ਨਵੀਂ ਹਕੂਮਤ ਦੇ ਪ੍ਰਸੰਗ 'ਚ
ਰਾਜ ਦੀ ਅਸਥਿਰਤਾ ਦੇ ਵਧਦੇ ਅੰਸ਼ ਤੇ ਹਕੂਮਤੀ ਖੇਤਰ 'ਚ ਹਾਸਲ ਸਥਿਰਤਾ
ਪਿਛਾਖੜੀ ਨਾਅਰਿਆਂ ਦੇ ਸਿਰ 'ਤੇ ਮੁੜ ਕੁਰਸੀ 'ਤੇ ਕਾਬਜ ਹੋਈ ਭਾਜਪਾ ਵੱਲੋਂ
ਲੋਕਾਂ 'ਤੇ ਜਾਬਰ-ਫਾਸ਼ੀ ਤੇ ਆਰਥਿਕ
ਹੱਲਾ ਬੋਲਣ ਲਈ ਹਾਲਤ ਮੁਕਾਬਲਤਨ ਰੈਲੀ ਹੈ। ਕੌਮੀ ਸੁਰੱਖਿਆ ਦੇ ਅਖੌਤੀ ਹੋਕਰਿਆਂ ਦੇ ਜ਼ੋਰ 'ਤੇ ਲੋਕਾਂ ਤੋਂ ਲਿਆ ਫਤਵਾ
ਦਬਾਈਆਂ ਕੌਮੀਅਤਾਂ 'ਤੇ ਜਬਰ ਤੇਜ਼ ਕਰਨ ਦਾ ਸਾਧਨ ਬਣਨਾ ਹੈ। ਖਾਸ ਕਰਕੇ ਕਸ਼ਮੀਰੀ
ਕੌਮੀਅਤ ਦੇ ਸੰਘਰਸ਼ ਨੂੰ ਕੁਚਲਣ ਲਈ ਹੋਰ ਵਧੇਰੇ ਫੌਜਾਂ ਚਾੜ੍ਹਨ ਲਈ ਵਾਜਬੀਅਤ ਸਿਰਜੀ ਗਈ ਹੈ ਤੇ
ਹੁਣ 'ਮਜ਼ਬੂਤ ਸਰਕਾਰ' ਲਈ ਰਸਤਾ ਵਧੇਰੇ ਸਾਫ਼ ਹੈ।
ਇਉਂ ਹੀ ਹਰ ਤਰ੍ਹਾਂ ਦੇ ਫਿਰਕੂ-ਫਾਸ਼ੀ ਹੱਲਿਆਂ ਦਾ ਵਿਰੋਧ ਕਰਦੀਆਂ ਜਮਹੂਰੀ ਤਾਕਤਾਂ ਨੂੰ ਕੌਮੀ
ਸੁਰੱਖਿਆ ਦੇ ਹਵਾਲੇ ਨਾਲ ਦੇਸ-ਧ੍ਰੋਹੀ ਗਰਦਾਨਿਆ ਜਾ ਰਿਹਾ ਹੈ ਅਤੇ ਇਹ ਹਾਸਲ ਫਤਵਾ ਭਾਜਪਾ ਦੇ
ਅਜਿਹੇ ਜਾਬਰ ਅਮਲ ਨੂੰ ਹੋਰ ਤਕੜਾਈ ਦੇਣ ਦਾ ਹੀ ਸਾਧਨ ਬਣਨਾ ਹੈ। ਭਾਜਪਾ ਦੀ ਇਸ ਵੱਡੀ ਜਿੱਤ ਨਾਲ
ਹਾਕਮ ਜਮਾਤਾਂ ਵੱਲੋਂ ਹਕੂਮਤੀ ਖੇਤਰ 'ਚ ਇੱਕ ਵਾਰ ਸਥਿਰਤਾ ਹਾਸਲ ਕੀਤੀ ਗਈ ਹੈ ਜੋ ਉਹਨਾਂ ਵੱਲੋਂ
ਵਧੇਰੇ ਸਾਬਤ ਕਦਮੀਂ ਹੋ ਕੇ, ਆਰਥਿਕ ਸੁਧਾਰਾਂ ਦਾ ਨੀਤੀ ਹੱਲਾ ਬੋਲਣ ਲਈ ਲਾਹੇਵੰਦੀ ਹੋਣੀ ਹੈ
ਪਰ ਇਹ ਸਥਿਰਤਾ ਵਕਤੀ ਹੈ ਕਿਉਂਕਿ ਆਰਥਿਕ-ਸਮਾਜਿਕ ਖੇਤਰਾਂ 'ਚ ਅਸਥਿਰਤਾ ਦੀ ਉਹ ਹਾਲਤ ਉਵੇਂ ਹੀ ਬਰਕਰਾਰ ਹੈ ਜਿਸਨੇ ਆਖਰ
ਨੂੰ ਫਿਰ ਹਕੂਮਤੀ ਖੇਤਰ ਦੀ ਹਾਸਲ ਹੋਈ ਸਥਿਰਤਾ 'ਤੇ ਅਸਰ-ਅੰਦਾਜ਼ ਹੋਣਾ ਹੈ। ਸਭ ਤੋਂ ਅਹਿਮ ਪੱਖ ਆਰਥਿਕ ਖੇਤਰ ਦਾ
ਦਿਨੋਂ ਦਿਨ ਡੂੰਘਾ ਹੁੰਦਾ ਜਾ ਰਿਹਾ ਸੰਕਟ ਹੈ ਜਿਸਦੀ ਮਾਰ ਮੋਦੀ ਹਕੂਮਤ ਦੀ ਸਿਆਸੀ ਸਥਿਰਤਾ ਨੂੰ
ਪ੍ਰਭਾਵਿਤ ਕਰੇਗੀ। ਇਸ ਹਕੂਮਤ ਨੇ ਹੁਣ ਜਿਹਨਾਂ ਫਿਰਕੂ-ਫਾਸ਼ੀ ਅਮਲਾਂ ਦੀ ਅਸਰਕਾਰੀ ਦੇ ਭਰੋਸੇ ਦੇ
ਜ਼ੋਰ 'ਤੇ ਇਸ ਸੰਕਟ ਦਾ ਭਾਰ ਕਿਰਤੀ
ਲੋਕਾਂ 'ਤੇ ਲੱਦਣਾ ਹੈ, ਉਹ ਚਿਰ ਸਥਾਈ ਭਰੋਸੇਯੋਗ
ਵਰਤਾਰੇ ਨਹੀਂ ਹਨ, ਸਗੋਂ ਸਮਾਜ 'ਚ ਹੋਰ ਵਧੇਰੇ ਅਫਰਾ ਤਫਰੀ ਫੈਲਾਉਣ ਵਾਲੇ ਹਨ, ਸਮੁੱਚੇ ਤੌਰ 'ਤੇ ਰਾਜ ਦੀ ਅਸਥਿਰਤਾ ਦਾ ਹੀ ਵਧਾਰਾ ਕਰਨ ਵਾਲੇ ਹਨ। ਜਲਦੀ ਹੀ
ਕੌਮੀ ਸੁਰੱਖਿਆ ਦੇ ਅਖੌਤੀ ਮੁੱਦੇ 'ਤੇ ਫਿਰਕੂ ਲਾਮਬੰਦੀਆਂ ਦੀ ਧਾਰ ਨੂੰ ਲੋਕਾਂ ਦੀਆਂ ਜ਼ਿੰਦਗੀਆਂ
ਦੇ ਹਕੀਕੀ ਮਸਲਿਆਂ ਦੀ ਤਿੱਖ ਨੇ ਕੱਟਣ ਲੱਗ ਜਾਣਾ ਹੈ। ਬੁਰਜੂਆ ਪ੍ਰੈਸ 'ਚ ਮੁਲਕ ਦੀ ਆਰਥਿਕਤਾ ਦੀ
ਮੰਦਹਾਲੀ ਦੀ ਚਰਚਾ ਦਰਮਿਆਨ ਇਹ ਟਿੱਪਣੀਆਂ ਹੋ ਰਹੀਆਂ ਹਨ ਕਿ ਮੋਦੀ ਨੇ ਕੰਡਿਆਂ ਦਾ ਤਾਜ ਹੀ
ਪਹਿਨਿਆ ਹੈ। ਸੰਕਟਾਂ ਮੂੰਹ ਆਈ ਆਰਥਿਕਤਾ ਨੂੰ ਨਜਿੱਠਣ ਦਾ ਰਸਤਾ ਬਹੁਤ ਕਠਿਨ ਹੈ।
ਮੋਦੀ ਹਕੂਮਤ ਦੇ ਗੱਦੀ ਸੰਭਾਲਣ ਵੇਲੇ ਮੁਲਕ ਦੀ ਆਰਥਿਕਤਾ ਦੀ
ਹਾਲਤ ਇਹ ਹੈ ਕਿ ਕੁੱਲ ਘਰੇਲੂ ਉਤਪਾਦ ਵਾਧਾ ਦਰ ਘਟ ਕੇ 6.6% 'ਤੇ ਆ ਗਈ ਹੈ ਤੇ ਇਹ ਹੋਰ ਹੇਠਾਂ ਆਉਣ ਜਾ ਰਹੀ ਹੈ। ਪੈਦਾਵਾਰ
ਦੇ ਕਈ ਖੇਤਰ ਖੜੋਤ ਦੇ ਸ਼ਿਕਾਰ ਹਨ। ਕੌਮਾਂਤਰੀ ਪੱਧਰ 'ਤੇ ਇਰਾਨ ਅਤੇ ਵੈਨਜੂਏਲਾ ਉੱਪਰ ਅਮਰੀਕਾ ਵੱਲੋਂ ਲਾਈਆਂ
ਪਾਬੰਦੀਆਂ ਕਰਕੇ ਅਤੇ ਤੇਲ ਪੈਦਾਵਾਰ ਕਰਨ ਵਾਲੇ ਮੁਲਕਾਂ ਦੇ ਸੰਗਠਨ ਵੱਲੋਂ ਤੇਲ ਪੈਦਾਵਾਰ 'ਚ ਕਟੌਤੀ ਕੀਤੇ ਜਾਣ ਕਰਕੇ, ਤੇਲ ਕੀਮਤਾਂ ਉੱਪਰ ਚੜ੍ਹਨ ਦੇ
ਸੰਕੇਤ ਆ ਰਹੇ ਹਨ । ਭਾਰਤ ਦੀਆਂ ਦਰਾਮਦਾਂ 'ਚ ਤੇਲ ਖੇਤਰ ਮਹੱਤਵਪੂਰਨ ਹੋਣ ਕਰਕੇ, ਇਹ ਹੁਣ ਭਾਰਤ ਦਾ ਦਰਾਮਦ
ਬਿੱਲ ਵਧਾਉਣ ਵਾਲਾ ਇੱਕ ਵਾਧੂ ਕਾਰਨ ਬਣਨ ਜਾ ਰਿਹਾ ਹੈ ਜੋ ਪਹਿਲਾਂ ਹੀ ਡਗਮਗਾ ਰਹੀ ਆਰਥਿਕਤਾ ਲਈ
ਹੋਰ ਵਧੇਰੇ ਝਟਕਾ ਦੇਣ ਜਾ ਰਿਹਾ ਹੈ। ਤਾਜਾ ਸਥਿਤੀ 'ਚ ਕੁੱਝ ਉੱਭਰਵੇਂ ਪ੍ਰਗਟਾਵੇ ਤਿੱਖੀ ਗਿਰਾਵਟ ਦੀ ਝਲਕ ਦਿਖਾ
ਰਹੇ ਹਨ। ਆਟੋ ਵਹੀਕਲਾਂ ਦੀ ਸੇਲ 'ਚ ਕਮੀ ਆਈ ਹੈ। ਸਿੱਧੀ ਟੈਕਸ ਕੁਲੈਕਸ਼ਨ ਘਟੀ ਹੈ ਤੇ ਘਰੇਲੂ
ਬੱਚਤਾਂ 'ਚ ਵੀ ਕੁੱਲ ਘਰੇਲੂ ਉਤਪਾਦ ਦੀ
ਅਨੁਪਾਤ 'ਚ 17.2% ਦੀ ਕਮੀ ਆਈ ਹੈ। ਸਿੱਧੀ ਟੈਕਸ
ਉਗਰਾਹੀ ਜਿਹੜੀ 1 ਅਪ੍ਰੈਲ ਤੱਕ 50,000 ਕਰੋੜ ਘਟ ਗਈ ਸੀ,
2018-19 ਦੇ ਵਿਤੀ ਸਾਲ ਦੇ ਸੋਧੇ ਗਏ 12 ਲੱਖ ਕਰੋੜ ਦੇ ਟੀਚੇ ਤੱਕ
ਨਹੀਂ ਪਹੁੰਚ ਸਕੀ। ਯਾਤਰੀ ਵਹੀਕਲਾਂ ਦੀ ਘਰੇਲੂ ਮਾਰਕੀਟ 'ਚ ਵਿਕਰੀ ਵੀ 2.96% ਘਟ ਗਈ ਹੈ। ਰੁਜ਼ਗਾਰ ਦੇ ਮੌਕੇ ਬੁਰੀ ਤਰ੍ਹਾਂ ਸੁੰਗੜ ਰਹੇ ਹਨ।
ਪਿਛਲੇ 45 ਸਾਲਾਂ ਦੇ ਅਰਸੇ 'ਚ ਬੇ-ਰੁਜ਼ਗਾਰੀ ਦੀ ਦਰ ਸਭ
ਤੋਂ ਉੱਚੀ ਹੈ। ਭਾਰਤੀ ਆਰਥਿਕਤਾ ਦੇ ਵਿਕਾਸ ਨੂੰ ਹੁਲਾਰਾ ਦੇਣ ਦੇ ਅਹਿਮ ਸਾਧਨ ਵਜੋਂ ਭਾਰਤੀ ਹਾਕਮ
ਜਮਾਤਾਂ ਦੀਆਂ ਉਮੀਦਾਂ ਵਿਦੇਸ਼ੀ ਪੂੰਜੀ ਨਿਵੇਸ਼ 'ਤੇ ਲੱਗੀਆਂ ਰਹਿੰਦੀਆਂ ਹਨ। ਲੰਘੇ ਅਪ੍ਰੈਲ-ਦਸੰਬਰ ਦੇ ਅਰਸੇ 'ਚ ਇਹ ਵੀ 7% ਘਟ ਗਿਆ ਹੈ। ਘਰੇਲੂ ਬੱਚਤਾਂ 'ਚ ਆਈ ਕਮੀ ਦੀ ਮਾਰ ਦੂਰ ਤੱਕ
ਪੈਂਦੀ ਹੈ। ਇਹਨਾਂ ਰਾਹੀਂ ਜੁਟਾਈ ਪੂੰਜੀ ਹੀ ਕਾਰਪੋਰੇਟਾਂ ਦੇ ਕਾਰੋਬਾਰਾਂ ਲਈ ਕਰਜ਼ਿਆਂ ਦੇ ਰੂਪ 'ਚ ਮੁਹੱਈਆ ਕਰਵਾਈ ਜਾਂਦੀ ਹੈ , ਇਹਦੇ 'ਚ ਕਮੀ ਵੱਡੇ ਕਾਰੋਬਾਰਾਂ ਲਈ
ਵੀ ਪੂੰਜੀ ਨਿਵੇਸ਼ 'ਚ ਕਮੀ ਬਣਨੀ ਹੈ। ਪਹਿਲਾਂ ਨੋਟਬੰਦੀ ਵੱਲੋਂ ਤੇ ਮਗਰੋਂ
ਜੀ.ਐਸ.ਟੀ. ਰਾਹੀਂ ਛੋਟੇ ਕਾਰੋਬਾਰੀਆਂ ਦਾ ਤੋੜਿਆ ਗਿਆ ਲੱਕ ਉਵੇਂ ਜਿਵੇਂ ਹੈ। ਇਹ ਹਾਲਤ ਅਜਿਹੇ
ਹਨ, ਜਿੰਨ੍ਹਾਂ ਨੇ ਕਿਰਤੀ ਲੋਕਾਂ
ਦੀਆਂ ਜ਼ਿੰਦਗੀਆਂ 'ਚ ਹੋਰ ਵਧੇਰੇ ਹਿੱਲ-ਜੁਲ ਪੈਦਾ ਕਰਨੀ ਹੈ। ਲੁਟੇਰੀਆਂ ਹਾਕਮ ਜਮਾਤਾਂ ਦੇ ਰਾਜ ਦੀ ਸਥਿਰਤਾ
ਸਿਰਫ਼ ਪਾਰਲੀਮੈਂਟ 'ਚ ਸੀਟਾਂ ਦੇ ਅੰਕੜੇ ਨਾਲ ਹੀ ਨਹੀਂ ਨਾਪੀ ਜਾਣੀ ਚਾਹੀਦੀ, ਇਸ ਦੀ ਅਸਥਿਰਤਾ ਦੇ ਹੋਰਨਾਂ
ਅੰਸ਼ਾਂ ਵੱਲ ਵੀ ਗੌਰ ਕਰਨਾ ਚਾਹੀਦਾ ਹੈ। ਜਿਵੇਂ ਪਿਛਲੇ ਅਰਸੇ 'ਚ ਭਾਜਪਾ ਨੇ ਆਪਣੇ ਰਾਜ ਦੀਆਂ
ਹੋਰਨਾਂ ਸੰਸਥਾਵਾਂ ਦੀ ਜੋ ਬੇ-ਹੁਰਮਤੀ ਕੀਤੀ ਹੈ ਉਸ ਨਾਲ ਦਲਾਲ ਜਮਾਤਾਂ ਦੇ ਇਸ ਰਾਜ ਦੀਆਂ
ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਲੋਕਾਂ ਅੰਦਰ ਖੋਰਾ ਪਿਆ ਹੈ। ਇਸਤੋਂ ਅੱਗੇ ਰਾਜ ਭਾਗ ਦੀਆਂ ਵੱਖ
ਵੱਖ ਸੰਸਥਾਵਾਂ 'ਚ ਵਧਦਾ ਟਕਰਾਅ ਵੀ ਭਾਰਤੀ ਰਾਜ ਦੇ ਸੰਕਟ ਦਾ ਹੀ ਇਕ ਪ੍ਰਗਟਾਵਾ ਹੈ ਤੇ ਭਾਜਪਾ ਨੇ ਜਿਵੇਂ
ਧੌਂਸਬਾਜੀ ਨਾਲ ਇਸ ਨੂੰ ਨਜਿੱਠਿਆ ਹੈ, ਉਹ ਵੀ ਅੰਤਮ ਤੌਰ 'ਤੇ ਸਥਿਰਤਾ ਵੱਲ ਨੂੰ ਨਹੀਂ ਲਿਜਾਵੇਗਾ ਸਗੋਂ ਰਾਜ ਦੀ ਅਸਥਿਰਤਾ
ਵੱਲ ਹੀ ਲਿਜਾਵੇਗਾ। ਵੱਖ ਵੱਖ ਪੱਧਰਾਂ 'ਤੇ ਹਾਕਮ ਜਮਾਤੀ ਹਲਕਿਆਂ ਦੇ ਆਪਸੀ ਟਕਰਾਅ ਨੂੰ ਤਿੱਖਾ ਹੀ ਕਰੇਗਾ।
ਇਹ ਸਾਰੇ ਭਾਰਤੀ ਰਾਜ ਦੀ ਅਸਥਿਰਤਾ ਦੇ ਅੰਸ਼ ਹੀ ਹਨ।
ਪਾਰਲੀਮੈਂਟ ਤੋਂ ਬਾਹਰੀ ਸਮਾਜਿਕ ਉਥਲ ਪੁਥਲ ਦੀ ਧਮਕ ਜਦੋਂ ਉਥੇ
ਪੁੱਜਣੀ ਹੈ ਤਾਂ ਇਹਨੇ ਐਨ ਡੀ ਏ ਦੇ ਅੰਦਰ ਤੇ ਆਖਰ ਨੂੰ ਭਾਜਪਾ ਅੰਦਰ ਵੀ ਤਰੇੜਾਂ ਲਿਆਉਣੀਆਂ ਹਨ।
ਇਸ ਵੱਲੋਂ ਹਿੰਦੂਤਵੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਨਾਲ ਸਮਾਜਿਕ ਜਬਰ ਹੋਰ ਤੇਜ਼ ਹੋ ਰਿਹਾ ਹੈ।
ਸੰਸਾਰੀਕਰਨ ਦਾ ਹੱਲਾ ਤੇ ਹਿੰਦੂਤਵੀ ਫਾਸ਼ੀਵਾਦੀ ਹੱਲਾ ਗੁੰਦਵੇਂ ਰੂਪ 'ਚ ਸਭ ਤੋਂ ਵਧੇਰੇ ਦਲਿਤਾਂ, ਆਦਿਵਾਸੀਆਂ, ਹੋਰ ਪਛੜੇ ਹਿੱਸਿਆਂ ਤੇ
ਔਰਤਾਂ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ। ਜਿਵੇਂ ਪਿਛਲੇ ਪੰਜ ਸਾਲਾਂ ਦੌਰਾਨ ਇਹਨਾਂ
ਹਿੱਸਿਆਂ ਨੇ ਮੋਦੀ ਹਕੂਮਤ ਦੇ ਹੱਲੇ ਖਿਲਾਫ਼ ਸਿਦਕਦਿਲੀ ਨਾਲ ਟੱਕਰ ਲਈ ਹੈ, ਹੁਣ ਇਸ ਟਾਕਰੇ ਨੇ ਹੋਰ ਅੱਗੇ
ਵਧਣਾ ਹੈ। ਇਉਂ ਹੀ ਇਕ ਭਾਰਤ ਦੇ ਨਾਂਅ ਹੇਠ ਕੇਂਦਰੀ ਹਕੂਮਤ ਨੂੰ ਹੋਰ ਵਧੇਰੇ ਸ਼ਕਤੀਆਂ ਦਿੰਦੇ ਜਾਣ
ਤੇ ਰਾਜਾਂ ਦੇ ਹੱਥ 'ਚ ਗੁੰਜਾਇਸ਼ਾਂ ਹੋਰ ਸੁੰਗੇੜਦੇ ਜਾਣ ਦਾ ਅਮਲ ਤੇਜ ਕੀਤੇ ਜਾਣਾ
ਹੈ। ਇਸਨੇ ਸਥਾਨਕ ਜਗੀਰੂ ਸ਼ਕਤੀਆਂ ਨਾਲ ਵੱਡੀ ਬੁਰਜੂਆਜ਼ੀ ਦੇ ਗੱਠਜੋੜ 'ਚ ਤੇੜਾਂ ਪਾਉਣ ਦਾ ਸਬੱਬ
ਬਣਨਾ ਹੈ। ਇਹਨਾਂ ਕਦਮਾਂ 'ਚ ਵੀ ਹਕੂਮਤੀ ਖੇਤਰ ਦੀ ਅਸਥਿਰਤਾ ਦਾ ਅਧਾਰ ਪਿਆ ਹੈ। ਭਾਜਪਾ
ਦੇ ਰਾਜ ਦੀ ਸਥਿਰਤਾ ਨੂੰ ਆਂਚ ਪਹੁੰਚਾਉਣ ਵਾਲੀ ਅਜਿਹੀ ਬਹੁਤ ਸਮੱਗਰੀ ਉਸ ਵੱਲੋਂ ਇਕੱਠੀ ਕੀਤੀ ਜਾ
ਰਹੀ ਹੈ। ਹਾਲਤ ਦਾ ਇੱਕ ਹੋਰ ਪਹਿਲੂ ਮਹੱਤਵਪੂਰਨ ਹੈ। ਵੋਟਾਂ ਦੇ ਮੌਜੂਦਾ ਪ੍ਰਸੰਗ ਰਾਹੀਂ ਲੁਟੇਰੇ
ਭਾਰਤੀ ਜਾਬਰ ਰਾਜ ਦੇ ਥੰਮ੍ਹਾਂ ਨੂੰ ਹੋਰ ਤਕੜੇ ਕਰਨ ਦਾ ਲਿਆ ਗਿਆ ਫਤਵਾ, ਹਾਕਮ ਜਮਾਤਾਂ ਦੇ ਰਾਜ ਦੀ
ਕਮਜ਼ੋਰੀ ਦੀ ਹਾਲਤ ਦਾ ਹੀ ਪ੍ਰਗਟਾਵਾ ਹੈ। ਇਹ ਹਾਲਤ ਸਮੁੱਚੇ ਤੌਰ 'ਤੇ ਭਾਰਤੀ ਰਾਜ ਲਈ ਘਾਟੇਵੰਦੀ
ਹੀ ਹੈ ਕਿ ਉਸਨੂੰ ਆਪਣੇ ਆਪਾਸ਼ਾਹ ਕਿਰਦਾਰ 'ਤੇ ਪਾਇਆ ਜਮਹੂਰੀਅਤ ਦਾ ਬੁਰਕਾ ਚੱਕਣਾ ਪੈ ਰਿਹਾ ਹੈ ਅਤੇ ਰਾਜ
ਕਰਨ ਲਈ ਫਾਸ਼ੀ -ਜਾਬਰ ਹੱਥਕੰਡਿਆਂ 'ਤੇ ਟੇਕ ਵੱਧ ਰਹੀ ਹੈ। ਜਮਹੂਰੀ ਰਾਜ ਵਜੋਂ ਕੀਤੀ ਜਾਂਦੀ
ਪੇਸ਼ਕਾਰੀ ਲਈ ਗੁੰਜਾਇਸ਼ਾਂ ਹੋਰ ਸੁੰਗੜ ਰਹੀਆਂ ਹਨ ਜਦਕਿ ਇਸ ਪੇਸ਼ਕਾਰੀ ਦੀ ਭਾਰਤੀ ਹਾਕਮ ਜਮਾਤਾਂ ਨੇ
ਬਹੁਤ ਖੱਟੀ ਖਾਧੀ ਹੈ 'ਤੇ ਆਪਦੇ ਰਾਜ ਨੂੰ ਪੱਕੇ ਪੈਰੀਂ ਕਰਨ 'ਚ ਇਸ ਪੇਸ਼ਕਾਰੀ ਦੀ ਭਰਪੂਰ
ਲਾਹਾ ਲਿਆ ਹੈ। ਅਜਿਹੀ ਪੇਸ਼ਕਾਰੀ ਦੇ ਦੰਭ ਨਾਲ ਕਈ ਸ਼ਕਤੀਆਂ ਨੂੰ ਸੰਘਰਸ਼ਾਂ ਤੋਂ ਮੁੱਖ ਮੋੜ ਕੇ ਪਾਰਲੀਮਾਨੀ
ਜਿੱਲ੍ਹਣ 'ਚ ਸੁੱਟ ਕੇ ਸਾਹ-ਸੱਤਹੀਣ
ਕੀਤਾ ਹੈ। ਹੁਣ ਵੀ ਫਾਸ਼ੀਵਾਦੀ ਕਿਸਮ ਦੇ ਰੁਝਾਨ ਨੂੰ ਪੈਰ ਜਮਾਉਣ ਲਈ ਇਹਨਾਂ ਅਖੌਤੀ ਜਮਹੂਰੀ
ਸੰਸਥਾਵਾਂ ਦੇ ਪਰਦੇ ਦਾ ਹੀ ਲਾਹਾ ਹੋ ਰਿਹਾ ਹੈ, ਪਰ ਨਾਲ ਹੀ ਇਹ ਇਸ ਪਰਦੇ ਨੂੰ ਆਂਚ ਪਹੁੰਚਾਉਣ ਦਾ ਕਾਰਨ ਬਣ
ਰਿਹਾ ਹੈ। ਇਸਦੇ ਖੁਰ ਜਾਣ ਨੇ, ਕਈ ਸ਼ਕਤੀਆਂ ਨੂੰ ਭਰਮ ਮੁਕਤ ਕਰਨਾ ਹੈ ਤੇ ਪਾਰਲੀਮੈਂਟਰੀਵਾਦ
ਦੇ ਤੇ ਕਾਨੂੰਨੀ ਸੀਮਾਵਾਂ 'ਚ ਸੰਘਰਸ਼ ਕਰਨ ਦੇ ਭਰਮ ਜਾਲ ਤੋਂ ਮੁਕਤੀ ਲਈ ਅਧਾਰ ਨੂੰ ਹੋਰ
ਮਜ਼ਬੂਤ ਕਰਨਾ ਹੈ। ਭਾਰਤੀ ਰਾਜ ਦੀ ਅਸਥਿਰਤਾ ਦੇ ਵਧ ਰਹੇ ਅੰਸ਼ਾਂ ਦਾ ਲਾਹਾ ਤਾਂ ਹੀ ਲਿਆ ਜਾ ਸਕਦਾ
ਹੈ ਜੇਕਰ ਇਨਕਲਾਬੀ ਸ਼ਕਤੀਆਂ ਆਪਣੀ ਕਮਜ਼ੋਰੀ ਵਾਲੀ ਹਾਲਤ ਨੂੰ ਜਲਦੀ ਨਾਲ ਸਰ ਕਰਨ, ਜਮਾਤੀ ਘੋਲਾਂ ਨੂੰ ਤੇਜ਼ ਕਰਨ, ਲੋਕਾਂ ਦੀ ਜਥੇਬੰਦਕ ਤਾਕਤ
ਨੂੰ ਮਜ਼ਬੂਤ ਕਰਨ ਤੇ ਪੱਕੇ ਪੈਰੀਂ ਕਰਨ ਤੇ ਲੋਕਾਂ ਦੀਆਂ ਜਥੇਬੰਦੀਆਂ ਦੀ ਫਾਸ਼ੀ ਹਮਲਿਆਂ ਤੋਂ
ਸੁਰੱਖਿਆ ਲਈ ਇੰਤਜਾਮਾਂ ਦੀ ਅਗਵਾਈ ਕਰਨ, ਲੋਕਾਂ ਮੂਹਰੇ ਧੜੱਲੇ ਦੇ ਪੈਂਤੜੇ ਤੋਂ ਇਨਕਲਾਬੀ ਬਦਲ ਪੇਸ਼
ਕਰਨ। ਅਜਿਹਾ ਕੀਤੇ ਤੋਂ ਬਿਨਾਂ ਹੀ ਇਸ ਰਾਜ ਦੇ ਸੰਕਟਾਂ ਦਾ ਲੋਕਾਂ ਲਈ ਲਾਹਾ ਨਹੀਂ ਲਿਆ
ਜਾ ਸਕਦਾ ਸਗੋਂ ਇਹ ਸੰਕਟ ਲੋਕਾਂ ਤੇ ਹੋਰ ਕਹਿਰ ਬਣ ਕੇ ਹੀ ਵਰ੍ਹਦੇ ਹਨ, ਜਮਾਤੀ ਘੋਲਾਂ ਦੀ ਤਿੱਖ ਨਾ
ਫੜ ਸਕਣ ਦੀ ਹਾਲਤ 'ਚ ਹਾਕਮ ਜਮਾਤਾਂ ਇਹਨਾਂ ਸੰਕਟਾਂ ਦੇ ਕੋਈ ਨਾ ਕੋਈ ਹੱਲ ਕੱਢਣ
ਦਾ ਜੁਗਾੜ ਕਰਨ 'ਚ ਕਾਮਯਾਬ ਹੋ ਜਾਂਦੀਆਂ ਹਨ।
ਬੀਤੇ ਪੰਜ ਸਾਲਾਂ ਦੌਰਾਨ ਵੀ 'ਤੇ ਹੁਣ ਚੋਣ ਮੁਹਿੰਮਾਂ ਦੇ
ਸਾਰੇ ਅਰਸੇ ਦੌਰਾਨ ਵੀ ਮੁਲਕ ਦੇ ਜਮਹੂਰੀ ਹਲਕਿਆਂ , ਧਾਰਮਿਕ ਘੱਟ ਗਿਣਤੀਆਂ ਤੇ ਦਬਾਈਆਂ ਕੌਮੀਅਤਾਂ ਵੱਲੋਂ ਭਾਜਪਾ ਦੇ ਫਿਰਕੂ ਫਾਸ਼ੀ ਹਮਲੇ ਖਿਲਾਫ਼ ਕੀਤਾ ਟਾਕਰਾ ਬਹੁਤ ਮਹੱਤਵਪੂਰਨ ਪਹਿਲੂ ਹੈ। ਇਹ
ਬਹੁਤ ਵਿਆਪਕ ਪੈਮਾਨੇ 'ਤੇ ਹੋਇਆ ਹੈ ਤੇ ਇਸਦੀ ਡੂੰਘਾਈ ਤੇ ਅਸਰਕਾਰੀ ਅਗਲੇਰੇ ਵਿਸ਼ਾਲ
ਟਾਕਰੇ ਦੀ ਉਸਾਰੀ ਲਈ ਗਿਣਨਯੋਗ ਪਹਿਲੂ ਹੈ। ਇਸਦੀ ਸਫ਼ਲਤਾ/ਅਸਫ਼ਲਤਾ ਨੂੰ ਹਾਕਮ ਜਮਾਤੀ ਵੋਟ ਅਖਾੜੇ 'ਚ ਅੰਕੜਿਆਂ ਦੀ ਖੇਡ ਰਾਹੀਂ
ਨਹੀਂ ਦੇਖਿਆ ਜਾਣਾ ਚਾਹੀਦਾ। ਇਸ ਸਮੁੱਚੀ ਵਿਰੋਧ ਸਰਗਰਮੀ ਨੂੰ ਇਨਕਲਾਬੀ ਜਮਹੂਰੀ ਪੈਂਤੜੇ ਤੋਂ
ਇੱਕਜੁੱਟ ਕਰਕੇ, ਜ਼ਰੱਈ ਇਨਕਲਾਬੀ ਲਹਿਰ ਦੇ ਧੁਰੇ ਦੁਆਲੇ ਉਸਾਰਨ ਦਾ ਕਾਰਜ ਅੱਜ ਕਮਿ: ਇਨ: ਸ਼ਕਤੀਆਂ ਦੇ ਸਾਹਮਣੇ
ਹੈ। ਇਸ ਟਾਕਰਾ ਉਸਾਰੀ ਦੇ ਕਾਰਜ ਲਈ ਜੁਟਣਾ ਚਾਹੀਦਾ ਹੈ।
No comments:
Post a Comment