਿਤੀ ਦਾ ਪ੍ਰਗਟਾਵਾ ਕੀਤਾ।
ਪਟਿਆਲੇ 19 ਦਸੰਬਰ ਨੂੰ ਤਿੰਨ ਵੱਖ ਵੱਖ ਇਕੱਤਰਤਾਵਾਂ ਹੋਈਆਂ ਹਨ- ਵੱਖ ਵੱਖ ਜਨਤਕ ਜਥੇਬੰਦੀਆਂ ਵੱਲੋਂ ਬੱਸ ਸਟੈਂਡ ਨੇੜਲੇ ਨਹਿਰੂ ਪਾਰਕ ਵਿਚ ਰੈਲੀ ਤੇ ਮਾਰਚ ਕੀਤਾ ਗਿਆ ਦੂਜੀ ਇਕੱਤਰਤਾ ਬੱਸ ਸਟੈਂਡ ਲਾਗੇ ਹੀ ਅੰਬੇਦਕਰ ਬੁੱਤ ਕੋਲ ਹੋਈ ਅਤੇ ਤੀਜੀ ਸ਼ਹਿਰ ਦੇ ਅੰਦਰਲੇ ਹਿੱਸੇ 'ਚ ਮੁਸਲਿਮ ਭਾਈਚਾਰੇ ਵੱਲੋਂ ਸੀ. ਏ. ਏ. ਦੇ ਵਿਰੋਧ 'ਚ ਰੈਲੀ ਕੀਤੀ ਗਈ ਜਿਸ ਵਿਚ 500 ਦੇ ਕਰੀਬ ਲੋਕ ਸ਼ਾਮਲ ਹੋਏ। ਬਾਅਦ 'ਚ ਮਾਰਚ ਕੀਤਾ ਗਿਆ ਅਤੇ ਫੁਹਾਰਾ ਚੌਂਕ ਵਿਚ ਆ ਕੇ ਡੀ ਸੀ ਨੂੰ ਮੰਗ ਪੱਤਰ ਦਿੱਤਾ ਗਿਆ।
25 ਦਸੰਬਰ ਨੂੰ ਹਿੰਦੂਤਵ ਫਾਸ਼ੀਵਾਦੀ ਵਿਰੋਧੀ ਫਰੰਟ ਦੇ ਸੱਦੇ 'ਤੇ ਪਟਿਆਲੇ ਨਹਿਰੂ ਪਾਰਕ ਵਿਚ ਰੈਲੀ ਕੀਤੀ ਗਈ ਜਿਸ ਵਿਚ 250 ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਮਗਰੋਂ ਬਸ ਅੱਡੇ ਕੋਲ ਸੰਕੇਤਕ ਜਾਮ ਲਗਾਇਆ ਗਿਆ। ਫਰੰਟ ਵੱਲੋਂ ਸੰਗਰੂਰ ਵਿਚ ਵੀ ਰੈਲੀ ਤੇ ਮਾਰਚ ਹੋਇਆ ਹੈ ਜਿਸ ਵਿਚ 200 ਦੇ ਕਰੀਬ ਲੋਕ ਸ਼ਾਮਲ ਹੋਏ ਹਨ।
ਬਠਿੰਡੇ ਜਮਹੂਰੀ ਅਧਿਕਾਰ ਸਭਾ ਦੇ ਸੱਦੇ 'ਤੇ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਕਨਵੈਨਸ਼ਨ ਵਿਚ ਬੋਲਦਿਆਂ ਡਾਕਟਰ ਪ੍ਰਮਿੰਦਰ ਸਿੰਘ ਅਤੇ ਐਨ ਕੇ ਜੀਤ ਨੇ ਮੋਦੀ ਰਾਜ ਅਧੀਨ ਮਨੁੱਖੀ ਅਧਿਕਾਰਾਂ 'ਤੇ ਤੇਜ਼ੀ ਨਾਲ ਵਧ ਰਹੇ ਡਾਕਿਆਂ ਦੀ ਚਰਚਾ ਕੀਤੀ, ਐਨ. ਆਰ. ਸੀ. ਤਹਿਤ ਲੱਖਾਂ ਵਿਦੇਸ਼ੀ ਐਲਾਨੇ ਲੋਕਾਂ ਨੂੰ ਅਨਿਸ਼ਚਤ ਸਮੇਂ ਲਈ ਨਜ਼ਰਬੰਦੀ ਕੈਂਪਾਂ 'ਚ ਤਾੜ ਕੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਜਾ ਰਹੀ ਹੈ। ਕਨਵੈਨਸ਼ਨ ਵਿਚ ਪਹੁੰਚੇ 150 ਦੇ ਕਰੀਬ ਸੂਝਵਾਨ ਦਰਸ਼ਕਾਂ ਨੂੰ ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।
20 ਦਸੰਬਰ ਨੂੰ ਸਿੱਖ ਤੇ ਮੁਸਲਿਮ ਵਰਗ ਦੇ ਲੋਕਾਂ ਨੇ ਹਾਜੀ ਰਤਨ ਗੁਰਦੁਵਾਰੇ ਵਿਚ ਇਕੱਠੇ ਹੋ ਕੇ ਡੀ ਸੀ ਦਫਤਰ ਤੱਕ ਮਾਰਚ ਕੀਤਾ ਅਤੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਭੇਜਿਆ। ਮਾਰਚ ਦੌਰਾਨ ਮੋਦੀ ਤੇ ਅਮਿਤ ਸ਼ਾਹ ਵਿਰੁੱਧ ਨਾਅਰੇਬਾਜੀ ਕੀਤੀ ਗਈ ਅਤੇ ਇਸ ਕਾਲੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
ਲੋਕ ਮੋਰਚਾ ਪੰਜਾਬ ਨੇ ਆਰਥਕ ਮੰਦੀ ਅਤੇ ਨਾਗਰਿਕਤਾ ਸੋਧ ਕਾਨੂੰਨ ਤੇ ਕੌਮੀ ਰਜਿਸਟ੍ਰੇਸ਼ਨ ਵਿਸ਼ਿਆਂ 'ਤੇ 27 ਤਾਰੀਖ ਨੂੰ ਬਰਨਾਲੇ ਅਤੇ 30 ਦਸੰਬਰ ਨੂੰ ਬਠਿੰਡੇ ਵਿਚ ਕਨਵੈਨਸ਼ਨਾਂ ਕੀਤੀਆਂ ਹਨ। ਇਹਨਾਂ ਵਿਚ ਕਿਸਾਨ ਮਜ਼ਦੂਰ ਤੇ ਨੌਜਵਾਨ ਹਿੱਸਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ ਹੈ। ਬਠਿੰਡੇ 'ਚ ਕਨਵੈਨਸ਼ਨ ਕਰਨ ਉਪਰੰਤ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸ਼ਹਿਰ 'ਚ ਮਾਰਚ ਕੀਤਾ ਗਿਆ ਤੇ ਹੱਥ ਪਰਚਾ ਵੰਡਿਆ ਗਿਆ। ਲੋਕ ਮੋਰਚੇ ਨੇ ਪੂਰਾ ਜਨਵਰੀ ਮਹੀਨਾ ਸੀ. ਏ. ਏ. ਵਿਰੁੱਧ ਮਹਿੰਮ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਮਾਨਸਾ ਵਿਚ 6 ਖੱਬੀਆਂ ਧਿਰਾਂ ਵੱਲੋਂ ਦੇਸ਼ ਵਿਆਪੀ ਸੱਦੇ ਤਹਿਤ ਸਮੂਹ ਪਾਰਟੀਆਂ, ਜਥੇਬੰਦੀਆਂ ਤੇ ਧਾਰਮਿਕ ਘੱਟਗਿਣਤੀ ਸੰਗਠਨਾਂ ਵੱਲੋਂ ਸ਼ਹਿਰ 'ਚ ਮਾਰਚ ਕੀਤਾ ਗਿਆ। ਸੀ ਪੀ ਆਈ ਵੱਲੋਂ 26 ਦਸੰਬਰ ਨੂੰ' ਸੰਵਿਧਾਨ ਬਚਾਓ ਦੇਸ਼ ਬਚਾਓ' ਰੈਲੀ ਕੀਤੀ ਗਈ। ਨਹਿਰੂ ਮੈਮੋਰੀਅਲ ਕਾਲਜ ਵਿਚ ਆਈਸਾ ਤੇ ਪੀ. ਆਰ. ਐਸ. ਯੂ. ਦੀ ਅਗਵਾਈ ਵਿਚ ਸੀ. ਏ. ਏ. ਅਤੇ ਐਨ. ਆਰ. ਸੀ. ਖਿਲਾਫ ਰੋਸ ਪ੍ਰਦਰ੍ਰਸ਼ਨ ਕੀਤਾ ਗਿਆ ਅਤੇ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਕੀਤੇ ਗਏ ਅੰਨ੍ਹੇਂ ਪੁਲਸ ਤਸ਼ੱਦਦ ਦੀ ਨਿਖੇਧੀ ਕੀਤੀ ਗਈ ਅਤੇ ਉਹਨਾਂ ਦੇ ਜਾਰੀ ਰਹਿ ਰਹੇ ਸੰਘਰਸ਼ ਨਾਲ ਯਕਯਹਿਤੀ ਦਾ ਪ੍ਰਗਟਾਵਾ ਕੀਤਾ ਗਿਆ। ਸਰਦੂਲਗੜ੍ਹਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਨੇ ਰੋਸ ਮਾਰਚ ਕੀਤਾ।
ਜਲੰਧਰ 'ਚ ਮੁਸਲਿਮ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਸਾਂਝੇ ਤੌਰ 'ਤੇ ਡੀ ਸੀ ਦਫਤਰ ਅੱਗੇ ਰੋਸ ਮੁਜਾਹਰਾ ਅਤੇ ਸ਼ਹਿਰ 'ਚ ਮਾਰਚ ਕਰਕੇ ਐਲਾਨ ਕੀਤਾ ਕਿ ਭਾਜਪਾ ਦੇਸ਼ 'ਚ ਫਿਰਕੂ ਜਹਿਰ ਘੋਲ ਰਹੀ ਹੈ ਤੇ ਭਾਈਚਾਰਕ ਸਾਂਝ ਨੂੰ ਸੱਟ ਮਾਰ ਰਹੀ ਹੈ। ਜੇ 3 ਜਨਵਰੀ ਤੱਕ ਕਾਨੂੰਨ ਰੱਦ ਨਾ ਕੀਤਾ ਤਾਂ ਦੇਸ਼ ਦੇ 550 ਜਿਲ੍ਹਿਆਂ ਅੰਦਰ ਰੋਸ ਮੁਜਾਹਰੇ ਕੀਤੇ ਜਾਣਗੇ।
ਮਲੇਰਕੋਟਲੇ 'ਚ ਮੁਸਲਿਮ ਭਾਈਚਾਰੇ ਦੇ ਦਹਿ ਹਜ਼ਾਰਾਂ ਲੋਕਾਂ ਨੇ ਮਾਰਚ ਕੀਤਾ, ਮੋਦੀ ਸ਼ਾਹ ਵਿਰੁੱਧ ਨਾਹਰੇਬਾਜੀ ਕੀਤੀ ਅਤੇ ਲੋਕਾਂ 'ਚ ਵੰਡੀਆਂ ਪਾਉਣ ਵਾਲੇ ਤੇ ਆਪਸੀ ਭਾਈਚਾਰਕ ਸਾਂਝ ਦੇ ਜੜ੍ਹੀਂ ਤੇਲ ਦੇਣ ਵਾਲੇ ਇਨਕਲਾਬੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ। ਬਰਨਾਲੇ ਵਿਚ ਮੁਸਲਿਮ ਭਾਈਚਾਰੇ ਨਾਲ ਸਬੰਧਤ ਸੈਂਕੜੇ ਲੋਕਾਂ ਨੇ ਸੀ. ਏ. ਏ. ਅਤੇ ਐਨ. ਆਰ. ਸੀ. ਵਿਰੁੱਧ ਜਨਤਕ ਮਾਰਚ ਕੀਤਾ।
ਮੁਕਤਸਰ ਵਿਚ ਕਾਲਜ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ। ਅਤੇ ਸੀ ਪੀ ਆਈ ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਡੀ ਸੀ ਦਫਤਰ ਅੱਗੇ ਮੁਜਾਹਰਾ ਕਰਕੇ ਮੋਦੀ ਸ਼ਾਹ ਦਾ ਪੁਤਲਾ ਸਾੜਿਆ ਗਿਆ।
ਇਹਨਾਂ ਤੋਂ ਇਲਾਵਾ ਜੈਤੋਂ, ਫਰੀਦਕੋਟ, ਟੱਲੇਵਾਲ, ਨਿਹਾਲ ਸਿੰਘ ਵਾਲਾ, ਝੁਨੀਰ,ਗਿੱਦੜਬਾਹਾ, ਮਹਿਲ ਕਲਾਂ, ਮਹਿਲ ਖੁਰਦ, ਛੀਨੀਵਾਲ ਆਦਿ ਥਾਵਾਂ 'ਤੇ ਜਨਤਕ ਮਾਰਚ ਕੀਤੇ ਗਏ ਹੋਣ ਦੀਆਂ ਖਬਰਾਂ ਹਨ।
ਤਰਕਸ਼ੀਲ ਸੁਸਾਇਟੀ ਨੇ ਕਿਹਾ ਹੈ ਕਿ ਲੋਕਾਂ ਦਾ ਧਿਆਨ ਉਹਨਾਂ ਦੀਆਂ ਅਸਲ ਸਮੱਸਿਆਵਾਂ ਤੋਂ ਪਾਸੇ ਤਿਲ੍ਹਕਾਉਣ ਲਈ ਹਾਕਮਾਂ ਵੱਲੋਂ ਕੋਝੇ ਹੱਥਕੰਡੇ ਵਰਤੇ ਜਾ ਰਹੇ ਹਨ ਅਤੇ ਦੇਸ਼ ਵਿਚ ਮੁੜ 1947 ਵਰਗੇ ਹਾਲਾਤ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਪੰਜਾਬ ਵਿਚ ਸੀ.ਏ.ਏ. ਅਤੇ ਐਨ. ਆਰ. ਸੀ. ਦੇ ਵਿਰੁੱਧ ਹੋਈ ਕੁੱਲ ਜਨਤਕ ਸਰਗਰਮੀ ਦੀ ਇਹ ਭਰਵੀਂ ਰਿਪੋਰਟ ਨਹੀਂ ਹੈ। ਤਾਂ ਵੀ ਇਹ ਰਿਪੋਰਟ ਸੂਬੇ ਦੇ ਵੱਖ ਵੱਖ ਹਿਸਿਆਂ ਅੰਦਰ ਮੋਦੀ ਹਕੂਮਤ ਦੇ ਇਸ ਫਾਸ਼ੀ ਵਾਰ ਦੇ ਵਿਰੁੱਧ ਉਠੇ ਤਿਖੇ ਪ੍ਰਤੀਕਰਮ ਨੂੰ ਦਰਸਾਉਂਦੀ ਹੈ। ਪਹਿਲਾਂ ਧਾਰਾ 370 ਰੱਦ ਕਰਨ ਦੇ ਖਿਲਾਫ ਅਤੇ ਹੁਣ ਇਸ ਨਵੇਂ ਫਾਸ਼ੀ ਵਾਰ ਦੇ ਖਿਲਾਫ ਸੂਬੇ ਅੰਦਰ ਅਨੇਕਾਂ ਥਾਵਾਂ 'ਤੇ ਉਠਿਆ ਜਨਤਕ ਵਿਰੋਧ ਮਿਹਨਤਕਸ਼ ਹਿਸਿਆਂ ਅੰਦਰ ਵਧ ਫੁੱਲ ਰਹੀ ਜਮਹੂਰੀ ਸੋਝੀ ਦਾ ਪ੍ਰਤੀਕ ਹੈ। ਇਹ ਗੱਲ ਹੋਰ ਵੀ ਉਤਸ਼ਾਹਜਨਕ ਹੈ ਕਿ ਨੌਜਵਾਨਾਂ ਨੇ ਇਹਨਾਂ ਸਰਗਰਮੀਆਂ 'ਚ ਮਹੱਤਵਪੂਰਨ ਰੋਲ ਨਿਭਾਇਆ ਹੈ। ਇਹਨਾਂ ਸਰਗਰਮੀਆਂ ਰਾਹੀਂ ਸੂਬੇ ਦੇ ਵੱਖ ਵੱਖ ਸਮਾਜ- ਧਾਰਮਿਕ ਹਿਸਿਆਂ ਨੇ ਭਾਈਚਾਰਕ ਏਕਤਾ ਦੀਆਂ ਡੂੰਘੀਆਂ ਲੱਗੀਆਂ ਜੜ੍ਹਾਂ ਦੇ ਸਬੂਤ ਦਿੱਤੇ ਹਨ ਜੋ ਭਾਜਪਾ ਆਰ ਐਸ ਐਸ ਹਾਕਮਾਂ ਦੇ ਚੰਦਰੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਣਗੇ।
No comments:
Post a Comment