ਕਾਮਰੇਡ ਹਰਭਜਨ ਸੋਹੀ ਨੂੰ ਯਾਦ ਕਰਦਿਆਂ...
ਕਾਮਰੇਡ ਹਰਭਜਨ ਸੋਹੀ ਨੂੰ ਸਾਡੇ ਕੋਲੋਂ ਵਿੱਛੜਿਆਂ ਪੂਰਾ
ਇੱਕ ਦਹਾਕਾ ਬੀਤ ਗਿਆ ਹੈ। ਮਨੁੱਖਾ ਜ਼ਿੰਦਗੀ ਦੇ ਗਜ਼ ਨਾਲ ਮਾਪਿਆਂ, ਇੱਕ ਦਹਾਕਾ ਕੋਈ ਥੋੜ੍ਹਾ ਸਮਾਂ ਨਹੀਂ ਹੁੰਦਾ। ਇਸਦੇ
ਬਾਵਜੂਦ ਇਉਂ ਲੱਗਦਾ ਰਹਿੰਦਾ ਹੈ ਜਿਵੇਂ ਇਹ ਕੱਲ੍ਹ ਦੀਆਂ ਹੀ ਗੱਲਾਂ ਹੋਣ। ਜਿਵੇਂ ਕਾਮਰੇਡ ਸੋਹੀ
ਹੁਣ ਵੀ ਸਾਡੇ ਅੰਗ-ਸੰਗ ਹੀ ਹੋਣ। ਬੱਸ ਗੱਲਾਂ ਕਰਦੇ-ਕਰਦੇ ਉੱਠਕੇ ਕਿਤੇ ਐਧਰ-ਉੱਧਰ ਚਲੇ ਗਏ ਹੋਣ।
ਹੁਣ ਵੀ ਵੱਖ-ਵੱਖ ਗੱਲਾਂ ਤੇ ਘਟਨਾਵਾਂ ਨਾਲ ਜੁੜਕੇ ਉਹਨਾਂ ਦੀ ਯਾਦ ਆਉਂਦੀ ਰਹਿੰਦੀ ਹੈ। ਉਸ ਵੇਲੇ
ਦੇ ਮੰਜ਼ਰ (ਦ੍ਰਿਸ਼) ਹੂ-ਬ-ਹੂ ਅੱਖਾਂ ਸਾਹਮਣੇ ਸਾਕਾਰ ਹੋ ਜਾਂਦੇ ਹਨ। ਇਉਂ ਝਉਲੇ ਪੈਂਦੇ ਰਹਿੰਦੇ
ਹਨ ਜਿਵੇਂ ਉਹ ਸਾਮਰਤੱਖ ਸਾਡੇ ਸਾਹਮਣੇ ਖੜ੍ਹੇ ਹੋਣ।
ਇੱਕ ਗੱਲ ਨਾਲ ਜੁੜਕੇ ਮੈਨੂੰ ਅਨੇਕ ਵਾਰ ਉਹਨਾਂ ਦੀ ਯਾਦ
ਆਉਂਦੀ ਰਹਿੰਦੀ ਹੈ। ਗੱਲ ਸਾਲ 1971 ਦੇ ਅੱਧ ਦੇ ਨੇੜ-ਤੇੜ ਦੀ ਹੈ। ਉਸ ਵੇਲੇ ਜਮਾਤੀ ਦੁਸ਼ਮਣਾਂ
ਦੇ ਸਫਾਏ ਦੀ ਮੁਹਿੰਮ ਚਲਾ ਰਹੀ ਨਕਸਲਬਾੜੀ ਪਾਰਟੀ ਕਹਿਰਾਂ ਦੇ ਹਕੂਮਤੀ ਜੁਲਮ ਦਾ ਸਾਹਮਣਾ ਕਰ ਰਹੀ
ਸੀ। ਦਰਜਨਾਂ ਕਾਮਰੇਡ ਝੂਠੇ ਪੁਲਸ ਮੁਕਾਬਲਿਆਂ ’ਚ, ਜਾਂ ਕੋਹ-ਕੋਹ ਕੇ ਮਾਰੇ ਜਾ ਚੁੱਕੇ ਸਨ। ਆਮ ਲੋਕਾਂ ਵਿਚ
ਹਕੂਮਤੀ ਖੌਫ ਸਿਖਰਾਂ ’ਤੇ ਸੀ। ਇਸੇ ਸਮੇਂ ਦੌਰਾਨ ਹੀ 1970 ’ਚ ਪੁਲਸ ਵੱਲੋਂ ਫੜੇ ਤੇ ਘੋਰ ਤਸ਼ੱਦਦ ਦਾ ਸ਼ਿਕਾਰ ਬਣਾਏ
ਸਾਥੀ ਸੋਹੀ ਕਈ ਮਹੀਨੇ ਜੇਲ੍ਹ ’ਚ ਰਹਿਣ ਤੋਂ ਬਾਅਦ ਬਾਹਰ ਆਏ ਸਨ। ਉਹ ਇਸ ਗੱਲੋਂ ਇੱਕ
ਚਰਚਿਤ ਨਕਸਲੀ ਨੇਤਾ ਸਨ ਕਿਉਂਕਿ ਉਹਨਾਂ ਨੇ ਕਾਮਰੇਡ ਚਾਰੂ ਮਜੂਮਦਾਰ ਦੀ ਜਮਾਤੀ ਦੁਸ਼ਮਣਾਂ ਦੇ
ਸਫਾਏ ਦੀ ਮੁਹਿੰਮ ਦਾ ਵਿਰੋਧ ਕਰਕੇ ਇਨਕਲਾਬੀ ਜਨਤਕ ਲੀਹ ਲਾਗੂ ਕਰਨ ਦਾ ਸੱਦਾ ਦਿੱਤਾ ਸੀ।
ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਨੂੰ ਇੱਕ ਵੱਡੀ
ਤੇ ਅਜ਼ਮਾਇਸ਼ੀ ਸਿਆਸੀ ਚਣੌਤੀ ਦਰਪੇਸ਼ ਸੀ। ਇਹ ਚਣੌਤੀ ਸੀ, ਉਹਨਾਂ ਵੱਲੋਂ ਵਕਾਲਤ ਕੀਤੀ ਜਾ ਰਹੀ ਇਨਕਲਾਬੀ ਜਨਤਕ
ਜਥੇਬੰਦੀਆਂ ਬਨਾਉਣ ਅਤੇ ਇਨਕਲਾਬੀ ਜਨਤਕ ਲਹਿਰ ਉਸਾਰਨ ਦੀ ਲੀਹ ਨੂੰ ਅਮਲ ’ਚ ਸਾਕਾਰ ਕਰਨਾ। ਉਦੋਂ ਨਕਸਲਬਾੜੀ ਦੇ ਜੁਝਾਰੂਆਂ ਉੱਪਰ
ਪੁਲਸ ਵੱਲੋਂ ਕੀਤੇ ਜਾ ਰਹੇ ਰੌਂਗਟੇ ਖੜ੍ਹੇ ਕਰਨ ਵਾਲੇ ਜੁਲਮ ਨਾਲ ਆਮ ਲੋਕ ਮਨਾਂ ’ਚ ਜੋ ਸਹਿਮ ਭਰ ਗਿਆ ਸੀ, ਉਦੋਂ ਇਨਕਲਾਬੀ ਲਹਿਰ ਦੇ ਵੀ ਕਾਫੀ ਵੱਡੇ ਹਿੱਸਿਆਂ ਨੂੰ
ਸੱਚਮੁੱਚ ਇਹੀ ਲਗਦਾ ਸੀ ਕਿ ਇਨਕਲਾਬੀ ਦਿਸ਼ਾ ਨੂੰ ਪਰਨਾਈ ਤੇ ਹਕੂਮਤ ਦੀ ਵਿਰੋਧੀ ਕੋਈ ਇਨਕਲਾਬੀ
ਜਨਤਕ ਜਥੇਬੰਦੀ ਜਾਂ ਇਨਕਲਾਬੀ ਲਹਿਰ ਕਿਵੇਂ ਵਜੂਦ ’ਚ ਆ ਅਤੇ ਕੰਮ ਕਰਦੀ ਰਹਿ ਸਕਦੀ ਹੈ। ਪਰ ਕਾਮਰੇਡ ਸੋਹੀ
ਇੱਕ ਅਨੁਭਵੀ ਤੇ ਸੁਲਝੇ ਹੋਏ ਕਮਿਊਨਿਸਟ ਇਨਕਲਾਬੀ ਸਨ ਜਿਹਨਾਂ ਨੂੰ ਇਨਕਲਾਬੀ ਲੀਹ ਅਤੇ ਲੋਕ, ਦੋਹਾਂ ਅੰਦਰ, ਅਟੁੱਟ ਵਿਸ਼ਵਾਸ ਸੀ। ਇਹੀ ਉਹਨਾਂ ਦੇ ਆਪਣੇ ਸਵੈ-ਭਰੋਸੇ
ਦੀ ਨਿੱਗਰ ਬੁਨਿਆਦ ਸੀ।
ਆਪਣੀ ਇਨਕਲਾਬੀ ਜਨਤਕ ਲੀਹ ਨੂੰ ਅਮਲੀ ਜਾਮਾ ਪਹਿਨਾਉਣ ਦੇ
ਕੰਮ ਦਾ ਤੋਰਾ ਤੋਰਨ ਵੇਲੇ ਦਹਿਸ਼ਤੀ ਮਾਹੌਲ ਦੇ ਅੜਿੱਕੇ ਤੋਂ ਇਲਾਵਾ ਉਹਨਾਂ ਸਾਹਵੇਂ ਨਜਿੱਠਣ ਲਈ
ਕਈ ਹੋਰ ਵੀ ਚੁਣੌਤੀਆਂ ਸਨ। ਉਦਾਹਰਣ ਵਜੋਂ, ਉਹਨਾਂ ਸਾਹਵੇਂ ਇੱਕ ਵੱਡੀ ਸਮੱਸਿਆ ਅਜੇਹੇ ਜਨਤਕ
ਕਰਿੰਦਿਆਂ ਦੀ ਲੱਗਭੱਗ ਗੈਰ-ਮੌਜੂਦਗੀ ਵਾਲੀ ਹਾਲਤ ਸੀ ਜਿਹੜੇ ਬੇਖੌਫ ਹੋ ਕੇ ਤੇ ਧੜੱਲੇ ਨਾਲ ਜਨਤਕ
ਜਥੇਬੰਦੀਆਂ ਉਸਾਰਨ ਤੇ ਜਨਤਕ ਸਰਗਰਮੀ ਦਾ ਵਿੱਢ ਵਿੱਢਣ ਦੇ ਸ਼ੁਰੂਆਤੀ ਕੰਮ ’ਚ ਬੀਂਡੀ ਜੁੜ ਸਕਣ। ਜਿਹੜੇ ਅਜੇਹੀ ਮੁੱਢਲੀ ਗੁਲੀ
ਮੁਹੱਈਆ ਕਰ ਸਕਦੇ ਹੋਣ ਜਿਹਨਾਂ ਦੁਆਲੇ ਹੌਲੀ-ਹੌਲੀ ਜਨਤਕ ਜਥੇਬੰਦੀ ਤੇ ਜਨਤਕ ਸਰਗਰਮੀ ਦਾ ਜੁਗਾੜ
ਵਿਕਸਤ ਕੀਤਾ ਜਾ ਸਕੇ। ਉਸ ਵੇਲੇ ਪਾਰਟੀ ਦੀ ਲੋਕਾਂ ਅੰਦਰ ਸੰਪਰਕਾਂ ਪੱਖੋਂ ਹਾਲਤ ਬਹੁਤ ਹੀ ਕਸਵੀਂ
ਤੇ ਮਸਾਂ ਡੰਗ-ਟਪਾਊ ਸੀ। ਪੇਂਡੂ ਖੇਤਰ ਵਿੱਚ ਜਿਹੜੇ ਸਰਫੇ ਦੇ ਗਿਨਣੇ ਸੰਪਰਕ ਸਨ, ਉਹ ਜ਼ਿਆਦਾ ਕਰਕੇ ਨੇਰੇ੍ਹ-ਸਵੇਰੇ ਰਾਤ ਕਟਾਉਣ ਜਾਂ
ਅੰਨ-ਪਾਣੀ ਛਕਾਉਣ ਜੋਗਰੇ ਹੀ ਸਨ, ਹਾਲੇ ਜਨਤਕ ਕਰਿੰਦਿਆਂ ਵਜੋਂ ਰੋਲ ਸੰਭਾਲਣ ਲਈ ਤਿਆਰ
ਨਹੀਂ ਸਨ। ਲੋਕਾਂ ਵਿੱਚ ਪਾਰਟੀ ਪ੍ਰਚਾਰ ਲਈ ਵੀ ਢਾਂਚਾ ਮੌਜੂਦ ਨਹੀਂ ਸੀ। ਪਾਰਟੀ ਪ੍ਰਚਾਰ ਜਾਂ
ਜਨਤਕ ਸਰਗਰਮੀ ਤੋਂ ਬਿਨਾਂ ਨਵੇਂ ਕਰਿੰਦੇ ਵਿਕਸਤ ਕਰਨਾ ਵੀ ਅਸੰਭਵ ਸੀ। ਅਜੇਹੀਆਂ ਹਾਲਤਾਂ ’ਚ ਪੇਂਡੂ ਬੁਨਿਆਦੀ ਜਮਾਤਾਂ ’ਚ ਤੱਟਫੱਟ ਸਰਗਰਮੀ ਕਰ ਸਕਣਾ ਮੁਮਕਿਨ ਨਹੀਂ ਸੀ। ਹਾਂ, ਕਾਲਜਾਂ ਤੇ ਯੂਨੀਵਰਸਿਟੀਆਂ ’ਚ ਪਾਰਟੀ ਦੇ ਕਾਫੀ ਸਾਰੇ ਮੁੱਢਲੇ ਸੰਪਰਕ ਸਨ ਜਿਹਨਾਂ
ਨੂੰ, ਲੋੜੀਂਦੀ ਤਿਆਰੀ ਤੋਂ ਬਾਅਦ ਜਨਤਕ ਜਥੇਬੰਦੀ ਦਾ ਕੋਈ ਮੁੱਢਲਾ ਜੁਗਾੜ ਖੜ੍ਹਾ ਕਰਨ ਦੇ ਕੰਮ ’ਚ ਪਾਇਆ ਜਾ ਸਕਦਾ ਸੀ। ਕਾਲਜਾਂ ’ਚ ਇਨਕਲਾਬੀ ਉਭਾਰ ਵਾਲਾ ਮਾਹੌਲ ਹੋਣ ਕਰਕੇ ਇੱਥੋਂ
ਉਤਸ਼ਾਹੀ ਹੁੰਗਾਰੇ ਦੀ ਵੀ ਆਸ ਸੀ।
ਦੂਜੇ ਪਾਸੇ, ਉਸ ਵੇਲੇ ਦਰਜਨ ਕੁ ਪੇਸ਼ਾਵਰ ਇਨਕਲਾਬੀਆਂ ’ਤੇ ਆਧਾਰਤ ਪਾਰਟੀ ਜਥੇਬੰਦੀ ਇਨਕਲਾਬੀ ਵਿਸ਼ਵਾਸ ਤੇ ਧੜੱਲੇ
ਨਾਲ ਭਰਪੂਰ ਸੀ। ਇਸਦਾ ਇੱਕ ਤਕੜਾ ਹਿੱਸਾ, ਸ਼ਹਾਦਤਾਂ ਦੀ ਗੁੜਤੀ ਲੈ ਕੇ, ਨਕਸਲਬਾੜੀ ਲਹਿਰ ਦੀ ਝੰਜੋੜੂ ਧੂਹ ਹੇਠ, ਸਿੱਧਾ ਕਾਲਜਾਂ ਤੋਂ ਇਨਕਲਾਬੀ ਅਖਾੜੇ ’ਚ ਉੱਤਰਿਆ ਸੀ। ਇਨਕਲਾਬੀ ਜ਼ਜਬੇ ਤੇ ਅਣਮਿਉਂਦੇ ਜੋਸ਼ ਨਾਲ ਮਚੂੰ-ਮਚੂੰ
ਕਰਦਾ ਸੀ। ਕੁਝ ਕਰ ਗੁਜ਼ਰਨ ਲਈ ਬਿਹਬਲ ਸੀ। ਪਾਰਟੀ ਦੀ ਸਮੁੱਚੀ ਟੀਮ ਅੰਡਰ ਗਰਾਊਂਡ ਸੀ। ਹਾਲਤ ਇਹ
ਸੀ ਕਿ ਪਾਰਟੀ ਕਰਿੰਦਿਆਂ ਵਜੋਂ ਕੰਮ ਕਰਨ ਵਾਲੀ ਤਾਂ ਇਹ ਚੰਗੀ ਤਕੜੀ ਤੇ ਉਤਸ਼ਾਹੀ ਟੀਮ ਸੀ ਪਰ
ਪਾਰਟੀ ਦੀਆਂ ਜਨਤਕ ਤੰਦਾਂ ਤੇ ਜਨਤਕ ਕਰਿੰਦਿਆਂ ਪੱਖੋਂ ਹਾਲਤ ਧਾੜ ਬੋਲਣ ਵਾਲੀ ਸੀ। ਆਮ ਕਰਕੇ
ਪਾਰਟੀ ਦੀ ਆਰਗੇਨਾਈਜ਼ਰ ਸ਼ਕਤੀ ਦੇ ਮੁਕਾਬਲੇ, ਪਾਰਟੀ ਮੈਂਬਰਾਂ, ਪਾਰਟੀ ਖਾੜਕੂਆਂ ਤੇ ਪਾਰਟੀ ਦਾ ਆਮ ਪ੍ਰਭਾਵ ਘੇਰਾ ਕਿਤੇ
ਵੱਡਾ ਹੁੰਦਾ ਹੈ। ਪਰ ਇੱਥੇ ਤਵਾਜ਼ਨ ਉਲਟਿਆ ਹੋਇਆ ਸੀ। ਕਾਮਰੇਡ ਸੋਹੀ ਨੇ ਇਸਨੂੰ ਚੋਟੀ-ਬੋਝਲ ਦਾ
ਨਾਂ ਦਿੱਤਾ ਸੀ ਜੋ ਬੜਾ ਢੁੱਕਵਾਂ ਲੱਗਦਾ ਸੀ।
ਸਾਰੇ ਪੱਖਾਂ ’ਤੇ ਗੰਭੀਰ ਸੋਚ-ਵਿਚਾਰ ਕਰਨ ਤੋਂ ਬਾਅਦ ਕਾਮਰੇਡ ਸੋਹੀ ਨੇ
ਇੱਕ ਅਜੇਹੀ ਫੌਰੀ ਕਾਰਜ-ਵਿਉਂਤ ਤਿਆਰ ਕੀਤੀ ਜਿਹੜੀ ਆਪਣੀ ਅੰਤਮ ਧੁਸ ਪੱਖੋਂ ਬੁਨਿਆਦੀ ਜਮਾਤਾਂ ’ਚ ਇਨਕਲਾਬੀ ਜਨਤਕ ਕੰਮ ਤੇ ਲਹਿਰ ਉਸਾਰੀ ਕਰਨ ਵੱਲ ਸੇਧਤ
ਸੀ। ਪਰ ਨਾਲ ਹੀ ਇਹ ਜਨਤਕ ਕੰਮ ਖੜ੍ਹਾ ਕਰਨ ਦਾ ਤੋਰਾ ਉਥੋਂ ਤੋਰਨ ਦੀ ਮੁਦਈ ਸੀ ਜਿਥੇ ਫੌਰੀ ਪੱਖ
ਤੋਂ ਅਜੇਹਾ ਕੰਮ ਵਿਕਸਤ ਕਰਨ ਪੱਖੋਂ ਹਾਲਤ ਵਧੇਰੇ ਸਾਜ਼ਗਾਰ ਸੀ। ਇਹ ਗੁਣਾ ਵਿਦਿਆਰਥੀਆਂ ਤੇ ਫਿਰ
ਨਾਲ ਨੌਜੁਆਨਾਂ ਅੰਦਰ ਜਥੇਬੰਦੀ ਤੇ ਕੰਮ ਵਿਕਸਤ ਕਰਨ ’ਤੇ ਪਿਆ। ਇਸ ਕੰਮ ’ਚੋਂ ਮਿਲਣ ਵਾਲੇ ਪੇਂਡੂ ਪਿਛੋਕੜ ਵਾਲੇ ਕਰਿੰਦਿਆਂ ਨੂੰ
ਬੁਨਿਆਦੀ ਜਮਾਤਾਂ ’ਚ ਕੰਮ ਖੜ੍ਹਾ ਕਰਨ ਲਈ ਪਨੀਰੀ ਵਜੋਂ ਵਰਤਿਆ ਜਾਣਾ ਸੀ।
ਇਉਂ ਹੀ ਚੋਟੀ-ਬੋਝਲ ਪਾਰਟੀ ਜਥੇਬੰਦੀ ਦੇ ਇੱਕ ਹਿੱਸੇ ਨੂੰ ਖੁੱਲ੍ਹਾ ਕਰਕੇ ਸ਼ਹਿਰੀ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ ਤੇ ਸੱਭਿਆਚਾਰਕ ਮੁਹਾਜ਼ ਤੇ ਜਨਤਕ ਤੰਦਾਂ
ਜੋੜਨ, ਸੰਪਰਕ ਬਨਾਉਣ ਅਤੇ ਜਨਤਕ ਜਥੇਬੰਦੀ ਤੇ ਕੰਮ ਦਾ ਆਧਾਰ ਤਿਆਰ ਕਰਨ ਲਈ ਤਾਇਨਾਤ ਕੀਤਾ ਗਿਆ।
ਇਸ ਕਾਰਜ-ਵਿਉਂਤ ਦੀ ਉਧੇੜ ਦੇ ਸਿੱਟੇ ਬੇਹੱਦ ਸਾਕਾਰਾਤਮਕ
ਤੇ ਉਤਸ਼ਾਹੀ ਸਾਬਤ ਹੋਏ। ਵਿਸਥਾਰ ’ਚ ਨਾ ਜਾਂਦਿਆਂ ਇੰਨਾਂ ਕਹਿਣਾ ਹੀ ਕਾਫੀ ਹੈ ਕਿ ਵੱਖ-ਵੱਖ
ਜਮਾਤਾਂ ਤੇ ਤਬਕਿਆਂ ’ਚ ਇਨਕਲਾਬੀ ਕੰਮ ਖੜ੍ਹਾ ਕਰਨ ਲਈ ਮੁੱਢਲੇ ਕਰਿੰਦੇ
ਮੁਹੱਈਆ ਕਰਨ ਪੱਖੋਂ ਇਸ ਵਿਉਂਤ ਦਾ ਬਹੁਤ ਹੀ ਸਾਰਥਕ ਰੋਲ ਰਿਹਾ। ਵਿਉਂਤ ਦਾ ਉਧੇੜ ਅਮਲ ਸ਼ੁਰੂ ਹੋਣ
ਦੇ ਮਹਿਜ ਦੋ ਢਾਈ ਸਾਲ ਬਾਅਦ ਹੀ ਕਿਸਾਨੀ ਸਮੇਤ ਵਿਦਿਆਰਥੀਆਂ, ਨੌਜੁਆਨਾਂ, ਸਨਅਤੀ ਕਾਮਿਆਂ, ਮੁਲਾਜ਼ਮਾਂ ’ਚ ਇਨਕਲਾਬੀ ਨਾਅਰਿਆਂ ਦੀਆਂ ਗੜਗੱਜਾਂ ਪੈਣ ਲੱਗ ਪਈਆਂ
ਸਨ। ਜ਼ਾਹਰਾ ਤੌਰ ’ਤੇ, ਇਸ ਸਫਲਤਾ ਪਿੱਛੇ ਸਭ ਤੋਂ ਵੱਡਾ ਯੋਗਦਾਨ ਕਾਮਰੇਡ ਸੋਹੀ
ਦੀ ਰਚਨਾਤਮਕ ਤੇ ਸੁਘੜ ਅਗਵਾਈ ਦਾ ਹੀ ਸੀ।
ਅੱਜ ਦੇਖਿਆਂ, ਕਿਸੇ ਨੂੰ ਇਹ ਸਾਧਾਰਨ ਗੱਲ ਲੱਗ ਸਕਦੀ ਹੈ, ਐਂਵੇ ਬਾਤ ਦਾ ਬਤੰਗੜ ਬਨਾਉਣ ਦੀ ਕਾਰਵਾਈ ਲੱਗ ਸਕਦੀ ਹੈ।
ਪਰ ਉਦੋਂ ਇਹ ਗੱਲ ਕੁੱਝ ਪੱਖਾਂ ਤੋਂ ਬੜੀ ਨਿਵੇਕਲੀ ਤੇ ਜੁਰਅਤਮੰਦ ਕਾਰਵਾਈ ਸੀ। ਮੈਂ ਪਾਠਕਾਂ ਦਾ
ਧਿਆਨ ਦੋ ਗੱਲਾਂ ਵੱਲ ਦਿਵਾਉਣਾ ਚਾਹੁੰਦਾ ਹਾਂ :
ਪਹਿਲੀ ਗੱਲ, ਜ਼ਰਈ ਹਥਿਆਰਬੰਦ ਇਨਕਲਾਬ ਦੀਆਂ ਮੁਦਈ ਇਨਕਲਾਬੀ
ਜਥੇਬੰਦੀਆਂ ਲਈ ਪੇਂਡੂ ਬੁਨਿਆਦੀ ਜਮਾਤਾਂ, ਵਿਸ਼ੇਸ਼ ਤੌਰ ’ਤੇ ਕਿਸਾਨੀ ਅੰਦਰ ਇਨਕਲਾਬੀ ਕੰਮ ਖੜ੍ਹਾ ਕਰਨ ਦੀ
ਸਰਬ-ਉੱਚ ਮਹੱਤਤਾ ਇੱਕ ਨਿਰਵਿਵਾਦ ਮਸਲਾ ਹੈ। ਪਰ ਕਮਿਊਨਿਸਟਾਂ ਲਈ ਇਨਕਲਾਬੀ ਸਿਧਾਂਤ ਰਟਣ-ਮੰਤਰ
ਨਹੀਂ, ਸਗੋਂ ਅਮਲ ਲਈ ਰਾਹ-ਦਰਸਾਵਾ ਹੁੰਦਾ ਹੈ। ਬੁਨਿਆਦੀ ਜਮਾਤਾਂ ਵਿੱਚ ਕੰਮ ਕਰਨ ਦਾ ਮਹਿਜ਼ ਜਾਪ
ਕਰਦੇ ਰਹਿਣਾ ਹੋਰ ਗੱਲ ਹੈ, ਪਰ ਇਹ ਕੰਮ ਖੜ੍ਹਾ ਕਰਨ ਦੇ ਰਾਹ ਵਿੱਚ ਆਉਣ ਵਾਲੀਆਂ ਠੋਸ
ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਨਾ ਤੇ ਉਹਨਾਂ ਦਾ ਹੱਲ ਕਰਨ ਦਾ ਢੁੱਕਵਾਂ ਢੰਗ-ਤਰੀਕਾ ਅਖਤਿਆਰ
ਕਰਨਾ ਹੋਰ ਗੱਲ ਹੈ। ਕਾਮਰੇਡ ਸੋਹੀ ਨੇ ਕਿਸਾਨੀ ਅੰਦਰ ਕੰਮ ਦੀ ਬੁਨਿਆਦੀ ਮਹੱਤਤਾ ਤੇ ਆਪਣੀ ਸਿਸਤ
ਟਿਕਾਈ ਰਖਦਿਆਂ, ਇਸਦੇ ਲਈ ਰਾਹ ਪੱਧਰਾ ਕਰਨ ਦੀ ਜੁਗਤ ਘੜੀ। ਇਹ ਇੱਕ ਰਚਨਾਤਮਕ ਅਮਲਦਾਰੀ ਸੀ। ਉਹਨਾਂ ਉੱਪਰ
ਬੁਨਿਆਦੀ ਪੇਂਡੂ ਜਮਾਤਾਂ ਅੰਦਰ ਔਖੇ ਕੰਮ ਤੋਂ ਮੂੰਹ ਭੰਵਾ ਲੈਣ ਅਤੇ ਪੈਟੀ-ਬੁਰਜੂਆ ਤਬਕਿਆਂ ’ਚ ਸੁਖਾਲਾ ਕੰਮ ਕਰਨ ਤੇ ਆਰਾਮਦੇਹ ਜ਼ਿੰਦਗੀ ਦੀ ਲਾਲਸਾ ਦੇ
ਦੋਸ਼ ਵੀ ਲੱਗੇ। ਪਰ ਉਹਨਾਂ ਨੂੰ ਇਨਕਲਾਬੀ ਲੀਹ ’ਚ ਅਪਾਰ ਭਰੋਸਾ ਸੀ। ਉਸ ਸਮੇਂ ਜਦ ਸੀ. ਪੀ. ਆਈ (ਮ. ਲ.)
ਦੀ ਲੀਡਰਸ਼ਿਪ ਵੱਲੋਂ ਉਹਨਾਂ ਉਤੇ ਸੋਧਵਾਦੀ ਅਤੇ ਇਨਕਲਾਬ ਤੋਂ ਭਗੌੜੇ ਹੋਣ ਦੇ ਲਕਬਾਂ ਦੇ ਖੁੱਲ੍ਹ
ਕੇ ਵਾਰਨੇ ਕੀਤੇ ਜਾ ਰਹੇ ਸਨ, ਇਹੋ ਜਿਹੀ ਗੈਰ-ਰਵਾਇਤੀ ਤੁਰਤਪੈਰੀ ਵਿਉਂਤ ਉਹਨਾਂ ਦੇ
ਇਨਕਲਾਬੀ ਸਵੈ-ਭਰੋਸੇ ਤੇ ਜ਼ੁਰਅਤ ਦੀ ਸੂਚਕ ਸੀ।
ਦੂਸਰੀ ਗੱਲ, ਇਹ ਤੁਰਤ-ਪੈਰੀ ਕਾਰਜ-ਵਿਉਂਤ ਉਸ ਵੇਲੇ ਘੜੀ ਗਈ ਸੀ ਜਦ
ਕਮਿਊਨਿਸਟ ਇਨਕਲਾਬੀਆਂ ਦੇ ਝੂਠੇ ਪੁਲਸ ਮੁਕਾਬਲਿਆਂ ਦਾ ਦੌਰ ਪੂਰਾ ਗਰਮ ਸੀ। ਪਾਰਟੀ ਦਾ ਵੀ
ਆਪਣੀਆਂ ਸਫਾਂ ਨੂੰ ਘਰ-ਘਾਟ ਛਡਕੇ ਪਾਰਟੀ ਵਿੱਚ ਰਲਣ ਤੇ ਅੰਡਰਗਰਾਊਂਡ ਕਰਨ ’ਤੇ ਲੱਗਿਆਂ ਹੋਇਆ ਸੀ। ਘਰੋਂ ਭਗੌੜਾ ਹੋ ਕੇ ਅੰਡਰਗਰਾਊਂਡ
ਹੋਣਾ ਹੀ ਪਾਰਟੀ ’ਚ ਸ਼ਾਮਲ ਹੋਣ ਦਾ ਪਛਾਣ ਚਿੰਨ੍ਹ ਬਣਿਆ ਹੋਇਆ ਸੀ। ਆਪਣੀ
ਤੁਰਤ-ਪੈਰੀ ਕਾਰਜ-ਵਿਉਂਤ ਨੂੰ ਅਮਲੀ ਜਾਮਾ ਪਹਿਨਾਉਣ ਦੇ ਅੰਗ ਵਲੋਂ ਕਾਮਰੇਡ ਸੋਹੀ ਨੇ ਉਸ ਵੇਲੇ
ਪਰਟੀ ਦੇ ਅੰਡਰਗਰਾਊਂਡ ਕਾਰਕੁਨਾਂ ਦੇ ਇੱਕ ਹਿੱਸੇ ਨੂੰ ਖੁੱਲ੍ਹਾ ਕਰਕੇ ਜਨਤਕ ਕੰਮ ’ਚ ਤਾਇਨਾਤ ਕਰਨ ਦਾ ਸਾਹਸ ਕੀਤਾ ਸੀ, ਜਦੋਂ ਅਜੇਹਾ ਚਿਤਵਣਾ ਵੀ ਗੁਨਾਹ ਵਰਗਾ ਸੀ। ਇਹ ਉਲਟੀ
ਗੰਗਾ ਵਹਾਉਣ ਦੀ ਦਲੇਰੀ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ। ਇਸ ’ਚ ਓਹੀ ਸ਼ਖਸ਼ ਪੁੱਗ ਸਕਦਾ ਹੈ ਜਿਸਦੀ ਇਨਕਲਾਬੀ ਸਿਧਾਂਤ ’ਤੇ ਪਕੜ ਹੋਵੇ ਅਤੇ ਇਸ ਪਕੜ ਦੇ ਆਧਾਰ ’ਤੇ ਉਪਜਿਆ ਆਤਮ-ਵਿਸ਼ਵਾਸ ਹੋਵੇ।
ਕਾਮਰੇਡ ਸੋਹੀ ਨੂੰ ਇਹ ਗੱਲ ਭਲੀਭਾਂਤ ਪਤਾ ਸੀ ਕਿ ਉਹਨਾਂ
ਨੂੰ ਬਥੇਰਾ ਬੋਲ-ਕਬੋਲ ਸੁਣਨਾ ਪਵੇਗਾ। ਉਸ ਵੇਲੇ ਦੇ ਪੰਜਾਬ ਅੰਦਰਲੇ ਖੱਬੀ ਮਾਅਰਕੇਬਾਜ਼ ਲੀਹ ਨਾਲ
ਜੁੜੇ ਕੁੱਝ ਕਾਮਰੇਡਾਂ ਨੇ ਤਾਂ ਉਹਨਾਂ ’ਤੇ ਪੁਲਸ ਦੇ ਏਜੰਟ ਹੋਣ ਤੱਕ ਦੇ ਦੋਸ਼ ਲਾਏ ਅਤੇ ਕਿਹਾ ਕਿ
ਉਹ ਇਨਕਲਾਬੀਆਂ ਨੂੰ ਖੱਸੀ ਕਰਕੇ ਘਰੀਂ ਬਹਾਅ ਰਿਹਾ ਹੈ। ਕਾਮਰੇਡ ਸੋਹੀ ਇਕ ਜ਼ਜ਼ਬਾਤੀ ਬਾਗੀ ਨਹੀਂ
ਸਨ, ਇੱਕ ਕਮਿਊਨਿਸਟ ਇਨਕਲਾਬੀ ਸਨ। ਉਹਨਾਂ ਨੇ ਇਹ ਸਭ ਇਲਜ਼ਾਮ-ਤਰਾਸ਼ੀ ਬਿਨਾਂ ਵਿਚਲਿਤ ਹੋਏ, ਤਹੱਮਲ ਨਾਲ ਸੁਣੀ। ਇਸ ਲਈ ਉਹ ਪਹਿਲਾਂ ਹੀ ਤਿਆਰ ਸਨ।
ਉਹਨਾਂ ਨੇ ਇਸਨੂੰ ਅਣਸੁਣਿਆ ਤੇ ਅਣਗੌਲਿਆ ਕਰ ਦਿੱਤਾ ਅਤੇ ਪੂਰੇ ਭਰੋਸੇ ਤੇ ਦਿ੍ਰੜਤਾ ਨਾਲ ਆਪਣੀ
ਸੇਧ ’ਤੇ ਡਟੇ ਰਹੇ। ਉਹਨਾਂ ਵੱਲੋਂ ਅਪਣਾਈ ਲੀਹ ਤੇ ਸੇਧ ਦੇ ਬੇਹੱਦ ਉਤਸ਼ਾਹੀ ਸਿੱਟਿਆਂ ਨੇ ਉਹਨਾਂ ’ਤੇ ਹੋਈ ਸਭ ਇਲਜ਼ਾਮ-ਤਰਾਸ਼ੀ ਨੂੰ ਛੰਡ ਦਿੱਤਾ। ਕੇਹੀ ਅਜੀਬ
ਤਰਾਸਦੀ ਹੈ ਕਿ ਕਾਮਰੇਡ ਸੋਹੀ ’ਤੇ ਅੰਡਰਗਰਾਊਂਡ ਇਨਕਲਾਬੀਆਂ ਨੂੰ ਘਰੇ ਬਿਠਾਉਣ ਦੀਆਂ
ਊਜਾਂ ਲਾਉਣ ਵਾਲਿਆਂ ’ਚੋਂ ਕਈ ਤਾਂ ਇਨਕਲਾਬ ਦਾ ਪੱਲਾ ਹੀ ਛੱਡ ਗਏ ਤੇ ਕਦੋਂ ਦੇ
ਘਰੋ-ਘਰੀਂ ਬੈਠ ਗਏੇ ਪਰ ਕਾਮਰੇਡ ਸੋਹੀ ਦੇ ਉਸ ਵੇਲੇ ਦੇ ਉਹਨਾਂ ਦੇ ਬਹੁਤੇ ਸਾਥੀ ਅੱਜ ਵੀ ਇਨਕਲਾਬ
ਦੇ ਸ਼ਾਹ-ਰਾਹ ’ਤੇ ਡਟੇ ਹੋਏ ਹਨ ਅਤੇ ਕਾਮਰੇਡ ਸੋਹੀ ਆਪਣੇ ਅੰਤਮ ਸਵਾਸਾਂ ਤਕ ਅੰਡਰਗਰਾਊਂਡ ਜੀਵਨ ਮਰਿਆਦਾ ਦੀ
ਪਾਲਣਾ ਕਰਦੇ ਰਹੇ।
- ਇੱਕ ਕਮਿਊਨਿਸਟ ਇਨਕਲਾਬੀ
No comments:
Post a Comment