ਮਨਜੀਤ ਧਨੇਰ ਦੀ ਰਿਹਾਈ –ਸੰਘਰਸ਼ ਦੀ ਜਿੱਤ ਦੇ ਅਰਥ
ਮਹਿਲ ਕਲਾਂ ਲੋਕ ਸੰਘਰਸ਼ ਦੇ ਮੋਹਰੀ ਆਗੂ
ਮਨਜੀਤ ਧਨੇਰ ਦੀ ਜੇਲ੍ਹ 'ਚੋਂ ਹੋਈ ਰਿਹਾਈ ਪੰਜਾਬ ਦੇ ਸੰਘਰਸ਼ਸ਼ੀਲ
ਲੋਕਾਂ ਦੀ ਬਹੁਤ ਹੀ ਅਹਿਮ ਪ੍ਰਾਪਤੀ ਹੈ। ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਲਹਿਰ 'ਚ ਸ਼ਾਮਲ ਲੋਕਾਂ 'ਚ ਇਸ ਜਿੱਤ ਦੀਆਂ
ਮੁਬਾਰਕਾਂ ਸਾਂਝੀਆਂ ਕਰਨ ਦਾ ਦੌਰ ਅਜੇ ਤੱਕ ਜਾਰੀ ਹੈ। ਜਨ-ਸਧਾਰਨ ਜਿਵੇਂ ਇਸ ਪ੍ਰਾਪਤੀ 'ਤੇ ਫਖ਼ਰ ਮਹਿਸੂਸ ਕਰ
ਰਹੇ ਹਨ, ਇਹਦਾ ਪੂਰਾ ਅੰਦਾਜ਼ਾ
ਤਾਂ ਲੋਕ ਕਾਫਲੇ ਦੇ ਧੁਰ-ਅੰਦਰਲੇ ਵਾਹ ਨਾਲ ਹੀ ਬਣ ਸਕਦਾ ਹੈ। ਭਾਰਤੀ ਸੰਵਿਧਾਨ ਕਾਨੂੰਨ ਦੇ
ਪਾਰਖੂਆਂ ਲਈ ਇਹ ਕੋਈ ਵੱਡਾ ਜਾਂ ਛੋਟਾ ਕਾਨੂੰਨੀ ਨੁਕਤਾ ਹੋ ਸਕਦਾ ਹੈ, ਪਰ ਲਗਾਤਾਰ ਜੇਲ੍ਹ ਮੂਹਰੇ ਭਾਰਤੀ ਰਾਜ
ਪ੍ਰਬੰਧ ਦੀ ਮਸ਼ੀਨਰੀ ਦੇ ਵੱਖ ਵੱਖ ਅੰਗਾਂ ਦੇ ਕਿਰਦਾਰ ਤੇ ਵਿਹਾਰ ਬਾਰੇ ਸੁਚੇਤ ਹਲਕਿਆਂ ਲਈ ਇਹ
ਇੱਕ ਮਾਣਮੱਤੀ ਪ੍ਰਾਪਤੀ ਤਾਂ ਹੈ ਹੀ, ਪਰ ਅਦਾਲਤ 'ਚੋਂ ਜਿੱਤ ਆਏ ਕੂੜ
ਨੂੰ ਸੱਚ ਨੇ ਮਾਤ ਦੇਣ ਲਈ ਜੋ ਰਸਤਾ ਅਖਤਿਆਰ ਕੀਤਾ ਹੈ ਉਸਦਾ ਮਹੱਤਵ ਇਸ ਮੌਜੂਦਾ ਮਸਲੇ ਤੋਂ ਕਿਤੇ
ਪਾਰ ਜਾਂਦਾ ਹੈ। ਇਸ ਜਿੱਤ ਦੇ ਅਰਥ ਡੂੰਘੇ ਹਨ, ਕਿਉਂਕਿ ਇਹ ਪੰਜਾਬ ਦੀ ਕਿਰਤੀ ਲੋਕਾਈ ਦੀ
ਮੌਜੂਦਾ ਹੋਣੀ ਤੇ ਭਵਿੱਖ ਦੇ ਸਵਾਲਾਂ ਦੇ ਜੁਆਬਾਂ ਤੱਕ ਜਾਣ ਦੀ ਸਮਰੱਥਾ ਰਖਦੇ ਹਨ। ਪੰਜਾਬ ਦੀ
ਹੋਣੀ ਨੂੰ ਲੈ ਕੇ ਫਿਕਰਮੰਦ ਸੁਹਿਰਦ ਲੋਕਾਂ ਨੂੰ ਇਹਨਾਂ ਅਰਥਾਂ ਰਾਹੀਂ ਆਸ ਦੀਆਂ ਕਿਰਨਾਂ ਤਲਾਸ਼ਣ
ਦਾ ਯਤਨ ਕਰਨਾ ਚਾਹੀਦਾ ਹੈ।ਭਾਰਤੀ ਇਨਸਾਫ ਪ੍ਰਣਾਲੀ 'ਚ ਮਿਲਦੀ ਬੇਇਨਸਾਫੀ ਮੁਲਕ ਦੀ ਕਿਰਤੀ ਲੋਕਾਈ ਰੋਜ਼ ਹੱਡੀਂ ਹੰਢਾਉਂਦੀ ਆ ਰਹੀ ਹੈ ਤੇ ਅੰਗਰੇਜ਼ਾਂ ਵੇਲੇ ਤੋਂ ਇਹ ਦਸਤੂਰ ਇਉਂ ਹੀ ਤੁਰਿਆ ਆ ਰਿਹਾ ਹੈ। ਅਦਾਲਤਾਂ 'ਚ ਵਿਕਦਾ ਇਨਸਾਫ ਲੋਕਾਂ ਨੇ ਆਏ ਦਿਨ ਆਪਣੀ ਪਹੁੰਚ ਤੋਂ ਦੂਰ ਹੁੰਦਾ ਤੱਕਿਆ ਹੈ। ਜਮਾਤੀ ਤੇ ਸਮਜਿਕ ਦਾਬੇ ਤੇ ਜਬਰ ਦਾ ਸ਼ਿਕਾਰ ਲੋਕਾਂ ਨੂੰ ਇਹ ਤਾਂ ਭਲੀਭਾਂਤ ਪਤਾ ਹੈ ਕਿ ਅਦਾਲਤਾਂ 'ਚੋਂ ਇਨਸਾਫ ਕਿੰਨ੍ਹਾਂ ਨੂੰ ਮਿਲਦਾ ਹੈ। ਮਨਜੀਤ ਧਨੇਰ ਨੂੰ ਹਰ ਅਦਾਲਤ 'ਚੋਂ ਮਿਲੀ ਬੇ-ਇਨਸਾਫੀ ਕਿਰਤੀ ਲੋਕਾਂ ਲਈ ਕੋਈ ਅਲੋਕਾਰਾ ਵਰਤਾਰਾ ਨਹੀਂ ਸੀ, ਇਹ ਤਾਂ ਲੋਕ ਮਨਾਂ 'ਚ ਡੂੰਘਾ ਵਸਿਆ ਹੀ ਹੋਇਆ ਹੈ, ਪਰ ਜੋ ਹੁਣ ਮਨਾਂ ਅੰਦਰ ਥਾਂ ਬਣਾ ਰਿਹਾ ਹੈ ਉਹ ਰਾਜ-ਭਾਗ ਦੀਆਂ ਬੇ-ਇਨਸਾਫੀਆਂ ਤੋਂ ਆਪਣੀ ਸਵੈ-ਨਿਰਭਰ ਜਥੇਬੰਦਕ ਤਾਕਤ ਦੇ ਜੋਰ ਇਨਸਾਫ ਦਾ ਹੱਕ ਪੁਗਾਉਣ ਤੱਕ ਦੇ ਸਫਰ ਦਾ ਤਜਰਬਾ ਹੈ। ਪੰਜਾਬ ਦੇ ਲੋਕ ਜਮਾਤੀ ਤੇ ਸਮਾਜਿਕ ਜਬਰ ਖਿਲਾਫ ਹੋਰ ਵਧੇਰੇ ਧੜੱਲੇ ਤੇ ਸਪਸ਼ਟਤਾ ਨਾਲ ਡਟਣ ਲੱਗ ਰਹੇ ਹਨ ਤੇ ਇਨਸਾਫ ਦਾ ਹੱਕ ਪੁਗਾਉਣ ਲਈ ਸਮੂਹਿਕ ਤਾਕਤ ਦੇ ਜੋਰ ਸੰਘਰਸ਼ ਦਾ ਜੋ ਰਾਹ ਅਖਤਿਆਰ ਕਰ ਰਹੇ ਹਨ, ਇਸ ਸੰਘਰਸ਼ ਨੇ ਲੋਕ ਮਨਾਂ 'ਚ ਇਸ ਰਸਤੇ ਨੂੰ ਹੋਰ ਵਧੇਰੇ ਪੱਕਾ ਤੇ ਡੂੰਘਾ ਕਰਨ ਦਾ ਬਹੁਤ ਵਡਮੁੱਲਾ ਕਾਰਜ ਕੀਤਾ ਹੈ। ਇਸ ਪ੍ਰਾਪਤੀ ਦੇ ਕਾਨੂੰਨੀ ਅਰਥ ਚਾਹੇ ਜੋ ਵੀ ਹੋਣ ਪਰ ਏਨੇ ਲੰਮੇਂ, ਸਿਰੜੀ ਤੇ ਜਬਤਬੱਧ ਸੰਘਰਸ਼ ਨੇ ਇਹ ਦਰਸਾ ਦਿੱਤਾ ਹੈ ਕਿ ਲੋਕਾਂ ਦੇ ਇਸ ਦ੍ਰਿੜ ਸੰਘਰਸ਼ ਤੋਂ ਬਿਨਾਂ ਨਾ ਤਾਂ ਸੂਬੇ ਦੇ ਗਵਰਨਰ ਨੂੰ ਮਨਜੀਤ 'ਤੇ ''ਰਹਿਮ'' ਆ ਸਕਦਾ ਸੀ ਤੇ ਨਾ ਹੀ ਪੰਜਾਬ ਦੀ ਸਰਕਾਰ ਨੂੰ ਇਹ ਕੇਸ ਵਿਚਾਰਨ ਦੀ ਵਿਹਲ ਮਿਲ ਸਕਦੀ ਸੀ, ਜਿਵੇਂ ਅੱਤਵਾਦ ਦੇ ਦਿਨਾਂ 'ਚ ਨੌਜਵਾਨਾਂ ਦਾ ਸ਼ਿਕਾਰ ਖੇਡ ਕੇ ਸਭ ਕਾਨੂੰਨੀਂ –ਸੰਵਿਧਾਨਕ ਤੇ ਮਨੁੱਖੀ ਹੱਕਾਂ ਦੀਆਂ ਧੱਜੀਆਂ ਉਡਾਉਣ ਵਾਲੇ ਪੁਲਿਸ ਅਫਸਰਾਂ ਦੀ ਸਜ਼ਾ ਮੁਆਫੀ ਲਈ ਮਿਲੀ ਸੀ।
ਮਨਜੀਤ ਦੀ ਰਿਹਾਈ ਲਈ ਹੋਇਆ ਸੰਘਰਸ਼ ਕਈ ਪੱਖਾਂ 'ਤੋਂ ਮਹੱਤਵਪੂਰਨ ਹੈ। ਸਭ ਤੋਂ ਵਧਕੇ, ਦੁੱਖਾਂ-ਮੁਸੀਬਤਾਂ ਦੀ ਝੰਬੀ ਪਈ ਸੂਬੇ ਦੀ ਕਿਰਤੀ ਲੋਕਾਈ ਲਈ ਇਹ ਸੰਘਰਸ਼ ਅਜਿਹੀ ਆਸ ਦੀ ਕਿਰਨ ਬਣਦਾ ਹੈ ਜਿਹੜੀ ਉਹਨਾਂ ਦੇ ਰੋਜ਼ਮਰ੍ਹਾ ਦੇ ਹਜ਼ਾਰਾਂ ਸੰਘਰਸ਼ਾਂ ਨਾਲ ਜੁੜਕੇ, ਉਹਨਾਂ ਦੇ ਹੱਕੀ ਸੰਘਰਸ਼ਾਂ ਦਾ ਸੂਰਜ ਹੋ ਕੇ ਚਮਕਣ ਜੋਗੀ ਧਰਵਾਸ ਬੰਨ੍ਹਾਉਣ ਦਾ ਅਧਾਰ ਦਿੰਦਾ ਹੈ। ਲੋਕ ਮਨਾਂ 'ਚ ਉਮੜੀਆਂ ਅਜਿਹੀਆਂ ਭਾਵਨਾਵਾਂ ਨੂੰ ਸੰਘਰਸ਼ ਦੇ ਅੰਗ ਸੰਗ ਵਿਚਰਦਿਆਂ ਮਹਿਸੂਸ ਕਰਨਾ ਮੁਸ਼ਕਲ ਨਹੀਂ ਹੈ।
ਇਹਨਾਂ ਭਾਵਨਾਵਾਂ ਦਾ ਵੀ ਇੱਕ ਮੌਜੂਦਾ ਪ੍ਰਸੰਗ ਹੈ। ਪੰਜਾਬ ਦਾ ਅੱਜਕਲ੍ਹ ਦਾ ਦ੍ਰਿਸ਼ ਨਿੱਤ ਨਵੇਂ ਲੋਕ ਸੰਘਰਸ਼ਾਂ ਦੇ ਫੁੱਟਣ ਤੇ ਫੈਲਣ ਦਾ ਦ੍ਰਿਸ਼ ਹੈ। ਕਿਰਤੀ ਲੋਕਾਂ ਦੀ ਜਿੰਦਗੀ ਦੇ ਵਸੀਲਿਆਂ 'ਤੇ ਹਮਲੇ ਹੀ ਏਨੇ ਤਿੱਖੇ ਤੇ ਤੇਜ਼ ਹੋ ਰਹੇ ਹਨ ਕਿ ਲੋਕਾਂ ਦੇ ਕਿਸੇ ਵੀ ਤਬਕੇ ਨੂੰ ਸੁਰਤ ਲੈਣ ਦੀ ਵੀ ਗੁੰਜਾਇਸ਼ ਨਹੀਂ ਬਚ ਰਹੀ। ਕੇਂਦਰੀ ਤੇ ਸੂਬਾਈ ਸਰਕਾਰਾਂ ਇੱਕ ਦੂਜੇ ਤੋਂ ਮੂਹਰੇ ਹੋ ਕੇ, ਨਵੇਂ ਨਵੇਂ ਫੁਰਮਾਨਾਂ ਨਾਲ ਵੀ ਅਤੇ ਬਿਨਾਂ ਕਿਸੇ ਫੁਰਮਾਨਾਂ ਐਲਾਨਾਂ ਦੇ ਚੁੱਪ-ਚਪੀਤੇ ਹੀ, ਲੋਕਾਂ ਦੀ ਕਿਰਤ ਨੂੰ ਲੁੱਟਣ ਲਈ ਧਨਾਡ ਕਾਰਪੋਰੇਟਾਂ ਮੂਹਰੇ ਪਰੋਸ ਕੇ, ਉਹਨਾਂ ਦੇ ਮੁਨਾਫਿਆਂ ਦਾ ਗਰਾਫ ਚਾੜ੍ਹਨ 'ਚ ਰੁੱਝੀਆਂ ਹੋਈਆਂ ਹਨ। ਇਹ ਹਾਲਤ ਲੋਕਾਂ ਅੰਦਰ ਆਪਣੇ ਹੱਕਾਂ ਲਈ ਹੋਰ ਵਧੇਰੇ ਚੇਤਨਾ ਦਾ ਪਸਾਰਾ ਹੋਣ ਤੇ ਜਥੇਬੰਦਕ ਤਾਕਤ ਦੀ ਉਸਾਰੀ ਕਰਕੇ ਇਹਨਾਂ ਹੱਕਾਂ ਦੀ ਰਾਖੀ ਲਈ ਸੰਘਰਸ਼ਾਂ ਦੇ ਮਾਰਗ ਤੁਰਨ ਲਈ ਅਧਾਰ ਬਣ ਰਹੀ ਹੈ। ਪਰ ਨਾਲ ਹੀ ਜਿਸ ਸਿਆਸੀ ਇਰਾਦੇ ਦੇ ਜੋਰਦਾਰ ਪ੍ਰਗਟਾਵੇ ਰਾਹੀਂ ਸਭਨਾਂ ਪਾਰਟੀਆਂ ਦੀਆਂ ਹਕੂਮਤਾਂ 'ਕਾਰਪੋਰੇਟਾਂ ਨੂੰ ਗੱਫਿਆਂ ਤੇ ਲੋਕਾਂ ਨੂੰ ਧੱਫਿਆਂ' ਵਾਲੀਆਂ ਨੀਤੀਆਂ ਲਾਗੂ ਕਰ ਰਹੀਆਂ ਹਨ। ਇਸੇ ਕਰਕੇ ਲੋਕਾਂ ਦੇ ਜੋਰਦਾਰ ਤੇ ਲੰਮੇਂ ਸੰਘਰਸ਼ਾਂ ਮੂਹਰੇ ਵੀ ਇਹ ਸਰਕਾਰਾਂ ਟੱਸ ਤੋਂ ਮੱਸ ਹੋਣ ਤੱਕ ਵੀ ਨਹੀਂ ਪਹੁੰਚਦੀਆਂ। ਬਹੁਤ ਹੀ ਸਿਰੜੀ, ਜਾਨ ਹੂਲਵੇਂ, ਵਿਸ਼ਾਲ ਜਨਤਕ ਲਾਮਬੰਦੀ ਵਾਲੇ ਤੇ ਨਾਲ ਹੀ ਸੂਝਵਾਨ ਲੀਡਰਸ਼ਿਪਾਂ ਵੱਲੋਂ ਹਕੂਮਤੀ ਕਮਜੋਰੀਆਂ ਦਾ ਢੁੱਕਵੇਂ ਦਾਅਪੇਚਾਂ ਨਾਲ ਲਾਹਾ ਲੈ ਸਕਣ ਵਾਲੇ ਸੰਘਰਸ਼ਾਂ ਰਾਹੀਂ ਹੀ ਲੋਕ ਆਪਣੇ ਕੋਲੋਂ ਖੁੱਸ ਰਹੇ 'ਚੋਂ ਕੁੱਝ ਨਾ ਕੁੱਝ ਬਚਾਉਣ 'ਚ ਕਾਮਯਾਬ ਹੁੰਦੇ ਹਨ ਤੇ ਸੰਘਰਸ਼ਸ਼ੀਲ ਲੋਕਾਂ ਦੇ ਜ਼ਰਾ ਕੁ ਅਵੇਸਲੇ ਹੋਣ ਨਾਲ ਉਹ ਪ੍ਰਾਪਤੀਆਂ ਖੁਰ ਜਾਂਦੀਆਂ ਹਨ। ਬੀਤੇ ਵਰ੍ਹੇ ਅਧਿਆਪਕਾਂ ਦਾ ਵਿਸ਼ਾਲ ਸੰਘਰਸ਼ ਇਸ ਚੌਖਟੇ 'ਚ ਰੱਖ ਕੇ ਦੇਖਿਆਂ ਕਈ ਸਿੱਟੇ ਕੱਢੇ ਜਾ ਸਕਦੇ ਹਨ। ਇਉਂ ਹੀ ਕਿਸਾਨਾਂ ਦਾ ਕਰਜਾ-ਮੁਆਫੀ ਲਈ ਸੰਘਰਸ਼ ਵੀ ਅਜਿਹੀ ਹਾਲਤ ਨੂੰ ਸਮਝਣ ਲਈ ਸਹਾਈ ਹੋ ਸਕਦਾ ਹੈ । ਹਾਲਤ ਦਾ ਇਹ ਪ੍ਰਸੰਗ ਸੂਬੇ ਦੇ ਮਿਹਨਤਕਸ਼ ਲੋਕਾਂ ਦੀਆਂ ਵੱਖ ਵੱਖ ਟੁਕੜੀਆਂ ਲਈ ਇਹ ਅਹਿਸਾਸ ਸਿਰਜਦਾ ਹੈ ਕਿ ਉਹਨਾਂ ਦੀ ਜਥੇਬੰਦਕ ਤਾਕਤ ਹਕੂਮਤ ਤੋਂ ਊਣੀ ਹੈ। ਅਜਿਹੇ ਮਹੌਲ ਦਰਮਿਆਨ ਲੋਕਾਂ ਦੀ ਜਥੇਬੰਦਕ ਤਾਕਤ ਦੇ ਜੋਰ ਕਰਵਾਈ ਗਈ ਮਨਜੀਤ ਧਨੇਰ ਦੀ ਰਿਹਾਈ, ਆਪਣੇ ਹੱਕਾਂ ਲਈ ਜੂਝ ਰਹੇ ਲੋਕਾਂ ਵਾਸਤੇ ਅਜਿਹੀ ਅਹਿਮ ਪ੍ਰਾਪਤੀ ਜਾਪੀ ਹੈ ਜੋ ਉਹਨਾਂ 'ਚੋਂ ਕਿਸੇ ਵੀ ਇੱਕ ਤਬਕੇ ਨੂੰ ਮਿਲਣ ਵਾਲੀ ਕਿਸੇ ਆਰਥਿਕ ਰਿਆਇਤ ਨਾਲੋਂ ਕਈ ਗੁਣਾ ਵੱਡੀ ਜਾਪ ਰਹੀ ਹੈ। ਲੋਕ ਕਾਫਲੇ ਦੀਆਂ ਸਫਾਂ ਦੀ ਇਹ ਭਾਵਨਾ ਇਸ ਸੰਘਰਸ਼ ਦੌਰਾਨ ਇੱਕ ਦਿਨ ਇਕੱਠ ਨੂੰ ਸੰਬੋਧਨ ਕਰ ਰਹੀ ਆਂਗਣਵਾੜੀ ਵਰਕਰ ਦੇ ਮੂੰਹੋਂ ਇਉਂ ਪ੍ਰਗਟ ਹੋਈ ਸੀ। ਉਸਨੇ ਕਿਹਾ ਕਿ ਸੰਘਰਸ਼ ਕਰਦੇ ਕਰਦੇ ਅਸੀਂ ਥੱਕੇ ਹਾਰੇ ਜਿਹੇ ਮਹਿਸੂਸ ਕਰਦੇ ਸੀ, ਹੁਣ ਇਸ ਸੰਘਰਸ਼ ਨੇ ਤਾਂ ਸਾਡੇ 'ਚ ਫਿਰ ਜਾਨ ਪਾ ਦਿੱਤੀ ਹੈ ਤੇ ਮੁੜ ਇਹ ਜਾਪਣ ਲੱਗਿਆ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ, ਇਹਨਾਂ ਹਕੂਮਤਾਂ ਤੋਂ ਹੱਕ ਖੋਹ ਸਕਦੇ ਹਾਂ। ਉਸਦੇ ਇਹ ਬੋਲ ਮਨਜੀਤ ਦੀ ਰਿਹਾਈ ਦੇ ਫੈਸਲੇ ਤੋਂ ਪਹਿਲੇ ਦਿਨਾਂ ਦੇ ਹਨ। ਰਿਹਾਈ ਕਰਵਾ ਲੈਣ ਮਗਰੋਂ ਇਹ ਭਾਵਨਾ ਹੋਰ ਡੂੰਘੀ ਹੋ ਗਈ ਹੈ ਤੇ ਇਸਨੇ ਲੋਕ ਲਹਿਰ ਦੀਆਂ ਵੱਖ ਵੱਖ ਟੁਕੜੀਆਂ /ਜਥੇਬੰਦੀਆਂ 'ਚ ਆਪਸੀ ਸਾਂਝ ਦੀ , ਏਕੇ ਦੀ, ਭਾਵਨਾ ਨੂੰ ਹੋਰ ਜਰ੍ਹਬਾਂ ਦੇ ਦਿੱਤੀਆਂ ਹਨ ਤੇ ਸੰਘਰਸ਼ੀ ਪਿੰਡ ਵਰਗੇ ਲਕਬਾਂ ਰਾਹੀਂ ਸੰਘਰਸ਼ਸ਼ੀਲ ਕਿਰਤੀ ਲੋਕਾਂ ਦੇ ਭਾਈਚਾਰੇ ਦੀ ਭਾਵਨਾ ਅਗਲੀ ਬੁਲੰਦੀ ਵੱਲ ਜਾਂਦੀ ਦਿਖਦੀ ਰਹੀ ਹੈ। ਇੱਕ ਦੂਜੇ ਨਾਲ ਰਲਕੇ ਖੜ੍ਹਨਾ, ਸਭ ਦੇ ਹਿੱਤ 'ਚ ਦਿਖਣ ਲੱਗਿਆ ਹੈ। ਸਾਂਝੇ ਲੋਕ ਸੰਘਰਸ਼ਾਂ ਲਈ ਇਹ ਤਜਰਬਾ ਕਈ ਪੱਖਾਂ ਤੋਂ ਮੁੱਲਵਾਨ ਹੈ ਜਿਸਦੀ ਚਰਚਾ ਹਥਲੀ ਲਿਖਤ 'ਚ ਸੰਭਵ ਨਹੀਂ ਹੈ। ਏਨਾ ਕਹਿਣਾ ਹੀ ਕਾਫੀ ਹੈ ਕਿ ਅੱਜ ਪੰਜਾਬ ਦੀ ਸੰਘਰਸ਼ਸ਼ੀਲ ਲੋਕਾਈ ਨੂੰ ਇਸ ਭਾਵਨਾ ਦੀ ਬਹੁਤ ਜਰੂਰਤ ਹੈ।
ਉਸ ਔਰਤ ਆਗੂ ਦੇ ਇਹਨਾਂ ਬੋਲਾਂ 'ਚ ਮੌਜੂਦ ਵੱਡੀ ਸੱਚਾਈ ਦੀ ਇੱਕ ਅਗਲੀ ਤਹਿ ਵੀ ਹੈ। ਸੱਚ ਇਹ ਹੈ ਕਿ ਸੂਬੇ ਦੀ ਮੌਜੂਦਾ ਸਿਆਸੀ ਹਾਲਤ ਅੰਦਰ ਲੋਕਾਂ ਨੂੰ ਹਾਕਮ ਜਮਾਤੀ ਸਿਆਸੀ ਪਾਰਟੀਆਂ ਦੇ ਮੁਕਾਬਲੇ 'ਤੇ ਕਿਸੇ ਖਰੇ ਭਰੋਸੇਯੋਗ ਤੇ ਪਾਏਦਾਰ ਬਦਲ ਦੀ ਲੋੜ ਮਹਿਸੂਸ ਹੋ ਰਹੀ ਹੈ। ਇਹ ਬਦਲ ਲੋਕਾਂ ਦੀ ਆਪਣੀ ਚੇਤਨ ਜਥੇਬੰਦਕ ਤਾਕਤ ਹੀ ਹੋ ਸਕਦੀ ਹੈ। ਕੋਈ ਪਰਾਈ ਸ਼ਕਤੀ ਲੋਕਾਂ ਨੂੰ ਇਹਨਾਂ ਸੰਕਟਾਂ ਤੋਂ ਪਾਰ ਲੈ ਜਾ ਹੀ ਨਹੀਂ ਸਕਦੀ। ਅੱਜ ਦੀ ਘੜੀ ਲੋਕਾਂ ਕੋਲ ਅਜਿਹਾ ਕੋਈ ਸਿਆਸੀ ਬਦਲ ਨਹੀਂ ਹੈ, ਪਰ ਮੌਜੂਦਾ ਸੰਘਰਸ਼ ਰਾਹੀਂ ਵੋਟ ਪਾਰਟੀਆਂ ਤੋਂ ਆਜ਼ਾਦ, ਉਹਨਾਂ ਦੀ ਮੁਥਾਜਗੀ ਤੋਂ ਕੋਹਾਂ ਦੂਰ, ਸਵੈ-ਨਿਰਭਰ ਜਥੇਬੰਦਕ ਲੋਕ ਤਾਕਤ ਦਾ ਇੱਕ ਪੋਲ ਸੂਬੇ ਦੇ ਲੋਕਾਂ ਨੂੰ ਦਿਖਾਈ ਦਿੱਤਾ ਹੈ। ਅਜਿਹਾ ਪੋਲ ਜਿਸ ਤੋਂ ਸਿਆਸੀ ਵੋਟ ਪਾਰਟੀਆਂ ਕੋਹਾਂ ਦੂਰ ਖੜ੍ਹੀਆਂ ਦਿਖੀਆਂ ਹਨ। ਕਿਰਨਜੀਤ ਕੌਰ ਦੇ ਬਰਸੀ ਸਮਾਗਮਾਂ 'ਤੇ ਹਾਜ਼ਰੀ ਰਾਹੀਂ ਲੋਕਾਂ ਨਾਲ ਹੋਣ ਦਾ ਸਿਰਜਿਆ ਭਰਮ ਵੀ ਤੜੱਕ ਕਰਕੇ ਟੁੱਟ ਗਿਆ ਹੈ। ਸੂਬੇ ਦੇ ਸੰਘਰਸ਼ਸ਼ੀਲ ਲੋਕਾਂ ਨੇ ਅਜਿਹੇ ਪੋਲ ਨਾਲ ਜਾ ਜੁੜਨ 'ਚ ਡਾਢੀ ਤਸੱਲੀ ਮਹਿਸੂਸ ਕੀਤੀ ਹੈ। ਇਸੇ ਲਈ ਹਰ ਛੋਟੇ-ਵੱਡੇ ਤਬਕੇ ਦੀ , ਹਰ ਛੋਟੀ –ਵੱਡੀ ਜਥੇਬੰਦੀ ਨੇ ਇਸ ਮੋਰਚੇ 'ਚ ਹਿੱਸਾ ਪਾਉਣਾ ਆਪਣਾ ਫਰਜ਼ ਸਮਝਿਆ ਹੈ। ਉਹਨਾਂ ਆਪਣੇ ਆਪ ਇਸ ਸੰਘਰਸ਼ ਵੱਲ ਚਾਲੇ ਪਾਏ ਹਨ। ਇਹ ਪੋਲ ਬੁਰੀ ਤਰ੍ਹਾਂ ਪੜਤ ਗੁਆ ਚੁੱਕੀਆਂ ਸਿਆਸੀ ਵੋਟ ਪਾਰਟੀਆਂ ਤੋਂ ਬਦਜ਼ਨ ਹੋਏ ਪਏ ਲੋਕਾਂ ਲਈ ਇੱਕ ਭਰੋਸੇਯੋਗ ਸ਼ਕਤੀ ਹੈ ਜੋ ਉਹਨਾਂ ਨੇ ਦਹਾਕਿਆਂ ਦੇ ਅਮਲ ਦੌਰਾਨ ਅਨੇਕਾਂ ਸੰਘਰਸ਼ਾਂ ਰਾਹੀਂ ਪਰਖੀ ਪਰਤਿਆਈ ਹੋਈ ਹੈ। ਅਜਿਹੀ ਸ਼ਕਤੀ ਜਿਸਦੇ ਹਕੀਕੀ ਲੋਕ ਪੱਖੀ ਸਿਆਸੀ ਪ੍ਰੋਗਰਾਮ ਅਪਣਾ ਲੈਣ ਦਾ ਸਫਰ ਪੂਰਾ ਕਰਕੇ, ਪੰਜਾਬ ਦੇ ਲੋਕਾਂ ਦੇ ਭਵਿੱਖ ਦਾ ਜਵਾਬ ਬਣ ਸਕਦੀ ਹੈ। ਅਗਲਾ ਸਫਰ ਤਾਂ ਵੱਖਰਾ ਮਸਲਾ ਹੈ ਪਰ ਜੋ ਹੁਣ ਮਹੱਤਵਪੂਰਨ ਹੈ ਉਹ ਲੋਕ ਮਨਾਂ ਅੰਦਰ ਆਪਣੀ ਜਥੇਬੰਦਕ ਤਾਕਤ ਪ੍ਰਤੀ ਵਧੀ ਚੇਤਨਾ ਹੈ ਜਿਸਦਾ ਪ੍ਰਗਟਾਵਾ ਸਾਰੇ ਸੰਘਰਸ਼ ਨਾਲ ਜੁੜਕੇ ਹੋਇਆ ਹੈ। ਧੀਆਂ ਦੀ ਰਾਖੀ ਲਈ ਡਟਣ ਦੀ ਭਾਵਨਾ ਦੇ ਨਾਲ ਨਾਲ ਆਪਣੀ ਜਥੇਬੰਦਕ ਤਾਕਤ ਦੀ ਰਾਖੀ ਲਈ ਡਟਣ ਦਾ ਅੰਸ਼ ਇਸ ਵਿਸ਼ਾਲ ਲੋਕ ਲਾਮਬੰਦੀ 'ਚ ਹਰਕਤਸ਼ੀਲ ਸੀ। ਕਿਸੇ ਫੌਰੀ ਆਰਥਿਕ ਲਾਹੇ ਜਾਂ ਕਿਸੇ ਵੱਡੇ ਆਰਥਿਕ ਹਿੱਤ 'ਤੇ ਆ ਰਹੀ ਆਂਚ ਦੇ ਮੁਕਾਬਲੇ ਲੋਕਾਂ ਨੇ ਆਪਣੇ ਆਗੂ 'ਤੇ ਹਮਲੇ ਨੂੰ, ਆਪਣੀ ਜਥੇਬੰਦਕ ਤਾਕਤ 'ਤੇ ਹਮਲੇ ਵਜੋਂ ਲਿਆ ਹੈ। ਲੋਕਾਂ ਦੇ ਵਿਸ਼ਾਲ ਜਨ-ਸਮੂਹ ਇਸ ਜਥੇਬੰਦਕ ਤਾਕਤ ਦਾ ਕਿੱਡਾ ਆਸਰਾ ਮਹਿਸੂਸ ਕਰ ਰਹੇ ਹਨ, ਇਸਦਾ ਅੰਦਾਜ਼ਾ ਸੰਘਰਸ਼ ਦੀ ਵਿਸ਼ਾਲ ਲਾਮਬੰਦੀ ਤੋਂ ਲਗਾਇਆ ਜਾਣਾ ਚਾਹੀਦਾ ਹੈ। ਇਸ ਤਾਕਤ ਦੇ ਆਸਰੇ ਦੀ ਵਧ ਰਹੀ ਉਮੀਦ ਅੱਜ ਦੇ ਪੰਜਾਬ ਦਾ ਸੱਚ ਹੈ, ਅਜਿਹਾ ਸੱਚ ਜੋ ਕਈ ਵਾਰ ਨਾ-ਉਮੀਦੀ ਦੇ ਵਾਯੂਮੰਡਲ 'ਚ ਦਬਕੇ ਰਹਿ ਜਾਂਦਾ ਹੈ। ਮੌਜੂਦਾ ਘੋਲ ਇਸ ਸੱਚ ਦੀ ਲਿਸ਼ਕੋਰ ਹੋ ਨਿੱਬੜਿਆ ਹੈ।
ਏਸੇ ਹਾਲਤ ਦਾ ਦੂਸਰਾ ਪਹਿਲੂ ਵੀ ਹੈ। ਲੋਕਾਂ 'ਚ ਪੈਦਾ ਹੇਏ ਰੋਸ ਨੂੰ ਜਥੇਬੰਦਕ ਸਰਗਰਮੀ 'ਚ ਢਾਲਣ ਤੇ ਲਾਮਬੰਦੀ ਕਰਨ ਦੀ ਲੋਕ ਲਹਿਰ ਦੀ ਵਿਕਸਤ ਹੋ ਰਹੀ ਸਮਰੱਥਾ ਦੇ ਝਲਕਾਰੇ ਵੀ ਪ੍ਰਗਟ ਹੋਏ ਹਨ। ਕਿਸੇ ਦੌਰ 'ਚ ਅਜਿਹੀਆਂ ਜਨਤਕ ਲਾਮਬੰਦੀਆਂ ਸੂਬੇ 'ਚ ਵਿਸ਼ਾਲ ਜਨਤਕ ਅਧਾਰ ਵਾਲੀਆਂ ਸਿਆਸੀ ਪਾਰਟੀਆਂ ਹੀ ਕਰ ਸਕਦੀਆਂ ਸਨ। ਪਰ ਲੋਕਾਂ ਤੱਕ ਏਨੀ ਵਿਆਪਕ ਰਸਾਈ, ਧੁਰ ਹੇਠਾਂ ਤੱਕ ਮਸਲੇ ਦੀ ਵਾਜਬੀਅਤ ਦਾ ਪ੍ਰਚਾਰ, ਘਰ-ਘਰ ਤੱਕ ਸੱਚ ਲੈ ਜਾਣ ਦੀ ਜਾਹਰ ਹੋਈ ਸਮਰੱਥਾ ਸੂਬੇ ਦੀ ਲੋਕ ਲਹਿਰ ਦਾ ਬਹੁਤ ਹੀ ਹਾਂਦਰੂ ਪੱਖ ਹੈ। ਹਕੂਮਤ ਨਾਲ ਸੰਘਰਸ਼ ਦੌਰਾਨ ਜਿਵੇਂ ਵਾਰ ਵਾਰ ਵਰਾਉਣ, ਲਾਰੇ ਲਾਉਣ ਤੇ ਲੋਕਾਂ 'ਚ ਬੇਦਿਲੀ ਪੈਦਾ ਕਰਨ ਵਾਲੇ ਹਕੂਮਤੀ ਤਰੀਕਾਕਾਰ ਨਾਲ ਜਿਸ ਸੂਝ ਭਰੇ ਦਾਅਪੇਚਾਂ ਨਾਲ ਨਜਿੱਠਿਆ ਗਿਆ ਹੈ, ਇਹ ਸੰਘਰਸ਼ ਦੀ ਅਗਵਾਈ ਕਰ ਰਹੀ ਲੀਡਰਸ਼ਿਪ ਦੀ ਸੂਝ-ਸਿਆਣਪ 'ਤੇ ਝਾਤ ਪੁਆਉਂਦਾ ਹੈ। ਲੋਕਾਂ ਦੇ ਆਜ਼ਾਦ ਜਥੇਬੰਦਕ ਤੇ ਸਵੈ-ਨਿਰਭਰ ਤਾਕਤ ਦੇ ਜਰੂਰੀ ਲੋੜੀਂਦੇ ਅੰਗ ਵਜੋਂ ਵਿਕਸਤ ਹੋ ਰਹੀ ਜਨਤਕ ਲੀਡਰਸ਼ਿਪ ਹੱਕੀ ਲੋਕ ਲਹਿਰ ਦੇ ਰੌਸ਼ਨ ਭਵਿੱਖ ਵੱਲ ਸੰਕੇਤ ਕਰਦੀ ਹੈ।
ਜਮਹੂਰੀ ਹਲਕਿਆਂ ਲਈ ਵੀ ਇੱਕ ਪੱਖ ਗੌਰ ਕਰਨ ਯੋਗ ਹੈ। ਇਸ ਮੰਗ 'ਤੇ ਸੰਘਰਸ਼ ਦਾ ਤੱਤ ਜਮਹੂਰੀ ਸੀ। ਜਿਵੇਂ ਜਥੇਬੰਦ ਕਿਸਾਨ ਸ਼ਕਤੀ ਇਸ ਸੰਘਰਸ਼ ਦੀ ਕੰਗਰੋੜ ਬਣਕੇ ਨਿਭੀ ਹੈ ਉਹ ਦਸਦੀ ਹੈ ਕਿ ਸਾਡੇ ਸਮਾਜ 'ਚ ਜਮਹੂਰੀ ਚੇਤਨਾ ਗ੍ਰਹਿਣ ਕਰਨ ਦਾ ਅਮਲ ਲੋਕਾਂ ਦੇ ਆਪਣੇ ਰੋਜ਼ਮਰ੍ਹਾ ਦੇ ਸੰਘਰਸ਼ਾਂ ਨਾਲ ਜੁੜਕੇ ਹੀ ਅੱਗੇ ਵਧਦਾ ਹੈ। ਕਿਸਾਨ ਜਨ-ਸਮੂਹਾਂ ਨੇ ਇਹ ਸੋਝੀ ਆਪਣੇ ਬੀਤੇ ਦਹਾਕਿਆਂ ਦੇ ਸੰਘਰਸ਼ ਅਮਲਾਂ ਦੌਰਾਨ ਹਾਸਲ ਕੀਤੀ ਹੈ। ਇਹਨਾਂ ਸੰਘਰਸ਼ਾਂ ਰਾਹੀਂ ਹੀ ਲੋਕ ਆਪਣੇ ਹੋਰਨਾਂ ਹੱਕਾਂ ਦੇ ਨਾਲ ਨਾਲ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਵੀ ਬੁਲੰਦ ਕਰਨ ਦਾ ਮਹੱਤਵ ਗ੍ਰਹਿਣ ਕਰਦੇ ਹਨ। ਇਸ ਲਈ ਜਮਹੂਰੀ ਹੱਕਾਂ ਦੀ ਲਹਿਰ, ਸਾਡੇ ਸਮਾਜ 'ਚ ਮਿਹਨਤਕਸ਼ ਲੋਕਾਂ ਦੇ ਹੱਕਾਂ ਦੀ ਸੰਘਰਸ਼ਸ਼ੀਲ ਲਹਿਰ ਦਾ ਬਹੁਤ ਗੁੰਦਵਾਂ ਅੰਗ ਬਣਦੀ ਹੈ ਖਾਸ ਕਰਕੇ ਪੇਂਡੂ ਖੇਤਰਾਂ 'ਚ ਮੌਜੂਦ ਬਹੁਗਿਣਤੀ ਕਿਰਤੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਲਹਿਰ ਦਾ। ਜਮਹੂਰੀ ਹੱਕਾਂ 'ਤੇ ਹੋ ਰਹੇ ਹਮਲਿਆਂ ਦੇ ਇਸ ਦੌਰ 'ਚ ਇਸ ਪਹੁੰਚ ਨੂੰ ਅਪਨਾਉਣ ਦੀ ਬਹੁਤ ਜਰੂਰਤ ਹੈ।
ਅੱਜ ਮੁਲਕ ਭਰ 'ਚ ਜਮਹੂਰੀਅਤ ਦੇ ਅਰਥਾਂ ਬਾਰੇ ਚਰਚਾ ਹੋ ਰਹੀ ਹੈ। ਮੁਲਕ ਦੇ ਬੁੱਧੀਜੀਵੀ ਹਲਕੇ ਹਕੀਕੀ ਜਾਂ ਝੂਠੀ ਜਾਂ ਕਮਜੋਰ ਜਮਹੂਰੀ ਢਾਂਚੇ ਦੇ ਸਵਾਲਾਂ ਨਾਲ ਦੋ ਚਾਰ ਹੋ ਰਹੋ ਹਨ। ਸਿਆਸੀ ਸਿਧਾਂਤਕ ਪੱਧਰ 'ਤੇ ਇਹਨਾਂ ਸਵਾਲਾਂ ਦੀ ਚਰਚਾ ਨੂੰ ਪਾਸੇ ਰੱਖਕੇ, ਪੰਜਾਬ ਦੇ ਲੋਕ ਸੰਘਰਸ਼ਾਂ ਦੇ ਤਜਰਬੇ 'ਚੋਂ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਲੋਕਾਂ ਲਈ ਜਮਹੂਰੀਅਤ ਓਨੀ ਹੀ ਹੁੰਦੀ ਹੈ , ਜਿੰਨੀਂ ਕੁ ਉਹ ਆਪਣੇ ਹੱਕਾਂ ਲਈ ਚੇਤਨ ਹੋਣ ਤੇ ਉਹਨਾਂ ਨੂੰ ਪੁਗਾਉਣ ਲਈ ਜੱਥੇਬੰਦ ਤਾਕਤ ਰਖਦੇ ਹੋਣ। ਹਮੇਸ਼ਾ ਇਹੀ ਚੇਤਨਾ ਤੇ ਤਾਕਤ ਹਕੀਕੀ ਜਮਹੂਰੀਅਤ ਦਾ ਅਧਾਰ ਹੁੰਦੀ ਹੈ। ਪੰਜਾਬ ਦੇ ਬੀਤੇ ਦਹਾਕਿਆਂ ਦੇ ਲੋਕ ਸੰਘਰਸ਼ਾਂ ਨੇ ਲੋਕ ਮਨਾਂ'ਚ ਅਜਿਹੇ ਬੀਜ ਖਿੰਡਾਏ ਹਨ ਜੋ ਸੱਚੀ ਜਮਹੂਰੀਅਤ ਦੀ ਉਸਾਰੀ ਲਈ ਬਹੁਤ ਮਹੱਤਤਾ ਰੱਖਦੇ ਹਨ। ਮੌਜੂਦਾ ਘੋਲ ਦੌਰਾਨ ਇਹਨਾਂ ਬੀਜਾਂ ਦਾ ਖਿੰਡਾਅ ਹੋਰ ਵੀ ਵਿਆਪਕ ਹੋਇਆ ਹੈ। ਇਹਨਾਂ ਬੀਜਾਂ ਨੇ ਆਉਂਦੇ ਸਮੇਂ 'ਚ ਲਾਜ਼ਮੀ ਪੁੰਗਰਨਾ ਹੈ ਤੇ ਸਮਾਜ ਦੇ ਸੁਹਣੇ ਭਵਿੱਖ ਦੀ ਮੰਜ਼ਿਲ ਦੇ ਵੱਡੇ ਆਸ਼ੇ ਟਿਕਣ ਤੇ ਓਧਰ ਨੂੰ ਤੁਰਨ ਦਾ ਅਧਾਰ ਬਣਨਾ ਹੈ।
ਅਜਿਹੇ ਲੋਕ ਸੰਘਰਸ਼ਾਂ 'ਚ ਹੀ ਪੰਜਾਬ ਦਾ ਭਵਿੱਖ ਮੌਜੂਦ ਹੈ। ਚਾਹੇ ਉਥੋਂ ਤੱਕ ਪੁੱਜਣ ਲਈ ਇਹਨਾਂ ਨੇ ਅਜੇ ਲੰਮਾਂ ਸਫਰ ਤਹਿ ਕਰਨਾ ਹੈ। ਇਹਨਾਂ ਤਜਰਬਿਆਂ ਨੂੰ ਅਧਾਰ ਬਣਾਕੇ, ਇਹ ਅਗਲਾ ਸਫਰ ਕਿਸ ਰੌਸ਼ਨੀ ਤੇ ਜਜ਼ਬੇ ਨਾਲ ਤਹਿ ਹੁੰਦਾ ਹੈ, ਬਹੁਤ ਕੁੱਝ ਇਸ 'ਤੇ ਨਿਰਭਰ ਕਰੇਗਾ।
No comments:
Post a Comment