Monday, February 23, 2015

''ਲੇ ਮਸ਼ਾਲੇਂ ਚਲ ਪੜੇਂ ਹੈਂ ਲੋਗ ਮੇਰੇ ਗਾਂਵ ਕੇ......''

''ਲੇ ਮਸ਼ਾਲੇਂ ਚਲ ਪੜੇਂ ਹੈਂ ਲੋਗ ਮੇਰੇ ਗਾਂਵ ਕੇ......''
ਛੱਤੀਸ਼ਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਦੇ ਰੇਵਾਲੀ ਪਿੰਡ ਵਿੱਚ 6 ਜਨਵਰੀ ਨੂੰ ਪੁਲਸ ਅਤੇ ਸੁਰੱਖਿਆ ਬਲਾਂ ਵੱਲੋਂ ਨਦੀ ਵਿੱਚ ਨਹਾ ਰਹੇ ਇੱਕ ਆਦਿਵਾਸੀ ਨੂੰ ਗੋਲੀਆਂ ਨਾਲ ਉਡਾ ਦਿੱਤਾ ਗਿਆ। ਉਸਦੀ ਪਤਨੀ ਆਪਣੇ ਪਤੀ ਦੀ ਲਾਸ਼ ਲੈ ਕੇ ਥਾਣੇ ਪਹੁੰਚ ਗਈ, ਪਰ ਪੁਲਸ ਵੱਲੋਂ ਉਸਦਾ ਪੋਸਟ ਮਾਰਟਮ ਨਹੀਂ ਕਰਵਾਇਆ ਗਿਆ। ਮਾਰੇ ਗਏ ਆਦਿਵਾਸੀ ਦੀ ਵਿਧਵਾ ਵੱਲੋਂ ਪੁਲਸ ਰਿਪੋਰਟ ਵਿੱਚ ਇਹ ਲਿਖਵਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਸਦੇ ਪਤੀ ਨੂੰ ਪੁਲਸ ਵੱਲੋਂ ਮਾਰਿਆ ਗਿਆ ਹੈ। ਪਰ ਪੁਲਸ ਵਾਲਿਆਂ ਵੱਲੋਂ ਰਿਪੋਰਟ ਵਿੱਚ ਦਰਜ ਇਹ ਕੀਤਾ ਗਿਆ ਕਿ ਉਸ ਨੂੰ ਨਕਸਲੀਆਂ ਵੱਲੋਂ ਮਾਰਿਆ ਗਿਆ ਹੈ।
ਆਦਿਵਾਸੀਆਂ ਵੱਲੋਂ ਸੋਨੀ ਸ਼ੋਰੀ ਨੂੰ ਉਸਦੇ ਪਿੰਡ ਤੋਂ ਮੱਦਦ ਲਈ ਸੱਦਿਆ ਗਿਆ। ਸੋਨੀ ਪੱਤਰਕਾਰਾਂ ਸਮੇਤ ਮਾਰੇ ਗਏ ਆਦਿਵਾਸੀ ਦੇ ਪਿੰਡ ਪਹੁੰਚ ਗਈ। ਉਸ ਵੱਲੋਂ ਸਰਕਾਰ ਨੂੰ ਉਚਿਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ, ਪਰ ਸਰਕਾਰ ਦੇ ਕੰਨਾਂ 'ਤੇ ਜੂੰਅ ਤੱਕ ਨਹੀਂ ਸਰਕੀ।
ਆਲੇ ਦੁਆਲੇ ਦੇ ਪਿੰਡਾਂ ਤੋਂ ਪੱਚੀ ਹਜ਼ਾਰ ਆਦਿਵਾਸੀਆਂ ਵੱਲੋਂ ਇਕੱਠੇ ਹੋ ਕੇ ਦਾਂਤੇਵਾੜਾ ਜ਼ਿਲ੍ਹਾ ਹੈਡਕੁਆਟਰ ਵੱਲ ਮਾਰਚ ਸ਼ੁਰੂ ਕੀਤਾ ਗਿਆ। ਇਸ ਮਾਰਚ ਦੀ ਅਗਵਾਈ ਆਦਿਵਾਸੀ ਔਰਤਾਂ ਕਰ ਰਹੀਆਂ ਹਨ। ਪੈਦਲ ਮਾਰਚ ਕਰ ਰਹੀਆਂ ਔਰਤਾਂ ਦੀ ਗੋਦੀ ਬੱਚੇ ਚੁੱਕੇ ਹੋਏ ਹਨ। ਸਿਰਾਂ 'ਤੇ ਚੌਲਾਂ ਅਤੇ ਬਾਲਣ ਦੀਆਂ ਗੱਠੜੀਆਂ ਚੁੱਕੀਆਂ ਹੋਈਆਂ ਹਨ। ਸੱਠ ਕਿਲੋਮੀਟਰ ਚੱਲਣ ਤੋਂ ਬਾਅਦ ਕੱਲ੍ਹ ਰਾਤ ਸਭਨਾਂ ਆਦਿਵਾਸੀਆਂ ਵੱਲੋਂ ਜੰਗਲ ਵਿੱਚ ਕੱਟੀ ਗਈ। ਅੱਜ ਸਵੇਰੇ ਫਿਰ ਮਾਰਚ ਸ਼ੁਰੂ ਹੋ ਗਿਆ। ਸੋਨੀ ਸ਼ੋਰੀ ਆਦਿਵਾਸੀਆਂ ਦੇ ਨਾਲ ਚੱਲ ਰਹੀ ਹੈ। ਅੱਜ ਦੁਪਹਿਰ ਤੱਕ ਆਦਿਵਾਸੀ ਦਾਂਤੇਵਾੜਾ ਸ਼ਹਿਰ ਵਿੱਚ ਪਹੁੰਚ ਜਾਣਗੇ। ਆਦਿਵਾਸੀ ਕੁਲੈਟਕਰ (ਡੀ.ਸੀ.) ਅਤੇ ਐਸ.ਪੀ. ਨੂੰ ਮਿਲਣਾ ਚਾਹੁੰਦੇ ਹਨ। ਪੁਲਸ ਅਤੇ ਸਰਕਾਰ ਆਦਿਵਾਸੀਆਂ ਦੇ ਇਸ ਮਾਰਚ ਨੂੰ ਹਰ ਹਾਲਤ ਰੋਕਣ 'ਤੇ ਤੁਲੀ ਹੋਈ ਹੈ। ਕੱਲ੍ਹ ਸਵੇਰੇ ਇੱਕ ਜੀਪ ਸਵਾਰ ਪੁਲਸ ਵਾਲੇ ਸੋਨੀ ਸ਼ੋਰੀ ਦੇ ਘਰ ਗਏ ਸੀ। ਉਹਨਾਂ ਵੱਲੋਂ ਮਾਰਚ ਨੂੰ ਰੋਕਣ ਲਈ ਆਖਿਆ ਗਿਆ ਸੀ। ਰਸਤੇ ਵਿੱਚ ਦੋ ਪੁਲਸ ਕੈਂਪਾਂ ਕੋਲ ਮਾਰਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਪੁਲਸ ਵੱਲੋਂ ਕਿਹਾ ਗਿਆ ਕਿ ਪਾਬੰਦੀ ਲਾਗੂ ਹੋਣ ਕਰਕੇ ਉਹ ਮੁਜਾਹਰਾ ਨਹੀਂ ਕਰ ਸਕਦੇ। ਸੋਨੀ ਵੱਲੋਂ ਕਿਹਾ ਗਿਆ ਕਿ ਤੁਸੀਂ ਪਾਬੰਦੀਆਂ ਦੌਰਾਨ ਨਿਰਦੋਸ਼ੇ ਆਦਿਵਾਸੀਆਂ ਦੇ ਕਤਲ ਕਰ ਸਕਦੇ ਹੋ, ਲੋਕ ਇਨਸਾਫ ਦੀ ਮੰਗ ਕਿਉਂ ਨਹੀਂ ਕਰ ਸਕਦੇ? ਆਦਿਵਾਸੀ ਨਹੀਂ ਰੁਕੇ। ਹੁਣ ਲੋਕ ਜਾਗ ਚੁੱਕੇ ਹਨ। ''ਲੇ ਮਸ਼ਾਲੇ ਚਲ ਪੜੇ ਹੈਂ, ਲੋਗ ਮੇਰੇ ਗਾਂਵ ਕੇ...'' ਹੁਣ ਉਹ ਕਿਸੇ ਦੇ ਰੋਕਿਆਂ ਨਹੀਂ ਰੁਕਣਗੇ।
ਛੱਤੀਸ਼ਗੜ੍ਹ ਵਿੱਚ ਭਾਜਪਾ ਹਕੂਮਤ ਕਾਰਪੋਰੇਟਾਂ ਦੇ ਇਸ਼ਾਰਿਆਂ 'ਤੇ ਆਦਿਵਾਸੀਆਂ ਨੂੰ ਕੁੱਟਮਾਰ ਕਰਕੇ ਐਨਾ ਦਹਿਸ਼ਤਜ਼ਦਾ ਕਰ ਦੇਣਾ ਚਾਹੁੰਦੀ ਹੈ ਤਾਂ ਕਿ ਜਦੋਂ ਹਕੂਮਤ ਵੱਲੋਂ ਇਹਨਾਂ ਕਾਰਪੋਰੇਟਾਂ ਨੂੰ ਸੌਂਪਣ ਲਈ ਆਦਿਵਾਸੀਆਂ ਦੀਆਂ ਜ਼ਮੀਨਾਂ 'ਤੇ ਝਪਟਿਆ ਜਾਵੇ ਤਾਂ ਉਹ ਸਰਕਾਰ ਦੀ ਇਸ ਕਾਰਵਾਈ ਖਿਲਾਫ ਚੂੰ-ਚਰਾਂ ਕਰਨ ਦੀ ਜੁਰਅੱਤ ਨਾ ਕਰ ਸਕਣ। ਇਸ ਲਈ, ਪਿੰਡਾਂ ਅੰਦਰ ਆਦਿਵਾਸੀਆਂ ਨੂੰ ਕੁੱਟਣ ਮਾਰਨ ਦਾ ਸਿਲਸਿਲਾ ਚਲਾ ਰਹੀ ਹੈ। ਘਰਾਂ ਵਿੱਚ ਲੁੱਟਮਾਰ ਮਚਾ ਰਹੀ ਹੈ। ਇਸੇ ਲਈ ਆਦਿਵਾਸੀਆਂ ਵੱਲੋਂ ਹਕੂਮਤੀ ਬਦਮਾਸ਼ੀ ਦਾ ਮੂੰਹ ਮੋੜਨ ਦਾ ਫੈਸਲਾ ਕੀਤਾ ਗਿਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਾਫ਼ਲਾ ਬੰਨ੍ਹ ਕੇ ਦਾਂਤੇਵਾੜਾ ਸ਼ਹਿਰ ਵੱਲ ਹੋ ਤੁਰੇ। ਸੋਨੀ ਸ਼ੋਰੀ ਇਹਨਾਂ ਆਦਿਵਾਸੀਆਂ ਦੇ ਨਾਲ ਸੀ।
ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਹਜ਼ਾਰਾਂ ਪੁਲਸ ਵਾਲਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਆਦਿਵਾਸੀ ਕਾਫ਼ਲੇ ਨੂੰ ਰਾਹ ਵਿੱਚ ਹੀ ਰੋਕ ਲਿਆ ਗਿਆ। ਪਰ ਆਦਿਵਾਸੀ ਸਹਿਮੇ ਨਹੀਂ। ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਲਾਠੀ ਗੋਲੀ ਦਾ ਸਾਹਮਣਾ ਕਰਨ ਲਈ ਤਿਆਰ ਹਨ। ਪਰ ਉਹ ਕਦਾਚਿਤ ਰੁਕਣ ਲਈ ਤਿਆਰ ਨਹੀਂ। ਆਦਿਵਾਸੀਆਂ ਦੇ ਗੁੱਸੇ ਅਤੇ ਦ੍ਰਿੜ੍ਹਤਾ ਮੂਹਰੇ ਝੁਕਣ ਲਈ ਮਜਬੂਰ ਹੁੰਦਿਆਂ, ਆਖਰ ਪੁਲਸ ਨੂੰ ਇਹ ਲਿਖਤੀ ਮੁਆਫੀਨਾਮਾ ਦੇਣਾ ਪਿਆ ਕਿ ਅੱਗੇ ਤੋਂ ਪੁਲਸ ਆਦਿਵਾਸੀਆਂ ਦੀ ਕੁੱਟਮਾਰ ਨਹੀਂ ਕਰੇਗੀ। ਪ੍ਰਸਾਸ਼ਨ ਵੱਲੋਂ ਇਹ ਵੀ ਲਿਖਤੀ ਦਿੱਤਾ ਗਿਆ ਕਿ ਦਸ ਦਿਨਾਂ ਦੇ ਅੰਦਰ ਅੰਦਰ ਮਾਰੇ ਗਏ ਨਿਰਦੋਸ਼ ਆਦਿਵਾਸੀ ਦੇ ਪਰਿਵਾਰ ਨੂੰ ਮੁਆਵਜਾ ਦਿੱਤਾ ਜਾਵੇਗਾ ਅਤੇ ਇਸ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ।
ਅਜੇ ਸਵੇਰਾ ਦੂਰ ਹੈ, ਪਰ ਇਸ ਤਰ੍ਹਾਂ ਦੇ ਕਾਫਲੇ ਹੀ ਅੰਧੇਰੀ ਰਾਤ ਨੂੰ ਚੀਰਦਿਆਂ ਚਾਨਣ ਦਾ ਆਗਾਜ਼ ਕਰਨਗੇ।
ਜਨਤਾ ਦੀ ਤਾਕਤ-ਜ਼ਿੰਦਾਬਾਦ!
ਸਰਕਾਰੀ ਜਬਰੋ-ਜ਼ੁਲਮ-ਮੁਰਦਾਬਾਦ!
—ਹਿੰਮਾਂਸ਼ੂ ਕੁਮਾਰ ਦੀ ਫੇਸ ਬੁੱਕ ਤੋਂ (ਸਮਾਂ ਸ਼ਾਮ 4.56)

No comments:

Post a Comment