ਕਸ਼ਮੀਰ ਅੰਦਰ ਲੋਕ ਸਭਾ ਚੋਣਾ ਦਾ ਦ੍ਰਿਸ਼
ਕਸ਼ਮੀਰ ਦੇ ਵੋਟਿੰਗ
ਇਤਿਹਾਸ ਅੰਦਰ 1999 ਤੋਂ ਬਾਅਦ 2019 ਸਭ ਤੋਂ ਮਾੜਾ ਸਾਲ ਰਿਹਾ ਹੈ ਜਦੋਂ ਕਸ਼ਮੀਰ ਵਿੱਚ ਕੁੱਲ 29 ਫੀਸਦੀ ਪੋਲਿੰਗ ਹੋਈ ਹੈ। ਇਹ ਫੀਸਦੀ ਬਣਾਉਣ ਵਿੱਚ ਕਿਸ਼ਤਵਾੜ (66%), ਕੁਪਵਾੜਾ (51%) ਦਾ ਹਿੱਸਾ ਹੈ। ਬਾਕੀ ਕਸ਼ਮੀਰ ਅੰਦਰ ਮੁੱਖ ਤੌਰ 'ਤੇ ਚੋਣ ਬਾਈਕਾਟ ਲਾਗੂ ਹੋਇਆ ਹੈ। ਸ਼੍ਰੀਨਗਰ ਵਿੱਚ 14 ਫੀਸਦੀ ਤੇ ਅਨੰਤਨਾਗ ਵਿੱਚ 13 ਫੀਸਦੀ ਵੋਟਾਂ ਪਈਆਂ ਹਨ। ਬੀਜਬਹੇੜਾ, ਸ਼ੋਪੀਆਂ ਤੇ ਪੁਲਵਾਮਾ ਕੇਂਦਰ 'ਤੇ 2 ਫੀਸਦੀ ਅਤੇ ਸੋਪੋਰ ਵਿਚ 3 ਫੀਸਦੀ ਮਤਦਾਨ ਹੋਇਆ ਹੈ। ਹੋਮਸ਼ਾਲੀ ਬਾਗ (1.14%)
ਤੇ ਕੁਲਗਾਮ ਸ਼ਹਿਰ
(1.72%) ਅੰਦਰ ਇਹ ਫੀਸਦੀ 2 'ਤੇ ਵੀ ਨਹੀਂ ਅੱਪੜੀ। ਕਸ਼ਮੀਰ ਦੇ 172 ਬੂਥਾਂ 'ਤੇ ਇੱਕ ਵੀ ਵੋਟ ਨਹੀਂ ਪਈ। ਇਹ ਹਾਲਤ ਇਸ ਗੱਲ ਦੇ ਬਾਵਜੂਦ ਹੈ ਕਿ ਕਸ਼ਮੀਰ ਅੰਦਰ ਨਾ ਸਿਰਫ
ਬਾਈਕਾਟ ਦਾ ਸੱਦਾ ਦੇਣ ਵਾਲੇ ਅਨੇਕਾਂ ਆਗੂਆਂ ਨੂੰ ਲਾਮਬੰਦੀ ਤੋਂ ਰੋਕਣ ਲਈ ਘਰਾਂ 'ਚ ਨਜ਼ਰਬੰਦ ਜਾਂ ਗ੍ਰਿਫਤਾਰ ਕਰ ਲਿਆ ਗਿਆ। ਬਲਕਿ ਸੈਂਕੜੇ ਅਜਿਹੇ ਨੌਜਵਾਨਾਂ ਨੂੰ ਬਿਨਾਂ ਕਾਰਨ
ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਹੜੇ ਪੁਲਸ ਮੁਤਾਬਕ ਪੱਥਰਬਾਜੀ 'ਚ ਸ਼ਾਮਲ ਹੋ ਸਕਦੇ ਸਨ। (ਜੇ. ਕੇ. ਐਲ. ਐਫ. ਦੇ ਮੁਖੀ ਨੂੰ ਚੋਣ ਬਾਈਕਾਟ ਦਾ ਸੱਦਾ ਦੇਣ ਕਰਕੇ
ਬਦਨਾਮ ਕਾਨੂੰਨ ਪੀ. ਐਸ. ਏ. ਅਧੀਨ ਗ੍ਰਿਫਤਾਰ ਕੀਤਾ ਗਿਆ ਸੀ) ਕਸ਼ਮੀਰ ਅੰਦਰ ਵਿਰੋਧ ਨਾਲ ਸਿੱਝਣ
ਖਾਤਰ ਚੋਣਾਂ ਇੱਕੋ ਵਾਰ ਨਾ ਕਰਵਾ ਕੇ ਪੰਜ ਵੱਖ-ਵੱਖ ਫੇਜ਼ਾਂ ਵਿੱਚ ਕਰਵਾਈਆਂ ਗਈਆਂ। ਪੰਜੇ ਫੇਜ਼ਾਂ
ਤੋਂ ਪਹਿਲਾਂ ਵਿਆਪਕ ਗ੍ਰਿਫਤਾਰੀਆਂ ਹੋਈਆਂ। ਰਿਊਟਰਜ਼ ਖਬਰ ਏਜੰਸੀ ਨੇ ਇੱਕ ਸੀਨੀਅਰ ਪੁਲਸ ਅਧਿਕਾਰੀ
ਦੇ ਹਵਾਲੇ ਨਾਲ ਫਰਵਰੀ ਮਹੀਨੇ ਵਿੱਚ ਗ੍ਰਿਫਤਾਰੀਆਂ ਦੀ ਖਬਰ ਛਾਪੀ ਸੀ ਜਿਸ ਮੁਤਾਬਕ ਆਗੂਆਂ ਦੀ
ਗ੍ਰਿਫਤਾਰੀ ਤੇ 10,000 ਹੋਰ ਸੁਰੱਖਿਆ ਬਲਾਂ ਦੀ ਵਾਦੀ ਵਿੱਚ ਆਮਦ “ਚੋਣਾਂ ਤੋਂ ਪਹਿਲਾਂ ਕੀਤੇ ਗਏ ਸੁਰੱਖਿਆ ਪ੍ਰਬੰਧ ਸਨ''। ਉਸ ਅਧਿਕਾਰੀ ਮੁਤਾਬਕ ''ਚੋਣ ਵਿਰੋਧੀ ਮੁਹਿੰਮਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ ਤੇ ਆਜ਼ਾਦ, ਪਾਰਦਰਸ਼ੀ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਵੱਖਵਾਦੀ ਗ੍ਰਿਫਤਾਰ ਕੀਤੇ ਜਾਣਗੇ।” ਇੱਕ ਖਬਰ ਏਜੰਸੀ ਮੁਤਾਬਕ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਗਿਣਤੀ 150 ਤੋਂ ਉਪਰ ਸੀ। ਇਸਤੋਂ ਬਾਅਦ ਮਾਰਚ ਮਹੀਨੇ ਵਿੱਚ ਵੀ ਦੱਖਣੀ ਕਸ਼ਮੀਰ ਦੇ ਚਾਰ ਸੰਵੇਦਨਸ਼ੀਲ ਜਿਲ੍ਹਿਆਂ
ਵਿੱਚ ਦਰਜਨਾਂ ਨੌਜਵਾਨਾਂ ਨੂੰ 'ਪੱਕੇ ਪੱਥਰਬਾਜ' ਕਹਿੰਦੇ ਹੋਏ ਅਗਾਊਂ ਚੋਣਾਂ ਦੇ ਦਰਪੇਸ਼ ਗ੍ਰਿਫਤਾਰ ਕੀਤਾ ਗਿਆ। ਫਸਟਪੋਸਟ ਦੀ ਰਿਪੋਰਟ ਮੁਤਾਬਕ
ਪੁਲਸ ਵਿਭਾਗ ਵਿਚਲੇ ਸਰੋਤਾਂ ਨੇ 2008, 2010 ਅਤੇ 2016 ਦੌਰਾਨ ਵਿਰੋਧ ਕਰਨ ਵਾਲੇ ਨੌਜਵਾਨਾਂ ਦੀ ਨਿਸ਼ਾਨਦੇਹੀ
ਕੀਤੀ ਅਤੇ ਇਹਨਾਂ ਵੱਲੋਂ ਚੋਣ ਬਾਈਕਾਟ ਕਰਵਾਏ ਜਾਣ ਦੇ ਖਤਰੇ ਦੇ ਮੱਦੇਨਜ਼ਰ ਇਹਨਾਂ ਨੂੰ ਗ੍ਰਿਫਤਾਰ
ਕੀਤਾ। ਇਕੱਲੇ ਸ਼ੋਪੀਆ ਵਿੱਚ ਮਾਰਚ ਮਹੀਨੇ ਦੌਰਾਨ 20 ਤੋਂ ਉਪਰ ਮੁੰਡੇ ਗ੍ਰਿਫਤਾਰ ਕੀਤੇ। ਅਪ੍ਰੈਲ ਮਹੀਨੇ ਦੇ
ਇੱਕੋ ਹਫਤੇ ਵਿੱਚ 600 ਦੇ ਕਰੀਬ ਗ੍ਰਿਫਤਾਰੀਆਂ ਹੋਈਆਂ ਜਿਹਨਾਂ ਵਿਚ ਜ਼ਿਆਦਾਤਰ ਅੱਲ੍ਹੜ
ਮੁੰਡੇ ਸਨ। ਚੋਣਾਂ ਦੇ ਪਹਿਲੇ ਫੇਜ਼ ਦੌਰਾਨ ਵੱਡੀ ਗਿਣਤੀ ਨੌਜਵਾਨਾਂ ਵੱਲੋਂ ਬਾਈਕਾਟ ਅਤੇ ਰੋਸ
ਪ੍ਰਦਰਸ਼ਨ ਕੀਤੇ ਜਾਣ ਦੇ ਨਤੀਜੇ ਵਜੋਂ ਦੂਜੇ ਫੇਜ਼ ਤੋਂ ਪਹਿਲਾਂ ਇਹ ਵਿਆਪਕ ਗ੍ਰਿਫਤਾਰੀਆਂ ਹੋਈਆਂ।ਪੁਲਸ ਦੇ ਡੀ. ਆਈ. ਜੀ. ਅਹਿਫਾਦ ਉਲ ਮੁਜਤਬਾ ਨੇ ਬਿਆਨ ਦਿੱਤਾ ਹੈ, “ਪੱਥਰਬਾਜੀ ਦੇ ਪਿਛੋਕੜ ਵਾਲੇ 600 ਤੋਂ ਵੱਧ ਨੌਜਵਾਨ ਗ੍ਰਿਫਤਾਰ ਕਰਕੇ ਬਚਾਅ ਵਜੋਂ ਹਿਰਾਸਤ ਵਿੱਚ ਰੱਖੇ ਗਏ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਕੱਲ੍ਹ ਨੂੰ ਵੋਟ ਪਾਉਣ ਤਾਂ ਜਿਹੜੇ ਲੋਕ ਪੱਥਰ ਸੁੱਟਦੇ ਹਨ ਉਹ ਪਾਸੇ ਹੋਣੇ ਚਾਹੀਦੇ ਹਨ।” ਗੈਰ ਸਰਕਾਰੀ ਸਰੋਤਾਂ ਮੁਤਾਬਕ ਇਹ ਗ੍ਰਿਫਤਾਰੀਆਂ ਹਜਾਰ ਤੋਂ ਵੱਧ ਹਨ ਅਤੇ 500 ਵਿਅਕਤੀ ਇਕੱਲੇ ਸ਼੍ਰੀਨਗਰ ਵਿੱਚੋਂ ਗ੍ਰਿਫਤਾਰ ਕੀਤੇ ਗਏ ਹਨ। ਕਸ਼ਮੀਰ ਮੀਡੀਆ ਸਰਵਿਸ ਦੀ ਰਿਪੋਰਟ ਮੁਤਾਬਕ ਪੰਜਵੇਂ ਫੇਜ਼ ਤੋਂ ਪਹਿਲਾਂ 75 ਦੇ ਕਰੀਬ ਵਿਅਕਤੀ ਅਗਾਊਂ ਹਿਰਾਸਤ ਵਿੱਚ ਲਏ ਗਏ।
ਪਰ ਇਹ ਗ੍ਰਿਫਤਾਰੀਆਂ, 10,000 ਦੇ ਕਰੀਬ ਨਵੇਂ ਫੌਜੀ ਬਲਾਂ ਦੀ ਆਮਦ, ਆਟੋਮੈਟਿਕ ਰਫਲਾਂ, ਸ਼ਾਟਗੰਨਾਂ, ਮਿਲਟਰੀ ਗੱਡੀਆਂ ਸਮੇਤ ਹਰੇਕ ਪੋਲਿੰਗ ਬੂਥ ਉਪਰ ਤੈਨਾਤ ਵੱਡੀ ਗਿਣਤੀ ਸੁਰੱਖਿਆ ਬਲ ਲੋਕਾਂ ਦੀ 'ਜਮਹੂਰੀ ਅਮਲ' ਵਿੱਚ ਹਿੱਸੇਦਾਰੀ ਨਾ ਪੁਆ ਸਕੇ। ਲੋਕਾਂ ਦਾ ਰੌਂਅ ਪਹਿਲਾਂ ਹੀ ਆਪਣਾ ਮਤ ਦੇ ਚੁੱਕਿਆ ਸੀ। ਇਹ ਮਤ ਏਨਾ ਮੂੰਹ-ਜ਼ੋਰ ਸੀ ਕਿ ਮੁੱਖ ਧਾਰਾ ਦੀਆਂ ਪਾਰਟੀਆਂ ਕਸ਼ਮੀਰ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਲਈ ਵੜਨ ਦੀ ਹਿੰਮਤ ਨਹੀਂ ਜੁਟਾ ਸਕੀਆਂ ਸਨ। ਅਨੰਤਨਾਗ ਅਤੇ ਕੁਲਗਾਮ ਵਿੱਚ ਚੋਣ ਰੈਲੀਆਂ ਡਾਕ ਬੰਗਲਿਆਂ ਤੇ ਟਾਊਨ ਹਾਲਾਂ ਵਿੱਚ ਹੋਈਆਂ ਸਨ। ਪੁਲਵਾਮਾ ਤੇ ਸ਼ੋਪੀਆ ਅੰਦਰ ਇਹ ਉਥੇ ਵੀ ਨਹੀਂ ਹੋ ਸਕੀਆਂ। ਪਾਰਟੀਆਂ ਨੇ ਸਿਰਫ ਬੰਦ ਕਮਰਾ ਮੀਟਿੰਗਾਂ ਹੀ ਕੀਤੀਆਂ ਸਨ। 'ਦੀ ਵਾਇਰ' ਨਾਲ ਹੋਈ ਗੱਲਬਾਤ ਦੌਰਾਨ ਇੱਕ ਪੱਕੇ ਪੀ. ਡੀ. ਪੀ. ਵਰਕਰ ਨੇ ਕਿਹਾ, “ਸਭ ਨੂੰ ਪਤਾ ਹੈ ਕਿ ਚੋਣ ਸਰਗਰਮੀ ਨਹੀਂ ਚੱਲ ਸਕਦੀ। ਏਸ ਕਰਕੇ ਐਤਕੀਂ ਵੋਟਾਂ 'ਚ ਸਾਰਿਆਂ ਨੇ ਚੁੱਪ ਰਹਿਣ ਨੂੰ ਹੀ ਤਰਜੀਹ ਦਿੱਤੀ ਹੈ। ਇਹ ਔਖੇ ਵੇਲੇ ਨੇ। ਏਥੇ ਕੋਈ ਮੁੱਖ ਧਾਰਾ ਦੀ ਰਾਜਨੀਤੀ ਨਹੀਂ। ਅਸਲ 'ਚ ਤਾਂ ਇਹ ਕਦੋਂ ਦੀ ਮੁੱਕ ਚੁੱਕੀ ਹੈ।”
2016 ਤੋਂ ਬਾਅਦ ਦੱਖਣੀ ਕਸ਼ਮੀਰ ਵਿੱਚ ਖਾਸ ਤੌਰ 'ਤੇ ਰਵਾਇਤੀ ਸਿਆਸੀ ਪਾਰਟੀਆਂ ਨੂੰ ਵੱਡਾ ਹੂੰਝਾ ਫਿਰਿਆ ਹੈ। ਲੋਕਾਂ ਨੂੰ ਇਹ ਪਾਰਟੀਆਂ ਤੇ ਰਾਜਨਂੀਤੀ ਧੱਬਾ ਲੱਗਦੇ ਹਨ।19 ਅਪ੍ਰੈਲ ਨੂੰ ਵੋਟਾਂ ਵਾਲੇ ਦਿਨ ਜਦੋਂ ਇੱਕ ਪੱਤਰਕਾਰ ਨੇ ਕਰੀਮਾਬਾਦ ਪਿੰਡ ਵਿੱਚ ਮੁੰਡਿਆਂ ਦਾ ਗਰੁੱਪ ਤੱਕਿਆਂ ਤਾਂ ਉਹ ਜੰਮੂ-ਸ਼੍ਰੀਨਗਰ ਮੁੱਖ ਮਾਰਗ 'ਤੇ ਫੌਜੀ ਗੱਡੀਆਂ ਲੰਘਾਉਣ ਖਾਤਰ ਸਿਵਲੀਅਨ ਟਰੈਫਿਕ ਬੰਦ ਕਰਨ ਦੇ ਫੌਜ ਦੇ ਫੈਸਲੇ ਨਾਲ ਜਨਤਾ ਨੂੰ ਆ ਰਹੀਆਂ ਦਿੱਕਤਾਂ ਬਾਰੇ ਚਰਚਾ ਕਰ ਰਹੇ ਸਨ। ਵੋਟ ਪਾਉਣ ਬਾਰੇ ਪੁੱਛੇ ਜਾਣ 'ਤੇ ਉਹਨਾਂ ਨੇ ਕਿਹਾ, “ਕੀਹਨੂੰ ਪਾਈਏ ਵੋਟਾਂ, ਜੀਹਨਾਂ ਨੇ ਇਹ ਕਬਰਿਸਤਾਨ ਭਰ ਛੱਡੇ ਨੇ? ਏਥੇ ਕੋਈ ਵੋਟਾਂ ਮੰਗਣ ਨੀਂ ਆਉਂਦਾ। ਉਹਨਾਂ ਨੂੰ ਪਤਾ ਹੈ ਕਿ ਅੱਗੋਂ ਉਹਨਾਂ ਨੂੰ ਕੀ ਟੱਕਰਨਾ ਹੈ।” ਅਨੰਤਨਾਗ ਦੇ ਕਰਾਂਗਸੂ ਪਿੰਡ ਦੇ ਪੋਲਿੰਗ ਬੂਥ ਦੇ ਬਾਹਰ ਪੇਂਡੂਆਂ ਦਾ ਇੱਕ ਗਰੁੱਪ ਬੈਠਾ ਸੀ। ਉਹਨਾਂ ਨੇ 'ਦੀ ਵਾਇਰ' ਦੇ ਪੱਤਰਕਾਰਾਂ ਨੂੰ ਦੱਸਿਆ “ਵੋਟ ਨਾ ਪਾਈ, ਨਾ ਪਾਵਾਂਗੇ। ਉਹਨਾਂ ਨੇ ਸਾਡੀ ਨੌਜਵਾਨ ਪੀੜ੍ਹੀ ਹੀ ਖਤਮ ਕਰ ਦਿੱਤੀ।” ਦੇਹਰੂਨਾ ਪਿੰਡ ਜਿੱਥੋਂ ਦਾ ਇੱਕ ਐਮ. ਫਿਲ. ਮੁੰਡਾ ਮਿਲੀਟੈਂਟ ਬਣਿਆ ਹੈ, ਓਥੇ 2452 ਵੋਟਾਂ ਵਿੱਚ ਸਿਰਫ 3 ਵੋਟਾਂ ਪਈਆਂ। ਲੋਕਾਂ ਨੇ ਕਿਹਾ, “ਇੱਕ ਪਾਸੇ ਉਹ ਸਾਡੇ ਪੜ੍ਹੇ ਲਿਖੇ ਮੁੰਡਿਆਂ ਨੂੰ ਬੰਦੂਕਾਂ ਚੁੱਕਣ ਲਈ ਮਜਬੂਰ ਕਰਦੇ ਨੇ ਤੇ ਦੂਜੇ ਪਾਸੇ ਸਾਥੋਂ ਉਮੀਦ ਕਰਦੇ ਨੇ ਕਿ ਉਹਨਾਂ ਨੂੰ ਵੋਟਾਂ ਪਾਈਏ।” 2018 ਅੰਦਰ ਸ਼ੋਪੀਆ ਦੇ 57 ਨੌਜਵਾਨ ਮਾਰੇ ਗਏ ਜਿਹਨਾਂ ਦੀਆਂ ਫੋਟੋਆਂ ਤੇ ਨਾਂ ਥਾਂ-ਥਾਂ ਦਿਖਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਨਾਇਕਾਂ ਨੂੰ ਦਗਾ ਨਹੀਂ ਦੇ ਸਕਦੇ।” 27 ਸਾਲਾਂ ਦੇ ਨੌਜਵਾਨ ਬਾਸਿਤ ਅਹਿਮਦ ਨੇ ਇੱਕ ਹੋਰ ਪੱਤਰਕਾਰ ਨੂੰ ਕਿਹਾ, “ਬੰਦੂਕ ਦੀਆਂ ਨਾਲੀਆਂ ਹੇਠ ਚੋਣਾਂ ਕਿਹੋ ਜਿਹੀਆਂ ਚੋਣਾਂ ਹਨ? ਮੇਰੇ ਦੋ ਦੋਸਤਾਂ ਦੀ ਨਜ਼ਰ ਪੈਲੇਟ ਗੰਨਾਂ ਦੇ ਸਦਕਾ ਜਾਂਦੀ ਰਹੀ। ਅਸੀਂ ਉਹਨਾਂ ਦੀ ਕੁਰਬਾਨੀ ਨੂੰ ਪਿੱਠ ਕਿਵੇਂ ਦਿਖਾਈਏ? ਅਸੀਂ ਵੋਟ ਨਹੀਂ ਪਾਈ। ਇਹੋ ਸਾਡਾ ਰੈਫਰੈਂਡਮ ਹੈ।”
No comments:
Post a Comment