Thursday, July 4, 2019

ਮੀਮਸਾ 'ਚ ਮਜਦੂਰ ਆਗੂਆਂ 'ਤੇ ਜਬਰ ਅਤੇ ਪੰਚਾਇਤੀ ਜਮੀਨਾਂ ਦੇ ਹੱਕ ਲਈ ਸੰਘਰਸ਼ ਦੀਆਂ ਕਠਿਨਾਈਆਂ


ਮੀਮਸਾ 'ਚ ਮਜਦੂਰ ਆਗੂਆਂ 'ਤੇ ਜਬਰ ਅਤੇ 
ਪੰਚਾਇਤੀ ਜਮੀਨਾਂ ਦੇ ਹੱਕ ਲਈ ਸੰਘਰਸ਼ ਦੀਆਂ ਕਠਿਨਾਈਆਂ

ਪਿੰਡ ਮੀਮਸਾ (ਸੰਗਰੂਰ) 'ਚ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਠੇਕੇ 'ਤੇ ਲੈਣ ਲਈ ਸੰਘਰਸ਼ ਕਰ ਰਹੇ ਖੇਤ ਮਜ਼ਦੂਰ ਆਗੂਆਂ ਤੇ ਕਾਰਕੁੰਨਾਂ ਨੂੰ ਪੇਂਡੂ ਚੌਧਰੀਆਂ ਦੇ ਜਬਰ ਦਾ ਸ਼ਿਕਾਰ ਹੋਣਾ ਪਿਆ ਹੈ। ਪਿੰਡ ਦੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਬਣਦੇ 6 ਕਿੱਲੇ ਜ਼ਮੀਨ ਦਲਿਤ ਭਾਈਚਾਰਾ ਆਪਣੇ ਸੰਘਰਸ਼ ਦੇ ਜ਼ੋਰ 'ਤੇ ਪਿਛਲੇ ਦੋ ਸਾਲ ਤੋਂ ਠੇਕੇ 'ਤੇ ਲੈਂਦਾ ਆ ਰਿਹਾ ਸੀ। ਹੁਣ ਇਸ ਵਾਰ ਪਿੰਡ ਦੇ ਸਰਪੰਚ ਵੱਲੋਂ ਖੇਤ ਮਜ਼ਦੂਰ ਭਾਈਚਾਰੇ 'ਚੋਂ ਵਿਅਕਤੀ ਖੜ੍ਹੇ ਕਰਕੇ ਬੋਲੀ ਮਜ਼ਦੂਰ ਜੱਥੇਬੰਦੀ ਤੋਂ ਹਾਸਲ ਕਰਨ ਦਾ ਯਤਨ ਕੀਤਾ ਜੋ ਮਜ਼ਦੂਰ ਏਕੇ ਦੇ ਜ਼ੋਰ ਫੇਲ੍ਹ ਕਰ ਦਿੱਤਾ ਗਿਆ। ਪਰ ਉਲਟੇ ਕੇਸ ਖੇਤ ਮਜ਼ਦੂਰ ਆਗੂਆਂ ਸਿਰ ਹੀ ਦਰਜ ਕਰਵਾ ਦਿੱਤੇ ਗਏ ਤੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤੇ ਗਏ ਇਸਦੇ ਰੋਸ ਵਜੋਂ ਮਜ਼ਦੂਰ ਜਥੇਬੰਦੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪਿੰਡ 'ਚ ਰੈਲੀ ਤੇ ਮੁਜ਼ਹਾਰਾ ਕਰਕੇ ਲਾਮਬੰਦੀ ਕੀਤੀ ਗਈ। ਇਸ ਰੈਲੀ ਤੋਂ ਮਗਰੋਂ ਪਿੰਡ 'ਚੋਂ ਜਾ ਰਹੇ ਜਥੇਬੰਦੀ ਦੇ ਆਗੂਆਂ 'ਤੇ ਸਰਪੰਚ ਵੱਲੋਂ 'ਕੱਠੇ ਕੀਤੇ ਭਾੜੇ ਦੇ ਗੁੰਡਿਆਂ ਨੇ ਹਿੰਸਕ ਹਮਲਾ ਕਰਕੇ, ਆਗੂਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕਈ ਜਣੇ ਜ਼ਖਮੀ ਹੋਏ। ਹਮਲਾ ਕਰਵਾਉਣ ਵਾਲਾ ਪਿੰਡ ਦਾ ਸਰਪੰਚ ਚਾਹੇ ਆਪ ਦਲਿਤ ਭਾਈਚਾਰੇ 'ਚੋਂ ਹੀ ਹੈ ਪਰ ਦਲਿਤ ਭਾਈਚਾਰੇ 'ਚ ਲੱਠਮਾਰ ਚੌਧਰੀ ਹੈ, ਨਸ਼ਿਆਂ ਦੇ ਕਾਰੋਬਾਰ 'ਚ ਸ਼ੁਮਾਰ ਹੈ, ਇਲਾਕੇ ਦੇ ਵਿਧਾਇਕ ਨਾਲ ਨੇੜਤਾ ਹੈ, ਪੁਲਿਸ -ਅਫਸਰਸ਼ਾਹੀ ਨਾਲ ਗੱਠਜੋੜ ਹੈ। ਕਿਰਤੀਆਂ ਦਾ ਹੱਕ ਮਾਰ ਕੇ ਲਾਹਾ ਲੈਣਾ ਤੇ ਚੌਧਰ ਕਾਇਮ ਰੱਖਣੀ ਮਕਸਦ ਹੈ।
ਇਸ ਘਟਨਾ ਖਿਲਾਫ ਪਿੰਡ ਤੇ ਇਲਾਕੇ ਦੇ ਲੋਕਾਂ 'ਚ ਰੋਸ ਤਾਂ ਫੈਲਿਆ ਹੀ ਹੈ, ਨੌਜਵਾਨ ਕਾਰਕੁੰਨਾਂ ਦੀ ਭਿਆਨਕ ਕੁੱਟਮਾਰ ਨੇ ਲੋਕਾਂ 'ਚ ਪ੍ਰਤੀਕਰਮ ਵੀ ਜਗਾਇਆ ਹੈ। ਮਜ਼ਦੂਰ ਜਥੇਬੰਦੀ ਤੋਂ ਇਲਾਵਾ ਹੋਰ ਜਨਤਕ ਜਥੇਬੰਦੀਆਂ ਨੇ ਵੀ ਰੋਹ ਪ੍ਰਗਟ ਕੀਤਾ ਹੈ, ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਉੱਠ ਖੜ੍ਹੀ ਹੈ। ਜਿਲ੍ਹੇ ਦੀਆਂ ਸਰਗਰਮ ਜਨਤਕ ਜਥੇਬੰਦੀਆਂ ਦੀ ਐਕਸ਼ਨ ਕਮੇਟੀ ਬਣੀ ਹੈ। ਦੋਸ਼ੀਆਂ 'ਤੇ ਬਣਦੀਆਂ ਸਖਤ ਧਰਾਵਾਂ ਤਹਿਤ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਤੇ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਜਨਤਕ ਲਾਮਬੰਦੀ ਹੋ ਰਹੀ ਹੈ। 1 ਜੁਲਾਈ ਨੂੰ ਸੰਗਰੂਰ 'ਚ ਜਨਤਕ ਰੈਲੀ ਤੇ ਮੁਜ਼ਾਹਰਾ ਰੱਖਿਆ ਗਿਆ ਹੈ। 24 ਜੂਨ ਨੂੰ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਨੂੰ ਜਿਲ੍ਹੇ ਪੱਧਰ 'ਤੇ ਜਨਤਕ ਵਫਦਾਂ ਦੇ ਰੂਪ 'ਚ ਅਧਿਕਾਰੀਆਂ ਨੂੰ ਮਿਲਕੇ ਮੰਗਾਂ ਮੰਨਣ ਲਈ ਦਬਾਅ ਬਣਾਇਆ ਗਿਆ ਹੈ।ਦਲਿਤਾਂ ਵੱਲੋਂ ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਠੇਕੇ 'ਤੇ ਲੈਣ ਦਾ ਹੱਕ ਪਗਾਉਣ ਲਈ ਸੰਗਰੂਰ ਜਿਲ੍ਹੇ 'ਚ ਕਈ ਸਾਲਾਂ ਤੋਂ ਸੰਘਰਸ਼ ਚੱਲਦਾ ਆ ਰਿਹਾ ਹੈ। ਕਈ ਪਿੰਡਾਂ 'ਚ ਆਪਣੇ ਏਕੇ ਤੇ ਸੰਘਰਸ਼ ਦੇ ਜ਼ੋਰ 'ਤੇ ਇਹ ਹੱਕ ਹਾਸਲ ਕੀਤਾ ਗਿਆ ਹੈ ਤੇ ਕਈਆਂ 'ਚ ਹਾਸਲ ਕਰਨ ਲਈ ਜ਼ੋਰ ਅਜਮਾਈ ਚੱਲਦੀ ਆ ਰਹੀ ਹੈ। ਹਰ ਸਾਲ ਹੀ, ਜ਼ਮੀਨ ਦਾ ਹੱਕ ਮਾਰਨ ਲਈ ਸਥਾਨਕ ਚੌਧਰੀ, ਇਲਾਕੇ ਦੇ ਸਿਆਸਤਦਾਨਾਂ ਤੇ ਅਫਸਰਸ਼ਾਹੀ ਨਾਲ ਰਲਕੇ ਸਰਗਰਮ ਹੋ ਜਾਂਦੇ ਹਨ। ਜ਼ਮੀਨ ਹਾਸਲ ਕਰਨ ਤੋਂ ਰੋਕਣ ਲਈ ਦਬਾਅ ਬਣਾਉਣ, ਧਮਕੀਆਂ ਦੇਣ ਤੇ ਲਾਲਚ ਦੇਣ ਵਰਗੇ ਹਰ ਤਰ੍ਹਾਂ ਦੇ ਹੀਲੇ ਵਸੀਲੇ ਵਰਤੇ ਜਾਂਦੇ ਹਨ। ਖੇਤ ਮਜ਼ਦੂਰਾਂ ਦੀ ਜੱਥੇਬੰਦਕ ਤਾਕਤ 'ਚ ਸੰਨ੍ਹ ਲਾਉਣ ਦੇ ਯਤਨ ਹੁੰਦੇ ਹਨ। ਦਲਿਤ ਭਾਈਚਾਰੇ 'ਚੋਂ ਹੀ ਕੁੱਝ ਵਿਅਕਤੀਆਂ ਨੂੰ ਮੂਹਰੇ ਲਾ ਕੇ, ਉੱਚ ਜਾਤੀ ਚੌਧਰੀਆਂ ਵੱਲੋਂ ਬੋਲੀਆਂ ਦਿੱਤੀਆਂ ਜਾਂਦੀਆਂ ਹਨ ਤੇ ਜ਼ਮੀਨਾਂ ਹਾਸਲ ਕੀਤੀਆਂ ਜਾਂਦੀਆਂ ਹਨ। ਦਲਿਤਾਂ ਨੂੰ ਇਹ ਹੱਕ ਮੰਗਣ ਲਈ ਉੱਚ- ਜਾਤੀਜਗੀਰੂ ਚੌਧਰੀਆਂਦੇ ਪਰਕੋਪ ਦਾ ਸਾਹਮਣਾ ਕਰਨਾ ਪੈਂਦਾ ਹੈ ਹੈ ਦਲਿਤਾਂ ਨੂੰ ਇਹ ਹੱਕ ਪੁਗਾਉਣ ਕਰਕੇ ਹੀ ਲੱਠਮਾਰ ਚੌਧਰੀਆਂ ਦੇ ਕਹਿਰ ਦਾ ਨਿਸ਼ਾਨਾ ਬਣਨਾ ਪਿਆ ਹੈ। ਲਗਭਗ ਤਿੰਨ ਵਰ੍ਹੇ ਪਹਿਲਾਂ ਸੰਗਰੂਰ ਦੇ ਹੀ ਪਿੰਡ ਜਲੂਰ 'ਚ ਇਹ ਵਰਤਾਰਾ ਕਿਤੇ ਵੱਡੇ ਪੈਮਾਨੇ  'ਤੇ ਵਾਪਰਿਆ ਸੀ ਜਦੋਂ ਪਿੰਡ ਦੇ ਚੌਧਰੀਆਂ ਵੱਲੋਂ ਜੱਟ ਕਿਸਾਨੀ ਨੂੰ ਜਾਤ ਪਾਤੀ ਲੀਹਾਂ 'ਤੇ ਖੇਤ ਮਜ਼ਦੂਰਾਂ ਖਿਲਾਫ ਲਾਮਬੰਦ ਕਰ ਲਿਆ ਗਿਆ ਸੀ ਤੇ ਦਲਿਤ ਵਿਹੜੇ 'ਤੇ ਹੱਲਾ ਬੋਲਿਆ ਗਿਆ ਸੀ। ਦਲਿਤਾਂ 'ਚ ਜ਼ਮੀਨ ਦਾ ਹੱਕ ਲੈਣ ਲਈ ਤਾਂਘ ਪ੍ਰਗਟਾਵਾ ਪੰਚਾਇਤੀ ਜ਼ਮੀਨਾਂ ਠੇਕੇ 'ਤੇ ਲੈਣ ਦੀ ਲਾਮਬੰਦੀ ਰਾਹੀਂ ਦੇਖਿਆ ਜਾ ਸਕਦਾ ਹੈ। ਸੰਗਰੂਰ ਜਿਲ੍ਹੇ 'ਚ ਪੰਚਾਇਤੀ ਜ਼ਮੀਨ ਦੇ ਟੱਕ ਵੱਡੇ ਹੋਣ ਕਰਕੇ, ਏਥੇ ਬਹੁਤ ਤੇਜ਼ੀ ਨਾਲ ਦਲਿਤ ਭਾਈਚਾਰੇ 'ਚ ਇਹ ਮੰਗ ਉੱਭਰੀ ਹੈ। ਠੇਕੇ 'ਤੇ ਜ਼ਮੀਨ ਹਾਸਲ ਕਰਨ ਦੀ ਤਾਂਘ ਪਿੰਡ ਪਿੰਡ ਫੈਲਦੀ ਗਈ ਹੈ। ਜ਼ਮੀਨ ਦੇ ਚਾਰ ਸਿਆੜਾਂ 'ਤੇ ਹਲ ਵਾਹੁਣ ਦੀ (ਚਾਹੇ ਠੇਕੇ 'ਤੇ ਹੀ ਸਹੀ) ਰੀਝ ਪੂਰੀ ਹੁੰਦੀ ਹੈ ਤਾਂ ਇਹ ਦਲਿਤਾਂ ਲਈ ਸਿਰਫ ਆਰਥਿਕ ਰਾਹਤ ਹੀ ਨਹੀਂ ਬਣਦੀ, ਇਹ ਸਾਡੇ ਸਮਾਜਿਕ ਨਾ ਬਰਾਬਰੀ ਦੇ ਮਹੌਲ 'ਚ ਮਾਣ-ਸਨਮਾਨ ਦੀ ਤਸੱਲੀ ਦਾ ਜ਼ਰੀਆ ਵੀ ਬਣਦੀ ਹੈ। ਅਖੌਤੀ ਆਰਥਿਕ ਸੁਧਾਰਾਂ ਦੇ ਦੌਰ ', ਖੇਤੀ 'ਚੋਂ ਰੁਜ਼ਗਾਰ ਦਾ ਹੋਰ ਵਧੇਰੇ ਉਜਾੜਾ ਹੋ ਜਾਣ ਕਾਰਨ, ਖੇਤ ਮਜ਼ਦੂਰਾਂ ਨੂੰ ਜੂਨ ਗੁਜਾਰੇ ਦੇ ਵੱਡੇ ਸੰਕਟ ਦਾ ਸਾਹਮਣਾ ਹੈ, ਕੋਈ ਵੀ ਬਦਲਵਾਂ ਸਰੋਤ ਨਹੀਂ ਹੈ ਜੋ ਵਿਹਲੇ ਹੱਥਾਂ ਨੂੰ ਕੰਮ ਦੇ ਸਕੇ। ਅਜਿਹੀ ਹਾਲਤ 'ਚ ਠੇਕੇ 'ਤੇ ਜ਼ਮੀਨ ਲੈ ਕੇ, ਖੇਤੀ ਕਰਨਾ ਵੱਡੀ ਰਾਹਤ ਦਾ ਸਾਧਨ ਬਣਦਾ ਹੈ। ਇਹਦੇ 'ਤੇ ਪਸ਼ੂ ਪਾਲੇ ਜਾ ਸਕਦੇ ਹਨ, ਖਾਣ ਜੋਗੇ ਦਾਣੇ ਆ ਸਕਦੇ ਹਨ ਤੇ ਕੁਝ ਨਾ ਕੁਝ ਨਾ ਬੱਚਤ ਹੋ ਸਕਦੀ ਹੈ। ਉਂਜ ਵੀ ਖੇਤ ਮਜ਼ਦੂਰਾਂ ਨੂੰ ਟੁਟਦੀਆਂ ਦਿਹਾੜੀਆਂ ਹੀ ਮਿਲਦੀਆਂ ਹਨ। ਉਹ ਫੇਰ ਵੀ ਚੱਲਦੀਆਂ ਰਹਿੰਦੀਆਂ ਹਨ ਤੇ ਆਪਣੇ ਖੇਤ 'ਚ ਮਰਜ਼ੀ ਨਾਲ ਕੰਮ ਕਰਨ ਦਾ ਜੋ ਸਕੂਨ ਸਮਾਜਿਕ ਵਿਤਕਰੇ ਤੇ ਦਾਬੇ ਦਾ ਸੰਤਾਪ ਹੰਢਾਉਦੇ ਦਲਿਤਾਂ ਨੂੰ ਹਾਸਲ ਹੁੰਦਾ ਹੈ ਉਹ ਕਿਸੇ ਆਰਥਿਕ ਰਾਹਤ ਤੋਂ ਵੀ ਵੱਡਾ ਹੈ। ਇਹ ਕਾਰਨ ਹੈ ਜੋ ਜ਼ਮੀਨਾਂ ਠੇਕੇ 'ਤੇ ਹਾਸਲ ਕਰਨ ਲਈ ਖੇਤ ਮਜ਼ਦੂਰਾਂ ਦੇ ਜੱਥੇਬੰਦ ਹੋਣ ਦੇ ਅਮਲ ਨੂੰ ਤੇਜੀ ਬਖਸ਼ਦਾ ਹੈ ਤੇ ਏਸ ਗੱਲ ਦੀ ਵੀ ਪੁਸ਼ਟੀ ਕਰਦਾ ਹੈ ਕਿ ਖੇਤ ਮਜ਼ਦੂਰਾਂ ਲਈ ਜ਼ਮੀਨਾਂ ਦੇ ਮਾਲਕ ਬਣਨ ਦੀ ਤਾਂਘ ਜਗਾਈ ਜਾ ਸਕਦੀ ਹੈ ਤੇ ਆਖਰ ਨੂੰ ਜ਼ਮੀਨ ਮਾਲਕੀ ਲਈ ਸੰਘਰਸ਼ਾਂ ਤੱਕ ਜਾਇਆ ਜਾ ਸਕਦਾ ਹੈ। ਪਰ ਨਾਲ ਹੀ ਇਸ ਸੰਘਰਸ਼ ਨੂੰ ਹਮੇਸ਼ਾਂ ਦੀ ਤਰ੍ਹਾਂ ਅਨੇਕਾਂ ਉਲਝਣਾਂ ਤੇ ਅੜਿੱਕੇ ਹਨ। ਖੇਤ ਮਜ਼ਦੂਰਾਂ ਦਾ ਪਿੰਡ ਦੇ ਚੌਧਰੀਆਂ ਨਾਲ ਭੇੜ 'ਚ ਆ ਕੇ ਜਥੇਬੰਦ ਹੋਣਾ, ਆਪਣੇ ਆਪ 'ਚ ਹੀ ਸਿਆਸੀ ਪਾ੍ਰਪਤੀ ਬਣਦੀ ਹੈ।   ਜਾਤ-ਪਾਤੀ ਦਾਬੇ ਦਾ ਜਥੇਬੰਦ ਹੋਣ ਤੋਂ ਰੋਕਣ 'ਚ ਵੱਡਾ ਰੋਲ ਹੈ। ਇੱਕ ਵਾਰ ਜ਼ਮੀਨ ਹਾਸਲ ਕਰਕੇ ਵੀ, ਜਥੇਬੰਦੀ ਨੂੰ ਬਚਾਈ ਰੱਖਣ ਲਈ ਕਠਿਨ ਸੰਘਰਸ਼ ਚੱਲਦਾ ਹੈ। ਕਈ ਪਾਸਿਆਂ ਤੋਂ ਸੰਨ੍ਹ ਲਾਈ ਜਾਂਦੀ ਹੈਖੇਤ ਮਜ਼ਦੂਰਾਂ 'ਚ ਸਮਾਜੀ-ਸਿਆਸੀ ਚੇਤਨਾ ਦਾ ਨੀਵਾਂ ਪੱਧਰ ਲੀਡਰਸ਼ਿਪ ਦੇ ਉਭਰਨ ਦੇ ਅਮਲ ਨੂੰ ਲਮਕਵਾਂ ਬਣਾਉਂਦਾ ਹੈ। ਇਸ ਸੰਘਰਸ਼ ', ਜ਼ਮੀਨਾਂ ਹਾਸਲ ਕਰਕੇ, ਸੰਘਰਸ਼ਾਂ ਦੇ ਅਗਲੇ ਪੜਾਅ ਦਾ ਦੌਰ ਸ਼ੁਰੂ ਹੁੰਦਾ ਹੈ ਜਿੱਥੇ ਜਥੇਬੰਦੀਆਂ ਨੂੰ ਕਾਇਮ ਰੱਖਣ ਲਈ ਵੀ ਜਦੋਜਹਿਦ ਚਲਦੀ ਹੈ। ਜਥੇਬੰਦੀ ਨੂੰ ਪੱਕੇ ਪੈਰੀਂ ਕਰਨਾ ਅਗਲਾ ਵੱਡਾ ਤੇ ਕਠਿਨ ਕਾਰਜ ਬਣਦਾ ਹੈ। ਅਜਿਹੀ ਹਾਲਤ 'ਚ ਸੰਗਰੂਰ ਦੇ ਖੇਤਰ 'ਚ ਜ਼ਮੀਨ ਠੇਕੇ 'ਤੇ ਲੈਣ ਦੀ ਅੰਸ਼ਕ ਮੰਗ 'ਤੇ ਹੋਈ ਲਾਮਬੰਦੀ ਖੇਤ ਮਜ਼ਦੂਰਾਂ ਦੀ ਲਹਿਰ ਲਈ ਬਹੁਤ ਹੀ ਮਹੱਤਵਪੂਰਨ ਵਰਤਾਰਾ ਹੈ।ਜ਼ਰੱਈ ਇਨਕਲਾਬੀ ਲਹਿਰ ਉਸਾਰੀ ਲਈ ਯਤਨਸ਼ੀਲ ਸ਼ਕਤੀਆਂ ਵਾਸਤੇ ਇਹ ਵਰਤਾਰਾ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਖੇਤ ਮਜ਼ਦੂਰ ਲਹਿਰ 'ਚ ਜ਼ਮੀਨ ਦਾ ਸੁਆਲ ਕੇਂਦਰਿਤ ਕਰਨ ਪੱਖੋਂ ਇਸਦੀ ਮਹੱਤਤਾ ਹੈ ਤੇ ਜ਼ਮੀਨਾਂ ਦੇ ਮਾਲਕ ਬਣਨ ਦੀ ਮੰਗ ਵੱਲ ਜਾਣ ਲਈ  ਤੋਰਾ ਤੋਰਨ ਦਾ ਜ਼ਰੀਆ ਹੈ। ਪਰ ਇਸ ਅੰਸ਼ਕ ਮੰਗ ਤੋਂ ਜਮੀਨ ਦੀ ਬੁਨਿਆਦੀ ਮੰਗ ਤੱਕ ਦਾ ਸਫਰ  ਇਨਕਲਾਬੀ ਸ਼ਕਤੀਆਂ ਦੀ ਚੇਤਨ ਤਾਣ ਜੁਟਾਈ ਦੀ ਮੰਗ ਵੀ ਕਰੇਗਾ ਇਸ ਲਈ ਕਾਰਜ ਵੱਲ ਅੱਗੇ ਵਧਣ ਲਈ  ਜ਼ਰੱਈ ਇਨਕਲਾਬੀ ਲਹਿਰ ਉਸਾਰੀ ਦੇ ਸਹੀ ਸੰਕਲਪ 'ਤੇ ਪਕੜ ਬਣਾਉਣ ਦੀ ਵੀ ਲੋੜ ਉਭਰਦੀ ਹੈ। ਪੰਜਾਬ ਦੇ ਵਿਸ਼ੇਸ਼ ਪ੍ਰਸੰਗ 'ਚ ਜਾਤ-ਪਾਤੀ ਦਾਬੇ ਤੇ ਵਿਤਕਰੇ ਦੇ ਵਿਸ਼ੇਸ਼ ਪੱਖ ਨੂੰ ਢੁੱਕਵੇਂ ਦਾਅਪੇਚਾਂ  ਰਾਹੀਂ ਸੰਬੋਧਿਤ ਹੋਣ ਦੀ ਜ਼ਰੂਰਤ ਵੀ ਹੈ ਤੇ ਨਾਲ ਹੀ ਸਬੰਧਿਤ ਜਨਤਾ 'ਚ ਜ਼ਮੀਨ ਦੇ ਮੁੱਦੇ ਨੂੰ ਪੜਾਅਵਾਰ ਸਿਆਸੀ ਸੱਤਾ ਦੀ ਸਿਰਜਨਾ ਦੇ ਅਮਲ ਨਾਲ ਜੋੜ ਕੇ ਦਰਸਾਉਣ ਵਾਲੇ ਅਸਰਦਾਰ ਸਿਆਸੀ ਕੰਮ ਦੀ ਜ਼ਰੂਰਤ ਹੈ। ਇਸ ਕੰਮ ਰਾਹੀ ਪਿੰਡ ਪੱਧਰ 'ਤੇ ਇਨਕਲਾਬੀ ਸਿਆਸੀ ਚੇਤਨਾ ਨਾਲ ਲੈਸ ਗੁਲੀਆਂ ਉਸਾਰੀਆਂ ਜਾਣੀਆਂ ਚਾਹੀਦੀਆਂ ਹਨ। ਇਸ ਸਿਆਸੀ ਕੰਮ ਦਾ ਇੱਕ ਲੜ ਖੇਤ ਮਜ਼ਦੂਰ ਤੇ ਕਿਸਾਨ ਜਨਤਾ 'ਚ ਸਾਂਝੇ ਮੋਰਚੇ ਦੇ ਸੰਕਲਪ ਨੂੰ ਉਭਾਰਨ ਪ੍ਰਚਾਰਨ ਦੀ ਜ਼ਰੂਰਤ ਹੈ। ਅਜਿਹੇ ਭਵਿੱਖ ਨਕਸ਼ੇ ਨੂੰ ਲੋਕਾਂ ਦੇ ਮਨਾਂ 'ਚ ਸਥਾਪਿਤ ਕੀਤੇ ਜਾਣ ਦੇ ਅਮਲ ਨੂੰ ਤੇ ਜ਼ਮੀਨ ਪ੍ਰਾਪਤੀ ਲਈ ਸੰਘਰਸ਼ ਦੇ ਵਿਕਾਸ ਨੂੰ ਗੁੰਦਵੇਂ ਰੂਪ 'ਚ ਹੀ ਚਿਤਵਣਾ ਚਾਹੀਦਾ ਹੈ। ਇਸਨੂੰ ਮੁੱਢਲੇ ਰੂਪ 'ਚ ਸਾਕਾਰ ਕਰਨ ਲਈ ਹੋਰਨਾਂ ਤਬਕਿਆਂ ਨਾਲ ਵੀ ਖੇਤ ਮਜ਼ਦੂਰਾਂ ਦਾ ਸਰੋਕਾਰ ਜਗਾਉਣਾ ਤੇ ਸਾਂਝੇ ਸੰਘਰਸ਼ਾਂ ਦਾ ਮਹੱਤਵ ਉਭਾਰਨਾ ਲਾਜ਼ਮੀ ਹੈ। ਇਹਨਾਂ 'ਚੋਂ ਸਭ ਤੋਂ ਅਹਿਮ ਮਾਲਕ ਕਿਸਾਨੀ ਨਾਲ ਸਾਂਝ ਵਾਲੇ ਮੁੱਦਿਆਂ 'ਤੇ ਸਾਂਝੀਆਂ ਸਰਗਰਮੀਆਂ ਦੀ ਜ਼ਰੂਰਤ ਹੈ - ਜਿਹੜੀ ਜਮਾਤ ਦੇ ਤੌਰ 'ਤੇ ਕਿਸਾਨੀ ਨੂੰ ਇੱਕ ਤਾਕਤ ਵਜੋਂ ਪੇਸ਼ ਕਰਦੀ ਹੈ ਤੇ ਜਾਤ-ਪਾਤੀ ਤੁਅੱਸਬਾਂ ਦੇ ਖੋਰੇ ਦਾ ਸਾਧਨ ਬਣਦੀ ਹੈ। ਇਸ ਸਾਂਝ ਦੇ ਅਗਲੇਰੇ ਵਿਕਾਸ ਲਈ ਠੋਸ ਜ਼ਰੱਈ ਇਨਕਲਾਬੀ ਪ੍ਰੋਗਰਾਮ ਘੜਿਆ ਜਾਣਾ ਤੇ ਪ੍ਰਚਾਰਿਆ ਜਾਣਾ ਲੋੜੀਂਦਾ ਹੈ।

No comments:

Post a Comment