Wednesday, September 5, 2018

ਵਿਦਿਆਰਥੀ ਆਗੂਆਂ ਦੀ ਕੁੱਟਮਾਰ:



ਵਿਦਿਆਰਥੀ ਆਗੂਆਂ ਦੀ ਕੁੱਟਮਾਰ:
ਮੁਆਫ਼ੀ ਮੰਗ ਕੇ ਛੁੱਟੇ ਪੁਲਸੀਏ
ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਵਿੱਚ ਵਿਦਿਆਰਥੀ ਲਹਿਰ ਦੇ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਦਾ ਸ਼ਹੀਦੀ ਦਿਵਸ ਮਨਾਉਣ ਲਈ ਇਕੱਤਰਤਾ ਕੀਤੀ ਜਾ ਰਹੀ ਸੀ। ਜੁਲਾਈ ਮਹੀਨੇ ਵਿੱਚ ਕਾਲਜ ਵਿੱਚ ਕਲਾਸਾਂ ਨਾ ਲੱਗਣ ਕਾਰਨ ਇਹ ਇਕੱਤਰਤਾ 18 ਜੁਲਾਈ ਦੀ ਥਾਂ 25 ਅਗਸਤ ਦੀ ਰੱਖੀ ਗਈ ਸੀ।
ਪ੍ਰੰਤੂ ਪਿਛਲੇ ਵਰੇ ਤੋਂ ਹੀ ਵਿਦਿਆਰਥੀ ਮੰਗਾਂ ਮਸਲਿਆਂ ਉਪਰ ਸਰਗਰਮੀ ਕਰਦੇ ਹੋਣ ਕਰਕੇ ਕਾਲਜ ਪ੍ਰਿੰਸੀਪਲ ਪੀ.ਐਸ.ਯੂ. (ਸ਼ਹੀਦ ਰੰਧਾਵਾ) ਦੇ ਵਿਦਿਆਰਥੀ ਆਗੂਆਂ ਪ੍ਰਤੀ ਮਾੜਾ ਵਤੀਰਾ ਰੱਖਦੀ ਆ ਰਹੀ ਸੀ। ਮੌਜੂਦਾ ਸੈਸ਼ਨ ਦੇ ਸ਼ੁਰੂਆਤ ਵਿੱਚ ਹੀ ਕਾਲਜ ਕਮੇਟੀ ਦੇ ਆਗੂ ਰਮਨ ਕਾਲਾਝਾੜ ਨੂੰ ਬੀ.ਏ.ਭਾਗ ਪਹਿਲਾ ਵਿਚੋਂ ਬਹੁਤ ਚੰਗੇ ਅੰਕ ਹੋਣ ਦੇ ਬਾਵਜੂਦ ਭਾਗੂ ਦੂਜਾ ਵਿੱਚ ਦਾਖਲਾ ਦੇਣ ਤੋਂ ਨਾਂਹ ਕਰ ਦਿੱਤੀ ਗਈ ਸੀ। ਭਾਵੇਂ ਕਿ ਵਿਦਿਆਰਥੀਆਂ ਦੇ ਦਬਾਅ ਕਾਰਨ ਪ੍ਰਿੰਸੀਪਲ ਨੂੰ ਆਪਣੇ ਫ਼ੈਸਲੇ ਤੋਂ ਪਿੱਛੇ ਹਟਣਾ ਪਿਆ ਸੀ। 24 ਅਗਸਤ ਨੂੰ ਕਾਲਜ ਪ੍ਰਸਾਸ਼ਨ ਨੇ ਇਹ ਸਮਾਗਮ ਰੋਕਣ ਲਈ ਰੱਸੇ-ਪੈੜੇ ਵੱਟਣੇ ਸ਼ੁਰੂ ਕਰ ਦਿੱਤੇ। ਪ੍ਰਿੰਸੀਪਲ ਦੁਆਰਾ ਕਾਲਜ ਤੋਂ ਬਾਹਰਲੇ ਵਿਦਿਆਰਥੀਆਂ ਨੂੰ ਕਾਲਜ ਵੜਣ ਤੋਂ ਰੋਕਣ ਲਈ ਪੁਲਿਸ ਨੂੰ ਬੁਲਾਇਆ ਗਿਆ। ਪਰ ਵਿਦਿਆਰਥੀ ਇਕਮੁਠਤਾ ਅਤੇ ਆਗੂਆਂ ਦੀਆਂ ਦਲੀਲਾਂ ਅੱਗੇ ਸਹਿਮਤ ਹੁੰਦਿਆਂ ਪੁਲਿਸ ਨੂੰ ਬਿਨਾਂ ਕਿਸੇ ਕਾਰਵਾਈ ਦੇ ਵਾਪਸ ਮੁੜਨਾ ਪਿਆ। ਕਾਲਜ ਪ੍ਰਸਾਸ਼ਨ ਦੀ ਇਸ ਕਾਰਵਾਈ ਸਬੰਧੀ ਜਦ ਵਿਦਿਆਰਥੀਆਂ ਅਤੇ ਕਾਲਜ ਦੇ ਵਾਈਸ-ਪ੍ਰਿੰਸੀਪਲ ਵਿਚਕਾਰ ਗੱਲ ਹੋਈ ਤਾਂ ਉਸ ਵੱਲੋਂ ਵੀ ਵਿਦਿਆਰਥੀਆਂ ਨੂੰ ਕਾਲਜ ਦੇ ਲਾਅਨ ਵਿੱਚ ਇਕੱਤਰਤਾ ਕਰਨ ਦੀ ਜੁਬਾਨੀ-ਪ੍ਰਵਾਨਗੀ ਦੇ ਦਿੱਤੀ ਗਈ। ਪਰ ਸਮਾਗਮ ਵਾਲੇ ਦਿਨ ਵਿਦਿਆਰਥੀ ਆਗੂ ਹੁਸ਼ਿਆਰ ਸਲੇਮਗੜਨੂੰ ਕਾਲਜ ਦੇ ਗੇਟ 'ਤੇ ਅੰਦਰ ਆਉਣ ਤੋਂ ਰੋਕ ਦਿੱਤਾ ਗਿਆ। ਸਕਿਊਰਟੀ ਵਾਲਿਆਂ ਨਾਲ ਵਿਦਿਆਰਥੀ ਆਗੂਆਂ ਦੀ ਨੋਕ-ਝੋਕ ਵਧਣ 'ਤੇ ਪ੍ਰਿੰਸੀਪਲ ਵੱਲੋਂ ਪੁਲਿਸ ਨੂੰ ਬੁਲਾ ਲਿਆ ਗਿਆ। ਪੁਲਿਸ ਵੱਲੋਂ ਬਿਨਾਂ ਕਿਸੇ ਪੜਤਾਲ ਤੋਂ ਵਿਦਿਆਰਥੀ ਆਗੂਆਂ ਰਮਨ ਕਾਲਾਝਾੜ ਅਤੇ ਹੁਸ਼ਿਆਰ ਸਲੇਮਗੜਨੂੰ ਗ੍ਰਿਫਤਾਰ ਕਰ ਲਿਆ ਗਿਆ। ਥਾਣੇ ਲਿਜਾ ਕੇ ਦੋਵੇਂ ਆਗੂਆਂ ਦੀ ਲਗਭਗ ਦੋ ਦਰਜਨ ਪੁਲਿਸ ਮੁਲਾਜ਼ਮਾਂ ਵੱਲੋਂ ਮੁਜ਼ਰਮਾਂ ਵਾਂਗ ਕੁੱਟ-ਮਾਰ ਕਰਦਿਆਂ ''ਬੰਦਿਆਂ ਵਾਂਗ ਪੜਾਈ ਕਰਨ'' ਦੀ ਸੁਣਾਉਣੀ ਵੀ ਕੀਤੀ ਗਈ। ਇਸ ਘਟਨਾ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ਰਾਹੀਂ ਕੁਝ ਸਮੇਂ ਵਿਚ ਹੀ ਪੂਰੇ ਪੰਜਾਬ ਵਿੱਚ ਫੈਲ ਗਈਆਂ। ਸੰਗਰੂਰ ਇਲਾਕੇ ਦੀਆਂ ਜਮਹੂਰੀ ਅਤੇ ਜਨਤਕ ਜਥੇਬੰਦੀਆਂ ਫੌਰੀ ਤੌਰ 'ਤੇ ਹਰਕਤ ਵਿੱਚ ਆਈਆਂ। ਉਹਨਾਂ ਦੇ ਦਬਾਅ ਸਦਕਾ ਸ਼ਾਮ ਤੱਕ ਵਿਦਿਆਰਥੀ ਆਗੂਆਂ ਨੂੰ ਛੱਡ ਦਿੱਤਾ ਗਿਆ। ਪਰ ਪੁਲਿਸ ਵੱਲੋਂ ਆਪਣੀ ਨਖਿੱਧ ਕਾਰਵਾਈ ਦੀ ਪਰਦਾਪੋਸ਼ੀ ਲਈ ਆਗੂਆਂ 'ਤੇ ਕੇਸ ਵੀ ਦਰਜ ਕਰ ਲਿਆ ਗਿਆ। ਰਿਹਾਅ ਕਰਵਾਏ ਗਏ ਵਿਦਿਆਰਥੀ ਆਗੂਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਅਗਲੇ ਦਿਨ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਅਤੇ ਨੌਜਵਾਨ ਭਾਰਤ ਸਭਾ ਵੱਲੋਂ ਇਸ ਧੱਕੇਸ਼ਾਹੀ ਖਿਲਾਫ 29 ਅਗਸਤ ਨੂੰ ਥਾਣਾ ਸੰਗਰੂਰ ਅੱਗੇ ਧਰਨਾ ਲਗਾਉਣ ਦੇ ਐਕਸ਼ਨ ਦਾ ਐਲਾਨ ਕੀਤਾ ਗਿਆ। ਜਿਸ ਨੂੰ ਕਿ ਕਿਸਾਨ ਮਜ਼ਦੂਰ ਨੌਜਵਾਨ ਅਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਹਮਾਇਤ ਹਾਸਲ ਹੋਈ । ਇਸ ਧਰਨੇ ਦੀ ਤਿਆਰੀ ਵਜੋਂ ਪਿੰਡਾਂ ਅਤੇ ਕਾਲਜਾਂ ਵਿੱਚ ਕਾਲਜ-ਪ੍ਰਿੰਸੀਪਲ ਅਤੇ ਪੁਲਸ ਪ੍ਰਸਾਸ਼ਨ ਦੀਆਂ ਅਰਥੀਆਂ ਨੂੰ ਲਾਂਬੂ ਲਾਏ ਜਾਣ ਦੀ ਮੁਹਿੰਮ ਚੱਲ ਪਈ। ਸੰਗਰੂਰ ਦੇ ਵਿਦਿਆਰਥੀ ਸੰਘਰਸ਼ ਦੀ ਹਮਾਇਤ ਵਿੱਚ ਬਠਿੰਡਾ ਜਿਲੇ ਵਿਚੋਂ ਵੀ ਹਮਾਇਤੀ ਨਾਹਰੇ ਗੂੰਜਣ ਲੱਗੇ। ਧਰਨੇ ਦੀ ਤਿਆਰੀ ਤੋਂ ਘਬਰਾਏ ਜਿਲਾ ਪ੍ਰਸਾਸ਼ਨ ਵਲੋਂ ਧਰਨੇ ਦੀ ਤਿਆਰੀ ਕਰ ਰਹੀਆਂ ਜਨਤਕ ਜਥੇਬੰਦੀਆਂ ਨਾਲ ਗੱਲ-ਬਾਤ ਦਾ ਦੌਰ ਚਲਾਇਆ ਗਿਆ। ਐਸ.ਐਸ.ਪੀ ਅਤੇ ਡੀ.ਐਸ.ਪੀ. ਸੰਗਰੂਰ ਵੱਲੋਂ ਪੁਲਿਸ ਅਧਿਕਾਰੀਆਂ ਦੀ ਗਲਤੀ ਮੰਨਦਿਆਂ ਜਥੇਬੰਦੀਆਂ ਦੁਆਰਾ ਰੱਖੀਆਂ ਸਾਰੀਆਂ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ। 28 ਅਗਸਤ ਨੂੰ ਡੀ.ਐਸ.ਪੀ. ਸੰਗਰੂਰ ਦੀ ਹਾਜ਼ਰੀ ਵਿੱਚ ਹੋਏ ਸਮਝੌਤੇ ਤਹਿਤ ਵਫਦ ਮੂਹਰੇ ਵਿਦਿਆਰਥੀ ਆਗੂਆਂ ਰਮਨ ਕਾਲਾਝਾੜ ਅਤੇ ਹੁਸ਼ਿਆਰ ਸਲੇਮਗੜਤੋਂ ਮਾਫ਼ੀ ਮੰਗੀ ਗਈ। ਇਹਨਾਂ ਪੁਲਿਸ ਅਧਿਕਾਰੀਆਂ ਖਿਲਾਫ਼ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ ਜਿਸਦੀ ਚਿੱਠੀ ਜਥੇਬੰਦੀਆਂ ਦੇ ਵਫ਼ਦ ਨੂੰ ਸੌਂਪੀ ਗਈ। ਵਿਦਿਆਰਥੀਆਂ ਦੇ ਇਲਾਜ ਦਾ ਮੁਆਵਜ਼ਾ ਦਿੱਤਾ ਗਿਆ। ਵਿਦਿਆਰਥੀਆਂ 'ਤੇ ਦਰਜ ਝੂਠਾ ਕੇਸ 31 ਅਗਸਤ ਤੱਕ ਰੱਦ ਕਰਨ ਦਾ ਭਰੋਸਾ ਦਿੱਤਾ ਗਿਆ। ਇਹ ਮੰਗਾਂ ਪ੍ਰਵਾਨ ਹੋਣ 'ਤੇ ਥਾਣੇ ਅੱਗੇ ਲਾਇਆ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ।

No comments:

Post a Comment