Thursday, July 4, 2019

ਇਰਾਨੀ ਤੇਲ 'ਤੇ ਅਮਰੀਕਨ ਪਾਬੰਦੀਆਂ — ਇਕ ਧੌਂਸਬਾਜ਼ ਕਾਰਵਾਈ ਭਾਰਤੀ ਹਾਕਮ ਅਮਰੀਕੀ ਫੁਰਮਾਨਾਂ ਮੂਹਰੇ ਵਿਛੇ


ਇਰਾਨੀ ਤੇਲ 'ਤੇ ਅਮਰੀਕਨ ਪਾਬੰਦੀਆਂ ਇੱਕ ਧੌਂਸਬਾਜ਼ ਕਾਰਵਾਈ
ਭਾਰਤੀ ਹਾਕਮ ਅਮਰੀਕੀ ਫੁਰਮਾਨਾਂ ਮੂਹਰੇ ਵਿਛੇ

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਅਮਰੀਕਾ ਵੱਲੋਂ ਇਰਾਨ ਨਾਲ ਕੀਤੀ ਪ੍ਰਮਾਣੂੰ ਸੰਧੀ ਚੋਂ ਪਿਛਲੇ ਸਾਲ ਮੌਜੂਦਾ ਰਾਸ਼ਟਰਪਤੀ ਟਰੰਪ ਨੇ, ਬਿਨਾਂ ਕਿਸੇ ਵਾਜਬ ਕਾਰਨ ਦੇ, ਅਚਾਨਕ ਪੈਰ ਪਿਛਾਂਹ ਖਿੱਚ ਲਿਆ ਸੀ। ਇਰਾਨ ਉਤੇ ਦਹਿਸ਼ਤਗਰਦੀ ਦੀ ਹਮਾਇਤ ਕਰਨ ਦਾ ਦੋਸ਼ ਲਾ ਕੇ ਅਤੇ ਉਸ ਵਿਰੁੱਧ ਸਖਤ ਪਾਬੰਦੀਆਂ ਲਾਉਣ ਦਾ ਐਲਾਨ ਕਰਕੇ ਇਰਾਨ ਨਾਲ ਤਿੱਖੇ ਟਕਰਾਅ ਦੇ ਇੱਕ ਨਵੇਂ ਗੇੜ ਦਾ ਮੁੱਢ ਬੰਨ੍ਹ ਦਿੱਤਾ ਸੀ। ਇਹਨਾਂ ਗਲ-ਘੋਟੂ ਪਾਬੰਦੀਆਂ 'ਚ ਇਰਾਨੀ ਤੇਲ ਦੀ ਬਰਾਮਦ ਪੂਰੀ ਤਰ੍ਹਾਂ ਰੋਕਣ ਤੋਂ ਇਲਾਵਾ ਇਰਾਨ ਦੀ, ਊਰਜਾ ਸਨਅਤ, ਹਵਾਬਾਜੀ ਸਨਅਤ, ਹਥਿਆਰ ਸਨਅਤ, ਵਪਾਰ, ਵਿੱਤੀ ਕਾਰੋਬਾਰ ਆਦਿ ਨੂੰ ਤਬਾਹ ਕਰਨ ਲਈ ਇਹਨਾਂ 'ਤੇ ਮਾਰੂ ਪਾਬੰਦੀਆਂ ਲਾਉਣ ਜਿਹੇ ਕਦਮ ਸ਼ਾਮਲ ਹਨ। ਇਹ ਪਾਬੰਦੀਆਂ ਨਵੰਬਰ 2018 ਤੋਂ ਲਾਗੂ ਕਰਨ ਦਾ ਹੁਕਮ ਚਾੜ੍ਹਿਆ ਗਿਆ ਸੀ। ਅਮਰੀਕਾ ਲਈ ਅੱਡ ਅੱਡ ਕਾਰਨਾਂ ਕਰਕੇ ਅਹਿਮੀਅਤ ਰਖਦੀਆਂ ਅੱਠ ਦੇਸ਼ਾਂ ਦੀਆਂ ਸਰਕਾਰਾਂ-ਜਿਨ੍ਹਾਂ 'ਚ ਚੀਨ, ਜਾਪਾਨ, ਦੱਖਣੀ ਕੋਰੀਆ, ਤਾਇਵਾਨ, ਭਾਰਤ, ਤੁਰਕੀ, ਇਟਲੀ ਤੇ ਗਰੀਸ ਆਦਿਕ ਸ਼ਾਮਲ ਸਨ, ਨੂੰ ਇਰਾਨੀ ਤੇਲ ਦੀਆਂ ਦਰਾਮਦਾਂ ਹੋਲੀ ਹੌਲੀ ਘਟਾਉਣ ਤੇ ਛੇ ਮਹੀਨਿਆਂ 'ਚ ਇਹ ਤੇਲ ਖਰੀਦਦਾਰੀ ਪੂਰੀ ਤਰ੍ਹਾਂ ਠੱਪ ਕਰਨ ਦੀ ਮੋਹਲਤ ਦੇ ਦਿੱਤੀ ਗਈ ਸੀਪਹਿਲੀ ਮਈ 2019 ਨੂੰ ਇਹ ਮੋਹਲਤੀ ਸਮਾਂ ਖਤਮ ਹੋਣ 'ਤੇ ਅਮਰੀਕਾ ਨੇ ਇਰਾਨੀ ਤੇਲ ਦੀ ਦਰਾਮਦ 'ਤੇ ਪਾਬੰਦੀ 'ਚ ਅਗਾਂਹ ਹੋਰ ਢਿੱਲ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ।

ਧੌਂਸਬਾਜ ਕਾਰਵਾਈ

ਦੁਨੀਆਂ ਪੱਧਰ ਉੱਤੇ ਇਕ ਸਰਗਰਮ ਸਾਮਰਾਜੀ ਦਿਓ-ਤਾਕਤ ਹੋਣ ਕਰਕੇ, ਅਮਰੀਕੀ ਹੁਕਮਰਾਨ ਆਪਣੇ ਆਪ ਨੂੰ ਰਾਸ ਨਾ ਬੈਠਦੇ ਕਿਸੇ ਵੀ ਕੌਮਾਂਤਰੀ ਕਾਇਦੇ ਕਾਨੂੰਨ ਜਾਂ ਸੰਧੀਆਂ/ਸਮਝੌਤਿਆਂ ਨੂੰ ਮੰਨਣ ਤੋਂ ਅਕਸਰ ਨਾਬਰੀ ਦਾ ਇਜ਼ਹਾਰ ਕਰਦੇ ਆ ਰਹੇ ਹਨ। ਅਮਰੀਕਨ ਸਾਮਰਾਜ ਦੇ ਹਿੱਤਾਂ ਤੇ ਮਰਜ਼ੀ ਨੂੰ ਹੀ ਉਹ ਕੌਮਾਂਤਰੀ ਭਾਈਚਾਰੇ ਦੇ ਹਿੱਤਾਂ ਤੇ ਮਰਜ਼ੀ ਵਜੋਂ ਪੇਸ਼ ਕਰਦੇ ਹਨ। ਉਹ ਅਮਰੀਕਨ ਮਰਜ਼ੀ ਤੋਂ ਨਾਬਰ ਹੋਣ ਵਾਲਿਆਂ ਨਾਲ ਗੈਂਗਸਟਰ ਦੀ ਤਰ੍ਹਾਂ ਪੇਸ਼ ਆਉਂਦੇ ਹਨ ਤੇ ਚੁਣੌਤੀਕਾਰ ਨੂੰ ਮਲੀਆਮੇਟ ਕਰਨ ਲਈ ਸਿਰੇ ਦੇ ਵਹਿਸ਼ੀਪੁਣੇ ਦਾ ਮੁਜਾਹਰਾ  ਕਰਨ ਤੋਂ ਵੀ ਕਸੀਸ ਨਹੀਂ ਵੱਟਦੇ। ਉਹ ਦੁਨੀਆਂ ਅੰਦਰ ਬਦਅਮਨੀ, ਜੰਗ, ਅਨਿਆਂ ਆਦਿਕ ਨੂੰ ਪੈਦਾ ਕਰਨ, ਭੜਕਾਉਣ ਤੇ ਫੈਲਾਉਣ ਦਾ ਸੋਮਾ ਤੇ ਸਭ ਤੋਂ ਵੱਡੇ ਮੁਜ਼ਰਿਮ ਹਨ। ਅਮਰੀਕੀ ਸਾਮਰਾਜ ਦਹਿਸ਼ਤਗਰਦੀ ਨੂੰ ਪੈਦਾ ਕਰਨ, ਵਧਾਉਣ ਫੈਲਾਉਣ ਅਤੇ ਇਸਦੀ ਆਪਣੇ ਸਾਮਰਾਜੀ ਹਿੱਤਾਂ ਲਈ ਵਰਤੋਂ ਕਰਨ ਦਾ ਸਭ ਤੋਂ ਵੱਡਾ ਮੁਜ਼ਰਿਮ ਹੈ।
ਅਮਰੀਕਨ ਸਾਮਰਾਜੀਆਂ ਵੱਲੋਂ ਇਰਾਨ ਦੀ ਮੁਕੰਮਲ ਨਾਕਾਬੰਦੀ ਕਰਕੇ ਉਸਦੇ ਅਰਥਚਾਰੇ ਨੂੰ ਤਬਾਹ ਕਰਨ ਅਤੇ ਉਸਦਾ ਸਾਹ ਘੁੱਟਣ ਦੀ ਉਪਰੋਕਤ ਸ਼ਰੇਆਮ ਧੌਂਸਬਾਜ ਕਾਰਵਾਈ ਦੇਸ਼ਾਂ ਅੰਦਰ ਵਰਤ ਵਿਹਾਰ ਦੇ ਸਭਨਾਂ ਕੌਮਾਂਤਰੀ ਨਿਯਮਾਂ ਦਾ ਖੁੱਲ੍ਹਾ ਉਲੰਘਣ ਹੈ ਅਤੇ ਇਹ ਇਰਾਨ ਦੀ ਪ੍ਰਭੂਸਤਾ ਦਾ ਉਲੰਘਣ ਤੇ ਉਸ ਵਿਰੁੱਧ, ਬਿਨਾਂ ਕਿਸੇ ਭੜਕਾਹਟ ਦੇ ਜੰਗ ਛੇੜਨ ਦੀ ਧੱਕੜ ਕਾਰਵਾਈ ਹੈ। ਇਹ ਖਾੜੀ ਤੇ ਮੱਧ-ਪੂਰਬ ਏਸ਼ੀਆ ਦੇ ਖੇਤਰ 'ਚ ਅਮਰੀਕਨ ਪਿੱਠੂ ਇਜ਼ਰਾਈਲ ਤੇ ਸਾਊਦੀ ਅਰਬ ਲਈ ਚੁਣੌਤੀ ਬਣਕੇ ਉੱਭਰਨ ਤੇ ਅਮਰੀਕਨ ਧੌਂਸ ਤੋਂ ਨਾਬਰ ਇਰਾਨੀ ਹਕੂਮਤ ਦੀ ਆਰਥਕਤਾ ਨੂੰ ਤਬਾਹ ਕਰਕੇ ਅਮਰੀਕਨ ਸਾਮਰਾਜੀ ਹਾਕਮਾਂ ਦੀ ਈਨ ਮੰਨਾਉਣ ਜਾਂ ਫਿਰ ਦਮ-ਘੋਟੂ ਨਾਕਾਬੰਦੀ ਰਾਹੀਂ ਇਰਾਨ ਅੰਦਰ ਬਦਅਮਨੀ ਨੂੰ ਝੋਕਾ ਲਾ ਕੇ ਸਾਮਰਾਜੀ ਇਸ਼ਾਰਿਆਂ 'ਤੇ ਨੱਚਣ ਵਾਲੀ ਹਕੂਮਤ ਦੀ ਕਾਇਮੀ ਵੱਲ ਸੇਧਤ ਧੌਂਸਬਾਜ ਕਾਰਵਾਈ ਹੈ। ਯਕੀਨਨ ਹੀ, ਇਸ ਦਾ ਨਤੀਜਾ ਮੂਲਵਾਦ, ਦਹਿਸ਼ਤਗਰਦੀ ਤੇ ਅਸਥਿਰਤਾ ਨੂੰ ਹੁਲਾਰਾ ਦੇਣ ਤੇ ਤਕੜਾ ਕਰਨ 'ਚ ਨਿੱਕਲੇਗਾ। ਇਹ ਬਦਅਮਨੀ ਤੇ ਜੰਗ ਨੂੰ ਹਵਾ ਦੇਣ ਤੇ ਬੇਗੁਨਾਹ ਲੋਕਾਂ ਦੀਆਂ ਜਾਨਾਂ ਲੈਣ ਤੇ ਜ਼ਿੰਦਗੀਆਂ ਉਜਾੜਨ ਦਾ ਸਬੱਬ ਹੋ ਨਿੱਬੜੇਗਾ।
ਪਰ ਅਮਰੀਕਾ ਦੀ ਇਹ ਧੱਕੜ ਕਾਰਵਾਈ ਕਹਿਣ ਨੂੰ ਹੀ ਸਿਰਫ ਇਰਾਨ ਵਿਰੁੱਧ ਸੇਧਤ ਹੈ, ਹਕੀਕਤ 'ਚ ਇਹ ਇਰਾਨ ਸਮੇਤ ਉਸ ਤੋਂ ਤੇਲ ਦਰਾਮਦਕਾਰੀ ਜਾਂ ਉਸ ਨਾਲ ਵਪਾਰਕ ਕਾਰੋਬਾਰ ਕਰਨ ਵਾਲੇ ਸਭਨਾਂ ਦੇਸ਼ਾਂ ਵਿਰੁੱਧ ਸੇਧਤ ਹੈ। ਅਮਰੀਕਨ ਸਾਮਰਾਜੀਆਂ ਦੇ ਫੁਰਮਾਨ ਦਾ ਅਰਥ ਇਹ ਬਣਦਾ ਹੈ ਕਿ ਇਰਾਨ ਨਾਲ ਕੱਚੇ ਤੇਲ ਜਾਂ ਹੋਰ ਵਸਤਾਂ ਦਾ ਵਪਾਰ ਕਰਨ ਵਾਲੇ ਦੁਨੀਆਂ ਦੇ ਮੁਲਕ ਇਹ ਕਾਰੋਬਾਰ ਆਪਣੀ ਲੋੜ ਅਤੇ ਮਰਜ਼ੀ ਅਨੁਸਾਰ ਨਹੀਂ ਕਰ ਸਕਦੇ, ਸਗੋਂ ਉਹ ਅਮਰੀਕਨ ਸਾਮਰਾਜ ਦੀ ਮਰਜ਼ੀ ਤੇ ਪ੍ਰਵਾਨਗੀ ਦੇ ਮੁਥਾਜ ਹਨ। ਇਉਂ, ਅਮਰੀਕਨ ਸਾਮਰਾਜੀਆਂ ਦੀ ਇਹ ਧੱਕੜ ਕਾਰਵਾਈ ਇਰਾਨ ਨਾਲ ਵਪਾਰਕ ਲੈਣ-ਦੇਣ ਕਰਨ ਵਾਲੇ ਸਭਨਾਂ ਮੁਲਕਾਂ ਦੀ ਆਰਥਕ ਤੇ ਸਿਆਸੀ ਪ੍ਰਭੂਸਤਾ ਦੀ ਸ਼ਰੇਆਮ ਖੁੱਲ੍ਹ-ਮ-ਖੁੱਲ੍ਹੀ ਚਣੌਤੀ ਹੈ। ਇਹ ਪ੍ਰਭੂਸਤਾ-ਸੰਪੰਨ ਹੋਰਨਾਂ ਮੁਲਕਾਂ ਉੱਤੇ ਅਮਰੀਕਨ ਮਰਜ਼ੀ ਲੱਦਣ ਤੇ ਉਹਨਾਂ ਦੀ ਰਜ਼ਾ 'ਚ ਰਹਿਕੇ ਹੀ ਚੱਲਣ ਦਾ ਧੱਕੜ ਫੁਰਮਾਨ ਹੈ। ਇਸ ਸਾਮਰਾਜੀ ਸੀਨਾਜੋਰੀ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ।

ਭਾਰਤੀ ਹਾਕਮ ਗੋਡਣੀਏਂ

ਪਿਛਲੇ ਸਾਲ ਜਦ ਅਮਰੀਕਾ ਨੇ ਇਰਾਨ ਤੋਂ ਤੇਲ ਦਰਾਮਦਾਂ ਕਰਨ 'ਤੇ ਪਾਬੰਦੀ ਦਾ ਐਲਾਨ ਕੀਤਾ ਸੀ ਤਾਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੜੀ ਹੁੱਬ ਕੇ ਬੜ੍ਹਕ ਮਾਰੀ ਸੀ ਕਿ ਭਾਰਤ ਸਿਰਫ ਯੂ ਐਨ ਓ ਵੱਲੋਂ ਲਾਈਆਂ ਪਾਬੰਦੀਆਂ ਦੀ ਹੀ ਪਾਲਣਾ ਕਰੇਗਾ, ਕਿਸੇ ਦੇਸ਼ ਵੱਲੋਂ ਲਾਈਆਂ ਦੀ ਨਹੀਂ। ਭਾਰਤ ਨੂੰ ਝਾਕ ਸੀ ਕਿ ਉਹ ਮਿੰਨਤ ਤਰਲਾ ਕਰਕੇ ਅਮਰੀਕਾ ਤੋਂ ਕੁੱਝ ਹੋਰ ਸਮੇਂ ਲਈ ਇਰਾਨੀ ਤੇਲ ਦਰਾਮਦ ਕਰਨ ਦੀ ਰਿਐਤ ਲੈ ਲੈਣਗੇ। ਪਰ ਅਮਰੀਕਾ ਵੱਲੋਂ ਦਿੱਤੇ ਟਕੇ ਵਰਗੇ ਜੁਆਬ ਤੋਂ ਬਾਅਦ ਭਾਰਤ ਦੇ ਪੈਟਰੋਲੀਅਮ ਮੰਤਰੀ ਧਰਮੇਂਦਰ ਪਰਧਾਨ ਨੇ ਬਿਆਨ ਦਿੱਤਾ ਹੈ ਕਿ ਭਾਰਤ 'ਚ ਤੇਲ ਉਤਪਾਦਾਂ ਦੀ ਨਿਰਵਿਘਨ ਸਪਲਾਈ ਲਈ ਭਾਰਤ ਨੇ ਸਾਰੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰ ਰੱਖੇ ਹਨ। ਬੜ੍ਹਕਾਂ ਮਾਰਨ ਦੀ ਥਾਂ ਹੁਣ ਮੋਕ ਮਾਰਨੀ ਸ਼ੁਰੂ ਕਰ ਦਿੱਤੀ ਹੈ। ਭਾਰਤ ਦਾ ਪ੍ਰਧਾਨ ਮੰਤਰੀ ਮੋਦੀ  ਜਿਹੜਾ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਬਣਨ ਵਾਲਿਆਂ ਵਾਂਗ ਗਵਾਂਢੀ ਮੁਲਕ ਪਾਕਿਸਤਾਨ ਵਿਰੁੱਧ ਦਿਖਾਵੇ ਮਾਤਰ ਇੱਕ ਦੋ ਛੋਟੀਆਂ ਫੌਜੀ ਕਾਰਵਾਈਆਂ (ਉਹ ਵੀ ਵਿਵਾਦਤ) ਕਰਕੇ ਆਪਣੇ ਸਿਰ 'ਤੇ ਆਪ ਹੀ ਮਹਾਨ ਰਾਸ਼ਟਰਵਾਦੀ ਹੋਣ ਦੀ ਕਲਗੀ ਸਜਾਈ ਫਿਰਦਾ ਹੈ, ਅਮਰੀਕਾ ਵੱਲੋਂ ਭਾਰਤ ਦੇ ਅਰਥਚਾਰੇ ਤੇ ਪ੍ਰਭੂਸਤਾ 'ਤੇ ਕੀਤੇ ਇਸ ਵਾਰ ਮੂਹਰੇ ਵਿਛ ਕਿਉਂ ਗਿਆ ਹੈ? ਜੇ ਉਹ ਐਡਾ ਹੀ ਰਾਸ਼ਟਰਵਾਦੀ ਹੈ ਤਾਂ ਉਸ ਨੇ ਗੱਜ-ਵੱਜ ਕੇ ਅਮਰੀਕਾ ਦੀਆਂ ਇਹਨਾਂ ਪਾਬੰਦੀਆਂ ਨੂੰ ਠੁਕਰਾਉਣ ਤੇ ਭਾਰਤ ਲਈ ਇਰਾਨ ਤੋਂ ਸਸਤਾ ਕੱਚਾ ਤੇਲ ਦਰਾਮਦ ਕਰਦੇ ਰਹਿਣ ਦਾ ਐਲਾਨ ਕਰਕੇ ਆਪਣੇ ਖਰੇ ਤੇ ਨਿੱਡਰ ਰਾਸ਼ਟਰਵਾਦੀ ਹੋਣ ਨੂੰ ਪ੍ਰਮਾਣਿਤ ਕਿਉਂ ਨਹੀਂ ਕੀਤਾ? ਇਸਦਾ ਕਾਰਨ ਇਹ ਹੈ ਕਿ ਭਾਰਤੀ ਹਾਕਮਾਂ ਦੀ ਰਾਸ਼ਟਰ ਭਗਤੀ ਨਕਲੀ ਹੈ, ਦੰਭ ਹੈ। ਹਕੀਕਤ 'ਚ ਉਹ ਸਾਮਰਾਜੀ ਗੋਲੇ ਹਨ। ਇਹਨਾਂ ਦੀ ਰਾਸ਼ਟਰ ਭਗਤੀ ਮੁਸਲਿਮ ਭਾਈਚਾਰੇ ਤੇ ਗਵਾਂਢੀ ਮੁਲਕਾਂ ਪ੍ਰਤੀ ਤੁਅੱਸਬ ਤੇ ਨਫਰਤ ਫੈਲਾਉਣ ਤੱਕ ਸੀਮਤ ਹੈ।

ਭਾਰਤ ਲਈ ਗੰਭੀਰ ਸਿੱਟੇ

ਚੀਨ ਤੋਂ ਬਾਅਦ ਭਾਰਤ ਇਰਾਨੀ ਕੱਚੇ ਤੇਲ ਦਾ ਦੂਜਾ ਵੱਡਾ ਗਾਹਕ ਸੀ। ਸਾਲ 2019 'ਚ ਭਾਰਤ ਨੇ ਇਰਾਨ ਤੋਂ 234 ਲੱਖ ਟਨ ਕੱਚਾ ਤੇਲ ਦਰਾਮਦ ਕੀਤਾ ਸੀ ਜੋ ਇਸ ਦੀਆਂ ਕੁੱਲ ਤੇਲ ਦਰਾਮਦਾਂ ਦਾ 10 ਫੀਸਦੀ ਹੈ। ਇਰਾਨੀ ਕੱਚੇ ਤੇਲ ਦੇ ਭਾਰਤ ਲਈ ਕਈ ਲਾਹੇਵੰਦੇ ਪਹਿਲੂ ਹਨ। ਇਹ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਸਸਤਾ ਮਿਲਦਾ ਸੀ, ਇਹ ਦੋ ਮਹੀਨਿਆਂ ਦੇ ਉਧਾਰ 'ਤੇ ਮਿਲਦਾ ਸੀ, ਇਸਦੀ ਢੋਆ-ਢੁਆਈ ਤੇ ਬੀਮੇ ਦਾ ਸਾਰਾ ਖਰਚਾ ਇਰਾਨ ਸਰਕਾਰ ਖੁਦ ਚਕਦੀ ਸੀ ਤੇ ਇਹ ਭਾਰਤੀ ਤੇਲ-ਸੋਧਕ ਕਾਰਖਾਨਿਆਂ ਦੀਆਂ ਜਰੂਰਤਾਂ ਨਾਲ ਮੇਲ ਖਾਂਦਾ ਸੀ। ਇਸ ਤੋਂ ਇਲਾਵਾ ਇਰਾਨੀ ਤੇਲ ਦਾ ਅੰਸ਼ਕ ਭੁਗਤਾਨ ਰੁਪਈਆਂ 'ਚ ਵੀ ਕੀਤਾ ਜਾਂਦਾ ਸੀ, ਜਿਸ ਨਾਲ ਬਦੇਸ਼ੀ ਕਰੰਸੀ ਦੀ ਬੱਚਤ ਹੁੰਦੀ ਸੀ। ਇਰਾਨੀ ਤੇਲ ਦੀ ਦਰਾਮਦ ਬੰਦ ਹੋ ਜਾਣ ਨਾਲ ਭਾਰਤ ਨੂੰ ਕਈ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਜੋ ਇਸਦੇ ਅਰਥਚਾਰੇ ਨੂੰ ਹੋਰ ਵੀ ਅਸਥਿਰ ਕਰੇਗਾ। ਪਹਿਲੀ ਗੱਲ, ਇੰਨਾਂ ਸਸਤਾ ਤੇਲ ਹੋਰ ਕਿਤੋਂ ਵੀ ਨਹੀਂ ਮਿਲੇਗਾ ਤੇ ਆਰਥਕ ਮਾਹਰਾਂ ਅਨੁਸਾਰ ਸਿਰਫ ਇਸੇ ਕਾਰਨ ਕਰਕੇ ਭਾਰਤ ਨੂੰ ਕਈ ਹਜ਼ਾਰ ਕਰੋੜ ਦਾ ਚੂਨਾ ਲੱਗੇਗਾ। ਦੂਜਾ, ਅਮਰੀਕਾ ਵੱਲੋਂ ਲਾਈਆਂ ਪਾਬੰਦੀਆਂ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਧਣੀਆਂ ਪੱਥਰ 'ਤੇ ਲਕੀਰ ਵਾਂਗ ਪੱਕੀਆਂ ਹਨ। ਇਸ ਨਾਲ ਵੀ ਭਾਰਤ ਦਾ ਤੇਲ ਦਰਾਮਦ ਬਿੱਲ ਵਧੇਗਾ। ਤੇਲ ਦਰਾਮਦ ਬਿੱਲ ਵਧਣ ਨਾਲ ਚਾਲੂ ਖਾਤੇ ਦਾ ਘਾਟਾ ਵਧਦਾ ਹੈ। ਤੇਲ ਮਹਿੰਗਾ ਹੋਣ ਦਾ ਅਸਰ ਸਮੁੱਚੇ ਅਰਥਚਾਰੇ 'ਚ ਕੀਮਤਾਂ ਵਧਣ ਤੇ ਮੁਦਰਾ ਪਸਾਰੇ 'ਚ ਨਿੱਕਲੇਗਾ। ਹੋਰਨਾਂ ਸੋਮਿਆਂ ਤੋਂ ਖਰੀਦੇ ਤੇਲ ਨੂੰ ਸੋਧਣ ਲਈ ਤੇਲ ਰੀਫਾਈਨਰੀਆਂ ਵਿਚ ਵੀ ਕਾਫੀ ਵੱਡੇ ਖਰਚੇ ਕਰਕੇ ਤਕਨੀਕੀ ਤਬਦੀਲੀਆਂ ਕਰਨ ਦੀ ਲੋੜ ਪਵੇਗੀ। ਇਸ ਤਰ੍ਹਾਂ ਅਮਰੀਕਾ ਦੀਆਂ ਇਹ ਪਾਬੰਦੀਆਂ ਭਾਰਤੀ ਅਰਥਚਾਰੇ ਲਈ ਕਾਫੀ ਮਹਿੰਗੀਆਂ ਸਾਬਤ ਹੋ ਸਕਦੀਆਂ ਹਨ। ਅਮਰੀਕੀ ਸਾਮਰਾਜ ਦੇ ਅਜੇਹੇ ਭਾਰਤ ਵਿਰੋਧੀ ਮਾਰੂ ਕਦਮ ਦੇ ਬਾਵਜੂਦ ਭਾਰਤੀ ਹਾਕਮਾਂ ਵੱਲੋਂ ਇਸ ਦਾ ਵਿਰੋਧ ਕਰਨ ਦੀ ਗੱਲ ਤਾਂ ਦੂਰ ਰਹੀ, ਉਹ ਇਸ ਦੀ ਬਣਦੀ ਅਲੋਚਨਾ ਜਾਂ ਨਿਖੇਧੀ ਕਰਨ ਪੱਖੋਂ ਵੀ ਆਪਣਾ ਮੂੰਹ ਸਿਉਂਈ ਬੈਠੇ ਹਨ। ਭਾਰਤ -ਅਮਰੀਕਨ ਸਾਂਝ ਤੇ ਦੋਸਤੀ ਦੀਆਂ ਬੁਲੰਦ-ਬਾਂਗ ਡੀਂਗਾਂ ਅਤੇ ਨੁਮਾਇਸ਼ੀ ਜੱਫੀਆਂ ਦੇ ਬਾਵਜੂਦ ਇਹ ਅਮਰੀਕੀ ਫੁਰਮਾਨ ਇਸ ਰਿਸ਼ਤੇ ਦੇ ਅਸਲੀ ਕਿਰਦਾਰ ਨੂੰ ਉਘਾੜਕੇ ਸਾਹਮਣੇ ਲਿਆਉਂਦਾ ਹੈ। ਇਹ ਰਿਸ਼ਤਾ ਬਰਾਬਰੀ ਤੇ ਆਪਸੀ ਲਾਭ 'ਤੇ ਟਿਕਿਆ ਹੋਇਆ ਰਿਸ਼ਤਾ ਨਹੀਂ ਹੈ, ਸਗੋਂ ਅਣਸਾਂਵੇਪਣ ਤੇ ਸਾਮਰਾਜੀ ਅਧੀਨਗੀ 'ਤੇ ਟਿਕਿਆ ਹੋਇਆ ਹੈ। ਇਹ ਇੱਕ ਪਾਸੇ,  ਸਾਮਰਾਜੀ ਪ੍ਰਭੂਆਂ ਤੇ ਦੂਜੇ ਪਾਸੇ, ਉਸ ਦੀ ਛਤਰਛਾਇਆ 'ਚ ਰਹਿੰਦੇ ਉਸਦੇ ਸੇਵਕਾਂ ਵਿਚਕਾਰ ਰਿਸ਼ਤਾ ਹੈ। ਭਾਰਤੀ ਹਾਕਮ ਚਾਹੇ 56 ਇੰਚ ਛਾਤੀ ਹੋਣ ਦੀਆਂ ਲੱਖ ਡੀਂਗਾਂ ਮਾਰੀ ਜਾਣ ਪਰ ਸਾਮਰਾਜੀ ਪ੍ਰਭੂਆਂ ਨਾਲ ਵਰਤਣ ਵੇਲੇ ਉਹ ਇਸ ਲਛਮਣ ਰੇਖਾ ਦੀ ਉਲੰਘਣਾ ਨਹੀਂ ਕਰ ਸਕਦੇ।

ਸਾਮਰਾਜੀ ਧੌਂਸ ਦਾ ਵਿਰੋਧ ਕਰੋ

ਅਮਰੀਕਨ ਸਾਮਰਾਜੀਏ ਆਪਣੀ ਲੁੱਟ ਤੇ ਚੌਧਰ ਨੂੰ ਕਾਇਮ ਰੱਖਣ ਤੇ ਅੱਗੇ ਵਧਾਉਣ ਲਈ ਧੌਂਸ, ਦਖਲਅੰਦਾਜ਼ੀ ਤੇ ਫੌਜੀ ਤਾਕਤ ਦੀ ਸ਼ਰੇਆਮ ਵਰਤੋਂ ਕਰ ਰਹੇ ਹਨ ਤੇ ਉਹਨਾਂ ਦੇ ਫੁਰਮਾਨਾਂ ਮੁਤਾਬਕ ਨਾ ਚੱਲਣ ਵਾਲੀਆਂ ਹਕੂਮਤਾਂ ਦੀ ਬਾਂਹ ਮਰੋੜਣ, ਉਹਨਾਂ ਦਾ ਸਾਹ ਘੁੱਟਣ ਜਾਂ ਉਹਨਾਂ ਨੂੰ ਪਲਟਾਉਣ ਲਈ ਹਰ ਹੀਲਾ ਵਰਤ ਰਹੇ ਹਨ। ਦਹਾਕਿਆਂ ਤੱਕ ਕਿਊਬਾ ਦੀ ਨਾਕੇਬੰਦੀ ਕਰਕੇ ਰੱਖਣ ਵਾਲੇ ਅਮਰੀਕਨ ਸਾਮਰਾਜੀਆਂ ਨੇ ਹੁਣ ਵੈਨਜ਼ੂਏਲਾ, ਇਰਾਨ, ਉੱਤਰੀ ਕੋਰੀਆ ਤੇ ਰੂਸ ਆਦਿਕ ਕਈ ਮੁਲਕਾਂ ਉਤੇ ਅੱਡ ਅੱਡ ਕਿਸਮ ਦੀਆਂ ਪਾਬੰਦੀਆਂ ਮੜ੍ਹ ਰੱਖੀਆਂ ਹਨ। ਅਮਰੀਕਨ ਸਾਮਰਾਜ ਦੇ ਮੁਕਾਬਲੇ 'ਚ ਕੋਈ ਤਾਕਤਵਰ ਸਾਮਰਾਜੀ ਸ਼ਰੀਕ ਜਾਂ ਇਨਕਲਾਬੀ ਸ਼ਕਤੀ ਹਾਲ ਦੀ ਘੜੀ ਕਿਰਿਆਸ਼ੀਲ ਨਾ ਹੋਣ ਕਰਕੇ ਅਮਰੀਕਨ ਸਾਮਰਾਜੀ ਗੁੰਡਾਗਰਦੀ ਦਾ ਇਹ ਨੰਗਾ ਨਾਚ ਜਾਰੀ ਹੈ। ਅਜਿਹੀਆਂ ਹਾਲਤਾਂ 'ਚ ਅੱਡ ਅੱਡ ਮੁਲਕਾਂ 'ਚ ਸਭਨਾਂ ਅਮਨ-ਪਸੰਦ ਤੇ ਇਨਸਾਫ ਪਸੰਦ ਲੋਕਾਂ ਨੂੰ ਲੁੱਟ ਤੇ ਦਾਬੇ ਵਿਰੁੱਧ ਜਮਾਤੀ ਜੰਗ ਤੇਜ਼ ਕਰਦਿਆਂ ਨਾਲੋ ਨਾਲ ਸਾਮਰਾਜੀ ਧੌਂਸ ਦੀਆਂ ਅਜਿਹੀਆਂ ਕਾਰਵਾਈਆਂ ਵਿਰੁੱਧ ਵੀ  ਮੈਦਾਨ 'ਚ ਨਿੱਤਰਨਾ ਚਾਹੀਦਾ ਹੈ ਅਤੇ ਮੁਲਕ ਦੇ ਦਲਾਲ ਹਾਕਮਾਂ ਵੱਲੋਂ ਸਾਮਰਾਜੀ ਮੁਲਕਾਂ ਨਾਲ ਕੀਤੀਆਂ ਸਭਨਾਂ ਅਣਸਾਵੀਆਂ ਸੰਧੀਆਂ -ਸਮਝੌਤਿਆਂ ਨੂੰ ਰੱਦ ਕਰਨ ਲਈ ਜਨਤਕ ਦਬਾਅ ਬਨਾਉਣ ਵਾਸਤੇ ਆਵਾਜ਼ ਉਠਾਉਣੀ ਚਾਹੀਦੀ ਹੈ।

No comments:

Post a Comment