ਲੋਕ ਸਭਾ ਚੋਣ ਨਤੀਜੇ - ਕੁੱਝ ਪੱਖਾਂ ਦੀ ਚਰਚਾ
ਮੁੜ ਸੱਤਾ 'ਤੇ ਬੈਠੀ ਭਾਜਪਾ ਵੱਲੋਂ ਚੜ੍ਹਦੇ ਵਰ੍ਹੇ ਆਪਣੇ ਖਿਲਾਫ ਜ਼ਾਹਰਾ ਤੌਰ 'ਤੇ ਦਿਖਾਈ ਦੇ ਰਹੇ ਰੋਸ ਭਰੇ ਮਹੌਲ
ਕਾਰਨ ਕੋਈ ਸਪਸ਼ਟ ਪੈਂਤੜਾ ਲੈ ਕੇ ਚੋਣ ਅਖਾੜੇ 'ਚ ਨਿੱਤਰਨ ਪੱਖੋਂ , ਉਸਦੀ ਲੀਡਰਸ਼ਿਪ 'ਚ ਸਵੈ-ਭਰੋਸੇ ਦੀ ਘਾਟ ਝਲਕ ਰਹੀ ਸੀ। ਬੀਤੇ ਵਰ੍ਹੇ ਦੇ ਅਖੀਰ 'ਚ ਤਿੰਨ ਰਾਜਾਂ 'ਚ ਮਿਲੀ ਹਾਰ ਕਾਰਨ, ਭਾਜਪਾ ਵਿਰੋਧੀ ਮਹੌਲ ਵੀ ਉੱਸਰਨਾ
ਸ਼ੁਰੂ ਹੋ ਗਿਆ ਸੀ। ਸ਼ੁਰੂ ਦੇ ਅਰਸੇ 'ਚ ਕੇਂਦਰੀ ਹਕੂਮਤ ਵੱਲੋਂ ਆਪਣੀਆਂ ਰਿਆਇਤੀ ਸਕੀਮਾਂ ਦਾ ਗੁੱਡਾ ਬੰਨ੍ਹਣ ਦੀਆਂ ਮੁਹਿੰਮਾਂ
ਸ਼ੁਰੂ ਕੀਤੀਆਂ ਗਈਆਂ। ਉਜਵਲਾ ਯੋਜਨਾ (ਜਿਸ ਤਹਿਤ ਹਰ ਗਰੀਬ ਘਰ 'ਚ ਕੁਨੈਕਸ਼ਨ ਦੇਣ ਦਾ ਦਾਅਵਾ ਹੈ), ਫਸਲ ਬੀਮਾ ਯੋਜਨਾ, ਸਵੱਛ ਭਾਰਤ ਮੁਹਿੰਮ, ਜਨ ਧਨ ਯੋਜਨਾ ਆਦਿ ਸਕੀਮਾਂ ਨੂੰ
ਨਾ ਸਿਰਫ਼ ਜ਼ੋਰਦਾਰ ਢੰਗ ਨਾਲ ਪ੍ਰਚਾਰਿਆ ਗਿਆ ਸਗੋਂ ਜ਼ਮੀਨੀ ਪੱਧਰ 'ਤੇ ਕੁੱਝ ਹਿੱਸਿਆਂ ਨੂੰ ਇਹਨਾਂ ਦਾ
ਲਾਹਾ ਦੇ ਕੇ, ਵੱਡੀ ਪੱਧਰ 'ਤੇ ਲੋਕਾਂ ਨੂੰ ਇਹਨਾਂ ਦਾ ਲਾਹਾ
ਲੈ ਸਕਣ ਦੀ ਝਾਕ ਬਣਾਈ ਗਈ। ਇਹ ਪ੍ਰਚਾਰ ਤੇ ਅਮਲਦਾਰੀ ਆਪਸ 'ਚ ਬਹੁਤ ਗੁੰਦਵੀਂ ਤੇ ਸ਼ਿਸ਼ਤ ਬੰਨ੍ਹਵੀਂ ਸੀ ਅਤੇ ਦਿੱਤੀਆਂ ਜਾ ਰਹੀਆਂ ਰਿਆਇਤਾਂ ਦੇ
ਖੇਤਰਾਂ ਨਾਲ ਜੁੜਵੇਂ ਰੂਪ 'ਚ ਕੀਤੀ ਜਾ ਰਹੀ ਸੀ।
ਇਸ ਤੋਂ ਅੱਗੇ ਇਹਨਾਂ ਰਿਆਇਤਾਂ ਨੂੰ ਮੋਦੀ ਦੇ ਨਾਂ ਨਾਲ ਜੋੜਿਆ ਗਿਆ ਜੋ ਮੋਦੀ ਨੂੰ ਮਜ਼ਬੂਤ ਤੇ
ਅਸਰਦਾਰ ਪ੍ਰਧਾਨ ਮੰਤਰੀ ਵਜੋਂ ਉਭਾਰਨ ਦੀ ਧੂੰਆਂਧਾਰ ਮੁਹਿੰਮ ਦਾ ਅਹਿਮ ਪੱਖ ਸੀ। ਭਾਜਪਾ ਦੀ ਇਸ
ਕਾਰੀਗਰੀ ਨੂੰ ਢੁੱਕਵੇਂ ਸ਼ਬਦਾਂ 'ਚ ਕਾਂਗਰਸ ਪਾਰਟੀ ਦੇ ਲੋਕ ਸਭਾ ਅੰਦਰ ਨਵੇਂ ਬਣੇ ਨੇਤਾ ਅਧੀਰ ਰੰਜਨ ਚੌਧਰੀ ਨੇ ਨਵੇਂ ਸਦਨ
ਨੂੰ ਸੰਬੋਧਨ ਕਰਨ ਵੇਲੇ ਇਉਂ ਬਿਆਨ ਕੀਤਾ, ''ਲੋਕ ਸਭਾ ਚੋਣਾਂ 'ਚ ਕਾਂਗਰਸ ਆਪਣੇ
ਉਤਪਾਦਾਂ ਦੀ ਮਾਰਕੀਟਿੰਗ ਨਹੀਂ ਕਰ ਪਾਈ , ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵੱਡਾ ਸੇਲਜ਼ਮੈਨ ਹੈ। ''
ਇਸ ਤੋਂ ਅਗਲੀ ਗੱਲ ਜਿਹੜੀ ਅਧੀਰ ਰੰਜਨ ਚੌਧਰੀ ਨੇ
ਨਹੀਂ ਕਰੀ, ਉਹ ਅਜਿਹਾ ਕਰ ਸਕਣ 'ਚ ਭਾਜਪਾ ਦਾ ਮੀਡੀਆ 'ਤੇ ਸਿੱਧਾ ਤੇ ਅਸਰਦਾਰ ਕੰਟਰੋਲ ਅਤੇ ਆਰ.ਐਸ.ਐਸ ਦਾ ਜਥੇਬੰਦਕ ਤਾਣਾ-ਬਾਣਾ
ਵੀ ਹੈ ਜੋ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਅਸਰਅੰਦਾਜ਼ ਕਰਨ 'ਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ ਜਦ ਕਿ ਕਾਂਗਰਸ ਦਾ ਸਿਰੇ ਦਾ ਕਮਜ਼ੋਰ ਤਾਣਾ-ਬਾਣਾ ਇਸਦਾ ਮੁਕਾਬਲਾ
ਕਰਨ ਦੀ ਹਾਲਤ 'ਚ ਨਹੀਂ ਹੈ।
ਇਹਨਾਂ ਸਕੀਮਾਂ ਦਾ ਵਿਆਪਕ ਪ੍ਰਚਾਰ ਤੇ ਨਿਗੂਣੀ-ਅਮਲਦਾਰੀ ਆਪਣੇ ਆਪ 'ਚ ਭਾਜਪਾ ਦੀ ਹਵਾ ਬੰਨ੍ਹਣ ਲਈ ਕਾਫ਼ੀ ਨਹੀਂ ਸੀ।
ਲੋਕਾਂ ਨੂੰ ਭੁਲੇਖਾ ਪਾਉਣ ਲਈ ਕਾਫ਼ੀ ਕੁੱਝ ਵੱਡਾ ਲੋੜੀਂਦਾ ਸੀ। ਅਜਿਹੇ ਮੌਕੇ ਪੁਲਵਾਮਾ ਹਮਲਾ
ਭਾਜਪਾ ਲਈ ਨਿਆਮਤ ਬਣ ਕੇ ਬਹੁੜਿਆ। ਇਸ ਹਮਲੇ ਦੇ ਨਾਲ ਹੀ ਮੁਲਕ ਤੋਂ ਬਾਹਰ ਪਾਕਿਸਤਾਨ ਖਿਲਾਫ਼ ਅਤੇ
ਮੁਲਕ ਦੇ ਅੰਦਰ ਮੁਸਲਮਾਨਾਂ ਤੇ ਕਸ਼ਮੀਰੀ ਕੌਮੀ ਜਦੋਜਹਿਦ ਖਿਲਾਫ਼ ਅੰਨ੍ਹੇਂ ਕੌਮੀ ਜਨੂੰਨ ਦੀ ਫਿਰਕੂ
ਰੰਗਤ ਵਾਲੀ ਝਲਿਆਈ ਮੁਹਿੰਮ ਸ਼ੁਰੂ ਕਰਨ ਦਾ ਪੈੜਾ ਬੰਨ੍ਹ ਲਿਆ ਗਿਆ ਜਿਸ ਵਿੱਚ ਬਾਲਾਕੋਟ ਹਵਾਈ
ਹਮਲੇ ਦੇ ਰਾਹੀਂ ਅਖੌਤੀ ਕੌਮੀ ਗੌਰਵ ਦਾ ਪਰਚਮ ਲਹਿਰਾਉਣਾ ਸ਼ੁਰੂ ਕਰ ਦਿੱਤਾ ਗਿਆ। ਆਰ.ਐਸ.ਐਸ. ਦੀਆਂ ਕਈ ਫਿਰਕੂ
ਜਾਨੂੰਨੀ ਜਥੇਬੰਦੀਆਂ ਦੇ ਵਿਆਪਕ ਤਾਣੇ ਬਾਣੇ, ਰਾਜ ਮਸ਼ੀਨੀਰੀ ਤੇ ਮੀਡੀਏ ਦੇ ਜ਼ੋਰ 'ਤੇ ਵੱਡੀ ਮੁਹਿੰਮ ਛੇੜ ਦਿੱਤੀ ਗਈ। ਪਾਕਿਸਤਾਨ ਨੂੰ ਸਬਕ ਸਿਖਾਉਣ, ''ਪਾਕਿਸਤਾਨੀ ਸ਼ਹਿ ਪ੍ਰਾਪਤ ਕਸ਼ਮੀਰੀ
ਅੱਤਵਾਦ'' ਨੂੰ ਕੁਚਲ ਦੇਣ ਵਾਲੀ
ਮਜ਼ਬੂਤ ਸਰਕਾਰ ਤੇ ਮਜ਼ਬੂਤ ਪ੍ਰਧਾਨ ਮੰਤਰੀ ਦੀ ਲੋੜ ਉਭਾਰੀ ਗਈ। ਅਮਰੀਕੀ ਸਾਮਰਾਜ ਦੀ ਪ੍ਰਵਾਨਗੀ
ਨਾਲ ਰਚੇ ਗਏ ਬਾਲਾਕੋਟ ਹਵਾਈ ਹਮਲਿਆਂ ਦੇ ਡਰਾਮੇ ਰਾਹੀਂ ਮੋਦੀ ਨੂੰ ਫੈਸਲਾ ਲੈਣ ਦੇ ਸਮਰੱਥ ਤੇ ਪਾਕਿਸਤਾਨ ਨੂੰ ਸਬਕ ਸਿਖਾਉਣ
ਦੇ ਸਮਰੱਥ ਆਗੂ ਵਜੋਂ ਪੇਸ਼ ਕੀਤਾ ਗਿਆ। ਨਾਲ-ਨਾਲ ਹੀ ਭਾਜਪਾ ਦੇ ਸਾਰੇ ਕੱਟੜ ਫਿਰਕੂ ਚਿਹਰੇ
ਹਰਕਤ 'ਚ ਆਏ। ਮੁਸਲਮਾਨਾਂ ਤੇ ਪਾਕਿਸਤਾਨ ਖਿਲਾਫ਼ ਜ਼ਹਿਰੀਲੇ ਫਿਰਕੂ ਪ੍ਰਚਾਰ ਦਾ ਗਰਦੋ-ਗੁਬਾਰ ਖੜ੍ਹਾ ਕੀਤਾ ਗਿਆ। ਰੋਜ਼ੀ ਰੋਟੀ ਦੇ ਹਰ ਤਰ੍ਹਾਂ ਦੇ ਮਸਲਿਆਂ ਨੂੰ ਤੱਜ ਕੇ, ਕੌਮ ਦੇ ਮਾਣ ਸਨਮਾਨ ਨੂੰ ਸਿਰਮੌਰ
ਰੱਖਣ ਦੇ ਭਰਮਾਊ ਹੋਕਰੇ ਉੱਚੇ ਕੀਤੇ ਗਏ। ਪਿਛਲੇ ਵਰ੍ਹੇ ਦੇ ਅਖੀਰਲੇ ਮਹੀਨਿਆਂ ਦੌਰਾਨ ਜਦੋਂ ਭਾਜਪਾ
ਤੇ ਆਰ.ਐਸ.ਐਸ. ਵੱਲੋਂ ਅਯੁੱਧਿਆ 'ਚ ਰਾਮ ਮੰਦਰ ਬਣਾਉਣ ਦਾ ਮੁੱਦਾ ਉਭਾਰਿਆ ਜਾ ਰਿਹਾ
ਸੀ ਤਾਂ ਉਦੋਂ ਇਸ ਫਿਰਕੂ ਪ੍ਰਚਾਰ ਦੀ ਸੀਮਤ ਅਸਰਕਾਰੀ ਹੀ ਦਿਖਾਈ ਦਿੰਦੀ ਸੀ। ਲੋਕਾਂ ਦੇ ਜਮਾਤੀ/ਤਬਕਾਤੀ ਹਿੱਤਾਂ ਦਾ ਇਸ
ਨਾਲ ਟਕਰਾਅ ਸਿਆਸੀ ਦ੍ਰਿਸ਼ 'ਤੇ ਜ਼ਾਹਰਾ ਤੌਰ 'ਤੇ ਪ੍ਰਗਟ ਹੋ ਰਿਹਾ ਸੀ।
ਯੂ.ਪੀ. ਵਰਗੇ ਸੂਬੇ ਅੰਦਰ ਗੰਨੇ
ਦੇ ਬਕਾਇਆਂ ਦੇ ਮਸਲੇ 'ਤੇ ਕਿਸਾਨ ਰੋਹ ਦੀ ਲਲਕਾਰ, ਰਾਮ ਮੰਦਰ ਦੀ ਮੰਗ ਤੋਂ
ਉੱਪਰ ਦੀ ਸੁਣਾਈ ਦਿੱਤੀ ਸੀ। ਭਾਜਪਾ ਦੀ ਇਸ ਫਿਰਕੂ ਪਾਲਾਬੰਦੀ ਤੇ ਪ੍ਰਚਾਰ ਦਾ ਪੂਰਾ ਜ਼ੋਰ ਅੰਨ੍ਹੇਂ
ਰਾਸ਼ਟਰਵਾਦੀ ਜਾਨੂੰਨ ਨਾਲ ਜੁੜ ਕੇ ਹੀ ਫੁਰਿਆ ਜਦੋਂ ਪੁਲਵਾਮਾ ਹਮਲੇ 'ਤੇ ਮਗਰੋਂ ਬਾਲਾਕੋਟ ਸਟਰਾਈਕਸ ਨਾਲ
ਪਾਕਿਸਤਾਨ ਤੇ ਮੁਲਕ ਅੰਦਰਲੇ
ਮੁਸਲਮਾਨਾਂ ਨੂੰ ਇੱਕ ਦੁਸ਼ਮਣ ਦੇ ਤੌਰ 'ਤੇ ਮੁੜ ਉਭਾਰ ਦਿੱਤਾ ਗਿਆ। ਚਾਹੇ ਇਹ ਭਾਰਤੀ ਹਾਕਮ ਜਮਾਤੀ ਸਿਆਸਤ 'ਚ ਵਰਤਿਆ ਜਾਂਦਾ ਰਵਾਇਤੀ ਦਾਅਪੇਚ
ਹੀ ਹੈ ਪਰ ਇਸਦੀ ਅਸਰਦਾਰ ਵਰਤੋਂ ਕਰਨ 'ਚ, ਹਾਕਮ ਜਮਾਤਾਂ ਦੇ ਧੜਿਆਂ
'ਚੋਂ ਅੱਜ ਕੱਲ੍ਹ ਕੋਈ
ਭਾਜਪਾ ਦਾ ਸਾਨੀ ਨਹੀਂ ਹੈ। ਕਿਸੇ ਵੇਲੇ ਕਾਂਗਰਸ ਵੱਲੋਂ ਵੀ ਇਸਦੀ ਵਰਤੋਂ ਕੀਤੀ ਗਈ ਸੀ ਪਰ ਭਾਜਪਾ
ਦਾ ਹਿੰਦੂਵਾਦੀ ਵਿਚਾਰਧਾਰਕ ਅਧਾਰ, ਜਥੇਬੰਦਕ ਤਾਣੇ-ਬਾਣੇ ਦੀ ਮਜ਼ਬੂਤੀ ਤੇ ਹੋਰਨਾਂ ਧਾਰਮਿਕ ਫਿਰਕਿਆਂ
ਦੀ ਥਾਂ ਮੁੱਖ ਤੌਰ 'ਤੇ ਹਿੰਦੂ ਧਾਰਮਿਕ ਜਨਤਾ ਦਾ ਵੋਟ ਬੈਂਕ, ਇਸ ਦਾਅਪੇਚ ਦੀ ਵਰਤੋਂ ਨੂੰ ਹੂੰਝਾ ਫੇਰੂ ਸਮਰੱਥਾ ਕਿਵੇਂ ਮੁਹੱਈਆ ਕਰਵਾਉਂਦਾ ਹੈ, ਇਸ ਦਾ ਜ਼ਾਹਰਾ ਨਮੂਨਾ ਮੌਜੂਦਾ ਚੋਣ
ਨਤੀਜੇ ਹਨ।
ਭਾਜਪਾ ਦੀ ਜਿੱਤ 'ਚ ਮੁੱਖ ਯੋਗਦਾਨ ਇਸ ਵੱਲੋਂ ਚੋਣ
ਮਹੌਲ ਦਾ ਫਿਰਕੂ ਰਾਸ਼ਟਰਵਾਦੀ ਪ੍ਰਸੰਗ ਬੰਨ੍ਹ ਦੇਣ 'ਚ ਹੈ ਜਿਸ ਤੋਂ ਵਿਰੋਧੀ ਪਾਰਟੀਆਂ ਖਾਸ ਕਰਕੇ ਕਾਂਗਰਸ ਪਾਰਟੀ ਲਾਂਭੇ ਨਹੀਂ ਜਾ ਸਕੀ ਸਗੋਂ
ਉਸਨੇ ਅਖੌਤੀ ਕੌਮੀ ਸੁਰੱਖਿਆ ਦੇ ਮੁੱਦੇ 'ਤੇ ਭਾਜਪਾ ਨੂੰ ਘੇਰ ਕੇ ਲਾਹਾ ਲੈਣ ਦਾ ਯਤਨ ਕੀਤਾ ਪਰ ਏਸ ਦਾ ਜ਼ਿਆਦਾ ਲਾਹਾ ਭਾਜਪਾ ਨੂੰ ਹੀ
ਹੋਇਆ। ਭਾਜਪਾ ਦੀ ਇਸ ਜਿੱਤ 'ਚ ਕਈ ਹੋਰ ਪੱਖਾਂ ਦੀ ਵੀ
ਭੂਮਿਕਾ ਹੈ, ਜਿਵੇਂ ਕਾਂਗਰਸ ਦਾ
ਭਾਜਪਾ ਨੂੰ ਹਰਾਉਣ ਨਾਲੋਂ ਜ਼ਿਆਦਾ ਜ਼ੋਰ ਆਪ ਵੱਡੀ ਪਾਰਟੀ ਵਜੋਂ ਉਭਰਨ 'ਤੇ ਰਿਹਾ, ਜਿਵੇਂ ਉਸਨੂੰ ਲੱਗਦਾ ਹੋਵੇ ਕਿ
ਹੁਣ ਨਾ ਵੀ ਸਹੀ, ਭਵਿੱਖ 'ਚ ਤਾਂ ਭਾਜਪਾ ਦੇ ਬਦਲ ਵਜੋਂ
ਉਸਨੂੰ ਹੀ ਦੇਖਿਆ ਜਾਵੇਗਾ। ਇਸ ਕਰਕੇ ਉਸਨੇ ਖੇਤਰੀ ਪਾਰਟੀਆਂ ਨਾਲ ਗੱਠਜੋੜਾਂ ਪ੍ਰਤੀ ਜ਼ਿਆਦਾ
ਗੰਭੀਰਤਾ ਨਹੀਂ ਦਿਖਾਈ, ਇਸ ਪੱਖੋਂ ਕਾਂਗਰਸ
ਭਾਜਪਾ ਤੋਂ ਪਛੜੀ ਹੀ ਰਹੀ। ਭਾਜਪਾ ਦੇ ਸਭਨਾਂ ਵਿਰੋਧੀਆਂ ਨੂੰ ਆਪਣੇ ਦੁਆਲੇ ਇਕੱਠਾ ਕਰਨ 'ਚ ਕਾਂਗਰਸ ਦੀ ਨਾਕਾਮੀ ਨੇ ਭਾਜਪਾ
ਲਈ ਜਿੱਤ ਦਾ ਰਾਹ ਸੌਖਾ ਕੀਤਾ। ਵਿਰੋਧੀ ਖੇਮੇ 'ਚ ਪ੍ਰਧਾਨ ਮੰਤਰੀ ਬਣਨ ਦੇ ਕਈ ਚਾਹਵਾਨਾਂ ਕਾਰਨ ਵੀ, ਉਹ ਇਕੱਠੇ ਨਹੀਂ ਹੋ ਸਕੇ ਜਦ ਕਿ ਭਾਜਪਾ ਨੇ ਵਧੇਰੇ ਰਿਆਇਤਾਂ ਦੇ ਕੇ ਗੱਠਜੋੜ ਕਰਨ ਦੀ ਨੀਤੀ
ਅਪਣਾਈ। ਇੱਕ ਹੋਰ ਖੇਤਰ ਜਾਤ-ਪਾਤੀ ਸਮੀਕਰਨਾਂ ਰਾਹੀਂ ਭਾਜਪਾ ਵੱਲੋਂ ਖੇਤਰੀ
ਪਾਰਟੀਆਂ ਦੇ ਰਵਾਇਤੀ ਵੋਟ ਬੈਂਕ ਨੂੰ ਸਫ਼ਲਤਾਪੂਰਵਕ ਸੰਨ੍ਹ ਲਾਉਣ ਦਾ ਅਪਣਾਇਆ ਢੰਗ ਹੈ ਜਿਸਦੀ ਵਰਤੋਂ ਪਹਿਲਾਂ 2014 'ਚ 'ਤੇ ਫਿਰ 2017 'ਚ ਯੂ.ਪੀ. ਅੰਦਰ ਸਫ਼ਲਤਾ ਨਾਲ ਕੀਤੀ
ਜਾ ਚੁੱਕੀ ਸੀ। ਅਖੌਤੀ ਨੀਵੀਆਂ ਜਾਤਾਂ ਤੇ ਪਛੜੀਆਂ ਜਾਤਾਂ ਦੀ
ਵਿਸ਼ੇਸ਼ ਗਿਣਤੀ 'ਚੋਂ ਕੁੱਝ ਵੰਨਗੀਆਂ ਨੂੰ
ਵੋਟ ਬੈਂਕ ਵਜੋਂ ਭੁਗਤਾ ਸਕਣ ਦੀ ਸਫ਼ਲਤਾ ਨੇ ਹੀ ਯੂ.ਪੀ. ਤੇ ਬਿਹਾਰ 'ਚ ਸਥਾਨਕ ਪਾਰਟੀਆਂ ਨੂੰ ਅਸਫ਼ਲ ਕਰ ਦਿੱਤਾ। ਇਸਦਾ ਇੱਕ ਲੜ ਸਥਾਨਕ ਜਗੀਰੂ ਚੌਧਰੀਆਂ/ਨੇਤਾਵਾਂ ਦਾ (ਜਿੰਨ੍ਹਾਂ ਦੇ ਹੱਥ 'ਚ ਵੋਟਾਂ ਤੇ ਸਥਾਨਕ ਸੱਤਾ ਸਥਾਈ ਤੌਰ 'ਤੇ ਹੀ ਹੁੰਦੀ ਹੈ।) ਭਾਜਪਾ ਦੇ ਹੱਕ 'ਚ ਝੁਕ ਜਾਣਾ ਹੈ। ਉਹਨਾਂ ਸਾਹਮਣੇ ਕਾਂਗਰਸ ਤੇ ਭਾਜਪਾ 'ਚੋਂ ਹੀ ਚੋਣ ਦਾ ਸਵਾਲ ਸੀ ਤੇ ਕਾਂਗਰਸ ਵੱਲੋਂ ਇਕੱਲੇ ਹੀ
ਸਰਕਾਰ ਨਾ ਬਣਦੀ ਦੇਖ ਕੇ, ਇਹਨਾਂ ਹਲਕਿਆਂ ਲਈ
ਪਹਿਲੀ ਚੋਣ ਭਾਜਪਾ ਹੀ ਬਣੀ। ਕਾਂਗਰਸ ਵੱਲੋਂ ਪਿਛਲੇ ਵਰ੍ਹੇ ਦੇ ਅਖੀਰ 'ਚ ਹਿੰਦੀ ਬੈਲਟ ਕਹੇ ਜਾਂਦੇ ਖੇਤਰ
ਦੇ ਸੂਬਿਆਂ ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਜਿੱਤੀਆਂ ਵਿਧਾਨ ਸਭਾਈ ਚੋਣਾਂ
ਮਗਰੋਂ, ਹੁਣ ਬੁਰੀ ਤਰ੍ਹਾਂ
ਸਫਾਇਆ ਹੋ ਜਾਣ ਦੀ ਮੁੱਖ ਵਜ੍ਹਾ ਤਾਂ ਚਾਹੇ ਫਿਰਕੂ ਰਾਸ਼ਟਰਵਾਦੀ ਜਨੂੰਨੀ ਮੁਹਿੰਮਾਂ ਦਾ ਪ੍ਰਸੰਗ
ਹੀ ਹੈ ਪਰ ਨਾਲ ਹੀ ਏਥੇ ਸੱਤਾ 'ਚ ਆਉਣ ਲਈ ਕਰਜ਼ਾ ਮੁਆਫ਼ੀ
ਵਰਗੇ ਕੀਤੇ ਗਏ ਵਾਅਦਿਆਂ ਦੀ ਪੂਰਤੀ ਨਾ ਕਰਨ ਤੇ ਲੀਡਰੀ ਲਈ ਆਪਸੀ ਕੁੱਕੜਖੋਹੀ ਦੇ ਵਾਹਵਾ ਲਮਕਦੇ
ਰਹਿਣ ਤੇ ਇਸਦੀ ਜ਼ਾਹਰਾ ਨੁਮਾਇਸ਼ ਲੱਗਣ ਵਰਗੇ ਕਾਰਨ ਵੀ ਸ਼ੁਮਾਰ ਹਨ। ਭਾਜਪਾ ਵੱਲੋਂ ਸਟੇਟ ਮਸ਼ੀਨਰੀ ਦੀ
ਕੀਤੀ ਗਈ ਨੰਗੀ ਚਿੱਟੀ ਵਰਤੋਂ ਦਾ ਲਾਹਾ ਵੀ ਇੱਕ ਹੋਰ ਸਹਾਈ ਪੱਖ ਹੈ। ਚੋਣ ਕਮਿਸ਼ਨ ਭਾਜਪਾ ਦਾ
ਵਿੰਗ ਬਣਕੇ ਹੀ ਚੱਲਿਆ ਹੈ। ਉਸਨੇ ਵਿਰੋਧੀ ਪਾਰਟੀਆਂ ਦੀਆਂ ਸ਼ਿਕਾਇਤਾਂ 'ਤੇ ਸਰੋਕਾਰ ਦਿਖਾਉਣ ਤੇ ਨਿਪਟਾਰਾ ਕਰਨ ਦਾ ਡਰਾਮਾ ਰਚਣ
ਦੀ ਵੀ ਜ਼ਰੂਰਤ ਨਹੀਂ ਸਮਝੀ। ਭਾਜਪਾ ਹਕੂਮਤ ਨੇ ਸਟੇਟ ਮਸ਼ੀਨਰੀ ਦੀ ਵਰਤੋਂ ਦੇ, ਹਾਕਮ ਜਮਾਤੀ ਸਿਆਸਤ 'ਚ ਨਵੇਂ ਰਿਕਾਰਡ ਸਥਾਪਿਤ ਕੀਤੇ।
ਇਉਂ ਹੀ ਕਾਰਪੋਰੇਟ ਪੂੰਜੀ ਵੀ ਵੱਡਾ ਸਹਾਰਾ ਬਣੀ ਹੈ ਜਿਸ ਵੱਲੋਂ ਭਾਜਪਾ ਨੂੰ ਦਿਲ ਖੋਲ੍ਹ ਕੇ ਫੰਡ ਮਿਲੇ। ਫਿਰਕੂ-ਫਾਸ਼ੀ ਮੁਹਿੰਮਾਂ ਰਾਹੀਂ ਤੇ ਹਕੂਮਤੀ ਜਾਬਰ ਹੱਲੇ ਰਾਹੀਂ ਲੋਕ ਰੋਹ ਨੂੰ ਖਿੰਡਾਉਣ, ਤੋੜਨ 'ਚ ਭਾਜਪਾ ਦੀ ਵਿਸ਼ੇਸ਼
ਸਮਰੱਥਾ ਇਸ ਦੇ ਪੱਖ 'ਚ ਵਜ਼ਨ ਪਾਉਂਦਾ ਕਾਰਨ
ਬਣੀ ਹੈ। ਉਮੀਦਵਾਰਾਂ ਦੀ ਧਿਆਨ ਪੂਰਵਕ ਚੋਣ ਵੀ ਉਸਦੀ ਵੋਟ ਸਿਆਸਤ 'ਚ ਮੈਨਜਮੈਂਟ ਦੀ ਸਫਲਤਾ ਦਾ ਇਕ
ਕਾਰਨ ਬਣਿਆ। ਛੱਤੀਸਗੜ੍ਹ 'ਚ ਉਸਨੇ ਆਪਣੇ ਪਿਛਲੀ ਵਾਰ ਦੇ ਸਾਰੇ ਉਮੀਦਵਾਰ ਹੀ ਬਦਲ ਦਿੱਤੇ। ਕਾਂਗਰਸ 'ਚੋਂ ਨਵੇਂ ਆਇਆਂ ਨੂੰ ਵਿਸ਼ੇਸ਼ ਕਰਕੇ ਟਿਕਟਾਂ ਦਿੱਤੀਆਂ ਗਈਆਂ ਤੇ ਕਾਂਗਰਸ ਦੇ ਅਧਾਰ ਨੂੰ
ਸਫਲਤਾ ਨਾਲ ਆਪਣੇ ਹੱਕ ਵਿੱਚ ਭੁਗਤਾਇਆ ਗਿਆ।
ਇਹਨਾਂ ਚੋਣਾਂ 'ਚ ਅਖੌਤੀ ਖੱਬਿਆਂ ਨੂੰ ਆਪਣੇ
ਰਵਾਇਤੀ ਅਧਾਰ ਖੇਤਰ (ਪੱਛਮੀ ਬੰਗਾਲ ਤੇ ਤਿਰਪੁਰਾ) 'ਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਾਰਲੀਮੈਂਟ 'ਚ ਇਸਦੀ ਗਿਣਤੀ ਬੁਰੀ ਤਰ੍ਹਾਂ
ਸੁੰਗੜ ਗਈ ਹੈ। ਇਸਦਾ ਕਾਰਨ ਹਾਕਮ ਜਮਾਤੀ ਸਿਆਸੀ ਖੇਤਰ 'ਚ ਇਹਨਾਂ ਵੱਲੋਂ ਅਪਣਾਏ ਜਾਂਦੇ ਤੌਰ ਤਰੀਕਿਆਂ ਦਾ ਹੁਣ ਬੇ-ਅਸਰ ਹੋ ਜਾਣਾ ਹੈ। ਹਾਕਮ ਜਮਾਤੀ ਸਿਆਸੀ ਸ਼ਕਤੀ
ਵਜੋਂ ਉਹਨਾਂ ਖੇਤਰਾਂ 'ਚ ਇਹਨਾਂ ਦਾ ਬੁਰੀ ਤਰ੍ਹਾਂ ਪਰਦਾਚਾਕ ਹੋ ਚੁੱਕਿਆ ਹੈ ਤੇ ਲੋਕਾਂ ਨੂੰ ਭਰਮਾਉਣ ਲਈ ਕੋਈ
ਖਿੱਚਪਾਊ ਨਾਅਰੇ ਜਾਂ ਪ੍ਰੋਗਰਾਮ ਨਹੀਂ ਹੈ। ਹਾਲਤ ਤਾਂ ਇਹ ਬਣੀ ਹੈ ਕਿ ਬੰਗਾਲ ਅੰਦਰ ਅਖੌਤੀ
ਕਾਮਰੇਡਾਂ ਦਾ ਅਧਾਰ ਭਾਜਪਾ ਵੱਲ ਤਬਦੀਲ ਹੋ ਰਿਹਾ ਹੈ।
ਮੋਦੀ ਦਾ ਇੱਕ ਮਜਬੂਤ ਲੀਡਰ ਵਜੋਂ ਉਭਾਰਿਆ ਗਿਆ
ਬਿੰਬ, ਫਿਰਕੂ ਰਾਸ਼ਟਰਵਾਦੀ
ਮੁਹਿੰਮਾਂ ਨਾਲ ਗੁੰਦਵੇਂ ਰੂਪ 'ਚ ਅਸਰ ਅੰਦਾਜ਼ ਹੋ ਕੇ
ਵੋਟਾਂ ਖਿੱਚਣ 'ਚ ਕਾਮਯਾਬ ਹੋਇਆ ਹੈ।
ਵਿਅਕਤੀਗਤ ਤੌਰ 'ਤੇ ਭ੍ਰਿਸ਼ਟਾਚਾਰ ਦੇ
ਦੋਸ਼ਾਂ ਤੋਂ ਮੁਕਤ ਹੋਣਾ ਤੇ ਰਾਸ਼ਟਰ ਹਿੱਤ ਲਈ ਸਖ਼ਤ ਫੈਸਲੇ ਲੈਣ ਦੇ ਸਮਰੱਥ ਹੋਣ ਦੀ, ਇਲੈਕਟ੍ਰਾਨਿਕ ਮੀਡੀਆ ਵੱਲੋਂ ਕੀਤੀ
ਗਈ ਉਸਦੀ ਪੇਸ਼ਕਾਰੀ ਨੇ, ਉਸਨੂੰ ਲੋਕ ਮਨਾਂ 'ਚ ਅਖੌਤੀ ਕੌਮੀ ਗੌਰਵ ਦੇ ਮੋਢੀ
ਵਜੋਂ ਕਿਸੇ ਹੱਦ ਤੱਕ ਸਥਾਪਿਤ ਕੀਤਾ ਹੈ। ਘੋਰ ਆਰਥਿਕ-ਸਮਾਜੀ ਸੰਕਟਾਂ ਦੀ ਹਾਲਤ 'ਚ ਤੇ ਖਰੇ ਲੋਕ ਪੱਖੀ ਬਦਲ ਦੀ ਅਣਹੋਂਦ 'ਚ ਪੈਦਾ ਹੋਏ ਖਲਾਅ ਦੀ ਹਾਲਤ
ਦਰਮਿਆਨ ਲੋਕਾਈ ਦੇ ਮਾਣ ਸਨਮਾਨ ਨੂੰ ਕੋਈ ਸਹਾਰਾ ਲੋੜੀਂਦਾ ਹੁੰਦਾ ਹੈ। ਮੋਦੀ ਦੀ ਸਖਸ਼ੀਅਤ ਨੂੰ
ਉਭਾਰਨ ਰਾਹੀਂ ਇਸ ਖਲਾਅ ਨੂੰ ਭਰਨ ਤੇ ਲੋਕਾਂ ਦੇ ਮਨਾਂ ਵਿਚਲੇ ਕੌਮੀ ਮਾਣ ਸਨਮਾਨ ਨੂੰ ਇਸ ਰਾਹੀਂ
ਪ੍ਰਗਟ ਹੁੰਦਾ ਦਰਸਾਉਣ ਦਾ ਯਤਨ ਕੀਤਾ ਗਿਆ 'ਤੇ ਇਹਦੇ 'ਚ ਇੱਕ ਹੱਦ ਤੱਕ
ਕਾਮਯਾਬੀ ਵੀ ਮਿਲੀ ਹੈ। ਇਉਂ ਇਹ ਜਿੱਤ, ਭਾਜਪਾ ਦੀ ਜਿੱਤ ਨਾਲੋਂ ਜ਼ਿਆਦਾ ਮੋਦੀ ਦੀ ਜਿੱਤ ਹੈ। ਉਸਨੂੰ ਇਉਂ ਉਭਾਰਨ ਦਾ ਯਤਨ ਕੀਤਾ ਗਿਆ
ਹੈ ਜਿਵੇਂ ਮੋਦੀ ਸਭ ਸੰਸਥਾਵਾਂ , ਪਾਰਟੀਆਂ ਤੇ ਨੀਤੀਆਂ ਤੋਂ ਉਪਰ ਖੜ੍ਹਾ ਲੋਕ ਹਿੱਤਾਂ ਦਾ ਰਖਵਾਲਾ ਹੋਵੇ। ਜਿਸਨੂੰ ਸਭ ਸ਼ਕਤੀਆਂ
ਹਾਸਲ ਹੋਣ ਤੇ ਉਹ ਆਪਣੀ ਅਸਰਦਾਰ ਕਾਰਗੁਜਾਰੀ ਨਾਲ ਮੁਲਕ ਨੂੰ ਸਭ ਸੰਕਟਾਂ ਤੋਂ ਪਾਰ ਕਰ ਦੇਵੇਗਾ।
ਹਕੂਮਤ ਦਾ ਅਜਿਹਾ ਬਿੰਬ ਸਿਰਜਣਾ ਮੁਲਕ ਦੀਆਂ ਸਮਾਜੀ-ਸਿਆਸੀ ਸੰਕਟਾਂ ਦੀਆਂ ਹਾਲਤਾਂ ਨੂੰ ਹਾਕਮ ਜਮਾਤਾਂ
ਦਾ ਸਿਰੇ ਦਾ ਪਿਛਾਖੜੀ ਹੁੰਗਾਰਾ ਹੈ। ਅਜਿਹੇ ਸੰਕਟਾਂ ਦੀਆਂ ਹਾਲਤਾਂ 'ਚ ਜਦੋਂ ਲੋਕ ਪੱਖੀ 'ਤੇ ਜਮਹੂਰੀ ਸ਼ਕਤੀਆਂ
ਇਸਦੇ ਬਦਲ ਵਜੋਂ ਨਹੀਂ ਉੱਭਰੀਆਂ ਹੁੰਦੀਆਂ ਤਾਂ ਲੋਕਾਂ ਦੀ ਨੀਵੀਂ ਸਮਾਜੀ-ਸਿਆਸੀ ਚੇਤਨਾ 'ਚੋਂ ਇਸ ਵਿਗੜੇ ਤਿਗੜੇ ਢਾਂਚੇ ਦਾ ਇਲਾਜ ਕਰਨ ਲਈ
ਫੌਜੀ ਤਾਨਾਸ਼ਾਹੀਆਂ ਕਾਇਮ ਕਰਨ ਵਰਗੇ ਵਿਚਾਰਾਂ ਨੂੰ ਵੀ ਮਾਨਤਾ ਮਿਲ ਜਾਂਦੀ ਹੈ। ਮੋਦੀ ਦੀ ਸਖਸ਼ੀਅਤ
ਮੁਲਕ ਦੇ ਹਿੱਤਾਂ ਲਈ ਸਖ਼ਤ ਫੈਸਲੇ ਲੈਣ ਵਾਲੇ ਵਿਅਕਤੀ ਵਜੋਂ ਪੇਸ਼ਕਾਰੀ ਦੇ ਲਾਹੇ ਦਾ ਇਹੀ ਪ੍ਰਸੰਗ
ਹੈ। ਤਾਂ ਹੀ ਨੋਟਬੰਦੀ ਵਰਗੇ ਅਰਥਚਾਰੇ ਲਈ ਨੁਕਸਾਨਦੇਹ ਸਾਬਤ ਹੋਏ ਫੈਸਲੇ ਨੂੰ ਵੀ ਲੋਕਾਂ ਵੱਲੋਂ
ਅਜਿਹੇ ਸਖਤ ਫੈਸਲੇ ਲੈਣ ਦੀ ਲੋੜ ਵਜੋਂ ਦੇਖਿਆ ਗਿਆ। ਲੋਕਾਂ ਨੂੰ ਅਜਿਹੀ ਧਰਵਾਸ ਦੇਣ ਦਾ ਯਤਨ
ਕੀਤਾ ਗਿਆ ਹੈ ਕਿ ਉਹ ਖਾਲੀ ਢਿੱਡਾਂ ਦਾ ਫਿਕਰ ਛੱਡ ਕੇ ਅਜਿਹੇ ਮੁਲਕ ਦੇ ਬਾਸ਼ਿੰਦੇ ਹੋਣ 'ਤੇ ਮਾਣ ਕਰਨ ਜਿਹੜਾ ਮੁਲਕ ਆਪਣੇ
ਗੁਆਂਢੀ ਦੇ ਘਰ 'ਚ ਵੜ ਕੇ ਹਮਲਾ ਕਰ ਸਕਦਾ
ਹੈ ਤੇ ਉਸਨੂੰ ਸਬਕ ਸਿਖਾ ਸਕਦਾ ਹੈ। ਆਪਣਾ ਆਗੂ ਅਜਿਹਾ ਹੋਣ ਦਾ ਮਾਣ ਕਰਨ ਜਿਹੜਾ ਆਪਣੇ
ਮੁਲਕ ਅੰਦਰ ਹਰ ਹੱਕੀ ਆਵਾਜ਼ ਨੂੰ ਕੁਚਲ ਕੇ ਅਖੌਤੀ ਏਕਤਾ ਦਾ ਪਰਚਮ ਲਹਿਰਾ ਸਕਦਾ ਹੈ।
No comments:
Post a Comment