ਪੰਜਾਬ ਚੋਣ ਦ੍ਰਿਸ਼:
ਕਾਂਗਰਸ ਦੀ ਜਿੱਤ ਦੀ ਹਕੀਕਤ
ਪੰਜਾਬ ਅੰਦਰ ਭਾਜਪਾ ਦੀਆਂ ਫਿਰਕੂ-ਰਾਸ਼ਟਰਵਾਦੀ ਮੁਹਿੰਮਾਂ
ਦੇ ਹੱਲੇ ਦੀ ਮਾਰ ਦਾ ਅਸਰ ਮੁਲਕ ਦੇ ਉੱਤਰੀ ਰਾਜਾਂ ਵਾਂਗ ਨਹੀਂ ਸੀ ਸਗੋਂ ਵਾਹਵਾ ਹੱਦ ਤੱਕ ਇਹਨਾਂ ਮੁਹਿੰਮਾਂ ਦੀ ਅਸਲੀਅਤ ਦਾ ਪਰਦਾਚਾਕ ਹੋ ਰਿਹਾ ਸੀ।
ਭਾਜਪਾ ਵੱਲੋਂ ਭੜਕਾਏ ਜਾ ਰਹੇ ਜੰਗੀ ਜਨੂੰਨ ਖਿਲਾਫ਼ ਏਥੇ ਵਿਰੋਧ 'ਤੇ ਰੋਸ ਦਾ ਮਹੌਲ ਮੌਜੂਦ ਸੀ।
ਉੱਤਰੀ ਭਾਰਤ ਦੇ ਬਾਕੀ ਰਾਜਾਂ ਦੇ ਮੁਕਾਬਲੇ ਏਥੇ ਮੋਦੀ ਦੇ ਵਿਅਕਤੀਗਤ ਨਕਸ਼ੇ ਦਾ ਵੀ ਪਰਦਾਚਾਕ ਹੋ
ਚੁੱਕਾ ਸੀ ਤੇ ਉਸ ਵੱਲੋਂ ਲਾਗੂ ਕੀਤੀਆਂ ਗਈਆਂ ਨੀਤੀਆਂ ਖਿਲਾਫ਼ ਔਖ ਦਾ ਅੰਸ਼ ਮੌਜੂਦ ਸੀ। ਪੰਜਾਬ ਦਾ
ਸਿੱਖ ਬਹੁ-ਗਿਣਤੀ ਵਾਲਾ ਸੂਬਾ ਹੋਣਾ , ਭਾਜਪਾ ਦਾ ਕਮਜ਼ੋਰ ਹੋਣਾ ਤੇ ਆਮ ਜਮਹੂਰੀ ਚੇਤਨਾ ਦਾ ਮੁਕਾਬਲਤਨ ਵਿਕਾਸ ਹੋਇਆ ਹੋਣਾ ਆਦਿ
ਅਜਿਹੇ ਕਾਰਨ ਹਨ ਜਿੰਨ੍ਹਾਂ ਕਰਕੇ ਏਥੇ ਭਾਜਪਾ ਦੀਆਂ ਪਿਛਾਖੜੀ ਮੁਹਿੰਮਾਂ ਨੂੰ ਹੁੰਗਾਰਾ ਨਹੀਂ
ਮਿਲ ਰਿਹਾ। ਭਾਜਪਾ ਦੀਆਂ ਜੰਗੀ ਜਨੂੰਨ ਭੜਕਾਉਣ ਦੀਆਂ ਮੁਹਿੰਮਾਂ ਤੇ ਕੈਪਟਨ ਵੱਲੋਂ ਵੀ ਪਾਕਿਸਤਾਨ
ਨਾਲ ਆਢਾ ਲਾਉਣ ਦੇ ਚੱਕਵੇਂ ਹੋਕਰਿਆਂ ਨੂੰ ਹੁੰਗਾਰੇ ਦੀ ਥਾਂ ਏਥੇ ਪਾਕਿਸਤਾਨ ਨਾਲ ਸ਼ਾਂਤੀ ਰੱਖਣ
ਦੀਆਂ ਭਾਵਨਾਵਾਂ ਦਾ ਮਹੌਲ ਸੀ। ਨਵਜੋਤ ਸਿੱਧੂ ਦੇ ਪੈਂਤੜੇ ਨੂੰ ਪੰਜਾਬ 'ਚੋਂ ਭਰਵਾਂ ਹੁੰਗਾਰਾ ਮਿਲਿਆ ਤੇ
ਮੌਕਾਪ੍ਰਸਤ ਪਾਰਟੀਆਂ ਵੱਲੋਂ ਜੰਗੀ ਜਨੂੰਨ ਭੜਕਾਉਣ ਦੇ ਪੈਂਤੜੇ ਖਿਲਾਫ ਰੋਸ ਦੇ ਪ੍ਰਗਟਾਵੇ
ਦਿਖੇ।ਪੰਜਾਬ ਦੇ ਸਿਆਸੀ ਮਹੌਲ 'ਚ ਅਕਾਲੀ ਦਲ ਬਾਦਲ ਦੀ ਪੜਤ ਨੂੰ ਪਿਆ ਖੋਰਾ ਅਜੇ ਰੁਕ ਨਹੀਂ ਰਿਹਾ, ਅਕਾਲੀ ਲੀਡਰਸ਼ਿੱਪ ਅਜੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁਜ਼ਰਮਾਂ ਵਜੋਂ ਲੋਕਾਂ ਦੇ ਨਿਸ਼ਾਨੇ 'ਤੇ ਹੀ ਰਹਿ ਰਹੀ ਹੈ। ਜਦ ਕਿ ਆਮ ਆਦਮੀ ਪਾਰਟੀ ਵੀ ਲੋਕਾਂ ਦੇ ਨੱਕੋਂ ਬੁੱਲ੍ਹੋਂ ਲਹਿ ਚੁੱਕੀ ਹੈ। ਲੋਕਾਂ 'ਚ ਰਵਾਇਤੀ ਪਾਰਟੀਆਂ ਦੇ ਬਦਲ ਵਜੋਂ ਦੇਖੀ ਜਾਂਦੀ ਇਸ ਪਾਰਟੀ ਨੂੰ ਇਸਦਾ ਆਪਸੀ ਕਾਟੋ-ਕਲੇਸ਼ ਵੀ ਲੈ ਬੈਠਿਆ ਹੈ। ਇਹ ਵੀ ਬਹੁਤ ਜਲਦੀ ਮੌਕਾਪ੍ਰਸਤ ਪਾਰਟੀਆਂ ਵਾਂਗ ਨਸ਼ਰ ਹੋ ਗਈ ਹੈ। ਉਹਨਾਂ ਹੀ ਰਵਾਇਤੀ ਨਾਅਰਿਆਂ ਤੇ ਤੌਰ ਤਰੀਕਿਆਂ 'ਤੇ ਜਾ ਪਹੁੰਚੀ ਹੈ। ਇਸ ਵਿੱਚੋਂ ਨਿਕਲੇ ਹਿੱਸਿਆਂ ਨੂੰ ਵੀ ਕੋਈ ਹੁੰਗਾਰਾ ਨਹੀਂ ਮਿਲਿਆ। ਮੋਦੀ ਤੇ ਭਾਜਪਾ ਹਕੂਮਤ ਖਿਲਾਫ਼ ਰੋਸ ਦਾ ਮਹੌਲ ਅਤੇ ਹੋਰ ਕਿਸੇ ਬਦਲ ਦੀ ਅਣਹੋਂਦ 'ਚ ਏਥੇ ਕਾਂਗਰਸ ਨੂੰ ਹੀ ਵੋਟਾਂ ਦਾ ਲਾਹਾ ਮਿਲਿਆ ਤੇ ਉਸਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ। ਹਾਲਾਂਕਿ ਇਸ ਵੱਲੋਂ ਲਾਗੂ ਕੀਤੇ ਜਾ ਰਹੇ ਲੋਕ ਮਾਰੂ ਕਦਮਾਂ ਖਿਲਾਫ ਸੂਬੇ 'ਚ ਰੋਸ ਦਾ ਪਸਾਰਾ ਹੋ ਰਿਹਾ ਹੈ ਪਰ ਇਸਦੇ ਬਾਵਜੂਦ ਕਾਂਗਰਸ ਜਿੱਤੀ ਹੈ। ਹਾਕਮ ਜਮਾਤੀ ਸਿਆਸਤ 'ਚ ਲੋਕਾਂ ਲਈ ਚੋਣ ਕਰਨ ਵਾਸਤੇ ਕੁੱਝ ਵੀ ਨਵਾਂ ਨਾ ਹੋਣ ਕਾਰਨ ਵਾਰ ਵਾਰ ਉਹਨਾਂ ਖਿਡਾਰੀਆਂ 'ਚੋਂ ਹੀ ਚੋਣ ਕਰਨ ਦੀ ਲੋਕਾਂ ਦੀ ਮਜਬੂਰੀ ਦਿਖਦੀ ਹੈ।
ਪੰਜਾਬ ਦੇ ਚੋਣ ਦ੍ਰਿਸ਼ 'ਚ ਵੀ ਧਾਰਮਿਕ ਮੁੱਦਿਆਂ ਦੀ ਖੂਬ ਵਰਤੋਂ ਹੋਈ। ਜੇਕਰ ਮੁਲਕ ਪੱਧਰ 'ਤੇ ਹਾਕਮ ਜਮਾਤਾਂ ਦੇ ਧੜੇ ਮੁਲਕ ਦੀ ਅਖੌਤੀ ਸੁਰੱਖਿਆ ਦੇ ਹਵਾਲੇ ਨਾਲ ਭਿੜ ਰਹੇ ਹਨ ਤਾਂ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਰਾਹੀਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਵਰਤੋਂ ਇਹਨਾਂ ਧੜਿਆਂ ਲਈ ਹਵਾਲਾ ਨੁਕਤਾ ਬਣੀ ਹੋਈ ਹੈ। ਹਾਲਾਂਕਿ ਸੂਬੇ 'ਚ ਲੋਕਾਂ ਦੇ ਭਖੇ ਹੋਏ ਜਮਾਤੀ/ਤਬਕਾਤੀ ਮੁੱਦਿਆਂ 'ਤੇ ਸੰਘਰਸ਼ਾਂ ਦੀ ਗੂੰਜ ਵੀ ਮੌਜੂਦ ਸੀ ਪਰ ਇਹ ਹਾਕਮ ਜਮਾਤਾਂ ਦੇ ਸਿਆਸੀ ਅਤੇ ਵਿਚਾਰਧਾਰਕ ਤੌਰ 'ਤੇ ਲੋਕਾਂ ਦੀਆਂ ਸੋਚਾਂ 'ਤੇ ਕਾਬਜ ਹੋਏ ਹੋਣ ਦਾ ਸਿੱਟਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਹਵਾਲੇ ਨਾਲ ਅਜੇ ਵੀ ਪਾਰਟੀਆਂ ਲੋਕਾਂ ਦੇ ਜਮਾਤੀ/ਤਬਕਾਤੀ ਮੁੱਦਿਆਂ ਨੂੰ ਸਿਆਸੀ ਦ੍ਰਿਸ਼ ਤੋਂ ਮੱਧਮ ਪਾਉਣ 'ਚ ਕਿਸੇ ਹੱਦ ਤੱਕ ਕਾਮਯਾਬ ਹੁੰਦੀਆਂ ਹਨ। ਲੋਕ ਮਨਾਂ 'ਤੇ ਹਾਕਮ ਜਮਾਤਾਂ ਦੀ ਵਿਚਾਰਧਾਰਕ ਚੌਧਰ-ਪੁੱਗਤ ਹੋਣ ਦਾ ਹੀ ਪ੍ਰਗਟਾਵਾ ਹੈ ਕਿ ਬਾਦਲ ਲਾਣੇ ਦੇ ਪਿਛਲੇ 10 ਸਾਲਾਂ ਦੇ ਲੁਟੇਰੇ ਤੇ ਧੱਕੜ ਰਾਜ ਖਿਲਾਫ਼ ਜਮ੍ਹਾਂ ਹੋਈ ਔਖ ਧਾਰਮਿਕ ਮੁੱਦੇ ਦੇ ਹਵਾਲੇ ਨਾਲ ਪ੍ਰਗਟ ਹੋਈ 'ਤੇ ਸਿਆਸੀ ਤੌਰ 'ਤੇ ਰੱਦ ਕਰਨ ਲਈ ਅਧਾਰ ਨੁਕਤੇ ਵਜੋਂ ਪੇਸ਼ ਹੋਈ। ਲੋਕਾਂ ਦੀ ਸਿਆਸੀ ਵਿਚਾਰਧਾਰਕ ਤੌਰ 'ਤੇ ਇਸ ਕਮਜ਼ੋਰੀ ਦਾ ਲਾਹਾ ਹੀ ਹਾਕਮ ਧੜੇ ਵਾਰ-ਵਾਰ ਲੈਂਦੇ ਹਨ। ਆਮ ਆਦਮੀ ਪਾਰਟੀ ਨੂੰ ਪਹਿਲਾਂ ਮਿਲਿਆ ਹੁੰਗਾਰਾ ਵੀ ਲੋਕਾਂ ਦੀ ਏਸੇ ਸਿਆਸੀ ਵਿਚਾਰਧਾਰਕ ਕਮਜ਼ੋਰੀ ਦਾ ਹੀ ਪ੍ਰਤੀਕ ਹੈ ਕਿ ਉਹ ਅਜੇ ਮੌਜੂਦਾ ਰਾਜ-ਭਾਗ ਦੀਆਂ ਸੰਸਥਾਵਾਂ ਰਾਹੀਂ ਹੀ ਬਦਲ ਤਲਾਸ਼ਦੇ ਹਨ 'ਤੇ ਇਸ ਨਿਜ਼ਾਮ ਤੋਂ ਬਾਹਰ ਤਬਦੀਲੀ ਦੇ ਵਿਚਾਰਾਂ ਤੱਕ ਪੁੱਜਣੋਂ ਊਣੇ ਰਹਿ ਜਾਂਦੇ ਹਨ। ਏਸੇ ਕਰਕੇ ਲੋਕ ਦੋਖੀਆਂ ਵਜੋਂ ਨਸ਼ਰ ਹੋ ਚੁੱਕੀਆਂ ਪਾਰਟੀਆਂ 'ਚੋਂ ਹੀ ਕਿਸੇ ਨਾ ਕਿਸੇ ਨੂੰ ਦੁਬਾਰਾ ਚੁਣਨ ਲਈ ਮਜਬੂਰ ਹੁੰਦੇ ਹਨ। ਕੇਂਦਰ 'ਚ ਭਾਜਪਾ ਦੀ ਤੇ ਏਥੇ ਕਾਂਗਰਸ ਦੀ ਜਿੱਤ ਅਜਿਹੀ ਹਾਲਤ 'ਚੋਂ ਹੀ ਹੋਈ ਹੈ। ਇਹ ਕਾਂਗਰਸ ਨੂੰ ਢਾਈ ਸਾਲਾਂ ਦੇ ਦੁਰ ਰਾਜ ਲਈ ਦਿੱਤਾ ਫਤਵਾ ਨਹੀਂ ਹੈ।
ਸੂਬੇ 'ਚ ਕਾਂਗਰਸ ਦੀ ਜਿੱਤ, ਕੈਪਟਨ ਹਕੂਮਤ ਵੱਲੋਂ ਲੋਕਾਂ 'ਤੇ ਥੋਪੀਆਂ ਜਾ ਰਹੀਆਂ ਲੁਟੇਰੀਆਂ ਨੀਤੀਆਂ ਦੇ ਹਮਲੇ ਨੂੰ ਅੱਗੇ ਵਧਾਉਣ ਲਈ ਰਾਹ ਪੱਧਰਾ ਕਰਦੀ ਹੈ , ਕੀਤੇ ਵਾਅਦਿਆਂ ਤੋਂ ਪੂਰੀ ਤਰਾਂ ਫਿਰ ਜਾਣ ਦਾ ਭਰੋਸਾ ਵਧਾਉਣ ਵਾਲੀ ਹੈ। ਇਸ ਲਈ ਸੂਬੇ ਦੇ ਲੋਕਾਂ ਨੂੰ ਆਪਣੇ ਸੰਘਰਸ਼ਾਂ ਨੂੰ ਹੋਰ ਭਖਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਦਾ। ਜ਼ਰੂਰਤ ਇਹਨਾਂ ਸੰਘਰਸ਼ਾਂ ਨੂੰ ਸਾਂਝੇ 'ਤੇ ਇੱਕਜੁੱਟ ਵਿਰੋਧ 'ਚ ਪਲਟਣ ਲਈ ਵਿਸ਼ਾਲ ਏਕਤਾ ਉਸਾਰਨ ਦੀ ਪਹੁੰਚ ਲਾਗੂ ਕਰਨ ਦੀ ਹੈ। ਖਾਸ ਕਰਕੇ ਸੂਬੇ ਦੇ ਜਮਾਤੀ ਘੋਲਾਂ 'ਚ ਇਨਕਲਾਬੀ ਸ਼ਕਤੀਆਂ ਦੀ ਸਾਂਝੀ ਦਖਲਅੰਦਾਜੀ ਦੀ ਲੋੜ ਬਹੁਤ ਉੱਭਰਵੀਂ ਹੈ ਕਿਉਂਕਿ ਇਕ ਸ਼ਕਤੀ ਵਜੋਂ ਇਹ ਦਖਲਅੰਦਾਜੀ ਘੋਲਾਂ ਦੀ ਅਸਰਕਾਰੀ ਲਈ ਮਹੱਤਵਪੂਰਨ ਪਹਿਲੂ ਬਣਦੀ ਹੈ ਤੇ ਸਮੁੱਚੀ ਘੋਲ ਸਰਗਰਮੀ 'ਤੇ ਉਤਸ਼ਾਹੀ ਅਸਰ ਛੱਡਦੀ ਹੈ।
ਮੌਜੂਦਾ ਚੋਣ ਅਮਲ ਨੇ ਤੇ ਸੂਬੇ ਦੀ ਸਿਆਸੀ ਹਾਲਤ ਦੀ ਤਸਵੀਰ ਨੇ ਦਰਸਾਇਆ ਹੈ ਕਿ ਸੂਬੇ 'ਚ ਭਾਜਪਾ ਦੇ ਫਿਰਕੂ ਫਾਸ਼ੀ ਹਮਲੇ ਖਿਲਾਫ਼ ਵਿਰੋਧ ਲਹਿਰ ਮੌਜੂਦ ਹੈ। ਇਸਨੂੰ ਅਸਰਦਾਰ ਟਾਕਰਾ ਕੇਂਦਰ ਵਜੋਂ ਉਭਾਰਨ ਲਈ ਇਨਕਲਾਬੀ ਸ਼ਕਤੀਆਂ ਨੂੰ ਤਾਣ ਲਗਾਉਣਾ ਚਾਹੀਦਾ ਹੈ। ਪਰ ਏਥੇ ਅਹਿਮ ਕਾਰਜ ਵਿਰੋਧ ਲਹਿਰ ਨੂੰ ਫਿਰਕੂ ਤੇ ਸੌੜੇ ਤੰਗ ਨਜ਼ਰ ਇਲਾਕਾਈ ਰੰਗਤ ਦੇ ਪ੍ਰਛਾਵੇਂ ਤੋਂ ਮੁਕਤ ਕਰਦਿਆਂ ਖਰੇ ਜਮਹੂਰੀ ਪੈਂਤੜੇ ਦੇ ਸੰਚਾਰ ਦਾ ਹੈ। ਅਜਿਹੇ ਪੈਂਤੜੇ ਦੇ ਸੰਚਾਰ ਤੋਂ ਬਿਨਾਂ ਤਾਂ ਭਾਜਪਾ ਦਾ ਵਿਰੋਧ ਏਥੇ ਦੂਜੀਆਂ ਫਿਰਕਾਪ੍ਰਸਤ ਤਾਕਤਾਂ ਦੀ ਮਜ਼ਬੂਤੀ ਦਾ ਹੀ ਸਾਧਨ ਬਣਨਾ ਹੈ। ਦੂਜਾ ਅਹਿਮ ਪੱਖ ਸੂਬੇ ਦੀ ਵਿਆਪਕ ਪੈਮਾਨੇ 'ਤੇ ਚਲਦੀ ਜਮਾਤੀ/ਤਬਕਾਤੀ ਘੋਲ ਸਰਗਰਮੀ ਨੂੰ ਫਾਸ਼ੀ ਜਬਰ ਵਿਰੋਧੀ ਜਮਹੂਰੀ ਸਰਗਰਮੀ ਨਾਲ ਗੁੰਦਣ ਦਾ ਹੈ। ਖਾਸ ਕਰਕੇ ਮਿਹਨਤਕਸ਼ ਬੁਨਿਆਦੀ ਜਮਾਤਾਂ ਦੀ ਘੋਲ ਸਰਗਰਮੀ 'ਚ ਇਸਦੀ ਢੁਕਵੀਂ ਸਥਾਨਬੰਦੀ ਕਰਨ ਦਾ ਹੈ। ਇਸ ਖਾਤਰ ਵੀ ਇਨਕਲਾਬੀ ਜਮਹੂਰੀ ਸ਼ਕਤੀਆਂ ਨੂੰ ਢੁੱਕਵੇਂ ਨਾਅਰਿਆਂ ਤੇ ਸ਼ਕਲਾਂ ਦੀ ਵਰਤੋਂ ਦੀ ਜ਼ਰੂਰਤ ਹੈ ਤਾਂ ਕਿ ਏਥੇ ਅਸਰਦਾਰ ਟਾਕਰਾ ਲਹਿਰ ਉਸਾਰਨ ਦੀਆਂ ਸੰਭਾਵਨਾਵਾਂ ਨੂੰ ਅਮਲ 'ਚ ਸਾਕਾਰ ਕੀਤਾ ਜਾ ਸਕੇ।
No comments:
Post a Comment