Thursday, January 16, 2020

ਨਾਟੋ ਮੁਲਕਾਂ 'ਚ ਡੂੰਘੀਆਂ ਹੁੰਦੀਆਂ ਤਰੇੜਾਂ


ਸੰਸਾਰ ਸਾਮਰਾਜੀ ਸੰਕਟ ਦੇ ਪ੍ਰਛਾਵੇਂ...
ਨਾਟੋ ਮੁਲਕਾਂ 'ਚ ਡੂੰਘੀਆਂ ਹੁੰਦੀਆਂ ਤਰੇੜਾਂ
ਸੰਸਾਰ ਸਾਮਰਾਜੀ ਪ੍ਰਬੰਧ ਦਾ ਵਧ ਰਿਹਾ ਆਮ ਸੰਕਟ ਤੇ ਸਾਮਰਾਜੀ ਮੁਲਕਾਂ ਦੇ ਆਪਣੇ ਅੰਦਰਲੇ ਤਿੱਖੇ ਹੋ ਰਹੇ ਆਰਥਿਕ ਸੰਕਟਾਂ ਨੇ ਅੰਤਰ-ਸਾਮਰਾਜੀ ਵਿਰੋਧਤਾਈ ਨੂੰ ਹੋਰ ਤਿੱਖੀ ਕਰ ਦਿੱਤਾ ਹੈ। ਇਸ ਵਿਰੋਧਤਾਈ ਦੀ ਵਧ ਰਹੀ ਤਿੱਖ ਨੇ ਸੰਸਾਰ ਦੀਆਂ ਸਾਮਰਾਜੀ ਤਾਕਤਾਂ 'ਚ ਨਵੀਂ ਕਤਾਰਬੰਦੀ ਦਾ ਅਮਲ ਛੇੜਿਆ ਹੋਇਆ ਹੈ। ਬੀਤੇ ਦਹਾਕੇ ਤੋਂ ਰੂਸ ਦੇ ਵੱਡੀ ਸਾਮਰਾਜੀ ਤਾਕਤ ਵਜੋਂ ਮੁੜ ਉਭਾਰ ਨੇ ਅਮਰੀਕਾ ਨਾਲ ਇਸਦੇ ਟਕਰਾਅ ਨੂੰ ਤਿੱਖਾ ਕਰ ਦਿੱਤਾ ਹੈ ਤੇ ਦੁਨੀਆਂ ਭਰ 'ਚ ਲੁੱਟ ਮਚਾਉਣ 'ਚ ਮੋਹਰੀ ਹੋਣ ਲਈ ਇਹਨਾਂ ਦੋ ਵੱਡੀਆਂ ਸਾਮਰਾਜੀ ਤਾਕਤਾਂ ਦਾ ਭੇੜ ਆਪਸੀ ਸਹਿਮਤੀ ਵਾਲੇ ਖੋਲ ਤੋਂ ਬਾਹਰ ਆ ਕੇ ਪ੍ਰਗਟ ਹੋਣ ਲੱਗ ਪਿਆ ਹੈ। ਬੀਤੇ ਕੁਝ ਸਾਲਾਂ ਦੀਆਂ ਘਟਨਾਵਾਂ 'ਚ ਇਹ ਤਸਵੀਰ ਉਘੜਨੀ ਸ਼ੁਰੂ ਹੋ ਚੁੱਕੀ ਹੈ। ਇਸ ਤਿੱਖੀ ਹੋ ਰਹੀ ਅੰਤਰ ਸਾਮਰਾਜੀ ਵਿਰੋਧਤਾਈ ਦਾ ਇੱਕ ਪ੍ਰਗਟਾਵਾ ਸਾਮਰਾਜੀ ਮੁਲਕਾਂ ਦੇ ਆਪਸੀ ਲੁਟੇਰੇ ਗੱਠਜੋੜਾਂ 'ਚ ਵੀ ਤ੍ਰੇੜਾਂ ਦੇ ਹੋਰ ਵਧੇਰੇ ਉਘੜ ਆਉਣ ਦੇ ਰੂਪ 'ਚ ਹੋ ਰਿਹਾ ਹੈ। ਇਹ ਵਧਦੀਆਂ ਤ੍ਰੇੜਾਂ ਤੇ ਪਾਲੇ ਬਦਲਣ ਦੇ ਝਲਕਾਰੇ ਸਭਨਾਂ ਸਾਮਰਾਜੀ ਮੰਚਾਂ 'ਤੇ ਹੋਰ ਵਧੇਰੇ ਜਾਹਰਾ ਤੌਰ 'ਤੇ ਦਿਖਣੇ ਸ਼ੁਰੂ ਹੋ ਚੁੱਕੇ ਹਨ। ਆਰਥਿਕ,ਸਿਆਸੀ ਤੇ ਫੌਜੀ ਗੱਠਜੋੜਾਂ ਤੱਕ, ਸਭ ਕਿਤੇ ਇਹਨਾਂ ਆਪਸੀ ਟਕਰਾਵਾਂ ਦੇ ਪ੍ਰਗਟ ਹੋਣ ਦਾ ਮਹੌਲ ਰਹਿ ਰਿਹਾ ਹੈ ਤੇ ਵਧ ਰਿਹਾ ਹੈ। ਬ੍ਰੈਗਜ਼ਿਟ ਤੋਂ ਲੈ ਕੇ ਇਹ ਵਰਤਾਰਾ ਤੇਜ਼ ਹੁੰਦਾ ਜਾ ਰਿਹਾ ਹੈ। ਸੰਸਾਰ ਸਾਮਰਾਜੀ ਮੰਚਾਂ 'ਤੇ ਇਕੱਠੇ ਹੁੰਦੇ ਸਾਮਰਾਜੀ ਲੀਡਰਾਂ  ਦੀ ਬਹੁਤ ਸਾਰੇ ਮੁੱਦਿਆਂ 'ਤੇ ਸਾਂਝੀ ਸਹਿਮਤੀ ਨਾ ਬਣ ਸਕਣਾ , ਹੁਣ ਕਈ ਵਾਰ ਵਾਪਰ ਚੁਕਿਆ ਹੈ। ਉਭਰਵੀਂ ਚਰਚਾ ਉਦੋਂ ਬਣੀ ਸੀ ਜਦੋਂ ਜੂਨ 2018 'ਚ ਜੀ-7 ਮੁਲਕਾਂ ਦੀ ਵਾਰਤਾ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਂਝੇ ਬਿਆਨ 'ਤੇ ਦਸਤਖਤ ਕਰਨੋਂ ਜਵਾਬ ਦੇ ਦਿੱਤਾ ਸੀ। ਹੁਣ ਇਹਨਾਂ ਟਕਰਾਵਾਂ ਦਾ ਪ੍ਰਗਟਾਵਾ ਅਮਰੀਕੀ ਕੈਂਪ ਦੇ ਨਾਟੋ ਗੱਠਜੋੜ ਅੰਦਰ ਪ੍ਰਗਟ ਹੋਇਆ ਹੈ।
ਦੂਜੀ ਸੰਸਾਰ ਜੰਗ ਤੋਂ ਮਗਰੋਂ, ਅਮਰੀਕੀ ਸਾਮਰਾਜੀਆਂ ਨੇ ਆਪਣੀ ਸੰਸਾਰ ਯੁੱਧਨੀਤੀ ਤਹਿਤ, ਪੱਛਮੀ ਮੁਲਕਾਂ ਨਾਲ ਇੱਕ ਸੰਧੀ ਤਹਿਤ ਇੱਕ ਫੌਜੀ ਗੱਠਜੋੜ ਕਾਇਮ ਕੀਤਾ ਸੀ ਜਿਸਦਾ ਨਾਂ ਨੌਰਥ ਐਟਲਾਂਟਿਕ ਸੰਧੀ ਜਥੇਬੰਦੀ ਹੈ। ਮਗਰੋਂ ਸੋਵੀਅਤ ਯੂਨੀਅਨ ਨਾਲ ਤਿੱਖੇ ਹੋਏ ਆਪਸੀ ਭੇੜ ਦੌਰਾਨ ਅਮਰੀਕੀ ਸਾਮਰਾਜ ਨਾਲ ਯੂਰਪ ਦੀਆਂ ਸਾਮਰਾਜੀ ਤਾਕਤਾਂ ਏਸੇ ਸੰਧੀ ਦੇ ਨਾਂ ਹੇਠ ਇੱਕ ਬਲਾਕ ਵਜੋਂ ਭੁਗਤਦੀਆਂ ਰਹੀਆਂ ਸਨ। 80 ਵਿਆਂ ਦੇ ਅੰਤ 'ਚ ਸੀਤ ਯੁੱਧ ਦੇ ਖਾਤਮੇ ਮਗਰੋਂ ਤੇ ਸੋਵੀਅਤ ਯੂਨੀਅਨ ਦੇ ਖਿੰਡਾਅ ਮਗਰੋਂ, ਸਾਮਰਾਜੀ ਧੜਿਆਂ  ਦਾ ਆਪਸੀ ਟਕਰਾਅ ਮੁਕਾਬਲਤਨ ਮੱਧਮ ਸ਼ਕਲ ਅਖਤਿਆਰ ਕਰ ਗਿਆ ਸੀ ਤੇ ਉਦੋਂ ਇੱਕ ਵਾਰ ਨਾਟੋ ਦੇ ਗੈਰ-ਪ੍ਰਸੰਗਿਕ ਹੋ ਜਾਣ ਦੀ ਚਰਚਾ ਵੀ ਚਲਦੀ ਰਹੀ ਸੀ। ਪਰ 90 ਵਿਆਂ ਤੇ ਨਵੀਂ ਸਦੀ ਦੇ ਸਾਰੇ ਅਰਸੇ 'ਚ ਅਮਰੀਕੀ ਸਾਮਰਾਜੀਆਂ ਦੀ ਸੰਸਾਰ ਚੌਧਰ ਦੇ ਜਮਾਨੇ 'ਚ ਨਾਟੋ ਮੁਲਕ ਉਸਦੀਆਂ ਜੰਗੀ ਮੁਹਿੰਮਾਂ ਦਾ ਹਿੱਸਾ ਬਣਦੇ ਰਹੇ ਹਨ ਤੇ ਦੁਨੀਆਂ ਦੇ ਮੁਲਕਾਂ ਦੀ ਲੁੱਟ-ਖਸੁੱਟ 'ਚੋਂ ਹਿੱਸਾ-ਪੱਤੀ ਤੇ ਆਪਸੀ ਸਹਿਮਤੀ ਦੇ ਖੋਲ 'ਚ ਵਿਚਰਦੇ ਰਹੇ ਹਨ। ਇਸ ਸਾਰੇ ਅਰਸੇ 'ਚ ਅਮਰੀਕਾ ਦੀਆਂ ਜੰਗੀ ਮੁਹਿੰਮਾਂ ਜਿੰਨ•ਾਂ '1999 ਦੇ ਬਾਲਕਨ ਟਕਰਾਅ ਤੋਂ ਲੈ ਕੇ 2001ਵਿੱਚ ਅਫਗਾਨਿਸਤਾਨ 'ਚ ਹਮਲਾ ਕਰਨ ਤੇ ਮਗਰੋਂ 2011 'ਚ ਲਿਬੀਆ 'ਤੇ ਹਮਲੇ 'ਚ ਨਾਟੋ ਫੌਜਾਂ ਸ਼ਾਮਲ ਰਹੀਆਂ ਹਨ। ਚਾਹੇ ਇਸ ਅਰਸੇ ਦੌਰਾਨ ਯੂਰਪੀ ਸਾਮਰਾਜੀ ਤਾਕਤਾਂ ਦੇ ਅਮਰੀਕਾ ਨਾਲ ਟਕਰਾਅ ਬਣਦੇ ਰਹੇ ਤੇ ਅਮਰੀਕਾ ਇਹਨਾਂ ਨੂੰ ਖਰਚੇ ਨਾ ਓਟਣ ਲਈ ਕੋਸਦਾ ਰਿਹਾ ਹੈ। ਇਹਨਾਂ 'ਚ ਆਪਸੀ ਟਕਰਾਵਾਂ ਪੱਖੋਂ ਹਾਲਤ ਅਜਿਹੀ ਹੈ ਕਿ ਇਸ ਦਾ ਦਰਜਾ ਸਿਖਰ ਵਾਰਤਾ ਤੋਂ ਘਟਾ ਕੇ ਆਗੂਆਂ ਦੀ ਮੀਟਿੰਗ ਦਾ ਹੀ ਕਰ ਦਿੱਤਾ ਗਿਆ ਕਿਉਂਕਿ ਇਹ ਖਤਰਾ ਹੀ ਸੀ ਕਿ ਉਥੇ ਸਾਂਝੇ ਬਿਆਨ ਜਾਰੀ ਕਰਨ ਲਈ ਸਾਰਿਆਂ ਨੇ ਸਹਿਮਤ ਹੀ ਨਹੀਂ ਹੋਣਾ। ਕਿਉਂਕਿ ਪਿਛਲੇ ਸਮੇਂ 'ਚ ਇਹਨਾਂ ਮੁਲਕਾਂ 'ਚ ਭਵਿੱਖੀ ਰਣਨੀਤੀਆਂ ਬਾਰੇ ਸਹਿਮਤੀ ਬਣਦੀ ਨਹੀਂ ਦਿਖਦੀ ਸੀ। ਪਹਿਲਾਂ ਇਸਦੇ ਇੱਕ ਅਹਿਮ ਮੈਂਬਰ ਤੁਰਕੀ ਵੱਲੋਂ(ਜਿਸਦੀ ਅਮਰੀਕਾ ਤੋਂ ਮਗਰੋਂ ਨਾਟੋ 'ਚ ਦੂਜੀ ਵੱਡੀ ਫੌਜ ਹੈ) ਅਮਰੀਕਾ ਦੀ ਮੀਜ਼ਾਈਲਾਂ ਦੀ ਪੇਸ਼ਕਸ਼ ਠੁਕਰਾ ਕੇ ਰੂਸ ਤੋਂ ਮੀਜ਼ਾਈਲਾਂ ਖਰੀਦੀਆਂ ਗਈਆਂ ਸਨ। ਜਿਸ 'ਤੇ ਅਮਰੀਕੀ ਰਾਸ਼ਟਰਪਤੀ ਟਰੰਪ ਖਾਸਾ ਔਖਾ ਭਾਰਾ ਹੋਇਆ ਸੀ। ਤੇ ਜਦੋਂ ਤੁਰਕੀ ਨੇ ਸੀਰੀਆ 'ਚ ਨਾਟੋ  ਦੀ ਹਮਾਇਤ ਪ੍ਰਾਪਤ ਕੁਰਦਾਂ 'ਤੇ ਹੱਲਾ ਬੋਲਿਆ ਤੇ ਟਰੰਪ ਨੇ ਇਸਦੀ ਲੁਕਵੀਂ ਹਮਾਇਤ ਕੀਤੀ ਤਾਂ ਇਸ 'ਤ ਜਰਮਨੀ ਤੇ ਫਰਾਂਸ ਨੂੰ ਡਾਢੀ ਔਖ ਹੋਈ ਸੀ। ਇਉਂ ਹੀ ਅਮਰੀਕਾ ਵੱਲੋਂ ਇਰਾਨ ਨਾਲ ਪ੍ਰਮਾਣੂੰ ਸਮਝੌਤਾ ਤੋੜਨ ਅਤੇ ਇੱਕ ਹੋਰ ਟਕਰਾਅ ਪੈਦਾ ਕਰਨ ਦੇ ਅਮਰੀਕੀ ਪੈਂਤੜਿਆਂ ਨਾਲ ਯੂਰਪ ਦੀਆਂ ਕਈ ਸਾਮਰਾਜੀ ਤਾਕਤਾਂ ਦੀ ਸਹਿਮਤੀ ਨਹੀਂ ਸੀ ਤੇ ਉਹਨਾਂ ਨੇ ਉਦੋਂ ਵੀ ਤਿੱਖੇ ਵਖਰੇਵੇਂ ਪ੍ਰਗਟ ਕੀਤੇ ਸਨ। ਉਹਨਾਂ ਨੇ ਨਾਟੋ ਗੱਠਜੋੜ ਦੀ 5 ਨੰਬਰ ਧਾਰਾ ਦੀ ਓਟ ਲੈ ਕੇ, ਨਾਟੋ ਸਮਝੌਤੇ 'ਚ ਸ਼ਾਮਲ ਮੁਲਕ 'ਤੇ ਹੀ ਕਾਰਵਾਈ ਕਰਨ ਦੀ ਪਹੁੰਚ  ਦੀ ਨਿਖੇਧੀ ਕੀਤੀ ਸੀ। ਇਸ ਮੀਟਿੰਗ ਦੌਰਾਨ, ਪਿਛਲੇ ਤਾਜ਼ਾ ਅਰਸੇ 'ਚ ਅਮਰੀਕਾ ਤੇ ਇਸ ਦੀਆਂ ਯੂਰਪੀ ਭਾਈਵਾਲ ਤਾਕਤਾਂ ਦਰਮਿਆਨ ਵਪਾਰਕ ਹਿੱਤਾਂ ਨੂੰ ਲੈ ਕੇ ਤਿੱਖੇ ਹੋਏ ਟਕਰਾਅ ਦਾ ਪ੍ਰਛਾਵਾਂ ਵੀ ਜਾਹਰਾ ਤੌਰ 'ਤੇ ਦਿਖਿਆ ਹੈ। ਅਮਰੀਕਾ ਫਰਾਂਸ ਨਾਲ ਵਪਾਰਕ ਜੰਗ ਛੇੜਨ ਦੀਆਂ ਧਮਕੀਆਂ ਦਿੰਦਾ ਆ ਰਿਹਾ ਹੈ। ਜਦੋਂ ਟਰੰਪ ਰਾਸ਼ਟਰਪਤੀ ਦੀ ਚੋਣ ਲੜ ਰਿਹਾ ਸੀ ਤਾਂ ਉਦੋਂ ਉਸਨੇ ਨਾਟੋ ਨੂੰ ਵੇਲਾ ਵਿਹਾ ਚੁੱਕਿਆ ਗੱਠਜੋੜ ਕਰਾਰ ਦਿੱਤਾ ਸੀ ਤੇ ਕਿਹਾ ਸੀ ਕਿ ਇਹ ਸੋਵੀਅਤ ਯੂਨੀਅਨ ਨਾਲ ਭਿੜਨ ਲਈ ਉਸਾਰਿਆ ਗਿਆ  ਸੀ ਨਾ ਕਿ ਦਹਿਸ਼ਤਗਰਦੀ ਵਿਰੋਧੀ ਮੁਹਿੰਮਾਂ ਲਈ। ਉਹਨੇ ਕਿਹਾ ਸੀ ਕਿ ਇਹਦਾ ਲਾਹਾ ਤਾਂ ਜਰਮਨੀ ਤੇ ਫਰਾਂਸ ਨੂੰ ਹੋ ਰਿਹਾ ਹੈ। ਰਾਸ਼ਟਰਪਤੀ ਬਣਨ ਮਗਰੋਂ ਚਾਹੇ ਉਸਨੇ ਸੁਰ ਬਦਲ ਲਈ ਤੇ ਨਾਟੋ ਨੂੰ ਸਭ ਤੋਂ ਸਫਲ ਗੱਠਜੋੜ ਕਰਾਰ ਦਿੱਤਾ। ਦੂਜੇ ਪਾਸੇ ਏਸੇ  ਅਰਸੇ ਦੌਰਾਨ ਨਾਟੋ ਦੇ ਪ੍ਰਮੁੱਖ ਮੁਲਕਾਂ 'ਚ ਸ਼ੁਮਾਰ ਫਰਾਂਸ ਤੇ ਜਰਮਨੀ ਯੂਰਪੀ ਯੂਨੀਅਨ ਦੀ ਵੱਖਰੀ ਫੌਜ ਬਨਾਉਣ ਦੀਆਂ ਗੱਲਾਂ ਵੀ ਕਰਦੇ ਰਹੇ ਹਨ। ਅਮਰੀਕਾ ਦੇ ਪੱਕੇ ਸੰਗੀ ਵਜੋਂ ਤੁਰੇ ਆਉਂਦੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਜੌਹਨਸਨ ਨੇ ਵੀ ਇਸ ਮੀਟਿੰਗ ਦੌਰਾਨ ਅਮਰੀਕਾ ਤੋਂ ਵਿੱਥ ਦਰਜ ਕਰਵਾਈ।
ਸਭ ਤੋਂ ਤਿੱਖਾ ਟਕਰਾਅ ਇਸ ਦੌਰਾਨ ਫਰਾਂਸ ਤੇ ਅਮਰੀਕਾ 'ਚ ਦਿਖਾਈ ਦਿੱਤਾ। ਲੰਡਨ ਮੀਟਿੰਗ ਤੋਂ ਪਹਿਲਾਂ ਦੀ ਇਕੌਨੋਮਿਸਟ ਦੀ ਮਸ਼ਹੂਰ ਹੋਈ ਇੰਟਰਵਿਊ 'ਚ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਨਾਟੋ ਨੂੰ ''ਬਿਨ ਦਿਮਾਗਾ'' ਕਰਾਰ ਦਿੱਤਾ ਅਤੇ ਅਮਰੀਕਾ ਦੀ ਰੂਸ ਬਾਰੇ ਨੀਤੀ ਨੂੰ ਹਰ ਪੱਖੋਂ ਝੱਲਪੁਣਾ ਕਰਾਰ ਦਿੱਤਾ। ਉਸਨੇ ਖੁਲ੍ਹੇਆਮ ਅਮਰੀਕਾ ਦੀਆਂ ਪੱਛਮੀ ਏਸ਼ੀਆ ਵਿਚਲੀਆਂ ਨੀਤੀਆਂ ਨੂੰ ਯੂਰਪੀਅਨ ਸ਼ਕਤੀਆਂ ਦੇ ਆਰਥਿਕ ਤੇ ਫੌਜੀ ਹਿੱਤਾਂ ਲਈ ਨੁਕਸਾਨਦਾਇਕ ਦਸਦਿਆਂ ਜੋਰ ਦਿੱਤਾ ਕਿ ਯੂਰਪੀ ਯੁੱਧਨੀਤਕ ਖੁਦਮੁਖਤਿਆਰੀ ਮੁੜ ਬਹਾਲ ਕਰਨ ਲਈ ਸਾਨੂੰ ਰੂਸ ਵੱਲ ਆਪਣੀ ਪਹੁੰਚ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਜਦੋਂ ਅਮਰੀਕਾ ਰੂਸ ਤੇ ਚੀਨ ਨੂੰ ਸੰਸਾਰ ਚੌਧਰ ਦੇ ਭੇੜ 'ਚ ਆਪਣੇ ਦੁਸ਼ਮਣਾਂ ਵਜੋਂ ਲੈ ਕੇ ਚੱਲ ਰਿਹਾ ਹੈ ਤਾਂ ਅਜਿਹੇ ਮੌਕੇ ਨਾਟੋ ਦੇ ਮੁਲਕ ਫਰਾਂਸ ਦੀ ਟਿੱਪਣੀ ਅਮਰੀਕੀ ਕੈਂਪ ਦੀ ਪਤਲੀ ਪੈ ਰਹੀ ਹਾਲਤ ਦੀ ਸੂਚਕ  ਬਣ ਜਾਂਦੀ ਹੈ। ਫਰਾਂਸੀਸੀ ਰਾਸ਼ਟਰਪਤੀ ਨੇ ਤਾਂ ਪੈਰਿਸ 'ਚ ਨਾਟੋ ਸਕੱਤਰ ਜਨਰਲ ਨਾਲ ਸਾਂਝੀ ਪ੍ਰੈਸ ਕਾਨਫਰੰਸ ਮੌਕੇ ਇਹ ਵੀ ਕਿਹਾ ਕਿ ਨਾਟੋ ਨੂੰ ਰੂਸ ਤੇ ਚੀਨ ਨੂੰ ਦੁਸ਼ਮਣਾਂ ਵਜੋਂ ਨਹੀਂ ਟਿੱਕਣਾ ਚਾਹੀਦਾ। ਮੈਕਰੋਂ ਦੀਆਂ ਇਹਨਾਂ ਟਿੱਪਣੀਆਂ ਨੂੰ ਕਮੀਨੀਆਂ ਦਸਦਿਆਂ ਟਰੰਪ ਨੇ ਕਿਹਾ ਕਿ ਮੈਕਰੋਂ ਨੂੰ ਨਾਟੋ ਦੀਆਂ ਸਮੱਸਿਆਵਾਂ 'ਤੇ ਗੱਲਾਂ ਕਰਨ ਦੀ ਥਾਂ ਫਰਾਂਸ 'ਚ ਰੋਸ ਪ੍ਰਦਰਸ਼ਨਾਂ ਨਾਲ ਨਜਿੱਠਣਾ ਚਾਹੀਦਾ ਹੈ। ਨਾਟੋ ਦੇ ਮੁਲਕਾਂ 'ਚ ਆਪਸੀ  ਰੌਲਾ ਇਸਦੇ ਖਰਚੇ ਵੰਡਾਉਣ ਨੂੰ ਲੈ ਕੇ ਵੀ ਪੈਂਦਾ ਆ ਰਿਹਾ ਹੈ। ਨਾਟੋ ਦੇ ਬਜਟ ਵਧਾਉਣ ਦੀਆਂ ਸਕੀਮਾਂ ਅਧੀਨ ਅਮਰੀਕਾ ਦੂਜੇ ਮੁਲਕਾਂ ਦਾ ਹਿੱਸਾ ਵਧਾਉਣ ਲਈ  ਦਬਾਅ ਪਾ ਰਿਹਾ ਹੈ। 2024 ਤੱਕ ਇਸਦਾ ਬੱਜਟ ਵਧਾ ਕੇ 240 ਬਿਲੀਅਨ ਡਾਲਰ ਤੱਕ ਲਿਜਾਣ ਦੀ ਵਿਉਂਤ ਹੈ। ਰੂਸ ਨੂੰ ਘੇਰਨ ਲਈ ਪੂਰਬੀ ਯੂਰਪ 'ਚ ਇਸ ਵੱਲੋਂ ਹੋਰ ਮਿਜ਼ਾਈਲਾਂ ਬੀੜਨ ਤੇ ਚੀਨ ਦੀ ਜਸੂਸੀ ਵਧਾਉਣ ਲਈ ਕਦਮ ਲਏ ਜਾ ਰਹੇ ਹਨ। ਨੈਟੋ ਦਾ ਹੁਣ ਦਾ ਬੱਜਟ ਰੂਸ ਤੋਂ 20 ਗੁਣਾ ਤੇ ਚੀਨ ਤੋਂ 5 ਗੁਣਾ ਹੈ। ਤਿੱਖੇ ਹੋ ਰਹੇ ਟਕਰਾਵਾਂ ਦਰਮਿਆਨ ਇਹ ਹੋਰ ਵਧਣਾ ਹੀ ਹੈ।
ਨਾਟੋ ਮੁਲਕਾਂ 'ਚ ਤਿੱਖੇ ਹੋ ਰਹੇ ਟਕਰਾਅ ਸੰਸਾਰ ਸਾਮਰਾਜੀ ਸੰਕਟਾਂ ਦੇ ਅਸਰਾਂ  ਦਾ ਸਿੱਟਾ ਤਾਂ ਹਨ ਹੀ, ਨਾਲ ਹੀ ਇਹ ਵਿਸ਼ੇਸ਼ ਕਰਕੇ ਅਮਰੀਕੀ ਤੇ ਫਰਾਂਸੀਸੀ ਹਕੂਮਤਾਂ ਦੇ ਆਪਣੀ ਅੰਦਰੂਨੀ ਸੰਕਟਾਂ ਦਾ ਪ੍ਰਛਾਵਾਂ ਵੀ ਦਰਸਾਉਂਦੇ ਹਨ। ਫਰਾਂਸ ਅੰਦਰ ਲੰਮੇਂ ਅਰਸੇ ਤੋਂ ਤਿੱਖਾ ਲੋਕ ਰੋਹ ਉਠਿਆ ਹੋਇਆ ਹੈ ਜੋ ਵੱਖ ਵੱਖ ਸ਼ਕਲਾਂ 'ਚ ਜਾਰੀ ਰਹਿ ਰਿਹਾ ਹੈ। ਪੈਨਸ਼ਨ ਸੁਧਾਰਾਂ ਖਿਲਾਫ ਹੁਣ ਫਿਰ ਦਸੰਬਰ ਮਹੀਨੇ 'ਚ ਹੀ ਵੱਡੀਆਂ ਹੜਤਾਲਾਂ ਹੋ ਰਹੀਆਂ ਹਨ ਤੇ ਸਾਲ ਪਹਿਲਾਂ ਵਾਲੀ ਪੀਲੀਆਂ ਜੈਕਟਾਂ ਦੀ ਲਹਿਰ ਦੀ ਧਮਕ ਉਥੇ ਅਜੇ ਵੀ ਸੁਣਦੀ ਹੈ। ਫਰਾਂਸੀਸੀ ਹਕੂਮਤ ਨੂੰ ਆਪਣੇ ਅੰਦਰੋਂ ਲੋਕ  ਰੋਹ ਨੂੰ ਨਜਿੱਠਣਾ ਮੁਸ਼ਕਲ ਬਣਾ ਰਿਹਾ ਹੈ ਤੇ ਫੌਜੀ ਬਜਟ ਜੁਟਾਉਣ ਖਿਲਾਫ ਮੁਲਕ ਅੰਦਰ ਲੋਕ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਂ ਦੋਸ਼ ਮੁਕੱਦਮੇ 'ਚ ਘਿਰਿਆ ਟਰੰਪ ਵੀ , ਅਗਲੀਆਂ ਚੋਣਾਂ ਲੜਨ ਲਈ ਅਮਰੀਕੀ ਫੌਜਾਂ ਨੂੰ ਥਾਂ ਥਾਂ ਦੀਆਂ ਜੰਗਾਂ ਤੋਂ ਵਾਪਸ ਬਲਾਉਣ ਦੇ ਵਾਅਦੇ ਪੂਰੇ ਕਰਨ ਦਾ ਦਬਾਅ ਝੱਲ ਰਿਹਾ ਹੈ ਤੇ ਫੌਜੀ ਖਰਚੇ ਘਟਾਉਣ ਦੀਆਂ ਕਹੀਆਂ ਗੱਲਾਂ ਪੁਗਾ ਕੇ ਦਿਖਾਉਣ ਦਾ ਪ੍ਰਭਾਵ ਦੇਣਾ ਚਾਹੁੰਦਾ ਹੈ ਜਦਕਿ ਦੂਜੇ ਪਾਸੇ ਸੰਸਾਰ ਦੀਆਂ ਵੱਧ ਤੋਂ ਵੱਧ ਮੰਡੀਆਂ ਨੂੰ ਕਬਜੇ 'ਚ ਕਰਨ ਦੀ ਲਾਲਸਾ ਇਰਾਨ ਵਰਗੇ ਮੁਲਕਾਂ ਨਾਲ ਭੇੜ 'ਚ ਪੈਣ  ਦੀ ਲੋੜ ਖੜ•ੀ ਰੱਖ ਰਹੀ  ਹੈ। ਇਉਂ ਇਹ ਸਾਮਰਾਜੀ ਮੁਲਕ ਆਪਣੇ ਜੰਗੀ ਮਿਸ਼ਨਾਂ 'ਚ ਇੱਕ ਦੂਜੇ ਤੋਂ ਵਧ ਕੇ ਲਾਹਾ ਲੈਣ ਤੇ ਘੱਟ  ਤੋਂ ਘੱਟ ਖਰਚਾ ਕਰਨ ਦੇ ਮੁੱਦੇ 'ਤੇ ਛੇਤੀ ਹੀ ਭੇੜ 'ਚ ਆ ਜਾਂਦੇ ਹਨ। ਦਿਨੋਂ ਦਿਨ ਡੂੰਘੇ ਹੁੰਦੇ ਜਾ ਰਹੇ ਸੰਸਾਰ ਆਰਥਿਕ ਮੰਦਵਾੜੇ ਤੇ ਇਸਦੇ ਕੇਂਦਰ ਵਜੋਂ ਅਮਰੀਕੀ ਆਰਥਿਕਤਾ ਦੀ ਡਿੱਗ ਰਹੀ ਵਿਕਾਸ ਦਰ ਤੇ ਇਹਨਾਂ ਸੰਕਟਾਂ ਦੇ ਨਿਵਾਰਨ ਲਈ ਤੀਜੀ ਦੁਨੀਆਂ ਦੇ ਮੁਲਕਾਂ 'ਤੇ ਹੋਰ ਬੋਝ ਲੱਦਣ ਦਾ ਫੜਿਆ ਜਾ ਰਿਹਾ ਢੰਗ ਆਖਰ ਨੂੰ ਸਾਮਰਾਜੀ ਮੁਲਕਾਂ 'ਚ ਆਪਸੀ ਟਕਰਾਅ ਨੂੰ ਤਿੱਖਾ ਕਰ ਰਿਹਾ ਹੈ ਤੇ ਸਾਮਰਾਜੀਆਂ ਦੇ ਆਪਸੀ ਜੁਗਾੜਾਂ 'ਚ ਹਿਲਜੁਲ ਹੋ ਰਹੀ ਹੈ। ਨਾਟੋ 'ਚ ਹੋ ਰਹੀ ਤਾਜ਼ਾ ਖਿੱਚ-ਧੂਹ ਦਾ ਇਹੀ ਪ੍ਰਸੰਗ ਹੈ ਤੇ ਇਹ ਅਮਰੀਕੀ ਸਾਮਰਾਜੀ ਸੰਸਾਰ ਚੌਧਰ ਨੂੰ ਪੇਸ਼ ਹੋ ਰਹੀ ਤਿੱਖੀ ਚਣੌਤੀ ਦੀ ਝਲਕ ਵੀ ਹੈ।

No comments:

Post a Comment