ਬਰਸੀ ਮੌਕੇ : ਕਾ. ਜਗਸੀਰ ਦੀ ਕਲਮ ਤੋਂ
ਟਰੇਡ ਯੂਨੀਅਨਾਂ ਦੀ ਜਮਹੂਰੀ ਕਾਰਜ ਵਿਧੀ ਦਾ
ਮਸਲਾ
1. ਟਰੇਡ ਯੂਨੀਅਨ, ਮਜ਼ਦੂਰਾਂ ਦੀ ਵਿਸ਼ਾਲ
ਜਨਤਕ ਅਧਾਰ ਵਾਲੀ ਜਥੇਬੰਦੀ ਹੁੰਦੀ ਹੈ। ਇਸ ਦੀ ਮੈਂਬਰਸ਼ਿੱਪ ਲਈ ਕੋਈ ਵਿਚਾਰਧਾਰਾ ਜਾਂ ਸਿਆਸਤ ਦਾ
ਬੰਧੇਜ ਨਹੀਂ ਹੁੰਦਾ। ਹਰੇਕ ਉਹ ਮਜ਼ਦੂਰ ਜਿਹੜਾ ਵੀ ਮਾਲਕਾਂ ਅਤੇ ਸਰਕਾਰ ਖਿਲਾਫ ਜਥੇਬੰਦ ਹੋਣ ਦੀ
ਇੱਛਾ ਅਤੇ ਚੇਤਨਾ ਰਖਦਾ ਹੈ, ਟਰੇਡ ਯੂਨੀਅਨ ਦਾ ਮੈਂਬਰ ਹੋਣਾ ਚਾਹੀਦਾ ਹੈ।
ਜੇ ਇਹ ਗੱਲ ਸਾਕਾਰ ਨਹੀਂ ਹੁੰਦੀ ਤਾਂ ਟਰੇਡ ਯੂਨੀਅਨ ਆਪਣਾ ਮੁੱਢਲਾ ਮਨੋਰਥ ਹੀ ਖੋ ਬੈਠੇਗੀ। ਸੋ
ਜਮਹੂਰੀ ਕਾਰਜ-ਵਿਧੀ ਦਾ ਪਹਿਲਾ ਨੁਕਤਾ ਹੀ ਇਹ ਬਣਦਾ ਹੈ ਕਿ ਹਰੇਕ ਮਜ਼ਦੂਰ ਨੂੰ ਟਰੇਡ ਯੂਨੀਅਨ ਦਾ
ਮੈਂਬਰ ਹੋਣ ਦਾ ਹੱਕ ਹੋਣਾ ਚਾਹੀਦਾ ਹੈ।2. ਆਮ ਦੇਖਿਆ ਗਿਆ ਹੈ ਕਿ ਟਰੇਡ ਯੂਨੀਅਨਾਂ ਅੰਦਰ ਮੁਢਲੇ ਮੈਂਬਰਾਂ ਨੂੰ ਸਿਰਫ ਚੋਣਾਂ ਸਮੇਂ ਹੀ ਹਰਕਤ 'ਚ ਲਿਆਂਦਾ ਜਾਂਦਾ ਹੈ, ਉਹਨਾਂ ਦੀ ਮੈਂਬਰ ਵਜੋਂ ਸੱਦ-ਪੁੱਛ ਕੀਤੀ ਜਾਂਦੀ ਹੈ (ਜਿਵੇਂ ਪਾਰਲੀਮਾਨੀ ਪਾਰਟੀਆਂ ਪਾਰਲੀਮਾਨੀ ਚੋਣਾਂ ਦੌਰਾਨ ਕਰਦੀਆਂ ਹਨ) ਬਾਕੀ ਸਮੇਂ, ਮੈਂਬਰ ਹੋਣ ਅਤੇ ਮੈਂਬਰ ਨਾ ਹੋਣ ਵਿਚ ਕੋਈ ਵਖਰੇਵਾਂ ਨਹੀਂ ਕੀਤਾ ਜਾਂਦਾ। ਟਰੇਡ ਯੂਨੀਅਨਾਂ ਦੀ ਲੀਡਰਸ਼ਿੱਪ ਅਤੇ ਉਸ ਦੇ ਨਾਲ ਇਕ ਸਰਗਰਮ ਟੋਲੀ ਹੀ ਮੰਗ ਚਾਰਟਰ ਤਹਿ ਕਰਦੀ ਹੈ, ਘੋਲ ਕਾਰਵਾਈਆਂ ਅਤੇ ਸ਼ਕਲਾਂ ਨਿਰਧਾਰਤ ਕਰਦੀ ਹੈ, ਮਜ਼ਦੂਰਾਂ, ਕਾਮਿਆਂ ਨੂੰ ਲਾਮਬੰਦ ਕਰਦੀ ਹੈ ਅਤੇ ਫਿਰ ਮਾਲਕਾਂ ਜਾਂ ਅਧਿਕਾਰੀਆਂ ਨਾਲ ਸਮਝੌਤੇ ਵੀ ਕਰ ਲੈਂਦੀ ਹੈ। ਇਸ ਸਾਰੇ ਸਮੇਂ ਦੌਰਾਨ ਮੈਂਬਰਾਂ ਨੂੰ ਕੁੱਝ ਵੀ ਪੁੱਛਿਆ ਨਹੀਂ ਜਾਂਦਾ। ਜਦ ਕਿ ਜਮਹੂਰੀਅਤ ਮੰਗ ਕਰਦੀ ਹੈ ਕਿ ਹਰੇਕ ਮਸਲੇ ਬਾਰੇ ਮੈਂਬਰਾਂ ਨੂੰ ਆਪਣੇ ਵਿਚਾਰ ਦੇਣ ਲਈ ਪ੍ਰੇਰਤ ਕੀਤਾ ਜਾਵੇ। ਮੰਗਾਂ ਕੀ ਹੋਣ, ਘੋਲ ਸਰਗਰਮੀਆਂ ਕੀ ਹੋਣ, ਘੋਲ ਸ਼ਕਲਾਂ ਕੀ ਹੋਣ, ਸਮਝੌਤਾ ਕਦ ਤੇ ਕਿਹੋ ਜਿਹਾ ਕੀਤਾ ਜਾਵੇ ਆਦਿ ਸਭਨਾਂ ਪੱਖਾਂ 'ਤੇ ਮੈਂਬਰਾਂ ਦੀ ਰਾਇ ਲੈਣੀ ਬਣਦੀ ਹੈ।
ਇਸੇ ਤਰ੍ਹਾਂ ਮੈਂਬਰਾਂ ਨੂੰ ਵੱਖ ਵੱਖ ਮਸਲਿਆਂ, ਨੀਤੀਆਂ, ਪਹੁੰਚਾਂ ਬਾਰੇ ਆਪਣੇ ਵਿਚਾਰ ਰੱਖਣ, ਆਗੂਆਂ ਦੀ ਭੂਮਿਕਾ ਦੀ ਨੁਕਤਾਚੀਨੀ ਕਰਨ ਲਈ ਉਤਸ਼ਾਹਤ ਨਹੀਂ4, ਸਗੋਂ ਨਿਰਉਤਸ਼ਾਹਤ ਕੀਤਾ ਜਾਂਦਾ ਹੈ ਜੋ ਸਪਸ਼ਟ ਗੈਰਜਮਹੂਰੀ ਹੈ।
ਜਮਹੂਰੀ ਵਿਧੀ ਦੀ ਇਸ ਅਣਹੋਂਦ ਕਾਰਨ ਮੈਂਬਰ ਆਮ ਕਰਕੇ ਯੂਨੀਅਨਾਂ ਤੋਂ ਉਦਾਸੀਨ ਹੋ ਜਾਂਦੇ ਹਨ। ਉਹ ਪਹਿਲਕਦਮੀਆਂ ਨਾਲ ਟਰੇਡ ਯੂਨੀਅਨ ਸਰਗਰਮੀਆਂ ਵਿਚ ਸ਼ਾਮਲ ਨਹੀਂ ਹੁੰਦੇ। ਜਥੇਬੰਦੀ ਅੰਦਰ ਚੇਤਨਾ ਵਿਕਾਸ ਸਰਾਪਿਆ ਜਾਂਦਾ ਹੈ। ਜਥੇਬੰਦੀ ਜਾਮ ਹੋ ਕੇ ਰਹਿ ਜਾਂਦੀ ਹੈ। ਸੁੰਗੜਦੀ ਜਾਂਦੀ ਹੈ।
ਮੈਂਬਰਾਂ ਦੇ ਵਿਚਾਰ ਜਾਨਣ, ਉਹਨਾਂ ਵਿਚ ਟਰੇਡ ਯੂਨੀਅਨ ਦੀਆਂ ਸਮਝਾਂ-ਪਹੁੰਚਾਂ ਅਤੇ ਨੀਤੀਆਂ ਬਾਰੇ ਵਿਚਾਰ-ਚਰਚਾ ਚਲਾਉਣ ਲਈ ਜਨਰਲ ਬਾਡੀ ਮੀਟਿੰਗਾਂ, ਕਾਨਫਰੰਸਾਂ, ਸੈਮੀਨਾਰ ਆਦਿ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਅਕਸਰ ਰੈਲੀਆਂ ਅਤੇ ਜਲਸੇ ਕੀਤੇ ਜਾਂਦੇ ਹਨ ਜਿਹਨਾਂ ਵਿਚ ਲੀਡਰ ਬੋਲਦੇ ਹਨ, ਮੈਂਬਰ ਅਤੇ ਹੋਰ ਮਜ਼ਦੂਰ ਉਹਨਾਂ ਦੇ ਸਰੋਤੇ ਬਣ ਕੇ ਬਿਠਾਏ ਜਾਂਦੇ ਹਨ। ਇਹ ਵੀ ਇਕ ਗੈਰ-ਜਮਹੂਰੀ ਕਾਰਜ-ਵਿਧੀ ਹੈ।
3. ਟਰੇਡ ਯੂਨੀਅਨ ਨੂੰ ਕਿਸੇ ਇਕ ਪਾਰਟੀ ਦਾ ਵਿੰਗ ਬਣਾ ਦੇਣਾ ਜਾਂ ਰਸਮੀ ਤੌਰ 'ਤੇ ਵਿੰਗ ਬਣਾਉਣ ਤੋਂ ਬਿਨਾਂ ਹੀ ਕਿਸੇ ਵਿਸ਼ੇਸ਼ ਪਾਰਟੀ ਦੀ ਸਿਆਸਤ ਦਾ ਹੱਥਾ ਬਣਾ ਦੇਣਾ ਵੀ ਜਮਹੂਰੀਅਤ ਦਾ ਘਾਣ ਕਰਨਾ ਹੈ ਕਿਉਂਕਿ ਇੰਜ ਕਰਨ ਨਾਲ, ਉਸ ਪਾਰਟੀ ਦੀ ਸਿਆਸਤ ਨਾਲ ਵਖਰੇਵੇਂ ਜਾਂ ਵਿਰੋਧ ਰੱਖਣ ਵਾਲੇ ਮਜ਼ਦੂਰਾਂ ਉੱਪਰ ਇਕ ਵਿਸ਼ੇਸ਼ ਸਿਆਸਤ ਨੂੰ ਥੋਪਣਾ ਹੋਵੇਗਾ, ਦੂਸਰਿਆਂ ਨੂੰ ਟਰੇਡ ਯੂਨੀਅਨ ਵਿਚੋਂ ਬਾਹਰ ਧੱਕਣਾ ਹੋਵੇਗਾ।
4. ਟਰੇਡ ਯੂਨੀਅਨ ਜਮੂਹਰੀਅਤ ਲਈ ਜਰੂਰੀ ਹੈ ਕਿ ਸਿਰਫ ਉਹੀ ਸਿਆਸੀ ਮਸਲੇ ਲਏ ਜਾਣ ਅਤੇ ਸਿਆਸੀ ਸਰਗਰਮੀਆਂ ਕੀਤੀਆਂ ਜਾਣ, ਜਿਹੜੀਆਂ ਵਿਚਾਰਧਾਰਕ-ਸਿਆਸੀ ਵਖਰੇਵਿਆਂ ਦੇ ਬਾਵਜੂਦ ਵੀ, ਮਜ਼ਦੂਰਾਂ ਦੀ ਭਾਰੀ ਬਹੁਗਿਣਤੀ ਨੂੰ ਪ੍ਰਵਾਨਤ ਹੋਣ, ਅੰਦੋਲਿਤ ਕਰਦੀਆਂ ਹੋਣ ਅਤੇ ਉਭਾਰਦੀਆਂ ਹੋਣ। ਅਜਿਹੇ ਸਿਆਸੀ ਮਸਲਿਆਂ ਉੱਪਰ ਸਰਗਰਮੀਆਂ ਵਿੱਢਣ ਤੋਂ ਪਹਿਲਾਂ ਆਮ ਮੈਂਬਰਸ਼ਿੱਪ ਤੱਕ ਵਿਚਾਰਾਂ ਦਾ ਆਦਾਨ ਪ੍ਰਦਾਨ ਜਰੂਰੀ ਬਣਦਾ ਹੁੰਦਾ ਹੈ।
ਟਰੇਡ ਯੂਨੀਅਨਾਂ ਅੰਦਰ ਵਿਚਾਰਾਂ ਅਤੇ ਨੀਤੀਆਂ ਦਾ ਭੇੜ ਚਲਦਾ ਰਹਿੰਦਾ ਹੈ। ਇਸ ਅੰਦਰੂਨੀ ਘੋਲ ਨੂੰ ਜਮਹੂਰੀਅਤ ਅਤੇ ਜਬਤ ਦੀ ਸੁਮੇਲਤਾ ਨਾਲ ਹੱਲ ਕੀਤਾ ਜਾਂਦਾ ਹੈ। ਬਿਨਾ ਸ਼ੱਕ, ਟਰੇਡ ਯੂਨੀਅਨ ਅੰਦਰ ਅਰਾਜਕਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਤੇ ਟਰੇਡ ਯੂਨੀਅਨਾਂ ਜਬਤਬੱਧ ਜਥੇਬੰਦੀਆਂ ਹਨ ਪਰ ਟਰੇਡ ਯੂਨੀਅਨ ਜਬਤ, ਫੌਰੀ ਸਾਂਝੇ ਹਿੱਤਾਂ ਦੇ ਅਧਾਰ 'ਤੇ ਉਸਰਿਆ ਜਬਤ ਹੀ ਹੁੰਦਾ ਹੈ, ਇਹ, ਇਕ ਵਿਚਾਰਧਾਰਾ, ਸਿਆਸਤ ਅਤੇ ਪ੍ਰੋਗਰਾਮ ਤਹਿਤ ਭਵਿੱਖ ਦੇ ਸਾਂਝੇ ਉਦੇਸ਼ਾਂ ਉੱਪਰ ਉਸਰਿਆ ਪਾਰਟੀ ਜਬਤ ਨਹੀਂ ਹੁੰਦਾ। ਇਸ ਲਈ ਟਰੇਡ ਯੂਨੀਅਨਾਂ ਅੰਦਰ ਵਿਚਾਰ ਦੀ ਏਕਤਾ ਪ੍ਰਵਾਨ ਨਹੀਂ ਹੁੰਦੀ, ਅਮਲ ਦੀ ਏਕਤਾ ਪ੍ਰਵਾਨ ਹੁੰਦੀ ਹੈ। ਸੋ ਅਮਲ ਦੀ ਏਕਤਾ ਲਈ ਜਬਤ ਦੀ ਵਰਤੋਂ ਕਰਦੇ ਸਮੇਂ ਵਿਚਾਰਾਂ ਦੇ ਵਖਰੇਵਿਆਂ ਪ੍ਰਤੀ ਬੇਹੱਦ ਲਚਕ ਰੱਖ ਕੇ ਚੱਲਣਾ ਜਮਹੂਰੀ ਤਕਾਜ਼ਾ ਹੁੰਦਾ ਹੈ। ਵਿਚਾਰਾਂ ਦੇ ਵਖਰੇਵਿਆਂ ਨੂੰ ਅਮਲ ਰਾਹੀਂ ਹੱਲ ਕੀਤਾ ਜਾਂਦਾ ਹੈ, ਜਬਤ ਦੇ ਜਥੇਬੰਦਕ ਢੰਗ ਤਰੀਕਿਆਂ ਨਾਲ ਨਹੀਂ। ਇਸ ਤਰ•ਾਂ ਬਹੁਗਿਣਤੀ ਅਤੇ ਘੱਟ ਗਿਣਤੀ ਦੇ ਰਿਸ਼ਤੇ ਅੰਦਰ ਘੱਟ ਗਿਣਤੀ ਨੂੰ ਯੂਨੀਅਨ ਦੀਆਂ ਸੀਮਾਵਾਂ ਅੰਦਰ ਰਹਿ ਕੇ ਆਪਣੇ ਵਖਰੇਵੇਂ ਰੱਖਣ, ਪ੍ਰਚਾਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਬਸ਼ਰਤੇ ਕਿ ਉਹ ਟਰੇਡ ਯੂਨੀਅਨਾਂ ਦੇ ਅਮਲ ਦੀ ਜਥੇਬੰਦੀ ਦੀ ਏਕਤਾ ਨੂੰ ਹਰਜਾ ਨਾ ਪਹੁੰਚਾਉਂਦੀ ਹੋਵੇ, ਜਮਹੂਰੀਅਤ ਦਾ ਤਕਾਜ਼ਾ ਹੈ ਕਿ ਹੇਠਲੇ ਅਦਾਰਿਆਂ ਨੂੰ ਟਰੇਡ ਯੂਨੀਅਨਾਂ ਅੰਦਰ, ਆਪਣੀ ਪੱਧਰ ਤੇ ਮਸਲੇ ਆਪ ਹੱਲ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਉਪਰਲੇ ਅਦਾਰਿਆਂ ਨੂੰ ਇਹਨਾਂ ਅੰਦਰ ਨਜਾਇਜ਼ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ।
5. ਅਕਸਰ ਦੇਖਿਆ ਗਿਆ ਹੈ ਕਿ ਟਰੇਡ ਯੂਨੀਅਨਾਂ ਅੰਦਰ ਜਮਹੂਰੀਅਤ ਉਦੋਂ ਹੀ ਦਿਖਾਈ ਦਿੰਦੀ ਹੈ ਜਦ ਟਰੇਡ ਯੂਨੀਅਨ ਕਮੇਟੀਆਂ ਅਤੇ ਲੀਡਰਸ਼ਿੱਪ ਦੀ ਚੋਣ ਭਖੀ ਹੋਵੇ। ਚੋਣਾਂ ਤੋਂ ਬਾਅਦ ਕਿਸ ਹੱਦ ਤੱਕ ਅਤੇ ਕਿਹੋ ਜਿਹੇ ਜਮਹੂਰੀ ਜਾਂ ਗੈਰ-ਜਮਹੂਰੀ ਅਮਲ ਚਲਦੇ ਹਨ, ਇਹ ਲੀਡਰਸ਼ਿੱਪ ਦੇ ਨਜ਼ਰੀਏ, ਸੋਚ ਅਤੇ ਨੀਤੀਆਂ ਦਾ ਠੋਸ ਇਜ਼ਹਾਰ ਹੁੰਦੇ ਹਨ। ਸੁਧਾਰਵਾਦੀ ਅਤੇ ਮਾਅਰਕੇਬਾਜ, ਆਪਣੇ ਸੌੜੇ ਸਿਆਸੀ ਮਨੋਰਥਾਂ ਅਤੇ ਟਰੇਡ ਯੂਨੀਅਨ ਉਪਰ ਆਪਣੀ ਸਿਆਸਤ ਮੜ੍ਹਨ ਦੀ, ਟਰੇਡ ਯੂਨੀਅਨ ਨੂੰ ਸਿਆਸੀ ਪਾਰਟੀ ਦਾ ਵਿੰਗ ਬਨਾਉਣ ਦੀ ਧੁੱਸ ਵਿਚ ਜਮਹੂਰੀਅਤ ਦਾ ਘਾਣ ਕਰਦੇ ਹਨ। ਇਹ ਕਮਿਊਨਿਸਟ ਇਨਕਲਾਬੀ ਹੀ ਹੁੰਦੇ ਹਨ, ਜਿਹਨਾਂ ਦੇ ਮਨੋਰਥ ਅਤੇ ਸਿਆਸੀ ਤਕਾਜ਼ੇ ਵਿਸ਼ਾਲ ਅਤੇ ਅਸਰਦਾਰ ਜਮਹੂਰੀਅਤ ਦੀ ਮੰਗ ਕਰਦੇ ਹਨ।
ਜਮਹੂਰੀਅਤ ਦਾ ਅਧਾਰ ਮਜਬੂਤ ਅਤੇ ਵਿਸ਼ਾਲ ਕਰਨ ਲਈ ਦੋ ਗੱਲਾਂ ਦੀ ਜਰੂਰਤ ਹੁੰਦੀ ਹੈ।
(ਉ) ਟਰੇਡ ਯੂਨੀਅਨ ਦੀ ਹਰ ਸਰਗਰਮੀ, ਇੱਥੋਂ ਤੱਕ ਕਿ ਰੋਜ਼-ਮਰ•ਾ ਦੀ ਸਰਗਰਮੀ ਅੰਦਰ ਵੀ ਜਨਤਕ ਪਹੁੰਚ ਦੀ ਦ੍ਰਿੜਤਾ ਨਾਲ ਪਾਲਣਾ ਕਰਨੀ। ਨਾ ਸਿਰਫ ਮੰਗਾਂ, ਸਰਗਰਮੀਆਂ ਘੋਲਾਂ ਆਦਿ ਲਈ ਆਮ ਮੈਂਬਰਸ਼ਿੱਪ ਅਤੇ ਮਜ਼ਦੂਰਾਂ ਦੇ ਵਿਚਾਰਾਂ ਵੰਨੀ ਵੱਧ ਤੋਂ ਵੱਧ ਧਿਆਨ ਦੇਣਾ, ਸਗੋਂ ਲੀਡਰਸ਼ਿੱਪ ਵੱਲੋਂ ਆਪਣੀ ਪੱਧਰ 'ਤੇ ਲਏ ਫੈਸਲਿਆਂ ਨੂੰ ਵੀ ਆਮ ਸਹਿਮਤੀ ਨਾਲ ਲਾਗੂ ਕਰਵਾਉਣ ਲਈ ਸੇਧ ਅਖਤਿਆਰ ਕਰਨੀ।
(ਅ) ਟਰੇਡ ਯੂਨੀਅਨਾਂ ਅੰਦਰ ਭਾਵੇਂ ਮੈਂਬਰਾਂ ਦਾ ਵੱਡਾ ਹਿੱਸਾ ਹੇਠਲੀ ਪੱਧਰ ਦੀ ਚੇਤਨਾ ਵਾਲਾ ਹੁੰਦਾ ਹੈ। ਪਰ ਫਿਰ ਵੀ ਸਰਗਰਮ ਧਿਰਾਂ ਚਾਹੇ ਛੋਟੀਆਂ ਹੋਣ ਜਾ ਵੱਡੀਆਂ, ਉਹਨਾਂ ਵਿਚਕਾਰ ਮਜ਼ਦੂਰਾਂ ਦੇ ਫੌਰੀ ਹਿਤਾਂ ਅਤੇ ਕਾਰਜਾਂ ਦੀ ਸਾਂਝ ਹੁੰਦੀ ਹੈ। ਜਦ ਕਿ ਲੰਮੇ ਦਾਅ ਦੇ ਕਾਰਜ-ਉਦੇਸ਼ਾਂ ਬਾਰੇ ਵਖਰੇਵੇਂ ਅਤੇ ਟਕਰਾਅ ਹੁੰਦੇ ਹਨ। ਇਸ ਤਰ੍ਹਾਂ ਟਰੇਡ ਯੂਨੀਅਨ ਇਕ ਵੱਖ ਵੱਖ ਵਿਚਾਰਾਂ ਵਾਲਿਆਂ ਦੇ ਫੌਰੀ ਪ੍ਰੋਗਰਾਮ 'ਤੇ ਬਣੇ ਸਾਂਝੇ ਮੋਰਚੇ ਵਾਂਗ ਹੁੰਦੀ ਹੈ। ਜੇ ਭਾਰੂ ਲੀਡਰਸ਼ਿੱਪ ਸਿਰਫ ਆਪਣੀ ਪੁਗਾਉਣ ਅਤੇ ਦੂਜੀਆਂ ਧਿਰਾਂ ਨਾਲ ਸਾਂਝ ਬਣਾਈ ਰੱਖਣ ਨੂੰ ਬਣਦਾ ਧਿਆਨ ਅਤੇ ਵਜ਼ਨ ਨਹੀਂ ਦਿੰਦੀ ਰਹਿੰਦੀ ਤਾਂ ਇਹ ਅਮਲ ਦੀ ਏਕਤਾ ਵੀ ਤਿੜਕ ਜਾਂਦੀ ਹੈ। ਸੋ, ਅਜਿਹੀ ਜਮਹੂਰੀ ਪਹੁੰਚ ਟਰੇਡ ਯੂਨੀਅਨ ਏਕਤਾ ਲਈ ਲਾਜ਼ਮੀ ਜਰੂਰਤ ਹੁੰਦੀ ਹੈ।
ਇਸ ਤੋਂ ਇਲਾਵਾ ਵੀ ਹੇਠਲੇ ਪੱਧਰਾਂ ਤੇ ਜਮਹੂਰੀ ਅਮਲਾਂ ਤੋਂ ਬਿਨਾ, ਯੂਨੀਅਨ ਦੀਆਂ ਸਰਗਰਮੀਆਂ, ਇਸ ਦੀਆਂ ਬਹਿਸਾਂ ਅਤੇ ਸੰਘਰਸ਼ਾਂ ਵਿਚ ਸ਼ਮੂਲੀਅਤ ਰਾਹੀਂ ਹੀ ਜਨਸਮੂਹ ਦੀ ਜਮਾਤੀ ਚੇਤਨਾ ਅਤੇ ਸਿਖਲਾਈ ਵਿਕਸਤ ਕਰਨ ਨੂੰ ਯਕੀਨੀ ਨਹੀਂ ਬਣਾਇਆ ਜਾ ਸਕਦਾ। ਯੂਨੀਅਨ ਅੰਦਰ ਹੇਠਲੇ ਪੱਧਰਾਂ 'ਤੇ ਜਮਹੂਰੀ ਅਮਲਾਂ ਦੀ ਘਾਟ ਮੈਂਬਰਾਂ ਅੰਦਰ ਪਹਿਲਕਦਮੀ ਜਗਾਉਣ ਵਿਚ ਅਸਫਲ ਹੋ ਨਿੱਬੜਦੀ ਹੈ ਅਤੇ ਉੱਪਰਲੇ ਪੱਧਰਾਂ 'ਤੇ ਅਫਸਰਸ਼ਾਹੀ ਨੂੰ ਪਰਫੁੱਲਤ ਕਰਦੀ ਹੈ। ਇਸ ਤਰ੍ਹਾਂ ਇਹ ਘਾਟ ਮਜ਼ਦੂਰ ਜਮਾਤ ਨੂੰ ਆਪਣੀ ਇਨਕਲਾਬੀ ਜਿੰਮੇਵਾਰੀ ਨਿਭਾਉਣ ਦੇ ਸਮਰੱਥ ਬਣਾਉਣ ਦੇ ਰਾਹ ਵਿਚ ਕੰਡੇ ਬੀਜਦੀ ਹੈ ਅਤੇ ਇਉਂ ਬਾਹਰਮੁਖੀ ਤੌਰ 'ਤੇ ਬੁਰਜ਼ੁਆਜ਼ੀ ਦੇ ਹਿੱਤ ਵਿਚ ਹੋ ਨਿੱਬੜਦੀ ਹੈ।
ਹਰੇਕ ਟਰੇਡ ਯੂਨੀਅਨ ਆਪਣਾ ਇਕ ਵਿਧਾਨ ਬਣਾਉਂਦੀ ਹੈ। ਇਸ ਵਿਚ ਯੂਨੀਅਨ ਦੇ ਜਥੇਬੰਦਕ ਢਾਂਚੇ ਤੋਂ ਇਲਾਵਾ, ਖੁੱਲ੍ਹ ਅਤੇ ਬੰਧੇਜ, ਜਮਹੂਰੀਅਤ ਅਤੇ ਜਬਤ ਦੇ ਨਿਯਮ ਅਤੇ ਉਪ ਨਿਯਮ ਦਿੱਤੇ ਗਏ ਹੁੰਦੇ ਹਨ। ਦਰਅਸਲ ਵਿਧਾਨ ਹਰੇਕ ਪੱਧਰ 'ਤੇ ਫਰਜਾਂ ਅਤੇ ਅਧਿਕਾਰਾਂ, ਜਮਹੂਰੀਅਤ ਅਤੇ ਜਬਤ ਨੂੰ ਸੁਮੇਲਣ ਦੇ ਕਾਇਦੇ ਕਾਨੂੰਨਾਂ ਦਾ ਪੂਰ ਹੁੰਦਾ ਹੈ। ਹਰੇਕ ਟਰੇਡ ਯੂਨੀਅਨ ਦਾ ਵਿਧਾਨ -ਉਹਦੇ ਵਿਕਾਸ ਪੱਧਰ ਦਾ ਲਿਖਾਇਕ ਹੁੰਦਾ ਹੈ। ਵਿਸ਼ਾਲ ਅਧਾਰ ਅਤੇ ਵਿਕਸਤ ਚੇਤਨਾ ਪੱਧਰ ਵਾਲੀਆਂ ਟਰੇਡ ਯੂਨੀਅਨਾਂ ਦਾ ਵਿਧਾਨ ਵਿਸ਼ਾਲ ਜਮਹੂਰੀਅਤ ਅਤੇ ਲੋੜੀਂਦੇ ਕਠੋਰ ਜਬਤ ਨੂੰ ਦਰਸਾਉਂਦੇ ਅਨੇਕਾਂ ਨਿਯਮਾਂ ਅਤੇ ਉਪ-ਨਿਯਮਾਂ ਦਾ ਸੰਗ੍ਰਹਿ ਬਣ ਜਾਂਦਾ ਹੈ। ਜਦ ਕਿ ਮੁੱਢਲੇ ਪੱਧਰ ਦੀਆਂ ਟਰੇਡ ਯੂਨੀਅਨਾਂ ਦੇ ਵਿਧਾਨਾਂ ਅੰਦਰ ਮੋਟੇ ਤੌਰ 'ਤੇ ਆਮ ਅਸੂਲ ਅਤੇ ਨਿਯਮ ਹੀ ਦਰਜ ਹੁੰਦੇ ਹਨ।
ਪਰ ਵਿਕਾਸ ਦੇ ਪੱਧਰ 'ਤੇ ਹਰੇਕ ਮੈਂਬਰ ਅਤੇ ਟਰੇਡ ਯੂਨੀਅਨ ਧਿਰ ਲਈ ਵਿਧਾਨ ਦੀ ਪਾਲਣਾ ਕਰਨੀ ਜਰੂਰੀ ਹੁੰਦੀ ਹੈ। (ਵਿਧਾਨ ਦੀ ਪਾਲਣਾ ਤੋਂ ਬਿਨਾ ਟਰੇਡ ਯੂਨੀਅਨ ਏਕਤਾ ਨੂੰ ਕਾਇਮ ਰੱਖਣਾ ਸੰਭਵ ਨਹੀਂ ਹੁੰਦਾ। ਅਰਾਜਕਤਾ-ਏਕਤਾ ਲਈ ਹਮੇਸ਼ਾ ਘਾਤਕ ਹੁੰਦੀ ਹੈ) ਪਰ ਸੁਧਾਰਵਾਦੀ ਅਤੇ ਮਾਅਰਕੇਬਾਜ, ਦੋਵੇਂ ਰੁਝਾਨਾਂ ਵਿਚ ਇਹ ਗੱਲ ਵੀ ਸਾਂਝੀ ਹੁੰਦੀ ਹੈ ਕਿ ਜਦ ਉਹ ਲੀਡਰਸ਼ਿੱਪ ਵਿਚ ਭਾਰੂ ਹੁੰਦੇ ਹਨ ਤਾਂ ਜਮਹੂਰੀਅਤ ਨੂੰ ਛਾਂਗਣ ਲਗਦੇ ਹਨ ਅਤੇ ਜਬਤ ਨੂੰ ਕਸਣ ਲੱਗ ਜਾਂਦੇ ਹਨ, ਪਰ ਜਦ ਉਹ ਲੀਡਰਸ਼ਿੱਪ ਵਿਚ ਨਹੀਂ ਹੁੰਦੇ, ਇਸ ਨੂੰ ਛੇਤੀ ਹਾਸਲ ਕਰਨ ਲਈ ਹੱਥ ਪੈਰ ਮਾਰ ਰਹੇ ਹੁੰਦੇ ਹਨ ਤਾਂ ਉਹ ਜਬਤ ਦੀ ਵੀ ਪ੍ਰਵਾਹ ਨਹੀਂ ਕਰਦੇ ਅਤੇ ਗੈਰ-ਜਥੇਬੰਦਕ ਅਮਲਾਂ ਵਿਚ ਗਲਤਾਨ ਹੁੰਦੇ ਹਨ। ਇਨਕਲਾਬੀ ਟਰੇਡ ਯੂਨੀਅਨ ਧਿਰ, ਇਹਨਾਂ ਮਸਲਿਆਂ ਦਾ ਵੀ ਲਗਦੀ ਵਾਹ ਜਥੇਬੰਦਕ ਢੰਗ ਨਾਲ ਹੱਲ ਕਰਨ ਦੀ ਬਜਾਏ ਨੀਤੀ-ਭੇੜ (ਸਿਆਸੀ ਹੱਲ) ਰਾਹੀਂ ਕਰਦੀ ਹੈ। ਦਰੁਸਤ ਇਨਕਲਾਬੀ ਟਰੇਡ ਯੂਨੀਅਨ ਲੀਡਰਸ਼ਿੱਪ ਘੱਟ ਗਿਣਤੀ ਵਿਚ ਹੁੰਦਿਆਂ ਵਿਸ਼ੇÎਸ਼ ਕਰਕੇ ਜਬਤ ਦੀ ਰਾਖੀ ਕਰਨ ਅਤੇ ਬਹੁਗਿਣਤੀ ਵਿਚ ਹੁੰਦਿਆਂ ਵਿਸ਼ੇਸ਼ ਕਰਕੇ ਜਮਹੂਰੀਅਤ ਦੀ ਰਾਖੀ ਕਰਨ ਦੀ ਜੁੰਮੇਵਾਰੀ 'ਤੇ ਖਰੀ ਉਤਰਦੀ ਹੈ। ਇਉਂ ਹੋਰਨਾਂ ਪੱਖਾਂ ਤੋਂ ਇਲਾਵਾ ਬਹੁਗਿਣਤੀ ਵਿਚ ਹੁੰਦਿਆਂ ਵਿਰੋਧੀਆਂ ਲਈ ਜਮਹੂਰੀਅਤ ਦੀ ਜਾਮਨੀ ਅਤੇ ਘੱਟ ਗਿਣਤੀ ਵਿਚ ਹੁੰਦਿਆਂ ਅਤੇ ਅਫਸਰਸ਼ਾਹ ਲੀਡਰਸ਼ਿੱਪ ਵੱਲੋਂ ਪੈਦਾ ਕੀਤੀਆਂ ਮੁਸ਼ਕਲ ਹਾਲਤਾਂ ਵਿਚ ਵੀ ਜਬਤ ਦੀ ਰਾਖੀ ਦਾ ਸਰੋਕਾਰ ਵੀ ਆਮ ਕਰਕੇ ਕਿਸੇ ਲੀਡਰਸ਼ਿੱਪ ਦੀ ਦਰੁਸਤ ਇਨਕਲਾਬੀ ਲੀਡਰਸ਼ਿੱਪ ਵਜੋਂ ਪਰਖ ਦੀ ਅਹਿਮ ਕਸਵੱਟੀ ਬਣਦਾ ਹੈ।
No comments:
Post a Comment