ਬਰਨਾਲਾ ਕਾਨਫਰੰਸ
ਪਾਰਲੀਮਾਨੀ ਚੋਣਾਂ ਦੀ ਘੜਮੱਸ ਵਿਚ ਇਨਕਲਾਬੀ ਬਦਲ ਉਸਾਰਨ ਦਾ ਸੱਦਾ
ਪਾਰਲੀਮਾਨੀ ਚੋਣਾਂ
ਵਿਚ ਇਨਕਲਾਬੀ ਕੇਂਦਰ ਪੰਜਾਬ ਤੇ ਲੋਕ ਮੋਰਚਾ ਪੰਜਾਬ ਵੱਲੋਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ
ਚੋਣਾਂ ਤੋਂ (ਸਰਕਾਰਾਂ ਤੋਂ) ਭਲੇ ਦੀ ਝਾਕ ਛੱਡਕੇ ਆਪਣੀ ਜੂਨ ਸੁਧਾਰਨ ਹਿੱਤ ਆਪਣੇ ਤਬਕਾਤੀ-ਜਮਾਤੀ
ਘੋਲਾਂ ਨੂੰ ਇਨਕਲਾਬੀ ਬਦਲ ਉਸਾਰਨ ਦੀ ਸੇਧ ਵੱਲ ਸੇਧਤ ਕੀਤਾ ਜਾਵੇ।
ਮੋਰਚੇ ਵੱਲੋਂ
ਸੂਬਾਈ ਪੱਧਰ ’ਤੇ ਵਧਵੀਂ ਮੀਟਿੰਗ
ਕਰਕੇ, ਇਸ ਪਾਰਲੀਮਾਨੀ ਪ੍ਰਣਾਲੀ ਤੇ ਸੰਸਥਾਵਾਂ ਦੇ ਅਤੇ ਵੋਟ-ਵਟੋਰੂ ਸਿਆਸੀ ਪਾਰਟੀਆਂ ਤੇ ਹਕੂਮਤਾਂ
ਦੇ ਲੋਕ-ਦੋਖੀ ਤੇ ਮੁਲਕ-ਵਿਰੋਧੀ ਮੌਜੂਦਾ ਪ੍ਰਚਾਰ, ਕਿਰਦਾਰ ਤੇ ਵਿਹਾਰ ਦੀ ਪਾਜ ਉਘੜਾਈ ਕਰਦਿਆਂ ਪਿਛਲੇ
ਸਮੇਂ ਦੌਰਾਨ ਲੜੇ ਤੇ ਜਿੱਤੇ ਹੋਏ ਸੰਘਰਸ਼ਾਂ ਨੂੰ ਇਨਕਲਾਬੀ ਬਦਲ ਉਸਾਰਨ ਦੇ ਸਾਧਨ ਦੇ ਸਵੱਲੜੇ
ਸਰੂਪ ਵਜੋਂ ਉਚਿਆ ਕੇ ਉਭਾਰਨ ਲਈ ਵਿਸਥਾਰਤ ਵਿਆਖਿਆ ਨਾਲ ਤਿਆਰੀ ਕੀਤੀ ਗਈ।
ਇਸ ਮੁਹਿੰਮ ਤਹਿਤ
ਬਠਿੰਡਾ ਸ਼ਹਿਰ ਤੇ ਬਠਿੰਡੇ ਦੇ ਤਿੰਨ ਪੇਂਡੂ ਬਲਾਕਾਂ, ਮੁਕਤਸਰ ਦੇ ਦੋ ਇਲਾਕਿਆਂ, ਬਰਨਾਲਾ ਦੇ ਤਿੰਨ ਪੇਂਡੂ ਬਲਾਕਾਂ, ਮੋਗਾ ਦੇ ਇੱਕ ਬਲਾਕ, ਬੰਗਾ ਇਕਾਈ ਨੇ 6 ਪਿੰਡਾਂ, ਸਮਰਾਲਾ ’ਚ ਇਲਾਕਾ ਪੱਧਰੀ ਮੀਟਿੰਗ ਅਤੇ ਅੰਮਿ੍ਰਤਸਰ-ਗੁਰਦਾਸਪੁਰ
ਵਿਚ ਦੋ ਮੀਟਿੰਗਾਂ ਕਰਵਾਈਆਂ ਗਈਆਂ।
ਮੁਹਿੰਮ ਦੇ ਸਿਖਰ ’ਤੇ ਲੋਕ ਮੋਰਚਾ ਪੰਜਾਬ ਤੇ ਇਨਕਲਾਬੀ ਕੇਂਦਰ ਪੰਜਾਬ ਨੇ
ਬਰਨਾਲਾ ਵਿਖੇ ਸੂਬਾਈ ਸਾਂਝੀ ਕਾਨਫਰੰਸ ਕੀਤੀ ਹੈ ਅਤੇ “ ਵੋਟਾਂ ਤੋਂ ਭਲੇ ਦੀ ਝਾਕ ਛੱਡੋ - ਸੰਘਰਸ਼ਾਂ ਦੇ ਝੰਡੇ
ਗੱਡੋ ”, “ ਚੋਣਾਂ ਜੋਕਾਂ ਦਾ ਢਕਵੰਜ - ਮੁਕਤੀ ਕਰੂ ਹੱਕਾਂ ਦੀ ਜੰਗ ” ਨਾਹਰੇ ਗੂੰਜਾਉਂਦਿਆਂ ਸ਼ਹਿਰ ਵਿਚ ਮਾਰਚ ਕੀਤਾ ਹੈ।
ਦੋਵਾਂ ਜਥੇਬੰਦੀਆਂ
ਨੇ ਪੰਜਾਬ ਦੇ ਸਮੂਹ ਲੋਕਾਂ ਨੂੰ ਕਾਨਫਰੰਸ ਦਾ ਸਾਂਝਾ ਸੱਦਾ ਦਿੱਤਾ ਅਤੇ ਕਾਨਫਰੰਸ ਦੀ ਸਟੇਜ ਤੋਂ
ਸਾਂਝਾ ਮੱਤ ਉਭਾਰਿਆ ਕਿ ਚੋਣਾਂ ਹਾਕਮ ਧੜਿਆਂ ਦੀ ‘‘ਉੱਤਰ ਕਾਟੋ, ਮੈਂ ਚੜ੍ਹਾਂ’’ ਦੀ ਕੁਰਸੀ-ਖੋਹੂ ਖੇਡ ਹੈ। ਇਹ ਚੋਣਾਂ ਲੋਕਾਂ ’ਤੇ ਹਮਲਾ ਹਨ, ਲੋਕਾਂ ਦੀ ਏਕਤਾ ਤੋੜਦੀਆਂ ਹਨ, ਮਸਲਿਆਂ ਤੋਂ ਧਿਆਨ ਤਿਲ੍ਹਕਾਉਂਦੀਆਂ ਹਨ, ਸਮੱਸਿਆਵਾਂ ਦੇ ਹੱਲ ਤੋਂ ਸੁਰਤ ਭੰਵਾਉਂਦੀਆਂ ਹਨ, ਲੋਕਾਂ ’ਤੇ ਟੈਕਸਾਂ ਦਾ ਭਾਰ ਵਧਾਉਂਦੀਆਂ ਹਨ, ਸਰਕਾਰਾਂ ਵੱਲੋਂ ਕੀਤੀ ਜਾਂਦੀ ਲੁੱਟ-ਮਾਰ ’ਤੇ ਮੋਹਰ ਲਵਾਉਂਦੀਆਂ ਹਨ। ਸਰਕਾਰਾਂ ਮਸਲੇ ਹੱਲ ਨਹੀਂ
ਕਰਦੀਆਂ, ਉਲਟਾ ਕਾਨੂੰਨ-ਨੀਤੀਆਂ ਰਾਹੀਂ ਮਸਲੇ ਬਣਾਉਣ, ਉਲਝਾਉਣ ਤੇ ਵਧਾਉਣ ਦਾ ਲੋਕ-ਦੋਖੀ ਕਾਰਾ ਕਰਨ ’ਚ ਭਾਗੀਦਾਰ ਬਣਦੀਆਂ ਹਨ।
ਇਨ੍ਹਾਂ ਸਰਕਾਰਾਂ
ਦੀਆਂ ਨੀਤੀਆਂ ਸਦਕਾ ਹੀ ਬੇਰੁਜ਼ਗਾਰੀ, ਗਰੀਬੀ, ਮਹਿੰਗਾਈ, ਕਰਜ਼ੇ ਨੇ ਆਪਦੇ ਤੰਦੂਏ ਜਾਲ ਵਿਚ ਮੇਹਨਤੀ ਲੋਕਾਂ ਨੂੰ ਵਲ਼ਿਆ ਹੋਇਆ ਹੈ। ਇਨ੍ਹਾਂ ਨੀਤੀਆਂ
ਸਦਕਾ ਹੀ ਸਰਕਾਰਾਂ ਲੋਕਾਂ ਕੋਲੋਂ ਬਿਜਲੀ, ਪਾਣੀ, ਸਿੱਖਿਆ, ਸੇਹਤ ਤੇ ਆਵਾਜਾਈ ਸਹੂਲਤਾਂ ਸਭ ਖੋਹ ਕੇ
ਸਾਮਰਾਜੀਆਂ-ਸਰਮਾਏਦਾਰਾਂ ਮੂਹਰੇ ਪਰੋਸ ਰਹੀਆਂ ਹਨ। ਫੇਰ ਸਰਕਾਰਾਂ ਤੋਂ ਝਾਕ ਕਾਹਦੀ ?
ਕਾਨਫਰੰਸ ਵਿਚ
ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਅਧਿਆਪਕਾਂ, ਵਿਦਿਆਰਥੀ-ਨੌਜਵਾਨ ਜਥੇਬੰਦੀਆਂ ਦੇ ਸਰਗਰਮ ਕਾਰਕੁੰਨ ਸ਼ਾਮਲ ਹੋਏ। ਤਿੰਨ ਘੰਟੇ ਚੱਲੀ ਇਸ
ਕਾਨਫਰੰਸ ਦੇ ਬੁਲਾਰਿਆਂ ਨੇ ਸਾਂਝੇ ਬਣੇ ਮੱਤ ਦੀ ਵਿਆਖਿਆ ਕਰਦਿਆਂ ਵੋਟ ਪਾਰਟੀਆਂ ਦੇ ਪ੍ਰਚਾਰ ਤੇ
ਵਿਹਾਰ ਨੂੰ ਤੇ ਉਹਨਾਂ ਦੁਆਰਾ ਘੜੀਆਂ ਤੇ ਮੜ੍ਹੀਆਂ ਨੀਤੀਆਂ ਨੂੰ ਦਲੀਲਾਂ ਨਾਲ ਕੱਟਦਿਆਂ ਜ਼ੋਰਦਾਰ
ਤਰੀਕੇ ਨਾਲ ਇਨਕਲਾਬੀ ਬਦਲ ਦੇ ਨਕਸ਼ ਪੇਸ਼ ਕੀਤੇ। ਬੁਲਾਰਿਆਂ ਨੇ ਕਿਹਾ, ਲੋਕ-ਤਾਕਤ ਦਾ ਅਜੇ ਐਨਾ ਜ਼ੋਰ ਨਹੀਂ ਬਣਿਆ ਕਿ ਲੋਕ
ਚੋਣਾਂ ਵਿਚ ਭਾਗ ਲੈ ਕੇ ਜਾਂ ਬਾਈਕਾਟ ਕਰਕੇ ਹਾਕਮ ਧੜੇ ਨੂੰ ਹਰਾ ਸਕਦੇ ਹੋਣ ਤੇ ਹਾਕਮ ਧੜੇ ਦੀ
ਤਾਕਤ, ਇਥੋਂ ਦੇ ਰਾਜ-ਭਾਗ ਨੂੰ ਉਲਟਾ ਸਕਦੇ ਹੋਣ। ਇਹਦੇ ਲਈ ਇਨਕਲਾਬੀ ਬਦਲ ਉਸਾਰਨ ਦੀਆਂ ਲਗਾਤਾਰ
ਸਰਗਰਮ ਮੁਹਿੰਮਾਂ ਚਲਾ ਕੇ ਇਸ ਪਾਸੇ ਵੱਲ ਵਧਿਆ ਜਾ ਸਕਦਾ ਹੈ। ਸ਼ਾਮਲ ਕਾਰਕੁੰਨਾਂ ਨੂੰ ਜ਼ੋਰ ਦੇ ਕੇ
ਕਹੀ ਗਈ ਕਿ ਉਹ ਆਪੋ ਆਪਣੀਆਂ ਜਥੇਬੰਦੀਆਂ ਦੇ ਪਲੇਟਫਾਰਮਾਂ ਤੋਂ ਫੌਰੀ ਰਾਹਤ ਦਿੰਦੀਆਂ ਮੰਗਾਂ ਦੇ
ਨਾਲ ਹੀ ਪੱਕੀ ਰਾਹਤ ਦਿੰਦੀਆਂ, ਜੂਨ ਸੁਧਾਰਨ ਵਾਲੀਆਂ , ਇਸ ਲੁਟੇਰੇ ਤੇ ਜਾਬਰ ਰਾਜ ਤੋਂ ਮੁਕਤੀ ਦਵਾਉਂਦੀਆਂ ਮੰਗਾਂ ਨੂੰ ਘੋਲਾਂ ਦਾ ਅਜੰਡਾ ਬਣਾਉਣ।
ਘੋਲਾਂ ਵਿਚ ਵੀ ਵਿਸ਼ਾਲ ਸਾਂਝ ਤੇ ਤਕੜਾਈ ਬਣਾਉਣ। ਵੱਡੇ ਜਾਗੀਰਦਾਰਾਂ ਦੀਆਂ ਜ਼ਮੀਨਾਂ ਜ਼ਬਤ ਕਰਨ ਨਾਲ, ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਵਿਚ ਵੰਡੇ ਜਾਣ ਨਾਲ
ਤੇ ਜਾਗੀਰਦਾਰਾਂ ਵਾਲੇ ਸੰਦ-ਮਸ਼ੀਨਰੀ ਵੀ ਨਾਲ ਦੇਣ ਨਾਲ ਅਤੇ ਸਾਮਰਾਜੀਆਂ ਤੇ ਉਹਨਾਂ ਦੇ
ਜੋਟੀਦਾਰਾਂ, ਵੱਡੇ ਸਰਮਾਏਦਾਰਾਂ ਦੀ ਜ਼ਬਤ ਕੀਤੀ ਪੂੰਜੀ ਨਾਲ, ਕਾਰਖਾਨੇ ਲੱਗਣ, ਹਰ ਹੱਥ ਨੂੰ ਰੁਜ਼ਗਾਰ ਮਿਲਣ ਨਾਲ ਹੀ ਮੁਕਤੀ ਦਾ ਰਾਹ
ਖੁੱਲ੍ਹਣਾ ਹੈ, ਇਸ ਸੇਧ ਵਿਚ ਅੱਗੇ ਵਧੋ।
ਕਾਨਫਰੰਸ ਦੀ ਸਟੇਜ਼
ਤੋਂ ਪੇਸ਼ ਹੋਏ ਵਿਚਾਰਾਂ ਨੂੰ ਵੱਖ ਵੱਖ ਜਥੇਬੰਦ ਹਿੱਸਿਆਂ ’ਚੋਂ ਆਏ ਕਾਰਕੁੰਨਾਂ ਨੇ ਤਿੰਨ ਘੰਟੇ ਨਿੱਠ ਕੇ ਸੁਣਿਆ।
No comments:
Post a Comment