Wednesday, September 5, 2018

ਗੁਰਸ਼ਰਨ ਸਿੰਘ ਦੀ ਕਲਾ ਸਿਰਜਣਾ ਦਾ ਮਹੱਤਵ



ਗੁਰਸ਼ਰਨ ਸਿੰਘ ਦੀ ਕਲਾ ਸਿਰਜਣਾ ਦਾ ਮਹੱਤਵ
ਗੁਰਸ਼ਰਨ ਸਿੰਘ ਹੋਰਾਂ ਬਾਰੇ ਉਹਨਾਂ ਦੇ ਨਾਟਕਾਂ ਬਾਰੇ, ਉਹਨਾਂ ਦੀ ਕਲਾ ਬਾਰੇ ਕੁੱਝ ਗੱਲਾਂ ਕਹੀਆਂ ਗਈਆਂ ਨੇ। ਇੱਕ ਗੱਲ ਕਹੀ ਗਈ ਐ, ਕਿ ਉਹਨਾਂ ਦੇ ਨਾਟਕ, ਜਿਸ ਨੂੰ ਕਿਹਾ ਜਾਂਦੈ ਲਾਊਡ ਨੇ। ਉਹ ਨਾਟਕ ਨਾਅਰੇਬਾਜ਼ੀ ਨੇ। ਉਹ ਸੂਖਮ ਤਰੀਕੇ ਨਾਲ ਗੱਲ ਨਹੀਂ ਕਰਦੇ। ਉਹ ਹਥੌੜੇ ਵਾਂਗ ਵੱਜਦੇ ਨੇ ਜਾ ਕੇ। ਪਰ ਇੱਕ ਗੱਲ ਮੈਂ ਬਹੁਤ ਸਨਿਮਰ ਹੋ ਕੇ ਪੰਜਾਬੀ ਸਾਹਿਤ, ਪੰਜਾਬੀ ਕਲਾ ਜਗਤ ਦੀਆਂ ਹਸਤੀਆਂ ਨੂੰ, ਸਨਮਾਨਯੋਗ ਹਸਤੀਆਂ ਨੂੰ, ਇਹ ਗੱਲ ਕਹਿਣੀ ਚਾਹੁੰਨਾ ਕਿ ਤੁਹਾਡੀ ਰਚਨਾ ਦੀ ਸੂਖਮਤਾ ਬਹੁਤ ਸਨਮਾਨਯੋਗ ਐ, ਬਹੁਤ ਕਦਰਯੋਗ ਐ, ਉਸ ਸੂਖਮਤਾ ਤੱਕ ਸਾਰੀ ਲੋਕਾਈ ਦਾ ਪਹੁੰਚਣਾ ਸਾਡਾ ਮਿਥਿਆ ਹੋਇਆ ਟੀਚਾ ਐ। ਪਰ ਅੱਜ ਇਸ ਜਨਤਾ ਦੇ ਸੂਖਮ ਅਹਿਸਾਸਾਂ ਨੂੰ, ਜੰਜ਼ੀਰਾਂ ਪਈਆਂ ਹੋਈਆਂ ਨੇ। ਅੱਜ ਸੂਖਮਤਾ ਦੇ ਰਸਤੇ ਬਹੁਤ ਸਾਰੇ ਪੱਥਰਾਂ ਨੇ ਮੱਲੇ ਹੋਏ ਨੇ ਤੇ ਜਦੋਂ ਗੁਰਸ਼ਰਨ ਸਿੰਘ ਦੇ ਨਾਟਕਾਂ ਵਰਗੇ ਹਥੌੜਿਆਂ ਨਾਲ ਸੂਖਮਤਾ ਨੂੰ ਪਈਆਂ ਉਹ ਜੰਜ਼ੀਰਾਂ ਟੁੱਟ ਜਾਣਗੀਆਂ, ਜਦੋਂ ਨਵਾਂ ਸਮਾਜ ਸਿਰਜਿਆ ਜਾਊਗਾ, ਅਸੀਂ ਉਦੋਂ ਹੋਰ ਵਿਸ਼ਵਾਸ਼ ਨਾਲ ਸੱਦਾ ਦਿਆਂਗੇ ਸੁਰਜੀਤ ਪਾਤਰ ਨੂੰ, ਅਸੀਂ ਉਦੋਂ ਸੱਦਾ ਦਿਆਂਗੇ ਡਾਕਟਰ ਆਤਮਜੀਤ ਨੂੰ, ਅਸੀਂ ਉਦੋਂ ਸੱਦਾ ਦਿਆਂਗੇ ਅਜਮੇਰ ਔਲਖ ਨੂੰ, ਕਿ ਅੱਜ ਇਹ ਲੋਕ ਢਿੱਡ ਦੀਆਂ ਸਮੱਸਿਆਵਾਂ ਤੋਂ ਮੁਕਤ ਨੇ, ਕਿ ਅੱਜ ਇਹ ਲੋਕ ਜਬਰ ਦੀਆਂ ਸਮੱਸਿਆਵਾਂ ਤੋਂ ਮੁਕਤ ਨੇ, ਕਿ ਅੱਜ ਇਹ ਲੋਕ ਮਾਨਣ ਲਈ ਚੰਗੀ ਤੋਂ ਚੰਗੀ ਕਲਾ ਮਾਣਨ ਲਈ ਆਜ਼ਾਦ ਨੇ। ਆਓ! ਇਹਨਾਂ ਵਿੱਚ ਆ ਕੇ ਆਪਣੇ ਕਲਾਮ ਕਹੋ, ਤੁਹਾਡੇ ਕਲਾਮ ਪੌਣਾਂ ਵਿੱਚ ਗੂੰਜਣਗੇ, ਲੋਕਾਂ ਦੇ ਦਿਲਾਂ ਦੀ ਧੜਕਣ ਬਣਨਗੇ, ਉਹ ਸਮਾਂ ਤਾਂ ਆਵੇ, ਜਦੋਂ ਪੰਜਾਬ ਦੇ, ਹਿੰਦੋਸਤਾਨ ਦੇ ਕਿਰਤੀ ਕਾਮੇ ਲੋਕ ਇਹਨਾਂ ਸ਼ਾਇਰਾਂ ਦੀਆਂ ਕਵਿਤਾਵਾਂ 'ਤੇ ਝੂਮ ਸਕਣ। ਜਦੋਂ ਉਹ ਸੱਚੀ, ਸੂਖਮ ਅਤੇ ਵਿਕਸਤ ਕਲਾ ਦੇ ਉੱਤੇ ਨੱਚ ਸਕਣ। ਇਹ ਲੜਾਈ ਇਹੋ ਜਿਹਾ ਯੁੱਗ ਲਿਆਉਣ ਖਾਤਰ ਲੜੀ ਜਾ ਰਹੀ ਐ, ਇਹ ਲੜਾਈ ਸਿਰਫ ਰੋਟੀ ਦੀ ਲੜਾਈ ਨਹੀਂ ਐ। ਰੋਟੀ ਸਭ ਤੋਂ ਬੁਨਿਆਦੀ ਸਮੱਸਿਆ ਐ, ਕਰੀਏ ਕੀ? ਢਿੱਡ ਲੱਗਿਐ- ਢਿੱਡ ਰੋਟੀ ਮੰਗਦੈ। ਇਸ ਕਰਕੇ ਸਭ ਤੋਂ ਪਹਿਲਾਂ ਰੋਟੀ ਆਉਂਦੀ ਐ। ਸਾਨੂੰ ਸ਼ੌਕ ਨਹੀਂ ਐ ਰੋਟੀ ਦਾ, ਅਸੀਂ ਕਹਿੰਦੇ ਆਂ ਕਲਾ ਦੀ ਗੱਲ ਚੱਲੇ, ਨਾਟਕਾਂ ਦੀ ਗੱਲ ਚੱਲੇ, ਮਨੁੱਖ ਦੀ ਰੂਹ ਖਿੜ ਕੇ ਬਹੁਤ ਬੁਲੰਦੀਆਂ 'ਤੇ ਪਹੁੰਚੇ। ਸਾਡਾ ਇਹ ਟੀਚਾ ਐ। ਕਮਿਊਨਿਸਟ ਸਿਰਫ ਖਾਣ-ਹੰਢਾਉਣ ਵਾਲੀਆਂ ਚੀਜਾਂ ਦੇਣ ਵਾਸਤੇ ਨਹੀਂ ਆਏ। ਲੋਕਾਂ ਨੂੰ, ਮਨੁੱਖੀ ਰੂਹ ਨੂੰ ਅਮੀਰੀ 'ਤੇ ਲੈ ਕੇ ਜਾਣਾ, ਇਹ ਕਮਿਊਨਿਸਟਾਂ ਦਾ ਉਦੇਸ਼ ਐ। ਔਰ ਉਸ ਉਦੇਸ਼ ਲਈ ਅੱਜ ਇਹ ਜਨਤਾ ਜੂਝ ਰਹੀ ਐ। ਅੱਜ ਦਾ ਯੁੱਗ ਜ਼ਰੂਰਤ ਦਾ ਯੁੱਗ ਇਸ ਜ਼ਰੂਰਤ ਦੇ ਯੁੱਗ ਦੀਆਂ ਬੇੜੀਆਂ 'ਚੋਂ, ਨਵੀਂ ਜ਼ਿੰਦਗੀ ਸਿਰਜੀ ਜਾ ਰਹੀ ਐ। ਅਸੀਂ ਇਸ ਜ਼ਰੂਰਤ ਦੇ ਯੁੱਗ ਨੂੰ ਆਜ਼ਾਦੀ ਦੇ ਯੁੱਗ ਵਿੱਚ ਲੈ ਕੇ ਜਾਣਾ ਐ, ਉਦੋਂ ਐਥੇ ਆਹ ਖੁੱਲ ਪੰਡਾਲਾਂ ਦੇ ਵਿੱਚ ਗੁਰਸ਼ਰਨ ਸਿੰਘ ਨੂੰ ਸਨਮਾਨਤ ਨਹੀਂ ਕਰਾਂਗੇ, ਇਸ ਜਨਤਾ ਵਾਸਤੇ ਹਾਲ ਉੱਸਰੇ ਹੋਣਗੇ ਇਸ ਜਨਤਾ ਵਾਸਤੇ ਵੱਡੀਆਂ ਬਿਲਡਿੰਗਾਂ ਉੱਸਰੀਆਂ ਹੋਣਗੀਆਂ। ਸੁਹਜ ਵਾਸਤੇ, ਲੋਕਾਂ ਦੀ ਸਭਿਆਚਾਰਕ ਤਰੱਕੀ ਵਾਸਤੇ, ਨਵੇਂ ਮੌਕੇ ਇਸ ਧਰਤੀ ਦੇ ਉੱਤੇ ਲਿਆਂਦੇ ਜਾਣਗੇ। ਔਰ ਉਸ ਯੁੱਗ ਲਈ ਚੱਲਦੀ ਲੜਾਈ ਵਿੱਚ ਹਿੱਸਾ ਪਾਉਣ ਲਈ, ਜੇ ਅੱਜ ਕੋਈ ਨਾਟਕ, ਗੁਰਸ਼ਰਨ ਸਿੰਘ ਦੇ ਨਾਟਕਾਂ ਵਾਂਗ ਲੋਕਾਂ ਦੇ ਮਨਾਂ 'ਤੇ ਹਥੌੜਿਆਂ ਵਾਂਗ ਵੱਜਦੇ ਨੇ, ਤਾਂ ਇਹ ਸੂਖਮਤਾ ਦੀ ਸੇਵਾ ਵਿੱਚ ਸਾਰਾ ਕੁੱਝ ਕੀਤਾ ਜਾ ਰਿਹੈ। ਇਹ ਸੂਖਮਤਾ ਦੀ ਖਾਤਰ ਲੜੀ ਜਾ ਰਹੀ ਲੜਾਈ ਐਸੋ, ਅੱਜ ਇਸ ਮੌਕੇ ਦੇ ਉੱਤੇ ਜਦੋਂ ਇਹ ਸਾਰੇ ਲੋਕ ਇਥੇ ਆਏ ਨੇ, ਮੈਂ ਕੁੱਝ ਗੱਲਾਂ ਸਪੱਸ਼ਟ ਕਰਨੀਆਂ ਚਾਹੁੰਨਾ। ਸਾਹਿਤਕਾਰਾਂ ਦੇ ਬਾਰੇ ਵੀ, ਕਲਾਕਾਰਾਂ ਬਾਰੇ, ਔਰ ਕੁੱਝ ਲਹਿਰ ਦੀਆਂ ਸਮੱਸਿਆਵਾਂ ਦੇ ਬਾਰੇ।
ਇਹ ਗੱਲ ਕਿ ਅੱਜ ਦੀ ਇਹ ਇਕੱਤਰਤਾ ਇਹ ਨਾ ਹੱਦਬੰਦੀਆਂ ਤੋਂ ਉਪਰ ਐ। ਅਸੀਂ ਕੋਸ਼ਿਸ਼ ਕੀਤੀ, ਜਦੋਂ ਗੁਰਸ਼ਰਨ ਸਿੰਘ ਹੋਰਾਂ ਨੂੰ ਸਨਮਾਨਤ ਕੀਤਾ ਜਾਣੈ ਹਰ ਜਾਗਦੀ ਜ਼ਮੀਰ, ਹਰ ਜਾਗਦੀ ਰੂਹ, ਇਸ ਪੰਡਾਲ ਦੇ ਵਿੱਚ ਹਾਜ਼ਰ ਹੋਵੇ, ਅਸੀਂ ਵਿਚਾਰਾਂ ਦੇ ਛੋਟੇ ਵਖਰੇਵਿਆਂ ਨੂੰ ਨਿੱਕੀਆਂ ਨਿੱਕੀਆਂ ਸੌੜੀਆਂ ਗੱਲਾਂ ਨੂੰ, ਲਾਂਭੇ ਰੱਖਿਐ। ਔਰ ਅਸੀਂ ਇਹ ਦੱਸਣਾ ਚਾਹਿਐ ਕਿ ਪੰਜਾਬ ਦੇ ਲੋਕਾਂ ਦੀ ਲਹਿਰ ਨੂੰ ਨਾ ਸਿਰਫ ਗੁਰਸ਼ਰਨ ਸਿੰਘ ਦੀ ਕਦਰ ਐ, ਬਲਕਿ ਪੰਜਾਬ ਦੇ ਸਮੁੱਚੇ ਸਾਹਿਤ, ਸਮੁੱਚੇ ਕਲਾ ਜਗਤ ਦੀ, ਲੋਕ-ਪੱਖੀ ਧਾਰਾ ਜੋ ਵਗ ਰਹੀ ਐ, ਉਹਦੇ ਸਭਨਾਂ ਸਾਹਿਤਕਾਰਾਂ ਦੀ, ਇਹ ਲੋਕ ਲਹਿਰ, ਉਹਨਾਂ ਦਾ ਮੁੱਲ ਪਾਉਂਦੀ ਐ। ਉਹਨਾਂ ਨੂੰ ਸਨਮਾਨਤ ਕਰਦੀ ਐ। ਨਾ ਹੀ ਇਸ ਗੱਲ ਦਾ ਇਹ ਮੰਤਵ ਐ ਕਿ ਸਾਹਿਤਕਾਰ ਆਪਣੀ ਸਿਰਜਣਾ ਨੂੰ, ਕਿਸੇ, ਜਿਹਨੂੰ ਕਹਿੰਦੇ ਨੇ, ਕਿਸੇ ਸੂਈ ਦੇ ਖਾਸ ਨੱਕੇ ਰਾਹੀਂ, ਕੋਈ ਸਾਹਿਤਕਾਰ, ਕੋਈ ਕਲਾਕਾਰ ਆਪਣੀ ਸਿਰਜਣਾ ਨੂੰ ਲੰਘਾਉਣ ਦੀ ਕੋਸ਼ਿਸ਼ ਕਰੇ। ਲੋਕਾਂ ਦੀ ਲਹਿਰ ਨੂੰ ਐਨੀ ਕੁ ਅਕਲ ਹੈਗੀ ਐ। ਲੈਨਿਨ ਨੂੰ ਅਕਲ ਸੀ ਕਿ ਟਾਲਸਟਾਏ ਦਾ ਮੁੱਲ ਕੀ ਐ। ਲੋਕਾਂ ਦੀ ਲਹਿਰ, ਸਿਰਜਣਾ ਨੂੰ ਬੇੜੀਆਂ ਨਹੀਂ ਪਾਉਣਾ ਚਾਹੁੰਦੀ। ਸਿਰਜਣਾ ਦੇ ਖੁੱਲਕੇ ਵਗਣ ਦੀ ਮੁਦੱਈ ਐ। ਪਰ ਉਸ ਸਿਰਜਣਾ ਨੂੰ ਇਉਂ ਵਗਣਾ ਚਾਹੀਦੈ ਤਾਂ ਕਿ ਉਹ ਜਿਹੜੀ ਫੁੱਲਾਂ ਜੋਗੀ ਜ਼ਮੀਨ ਐ, ਸਾਰੀ ਧਰਤੀ 'ਤੇ ਉਸਦਾ ਪਸਾਰਾ ਹੋ ਸਕੇ। ਸਾਰੀ ਧਰਤੀ ਫੁੱਲਾਂ ਦੀ ਜ਼ਮੀਨ ਬਣ ਸਕੇ। ਸਿਰਜਣਾ ਨੂੰ ਜੇ ਬੇੜੀਆਂ ਪਈਆਂ ਨੇ, ਤਾਂ ਰਾਜਸੱਤਾ ਨੇ ਪਾਈਆਂ ਨੇ, ਜੇ ਸਿਰਜਣਾ ਨੂੰ ਬੇੜੀਆਂ ਪਈਆਂ ਨੇ ਤਾਂ ਉਹਨਾਂ ਜਮਾਤਾਂ ਨੇ ਪਾਈਆਂ ਨੇ ਜਿਹੜੀਆਂ ਸਿਰਜਣ ਸ਼ਕਤੀ ਦੀ, ਸਿੱਕਿਆਂ ਦੇ ਮਗਰ ਮਿਰਗ ਦੌੜ ਕਰਾਉਂਦੀਆਂ ਨੇ। ਜਿਹੜੀਆਂ ਕਲਾਕਾਰਾਂ ਦੀਆਂ, ਸਾਹਿਤਕਾਰਾਂ ਦੀਆਂ ਕਲਮਾਂ ਨੂੰ, ਜ਼ੰਜੀਰਾਂ ਪਹਿਨਾਉਂਦੀਆਂ ਨੇ। ਤੇ ਉਹ ਤਾਕਤਾਂ ਸਿਰਜਣਾ ਦੀਆਂ ਦੁਸ਼ਮਣ ਨੇ, ਜਿਹਨਾਂ ਦਾ ਸਾਹਮਣਾ ਕਰਦੇ ਹੋਏ, ਪੰਜਾਬੀ ਕਵੀ ਸੁਰਜੀਤ ਪਾਤਰ ਨੇ ਕਿਹਾ ਸੀ,
ਉਂਝ ਤਾਂ ਉਸ ਸ਼ਾਇਰ ਨੂੰ ਆਪਣੇ ਖਿਆਲ ਪਿਆਰੇ ਨੇ
ਪਰ ਆਪਣੇ ਖਿਆਲਾਂ ਤੋਂ ਵਧ ਕੇ ਆਪਣੇ ਲਾਲ ਪਿਆਰੇ ਨੇ
ਅੱਧੀ ਰਾਤੀਂ ਫੁੱਟਦੀਆਂ ਨਜ਼ਮਾਂ ਦਫ਼ਨ ਕਲੇਜੇ ਕਰਦਾ ਹੈ
ਇੱਕ ਸ਼ਾਇਰ ਮੌਤੋਂ ਡਰਦਾ ਹੈ, ਇੱਕ ਸ਼ਾਇਰ ਮੌਤੋਂ ਡਰਦਾ ਹੈ
ਇਹ ਲੜਾਈ ਸਾਹਿਤਕਾਰਾਂ ਨੂੰ ਮੌਤ ਦੇ ਡਰ ਤੋਂ ਮੁਕਤ ਕਰਨ ਦੀ ਲੜਾਈ ਐ। ਸਿਰਜਣਾ ਨੂੰ ਪਈਆਂ ਬੇੜੀਆਂ ਨੂੰ ਤੋੜ ਦੇਣ ਦੀ ਲੜਾਈ ਐ। ਤੇ ਅੱਜ ਅਸੀਂ ਕਹਿੰਦੇ ਆਂ ਕਿ ਬਹੁਤ ਹੀ ਮਹੱਤਵਪੂਰਨ ਦਿਨ ਐ। ਜਿਸਨੂੰ ਸੰਤੋਖ ਸਿੰਘ ਧੀਰ ਹੋਰਾਂ ਨੇ ਇਤਿਹਾਸਕ ਦਿਨ ਕਿਹੈ, ਪੰਜਾਬੀ ਲੋਕਾਂ ਦਾ ਸਾਹਿਤ, ਲੋਕਾਂ ਦੀ ਕਲਾ ਤੇ ਲੋਕਾਂ ਦੀ ਲਹਿਰ ਨੂੰ, ਇਸ ਸੁੱਚੇ ਰਿਸ਼ਤੇ ਨੂੰ, ਅਸੀਂ ਹੋਰ ਗੂੜਾ ਕਰਨਾ ਚਾਹੁੰਨੇ ਆਂ, ਤਾਂ ਕਿ ਇੱਕ ਨਵਾਂ ਸਮਾਜ ਸਿਰਜਿਆ ਜਾ ਸਕੇ। ਤਰੱਕੀ ਦਾ ਯੁੱਗ, ਉਹ ਯੁੱਗ ਲਿਆਂਦਾ ਜਾ ਸਕੇ ਤਾਂ ਕਿ ਸਾਡੀ ਕਲਾ ਵੀ ਆਜ਼ਾਦ ਹੋਵੇ। ਇਥੇ ਬੰਦਾ ਵੀ ਆਜ਼ਾਦ ਹੋਵੇ, ਸਾਡੀ ਕਿਰਤ ਵੀ ਆਜ਼ਾਦ ਹੋਵੇ। ਆਜ਼ਾਦੀ ਦੀ ਉਸ ਲੜਾਈ ਵਿੱਚ ਰਲ ਕੇ ਅੱਗੇ ਕਦਮ ਵਧਾਉਣ ਦਾ ਅਹਿਦ ਕਰਨ ਲਈ, ਅੱਜ ਇਸ ਧਰਤੀ ਦੇ ਉੱਤੇ ਅਸੀਂ ਆਏ ਆਂ। ਜੇ ਗੁਰਸ਼ਰਨ ਸਿੰਘ ਹੋਰੀਂ ਇਸ ਲੜਾਈ ਦੇ ਜਰਨੈਲ ਨੇ। ਉਹ ਪੰਜਾਬੀ ਸਾਹਿਤ (ਪੰਡਾਲ ਵਿੱਚੋਂ ਨਾਹਰੇ ਗੂੰਜਦੇ ਹਨ, ਗੁਰਸ਼ਰਨ ਸਿੰਘ ਜ਼ਿੰਦਾਬਾਦ!) ਅਤੇ ਪੰਜਾਬੀ ਕਲਾ ਦੇ ਲੋਕਾਂ ਦੀ ਲਹਿਰ ਨਾਲ ਰਿਸ਼ਤੇ ਦਾ, ਉਹ ਬਹੁਤ ਮਜਬੂਤ ਥੰਮਨੇ। ਇਸ ਥੰਮਨੂੰ ਬਹੁਤ ਸਤਿਕਾਰਿਆ ਜਾਂਦੈ। ਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਲੋਕ ਲਹਿਰ ਦਾ ਤੇ ਪੰਜਾਬ ਦੇ ਸਾਹਿਤ ਦਾ, ਕਲਾ ਦੀ ਲਹਿਰ ਦਾ ਇਹ ਥੰਮਵਿਰਾਸਤ ਬਣੇ। ਉੱਚਾ ਹੋਵੇ।
(
ਗੁਰਸ਼ਰਨ ਸਿੰਘ ਨੂੰ ਇਨਕਲਾਬੀ ਨਿਹਚਾ ਸਨਮਾਨ ਮੌਕੇ
ਕੁੱਸਾ ਸਮਾਗਮ 'ਚ ਜਸਪਾਲ ਜੱਸੀ ਦੀ ਤਕਰੀਰ ਦਾ ਅੰਸ਼)

No comments:

Post a Comment