Thursday, January 16, 2020

ਬਲਾਤਕਾਰ ਘਟਨਾਵਾਂ ਖਿਲਾਫ਼ ਸੰਘਰਸ਼


ਬਲਾਤਕਾਰ ਘਟਨਾਵਾਂ ਖਿਲਾਫ਼ ਸੰਘਰਸ਼
ਜਮਾਤੀ ਲੀਹਾਂ 'ਤੇ ਜਥੇਬੰਦ ਲੋਕ ਤਾਕਤ ਦੀ ਜਰੂਰਤ
ਮੁਲਕ 'ਚ ਬਲਾਤਕਾਰ  ਦੇ ਜ਼ੁਲਮਾਂ ਦਾ ਕਹਿਰ ਆਏ ਦਿਨ ਵਧਦਾ ਹੀ ਜਾ ਰਿਹਾ ਹੈ। ਹੈਦਰਾਬਾਦ ਦੀ ਦਿਲ ਦਹਿਲਾ  ਦੇਣ ਵਾਲੀ ਘਟਨਾ ਨੇ ਮੁੜ ਮੁਲਕ ਭਰ ਵਿਚ ਔਰਤਾਂ 'ਤੇ ਹੁੰਦੇ ਇਸ ਜ਼ੁਲਮ ਬਾਰੇ ਚਰਚਾ ਛੇੜ ਦਿੱਤੀ ਹੈ। ਜਦੋਂ ਅਜਿਹੀ ਦਿਲ ਕੰਬਾਊ ਘਟਨਾ ਵਾਪਰਦੀ ਹੈ ਤਾਂ ਇਨਸਾਫ ਪਸੰਦ ਲੋਕਾਂ ਅੰਦਰ ਸੁਤੇ-ਸਿਧ ਹੀ ਰੋਹ ਅੰਗੜਾਈ ਲੈਂਦਾ ਹੈ। ਸੋਸ਼ਲ ਮੀਡੀਏ ਦੀ ਮੌਜੂਦਗੀ ਵੀ ਇਸ ਰੋਸ ਦਾ ਹੋਰ ਵਧੇਰੇ ਹਿੱਸਿਆਂ ਤੱਕ ਤੇਜੀ ਨਾਲ ਸੰਚਾਰ ਕਰਨ ਦਾ ਜ਼ਰੀਆ ਬਣਦਾ ਹੈ। ਔਰਤ ਹੱਕਾਂ ਲਈ ਵਧ ਰਹੀ ਚੇਤਨਾ ਤੇ ਆਮ ਸਮਾਜਿਕ ਚੇਤਨਾ ਦੇ ਹੋ ਰਹੇ ਪਸਾਰੇ ਕਾਰਨ ਇਨ੍ਹਾਂ ਘਟਨਾਵਾਂ ਖਿਲਾਫ ਵਿਆਪਕ ਲੋਕ ਪ੍ਰਤੀਕਰਮ ਉਠਦਾ ਹੈ। ਲੋਕ ਸੜਕਾਂ 'ਤੇ ਨਿੱਕਲਦੇ ਹਨ ਤੇ ਦੋਸ਼ੀਆਂ ਨੂੰ ਸਜ਼ਾਵਾਂ ਦੀ ਮੰਗ ਲਈ ਡਟਦੇ ਹਨ। ਬੀਤੇ ਸਾਲਾਂ 'ਚ ਅਜਿਹੀਆਂ ਕਈ ਘਟਨਾਵਾਂ ਖਿਲਾਫ ਮੁਲਕ-ਵਿਆਪੀ ਜਨਤਕ ਰੋਹ ਪ੍ਰਗਟਾਵੇ ਹੋਏ ਹਨ। ਅਜਿਹਾ ਤਿੱਖਾ ਲੋਕ ਪ੍ਰਤੀਕਰਮ ਪੁਲਸ-ਅਫਸਰਸ਼ਾਹੀ ਤੇ ਹਕੂਮਤਾਂ ਨੂੰ ਮਜ਼ਬੂਰ ਕਰ ਦਿੰਦਾ ਹੈ ਕਿ ਲੋਕਾਂ ਨੂੰ ਸ਼ਾਂਤ ਕਰਨ ਲਈ ਦੋਸ਼ੀਆਂ 'ਤੇ ਕੇਸ ਦਰਜ ਹੋਣ ਤੇ ਗ੍ਰਿਫਤਾਰੀਆਂ ਕੀਤੀਆਂ ਜਾਣ। ਅਜਿਹੇ ਆਪ ਮੁਹਾਰੇ ਜੋਰਦਾਰ ਲੋਕ ਰੋਹ ਕਾਰਨ ਕਈ ਕੇਸਾਂ ਚ ਪੁਲਿਸ ਨੂੰ ਫੌਰੀ ਕਾਰਵਾਈ ਕਰਨੀ ਪਈ ਹੈ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਪਿਆ ਹੈ।
ਪਰ ਇਨਸਾਫ ਦਾ ਹੱਕ ਲੈਣ ਦਾ ਅਮਲ ਇਥੋਂ ਤਾਂ ਸ਼ੁਰੂ ਹੀ ਹੁੰਦਾ ਹੈ। ਉਸ ਤੋਂ ਮਗਰੋਂ ਇਕ ਲੰਬਾ ਰਸਤਾ ਹੁੰਦਾ ਹੈ। ਅਦਾਲਤਾਂ ਤੱਕ ਚਲਾਣ ਪੇਸ਼ ਹੋਣਾ, ਗਵਾਹੀਆਂ ਹੋਣੀਆਂ, ਡਾਕਟਰੀ ਰਿਪੋਰਟਾਂ ਪੇਸ਼ ਹੋਣੀਆਂ ਤੇ ਹੋਰ ਬਹੁਤ ਕੁੱਝ। ਭਾਰਤੀ ਇਨਸਾਫ ਪ੍ਰਣਾਲੀ 'ਚ ਇਹ ਅਮਲ ਏਨਾ ਗੁੰਝਲਦਾਰ ਤੇ ਲਮਕਵਾਂ ਹੈ ਕਿ ਸਮਾਜੀ ਸਿਆਸੀ ਅਸਰ ਰਸੂਖ ਵਾਲੇ ਵਿਅਕਤੀ ਕੋਲ ਅਥਾਹ ਗੁੰਜਾਇਸ਼ਾਂ ਬਚਦੀਆਂ ਹਨ ਕਿ ਉਹ ਇਸ ਸਾਰੇ ਅਮਲ ਦੌਰਾਨ ਆਪਣੇ ਰਸੂਖ ਦੀ ਵਰਤੋਂ ਕਰੇ। ਸਬੂਤਾਂ, ਗਵਾਹਾਂ ਨੂੰ ਆਪਣੇ ਅਨੁਸਾਰ ਢਾਲੇ, ਪੁਲਸ ਤੇ ਅਫਸਰਸ਼ਾਹੀ ਨਾਲ ਸੌਦੇਬਾਜੀ ਕਰਕੇ ਉਹਦੀ ਰੱਖਿਆ ਛਤਰੀ ਹੇਠ ਆਵੇ, ਪੀੜਤ ਧਿਰ ਤੇ ਗਵਾਹਾਂ ਨੂੰ ਧਮਕਾਵੇ ਤੇ ਡਰਾਵੇ ਅਤੇ ਉਹ ਸਭ ਕੁੱਝ ਜੋ ਉਸ ਨੂੰ ਕੇਸ  'ਚੋਂ ਬਚਾ ਸਕੇ ਤੇ ਉਸ ਤੋਂ ਅੱਗੇ ਇਨਸਾਫ ਦਾ ਹੱਕ ਮੰਗਣ ਵਾਲੀ ਪੀੜਤ ਲਡ਼ਕੀ ਤੇ ਪਰਿਵਾਰ ਤੋਂ ਇਹ ਹਿਮਾਕਤ ਕਰਨ ਦਾ ਬਦਲਾ ਵੀ ਲਵੇ ਤੇ ਆਮ ਤੌਰ 'ਤੇ ਅਜਿਹਾ ਹੀ ਵਾਪਰਦਾ ਹੈ। ਮੀਡੀਆ 'ਚ ਬਹੁਤ ਜਿਆਦਾ ਉੱਭਰ ਆਉਣ ਵਾਲੇ ਕੁੱਝ ਕੇਸਾਂ ਨੂੰ ਛੱਡ ਕੇ, ਉਹ ਵੀ ਅਜਿਹੇ, ਜਿੰਨ੍ਹਾਂ 'ਚ ਦੋਸ਼ੀ ਵਿਅਕਤੀ ਕੋਈ ਵਿਸ਼ੇਸ਼ ਸਮਾਜੀ-ਸਿਆਸੀ ਰਸੂਖ ਵਾਲੇ ਵਿਅਕਤੀ ਨਹੀਂ ਸਨ, ਆਮ ਤੌਰ 'ਤੇ ਬਲਾਤਕਾਰ ਦੀ ਸਿਕਾਰ ਹੋਈ ਪੀੜਤ ਲੜਕੀ ਨੂੰ ਇਨਸਾਫ ਦੇ ਹੱਕ ਲਈ ਅਜਿਹੇ ਡਾਢੇ ਬਿਖੜੇ ਪੈਂਡੇ ਤੋਂ ਗੁਜ਼ਰਨਾ ਪੈਂਦਾ ਹੈ। ਇਹਦੀ ਉੱਘੜਵੀਂ ਉਦਾਹਰਣ ਹੈ ਕਿ ਭਾਜਪਾ ਵਿਧਾਇਕ ਕੁਲਦੀਪ ਸੈਂਗਰ ਨੇ ਆਪਣੇ ਸਮਾਜੀ ਸਿਆਸੀ ਰੁਤਬੇ ਦੇ ਜੋਰ 'ਤੇ ਪੀੜਤ ਲੜਕੀ ਦੇ ਪਰਿਵਾਰ ਦਾ ਜੋ ਹਸ਼ਰ ਕੀਤਾ ਹੈ ਉਹ ਦਿਲ ਕੰਬਾਊ ਹੈ। ਜੇਲ੍ਹ ਜਾਣ ਤੋਂ ਪਹਿਲਾਂ ਲੜਕੀ ਦੇ ਪਿਉ ਦਾ ਕਤਲ ਕੀਤਾ ਗਿਆ ਤੇ ਮਗਰੋਂ ਕੇਸ ਦੀ ਪੈਰਵਾਈ ਕਰ ਰਹੀ ਲੜਕੀ ਨੂੰ ਡਰਾਉਣ ਧਮਕਾਉਣ ਤੋਂ ਲੈ ਕੇ, ਟਰੱਕ ਦੀ ਟੱਕਰ ਮਾਰ ਕੇ ਕਤਲ ਕਰਨ ਦੀ ਕੋਸ਼ਿਸ਼ ਤੱਕ ਕੀਤੀ ਗਈ। ਇਉਂ ਹੀ ਉਨਾਉਂ ਦੇ ਹੀ ਇਕ ਹੋਰ ਕੇਸ 'ਚ ਜਮਾਨਤ 'ਤੇ ਆਏ ਦੋਸ਼ੀਆਂ ਵੱਲੋਂ ਲੜਕੀ ਨੂੰ  ਜਿੰਦਾ ਜਲਾ ਦਿੱਤਾ ਗਿਆਇਹ ਤਾਂ ਉਹ ਸਿਖਰਲੀਆਂ ਉਦਾਹਰਣਾਂ ਹਨ ਜਦ ਕਿ ਗਵਾਹਾਂ ਨੂੰ ਧਮਕਾ ਕੇ ਮੁੱਕਰਨ ਲਈ ਮਜਬੂਰ ਕਰਨ ਤੋਂ ਲੈ ਕੇ ਹਰ ਤਰ੍ਹਾਂ ਦੇ ਹਥਕੰਡਿਆਂ ਰਾਹੀਂ ਦੋਸ਼ੀਆਂ ਦਾ ਬਚ ਨਿੱਕਲਣਾ ਆਮ ਗੱਲ ਹੈ। ਕਿਉਂਕਿ ਰਾਜ ਭਾਗ ਦੇ ਸਾਰੇ ਹਿੱਸਿਆਂ ਦੀ ਮਰਦ ਪ੍ਰਧਾਨ ਮਾਨਸਿਕਤਾ ਹੈ ਤੇ ਆਮ ਕਰਕੇ ਹੀ ਇਸ ਕਹਿਰ ਦਾ ਸਿਕਾਰ ਹੋਈਆਂ ਮਜ਼ਲੂਮ ਜਮਾਤਾਂ ਦੀਆਂ ਔਰਤਾਂ  ਪ੍ਰਤੀ ਰਾਜ ਭਾਗ ਦਾ ਨਜ਼ਰੀਆ ਜਾਬਰ ਜਮਾਤਾਂ ਦੇ ਦੋਸ਼ੀਆਂ ਨੂੰ ਬਚਾਉਣ ਵਾਲਾ ਹੁੰਦਾ ਹੈ। ਇਹ ਹਾਲਤ ਦਸਦੀ ਹੈ ਕਿ ਬਲਾਤਕਾਰ ਦੇ ਜੁਲਮ ਦੀ ਘਟਨਾ 'ਚ ਇਨਸਾਫ ਦੇ ਹੱਕ ਲਈ ਜੂਝਣ ਦੀ ਜੱਦੋਜਹਿਦ ਜਥੇਬੰਦ ਲੋਕ ਸ਼ਕਤੀ ਦੇ ਸਿਰ 'ਤੇ ਲੜੀ ਜਾਣ ਵਾਲੀ ਜੱਦੋਜਹਿਦ ਬਣਦੀ ਹੈ। ਅਜਿਹੀ ਜਥੇਬੰਦ ਲੋਕ ਤਾਕਤ ਤੋਂ ਬਿਨਾਂ ਇਕ ਵਾਰ ਦਾ ਉੱਠਿਆ ਆਪ ਮੁਹਾਰਾ ਲੋਕ ਰੋਹ ਦੋਸ਼ੀਆਂ ਨੂੰ ਕੇਸਾਂ 'ਚ ਤਾਂ ਪੁਆ ਦਿੰਦਾ ਹੈ ਪਰ ਇਨਸਾਫ ਦੇ ਹੱਕ ਲਈ ਬਿਖੜੇ ਪੈਂਡੇ ਤੱਕ ਦੇ ਲੰਮੇ ਅਮਲ ਦੌਰਾਨ ਜਥੇਬੰਦ ਲੋਕ ਸੰਘਰਸ਼ ਹੀ ਹਥਿਆਰ ਬਣ ਸਕਦਾ ਹੈ।
ਪੰਜਾਬ ਅੰਦਰ ਬੀਤੇ ਅਰਸੇ 'ਚ ਲੜੇ ਗਏ ਅਜਿਹੇ ਜਨਤਕ ਸੰਘਰਸ਼ ਇਸ ਖੇਤਰ 'ਚ ਰੌਸ਼ਨੀ ਦਿਖਾਉਂਦੇ ਹਨ।  ਇਨ੍ਹਾਂ 'ਚੋਂ ਤਿੰਨ ਸੰਘਰਸ਼ ਵਿਸ਼ੇਸ਼ ਕਰਕੇ ਉੱਭਰਵੇਂ ਬਣਦੇ ਹਨ ਜਿੱਥੇ ਦੋਸ਼ੀ ਆਪਣੇ ਸਮਾਜੀ-ਸਿਆਸੀ ਅਸਰ ਰਸੂਖ ਕਾਰਨ ਕੇਸਾਂ  'ਚੋਂ  ਬਚ ਨਿੱਕਲਣ 'ਚ ਕਾਮਯਾਬ ਹੋਣੇ ਤੈਅ ਸਨ ਜੇਕਰ ਇਹਨਾਂ ਕੇਸਾਂ 'ਚ ਅਖੀਰ ਤੱਕ ਜਥੇਬੰਦ ਜਨਤਕ ਤਾਕਤ ਦਾ ਦਬਾਅ ਨਾ ਬਣਾ ਕੇ ਰੱਖਿਆ ਜਾਂਦਾ। ਵਿਸ਼ੇਸ਼ ਕਰਕੇ ਫਰੀਦਕੋਟ ਅਗਵਾ ਕਾਂਡ 'ਚ ਤਾਂ ਲੋਕ ਤਾਕਤ ਦਾ ਮੱਥਾ ਰਾਜ ਭਾਗ ਦੀ ਗੈਰ ਕਾਨੂੰਨੀ ਲੱਠਮਾਰ ਤਾਕਤ ਨਾਲ ਲੱਗਿਆ ਹੋਇਆ ਸੀ ਤੇ ਸਾਰੀ ਰਾਜ ਮਸ਼ੀਨਰੀ ਦੋਸ਼ੀਆਂ ਨੂੰ ਬਚਾਉਣ ਲਈ ਝੋਕ ਦਿੱਤੀ ਗਈ ਸੀ। ਮੁੱਖ ਮੰਤਰੀ ਤੱਕ, ਸਿੱਧੇ ਹੀ ਨਿਸ਼ਾਨ ਸਿੰਘ ਦੇ ਗਰੋਹ ਦੀ ਸਰਪ੍ਰਸਤੀ ਕਰ ਰਹੇ ਸਨ। ਅਜਿਹੀ ਹਾਲਤ 'ਚ ਪਰਿਵਾਰ ਨੂੰ ਜਥੇਬੰਦ ਲੋਕ ਸ਼ਕਤੀ ਦਾ ਹੌਂਸਲਾ ਹੀ ਕਾਇਮ ਰੱਖ ਸਕਿਆਕੇਸਾਂ ਦੀ ਪੈਰਵਾਈ ਤੇ ਮਗਰੋਂ ਗੁੰਡਾ ਗਰੋਹਾਂ ਤੋਂ ਆਗੂਆਂ ਦੀ ਰੱਖਿਆ ਦਾ ਮਸਲਾ ਵੀ ਜਥੇਬੰਦ ਲੋਕ ਤਾਕਤ ਦੇ ਜੋਰ ਨਜਿੱਠਿਆ ਗਿਆ। ਇਸ ਵਿਚ ਸਭ ਤੋਂ ਉੱਭਰਵਾਂ ਪਹਿਲੂ ਘਟਨਾ ਬਾਰੇ ਹਕੂਮਤੀ ਕੂੜ ਪ੍ਰਚਾਰ ਨੂੰ ਲੋਕਾਂ 'ਚ ਨੰਗਾ ਕਰਕੇ, ਹਕੂਮਤ ਨੂੰ ਬਚਾ ਦੇ ਪੈਂਤੜੇ 'ਤੇ ਸੁੱਟ ਦੇਣ ਦੀ ਜਨਤਕ ਜਮਹੂਰੀ ਲਹਿਰ ਦੀ ਜਾਹਰ ਹੋਈ ਸਮਰੱਥਾ ਸੀ। ਇਸ ਲਹਿਰ ਦਾ ਧੁਰਾ ਬਣਕੇ ਨਿੱਤਰੀ ਜਥੇਬੰਦ ਕਿਸਾਨ ਸ਼ਕਤੀ ਸੀ ਜਿਹੜੀ ਕਈ ਖਾੜਕੂ ਘੋਲਾਂ 'ਚੋਂ ਰੜ੍ਹ ਕੇ ਜਥੇਬੰਦ ਹੋਈ ਸੀ ਤੇ ਇਨਕਲਾਬੀ ਦਿਸ਼ਾ-ਚੌਖਟੇ ਦੇ ਅਹਿਸਾਸ 'ਚ ਪ੍ਰਵਾਨ ਚੜ੍ਹ ਰਹੀ ਸੀ। ਗੰਧੜ ਕਾਂਡ (ਮੁਕਤਸਰ) ਦੌਰਾਨ ਵੀ ਲੋਕਾਂ ਦਾ ਮੱਥਾ ਪਿੰਡ ਚ ਜਗੀਰੂ ਅਸਰ ਰਸੂਖ ਵਾਲੇ ਪਰਿਵਾਰ ਨਾਲ ਲੱਗਆਿ ਸੀ ਤੇ ਜਥੇਬੰਦ ਕਸਾਨ-ਮਜ਼ਦੂਰ ਸ਼ਕਤੀ ਨੇ ਮਹੀਨਿਆਂ ਬੱਧੀ ਤਿੱਖੀ ਜੱਦੋਜਹਿਦ ਰਾਹੀਂ ਦੋਸ਼ੀ ਅੰਦਰ ਕਰਵਾਏ ਸਨ। ਸੈਂਕੜੇ ਕਸਾਨ-ਖੇਤ ਮਜ਼ਦੂਰ ਕਾਰਕੁੰਨਾਂ ਨੂੰ ਜੇਲ੍ਹ 'ਚ ਸੁੱਟਿਆ ਗਿਆ ਸੀ। ਇਹ ਸੰਘਰਸ਼ ਵੀ ਕਿਸਾਨ-ਖੇਤ ਮਜ਼ਦੂਰ ਜਥੇਬੰਦੀਆਂ ਦੇ ਮਜਬੂਤ ਜਥੇਬੰਦ ਤਾਣੇਬਾਣੇ ਦੇ ਜੋਰ ਹੀ ਲੜਿਆ ਤੇ ਜਿੱਤਿਆ ਗਿਆ ਸੀ। ਇਉਂ ਹੀ ਮਹਿਲ ਕਲਾਂ 'ਚ ਕਿਰਨਜੀਤ ਨੂੰ ਇਨਸਾਫ ਦੁਆਉਣ ਦਾ ਸੰਘਰਸ਼ ਤਾਂ ਹੁਣ ਢਾਈ ਦਹਾਕੇ ਮਗਰ ਤੱਕ ਆ ਪੁੱਜਾ ਹੈ ਜਦੋਂ ਮਨਜੀਤ ਧਨੇਰ ਦੀ ਰਿਹਾਈ ਲਈ ਅਜੇ ਵੀ ਲੋਕਾਂ ਨੂੰ ਲੰਮਾਂ ਸੰਘਰਸ਼ ਲੜਨਾ ਪਿਆ ਹੈ। ਇਹ ਕੇਸ ਵੀ ਇਹੀ ਦਸਦਾ ਹੈ ਕਿ ਰਸੂਖਵਾਨ ਦੋਸ਼ੀ ਗ੍ਰੋਹਾਂ ਨਾਲ ਮੱਥਾ ਲਾਉਣ ਲਈ ਜਥੇਬੰਦ ਲੋਕ ਤਾਕਤ ਲੋੜੀਂਦੀ ਹੈ ਜੋ ਮਗਰੋਂ ਤੱਕ ਕੇਸਾਂ ਦੀ ਪੈਰਵਾਈ ਕਰ ਸਕਦੀ ਹੋਵੇ ਤੇ ਪੈਰ ਪੈਰ 'ਤੇ ਇਹਨਾਂ ਗੁੰਡਾ ਗ੍ਰੋਹਾਂ ਤੇ ਉਹਨਾਂ ਦੇ ਸਰਪ੍ਰਸਤ ਰਾਜ ਭਾਗ ਨਾਲ ਭਿੜ ਸਕਦੀ ਹੋਵੇ। ਇਹ ਲੜਾਈ ਏਨੀ ਗੁੰਝਲਦਾਰ, ਸਖਤ ਜਾਨ ਤੇ ਲਮਕਵੀਂ ਹੈ ਕਿ ਸਧਾਰਨ ਜਮਹੂਰੀ ਚੇਤਨਾ ਨਾਲ ਇਹ ਸੰਘਰਸ਼ ਚਲਾਉਣਾ ਵੀ ਮੁਸ਼ਕਲ ਹੋ ਨਿੱਬੜਦਾ ਹੈ। ਜਿਕਰ ਅਧੀਨ ਆਏ ਸੰਘਰਸ਼ ਵੀ ਤਾਂ ਹੀ ਕਾਮਯਾਬ ਹੋ ਸਕੇ ਹਨ ਕਿਉਕਿ ਇਹਨਾਂ ਦੇ ਧੁਰੇ ਵਜੋਂ ਇਨਕਲਾਬੀ ਸਿਆਸੀ ਦਿਸ਼ਾ-ਸੂਝ ਦੇ ਨਜ਼ਰੀਏ ਨਾਲ ਸੰਘਰਸ਼ ਕਰਦੀਆਂ ਜਥੇਬੰਦੀਆਂ ਨੇ ਰੋਲ ਅਦਾ ਕੀਤਾ ਸੀ। ਖਾਸ ਕਰਕੇ ਗੁੰਡਾ ਗ੍ਰੋਹਾਂ ਨਾਲ ਮੱਥਾ ਲਾਉਣ ਲਈ ਮਜ਼ਬੂਤ ਜਥੇਬੰਦਕ ਤਾਕਤ, ਕਾਰਕੁੰਨ ਸ਼ਕਤੀ, ਆਗੂ ਕਾਰਕੁੰਨਾਂ ਦੀ ਜਚਵੀਂ ਮਾਨਸਿਕ ਤਿਆਰੀ ਲੋੜੀਂਦੀ ਹੈ। ਰਾਜ ਭਾਗ ਦੀ ਮਸ਼ੀਨਰੀ ਦੀਆਂ ਚਾਲਾਂ ਨੂੰ ਬੁੱਝ ਕੇ ਕੁੱਟ ਸਕਣ ਜੋਗੀ ਸੂਝ ਸਿਆਣਪ ਵਾਲੀ ਲੀਡਰਸ਼ਿਪ ਲੋੜੀਂਦੀ ਹੈ, ਅਜਿਹੀ ਲੀਡਰਸ਼ਿਪ ਜਿਹੜੀ ਰਾਜ ਭਾਗ ਦੇ ਮੱਕਾਰੀ ਭਰੇ ਕਿਰਦਾਰ-ਵਿਹਾਰ ਦਾ ਪੂਰਾ ਥਹੁ ਰਖਦੀ ਹੋਵੇ ਤੇ ਇਹਨੂੰ ਅਗਾਊਂ ਬੁੱਝ ਸਕਦੀ ਹੋਵੇ। ਇਹਨਾਂ ਜਨਤਕ ਸੰਘਰਸ਼ਾਂ 'ਚ ਅਗਵਾਈ ਕਰਦੇ ਹਿਸਿੱਆਂ ਦੀ ਅਜਿਹੀ ਸਮਰੱਥਾ ਨਾਲ ਹੀ ਇਹ ਘੋਲ ਗੁੰਝਲਦਾਰ ਮੋੜਾਂ 'ਚੋਂ ਗੁਜ਼ਰਦੇ ਹੋਏ ਸਫਲਤਾ ਨਾਲ ਜਿੱਤੇ ਗਏ ਹਨ।
ਬਲਾਤਕਾਰ ਵਰੋਧੀ ਸ਼ੰਘਰਸ਼ਾਂ 'ਚ ਇਹ ਘੋਲ ਮਿਸਾਲੀ ਬਣਦੇ ਹਨ ਤੇ ਰਸਤਾ ਦਿਖਾਉਂਦੇ ਹਨ ਕਿ ਆਪ-ਮੁਹਾਰੇ ਰੋਹ ਨੂੰ ਜਥੇਬੰਦ ਲੋਕ ਤਾਕਤ 'ਚ ਪਲਟੇ ਬਿਨਾਂ ਇਨਸਾਫ ਦਾ ਹੱਕ ਨਹੀਂ ਪੁਗਾਇਆ ਜਾ ਸਕਦਾ। ਇਸ ਤਜਰਬੇ ਨੂੰ ਗ੍ਰਹਿਣ ਕਰਨ ਤੇ ਉਚਿਆਉਣ ਦੀ ਜਰੂਰਤ ਹੈ।      ---

No comments:

Post a Comment