Thursday, July 4, 2019


ਅਖੌਤੀ ਕੌਮੀ ਸੁਰੱਖਿਆ ਦਾ ਪ੍ਰਸੰਗ ਤੇ ਕਾਂਗਰਸ ਪਾਰਟੀ ਦੀ ਦੁਚਿੱਤੀ

ਹਾਕਮ ਜਮਾਤੀ ਚੋਣ ਦ੍ਰਿਸ਼ ਤੇ ਨਤੀਜਿਆਂ ਤੋਂ ਇਹ ਸਿੱਟਾ ਕੱਢਣਾ ਠੀਕ ਨਹੀਂ ਕਿ ਚੋਣਾਂ ਦੌਰਾਨ ਇਕ ਪਾਸੇ  ਫਿਰਕੂ ਰਾਸ਼ਟਰਵਾਦੀ ਨਾਅਰਿਆਂ ਦੇ ਪ੍ਰਸੰਗ ਤੇ ਦੂਜੇ ਪਾਸੇ ਲੋਕ ਮੁੱਦਿਆਂ ਦੇ ਪ੍ਰਸੰਗ ਦਾ ਆਪੋ ਵਿੱਚ ਤਿੱਖਾ ਭੇੜ ਹੋਇਆ ਹੈ। ਹਾਕਮਾਂ ਦੇ ਵੋਟ ਅਖਾੜੇ 'ਚ ਅਜਿਹਾ ਵੀ ਵਾਪਰ ਸਕਦਾ ਹੈ ਪਰ ਮੌਜੂਦਾ ਚੋਣ ਅਖਾੜੇ ਦਾ ਦ੍ਰਿਸ਼ ਅਜਿਹਾ ਨਹੀਂ ਸੀ। ਚੋਣ ਅਖਾੜੇ 'ਚ ਹਕੀਕਤ 'ਚ ਅਜਿਹਾ ਭੇੜ ਨਹੀਂ ਸੀ। ਸਗੋਂ ਹਾਲਤ ਇਸਦੇ ਉਲਟ ਸੀ। ਭਾਜਪਾ ਵੱਲੋਂ ਉਸਾਰਿਆ ਗਿਆ ਫਿਰਕੂ ਰਾਸ਼ਟਰਵਾਦੀ ਪ੍ਰਸੰਗ ਹੀ ਲੋਕ ਸਭਾ ਚੋਣਾਂ ਦਾ ਮੁੱਖ ਪ੍ਰਸੰਗ ਬਣਿਆ ਹੈ ਤੇ ਹਾਕਮ ਜਮਾਤੀ ਪਾਰਟੀਆਂ ਦੇ ਭੇੜ ਦਾ ਹਵਾਲਾ ਨੁਕਤਾ ਬਣਿਆ ਹੈ। ਦੂਜੀ ਵੱਡੀ ਪਾਰਟੀ ਬਣਦੀ ਕਾਂਗਰਸ ਇਸ ਪ੍ਰਸੰਗ ਨਾਲੋਂ ਨਿਖੇੜਾ ਨਹੀਂ ਕਰ ਸਕੀ ਤੇ ਏਸੇ 'ਚ ਬੱਝ ਕੇ , ਭਾਜਪਾ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਤੇ ਮਾਤ ਖਾਧੀ। ਲੰਮੀ ਚੱਲੀ ਇਸ ਚੋਣ ਮੁਹਿੰਮ ਦੇ ਸ਼ੁਰੂਆਤੀ ਦੌਰ 'ਚ ਕਾਂਗਰਸ ਦੀ ਟੇਕ ਭਾਜਪਾ ਦੇ 5 ਸਾਲ ਦੇ ਦੁਰ ਰਾਜ ਦੇ ਅਸਰਾਂ ਦਾ ਲਾਹਾ ਲੈਣ 'ਤੇ ਸੀ ਤੇ ਉਸਨੇ ਵੱਖ ਵੱਖ ਖੇਤਰਾਂ 'ਚ ਮੋਦੀ ਹਕੂਮਤ ਦੀਆਂ ਨਾਕਾਮੀਆਂ ਨੂੰ ਉਭਾਰਨਾ ਸ਼ੁਰੂ ਕੀਤਾ ਸੀ। ਪੁਲਵਾਮਾ ਹਮਲਾ ਵਾਪਰਨ ਮਗਰੋਂ  ਇਕ ਵਾਰ ਤਾਂ ਕਾਂਗਰਸ ਪਾਰਟੀ ਨੇ ਇਸ ਘਟਨਾ ਨੂੰ, ਕੌਮੀ ਸੁਰੱਖਿਆ ਦੇ ਮੁੱਦੇ 'ਤੇ ਭਾਜਪਾ ਨੂੰ ਘੇਰਨ ਲਈ ਹੱਥ ਆਏ ਸੁਨਹਿਰੀ ਮੌਕੇ ਵਜੋਂ ਲਿਆ, ਕੌਮੀ ਸੁਰੱਖਿਆ ਦੇ ਮੁੱਦੇ 'ਤੇ ਸਰਕਾਰ ਦੀ ਜੋਰਦਾਰ ਨੁਕਤਾਚੀਨੀ ਕੀਤੀ ਤੇ ਚੱਕਵੀਂ ਸੁਰ ਅਖਤਿਆਰ ਕੀਤੀ। ਚਾਹੇ ਉਦੋਂ ਉਸਨੂੰ ਸਰਕਾਰ  ਨਾਲ ਖੜ੍ਹਨ ਵਰਗੇ ਬਿਆਨ ਵੀ ਦੇਣੇ ਪਏ ਪਰ ਤਾਂ ਵੀ ਉਸਨੂੰ ਇਸ ਮੁੱਦੇ 'ਤੇ ਸਰਕਾਰ ਦੀ ਅਸਫਲਤਾ ਉਭਾਰਨ ਦਾ ਕਾਫੀ ਲਾਹਾ ਜਾਪਦਾ ਸੀ। ਪਰ ਜਦੋਂ ਬਾਲਾਕੋਟ ਹਵਾਈ ਹਮਲਿਆਂ ਦਾ ਡਰਾਮਾ ਰਚ ਲਿਆ ਗਿਆ ਤਾਂ ਕਾਂਗਰਸ ਵਾਸਤੇ ਕਸੂਤੀ ਹਾਲਤ ਪੈਦਾ ਹੋਈ। ਫਿਰ ਵਾਰ ਵਾਰ ਕਾਂਗਰਸ ਦੀ ਦੁਬਿਧਾ ਦਿਖਦੀ ਰਹੀ। ਪਾਕਿਸਤਾਨ ਨੂੰ ਸਬਕ ਸਿਖਾਉਣ ਤੇ ਸਰਹੱਦੋਂ ਪਾਰ ਅੱਤਵਾਦ ਦਾ ਲੱਕ ਤੋੜ ਦੇਣ ਦੇ ਚੱਕਵੇਂ ਕੌਮੀ ਸ਼ਾਵਨਵਾਦੀ ਨਾਅਰਿਆਂ ਦੇ ਪ੍ਰਸੰਗ 'ਚ ਕਾਂਗਰਸ ਨੂੰ ਭਾਜਪਾ ਦਾ ਇਸ ਮਸਲੇ ਦੇ ਹਵਾਲੇ ਨਾਲ ਟਾਕਰਾ ਕਰਨਾ ਮੁਸ਼ਕਿਲ ਲੱਗਿਆ। ਉਸਨੇ ਵਿਚਕਾਰ ਜਾ ਕੇ ਚੋਣ ਮੁਹਿੰਮ ਦੇ ਵੱਖਰਾ ਪ੍ਰਸੰਗ ਬੰਨ੍ਹਣ ਟੁੱਟਵੇਂ ਤੇ ਭਰੋਸੇ ਦੀ ਘਾਟ ਵਾਲੇ ਯਤਨ ਵੀ ਕੀਤੇ। ਇਸਤੇ ਲੀਡਰਾਂ ਨੇ ਅਜਿਹੇ ਬਿਆਨ ਵੀ ਦਿੱਤੇ ਕੇ ਜੇ ਸਰਜੀਕਲ ਸਟਰਾਈਕ ਕਰਨੀ ਹੈ ਤਾਂ ਬੇਰੁਜ਼ਗਾਰੀ 'ਤੇ ਕਰੋ, ਮਹਿੰਗਾਈ 'ਤੇ ਕਰੋ। ਇਹ ਵੀ ਕਿਹਾ ਕਿ ਮੋਦੀ ਹਕੂਮਤ ਲੋਕਾਂ ਦੇ ਜੂਨ ਗੁਜਾਰੇ ਦੇ ਮਸਲਿਆਂ ਦੇ ਹੱਲ ਕਰਨ 'ਚ ਰਹੀ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਕੌਮੀ ਸੁਰੱਖਿਆ ਦਾ ਸਹਾਰਾ ਲੈ ਰਹੀ ਹੈ, ਫੌਜ ਦੀ ਓਟ ਲੈ ਰਹੀ ਹੈ ਵਗੈਰਾ ਵਗੈਰਾ। ਲੋਕਾਂ ਦੇ ਜੂਨ ਗੁਜਾਰੇ ਦੇ ਮੁੱਦੇ ਉਭਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਦੋਂ ਵੀ ਉਹ ਸਿਰਫ ਬੇਨਕਸ਼ ਨਾਅਰਿਆਂ ਤੇ ਨਿਗੂਣੀਆਂ ਰਿਆਇਤਾਂ ਦੇ ਵਾਅਦਿਆਂ ਤੱਕ ਸੀਮਤ ਰਹੀ ਤੇ ਕੁੱਲ ਮਿਲਾ ਕੇ ਅਖੌਤੀ ਰਾਸ਼ਟਰਵਾਦੀ ਪ੍ਰਸੰਗ ਤੋਂ ਬਦਲਵਾਂ ਪ੍ਰਸੰਗ ਨਹੀਂ  ਬੰਨ੍ਹ ਸਕੀ।
ਚੋਣ ਪ੍ਰਸੰਗ ਦੇ ਸ਼ਾਵਨਵਾਦੀ ਪੈਂਤੜੇ ਨਾਲੋਂ ਨਿਖੇੜਾ ਨਾ ਕਰ ਸਕਣ 'ਚ ਅਹਿਮ ਕਾਰਨ ਕਾਂਗਰਸ ਲਈ ਹਾਕਮ ਜਮਾਤਾਂ ਨੂੰ ਇਹ ਭਰੋਸਾ ਬੰਨ੍ਹਾਉਣ ਦੀ ਜਰੂਰਤ ਸੀ ਕਿ ਉਹਨਾਂ ਦੀਆਂ ਵੱਡੀ ਖੇਤਰੀ ਤਾਕਤ ਵਜੋਂ ਉਭਰਨ ਦੀਆਂ ਖਾਹਿਸ਼ਾਂ ਦੀ ਪੂਰਤੀ ਕਰਨ ਲਈ ਉਹ ਕਿਸੇ ਪੱਖੋਂ ਭਾਜਪਾ ਤੋਂ ਘੱਟ ਨਹੀਂ ਹੈ ਸਗੋਂ ਜ਼ਿਆਦਾ ਅਸਰਦਾਰ ਹੈਇਸ ਖਾਤਰ ਉਸ ਵੱਲੋਂ ਇੰਦਰਾ ਗਾਂਧੀ ਤੇ ਲਾਲ ਬਹਾਦਰ ਸ਼ਾਸ਼ਤਰੀ ਵੱਲੋਂ ਪਾਕਿਸਤਾਨ ਨੂੰ ਅਸਲੀ ਸਬਕ ਸਿਖਾਉਣ ਦੇ ਹਵਾਲੇ ਵੀ ਦਿੱਤੇ ਗਏ। ਹੁਣ ਤੱਕ ਉਸ ਵੱਲੋਂ ਆਪ ਵੀ ਇਸਦੀ ਕਈ ਵਾਰ ਵਰਤੋਂ ਕੀਤੀ ਹੋਣ ਕਰਕੇ ਨਿਖੇੜਾ ਕਰ ਸਕਣਾ ਸੌਖਾ ਨਹੀਂ ਸੀ। ਇਹਦਾ ਲਾਹਾ ਲੈਣ ਦਾ ਲਾਲਚ ਵੀ ਉੱਠਦਾ ਸੀ। ਇਸ ਲਾਲਚ 'ਚ ਆ ਕੇ ਉਸ ਵੱਲੋਂ ਕੌਮੀ ਸੁਰੱਖਿਆ ਦੇ ਮਾਮਲੇ 'ਤੇ ਚੱਕਵੀਂ ਸੁਰ ਅਪਣਾਈ ਗਈ, ਭਾਜਪਾ ਨਾਲੋਂ ਮੂਹਰੇ ਹੋ ਕੇ ਫੌਜਾਂ ਨੂੰ ਹੋਰ ਮਜ਼ਬੂਤ ਕਰਨ ਦੇ ਵਾਅਦੇ ਕੀਤੇ ਗਏ। ਹਾਕਮ ਜਮਾਤੀ ਸਰੋਕਾਰਾਂ ਨੂੰ ਸੰਬੋਧਨ ਹੋਣ ਵੇਲੇ ਕਾਂਗਰਸ ਕਿੱਥੋਂ ਤੱਕ ਗਈ, ਇਹਦਾ ਇਕ ਪ੍ਰਗਟਾਵਾ ਇਹ ਹੈ ਜਿਵੇਂ ਉਸ ਵੱਲੋਂ ਲੋਕਾਂ ਦੇ ਜੂਨ ਗੁਜਾਰੇ ਦੇ ਮੁੱਦਿਆਂ ਵੇਲੇ ਤਾਂ ਨਿਗੂਣੇ ਰਾਹਤ ਐਲਾਨਾਂ ਤੱਕ ਰਿਹਾ ਗਿਆ, ਉਹ ਵੀ ਬਿਨਾਂ ਕਿਸੇ ਬੱਜਟ ਸਰੋਤਾਂ ਦਾ ਜ਼ਿਕਰ ਕੀਤੇ ਤੇ ਨੀਤੀ ਦਾ ਜ਼ਿਕਰ ਤਾਂ ਕਰਨਾ ਹੀ ਕੀ ਸੀ । ਜਦਕਿ ਹਾਕਮ ਜਮਾਤਾਂ ਨੂੰ ਮੁਲਕ ਨੂੰ ਵੱਡੀ ਤਾਕਤ ਵਜੋਂ ਉਭਾਰਨ ਦਾ ਭਰੋਸਾ ਦੇਣ ਵੇਲੇ ਉਸਨੇ ਨਾ ਸਿਰਫ਼ ਰੱਖਿਆ ਖੇਤਰ 'ਚ ਨਵੀਂ ਨੀਤੀ ਲਿਆਉਣ ਦਾ ਵਾਅਦਾ ਕੀਤਾ, ਸਗੋਂ ਉਸਨੂੰ ਬੱਜਟਾਂ ਦੀ ਢੋਈ ਦੇਣ ਦਾ ਐਲਾਨ ਵੀ ਕੀਤਾ । ਅਜਿਹੇ ਐਲਾਨਾਂ ਨਾਲ ਅਖੌਤੀ ਕੌਮੀ ਸੁਰੱਖਿਆ ਦਾ ਪ੍ਰਸੰਗ ਹੀ ਮਜ਼ਬੂਤ ਹੋਣਾ ਸੀ। ਤੇ ਇਉਂ ਕਾਂਗਰਸ ਇਸ ਪ੍ਰਸੰਗ ਨੂੰ ਕੱਟਣ ਦੀ ਥਾਂ ਹੋਰ ਤਕੜਾ ਕਰਨ ਦਾ ਹੀ ਸਾਧਨ ਹੋ ਨਿਬੜੀ । ਵੱਖ-ਵੱਖ ਕਾਂਗਰਸੀ ਆਗੂਆਂ ਦੇ ਬਿਆਨਾਂ 'ਚ ਭਾਜਪਾ ਤੇ ਮੋਦੀ ਵੱਲੋਂ ਪਾਕਿਸਤਾਨ ਨੂੰ ਅਸਰਦਾਰ ਤੇ ਢੁੱਕਵਾਂ ਜਵਾਬ ਨਾ ਦੇ ਸਕਣ, ਪਾਕਿਸਤਾਨ ਪ੍ਰਤੀ ਸਖ਼ਤ ਰੁਖ਼ ਨਾ ਅਪਣਾਉਣ, ਕੌਮੀ ਸੁਰੱਖਿਆ ਪ੍ਰਤੀ ਗੰਭੀਰਤਾ ਨਾ ਹੋਣ, ਬਾਲਾਕੋਟ ਸਟਰਾਈਕਸ ਰਾਹੀਂ ਕੁੱਝ ਵੀ ਹਾਸਲ ਨਾ ਕਰ ਸਕਣ, ਫੌਜਾਂ ਲਈ ਬੱਜਟਾਂ 'ਚ ਵਾਧਾ ਨਾ ਕਰਨ ਵਰਗੇ ਮੁੱਦਿਆਂ ਰਾਹੀਂ ਘੇਰਨ ਦਾ ਯਤਨ ਕੀਤਾ। ਕਾਂਗਰਸ ਦੇ ਹਮਲੇ ਦੀ ਧਾਰ ਮੁੱਖ ਤੌਰ 'ਤੇ ਕੌਮੀ ਸੁਰੱਖਿਆ ਪ੍ਰਤੀ ਮੋਦੀ ਹਕੂਮਤ ਦੀ ਨਾਕਾਮੀ ਦੁਆਲੇ ਸੀ, ਜਿਸ ਰਾਹੀਂ ਭਾਜਪਾ ਨੂੰ ਮਾਤ ਦੇਣੀ ਅਸੰਭਵ ਹੀ ਜਾਪਦੀ ਸੀ। ਇਉਂ ਹੀ ਚਾਹੇ ਕਾਂਗਰਸ ਵੱਲੋਂ ਧਾਰਾ 370 ਅਤੇ ਅਫਸਪਾ ਵਰਗੇ ਵਾਅਦੇ ਕੁੱਝ ਹਿੱਸੇ ਦੀਆਂ ਵੋਟਾਂ ਨੂੰ ਧਿਆਨ 'ਚ ਰੱਖ ਕੇ ਕੀਤੇ ਗਏ ਪਰ ਇਹ ਉਸਦੀ ਮੁਹਿੰਮ ਦਾ ਮੁੱਖ ਪੱਖ ਨਹੀਂ ਸੀ ਸਗੋਂ ਇਹ ਸਭ ਕੁੱਝ ਰਸਮੀ ਜ਼ਿਕਰ ਤੱਕ ਸੀਮਤ ਸੀ। ਕਾਂਗਰਸ ਲੀਡਰਸ਼ਿਪ ਵੱਲੋਂ ਤਾਂ ਇਸ ਮੁਹਿੰਮ 'ਚ ਧਰਮ ਨਿਰਪੱਖਤਾ ਦਾ ਆਪਣਾ ਰਟਣ ਮੰਤਰ ਦੁਹਰਾਉਣ ਤੋਂ ਵੀ ਪ੍ਰਹੇਜ਼ ਹੀ ਕੀਤਾ ਗਿਆ। ਸਗੋਂ ਮੋਦੀ ਤੇ ਭਾਜਪਾ ਨਾਲੋਂ ਕਿਸੇ ਪੱਖੋਂ ਵੀ ਹਿੰਦੂਆਂ ਦੀ ਘੱਟ ਖੈਰ-ਖਵਾਹ ਨਾ ਹੋਣ ਦਾ ਦਿਖਾਵਾ ਕਰਨ ਦਾ ਯਤਨ ਕੀਤਾ ਗਿਆ। ਰਾਹੁਲ ਤੇ ਪ੍ਰਿਯੰਕਾ ਵੱਲੋਂ ਮੰਦਰਾਂ 'ਚ ਜਾ ਕੇ ਕੀਤੀ ਪੂਜਾ ਰਾਹੀਂ ਹਿੰਦੂ ਧਾਰਮਿਕ ਭਾਵਨਾਵਾਂ ਦੀ ਵਰਤੋਂ 'ਚ ਭਾਜਪਾ ਤੋਂ ਪਿੱਛੇ ਨਾ ਰਹਿਣ ਲਈ ਟਿੱਲ ਲਾਇਆ ਗਿਆ।
ਅਖੌਤੀ ਰਾਸ਼ਟਰਵਾਦੀ ਪ੍ਰਸੰਗ ਨੂੰ ਬਲ ਬਖਸ਼ਦੇ ਕਾਂਗਰਸੀ ਆਗੂਆਂ ਦੇ ਬਿਆਨਾਂ ਦੀਆਂ ਕੁੱਝ ਝਲਕਾਂ ਇਉਂ ਹਨ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਈ ਵਾਰ ਪ੍ਰੈਸ ਕਾਨਫਰੰਸ ਰਾਹੀਂ ਮੋਦੀ ਹਕੂਮਤ ਦੀ ਮੁਲਕ ਦੀ ਸੁਰੱਖਿਆ ਨਾ ਕਰ ਸਕਣ ਕਰਕੇ ਅਲੋਚਨਾ ਕੀਤੀ। ਉਸਨੇ ਮੋਦੀ ਨੂੰ ਵਾਰ-ਵਾਰ ਸਵਾਲ ਕੀਤੇ ਕਿ ਪਾਕਿਸਤਾਨ ਪ੍ਰਸਤ ਕੌਣ ਹੈ, ਸੈਨਾ ਦਾ ਵਿਰੋਧੀ ਕੌਣ ਹੈ, ਸੈਨਾ ਦਾ ਮਨੋਬਲ ਕੌਣ ਸੁੱਟਦਾ ਹੈ ਵਗੈਰਾ ਵਗੈਰਾ । 5 ਫਰਵਰੀ ਨੂੰ ਹੀ, ਪੁਲਵਾਮਾ ਹਮਲੇ ਤੋਂ ਵੀ ਪਹਿਲਾਂ ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਨੇ ਕੌਮੀ ਸੁਰੱਖਿਆ ਦੇ ਮਾਮਲੇ 'ਤੇ ਸਮਝੌਤਾ ਕੀਤਾ ਹੈ ਤੇ ਇਹ ਬੇਰੋਕ-ਟੋਕ ਜਾਰੀ ਹੈ। ਕਾਂਗਰਸ ਆਗੂ ਕਪਿਲ ਸਿੱਬਲ ਨੇ 31 ਮਾਰਚ ਨੂੰ ਪੱਤਰਕਾਰ ਪੱਲਵੀ ਘੋਸ਼ ਨਾਲ ਇੰਟਰਵਿਊ 'ਚ ਕਿਹਾ ਕਿ ''ਅਸੀਂ ਕਹਿੰਨੇ ਆ 350 ਕਿਉਂ, 500 ਮਾਰਨੇ ਚਾਹੀਦੇ ਸੀ, 750 ਮਾਰਨੇ ਚਾਹੀਦੇ ਸੀ, 1000 ਮਾਰਨੇ ਚਾਹੀਦੇ ਸੀ।'' ਉਸਨੇ ਕਿਹਾ ਕਿ ''ਇਹ ਮਜ਼ਬੂਤ ਪ੍ਰਧਾਨ ਮੰਤਰੀ ਆ? ਜਿਹੜਾ ਪਾਕਿਸਤਾਨ ਜਾਂਦਾ ਹੈ, ਨਵਾਜ਼ ਸ਼ਰੀਫ ਨੂੰ ਗਲੇ ਲਾਉਂਦਾ ਹੈ, ਉਹਦੇ ਜਨਮ ਦਿਨ 'ਤੇ ਤੋਹਫੇ ਦੇ ਕੇ ਆਉਂਦਾ ਹੈ।'' ਉਸਨੇ ''ਚੌਂਕੀਦਾਰ ਚੋਰ ਹੈ'' ਦੇ ਕਾਂਗਰਸ ਦੇ ਨਾਅਰੇ ਨੂੰ ਵੀ ਬਦਲ ਕੇ ਕੌਮੀ ਸੁਰੱਖਿਆ ਦੇ ਮੁੱਦੇ ਦੁਆਲੇ ਕੇਂਦਰਿਤ ਕੀਤਾ। ਉਸਨੇ ਕਿਹਾ ਕਿ ''ਪਠਾਨਕੋਟ ਵਾਪਰਿਆ ਤਾਂ ਕੀ ਚੌਂਕੀਦਾਰ ਸੌਂ ਰਿਹਾ ਸੀ, ਉੜੀ 'ਚ ਵਾਪਰਿਆ, ਬਾਰਾ-ਮੁੱਲਾ ਹੋਇਆ, ਰੰਗਰੋਟਾ ਹੋਇਆ, ਪੁਲਵਾਮਾ ਹੋਇਆ 'ਤੇ ਇਸ ਵੇਲੇ ਚੌਂਕੀਦਾਰ ਕੀ ਕਰ ਰਿਹਾ ਸੀ, ਚੌਕੀਦਾਰ ਕਿਥੇ ਸੀ।'' ਉਸਨੇ ਕਿਹਾ, ''ਇਹ ਹਕੂਮਤ ਕੌਮੀ ਸੁਰੱਖਿਆ ਦੇ ਮੁੱਦੇ 'ਤੇ ਬਿਲਕੁਲ ਫੇਲ੍ਹ ਹੋਈ ਹੈ।''
ਰੱਖਿਆ ਬੱਜਟ ਨਾ ਵਧਾਉਣ 'ਤੇ ਉਸਨੇ ਭਾਜਪਾ ਹਕੂਮਤ ਦੀ ਨੁਕਤਾਚੀਨੀ ਕਰਦਿਆਂ ਕਿਹਾ, ''ਬੱਜਟ 'ਚ ਰੱਖਿਆ ਖੇਤਰ ਲਈ ਕੀ ਰੱਖਿਆ ਹੈ ਇਹਨਾਂ ਨੇ, ਪਿਛਲੇ ਬੱਜਟ '2 ਲੱਖ 98 ਹਜ਼ਾਰ ਕਰੋੜ ਰੱਖਿਆ ਸੀ, ਇਹਨੂੰ ਵਧਾ ਕੇ 3 ਲੱਖ 18 ਹਜ਼ਾਰ ਕਰੋੜ ਕਰ ਦਿੱਤਾ ਗਿਆ, ਇਹਦੇ 'ਚੋਂ 85% ਲਗਭਗ ਤਨਖਾਹਾਂ 'ਤੇ ਲੱਗ ਜਾਂਦਾ, ਰੱਖਿਆ ਸਾਜੋ-ਸਮਾਨ ਲਈ ਕੁੱਝ ਵੀ ਨਹੀਂ ਬਚਦਾ ਤੇ ਜਿਹੜਾ ਵਧਾਇਆ ਵੀ, ਉਹ ਵੀ ਕੁੱਲ ਮਹਿੰਗਾਈ ਦੇ ਵਾਧੇ ਦੇ ਹਿਸਾਬ ਨਾਲ ਕੋਈ ਵਾਧਾ ਨਹੀਂ ਬਣਦਾ।'' ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਪੁਲਵਾਮਾ ਹਮਲੇ ਮਗਰੋਂ 4 ਘੰਟੇ ਤੱਕ ਮੋਦੀ ਸ਼ੂਟਿੰਗ 'ਚ ਰੁੱਝਿਆ ਰਿਹਾ, ਸਮੋਸੇ ਖਾਂਦਾ ਰਿਹਾ, ਇਹ ਸ਼ਹੀਦਾਂ ਦੀ ਹੱਤਕ ਹੈ ਜਦਕਿ ਉਸਨੂੰ ਉਸ ਵੇਲੇ ਕੇਂਦਰੀ ਕੈਬਨਿਟ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਿਹਾ ਹੋਣਾ ਚਾਹੀਦਾ ਸੀ। ਇਉਂ ਹੀ ਇੱਕ ਹੋਰ ਮੌਕੇ 'ਤੇ ਉਸਨੇ ਕਿਹਾ ਕਿ ਕਾਂਗਰਸ ਨੇ ਮੁਲਕ ਦੀ ਸੁਰੱਖਿਆ ਦੇ ਖੇਤਰ 'ਚ ਵੱਡੇ ਕਦਮ ਚੁੱਕਣੇ ਸਨ ਜਿੰਨ੍ਹਾਂ 'ਚ ਅੱਤਵਾਦ ਵਿਰੋਧੀ ਖੁਫ਼ੀਆ ਏਜੰਸੀਆਂ ਦਾ ਕੇਂਦਰ ਬਣਾਉਣ ਦੀ ਵਿਉਂਤ ਸੀ ਜਿਸਦਾ ਵਿਰੋਧ ਮੋਦੀ ਨੇ ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ ਕੀਤਾ ਸੀ ਤੇ ਇਸਦੇ ਬਣਨ 'ਚ ਅੜਿੱਕੇ ਪਾਏ ਸਨ। ਇਸ ਮਸਲੇ ਨੂੰ ਚਿਦੰਬਰਮ ਨੇ ਵੀ ਚੱਕਿਆ। 3 ਅਪ੍ਰੈਲ ਨੂੰ ਉਸਨੇ ਕਿਹਾ ਕਿ ਕੌਮੀ ਸੁਰੱਖਿਆ ਲਈ ਕਾਂਗਰਸ ਸਰਕਾਰ ਦੀਆਂ ਦੋ ਵੱਡੀਆਂ ਪਹਿਲਕਦਮੀਆਂ ਨੂੰ ਮੋਦੀ ਹਕੂਮਤ ਨੇ ਜਾਮ ਕਰਕੇ ਰੱਖ ਦਿੱਤਾ। ਇਹ ਸਨ ਸਾਰੀਆਂ ਖੁਫੀਆ ਏਜੰਸੀਆਂ ਦੇ ਕੇਂਦਰ ਵਜੋਂ ਇਕ ਸਾਂਝਾ ਗਰਿੱਡ ਬਣਾਉਣਾ  ਤੇ ਅੱਤਵਾਦ ਵਿਰੋਧੀ ਸਾਂਝਾ ਕੇਂਦਰ ਬਣਾਉਣਾ। ਉਸਨੇ ਮੋਦੀ ਹਕੂਮਤ ਦੀ ਨੁਕਤਾਚੀਨੀ ਕੀਤੀ ਕਿ ਇਸਨੇ 5 ਸਾਲਾਂ 'ਚ ਇਹ ਕੰਮ ਅੱਗੇ ਕਿਉਂ ਨਹੀਂ ਤੋਰਿਆ।
ਰਾਫੇਲ ਮਾਮਲੇ 'ਤੇ ਵੀ ਕਾਂਗਰਸ ਨੇ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਦਾ ਮੁੱਦਾ ਉਭਾਰਿਆ, 14 ਮਈ ਨੂੰ ਕਾਂਗਰਸ ਦੇ ਤਰਜਮਾਨ ਸੁਰਜੇਵਾਲਾ ਨੇ ਕਿਹਾ, ''ਅੰਤ ਨੂੰ ਸੱਚ ਬਾਹਰ ਆ ਗਿਆ........... ਏਅਰ ਫੋਰਸ ਤੇ ਦੇਸ਼ ਦੇ ਹਿੱਤਾਂ. ਨੂੰ ਤੱਜ ਕੇ ਪੈਸੇ ਬਚਾਉਣ ਖਾਤਰ ਰਾਫੇਲ ਦੀ ਗਿਣਤੀ 126 ਤੋਂ ਘਟਾ ਕੇ 36 ਕਰ ਦਿੱਤੀ ਗਈ। ''
ਕਾਂਗਰਸ ਨੇ ਭਾਰਤ ਦੀ ਕੌਮੀ ਸੁਰੱਖਿਆ ਬਾਰੇ ਨੀਤੀ ਬਣਾਉਣ ਖਾਤਰ ਸੁਝਾਵਾਂ ਲਈ ਕਮੇਟੀ ਗਠਿਤ ਕੀਤੀ ਅਤੇ ਸਰਕਾਰ 'ਚ ਆਉਣ ਮਗਰੋਂ ਇਸ ਟਾਸਕ ਫੋਰਸ ਦੀ ਰਿਪੋਰਟ ਦੇ ਅਧਾਰ 'ਤੇ ਸੁਰੱਖਿਆ ਨੀਤੀ ਬਣਾਉਣ ਦਾ ਵਾਅਦਾ ਕੀਤਾ। ਇਹ ਟਾਸਕ ਫੋਰਸ , ਉੜੀ ਹਮਲੇ ਮਗਰੋਂ ਪਾਕਿਸਤਾਨ ਕਬਜੇ ਹੇਠਲੇ ਕਸ਼ਮੀਰ 'ਚ ਸਰਜੀਕਲ ਸਟਰਾਈਕਸ ਦੇ ਐਕਸ਼ਨ ਦੇ ਮੋਢੀ ਡੀ.ਐਸ. ਹੁੱਡਾ ਦੀ ਅਗਵਾਈ 'ਚ ਗਠਿਤ ਕੀਤੀ ਗਈ ਸੀ। ਹੋਰਨਾਂ ਗੱਲਾਂ ਤੋਂ ਇਲਾਵਾ ਇਹਦੇ 'ਚ ਭਾਰਤ ਨੂੰ ਮਹਾਂਸ਼ਕਤੀ ਬਣਾਉਣ ਲਈ ਮੁੱਖ ਟੇਕ ਫੌਜੀ ਬੱਜਟ ਵਧਾਉਣ 'ਤੇ ਸੀ।
ਬੁਰਜੂਆ ਪ੍ਰੈਸ 'ਚ ਵੀ ਕਾਂਗਰਸ ਵੱਲੋਂ ਆਪਣੀ ਚੋਣ ਮੁਹਿੰਮ ਦਾ ਪ੍ਰਸੰਗ ਬਦਲ ਦੇਣ ਦੀ ਚਰਚਾ ਹੋਈ। ਦੂਜੀਆਂ ਵਿਰੋਧੀ ਪਾਰਟੀਆਂ ਵੱਲੋਂ ਵੀ ਚੋਣ ਮੁਹਿੰਮ ਦਾ ਭਾਜਪਾ ਵੱਲੋਂ ਬੰਨ੍ਹਿਆ ਜਾ ਰਿਹਾ ਪ੍ਰਸੰਗ ਬਦਲਣ ਦੀ ਲੋੜ ਉਭਾਰੀ ਗਈ ਸੀ। ਸੀ.ਪੀ.ਐਮ. ਦੇ ਸਕੱਤਰ ਸੀਤਾ ਰਾਮ ਯੇਚੂਰੀ ਨੇ ਸਾਂਝੀ ਮੀਟਿੰਗ 'ਚ ਇਸ ਮਸਲੇ 'ਤੇ ਜ਼ੋਰ ਦਿੱਤਾ ਪਰ ਉਸਤੋਂ ਕੁੱਝ ਦਿਨਾਂ ਬਾਅਦ ਰਾਹੁਲ ਗਾਂਧੀ ਨੇ ਪ੍ਰਸੰਗ ਇਉਂ ਬਦਲਿਆ। ਉਸਨੇ ਇੱਕ ਰੈਲੀ 'ਚ ਪ੍ਰਧਾਨ ਮੰਤਰੀ ਨੂੰ ਫਿਰ ਸਵਾਲ ਕੀਤਾ ''ਪ੍ਰਧਾਨ ਮੰਤਰੀ ਇਹ ਦੱਸੇ ਕਿ ਮਸੂਦ ਅਜ਼ਹਰ ਨੂੰ ਰਿਹਾਅ ਕਿਸਨੇ ਕੀਤਾ।''
ਇਹ ਕੁੱਝ ਝਲਕਾਂ ਸਨ ਜਿੰਨ੍ਹਾਂ ਰਾਹੀਂ ਇਹ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਾਂਗਰਸ ਵੀ ਅਖੌਤੀ ਕੌਮੀ ਸੁਰੱਖਿਆ 'ਤੇ ਅਖੌਤੀ ਰਾਸ਼ਟਰਵਾਦ ਦੇ ਪ੍ਰਸੰਗ ਨੂੰ ਹੀ ਮਜਬੂਤ ਕਰਨ ਦਾ ਸਾਧਨ ਬਣੀ ਹੈ।

No comments:

Post a Comment