Wednesday, September 5, 2018

ਸ਼ਹੀਦੇ ਆਜ਼ਮ ਭਗਤ ਸਿੰਘ ਦੀ ਇਨਕਲਾਬੀ ਭਾਵਨਾ ਦੀ ਲਾਟ ਪ੍ਰਚੰਡ ਕਰੋ



ਸ਼ਹੀਦੇ ਆਜ਼ਮ  ਭਗਤ ਸਿੰਘ ਦੀ ਇਨਕਲਾਬੀ ਭਾਵਨਾ ਦੀ ਲਾਟ ਪ੍ਰਚੰਡ ਕਰੋ
ਇਨਕਲਾਬੀ ਲਹਿਰਾਂ ਦੇ ਮਹਾਨ ਆਗੂਆਂ ਦੀ ਮਹਾਨਤਾ ਇਸ ਗੱਲ ਵਿਚ ਹੁੰਦੀ ਹੈ ਕਿ ਆਪਣੇ ਜਿਉਂਦੇ ਜੀਅ ਉਹਨਾਂ ਦਾ ਨਾਂ ਇਨਕਲਾਬ ਦਾ ਮੂਲ ਮੰਤਰ ਬਣ ਜਾਂਦਾ ਹੈ। ਇਉਂ ਆਪਣੀ ਦੇਹ ਰੂਪੀ ਹੋਂਦ ਨੂੰ ਖਿਆਲਾਂ ਦੀਆਂ ਬਿਜਲੀ ਤਰੰਗਾਂ ਵਿਚ ਪਲਟਾਅ ਸਕਣ ਦੀ ਸਮਰੱਥਾ ਸਦਕਾ, ਅਜਿਹੇ ਆਗੂ ਇਸ ਫਾਨੀ ਜਿਸਮ ਦੇ ਖਾਕ ਹੋ ਜਾਣ ਦੀ ਸੀਮਤਾਈ ਨੂੰ ਸਰ ਕਰ ਜਾਂਦੇ ਹਨ। ਉਹ ਅਮਰ ਹੋ ਜਾਂਦੇ ਹਨ। ਮਰਨ ਤੋਂ ਬਾਅਦ ਵੀ ਉਹਨਾਂ ਦੇ ਖਿਆਲਾਂ ਦੀਆਂ ਬਿਜਲੀਆਂ ਲੋਕ ਲਹਿਰਾਂ ਦਾ ਰਾਹ ਰੁਸ਼ਨਾਉਂਦੀਆਂ ਰਹਿੰਦੀਆਂ ਹਨ ਅਤੇ ਇਨਕਲਾਬੀ ਲੋਕ ਹੱਲਿਆਂ ਦੀ ਪਦਾਰਥਕ ਸ਼ਕਤੀ ਵਿਚ ਪਲਟ ਕੇ, ਲੋਕ ਦੁਸ਼ਮਣਾਂ ਉਤੇ ਕੜਕਦੀਆਂ ਅਤੇ ਵਰਦੀਆਂ ਰਹਿੰਦੀਆਂ ਹਨ। ਕਮਿਊਨਿਸਟ ਇਨਕਲਾਬੀਆਂ ਲਈ, ਮਰਨ ਤੋਂ ਬਾਅਦ ਅਮਰ ਹੋ ਜਾਣ ਦਾ ਇਸ ਤੋਂ ਬਿਨਾ ਹੋਰ ਕੋਈ ਸੰਕਲਪ ਨਹੀਂ।
ਮਹਾਨ ਇਨਕਲਾਬੀ ਨਾਇਕਾਂ ਦੇ ਅਮਰ ਹੋ ਜਾਣ ਦੀ ਹਕੀਕਤ ਵਿਚੋਂ ਹੀ ਇਹ ਗੱਲ ਨਿੱਕਲਦੀ ਹੈ ਕਿ ਲੋਕ ਦੁਸ਼ਮਣ ਤਾਕਤਾਂ ਵੱਲੋਂ ਉਨਾਂ ਨੂੰ ਕਤਲ ਕਰਨ, ਅਤੇ ਇਨਕਲਾਬੀ ਤਾਕਤਾਂ ਵੱਲੋਂ ਉਹਨਾਂ ਨੂੰ ਸੁਰੱਖਿਅਤ ਰੱਖਣ ਦੀ ਲੜਾਈ ਉਹਨਾਂ ਦੇ ਸਰੀਰਕ ਤੌਰ 'ਤੇ ਖਤਮ ਹੋ ਜਾਣ ਤੋਂ ਬਾਅਦ ਵੀ ਜਾਰੀ ਰਹਿੰਦੀ ਹੈ। ਕਿਸੇ ਮਹਾਨ ਇਨਕਲਾਬੀ ਸ਼ਹੀਦ ਨੂੰ ਲੋਕ ਮਨਾਂ ਵਿਚੋਂ ਮਾਰਨ ਲਈ ਲੋਕ ਦੁਸ਼ਮਣ ਤਾਕਤਾਂ ਸਿੱਧੇ ਵਾਰ ਵੀ ਕਰਦੀਆਂ ਹਨ ਅਤੇ ਗੁੱਝੇ ਵੀ। ਇਕ ਪਾਸੇ ਇਹ ਤਾਕਤਾਂ ਉਸ ਸ਼ਹੀਦ ਦੇ ਇਨਕਲਾਬੀ ਵਿਚਾਰਾਂ ਦੇ ਸਿੱਧੇ ਵਿਰੋਧ ਦਾ ਪੈਂਤੜਾ ਲੈ ਕੇ, ਇਹਨਾਂ ਨੂੰ ਖਤਮ ਕਰਨ ਰਾਹੀਂ , ਉਸ ਨੂੰ ਕਤਲ ਕਰਨ ਦੇ ਪਹਿਲੇ ਯਤਨ ਜਾਰੀ ਰਖਦੀਆਂ ਹਨ। ਦੂਜੇ ਪਾਸੇ, ਸ਼ਹੀਦ ਦੇ ਪੈਰੋਕਾਰਾਂ ਅਤੇ ਪ੍ਰਸੰਸ਼ਕਾਂ ਦਾ ਭੇਖ ਧਾਰ ਕੇ, ਇਤਿਹਾਸਕ ਪ੍ਰਸੰਗ ਨੂੰ ਤੋੜ-ਮਰੋੜ ਕੇ ਸ਼ਹੀਦ ਦੇ ਇਤਿਹਾਸਕ ਇਨਕਲਾਬੀ ਰੋਲ ਨੂੰ ਧੁੰਦਲਾਉਣ ਰਾਹੀਂ, ਅਤੇ ਉਸ ਦੇ ਵਿਚਾਰਾਂ ਵਿਚ ਖੋਟ ਰਲਾ ਕੇ ਇਹਨਾਂ ਦੇ ਇਨਕਲਾਬੀ ਤੱਤ ਨੂੰ ਖਾਰਜ ਕਰਨ ਰਾਹੀਂ, ਉਸ ਨੂੰ ਇੱਕ ਬੇਜਾਨ ਤੇ ਖਤਰੇ ਰਹਿਤ ਬੁੱਤ ਵਿਚ ਬਦਲ ਕੇ ਇਹ ਤਾਕਤਾਂ ਉਸ ਨੂੰ ਨਵੇਂ ਤੇ ਗੁੱਝੇ ਢੰਗ ਨਾਲ ਕਤਲ ਕਰਨ ਦਾ ਯਤਨ ਕਰਦੀਆਂ ਹਨ। ਇਕ ਮਹਾਨ ਇਨਕਲਾਬੀ ਆਗੂ, ਮਰਨ ਤੋਂ ਬਾਅਦ, ਕਿਸ ਹੱਦ ਤੱਕ ਅਮਰ ਰਹਿ ਸਕਦਾ ਹੈ, ਇਹ ਗੱਲ ਨਿਰੀਪੁਰੀ ਇਸ ਉਤੇ ਨਿਰਭਰ ਨਹੀਂ ਕਰਦੀ ਕਿ ਆਪਣੇ ਜਿਉਂਦੇ ਜੀਅ ਉਹ ਕਿਸ ਹੱਦ ਤੱਕ ਲੋਕਾਂ ਦੇ ਦਿਲ ਦਿਮਾਗਾਂ ਉਤੇ ਛਾਇਆ ਰਿਹਾ ਹੈ ਅਤੇ ਉਸ ਦੀ ਦੇਣ ਕਿੰਨੀ ਕੁ ਪੁਖਤਾ, ਬਹੁਪੱਖੀ ਤੇ ਦੂਰਗਾਮੀ ਹੈ, ਸਗੋਂ ਇਸ ਉਤੇ ਵੀ ਨਿਰਭਰ ਕਰਦੀ ਹੈ ਕਿ ਉਸ ਦੀ ਵਾਰਸ ਪੀੜੀ ਆਪਣੇ ਸ਼ਹੀਦ ਨੂੰ ਅਮਰ ਰੱਖਣ ਲਈ ਕਿਸ ਲਗਨ ਅਤੇ ਸਮਰੱਥਾ ਨਾਲ ਜੂਝਦੀ ਹੈ।
ਹਰ ਸਾਲ 23 ਮਾਰਚ ਤੇ 28 ਸਤੰਬਰ ਨੂੰ ਅਸੀਂ, ਆਜ਼ਾਦੀ ਸੰਗਰਾਮ ਦੇ ਸਿਰਤਾਜ ਸ਼ਹੀਦ, ਭਗਤ ਸਿੰਘ ਦੇ ਸ਼ਹੀਦੀ ਦਿਨ ਉਤੇ ਭਗਤ ਸਿੰਘ ਜ਼ਿੰਦਾਬਾਦ ਦਾ ਨਾਅਰਾ ਬੁਲੰਦ ਕਰਦੇ ਹਾਂ। ਆਪਣੇ ਮਹਿਬੂਬ ਸ਼ਹੀਦ ਦੇ ਅਮਰ ਰਹਿਣ ਦੀ ਕਾਮਨਾ ਕਰਦੇ ਹਾਂ। ਭਗਤ ਸਿੰਘ, ਆਪਣੀ ਚੇਤੰਨ ਇਨਕਲਾਬੀ ਜ਼ਿੰਦਗੀ ਦੇ ਲੱਗਭੱਗ ਚਹੁੰ ਕੁ ਸਾਲਾਂ ਵਿਚ ਹੀ ਆਜ਼ਾਦੀ ਸੰਗਰਾਮ ਦੇ ਆਕਾਸ਼ ਉਤੇ ਧਰੂ ਤਾਰਾ ਬਣ ਕੇ ਆ ਚਮਕਿਆ। ਅੰਗਰੇਜ਼ ਬਸਤੀਵਾਦੀਆਂ ਦੀ ਹਨੇਰਗਰਦੀ ਤੇ ਗਾਂਧੀਵਾਦੀ ਕਾਂਗਰਸੀ ਲੀਡਰਸ਼ਿੱਪ ਦੀਆਂ ਗਦਾਰ ਲੂੰਬੜਚਾਲਾਂ ਦੇ ਧੁੰਦਲਕੇ ਨੂੰ ਚੀਰ ਕੇ ਅੰਬਰਾਂ ਨੂੰ ਲਿਸ਼ਕਾਰਦਾ ਹੋਇਆ ਸਾਢੇ ਤੇਈ ਸਾਲਾਂ ਦੀ ਉਮਰ ਵਿਚ ਹੀ ਅਲੋਪ ਹੋ ਗਿਆ।
ਭਗਤ ਸਿੰਘ ਦੀ ਸ਼ਹੀਦੀ (23 ਮਾਰਚ, 1931) ਤੋਂ ਮਗਰੋਂ ਉਸ ਨੂੰ ਅਮਰ ਰੱਖਣ ਦਾ ਕਾਰਜ ਹੁਣ ਦੀ ਇਨਕਲਾਬੀ ਪੀੜੀ ਦੇ ਮੋਢਿਆਂ ਉਤੇ ਹੈ ਅਤੇ ਉਸ ਨੂੰ ਖਤਮ ਕਰਨ ਦਾ ਕੰਮ, ਬਰਤਾਨਵੀ ਬਸਤੀਵਾਦੀਏ, ਭਾਰਤ ਵਿਚਲੇ ਆਪਣੇ ਵਾਰਸਾਂ ਨੂੰ ਸੌਂਪ ਗਏ ਹਨ। ਭਗਤ ਸਿੰਘ ਦੇ ਇਹ ਨਵੇਂ ਕਾਤਲ ਸਾਡੇ ਮੁਲਕ ਦੀਆਂ ਹਾਕਮ ਜਮਾਤਾਂ , ਇਨਾਂ ਦੀਆਂ ਸੇਵਾਦਾਰ ਹਾਕਮ ਜਮਾਤੀ ਸਿਆਸੀ ਪਾਰਟੀਆਂ, ਸੋਧਵਾਦੀ ਪਾਰਟੀਆਂ ਅਤੇ ਹਰ ਕਿਸਮ ਦੀਆਂ ਫਿਰਕੂ ਜਾਨੂੰਨੀ ਸ਼ਕਤੀਆਂ ਹਨ। ਜੇ ਲੋਕਾਂ ਨੇ ਆਪਣੇ ਸ਼ਹੀਦੇ ਆਜ਼ਮ ਨੂੰ ਅਮਰ ਰੱਖਣਾ ਹੈ ਤਾਂ ਉਹਨਾਂ ਲਈ ਇਹ ਗੱਲ ਜਾਨਣੀ ਨਿਹਾਇਤ ਜਰੂਰੀ ਹੈ ਕਿ ਭਗਤ ਸਿੰਘ ਦਾ ਨਾਂ ਕਿਹੋ ਜਿਹੀ ਇਨਕਲਾਬੀ ਭਾਵਨਾ ਦਾ ਅਤੇ ਕਿਹੜੇ ਇਨਕਲਾਬੀ ਵਿਚਾਰਾਂ ਦਾ ਮੂਲ ਮੰਤਰ ਹੈ। ਉਹਨਾਂ ਲਈ ਇਹ ਜਾਨਣਾ ਜ਼ਰੂਰੀ  ਹੈ ਕਿ ਭਗਤ ਸਿੰਘ ਨੂੰ ਅਮਰ ਰੱਖਣ ਦਾ ਇੱਕੋ ਇੱਕ ਰਾਹ ਉਸ ਦੀ ਇਨਕਲਾਬੀ ਸਪਿਰਟ ਨੂੰ ਕਾਇਮ ਰੱਖਣਾ, ਉਸ ਦੇ ਵਿਚਾਰਾਂ ਉਤੇ ਡਟੇ ਰਹਿਣਾ ਅਤੇ ਅਮਲ ਰਾਹੀਂ ਉਹਨਾਂ ਨੂੰ ਪ੍ਰਫੁੱਲਤ ਕਰਨਾ ਹੈ।
ਭਗਤ ਸਿੰਘ ਇਕ ਅਜਿਹੀ ਇਨਕਲਾਬੀ ਭਾਵਨਾ ਦਾ ਮੂਲ ਮੰਤਰ ਹੈ ਜਿਹੜੀ ਜਲਿਆਂਵਾਲਾ ਬਾਗ ਵਿਚ  ਹੋਏ ਕਤਲੇਆਮ ਦੀ ਖਬਰ ਸੁਣਦਿਆਂ ਹੀ, 12 ਸਾਲ ਦੇ ਇਕ ਮੁੰਡੇ (ਭਗਤ ਸਿੰਘ) ਨੂੰ ਧੂਹ ਕੇ, ਅਗਲੇ ਦਿਨ ਹੀ, ਇਸ ਖੂਨੀ ਕਾਂਡ ਦੇ ਘਟਨਾ ਸਥਾਨ ਉੱਤੇ ਲੈ ਜਾਂਦੀ ਹੈ। ਖੂੰਨ ਨਾਲ ਲੱਥ-ਪੱਥ ਮਿੱਟੀ ਦੀ ਛੂਹ ਨਾਲ ਇਹ ਅਲੂਆਂ ਮੁੰਡਾ, ਕਤਲ ਹੋਏ ਦੇਸ਼ ਵਾਸੀਆਂ ਦਾ ਦਰਦ ਅਤੇ ਆਜ਼ਾਦੀ ਦੀ ਬਿਹਬਲਤਾ ਨੂੰ ਆਪਣੇ ਦਿਲ ਦਿਮਾਗ ਵਿਚ ਸਮੋ ਲੈਂਦਾ ਹੈ। ਆਪਣੇ ਪ੍ਰੇਰਨਾ ਸਰੋਤ ਵਜੋਂ ਇਸ ਮਿੱਟੀ ਦਾ ਇਕ ਨਮੂਨਾ ਘਰ ਲੈ ਕੇ ਮੁੜਦਾ ਹੈ। 1921 ਦੇ ਨਨਕਾਣਾ ਸਾਹਿਬ ਦੇ ਖੂੰਨੀ ਕਾਂਡ ਤੋਂ ਬਾਅਦ ਇਹ, ਇਨਕਲਾਬੀ ਭਾਵਨਾ, 14 ਸਾਲ ਦੇ ਭਗਤ ਨੂੰ ਨਨਕਾਣਾ ਸਾਹਿਬ ਪਹੁੰਚ ਕੇ ਘਟਨਾ ਦਾ ਵਾਤਾਵਰਨ ਆਪਣੇ ਅੱਖੀਂ ਦੇਖਣ ਲਈ ਬੇਚੈਨ ਕਰ ਦਿੰਦੀ ਹੈ। ਫੇਰ ਨਵੰਬਰ 1921 ਦੀ ਨਾ-ਮਿਲਵਰਤਨ ਲਹਿਰ ਦੇ ਸ਼ੁਰੂ ਹੁੰਦਿਆਂ ਹੀ ਇਸ ਲਹਿਰ ਵਿਚ ਕੁੱਦਣ ਖਾਤਰ ਉਹ ਆਪਣੀ ਦਸਵੀਂ ਜਮਾਤ ਦੀ ਪੜਾਈ ਵਿਚੇ ਛੱਡ ਦਿੰਦਾ ਹੈ। ਇਹ ਇਨਕਲਾਬੀ ਭਾਵਨਾ, 19 ਸਾਲ ਦੇ ਗਭਰੂਟ ਨੂੰ , ਕੌਮੀ ਇਨਕਲਾਬੀ ਲਹਿਰ ਦੇ ਉਸ ਇਨਕਲਾਬੀ ਦਸਤੇ ਦੀ ਕਮਾਂਡ ਸਾਂਭਣ ਦਾ ਬਲ ਬਖਸ਼ਦੀ ਹੈ , ਜਿਸ ਦਾ ਮੱਥਾ ਇਕ ਪਾਸੇ ਬਰਤਾਨਵੀ ਸਲਤਨਤ ਵਰਗੀ ਸੰੰਸਾਰ ਤਾਕਤ ਨਾਲ, ਦੂਜੇ ਪਾਸੇ ਗਾਂਧੀਵਾਦੀ ਕਾਂਗਰਸੀ ਲੀਡਰਸ਼ਿੱਪ ਵਰਗੇ ਮੱਕਾਰ ਦੁਸ਼ਮਣਾਂ ਨਾਲ ਲੱਗਿਆ ਹੋਇਆ ਸੀ। ਮੁਲਕ ਦੀ ਇਨਕਲਾਬੀ ਲਹਿਰ ਦੀ ਵਾਗਡੋਰ ਸੰਭਾਲਣ ਦੀ ਲੋੜ ਨੇ ਉਸ ਦੀ ਜਗਿਆਸੂ ਭਾਵਨਾ ਨੂੰ ਪ੍ਰਚੰਡ ਕਰ ਦਿੱਤਾ ਅਤੇ ਉਸ ਅੰਦਰ ਅਧਿਐਨ ਕਰਨ ਦੀ ਭੁੱਖ ਭੜਕ ਉੱਠੀ। ਉਹ ਦੱਸਦਾ ਹੈ ਕਿ ''ਅਧਿਐਨ ਕਰਨ ਦੇ ਅਹਿਸਾਸ ਦੀਆਂ ਤਰੰਗਾਂ ਮੇਰੇ ਮਨ ਵਿਚ ਉੱਭਰਦੀਆਂ ਰਹੀਆਂ। ਅਧਿਐਨ ਕਰ, ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਦੇ ਯੋਗ ਹੋ ਜਾਏਂ। ਆਪਣੇ ਸਿਧਾਂਤ ਦੀ ਹਿਮਾਇਤ ਵਿਚ ਆਪਣੇ ਆਪ ਨੂੰ ਲੈਸ ਕਰਨ ਲਈ ਅਧਿਐਨ ਕਰ। ਮੈਂ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦੇ ਅਤੇ ਵਿਸ਼ਵਾਸ਼ ਵਿਚ ਬਹੁਤ ਵੱਡੀ ਤਬਦੀਲੀ ਆ ਗਈ। ਸਭ ਤੋਂ ਪਹਿਲਾਂ ਦੇ ਇਨਕਲਾਬੀਆਂ ਵਿਚ ਸਿਰਫ ਤਸ਼ੱਦਦ ਦੇ ਤੌਰ ਤਰੀਕਿਆਂ ਦਾ ਰੋਮਾਂਸ ਏਨਾ ਭਾਰੂ ਸੀ, ਹੁਣ ਉਹਦੀ ਥਾਂ ਗੰਭੀਰ ਵਿਚਾਰਾਂ ਨੇ ਲੈ ਲਈ। ''
ਕਿਸੇ ਬੰਦੇ ਅੰਦਰ ਇਨਕਲਾਬੀ ਭਾਵਨਾ ਕਿਸ ਹੱਦ ਤੱਕ ਰਮ ਚੁੱਕੀ ਹੈ, ਇਸ ਗੱਲ ਦਾ ਤਿੱਖਾ ਪ੍ਰਗਟਾਵਾ ਉਦੋਂ ਹੁੰਦਾ ਹੈ , ਜਦੋਂ ਹਾਲਤ ਦੇ ਕਿਸੇ ਗੇੜ ਵਿਚ ਉਹ ਅਜਿਹੇ ਚੌਰਾਹੇ ਉਤੇ ਆ ਖੜਦਾ ਹੈ, ਜਿੱਥੇ ਉਸ ਨੂੰ ਜਿੰਦਗੀ ਜਾਂ ਮੌਤ ਦੀ ਚੇਤਨ ਚੋਣ ਕਰਨੀ ਪੈਂਦੀ ਹੈ, ਜਿੱਥੇ ਇਨਕਲਾਬੀ ਲਹਿਰ ਨੂੰ ਅੱਗੇ ਵਧਾਉਣ ਲਈ ਉਸ ਵੱਲੋਂ ਮੌਤ ਨੂੰ ਧਾਅ ਗਲਵੱਕੜੀ ਪਾਉਣੀ ਜ਼ਰੂਰੀ ਹੋ ਜਾਂਦੀ ਹੈ ਅਤੇ ਮੌਤ ਤੋਂ ਬਚ ਸਕਣ ਦਾ ਲਾਲਚ ਲਹਿਰ ਨੂੰ ਠੇਸ ਪਹੁੰਚਾਉਂਦਾ ਹੈ। ਅਜਿਹੇ ਮੌਕੇ ਇਨਕਲਾਬੀ ਭਾਵਨਾ ਬੰਦੇ ਨੂੰ ਮੌਤ ਦੀ ਚੇਤਨ ਚੋਣ ਕਰਨ ਦਾ ਬਲ ਬਖਸ਼ਦੀ ਹੈ। ਗੁੱਸੇ ਨਾਲ ਪਾਗਲ ਹੋਇਆ ਜਾਂ ਕਿਸੇ ਜਨੂੰਨ ਹੇਠ, ਦਿਮਾਗੀ ਸਮਤੋਲ ਗੁਆ ਬੈਠਾ ਕੋਈ ਬੰਦਾ ਵੀ ਮੌਤ ਸਹੇੜ ਸਕਦਾ ਹੈ ਜਾਂ ਕਬੂਲ ਕਰ ਸਕਦਾ ਹੈ। ਪਰ ਇਹ, ਇੱਕ ਗੱਲ ਹੈ। ਅਤੇ ਠੰਢੇ ਦਿਮਾਗ ਨਾਲ ਸੋਚ ਵਿਚਾਰ ਕੇ ਮੌਤ ਦੀ ਚੋਣ ਕਰਨੀ, ਮੌਤ ਦੀ ਲਿਖੀ ਘੜੀ ਵੱਲ ਸ਼ਾਂਤ ਚਿੱਤ ਠਰੰਮੇ ਅਤੇ ਸਾਬਤ ਕਦਮੀ ਨਾਲ ਅੱਗੇ ਵਧਣਾ ਤੇ ਇਨਕਲਾਬੀ ਲਹਿਰ ਦੀਆਂ ਲੋੜਾਂ ਤਹਿਤ ਮਰਨ ਦਾ ਮੌਕਾ ਨਸੀਬ ਹੋਣ ਨੂੰ ਆਪਣਾ ਧੰਨਭਾਗ ਸਮਝਣਾ, ਉੱਕਾ ਹੀ ਇੱਕ ਹੋਰ ਗੱਲ ਹੈ ਅਤੇ ਇਨਕਲਾਬੀ ਭਾਵਨਾ ਦਾ ਕ੍ਰਿਸ਼ਮਾ ਹੈ। ਅਜਿਹੀ ਮੌਤ ਨੂੰ ਮਖੌਲਾਂ ਕਰ ਸਕਣ ਵਾਲੀ ਭਾਵਨਾ ਦਾ ਚਿੰਨਹੈ ਭਗਤ ਸਿੰਘ। ਫਾਂਸੀ ਦੀ ਸਜ਼ਾ ਸੁਣਾਏ ਜਾਣ 'ਤੇ ਆਪਣਾ ਪ੍ਰਤੀਕਰਮ ਜਾਹਰ ਕਰਦਾ ਹੋਇਆ ਉਹ ਆਪਣੀ ਇਕ ਚਿੱਠੀ ਵਿਚ ਲਿਖਦਾ ਹੈ, ''ਮੈਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਅਤੇ ਫਾਂਸੀ ਦਾ ਹੁਕਮ ਹੋਇਆ ਹੈ। ਇਹਨਾਂ ਕੋਠੜੀਆਂ ਵਿਚ ਮੈਥੋਂ ਬਿਨਾਂ ਫਾਂਸੀ ਦੀ ਉਡੀਕ ਕਰਨ ਵਾਲੇ ਬਹੁਤ ਸਾਰੇ ਮੁਲਜ਼ਮ ਹਨ। ਇਹ ਲੋਕ ਇਹੀ ਅਰਦਾਸ ਕਰ ਰਹੇ ਹਨ ਕਿ ਕਿਸੇ ਤਰਾਂ ਫਾਂਸੀ ਤੋਂ ਬਚ ਜਾਣ ਅਤੇ ਉਹਨਾਂ ਵਿਚ ਸ਼ਾਇਦ ਮੈਂ ਇਕ ਅਜਿਹਾ ਆਦਮੀ ਹਾਂ, ਬੜੀ ਬੇਸਬਰੀ ਨਾਲ ਉਸ ਦਿਨ ਦੀ ਉਡੀਕ ਕਰ ਰਿਹਾ ਹਾਂ, ਜਦ ਮੈਨੂੰ ਆਪਣੇ ਆਦਰਸ਼ ਵਾਸਤੇ ਫਾਂਸੀ ਦੇ ਰੱਸੇ ਉਤੇ ਝੂਲਣ ਦਾ ਸੁਭਾਗ ਹਾਸਲ ਹੋਵੇਗਾ। ਮੈਂ ਇਸ ਖੁਸ਼ੀ ਨਾਲ ਫਾਂਸੀ ਦੇ ਤਖ਼ਤੇ ਉੱਤੇ ਚੜਕੇ ਦੁਨੀਆਂ ਨੂੰ ਦਿਖਾ ਦੇਵਾਂਗਾ ਕਿ ਇਨਕਲਾਬੀ ਆਪਣੇ ਆਦਰਸ਼ਾਂ ਲਈ ਕਿੰਨੀ ਵੀਰਤਾ ਨਾਲ ਕੁਰਬਾਨੀ ਦੇ ਸਕਦੇ ਹਨ।''
ਜਦੋਂ ਇਨਕਲਾਬੀ ਭਾਵਨਾ ਬੰਦੇ ਦੇ ਰੋਮ ਰੋਮ ਵਿਚ ਰਚ ਜਾਂਦੀ ਹੈ ਤਾਂ ਉਸ ਲਈ ਜਿੰਦਗੀ ਅਤੇ ਮੌਤ ਦੇ ਅਰਥ ਬਦਲ ਜਾਂਦੇ ਹਨ। ਜੁਲਮ, ਜਬਰ ਅਤੇ ਗੁਲਾਮੀ ਅੱਗੇ ਨਿੱਸਲ ਹੋ ਕੇ ਜਿਉਣ ਨੂੰ ਉਹ ਮਰਨਾ ਸਮਝਦਾ ਹੈ ਅਤੇ ਆਪਣੇ ਪੂਰੇ ਵਿਤ ਅਤੇ ਸਮਰੱਥਾ ਨੂੰ ਇਨਕਲਾਬੀ ਸੰਗਰਾਮ ਵਿਚ ਝੋਕ ਦੇਣਾ ਹਰ ਕਿਸਮ ਦੇ ਕਸ਼ਟਾਂ ਤੇ ਕਠਿਨਾਈਆਂ ਨੂੰ ਖਿੜੇ ਮੱਥੇ ਝੱਲਣਾ ਅਤੇ ਲੋੜ ਪੈਣ ਉਤੇ ਇਨਕਲਾਬ ਦੀ ਵੇਦੀ ਉਤੋਂ ਕੁਰਬਾਨ ਹੋ ਜਾਣ ਨੂੰ ਅਸਲੀ ਅਰਥਾਂ ਵਿਚ ਜਿੰਦਗੀ ਸਮਝਦਾ ਹੈ। ਇਨਕਲਾਬੀ ਆਦਰਸ਼ਾਂ ਲਈ ਜੂਝਣ ਦਾ ਇਕੋ ਇਕ ਹੋਂਦ ਰੂਪ ਜਾਂ ਜਿਉਣ ਦਾ ਇਕੋ ਇੱਕ ਢੰਗ ਰਹਿ ਜਾਂਦਾ ਹੈ। ਉਸ ਲਈ ਜਾਤੀ ਤੌਰ 'ਤੇ, ਜਿਉਂਦੇ ਰਹਿਣ ਜਾਂ ਮਰ ਜਾਣ ਵਿਚ ਅੰਤਰ ਬਹੁਤ ਹੱਦ ਤੱਕ ਘਟ ਜਾਂਦਾ ਹੈ ਕਿਉਂਕਿ ਦੋਵੇਂ ਹਾਲਤਾਂ ਉਸ ਲਈ ਇਨਕਲਾਬੀ ਲਹਿਰ ਨੂੰ ਅੱਗੇ ਵਧਾਉਣ ਦਾ ਸਾਧਨ ਰੂਪ ਹੀ ਹੁੰਦੀਆਂ ਹਨ। 8 ਅਪ੍ਰੈਲ 1929 ਨੂੰ ਅਸੈਂਬਲੀ ਵਿਚ ਬੰਬ ਸੁੱਟ ਕੇ ਗ੍ਰਿਫਤਾਰ ਹੋ ਜਾਣ ਤੋਂ ਲੈ ਕੇ 23 ਮਾਰਚ 1931 ਨੂੰ ਫਾਂਸੀ ਉਤੇ ਝੂਲ ਜਾਣ ਦਾ, ਭਗਤ ਸਿੰਘ ਦੀ ਜਿੰਦਗੀ ਦਾ ਅਰਸਾ, ਉਸ ਲਈ ਜਿੰਦਗੀ ਤੇ ਮੌਤ ਦੇ ਰਲਗੱਡ ਹੋ ਜਾਣ ਦਾ ਸਭ ਤੋਂ ਸੰਘਣਾ ਇਜ਼ਹਾਰ ਹੈ। ਗ੍ਰਿਫਤਾਰ ਹੋ ਜਾਣ ਵਾਲੇ ਦਿਨ ਤੋਂ ਲੈ ਕੇ ਉਸ ਨੂੰ ਇਹ ਪੱਕਾ ਪਤਾ ਸੀ ਕਿ ਉਸ ਨੂੰ ਹਰ ਹਾਲ ਫਾਂਸੀ ਦੀ ਸਜ਼ਾ ਮਿਲਣੀ ਹੈ ਕਿਉਂਕਿ ਉਹ ਤੇ ਉਹਦੇ ਸਾਥੀ, ਹਕੂਮਤ ਵੱਲੋਂ ਲਾਏ ਜਾਣ ਵਾਲੇ ਸੰਗੀਨ ਜੁਰਮਾਂ ਦੀ ਕੋਈ ਵੀ ਸਫਾਈ ਨਾ ਦੇਣ ਦੀ ਨੀਤੀ ਉਤੇ ਚੱਲ ਰਹੇ ਸਨ। ਇਸ ਤਰਾਂ ਨਿਸ਼ਚਤ ਰੂਪ ਵਿਚ ਸਾਹਮਣੇ ਖੜੀ ਮੌਤ ਦੇ ਪ੍ਰਛਾਵੇਂ ਹੇਠ ਵੀ ਉਸ ਨੇ ਆਪਣੇ ਆਪ ਨੂੰ ਇਨਕਲਾਬੀ ਰੁਝੇਵਿਆਂ ਵਿਚ ਇਉਂ ਝੋਕਿਆ ਹੋਇਆ ਸੀ ਜਿਵੇਂ ਲੰਮੀ ਉਮਰ ਜਿਉਂਦੇ ਰਹਿਣ ਦੀ ਆਸ ਨਾਲ , ਲੰਮੀਆਂ ਸਕੀਮਾਂ ਤਹਿਤ ਹੀ ਕੋਈ ਵਿਅਕਤੀ ਆਪਣੇ ਆਪ ਨੂੰ ਝੋਕ ਸਕਦਾ ਹੈ। ਇਸ ਜੇਲਅਰਸੇ ਦੌਰਾਨ ਉਹ ਭਾਰਤੀ ਇਨਕਲਾਬ ਦੀਆਂ ਸਮਸਿਆਵਾਂ ਨੂੰ ਹੱਲ ਕਰਨ ਲਈ ਅਧਿਐਨ ਤੇ ਸੋਚ ਵਿਚਾਰ ਕਰਨ, ਜੇਲਅੰਦਰਲੇ ਆਪਣੇ ਸਾਥੀਆਂ ਨਾਲ ਬਹਿਸ ਵਿਚਾਰਾਂ ਕਰਨ, ਮੁਲਕ ਦੇ ਇਨਕਲਾਬੀ ਕਰਿੰਦਿਆਂ ਨੂੰ ਅਗਵਾਈ ਦੇਣ ਅਤੇ ਭੁੱਖ ਹੜਤਾਲਾਂ ਦੇ ਹਥਿਆਰ ਰਾਹੀਂ ਹਕੂਮਤ ਨਾਲ ਭਿੜਨ ਅਤੇ ਮੁਕੱਦਮੇ ਦੌਰਾਨ ਅਦਾਲਤਾਂ ਨੂੰ ਆਪਣੀ ਪਾਰਟੀ ਦੇ ਵਿਚਾਰਾਂ ਦੇ ਪ੍ਰਚਾਰ ਦੇ ਪਲੈਟਫਾਰਮ ਵਜੋਂ ਵਰਤਣ ਦੇ ਰੁਝੇਵਿਆਂ ਵਿਚ ਐਨਾ ਗੁਆਚਿਆ ਹੋਇਆ ਸੀ ਜਿਵੇਂ ਪਲ ਪਲ ਉਸ ਵੱਲ ਵਧਦੀ ਆ ਰਹੀ ਮੌਤ ਦਾ ਵੀ ਚੇਤਾ ਹੀ ਭੁੱਲ ਜਾਂਦਾ  ਹੋਵੇ। ਫਾਂਸੀ ਲੱਗਣ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਉਸਨੇ ਆਪਣੇ ਵਕੀਲ ਪ੍ਰਾਣ ਨਾਥ ਮਹਿਤਾ ਨੂੰ ਲੈਨਿਨ ਦੀ ਜੀਵਨੀ ਲਿਆ ਕੇ ਦੇਣ ਲਈ ਕਿਹਾ ਜੋ ਆਖਰੀ ਦਿਨ ਸ਼੍ਰੀ ਮਹਿਤਾ ਉਸ ਨੂੰ ਦੇ ਗਏ। ਆਖਰੀ ਵਕਤ ਤੱਕ ਭਗਤ ਸਿੰਘ ਬੜੀ ਨਿਸ਼ਠਾ ਅਤੇ ਇਕਾਗਰ ਮਨ ਨਾਲ ਲੈਨਿਨ ਦੀ ਜੀਵਨੀ ਪੜਰਿਹਾ ਸੀ ਅਤੇ ਜਦ ਜੇਲਦੇ ਕਰਮਚਾਰੀ ਉਸ ਨੂੰ ਫਾਂਸੀ ਦੇਣ ਲਈ ਲੈਣ ਆਏ ਤਾਂ ਉਸ ਨੇ ਕਿਹਾ, ''ਠਹਿਰੋ, ਇੱਕ ਇਨਕਲਾਬੀ ਨੂੰ ਦੂਸਰੇ ਇਨਕਲਾਬੀ ਨਾਲ ਮਿਲਣ ਵਿਚ ਰੌਲਾ ਨਾ ਪਾਓ।'' ਇਨਕਲਾਬੀ ਭਾਵਨਾ ਦੀ ਭਰਪੂਰਤਾ ਸਦਕਾ ਜ਼ਿੰਦਗੀ ਅਤੇ ਮੌਤ ਦੇ ਫਰਕ ਮਿਟ ਜਾਣ ਦੀ ਇਸ ਤੋਂ ਸ਼ਾਨਦਾਰ ਉਦਾਹਰਣ ਹੋਰ ਕੀ ਹੋ ਸਕਦੀ  ਹੈ।
ਬਿਲਕੁਲ ਨਿਰਸਵਾਰਥ ਹੋ ਕੇ ਉਸ ਨੇ ਆਪਣੀ ਜ਼ਿੰਦਗੀ ਦਾ ਆਖਰੀ ਪਲ ਇਨਕਲਾਬ ਦੇ ਲੇਖੇ ਲਾਇਆ। ਇਉਂ ਹੀ ਮਰਨ ਵੇਲੇ ਵੀ ਉਸ ਦਾ ਇਕੋ ਇਕ ਸਵਾਰਥ ਅਤੇ ਇੱਕੋ ਇੱਕ ਧਰਵਾਸ ਅਤੇ ਇੱਕੋ ਇੱਕ ਮਕਸਦ ਇਹੋ ਸੀ ਕਿ ਉਸ ਦੀ ਮੌਤ ਦੀ ਘਟਨਾ ਨੇ ਇਨਕਲਾਬੀ ਲਹਿਰ ਨੂੰ ਅੱਗੇ ਵਧਾਉਣ ਦਾ ਉਹੀ ਰੋਲ ਅਦਾ ਕਰਨਾ ਹੈ, ਜਿਹੜਾ ਉਸ ਦੀਆਂ ਜੀਵਨ ਸਰਗਰਮੀਆਂ ਕਰਦੀਆਂ ਰਹੀਆਂ ਹਨ। ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਕੁੱਝ ਦਿਨ ਪਹਿਲਾਂ ਉਹ ਆਪਣੀ ਇੱਕ ਲਿਖਤ ''ਮੈਂ ਨਾਸਤਕ ਕਿਉਂ ਹਾਂ?'' ਵਿਚ ਇਸ ਮਸਲੇ ਨੂੰ ਸੰਬੋਧਨ ਹੁੰਦਾ ਹੈ:
''ਪਹਿਲਾਂ ਹੀ ਚੰਗੀ ਤਰਾਂ ਪਤਾ ਹੈ ਕਿ (ਸਾਡੇ ਮੁਕੱਦਮੇਂ) ਦਾ ਕੀ ਫੈਸਲਾ ਹੋਵੇਗਾ.... ਮੈਂ ਆਪਣੀ ਜ਼ਿੰਦਗੀ ਆਦਰਸ਼ ਖਾਤਰ ਕੁਰਬਾਨ ਕਰ ਦੇਣੀ ਹੈ। ਇਸ ਵਿਚਾਰ ਤੋਂ ਬਿਨਾਂ ਮੇਰਾ ਹੋਰ ਕਿਹੜਾ ਧਰਵਾਸ ਹੈ? ਕਿਸੇ ਆਸਤਕ ਹਿੰਦੂ ਨੂੰ ਤਾਂ ਦੂਸਰੇ ਜਨਮ ਵਿਚ ਬਾਦਸ਼ਾਹ ਬਣਨ ਦੀ ਆਸ ਹੋ ਸਕਦੀ ਹੈ, ਕੋਈ ਮੁਸਲਮਾਨ ਜਾਂ ਇਸਾਈ ਤਾਂ ਆਪਣੀਆਂ ਮੁਸ਼ਕਲਾਂ ਤੇ ਕੁਰਬਾਨੀਆਂ ਬਦਲੇ ਸਵਰਗ ਦੀਆਂ ਐਸ਼ੋਇਸ਼ਰਤਾਂ ਦੀ ਕਲਪਨਾ ਕਰ ਸਕਦਾ ਹੈ। ਪਰ ਮੈਂ ਕਿਸ ਗੱਲ ਦੀ ਆਸ ਰੱਖਾਂ? ਮੈਨੂੰ ਪਤਾ ਹੈ ਕਿ ਜਿਸ ਪਲ ਮੇਰੇ ਗਲ ਫਾਂਸੀ ਦੀ ਫੰਦਾ ਪਾ ਦਿੱਤਾ ਜਾਵੇਗਾ ਤੇ ਪੈਰਾਂ ਹੇਠੋਂ ਫਾਂਸੀ ਦੇ ਫੱਟੇ ਖੋਲਦਿੱਤੇ ਗਏ, ਉਹ ਮੇਰਾ ਆਖਰੀ ਪਲ ਹੋਵੇਗਾ। ਮੇਰਾ ਜਾਂ .. .. ਮੇਰੀ ਆਤਮਾ ਦਾ ਬਿਲਕੁਲ ਖਾਤਮਾ ਹੋ ਜਾਵੇਗਾ। .. .. ਜੇ ਮੈਂ ਇਨਾਮ ਦੇ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਹਿੰਮਤ ਕਰਾਂ ਤਾਂ ਸ਼ਾਨਦਾਰ ਅੰਤ ਤੋਂ ਵਾਂਝੀ ਜੱਦੋਜਹਿਦ ਭਰੀ ਮੁਖਤਸਰ ਜ਼ਿੰਦਗੀ ਹੀ ਆਪਣੇ ਆਪ ਵਿਚ (ਮੇਰਾ) ਇਨਾਮ ਹੋਵੇਗੀ।''
ਫਾਂਸੀ ਤੋਂ ਇੱਕ ਦਿਨ ਪਹਿਲਾਂ, ਲਾਹੌਰ ਸਾਜਿਸ਼ ਕੇਸ ਦੇ ਦੂਸਰੇ ਬੰਦੀ ਇਨਕਲਾਬੀਆਂ ਨੇ ਭਗਤ ਸਿੰਘ ਕੋਲ ਇੱਕ ਚਿਟ ਭੇਜੀ, ਲਿਖਿਆ ਸੀ, ''ਸਰਦਾਰ, ਜੇ ਤੁਸੀਂ ਫਾਂਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਦੱਸੋ? ਇਹਨਾਂ ਘੜੀਆਂ ਵਿਚ ਸ਼ਾਇਦ ਕੁੱਝ ਹੋ ਸਕੇ'' ਇਸਦੇ ਜੁਆਬ ਵਿਚ ਲਿਖੀ ਚਿੱਠੀ, ਮੌਤ ਨਾਲ ਬਗਲਗੀਰ ਹੋਣ ਤੋਂ ਐਨ ਪਹਿਲਾਂ ਭਗਤ ਸਿੰਘ ਦੇ ਅੰਦਰਲੇ ਮਨ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ:
''ਜਿਉਂਦਿਆਂ ਰਹਿਣ ਦੀ ਖਾਹਸ਼ ਕੁਦਰਤੀ ਤੌਰ 'ਤੇ ਮੈਨੂੰ ਵੀ ਹੋਣੀ ਚਾਹੀਦੀ ਹੈ। ਮੈਂ ਇਸ ਨੂੰ ਲੁਕਾਉਣਾ ਨਹੀਂ ਚਾਹੁੰਦਾ। ਪਰ ਮੇਰਾ ਜਿਉਂਦਿਆਂ ਰਹਿਣਾ ਇਕ ਸ਼ਰਤ ਉਤੇ ਹੈ। ਮੈਂ ਕੈਦ ਹੋ ਕੇ ਜਾਂ ਪਾਬੰਦ ਹੋ ਕੇ ਜਿਉਂਦਾ ਨਹੀਂ ਰਹਿਣਾ ਚਾਹੁੰਦਾ। ''
''ਮੇਰਾ ਨਾਂ ਹਿੰਦੁਸਤਾਨੀ ਇਨਕਲਾਬ ਦਾ ਨਾਂ ਬਣ ਚੁੱਕਿਆ ਹੈ ਅਤੇ ਇਨਕਲਾਬ ਪਸੰਦ ਪਾਰਟੀ ਦੇ ਆਦਰਸ਼ਾਂ ਤੇ ਕੁਰਬਾਨੀਆਂ ਨੇ ਮੈਨੂੰ ਬਹੁਤ Àੁੱਚਿਆਂ ਕਰ ਦਿੱਤਾ ਹੈ। ਏਨਾ ਉੱਚਾ ਕਿ ਜਿਉਂਦਿਆਂ ਰਹਿਣ ਦੀ ਸੂਰਤ ਵਿੱਚ ਇਸ ਨਾਲੋਂ ਉੱਚਾ ਮੈਂ ਕਦੇ ਵੀ ਨਹੀਂ ਹੋ ਸਕਦਾ। .. ..ਮੇਰੇ ਦਲੇਰੀ ਭਰੇ ਢੰਗ ਨਾਲ ਹਸਦਿਆਂ ਫਾਂਸੀ ਚੜਨ ਦੀ ਸੂਰਤ ਵਿਚ ਹਿੰਦੁਸਤਾਨੀ ਮਾਵਾਂ ਆਪਣੇ ਬੱਚਿਆਂ ਦੇ ਭਗਤ ਸਿੰਘ ਬਣਨ ਦੀ ਆਰਜ਼ੂ ਕਰਿਆ ਕਰਨਗੀਆਂ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਦੀ ਗਿਣਤੀ ਏਨੀ ਵਧ ਜਾਵੇਗੀ ਕਿ ਇਨਕਲਾਬ ਨੂੰ ਰੋਕਣਾ ਸਾਮਰਾਜਵਾਦ ਦੀਆਂ ਸਭ ਸ਼ੈਤਾਨੀ ਤਾਕਤਾਂ ਦੇ ਵੱਸ ਦੀ ਗੱਲ ਨਹੀਂ ਰਹੇਗੀ.. ….. ਮੈਥੋਂ ਵੱਧ ਖੁਸ਼ਕਿਸਮਤ ਕੌਣ ਹੋਵੇਗਾ? ਅੱਜ ਕਲਮੈਨੂੰ ਆਪਣੇ ਆਪ ਉਤੇ ਬਹੁਤ ਨਾਜ਼ ਹੈ। ਹੁਣ ਤਾਂ ਬੜੀ ਬੇਤਾਬੀ ਨਾਲ ਆਖਰੀ ਇਮਤਿਹਾਨ ਦੀ ਉਡੀਕ ਹੈ। ਆਰਜ਼ੂ ਹੈ ਕਿ ਇਹ ਹੋਰ ਨੇੜ ਹੋ ਜਾਵੇ।''
ਅੱਜ ਭਗਤ ਸਿੰਘ ਜਿੰਦਾਬਾਦ ਜਾਂ ਭਗਤ ਸਿੰਘ ਅਮਰ ਰਹੇ ਦਾ ਨਾਅਰਾ ਧੁਰ ਅੰਦਰੋਂ ਬੁਲੰਦ ਕਰਨ ਵਾਲੇ ਹਰ ਵਿਅਕਤੀ ਨੂੰ ਇਹ ਚੰਗੀ ਤਰਾਂ ਪਤਾ ਹੋਣਾ ਚਾਹੀਦਾ ਹੈ ਕਿ ਇਸ ਨਾਅਰੇ ਦੇ ਬੁਲੰਦ ਕਰਨ ਦਾ ਮਤਲਬ ਆਪਣੇ ਆਪ ਨੂੰ ਸਾਡੇ ਸ਼ਾਨਾਮੱਤੇ ਸ਼ਹੀਦ ਦੇ ਰੂਬਰੂ ਖੜਾ ਕਰਕੇ, ਫਾਂਸੀ ਦੇ ਤਖਤੇ ਤੋਂ ਪਾਏ ਉਸ ਦੇ ਆਖਰੀ ਸੁਆਲ ਦਾ ਜੁਆਬ ਦੇਣਾ ਹੈ ਕਿ ਉਹ ਭਗਤ ਸਿੰਘ ਨੂੰ ਅਮਰ ਰੱਖਣ ਲਈ ਕੀ ਕਰ ਰਿਹਾ ਹੈ। ਇਨਕਲਾਬੀ ਭਾਵਨਾ ਦੇ ਇਕ ਸ਼ਾਨਦਾਰ ਨਮੂਨੇ ਵਜੋਂ ਭਗਤ ਸਿੰਘ ਸਾਡਾ ਕੌਮੀ ਆਦਰਸ਼ ਹੈ। ਉਸ ਨੂੰ ਅਮਰ ਰੱਖਣ ਦਾ ਮਤਲਬ , ਸਭ ਤੋਂ ਪਹਿਲਾਂ ਅਜਿਹੀ ਭਾਵਨਾ ਨੂੰ ਖੁਦ ਆਪਣੇ ਅੰਦਰ ਵਸਾਉਣਾ ਤੇ ਵਿਗਸਾਉਣਾ ਹੈ ਅਤੇ ਕਦਮ ਬ ਕਦਮ ਇਸ ਆਦਰਸ਼ ਵੱਲ ਅੱਗੇ ਵਧਣਾ ਹੈ। 23 ਮਾਰਚ ਤੇ 28 ਸਤੰਬਰ ਦੇ ਦਿਨ ਨੇ ਹਰ ਇਕ ਤੋਂ ਇਹ ਸੁਆਲ ਪੁੱਛਣਾ ਹੈ ਕਿ ਇਨਕਲਾਬ ਲਈ ਕਸ਼ਟਾਂ ਤੇ ਕਠਿਨਾਈਆਂ ਨੂੰ ਓਟਣ ਤੇ ਖਿੜੇ ਮੱਥੇ ਝੱਲਣ ਲਈ ਉਸ ਨੇ ਆਪਣੇ ਆਪ ਨੂੰ ਕਿਸ ਹੱਦ ਤੱਕ ਤਿਆਰ ਕੀਤਾ ਹੈ। ਇਹ ਪੁੱਛਣਾ ਹੈ ਕਿ ਕੀ ਉਸ ਨੇ ਲੋੜ ਪੈਣ 'ਤੇ ਇਨਕਲਾਬ ਲਈ ਮਰ ਜਾਣ ਦਾ ਅਹਿਸਾਸ ਕਦੇ ਹੰਢਾਇਆ ਹੈ ਜਾਂ ਨਹੀਂ?
ਸ਼ਹੀਦੇ ਆਜ਼ਮ ਭਗਤ ਸਿੰਘ ਅਕਸਰ ਇਕ ਸ਼ੇਅਰ ਗੁਣਗੁਣਾਇਆ ਕਰਦੇ ਸਨ ਜਿਸ ਦਾ ਅਰਥ ਇਹ ਹੈ ਕਿ ਰਾਖ ਦੀ ਮੁਠੀ (ਮੁਸ਼ਤੇ ਖਾਕ) ਰੂਪੀ ਇਹ ਸਰੀਰ ਨਾਸ਼ ਹੋ ਸਕਦਾ ਹੈ ਪਰ ਮਨੁੱਖ ਦੇ ਵਿਚਾਰ ਹਮੇਸ਼ਾ ਜਿਉਂਦੇ ਰਹਿੰਦੇ ਹਨ। ਉਸ ਨੇ ਖੂਬਸੂਰਤ ਜਿੰਦਗੀ ਲਈ ਜੂਝਣ ਦੀ ਖੂਬਸੂਰਤੀ ਨੂੰ ਉਘਾੜਿਆ ਸੀ। ਆਓ, ਭਗਤ ਸਿੰਘ ਦੀ ਇਸ ਸ਼ਾਨਦਾਰ ਇਨਕਲਾਬੀ ਸਪਿਰਟ ਤੋਂ ਪ੍ਰੇਰਨਾ ਲੈਂਦੇ ਹੋਏ, ਉਨਾਂ ਬੋਲਾਂ ਨੂੰ ਮਨ 'ਚ ਵਸਾਈਏ ਤੇ ਬੁਲੰਦ ਕਰੀਏ ਕਿ -
ਮੇਰੀ ਹਵਾ ਮੇਂ ਰਹੇਂਗੀ ਖਿਆਲ ਕੀ ਬਿਜਲੀ
ਯੇ ਮੁਸ਼ਤੇ ਖਾਕ ਹੈ ਫਾਨੀ, ਰਹੇ ਨਾ ਰਹੇ। 

No comments:

Post a Comment