ਜਲ੍ਹਿਆਂਵਾਲਾ ਬਾਗ ਸਾਕੇ ਦੀਆਂ ਸ਼ਤਾਬਦੀ ਮੁਹਿੰਮਾਂ ਦਾ ਮਹੱਤਵ
ਜਲ੍ਹਿਆਂਵਾਲੇ ਸਾਕੇ
ਦੀ ਸ਼ਤਾਬਦੀ ਪੰਜਾਬ ਦੀ ਇਨਕਲਾਬੀ-ਜਮਹੂਰੀ ਲਹਿਰ ਵੱਲੋਂ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਈ ਗਈ ਹੈ ’ਤੇ ਕੌਮੀ ਮੁਕਤੀ ਲਹਿਰ ਦੇ ਨਿਸ਼ਾਨਿਆਂ ਤੇ ਅਕੀਦਿਆਂ ਨੂੰ
ਕਿਰਤੀ ਲੋਕਾਈ ’ਚ ਵੱਡੇ ਪੈਮਾਨੇ ’ਤੇ ਪ੍ਰਚਾਰਿਆ ਗਿਆ ਹੈ। ਪੰਜਾਬ ਦੀਆਂ ਸਾਰੀਆਂ ਇਨਕਲਾਬੀ
ਟੁਕੜੀਆਂ ਨੇ ਜ਼ਲ੍ਹਿਆਂਵਾਲੇ ਸਾਕੇ ਦੀ ਸ਼ਤਾਬਦੀ ਮੌਕੇ, ਮੁਲਕ ’ਚ ਸਾਮਰਾਜੀ ਗੁਲਾਮੀ ਤੋਂ ਮੁਕਤੀ ਲਈ ਜੂਝਣ ਦਾ ਸੰਦੇਸ਼
ਦਿੱਤਾ ਹੈ ’ਤੇ ਆਪੋ ਆਪਣੇ ਵਿਤ
ਅਨੁਸਾਰ ਤੇ ਨਜ਼ਰੀਏ ਅਨੁਸਾਰ ਸਮਾਗਮ ਕੀਤੇ ਹਨ। ਪੰਜਾਬ ਦੀਆਂ ਕਈ ਜਨਤਕ-ਜਮਹੂਰੀ ਜਥੇਬੰਦੀਆਂ ਨੇ ਵੀ
ਵੱਡੀਆਂ ਜਨਤਕ ਮੁਹਿੰਮਾਂ ਹੱਥ ਲਈਆਂ ਹਨ। ਦੋ ਸਮਾਗਮਾਂ ਤੇ ਮੁਹਿੰਮਾਂ ਵਿਸ਼ੇਸ਼ ਕਰਕੇ ਉੱਭਰਵੀਆਂ
ਸਨ। ਇੱਕ ਨੌਜਵਾਨ ਤੇ ਵਿਦਿਆਰਥੀ ਜਥੇਬੰਦੀ ਵੱਲੋਂ ਸਾਂਝੀ ਕਮੇਟੀ ਬਣਾ ਕੇ ਸੂਬੇ ’ਚ ਚਲਾਈ ਗਈ ਮੁਹਿੰਮ ਅਤੇ ਦੂਜੀ ਸੂਬੇ ਦੀਆਂ ਉੱਭਰਵੀਆਂ
ਜਨਤਕ ਸਖਸ਼ੀਅਤਾਂ ਦੇ ਅਧਾਰ ’ਤੇ ਗਠਿਤ ਕੀਤੀ ਕਮੇਟੀ ਵੱਲੋਂ ਚਲਾਈ ਮੁਹਿੰਮ ਤੇ ਸਮਾਗਮ। ਜ਼ਲ੍ਹਿਆਂਵਾਲਾ ਬਾਗ਼ ਸ਼ਤਾਬਦੀ ਸਮਾਗਮ
ਕਮੇਟੀ, ਪੰਜਾਬ ਵੱਲੋਂ ਸੂਬੇ ਭਰ ’ਚ ਚਲਾਈ ਗਈ ਵਿਸ਼ਾਲ ਜਨਤਕ ਮੁਹਿੰਮ ਅਤੇ ਸਿਖਰ ’ਤੇ 13 ਅਪ੍ਰੈਲ ਨੂੰ ਅੰਮਿ੍ਰਤਸਰ ’ਚ ਕੀਤਾ ਗਿਆ ਸਮਾਗਮ ਅਤੇ ਵਿਸ਼ਾਲ ਮਾਰਚ ਇਤਿਹਾਸਕ ਹੋ
ਨਿਬੜਿਆ ਹੈ। ਆਪਣੇ ਜਨਤਕ ਪ੍ਰਚਾਰ ’ਤੇ ਲਾਮਬੰਦੀ ਦੇ ਪੈਮਾਨੇ ਪੱਖੋਂ ਅਤੇ ਪ੍ਰਚਾਰ ਦੇ ਭਰਪੂਰ ਸਾਮਰਾਜ ਵਿਰੋਧੀ ਤੇ ਮੌਕੇ ਦੇ
ਪ੍ਰਸੰਗ ਅਨੁਸਾਰ ਢੁੱਕਵੇਂ ਤੱਤ ਪੱਖੋਂ ਇਸ ਮੁਹਿੰਮ ਦੀ ਵਿਸ਼ੇਸ਼ ਮਹੱਤਤਾ ਹੈ।
ਆਪਣੇ ਆਕਾਰ ਤੇ
ਪਸਾਰ ਪੱਖੋਂ ਇਸਨੇ ਵੱਖ-ਵੱਖ ਕਿਰਤੀ ਤਬਕਿਆਂ ਨੂੰ ਆਪਣੇ ਕਲਾਵੇ ’ਚ ਲਿਆ ਹੈ, ਕਿਸਾਨਾਂ-ਖੇਤ ਮਜ਼ਦੂਰਾਂ ਦੀਆਂ ਬੁਨਿਆਦੀ ਜਮਾਤਾਂ ਤੋਂ
ਲੈ ਕੇ ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ ਦੀਆਂ ਕਈ ਵੰਨਗੀਆਂ, ਔਰਤਾਂ, ਸਨਅਤੀ ਮਜ਼ਦੂਰਾਂ ਤੱਕ ਨੂੰ ਮੁਹਿੰਮ ਨੇ ਆਪਣੇ ਨਾਲ ਤੋਰਿਆ ਹੈ। ਬੁੱਧੀਜੀਵੀਆਂ ਤੱਕ ਪਹੁੰਚ
ਕੀਤੀ ਗਈ ਹੈ। ਸੂਬੇ ਦੀ ਜਨਤਕ ਲਹਿਰ ਦੇ ਹਰ ਸਮੇਂ ਸੰਘਰਸ਼ਾਂ ’ਚ ਰਹਿਣ ਵਾਲੀਆਂ ਜੁਝਾਰ ਪਰਤਾਂ ਤੱਕ ਇਨਕਲਾਬੀ ਸਿਆਸਤ
ਦਾ ਭਰਵਾਂ ਸੰਚਾਰ ਕੀਤਾ ਗਿਆ ਹੈ। ਇਸਦਾ ਉੱਭਰਵਾਂ ਲੱਛਣ ਸਿਰਫ਼ ਸਮਝਾਊ ਪ੍ਰਚਾਰ ਹੀ ਨਹੀਂ ਸੀ ਸਗੋਂ
ਸਾਕੇ ਦੇ ਸ਼ਹੀਦਾਂ ਦੀ ਬੁਲੰਦੀ ਨਾਲ ਜੋੜ ਕੇ, ਲੋਕਾਂ ਨੂੰ ਉਭਾਰਦਾ ਪ੍ਰਚਾਰ ਵੀ ਸੀ ਜੋ ਲੋਕ ਸਰਗਰਮਾਂ
ਦੇ ਨਾਲ-ਨਾਲ ਆਮ ਜਨਤਾ ’ਚ ਵੀ ਉਤਸ਼ਾਹ ਦਾ ਸੰਚਾਰ ਕਰਦਾ ਸੀ। ਮੁਹਿੰਮ ਦੇ ਕਾਰਕੁੰਨਾਂ ਨੇ ਹਰ ਤਰ੍ਹਾਂ ਦੀਆਂ ਸ਼ਕਲਾਂ
ਅਪਣਾ ਕੇ ਲੋਕਾਂ ਤੱਕ ਪਹੁੰਚ ਬਣਾਈ ’ਤੇ ਲੋਕਾਂ ਦਾ ਹੁੰਗਾਰਾ ਕਾਰਕੁੰਨਾਂ ਦੀ ਤੋਰ ਨੂੰ ਹੋਰ ਜਰ੍ਹਬਾਂ ਦੇਣ ਵਾਲਾ ਸੀ। ਸੋਸ਼ਲ
ਮੀਡੀਏ ’ਤੇ ਸੰਖੇਪ ਪੋਸਟਾਂ, ਨਾਅਰਿਆਂ ਰਾਹੀਂ ਕਈ ਅਹਿਮ ਪੱਖਾਂ ਨੂੰ ਫੋਕਸ ’ਚ ਲਿਆਂਦਾ ਗਿਆ ਤੇ ਇਸ ਮੰਗ ਦੀ ਵੀ ਅਸਰਦਾਰ ਵਰਤੋਂ
ਕੀਤੀ ਗਈ ਹੈ।
ਇਸ ਤੋਂ ਵੀ ਜ਼ਿਆਦਾ
ਉਭਰਵਾਂ ਪਹਿਲੂ ਮੁਹਿੰਮ ਦੇ ਪ੍ਰਚਾਰ ਦਾ ਭਰਵਾਂ ਸਿਆਸੀ ਤੱਤ ਬਣਦਾ ਹੈ। ਏਡੇ ਵਿਆਪਕ ਪੈਮਾਨੇ ’ਤੇ ਸਾਮਰਾਜ ਵਿਰੋਧੀ ਸਿਆਸੀ ਤੱਤ ਵਾਲਾ ਪ੍ਰਚਾਰ ਪੰਜਾਬ
ਦੀ ਜਨਤਕ ਲਹਿਰ ਦੀ ਉਚੇਰੇ ਸਿਆਸੀ ਪੱਧਰ ਵੱਲ ਜਾਣ ਦੇ ਸਫਰ ਦੀ ਗਵਾਹੀ ਬਣਦਾ ਹੈ। ਪ੍ਰਚਾਰ ਦੀ
ਖਾਸੀਅਤ ਇਹ ਰਹੀ ਹੈ ਕਿ ਇਹ ਸਾਮਰਾਜੀ ਚੋਰ ਗੁਲਾਮੀ ਦਾ ਰਟਣ-ਮੰਤਰ ਹੀ ਨਹੀਂ ਸੀ ਸਗੋਂ ਉਸਦੇ ਮੁਲਕ
’ਤੇ ਅੱਜ ਵੀ ਦਾਬੇ
ਦੇ ਰੂਪਾਂ ਤੇ ਤੱਤ ਨੂੰ ਉਭਾਰਦਾ ਸੀ। ਕੌਮੀ ਮੁਕਤੀ ਲਹਿਰ ਦੇ ਅਸਲ ਨਿਸ਼ਾਨੇ ਤੇ ਅਧੂਰੇ ਕਾਜ਼ ਨੂੰ
ਸਪੱਸ਼ਟਤਾ ਨਾਲ ਉਭਾਰਦਾ ਸੀ। ਨਵ-ਜਮਹੂਰੀ ਇਨਕਲਾਬ ਦੇ ਪ੍ਰੋਗਰਾਮ ਦੇ ਮੋਟੇ ਪੱਖਾਂ ਨੂੰ ਅੰਸ਼ਕ ਬਦਲ
ਦੀ ਪੱਧਰ ’ਤੇ ਉਭਾਰਦਾ ਸੀ।
ਇਸਨੂੰ ਮੌਜੂਦਾ ਲੋਕ ਘੋਲਾਂ ਨਾਲ ਜੋੜ ਕੇ ਪ੍ਰਚਾਰਦਾ ਸੀ। ਇਹਨਾਂ ਘੋਲਾਂ ਨੂੰ ਇਨਕਲਾਬੀ ਦਿਸ਼ਾ ’ਚ ਅੱਗੇ ਵਧਣ ਦਾ ਸੰਦੇਸ਼ ਵੀ ਦਿੰਦਾ ਸੀ ’ਤੇ ਅਹਿਮ ਨੀਤੀ ਮੁੱਦਿਆਂ ਨੂੰ ਫੋਕਸ ’ਚ ਲਿਆਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਸੀ। ਮੁਹਿੰਮ ਦਾ ਅਹਿਮ ਪੱਖ
ਉਸ ਵੇਲੇ ਮੁਲਕ ਪੱਧਰ ’ਤੇ ਹਾਕਮ ਜਮਾਤੀ ਪਾਰਟੀਆਂ ਵੱਲੋਂ ਅੰਨਂ੍ਹੇ ਕੌਮੀ ਜਾਨੂੰਨ ’ਤੇ ਜੰਗੀ ਜਾਨੂੰਨ ਉਭਾਰਨ ਦੇ ਪੈਂਤੜੇ ਖਿਲਾਫ਼ ਡਟਵੀਂ
ਪੁਜੀਸ਼ਨ ਸੀ। ਇਸਦਾ ਭਰਵਾਂ ਪਰਦਾਚਾਕ ਸੀ। ਭਾਜਪਾ ਵੱਲੋਂ ਪੁਲਵਾਮਾ ਹਮਲੇ ਤੋਂ ਮਗਰੋਂ ਫਿਰਕੂ
ਰਾਸ਼ਟਰਵਾਦੀ ਮੁਹਿੰਮਾਂ ’ਤੇ ਸਵਾਰ ਹੋ ਜਾਣ ਕਰਕੇ, ਚੋਣ ਮੁਹਿੰਮਾਂ ਦਾ ਇਹ ਪ੍ਰਸੰਗ ਸੈੱਟ ਕਰ ਦਿੱਤਾ ਗਿਆ ਸੀ। ਦੇਸ਼ ਭਗਤੀ ਤੇ ਕੌਮੀ ਸੁਰੱਖਿਆ ਦੇ
ਮੁੱਦੇ ਉਭਾਰ ਦਿੱਤੇ ਗਏ ਸਨ। ਇਸ ਮੁਹਿੰਮ ’ਚ ਇਹਨਾਂ ਮੁੱਦਿਆਂ ਨੂੰ ਭਰਵੇਂ ਰੂਪ ’ਚ ਸੰਬੋਧਿਤ ਹੋਇਆ ਗਿਆ। ਕੌਮੀ ਮੁਕਤੀ ਲਹਿਰ ਦੇ ਹਵਾਲੇ
ਨਾਲ ’ਤੇ ਮੌਜੂਦਾ ਮਸਲਿਆਂ
ਦੇ ਪ੍ਰਸੰਗ ’ਚ ਹਕੀਕੀ ਦੇਸ਼-ਭਗਤੀ
ਦੇ ਅਰਥ ਉਘਾੜੇ ਗਏ। ਭਾਰਤੀ ਫੌਜਾਂ ਰਾਹੀਂ ਬਸਤੀਵਾਦੀ ਮਨੋਰਥਾਂ ਦੀ ਸੇਵਾ ’ਚ ਲੜੀਆਂ ਜੰਗਾਂ ਨੂੰ ਉਚਿਆਉਣ ਦੀ ਥਾਂ, ਕੌਮੀ ਮੁਕਤੀ ਲਹਿਰ ਦੌਰਾਨ ਫੌਜੀ ਬਗਾਵਤਾਂ ਨੂੰ ਉਚਿਆਉਣ
ਦੀ ਮੰਗ ਉੱਚੀ ਕੀਤੀ ਗਈ। ਇਉ ਮੁਲਕ ’ਚ ਅਖੌਤੀ ਕੌਮੀ ਸੁਰੱਖਿਆ ਦੇ ਖੜ੍ਹੇ ਕੀਤੇ ਗਰਦੋ- ਗੁਬਾਰ ਦਾ ਭਰਵਾਂ ਪਰਦਾਚਾਕ ਪੰਜਾਬ ਦੀ
ਧਰਤੀ ’ਤੇ ਹੋਇਆ। ਉਹਨਾਂ
ਦਿਨਾਂ ’ਚ ਐਨੇ-ਵਿਆਪਕ
ਪੈਮਾਨੇ ’ਤੇ ਅਤੇ ਏਨੀ
ਸਪਸ਼ਟਤਾ ਨਾਲ ਹਾਕਮ ਜਮਾਤੀ ਨਾਅਰਿਆਂ ਤੇ ਪੈਂਤੜਿਆਂ ਦੀ ਕਾਟ ਕਰਕੇ, ਹਕੀਕੀ ਰਾਸ਼ਟਰਵਾਦ ਨੂੰ ਕੌਮੀ ਵਿਰਾਸਤ ਨਾਲ ਅਤੇ ਮੌਜੂਦਾ
ਸਾਮਰਾਜ ਵਿਰੋਧੀ ਸੰਘਰਸ਼ ਨਾਲ ਜੋੜ ਕੇ ਉਭਾਰਨ ਦਾ ਮਹੱਤਵਪੂਰਨ ਕਾਰਜ ਨਿਭਾਉਣ ਲਈ ਪੰਜਾਬ ਦੀ ਜਨਤਕ
ਜਮਹੂਰੀ ਲਹਿਰ ਮੁਬਾਰਕਵਾਦ ਦੀ ਹੱਕਦਾਰ ਹੈ। ਸ਼ਾਇਦ ਇਹ ਮੁਲਕ ਭਰ ’ਚੋਂ ਸਭ ਤੋਂ ਅਸਰਦਾਰ ਸਿਆਸੀ ਜਨਤਕ ਮੁਹਿੰਮ ਬਣਦੀ ਹੈ
ਜਿਸਨੇ ਹਾਕਮ ਜਮਾਤੀ ਸਿਆਸੀ-ਵਿਚਾਰਧਾਰਕ ਹਮਲੇ ਮੂਹਰੇ ਪੂਰੀ ਸਪਸ਼ਟਤਾ ਨਾਲ ਪੈਰ ਗੱਡੇ ਹਨ। ਕਸ਼ਮੀਰੀ
ਕੌਮੀ ਜਦੋਜਹਿਦ ਦੀ ਹਮਾਇਤ ’ਚ ਏਨੀ ਵਿਆਪਕ ਚਰਚਾ ਹੋਈ ਹੈ ਤੇ ਹਜ਼ਾਰਾਂ ਲੋਕਾਂ ਦੇ ਇਕੱਠ ਵੱਲੋਂ ਕਸ਼ਮੀਰੀ ਕੌਮ ਦੇ
ਸਵੈ-ਨਿਰਣੇ ਦੇ ਹੱਕ ਲਈ ਸੰਘਰਸ਼ ਨੂੰ ਹਮਾਇਤ ਦਿੱਤੀ ਗਈ ਹੈ। ਸ਼ਾਲਾ ਪੰਜਾਬ ਦੀ ਇਨਕਲਾਬੀ ਜਮਹੂਰੀ
ਲਹਿਰ ਦਾ ਇਹ ਜੁੱਸਾ ਹੋਰ ਨਰੋਆ ਹੋਵੇ ਤੇ ਇਹਦੀ ਇਨਕਲਾਬੀ ਰੰਗਤ ਹੋਰ ਗੂੜ੍ਹੀ ਹੋਵੇ।
No comments:
Post a Comment