Monday, February 23, 2015

ਹਜ਼ਾਰਾਂ ਲੋਕ ਉੱਘੇ ਨਾਟਕਕਾਰ ਪ੍ਰੋ. ਅਜਮੇਰ ਔਲਖ ਨੂੰ ''ਭਾਈ ਲਾਲੋ ਕਲਾ ਸਨਮਾਨ'' ਨਾਲ ਸਤਿਕਾਰਨਗੇ

ਹਜ਼ਾਰਾਂ ਲੋਕ ਉੱਘੇ ਨਾਟਕਕਾਰ ਪ੍ਰੋ. ਅਜਮੇਰ ਔਲਖ ਨੂੰ ''ਭਾਈ ਲਾਲੋ ਕਲਾ ਸਨਮਾਨ'' ਨਾਲ ਸਤਿਕਾਰਨਗੇ
ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲੇ ਦੀ ਮੁਹਿੰਮ ਸ਼ੁਰੂ
ਪੰਜਾਬ ਦੀ ਅਗਾਂਹਵਧੂ, ਲੋਕ-ਪੱਖੀ ਅਤੇ ਇਨਕਲਾਬੀ ਸਾਹਿਤਕ ਧਾਰਾ ਦੀ ਉੱਘੀ ਸਖਸ਼ੀਅਤ, ਪ੍ਰੋ. ਅਜਮੇਰ ਸਿੰਘ ਔਲਖ ਨੂੰ ਪੰਜਾਬ ਦੀ ਇਨਕਲਾਬੀ ਜਨਤਕ ਲਹਿਰ ਵੱਲੋਂ ''ਭਾਈ ਲਾਲੋ ਕਲਾ ਸਨਮਾਨ''  ਨਾਲ ਸਤਿਕਾਰਿਆ ਜਾ ਰਿਹਾ ਹੈ। ਪਹਿਲੀ ਮਾਰਚ ਨੂੰ ਪੰਜਾਬ ਦੇ ਹਜ਼ਾਰਾਂ ਕਿਰਤੀ-ਕਿਸਾਨ, ਨੌਜਵਾਨ, ਵਿਦਿਆਰਥੀ, ਮੁਲਾਜ਼ਮ, ਔਰਤਾਂ, ਬੁੱਧੀਜੀਵੀ, ਸਾਹਿਤਕਾਰ, ਕਲਾਕਾਰ, ਰੰਗਕਰਮੀ, ਲੋਕ-ਪੱਖੀ ਪੱਤਰਕਾਰ, ਇਨਕਲਾਬੀ, ਲੋਕ-ਪੱਖੀ ਜਮਹੂਰੀ ਅਤੇ ਸਮਾਜਿਕ ਕਾਰਕੁਨ, ਤਰਕਸ਼ੀਲ, ਇਤਿਹਾਸਕਾਰ ਅਤੇ ਹੋਰ ਹਿੱਸੇ ਮਾਨਸਾ ਨੇੜੇ ਮਾਈ ਭਾਗੋ ਗਰਲਜ਼ ਕਾਲਜ, ਰੱਲਾ ਵਿਖੇ ਇਕੱਤਰ ਹੋਣਗੇ ਅਤੇ ਪ੍ਰੋ. ਅਜਮੇਰ ਔਲਖ ਨੂੰ ਖਰੀ ਲੋਕ-ਪੱਖੀ ਕਲਾ ਨੂੰ ਉਹਨਾਂ ਦੇ ਯੋਗਦਾਨ ਲਈ ਸਲਾਮ ਕਰਨਗੇ। ਇਹ ਸਮਾਗਮ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਨਾਂ ਦੇ ਪਲੇਟਫਾਰਮ ਵੱਲੋਂ ਕੀਤਾ ਜਾ ਰਿਹਾ ਹੈ। ਇਹ ਪਲੇਟਫਾਰਮ ਗੁਰਸ਼ਰਨ ਸਿੰਘ ਇਨਕਲਾਬੀ ਸਲਾਮ ਕਮੇਟੀ ਦਾ ਜਾਰੀ ਰੂਪ ਹੈ, ਜਿਸ ਨੇ 11 ਜਨਵਰੀ 2006 ਨੂੰ ਮੋਗਾ ਨੇੜੇ ਪਿੰਡ ਕੁੱਸਾ ਵਿਖੇ, 20 ਹਜ਼ਾਰ ਲੋਕਾਂ ਦੀ ਇਕੱਤਰਤਾ 'ਚ ਪੰਜਾਬ ਦੀ ਇਨਕਲਾਬੀ ਨਾਟਕ ਲਹਿਰ ਦੇ ਸ਼੍ਰੋਮਣੀ ਉਸਰੱਈਏ ਗੁਰਸ਼ਰਨ ਸਿੰਘ ਨੂੰ ''ਇਨਕਲਾਬੀ ਨਿਹਚਾ ਸਨਮਾਨ'' ਨਾਲ ਸਤਿਕਾਰਿਆ ਸੀ। ਇਸ ਸਨਮਾਨ ਸਮਾਰੋਹ ਰਾਹੀਂ ਲੋਕ ਹੱਕਾਂ ਦੀ ਸੰਘਰਸ਼ ਲਹਿਰ ਅਤੇ ਇਨਕਲਾਬੀ ਲੋਕ-ਪੱਖੀ ਸਾਹਿਤਕ ਲਹਿਰ ਦੀ ਸਾਂਝ ਦੀ ਇੱਕ ਨਿਵੇਕਲੀ ਪ੍ਰੰਪਰਾ ਸ਼ੁਰੂ ਹੋਈ। ਨਾਟਕਕਾਰ ਅਜਮੇਰ ਸਿੰਘ ਔਲਖ ਇਸ ਪਲੇਟਫਾਰਮ ਵੱਲੋਂ ਜਨਤਕ ਸਨਮਾਨ ਹਾਸਲ ਕਰਨ ਵਾਲੇ ਅਗਲੀ ਸਾਹਿਤਕ ਸਖਸ਼ੀਅਤ ਹਨ।

''ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ'' ਦੀ ਮੀਟਿੰਗ ਤੋਂ ਬਾਅਦ, ਪ੍ਰੋ. ਅਜਮੇਰ ਔਲਖ ਦੇ ਰੰਗ-ਮੰਚ ਦੀ ਕਰਮਭੂਮੀ ਮਾਨਸਾ ਤੋਂ ਮੁਹਿੰਮ ਦਾ ਆਗਾਜ਼ ਕਰਦਿਆਂ ਕਨਵੀਨਰ ਜਸਪਾਲ ਜੱਸੀ ਨੇ ਦੱਸਿਆ ਕਿ ਸਲਾਮ ਕਾਫ਼ਲਾ ਮਿਹਨਤਕਸ਼ ਅਤੇ ਇਨਸਾਫਪਸੰਦ ਲੋਕਾਂ ਦੀ ਇਨਕਲਾਬੀ ਲਹਿਰ ਅਤੇ ਸਮਾਜ ਨੂੰ ਬਦਲਣ ਲਈ ਇਨਕਲਾਬੀ ਜਾਗਰਤੀ ਪੈਦਾ ਕਰ ਰਹੀ ਸਾਹਿਤਕ ਲਹਿਰ ਦੇ ਸੰਗਮ ਨੂੰ ਸਮਰਪਤ ਹੈ। ਲੋਕ ਹੱਕਾਂ ਲਈ ਸੰਘਰਸ਼ ਦੇ ਮੈਦਾਨ ਦੀਆਂ ਸਮਰਪਤ ਮਕਬੂਲ ਸਖਸ਼ੀਅਤਾਂ ਇਸ ਪਲੇਟਫਾਰਮ ਦਾ ਧੁਰਾ ਹਨ। ਦੂਜੇ ਪਾਸੇ ਪੰਜਾਬੀ ਸਾਹਿਤ ਅਤੇ ਕਲਾ ਜਗਤ ਦੀਆਂ ਕੱਦਾਵਰ ਸਖਸ਼ੀਅਤਾਂ ਅਤੇ ਸਮਰਪਤ ਕਲਾ ਕਾਰਕੁਨ ਇਸ ਪਲੇਟਫਾਰਮ ਨਾਲ ਨੇੜਿਉਂ ਜੁੜੇ ਹੋਏ ਹਨ। ''ਕਾਫ਼ਲਾ ਟੀਮ'' ਵਿੱਚ, ਕਨਵੀਨਰ ਤੋਂ ਇਲਾਵਾ ਸ੍ਰੀਮਤੀ ਕੈਲਾਸ਼ ਕੌਰ, ਅਮੋਲਕ ਸਿੰਘ, ਝੰਡਾ ਸਿੰਘ ਜੇਠੂਕੇ, ਜ਼ੋਰਾ ਸਿੰਘ ਨਸਰਾਲੀ, ਦਰਸ਼ਨ ਸਿੰਘ ਕੂਹਲੀ, ਕਰੋੜਾ ਸਿੰਘ, ਯਸ਼ਪਾਲ, ਪਵੇਲ ਕੁੱਸਾ, ਹਰਜਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਰਾਮ ਸਵਰਨ ਲੱਖੇਵਾਲੀ, ਪੁਸ਼ਪ ਲਤਾ, ਹਰਿੰਦਰ ਕੌਰ ਬਿੰਦੂ ਅਤੇ ਕੁਲਦੀਪ ਕੌਰ ਕੁੱਸਾ ਸ਼ਾਮਲ ਹਨ। ਕਾਫ਼ਲੇ ਦੀ ਸਹਿਯੋਗੀ ਕਮੇਟੀ ਵਿੱਚ ਸੁਰਜੀਤ ਪਾਤਰ, ਵਰਿਆਮ ਸਿੰਘ ਸੰਧੂ, ਡਾ. ਆਤਮਜੀਤ, ਅਤਰਜੀਤ, ਬਲਦੇਵ ਸਿੰਘ ਸੜਕਨਾਮਾ, ਲੋਕ ਨਾਥ, ਕੇਵਲ ਧਾਲੀਵਾਲ, ਪਾਲੀ ਭੁਪਿੰਦਰ, ਸ਼ਬਦੀਸ਼, ਡਾ. ਸਾਹਿਬ ਸਿੰਘ, ਸੈਮੂਅਲ ਜੌਹਨ, ਹਰਕੇਸ਼ ਚੌਧਰੀ, ਮਾਸਟਰ ਤਰਲੋਚਨ, ਹੰਸਾ ਸਿੰਘ, ਹਰਵਿੰਦਰ ਦੀਵਾਨਾ, ਇਕੱਤਰ ਸਿੰਘ, ਗੁਰਪ੍ਰੀਤ ਕੌਰ, ਮਾਸਟਰ ਰਾਮ ਕੁਮਾਰ, ਜਗਸੀਰ ਜੀਦਾ, ਜੁਗਰਾਜ ਧੌਲਾ, ਅਮਰਜੀਤ ਪ੍ਰਦੇਸੀ, ਦੇਸ ਰਾਜ ਛਾਜਲੀ, ਲੋਕ ਬੰਧੂ, ਦਲਜੀਤ ਅਮੀ, ਜਸਪਾਲ ਮਾਨਖੇੜਾ, ਰਾਕੇਸ਼ ਕੁਮਾਰ, ਡਾ. ਅਰੀਤ, ਨਵਸ਼ਰਨ ਅਤੇ ਮਨਜੀਤ ਔਲਖ ਸ਼ਾਮਲ ਹਨ।
ਪ੍ਰੋ. ਅਜਮੇਰ ਔਲਖ ਦੀ ਸਾਹਿਤਕ ਘਾਲਣਾ ਦੇ ਮਹੱਤਵ 'ਤੇ ਟਿੱਪਣੀ ਕਰਦਿਆਂ ਕਾਫ਼ਲਾ ਕਨਵੀਨਰ ਨੇ ਕਿਹਾ ਕਿ ਅਜਮੇਰ ਔਲਖ ਦੇ ਨਾਟਕ ਲੁੱਟ ਅਤੇ ਜਬਰ 'ਤੇ ਆਧਾਰਤ ਸਮਾਜ ਦੀ ਅਸਲੀਅਤ ਨੂੰ ਬੇਨਕਾਬ ਕਰਦੇ ਹਨ, ਰਾਜ-ਸੱਤਾ ਦੀ ਅੱਤਿਆਚਾਰੀ ਤਬੀਅਤ ਦਾ ਪਰਦਾਫਾਸ਼ ਕਰਦੇ ਹਨ ਅਤੇ ਸਮਾਜ ਨੂੰ ਬਦਲਣ ਲਈ ਜਾਗਰਤੀ ਦਾ ਹੋਕਾ ਦਿੰਦੇ ਹਨ। ਅਜਮੇਰ ਔਲਖ ਦੇ ਰੰਗ-ਮੰਚ ਨੇ ਪਿਛਾਂਹ-ਖਿੱਚੂ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਬੇਨਕਾਬ ਕਰਨ ਅਤੇ ਵੰਗਾਰਨ ਵਾਲੀ ਜੁਝਾਰ ਕਲਾ ਦਾ ਝੰਡਾ ਉੱਚਾ ਕੀਤਾ ਹੈ। ਸੰਸਾਰੀਕਰਨ ਦੇ ਹੱਲੇ ਦੀਆਂ ਮੌਜੂਦਾ ਹਾਲਤਾਂ 'ਚ ਲੋਕ-ਪੱਖੀ ਕਲਾਕਾਰਾਂ ਦੇ ਕਿਰਦਾਰ ਦੀ ਸਾਲਮੀਅਤ ਖ਼ਤਰੇ ਮੂੰਹ ਆਈ ਹੋਈ ਹੈ। ਇਹਨਾਂ ਹਾਲਤਾਂ ਵਿੱਚ ਪ੍ਰੋ. ਅਜਮੇਰ ਔਲਖ ਨੇ ਨਾ ਸਿਰਫ ਮਜ਼ਲੂਮ ਲੋਕਾਈ ਦੇ ਹਿੱਤਾਂ ਨਾਲ ਆਪਣੀ ਕਲਾ ਦਾ ਰਿਸ਼ਤਾ ਬਰਕਰਾਰ ਰੱਖਿਆ ਹੈ ਸਗੋਂ ਇਸ ਨੂੰ ਹੋਰ ਅੱਗੇ ਵਧਾਇਆ ਹੈ। ਨੌਜਵਾਨਾਂ ਨੂੰ ਨਰੋਈ, ਲੋਕ-ਪੱਖੀ ਅਤੇ ਕਰਾਂਤੀਮੁਖੀ ਕਲਾ ਦੇ ਲੜ ਲਾਉਣ ਵਿੱਚ ਪ੍ਰੋ. ਅਜਮੇਰ ਔਲਖ ਦਾ ਉੱਘੜਵਾਂ ਅਤੇ ਨਿਵੇਕਲਾ ਯੋਗਦਾਨ ਹੈ। ਸਾਹਿਤਕ ਖੇਤਰ ਦੀਆਂ ਅਗਲੀਆਂ ਕਤਾਰਾਂ ਵਿੱਚ ਆਪਣੇ ਯੋਗਦਾਨ ਤੋਂ ਇਲਾਵਾ ਪ੍ਰੋ. ਅਜਮੇਰ ਔਲਖ ਉਹਨਾਂ ਸਖਸ਼ੀਅਤਾਂ ਵਿੱਚ ਸ਼ਾਮਲ ਹਨ, ਜਿਹਨਾਂ ਨੇ ਜਮਹੂਰੀ ਹੱਕਾਂ ਦੀ ਰਾਖੀ ਦਾ ਝੰਡਾ ਚੁੱਕਿਆ ਹੋਇਆ ਹੈ। ਉਹ ''ਅਪ੍ਰੇਸ਼ਨ ਗਰੀਨ ਹੰਟ'' ਦੀ ਲੋਕ-ਦੁਸ਼ਮਣ ਅਸਲੀਅਤ ਨੂੰ ਲੋਕਾਂ ਸਾਹਮਣੇ ਲਿਆਉਣ ਦੇ ਉੱਦਮ ਵਿੱਚ ਸ਼ਰੀਕ ਹਨ। ਬਿਮਾਰੀ ਨਾਲ ਜੂਝਦੇ ਹੋਏ ਵੀ ਉਹਨਾਂ ਨੇ ਆਪਣੀ ਮਾਨਸਿਕ ਅਤੇ ਜਿਸਮਾਨੀ ਸ਼ਕਤੀ ਲੋਕ-ਹਿੱਤਾਂ ਨੂੰ ਸਮਰਪਤ ਕੀਤੀ ਹੋਈ ਹੈ।
ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਹ ਸਨਮਾਨ ਸਮਾਰੋਹ ''ਅਜਮੇਰ ਔਲਖ ਸਲਾਮ ਅਤੇ ਸਨਮਾਨ ਜਨਤਕ ਮੁਹਿੰਮ'' ਦਾ ਸਿਖਰ ਹੋਵੇਗਾ। ਇਸ ਮੁਹਿੰਮ ਦੌਰਾਨ ਪਿੰਡਾਂ, ਸ਼ਹਿਰਾਂ ਤੱਕ ਮੀਟਿੰਗਾਂ, ਰੈਲੀਆਂ, ਸੈਮੀਨਾਰਾਂ, ਜਾਗੋ ਕਾਫ਼ਲਾ ਮਾਰਚਾਂ, ਨੁੱਕੜ ਨਾਟਕਾਂ ਤੇ ਸੰਦੇਸ਼ ਇਕੱਤਰਤਾਵਾਂ ਰਾਹੀਂ ਲੋਕ-ਹੱਕਾਂ ਦੀ ਲਹਿਰ ਤੇ ਸਾਹਿਤ ਕਲਾ ਦੀ ਸਾਂਝ ਨੂੰ ਹੋਰ ਪੱਕੀ ਕਰਨ ਦਾ ਸੰਦੇਸ਼ ਉਭਾਰਿਆ ਜਾਵੇਗਾ, ਜਿਸ ਦੌਰਾਨ ਗੀਤਕਾਰਾਂ, ਕਲਮਕਾਰਾਂ ਅਤੇ ਨਾਟਕਕਾਰਾਂ ਦੀਆਂ ਦਰਜ਼ਨਾਂ ਟੋਲੀਆਂ ਪੰਜਾਬ ਦੇ ਕੋਨੇ ਕੋਨੇ ਤੱਕ ਪਹੁੰਚਣਗੀਆਂ। ਸਮਾਗਮ ਦੇ ਸੁਨੇਹੇ ਲਈ ਪੋਸਟਰ ਅਤੇ ਹੱਥ-ਪਰਚਾ ਜਾਰੀ ਕੀਤਾ ਜਾਵੇਗਾ। ਕਾਫ਼ਲੇ ਦੇ ਤਰਜਮਾਨ ''ਸਲਾਮ'' ਦਾ ਇਸ ਮੁਹਿੰਮ ਨੂੰ ਸਮਰਪਤ ਅੰਕ ਵੀ ਜਾਰੀ ਕੀਤਾ ਜਾਵੇਗਾ।
ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਨੇ ਸਭਨਾਂ ਲੋਕ-ਪੱਖੀ ਸਾਹਿਤਕਾਰਾਂ ਅਤੇ ਕਲਾਕਾਰਾਂ, ਇਨਕਲਾਬੀ ਤੇ ਲੋਕ-ਪੱਖੀ ਜਥੇਬੰਦੀਆਂ ਅਤੇ ਸਾਹਿਤਕ-ਸਭਿਆਚਾਰਕ ਪਲੇਟਫਾਰਮਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ।
ਜਾਰੀ ਕਰਤਾ:
ਜਸਪਾਲ ਜੱਸੀ, ਕਨਵੀਨਰ
ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ
(ਕਨਵੀਨਰ ਫੋਨ ਨੰ. 9463167923)
ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਸੰਪਰਕ ਨੰ. (ਪਵੇਲ ਕੁੱਸਾ 9417054015, 01636282947, ਅਮੋਲਕ ਸਿੰਘ 9417076735)

(''ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ'' ਵੱਲੋਂ ਜਾਰੀ ਕੀਤਾ ਲੀਫਲੈਟ)
ਲੋਕਾਂ ਦੇ ਧੜੇ ਦੇ ਮਕਬੂਲ ਨਾਟਕਕਾਰ, ਪੰਜਾਬੀ ਨਾਟਕ ਤੇ ਰੰਗਮੰਚ
ਦੇ ਬੁਲੰਦ ਸਿਤਾਰੇ, ਗੁਰਸ਼ਰਨ ਸਿੰਘ ਰੰਗਮੰਚ ਦੇ ਹਮਸਫ਼ਰ ਤੇ ਵਾਰਿਸ,
ਅਜਮੇਰ ਸਿੰਘ ਔਲਖ ਨੂੰ ਭਾਈ ਲਾਲੋ ਕਲਾ ਸਨਮਾਨ ਨਾਲ ਸਤਿਕਾਰਨ ਲਈ
ਇਨਕਲਾਬੀ ਜਨਤਕ ਸਲਾਮ ਸਮਾਰੋਹ
ਸਤਿਕਾਰਯੋਗ ਲੋਕੋ,
ਉੱਘੇ ਨਾਟਕਕਾਰ ਅਜਮੇਰ ਸਿੰਘ ਔਲਖ ਨੂੰ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਵੱਲੋਂ 'ਭਾਈ ਲਾਲੋ ਕਲਾ ਸਨਮਾਨ' ਨਾਲ ਸਤਿਕਾਰਿਆ ਜਾ ਰਿਹਾ ਹੈ। 1 ਮਾਰਚ ਨੂੰ ਪਿੰਡ ਰੱਲਾ (ਮਾਨਸਾ) 'ਚ ਹਜ਼ਾਰਾਂ ਕਿਰਤੀ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ, ਔਰਤਾਂ, ਕਲਾਕਾਰ, ਜਮਹੂਰੀ ਹੱਕਾਂ ਦੇ ਕਾਰਕੁੰਨ ਤੇ ਬੁੱਧੀਜੀਵੀ ਇਕੱਠੇ ਹੋਣਗੇ ਤੇ ਅਜਮੇਰ ਔਲਖ ਦੀ ਨਾਟ-ਕਲਾ ਤੇ ਸਾਹਿਤਕ ਘਾਲਣਾ ਨੂੰ ਸਲਾਮ ਕਰਨਗੇ। ਅੱਜ ਤੋਂ 9 ਵਰ੍ਹੇ ਪਹਿਲਾਂ ਪਿੰਡ ਕੁੱਸਾ (ਮੋਗਾ) 'ਚ ਉੱਘੇ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਨੂੰ ਵਿਸ਼ਾਲ ਇਕੱਠ 'ਚ 'ਇਨਕਲਾਬੀ ਨਿਹਚਾ ਸਨਮਾਨ' ਭੇਂਟ ਕੀਤਾ ਗਿਆ ਸੀ। ਪੰਜਾਬੀ ਸਾਹਿਤ-ਕਲਾ ਜਗਤ ਅਤੇ ਲੋਕ ਹੱਕਾਂ ਦੀ ਲਹਿਰ ਦੇ ਰਿਸ਼ਤੇ 'ਚ ਨਵੇਂ ਦੌਰ ਦੀ ਸ਼ੁਰੂਆਤ ਹੋਈ ਸੀ। ਏਸੇ ਰਵਾਇਤ ਨੂੰ ਜਾਰੀ ਰੱਖਦਿਆਂ ਹੁਣ ਅਜਮੇਰ ਸਿੰਘ ਔਲਖ ਨੂੰ ਸਤਿਕਾਰਿਆ ਜਾ ਰਿਹਾ ਹੈ।
ਇਹ ਸਨਮਾਨ ਲੋਕਾਂ ਦੇ ਧੜੇ ਵੱਲੋਂ ਦਿੱਤਾ ਜਾ ਰਿਹਾ ਹੈ। ਇਸ ਸਪੱਸ਼ਟ ਸੋਝੀ ਨਾਲ ਦਿੱਤਾ ਜਾ ਰਿਹਾ ਹੈ ਕਿ ਸਾਡਾ ਸਮਾਜ ਦੋ ਧੜਿਆਂ 'ਚ ਵੰਡਿਆ ਹੋਇਆ ਹੈ। ਇੱਕ ਪਾਸੇ ਰਾਜ ਭਾਗ ਦੀਆਂ ਮਾਲਕ ਲੁਟੇਰੀਆਂ ਜਮਾਤਾਂ ਹਨ ਤੇ ਦੂਜੇ ਪਾਸੇ ਕਿਰਤੀ ਕਮਾਊ ਲੋਕ ਹਨ। ਸਾਹਿਤਕਾਰ ਤੇ ਕਲਾਕਾਰ ਵੀ ਇਹਨਾਂ ਧੜਿਆਂ ਅਨੁਸਾਰ ਹੀ ਵੰਡੇ ਹੋਏ ਹਨ। ਇੱਕ ਪਾਸੇ ਉਹ ਸਾਹਿਤਕਾਰ-ਕਲਾਕਾਰ ਹਨ ਜਿਨ੍ਹਾਂ ਦੀ ਕਲਾ ਸੁਚੇਤ ਜਾਂ ਅਚੇਤ ਲੁਟੇਰੀਆਂ ਜਮਾਤਾਂ ਦੇ ਹਿਤਾਂ 'ਚ ਭੁਗਤਦੀ ਹੈ। ਉਹ ਕਲਾ ਲੁਟੇਰੇ ਨਿਜ਼ਾਮ ਦੀ ਉਮਰ ਹੋਰ ਲੰਮੀ ਕਰਨ ਦੇ ਹਾਕਮ ਜਮਾਤਾਂ ਦੇ ਹਿਤਾਂ ਦੀ ਸੇਵਾ ਕਰਦੀ ਹੈ। ਲੋਕਾਂ ਦੇ ਮਨਾਂ 'ਚ ਇਸ ਲੁਟੇਰੇ ਨਿਜ਼ਾਮ ਤੇ ਸਮਾਜ ਦੇ ਅਬਦਲ ਹੋਣ ਅਤੇ ਇਉਂ ਹੀ ਦਿਨ ਕਟੀ ਕਰਨ ਦੇ ਵਿਚਾਰਾਂ/ਸੰਸਕਾਰਾਂ ਦਾ ਪਸਾਰ ਕਰਦੀ ਹੈ, ਲੋਕਾਂ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਜ਼ਿੰਦਗੀ ਦੀ ਹਕੀਕੀ ਤਸਵੀਰ ਤੇ ਪਰਦਾ ਪਾਉਣ ਦਾ ਰੋਲ਼ ਅਦਾ ਕਰਦੀ ਹੈ। ਦੂਜੇ ਪਾਸੇ ਲੋਕਾਂ ਦੇ ਧੜੇ ਦੇ ਸਾਹਿਤਕਾਰ, ਕਲਾਕਾਰ ਹਨ ਜਿਹੜੇ ਲੋਕਾਂ ਸਾਹਮਣੇ ਜੀਵਨ ਦੀ ਅਸਲ ਤਸਵੀਰ ਪੇਸ਼ ਕਰਦੇ ਹਨ। ਉਹ ਲੋਕਾਂ ਦੀ ਜ਼ਿੰਦਗੀ ਨੂੰ ਬੇਹਤਰ ਤੇ ਖੁਸ਼ਹਾਲ ਬਣਾਉਣ ਦਾ ਸੁਪਨਾ ਲੈ ਕੇ ਚਲਦੇ ਹਨ। ਅਜਿਹੇ ਸਾਹਿਤਕਾਰ-ਕਲਾਕਾਰ ਲੋਕਾਂ ਦੇ ਧੜੇ ਦੀ ਸੇਵਾ ਕਰਦੇ ਹਨ ਤੇ ਉਹ ਲੋਕਾਂ ਦੇ ਸਨਮਾਨ ਸਤਿਕਾਰ ਦੇ ਹੱਕਦਾਰ ਬਣਦੇ ਹਨ। ਲੋਕਾਂ ਦੇ ਧੜੇ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਸਾਹਿਤਕਾਰਾਂ-ਕਲਾਕਾਰਾਂ ਨੂੰ ਸਾਂਭਣ ਤੇ ਉਹਨਾਂ ਦੀ ਸਾਹਿਤਕ ਘਾਲਣਾ ਦਾ ਮੁੱਲ ਪਾਉਣ। ਇਸ ਸਨਮਾਨ ਰਾਹੀਂ ਲੋਕ ਲਹਿਰ ਇਹੀ ਫ਼ਰਜ਼ ਨਿਭਾਅ ਰਹੀ ਹੈ।
ਅਜਮੇਰ ਸਿੰਘ ਔਲਖ ਪੰਜਾਬੀ ਸਾਹਿਤ ਕਲਾ ਜਗਤ ਦੀਆਂ ਉਹਨਾਂ ਨਾਮਵਰ ਤੇ ਮੋਹਰੀ ਹਸਤੀਆਂ 'ਚ ਸ਼ੁਮਾਰ ਹਨ ਜਿਨ੍ਹਾਂ ਦਾ ਨਵੇਂ ਸਮਾਜ ਦੀ ਉਸਾਰੀ ਦਾ ਸੁਪਨਾ ਹਮੇਸ਼ਾਂ ਕਾਇਮ ਰਿਹਾ ਹੈ। ਸੰਸਾਰ ਭਰ 'ਚ ਅਤੇ ਮੁਲਕ 'ਚ ਵੀ ਅਜਿਹਾ ਭਰੋਸਾ ਹਿੱਲ ਜਾਣ ਦੇ ਕਈ ਦੌਰ ਆਏ ਹਨ, ਮੌਜੂਦਾ ਲੁਟੇਰੇ ਨਿਜ਼ਾਮ ਦੇ ਅਜਿੱਤ ਹੋਣ ਦੇ ਸ਼ੋਰੀਲੇ ਐਲਾਨ ਹੋਏ ਹਨ, ਪਰ ਕਿਰਤ ਦੀ ਸਰਦਾਰੀ ਵਾਲੇ ਨਵੇਂ ਯੁੱਗ ਦੀ ਉਸਾਰੀ ਦਾ ਉਹਨਾਂ ਦਾ ਵਿਸ਼ਵਾਸ ਕਦੇ ਤਿੜਕਿਆ ਨਹੀਂ ਹੈ। ਕਿਰਤੀਆਂ-ਕਿਸਾਨਾਂ ਤੇ ਮਿਹਨਤਕਸ਼ ਤਬਕਿਆਂ ਦੇ ਸੋਹਣੇ ਭਵਿੱਖ ਦੀ ਆਸ ਸਦਾ ਕਾਇਮ ਰਹੀ ਹੈ ਤੇ ਉਹਨਾਂ ਦੀਆਂ ਸਾਹਿਤਕ ਕਲਾ ਕ੍ਰਿਤਾਂ 'ਚ ਪ੍ਰਗਟ ਹੁੰਦੀ ਆ ਰਹੀ ਹੈ।
ਅਜਮੇਰ ਸਿੰਘ ਔਲਖ ਨੇ ਭਾਵੇਂ ਆਪਣੇ ਨਾਟਕਾਂ ਦਾ ਸਫ਼ਰ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਯੁਵਕ ਮੇਲਿਆਂ ਤੋਂ ਸ਼ੁਰੂ ਕੀਤਾ ਪਰ ਬਹੁਤ ਛੇਤੀ ਹੀ ਉਹਨਾਂ ਨੇ ਨਾਟਕ ਨੂੰ ਯੂਨੀਵਰਸਿਟੀ ਤੇ ਕਾਲਜਾਂ ਦੇ ਸੀਮਤ ਦਾਇਰੇ 'ਚੋਂ ਕੱਢ ਕੇ ਮਿਹਨਤਕਸ਼ ਪੇਂਡੂ ਕਿਰਤੀ ਲੋਕਾਂ ਤੱਕ ਪਹੁੰਚਾਇਆ। ਉਹਨਾਂ ਆਪਣੇ ਰੰਗਮੰਚ ਦੀ ਕਰਮ ਭੂਮੀ ਪਿੰਡਾਂ ਨੂੰ ਬਣਾ ਲਿਆ ਤੇ ਮਜ਼ਦੂਰਾਂ ਕਿਸਾਨਾਂ ਦੀ ਜ਼ਿੰਦਗੀ ਨੂੰ ਆਪਣੇ ਨਾਟਕਾਂ ਦੇ ਵਿਸ਼ੇ ਵਜੋਂ ਚੁਣ ਲਿਆ। ਉਹ ਅਜਿਹਾ ਤਾਂ ਕਰ ਸਕੇ ਕਿਉਂਕਿ ਉਹ ਹਮੇਸ਼ਾਂ 'ਕਲਾ ਲੋਕਾਂ ਲਈ' ਦੇ ਵਿਚਾਰ ਦੇ ਧਾਰਨੀ ਬਣ ਕੇ ਚੱਲੇ ਹਨ। ਕਲਾ ਨੂੰ ਸਮਾਜਿਕ ਤਬਦੀਲੀ ਦੇ ਵੱਡੇ ਉਦੇਸ਼ ਦੀ ਪੂਰਤੀ ਦਾ ਸਾਧਨ ਬਣਾਇਆ ਹੈ। ਉਹਨਾਂ ਹਾਕਮ ਜਮਾਤਾਂ ਦੇ ਅਜਿਹੇ ਵਿਚਾਰਾਂ ਨੂੰ ਰੱਦ ਕੀਤਾ ਹੈ ਕਿ ਕਲਾ ਤਾਂ ਸਿਰਫ਼ ਮਨੋਰੰਜਨ ਦਾ ਸਾਧਨ ਹੁੰਦੀ ਹੈ ਤੇ ਜ਼ਿੰਦਗੀ ਦੇ ਗੰਭੀਰ ਮੁੱਦਿਆਂ ਦਾ ਕਲਾ ਦੇ ਖੇਤਰ 'ਚ ਕੋਈ ਸਥਾਨ ਨਹੀਂ ਹੁੰਦਾ ਹੈ। ਉਹਨਾਂ ਲਈ ਕਲਾ ਤਾਂ ਕਿਰਤੀਆਂ ਦੇ ਜੀਵਨ ਦੀ ਅਸਲ ਤਸਵੀਰ ਉਘਾੜਨ ਦਾ ਜ਼ਰੀਆ ਹੈ ਤੇ ਇਹਦੇ ਕੋਹਜ ਨੂੰ ਸੰਵਾਰਨ ਦੀ ਤਾਂਘ ਪੈਦਾ ਕਰ ਦੇਣ ਦਾ ਅਹਿਮ ਹਥਿਆਰ ਹੈ। ਆਪਣੇ ਅਜਿਹੇ ਨਿਸ਼ਾਨੇ ਦੀ ਪੂਰਤੀ ਲਈ ਹੀ ਉਹਨਾਂ ਨੇ ਲੋਕ ਮੁਖੀ ਰੰਗਮੰਚ ਦੀ ਸਿਰਜਣਾ ਕੀਤੀ ਹੈ। ਉਹਨਾਂ ਨੇ ਗੁਰਸ਼ਰਨ ਸਿੰਘ ਦੀਆਂ ਰੰਗਮੰਚ ਪਿਰਤਾਂ ਦੇ ਹਮਸਫ਼ਰ ਰਹਿੰਦਿਆਂ, ਅਜਿਹੇ ਢੰਗ ਤਰੀਕੇ ਖੋਜੇ ਤੇ ਸਿਰਜੇ ਹਨ ਜਿਹਦੇ ਨਾਲ ਸਧਾਰਨ ਕਿਰਤੀ ਲੋਕਾਂ ਤੱਕ ਪਹੁੰਚ ਕੀਤੀ ਜਾ ਸਕੇ। ਏਸੇ ਲੋੜ 'ਚੋਂ ਹੀ ਉਹਨਾਂ ਨੇ ਉੱਚ ਪੱਧਰੀਆਂ ਪਰ ਮਹਿੰਗੀਆਂ ਤਕਨੀਕਾਂ ਤੇ ਨਾਟ-ਜੁਗਤਾਂ ਨੂੰ ਤਿਆਗਿਆ। ਘੱਟ ਤੋਂ ਘੱਟ ਖਰਚੀਲੇ ਤੇ ਜਨ-ਸਾਧਾਰਨ ਦੀ ਪਹੁੰਚ ਵਾਲੇ ਪੰਜਾਬੀ ਰੰਗਮੰਚ ਦਾ ਮੁਹਾਂਦਰਾਂ ਘੜਨ 'ਚ ਉਹਨਾਂ ਦਾ ਅਹਿਮ ਰੋਲ ਹੈ। ਉਹਨਾਂ ਨੇ 70 ਵਿਆਂ ਦੇ ਦਹਾਕੇ 'ਚ ਉਦੋਂ ਆਪਣੀ ਪਤਨੀ ਤੇ ਧੀਆਂ ਨੂੰ ਰੰਗਮੰਚ ਕਲਾਕਾਰਾਂ ਵਜੋਂ ਤੋਰਿਆ ਜਦੋਂ ਔਰਤਾਂ ਦੇ ਸਟੇਜਾਂ 'ਤੇ ਆਉਣ ਨੂੰ ਆਮ ਪੇਂਡੂ ਲੋਕਾਂ ਦੀਆਂ ਨਜ਼ਰਾਂ 'ਚ ਮਾਣ-ਇੱਜ਼ਤ ਵਾਲਾ ਕੰਮ ਨਹੀਂ ਸੀ ਗਿਣਿਆ ਜਾਂਦਾ। ਇਉਂ ਉਹ ਗੁਰਸ਼ਰਨ ਸਿੰਘ ਦੀ 'ਥੜ੍ਹਾ ਥੀਏਟਰ' ਦੀ ਰਵਾਇਤ ਦੇ ਵਾਰਿਸ ਵੀ ਹਨ।
ਆਰਥਿਕ ਖੇਤਰ ਤੋਂ ਲੈ ਕੇ ਸਮਾਜਿਕ ਖੇਤਰ 'ਚ ਪਸਰੇ ਸੰਕਟ ਦਾ ਸੰਤਾਪ ਅਜਮੇਰ ਔਲਖ ਦੇ ਨਾਟਕਾਂ 'ਚੋਂ ਸਪੱਸ਼ਟ ਉੱਘੜਦਾ ਹੈ। ਉਹਨਾਂ ਆਪਣੇ ਮਕਬੂਲ ਨਾਟਕ 'ਬੇਗਾਨੇ ਬੋਹੜ ਦੀ ਛਾਂ' 'ਚ ਬੋਹੜ ਨੂੰ ਅਜਿਹੇ ਆਰਥਿਕ ਸਮਾਜਿਕ ਨਿਜ਼ਾਮ ਦਾ ਚਿੰਨ੍ਹ ਦਰਸਾਇਆ ਹੈ ਜੋ ਲੋਕ ਵਿਰੋਧੀ ਹੈ ਤੇ ਜਿਸਦੀ ਛਾਂ ਥੱਲੇ ਲੋਕ ਕਦੇ ਵੀ ਸੁੱਖਾਂ ਭਰੀ ਜ਼ਿੰਦਗੀ ਨਹੀਂ ਗੁਜ਼ਾਰ ਸਕਦੇ। ਜ਼ਿੰਦਗੀ ਦੀ ਹਕੀਕਤ ਇਸ ਨਾਟਕ 'ਚ ਬਹੁਤ ਹੀ ਕਲਾਮਈ ਢੰਗ ਨਾਲ ਪੇਸ਼ ਹੁੰਦੀ ਹੈ ਜਦ ਇਹ ਸਤਰਾਂ ਗੂੰਜਦੀਆਂ ਹਨ
ਜਨਮ ਧਾਰਿਆ ਢਿੱਡ ਦੀ ਲੋੜ ਵਿੱਚੋਂ
ਮਰ ਜਾਣਗੇ ਢਿੱਡ ਦੀ ਲੋੜ ਥੱਲੇ
ਘੜੀ ਸੁੱਖ ਦੀ ਭਾਲਦੇ ਭਲਾ ਕਿੱਥੋਂ
ਜਿਹੜੇ ਰਹਿਣਗੇ ਬੇਗਾਨੜੇ ਬੋਹੜ ਥੱਲੇ
ਔਲਖ ਦੇ ਨਾਟਕਾਂ ਦਾ ਕੇਂਦਰੀ ਸੰਦੇਸ਼ ਹੈ ਕਿ ਸਮਾਜ 'ਚ ਪਸਰੀਆਂ ਸਮੱਸਿਆਵਾਂ ਦੀ ਜੜ੍ਹ ਮੌਜੂਦਾ ਪੈਸਾ ਪ੍ਰਧਾਨ ਸਮਾਜ ਹੈ ਜੀਹਦੇ 'ਚ ਆਮ ਆਦਮੀ ਦੀ ਵੁੱਕਤ ਇੱਕ ਖੋਟੇ ਪੈਸੇ ਤੋਂ ਜ਼ਿਆਦਾ ਨਹੀਂ ਹੈ। (ਤੂੜੀ ਵਾਲਾ ਕੋਠਾ)
ਉਸਨੇ ਆਪਣੇ ਨਾਟਕਾਂ 'ਚ ਗਰੀਬ ਕਿਸਾਨਾਂ, ਖੇਤ-ਮਜ਼ਦੂਰਾਂ, ਔਰਤਾਂ ਤੇ ਮਜ਼ਲੂਮ ਜਾਤਾਂ ਦੇ ਸੰਤਾਪ ਨੂੰ ਚਿਤਰਿਆ ਹੈ। ਉਹਨਾਂ ਦੇ ਦੁੱਖ ਤਕਲੀਫ਼ਾਂ, ਅਧੂਰੀਆਂ ਖਾਹਿਸ਼ਾਂ-ਉਮੰਗਾਂ ਨੂੰ ਦਿਖਾਇਆ ਹੈ, ਇਹਨਾਂ ਦੇ ਦਮ ਤੋੜਨ ਦਾ ਹਾਲ ਪ੍ਰਗਟਾਇਆ ਹੈ। ਇਹ ਤਸਵੀਰ ਦਰਸ਼ਕ ਨੂੰ ਹਲੂਣਦੀ ਹੈ ਤੇ ਕੁੱਝ ਚੰਗਾ ਕਰਨ ਲਈ ਪ੍ਰੇਰਦੀ ਹੈ। ਉਹਦੇ ਨਾਟਕਾਂ 'ਚ ਮਿਹਨਤਕਸ਼ ਲੋਕਾਂ ਦੀ ਸਿਰਫ਼ ਦੁੱਖ ਦਰਦ ਦੀ ਸੰਤਾਪੀ ਜ਼ਿੰਦਗੀ ਹੀ ਨਹੀਂ ਦਿਖਦੀ ਸਗੋਂ ਇਹਦੇ 'ਚੋਂ ਪੈਦਾ ਹੁੰਦਾ ਗੁੱਸਾ ਤੇ ਰੋਹ ਵੀ ਝਲਕਦਾ ਹੈ। ਇਹਨਾਂ ਸਥਿਤੀਆਂ 'ਚੋਂ ਜਨਮ ਲੈਂਦੀ ਸੰਘਰਸ਼ ਚੇਤਨਾ ਦੇ ਝਲਕਾਰਿਆਂ ਨਾਲ ਜ਼ਿੰਦਗੀ ਦੇ ਹੋਰ ਸੋਹਣੀ ਹੋ ਸਕਣ ਦੀ ਆਸ ਵੀ ਬੰਨ੍ਹਾਉਂਦਾ ਹੈ। ਉਹਦੀ ਸਮੁੱਚੀ ਨਾਟ ਰਚਨਾ 'ਚ ਕਿਰਤ ਦੀ ਵਡਿਆਈ ਤੇ ਉਹਦੀ ਰਾਖੀ ਦਾ ਸੁਨੇਹਾ ਰਚਿਆ ਹੋਇਆ ਹੈ।
ਅਜਮੇਰ ਸਿੰਘ ਔਲਖ ਨੇ ਪ੍ਰਚਲਿਤ ਸਮਾਜਿਕ ਧਾਰਨਾਵਾਂ ਦੇ ਪਿੱਛੇ ਛੁਪੀ ਕਰੂਰ ਹਕੀਕਤ ਨੂੰ ਬਹੁਤ ਹੀ ਕਲਾਤਮਕ ਢੰਗ ਨਾਲ ਉਘਾੜਿਆ ਹੈ। ਆਦਮੀ ਦਾ ਅਣਵਿਆਹਿਆ ਰਹਿ ਜਾਣਾ ਔਲਖ ਲਈ ਮਜ਼ਾਕ ਦਾ ਮੁੱਦਾ ਨਹੀਂ ਸਗੋਂ ਗੁਜ਼ਾਰੇ ਦੇ ਸਾਧਨਾਂ ਦੀ ਤੋਟ 'ਚੋਂ ਉਪਜੀ ਗ਼ਰੀਬ ਆਦਮੀ ਦੀ ਤ੍ਰਾਸਦੀ ਹੈ। ਗਰੀਬ ਕਿਸਾਨੀ 'ਚ ਅਣਵਿਆਹੇ ਆਦਮੀਆਂ ਦੀ ਤ੍ਰਾਸਦੀ ਤੇ ਉਸੇ ਘਰ ਦੀਆਂ ਔਰਤਾਂ ਦੇ ਜੀਵਨ ਹਾਲਤਾਂ ਨੂੰ ਔਲਖ ਨੇ ਇਉਂ ਪੇਸ਼ ਕੀਤਾ ਹੈ ਕਿ ਸਧਾਰਨ ਦਿਖਦੇ ਅਜਿਹੇ ਸਮਾਜਿਕ ਵਰਤਾਰੇ ਰੜਕਣ ਲੱਗ ਜਾਂਦੇ ਹਨ। ਉਹਦੇ ਨਾਟਕ ਅਜਿਹੇ ਸੰਸਕਾਰਾਂ ਤੇ ਸੋਚਾਂ ਦੇ ਅਸਰਾਂ ਨੂੰ ਖੋਰਨ 'ਚ ਸਹਾਈ ਹੁੰਦੇ ਹਨ ਜਿਹੜੀਆਂ ਸੋਚਾਂ ਮੌਜੂਦਾ ਲੁਟੇਰੇ ਸਮਾਜਿਕ ਨਿਜ਼ਾਮ ਨੂੰ ਤਾਕਤ ਬਖਸ਼ਦੀਆਂ ਹਨ ਤੇ ਇਹਦੀ ਇਨਕਲਾਬੀ ਤਬਦੀਲੀ ਲਈ ਸੰਘਰਸ਼ ਕਰਦੇ ਲੋਕਾਂ ਦੀ ਤਿਆਰੀ ਨੂੰ ਨਾਂਹ-ਪੱਖੀ ਰੁਖ਼ ਪ੍ਰਭਾਵਿਤ ਕਰਦੀਆਂ ਹਨ। ਸਮਾਜਿਕ ਵਿਕਾਸ 'ਚ ਅੜਿੱਕਾ ਬਣਦੀ ਜਗੀਰੂ ਚੌਧਰ, ਮਰਦਾਵਾਂ ਸਮਾਜਿਕ ਦਾਬਾ ਤੇ ਜਾਤਪਾਤੀ ਸਮਾਜਕ ਦਾਬਾ ਵਿਤਕਰਾ ਉਸਦੀ ਕਲਾ ਦਾ ਵਿਸ਼ੇਸ਼ ਚੋਟ-ਨਿਸ਼ਾਨਾ ਹਨ। ਉਸਦੀ ਕਲਾ ਦਾ ਝੰਜੋੜਾ ਪਿਛਾਂਹ-ਖਿੱਚੂ ਸੋਚਾਂ ਸੰਸਕਾਰਾਂ ਨੂੰ ਤਿਆਗਣ ਤੇ ਨਵਾਂ ਸਮਾਜ ਬਣਾਉਣ ਦਾ ਇਨਕਲਾਬੀ ਉੱਦਮ ਜੁਟਾਉਣ ਲਈ ਪ੍ਰੇਰਦਾ ਹੈ। ਅਖੌਤੀ ਨੀਵੀਆਂ ਜਾਤਾਂ ਲਈ ਉਹਦੇ ਨਾਟਕਾਂ 'ਚ ਤਰਸ ਦੀ ਭਾਵਨਾ ਦੀ ਥਾਂ ਮਾਣ ਨਾਲ ਸਿਰ ਉੁੱਚਾ ਕਰਕੇ ਜਿਉਣ ਦੀ ਅਧਿਕਾਰ ਜਤਾਈ ਝਲਕਦੀ ਹੈ।
ਅਜਮੇਰ ਔਲਖ ਦਾ ਨਾਟਕ ਤੇ ਰੰਗਮੰਚ ਲੋਕ ਲਹਿਰ ਦੇ ਨਾਲ ਨਾਲ ਤੁਰਿਆ ਹੈ। 80 ਵਿਆਂ ਦੇ ਸ਼ੁਰੂ 'ਚ ਲਿਖੇ ਉਸਦੇ ਨਾਟਕਾਂ 'ਚ ਆੜ੍ਹਤੀਆਂ ਸ਼ਾਹੂਕਾਰਾਂ ਦੀ ਲੁੱਟ ਦੀ ਸਤਾਈ ਗਰੀਬ ਕਿਸਾਨੀ ਤੇ ਖੇਤ-ਮਜ਼ਦੂਰਾਂ 'ਚ ਉਬਾਲੇ ਮਾਰਦੇ ਗੁੱਸੇ ਦੀ ਤਸਵੀਰ ਹੈ। ਇਸ ਗੁੱਸੇ ਦੇ ਗ਼ਲਤ ਲੀਹ ਤੇ ਚੜ੍ਹ ਜਾਣ ਤਾ ਤੌਖ਼ਲਾ ਵੀ ਹੈ ਤੇ ਸਹੀ ਲੀਹ ਤੇ ਤੋਰਨ ਲਈ ਵੱਡੇ ਸਾਂਝੇ ਦੁਸ਼ਮਣ ਖਿਲਾਫ਼ ਸੰਘਰਸ਼ਾਂ ਦੀ ਧਾਰ ਸੇਧਤ ਕਰਨ ਦੀ ਦਿਸ਼ਾ ਵੀ ਹੈ। ਮੌਜੂਦਾ ਨਿੱਜੀਕਰਨ ਸੰਸਾਰੀਕਰਨ ਦੇ ਹੱਲੇ ਦੇ ਦੌਰ 'ਚ ਉਸਨੇ ਜ਼ਮੀਨੀ ਘੋਲ ਨੂੰ ਆਪਣੀਆਂ ਕਲਾ-ਕ੍ਰਿਤਾਂ ਦਾ ਵਿਸ਼ਾ ਬਣਾਇਆ ਹੈ। ਔਲਖ ਨੇ ਗੋਬਿੰਦਪੁਰੇ 'ਚ ਚੱਲੇ ਘੋਲ ਨਾਲ ਬਹੁਤ ਗਹਿਰਾ ਸਰੋਕਾਰ ਦਿਖਾਉਂਦਿਆਂ ਨਾਟਕ 'ਐਇੰ ਨੀਂ ਹੁਣ ਸਰਨਾ' ਲਿਖ ਕੇ, ਹਕੂਮਤੀ ਤੇ ਕਾਰਪੋਰੇਟ ਲਾਣੇ ਦੀਆਂ ਲੋਟੂ ਵਿਉਂਤਾਂ ਦਾ ਪਾਜ ਉਘੇੜਦਿਆਂ, ਕਿਸਾਨੀ ਸੰਘਰਸ਼ ਦੀ ਲੋੜ ਨੂੰ ਉਭਾਰਿਆ ਹੈ। 'ਸਰਮਾਏਦਾਰਾਂ ਨੂੰ ਚਿੱਤ ਕਰਨ ਲਈ' ਹਰ ਹਥਿਆਰ ਵਰਤਣ ਦਾ ਸੰਦੇਸ਼ ਦਿੱਤਾ ਹੈ। ਖਾਲਿਸਤਾਨੀ ਦਹਿਸ਼ਤਗਰਦੀ ਦੇ ਦੌਰ 'ਚ ਔਲਖ ਆਪਣੇ ਨਾਟਕ 'ਅੰਨ੍ਹੇ ਨਿਸ਼ਾਨਚੀ' ਰਾਹੀਂ ਫ਼ਿਰਕੂ ਸਿਆਸਤ ਦਾ ਪਾਜ ਉਘੇੜਦਿਆਂ, ਭਾਈਚਾਰਕ ਏਕਤਾ ਦਾ ਸੰਦੇਸ਼ ਦਿੰਦਾ ਰਿਹਾ ਹੈ। ਲੋਕ ਮਨਾਂ 'ਤੇ ਪੱਸਰੀ ਅੰਧਵਿਸ਼ਵਾਸਾਂ ਦੀ ਧੁੰਦ ਨੂੰ ਦੂਰ ਕਰਨ ਲਈ ਤਰਕਸ਼ੀਲ ਲਹਿਰ ਦੀ ਮਹੱਤਤਾ ਨੂੰ ਉਭਾਰਦਾ ਨਾਟਕ ''ਚਾਨਣ ਦੇ ਵਣਜਾਰੇ'' ਲਿਖਿਆ ਤੇ ਖੇਡਿਆ ਹੈ। ਗਦਰ ਸ਼ਤਾਬਦੀ ਮੌਕੇ ਗਦਰ ਲਹਿਰ ਦੀ ਵਿਰਾਂਗਣ ਗੁਲਾਬ ਕੌਰ ਦੀ ਕਰਨੀ ਰਾਹੀਂ ਲਹਿਰ ਦੀ ਦੇਣ ਦਰਸਾਉਂਦਾ ਨਾਟਕ ''ਤੂੰ ਚਰਖਾ ਘੁਕਦਾ ਰੱਖ ਜਿੰਦੇ'' ਲੋਕਾਂ ਨੂੰ ਦਿੱਤਾ ਹੈ।
ਏਨੀ ਬਰੀਕੀ 'ਚ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਚਿਤਰ ਸਕਣ 'ਚ ਉਹਦੀ ਇਨਕਲਾਬੀ ਦ੍ਰਿਸ਼ਟੀ ਦੇ ਨਾਲ ਨਾਲ ਉਹਦਾ ਆਪਣਾ ਪੇਂਡੂ ਕਿਸਾਨੀ ਜੀਵਨ ਦਾ ਸਿੱਧਾ ਅਨੁਭਵ ਵੀ ਹੈ। ਇੱਕ ਗ਼ਰੀਬ ਕਿਸਾਨ ਮੁਜਾਰੇ ਪਰਿਵਾਰ 'ਚ ਜਨਮੇ ਅਜਮੇਰ ਔਲਖ ਨੇ ਗਰੀਬ ਕਿਸਾਨੀ ਦੀਆਂ ਮੁਸ਼ਕਿਲਾਂ ਨੂੰ ਆਪਣੇ ਪਿੰਡੇ ਤੇ ਹੰਢਾਇਆ ਹੈ ਜਗੀਰਦਾਰਾਂ ਦੇ ਜਬਰ ਦਾ ਸੇਕ ਝੱਲਿਆ ਹੈ। ਥੁੜ-ਜ਼ਮੀਨੇ ਕਿਸਾਨ ਪਰਿਵਾਰ ਦੀਆਂ ਤੋਟਾਂ ਭਰੀ ਜ਼ਿੰਦਗੀ 'ਚ ਬਚਪਨ ਗੁਜ਼ਾਰਿਆ ਹੈ। ਨਿੱਕੇ ਹੁੰਦਿਆਂ ਔਲਖ ਵੱਲੋਂ ਆਪਣੀ ਮਾਂ ਤੋਂ ਮੱਕੀ ਦੀ ਛੱਲੀ ਮੰਗਣ ਤੇ ਮਾਂ ਵੱਲੋਂ ਖੇਤੋਂ ਛੱਲੀ ਲਿਆਉਣ ਮੌਕੇ ਜਗੀਰਦਾਰਾਂ ਦੇ ਗੁੰਡਿਆਂ ਵੱਲੋਂ ਪੰਡ ਦੀ ਤਲਾਸ਼ੀ ਲੈਣ ਤੇ ਮਾਂ ਵੱਲੋਂ ਗੁੱਸੇ 'ਚ ਛੱਲੀ ਵਗ੍ਹਾ ਮਾਰਨ ਦੀ ਘਟਨਾ ਉਹਦੇ ਚੇਤਿਆਂ 'ਚ ਡੂੰਘੀ ਤਰ੍ਹਾਂ ਉੱਕਰੀ ਪਈ ਹੈ। ਇਉਂ ਹੀ ਮਗਰੋਂ ਚੜ੍ਹਦੀ ਜਵਾਨੀ ਵੇਲੇ ਜਗੀਰਦਾਰ ਵੱਲੋਂ ਉਹਦੀ ਪਿੱਠ 'ਤੇ ਮਾਰੇ ਠੁੱਡੇ ਦੀ ਪੀੜ ਅਜਮੇਰ ਔਲਖ ਨੂੰ ਅਜੇ ਵੀ ਮਹਿਸੂਸ ਹੁੰਦੀ ਹੈ। ਉਹਨੇ ਕਿਸਾਨਾਂ ਦੀ ਲੁੱਟ ਦਾ ਸੰਤਾਪ ਦੇਖਿਆ ਤੇ ਖੇਤਾਂ ਦੀ ਰਾਖੀ ਲਈ ਉੱਠਦੇ ਕਿਸਾਨ ਉਭਾਰ ਦੇ ਦਿਨਾਂ 'ਚ ਹੀ ਪਲ਼ ਕੇ ਵੱਡਾ ਹੋਇਆ। ਉਹਦੇ ਮਨ 'ਚ ਪੈਪਸੂ ਦੀ ਜੁਝਾਰ ਮੁਜਾਰਾ ਲਹਿਰ ਦੀ ਚੜ੍ਹਤ ਦੇ ਦਿਨਾਂ ਦੀਆਂ ਯਾਦਾਂ ਸਾਂਭੀਆਂ ਪਈਆਂ ਹਨ। ਬਚਪਨ 'ਚ ਕਿਸਾਨ ਸੰਘਰਸ਼ਾਂ ਦੀਆਂ ਸਟੇਜਾਂ ਤੋਂ ਆਪਣੇ ਰਚੇ ਗੀਤ ਗਾਉਂਦਿਆਂ ਉਹਨੇ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ। ਇਉਂ ਉਹ ਕਿਸਾਨ ਸੰਘਰਸ਼ਾਂ ਦੀ ਗੁੜ੍ਹਤੀ ਲੈ ਕੇ ਸਾਹਿਤਕ ਪਿੜ 'ਚ ਆਇਆ। ਉੱਘੇ ਕਿਸਾਨ ਆਗੂ ਧਰਮ ਸਿੰਘ ਫੱਕਰ ਵੱਲੋਂ ਉਹਦੇ ਗੀਤ ਬਦਲੇ ਦਿੱਤੀ ਹੱਲਾਸ਼ੇਰੀ ਤੇ ਇੱਕ ਰੁਪਏ ਦਾ ਇਨਾਮ ਅੱਜ ਵੀ ਅਜਮੇਰ ਔਲਖ ਨੂੰ ਕਿਸਾਨ ਮਜ਼ਦੂਰ ਹਿਤਾਂ ਲਈ ਕਲਮ ਚਲਾਉਣ ਤੇ ਨਾਟਕ ਖੇਡਣ ਦੀ ਪ੍ਰੇਰਨਾ ਦਿੰਦਾ ਹੈ।
ਕਲਾ ਤੇ ਸਾਹਿਤਕ ਖੇਤਰ ਦੀ ਘਾਲਣਾ ਦੇ ਨਾਲ ਅਜਮੇਰ ਸਿੰਘ ਔਲਖ ਨੇ ਲੋਕ ਹੱਕਾਂ ਦੀ ਲਹਿਰ 'ਚ ਇੱਕ ਜਮਹੂਰੀ ਕਾਰਕੁੰਨ ਵਜੋਂ ਵੀ ਰੋਲ ਅਦਾ ਕੀਤਾ ਹੈ। ਉਹ ਅਜਿਹੇ ਦੌਰ 'ਚ ਅੱਗੇ ਆਇਆ ਜਦੋਂ ਵੱਡੀਆਂ ਬਹੁਕੌਮੀ ਕੰਪਨੀਆਂ ਦੀ ਅੰਨ੍ਹੀ ਲੁੱਟ ਲਈ ਦੇਸ਼ ਦੇ ਕਿਰਤੀ ਲੋਕਾਂ ਤੇ ਹਕੂਮਤੀ ਜਬਰ ਦਾ ਕੁਹਾੜਾ ਤੇਜ਼ ਕੀਤਾ ਗਿਆ। ਜੰਗਲਾਂ ਤੇ ਜ਼ਮੀਨਾਂ ਦੀ ਰਾਖੀ ਲਈ ਜੂਝਦੇ ਆਦਿਵਾਸੀਆਂ ਦਾ ਸ਼ਿਕਾਰ ਖੇਡਣ ਲਈ 'ਅਪ੍ਰੇਸ਼ਨ ਗਰੀਨ ਹੰਟ' ਸ਼ੁਰੂ ਕੀਤਾ ਗਿਆ ਤਾਂ ਪੰਜਾਬ 'ਚ 'ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ' ਨਾਂ ਦੇ ਪਲੇਟਫਾਰਮ ਨੇ ਇਸ ਹਕੂਮਤੀ ਜਬਰ ਖਿਲਾਫ਼ ਜ਼ੋਰਦਾਰ ਆਵਾਜ਼ ਉਠਾਈ। ਅਜਮੇਰ ਔਲਖ ਇਸ ਫਰੰਟ ਦੀਆਂ ਮੋਹਰੀ ਕਤਾਰਾਂ 'ਚ ਖੜ੍ਹਾ ਹੈ। ਉਹ ਜਮਹੂਰੀ ਅਧਿਕਾਰ ਸਭਾ ਦਾ ਪੰਜਾਬ ਦਾ ਪ੍ਰਧਾਨ ਬਣਿਆ। ਅੱਜ ਕੱਲ੍ਹ ਉਹ ਲੋਕਾਂ 'ਚ ਜਮਹੂਰੀ ਹੱਕਾਂ ਦੀ ਸੋਝੀ ਦਾ ਪਸਾਰਾ ਕਰਨ ਤੇ ਹਕੂਮਤੀ ਜਬਰ ਦਾ ਵਿਰੋਧ ਕਰਨ ਦੀਆਂ ਸਰਗਰਮੀਆਂ ਦਾ ਮੋਢੀ ਹੈ। ਉਹ ਸ਼ਹੀਦ ਭਗਤ ਸਿੰਘ ਜਨਮ ਸ਼ਤਾਬਦੀ ਮੌਕੇ ਚੱਲੀ 'ਰਾਜ ਬਦਲੋ, ਸਮਾਜ ਬਦਲੋ' ਨਾਂ ਦੀ ਵਿਸ਼ਾਲ ਜਨਤਕ ਮੁਹਿੰਮ ਦਾ ਅੰਗ ਰਿਹਾ ਹੈ।
ਅਜਮੇਰ ਔਲਖ ਦੇ ਸਨਮਾਨ ਰਾਹੀਂ ਪੰਜਾਬ ਦੀ ਇਨਕਲਾਬੀ ਲਹਿਰ ਉਹਨਾਂ ਸਭਨਾਂ ਸਾਹਿਤਕਾਰਾਂ, ਕਲਾਕਾਰਾਂ ਨੂੰ ਸਲਾਮ ਕਰ ਰਹੀ ਹੈ ਜਿਨ੍ਹਾਂ ਨੇ ਲੋਕਾਂ ਦੇ ਸੋਹਣੇ ਭਵਿੱਖ ਦਾ ਸੁਪਨਾ ਲਿਆ ਹੈ। ਪੰਜਾਬੀ ਸਾਹਿਤ ਦੀ ਇਹ ਲੋਕ ਪੱਖੀ ਦ੍ਰਿਸ਼ਟੀ ਯੁੱਗਾਂ ਯੁੱਗਾਂ ਤੋਂ ਚੱਲਦੀ ਆਈ ਹੈ। ਸਾਡੇ ਦੇਸ਼ 'ਚ ਪੁਰਾਤਨ ਸਮਿਆਂ ਤੋਂ ਹੀ ਸਾਹਿਤ ਦਾ ਮਨੋਰਥ ਸੱਚ ਪ੍ਰਗਟਾਉਣਾ ਦੱਸਿਆ ਜਾਂਦਾ ਰਿਹਾ ਹੈ। ਪੰਜਾਬੀ ਸਾਹਿਤ ਰਾਜੇ ਮਹਾਰਾਜਿਆਂ ਦੇ ਜਬਰ ਨੂੰ ਲਲਕਾਰਾਦਾ ਆਇਆ ਹੈ। ਬਾਬੇ ਨਾਨਕ ਵੱਲੋਂ ਆਪਣੇ ਸੁਨੇਹੇ ਲਈ ਸਾਹਿਤ ਕਲਾ ਦੇ ਹਥਿਆਰ ਦੀ ਵਰਤੋਂ ਦਾ ਹੀ ਕਮਾਲ ਹੈ ਕਿ ਉਹਦਾ ਹੋਕਾ ਭਾਈ ਲਾਲੋਆਂ ਨੂੰ ਜਾਗ੍ਰਿਤ ਕਰਦਾ ਆ ਰਿਹਾ ਹੈ। ਸਾਹਿਤ ਕਲਾ ਦਾ ਖੇਤਰ ਲੋਕਾਂ ਦੀ ਮੁਕਤੀ ਲਈ ਸੰਘਰਸ਼ ਦਾ ਅਹਿਮ ਹਥਿਆਰ ਬਣਦਾ ਰਿਹਾ ਹੈ। ਪੰਜਾਬ 'ਚ ਕਿਸੇ ਵੇਲੇ ਚੱਲੀ ਇਪਟਾ ਲਹਿਰ ਦੇ ਨਾਟਕਾਂ ਤੇ ਓਪੇਰਿਆਂ ਨੇ ਮਿਹਨਤਕਸ਼ ਜਨਤਾ ਨੂੰ ਕਲਾ ਨਾਲ ਹਲੂਣ ਜਗਾਉਣ ਦਾ ਰੋਲ ਨਿਭਾਇਆ ਸੀ। ਗੁਰਸ਼ਰਨ ਸਿੰਘ ਦੀ ਅਗਵਾਈ 'ਚ ਚੱਲਦੀ ਰਹੀ ਨਾਟਕ ਲਹਿਰ ਨੇ ਹਮੇਸ਼ਾਂ ਹੀ ਪੰਜਾਬ ਦੀ ਲੋਕ ਲਹਿਰ ਦਾ ਅਹਿਮ ਮੋਰਚਾ ਸੰਭਾਲੀ ਰੱਖਿਆ ਹੈ। ਸਾਹਿਤ ਕਲਾ ਦੀ ਤਾਕਤ ਸਾਡਾ ਵਿਰਸਾ ਵੀ ਦਰਸਾਉਂਦਾ ਹੈ, ਚੰਡੀ ਦੀ ਵਾਰ ਸੂਰਮਿਆਂ ਵਿੱਚ ਮੈਦਾਨ-ਏ-ਜੰਗ 'ਚ ਜਾਣ ਦਾ ਜੋਸ਼ ਭਰਦੀ ਰਹੀ ਹੈ। ਲੋਕ ਪੱਖੀ ਸਾਹਿਤ ਕਲਾ ਦੀ ਤਾਕਤ ਤੋਂ ਹਾਕਮ ਘਬਰਾਉਂਦੇ ਆਏ ਹਨ। ਉਹ ਲੋਕ ਪੱਖੀ ਕਲਾਕਾਰਾਂ ਸਾਹਿਤਕਾਰਾਂ ਨੂੰ ਕਤਲ ਕਰਵਾਉਦੇ, ਜੇਲੀਂ ਡੱਕਦੇ ਤੇ ਜਬਰ ਢਾਹੁੰਦੇ ਰਹੇ ਹਨ। ਉੱਘੇ ਕਵੀ ਪਾਸ਼ ਦਾ ਕਤਲ, ਲੋਕ ਪੱਖੀ ਨਾਟਕਕਾਰ ਸਫ਼ਦਰ ਹਾਸ਼ਮੀ ਦੇ ਕਤਲ ਤੋਂ ਲੈ ਕੇ, ਲੋਕਾਂ ਨੂੰ ਜਗਾਉਂਦੇ ਨਾਟਕਾਂ ਗੀਤਾਂ ਤੇ ਪਾਬੰਦੀਆਂ ਮੜ੍ਹਦੇ ਆਏ ਹਨ।
ਇਹ ਸਨਮਾਨ ਹਕੂਮਤਾਂ ਦੇ ਸੋਹਲੇ ਗਾਉਣ ਵਾਲੇ ਦਰਬਾਰੀ ਸਾਹਿਤਾਰਾਂ ਤੋਂ ਨਿਖੇੜੇ ਦੀ ਲਕੀਰ ਖਿੱਚ ਕੇ ਦਿੱਤਾ ਜਾ ਰਿਹਾ ਹੈ। ਇਹ ਉਹਨਾਂ ਦਾ ਸਨਮਾਨ ਨਹੀਂ ਹੈ ਜਿਨ੍ਹਾਂ ਨੇ ਤਰੱਕੀਆਂ ਕਰਦਾ ਦੇਸ਼ ਦਿਖਾ ਕੇ, ਸਾਡੇ ਖੇਤਾਂ ਤੇ ਘਰਾਂ 'ਚ ਬਹਾਰਾਂ ਦਰਸਾ ਕੇ ਲੋਕਾਂ ਦੀਆਂ ਅੱਖਾਂ ਤੇ ਪੱਟੀ ਬੰਨ੍ਹਣ ਦਾ ਯਤਨ ਕੀਤਾ ਹੈ। ਨਾ ਉਹਨਾਂ ਦਾ ਸਨਮਾਨ ਹੈ ਜਿਨ੍ਹਾਂ ਨੇ ਸਰਮਾਏਦਾਰਾਂ ਦੇ ਵਪਾਰਕ ਹਿਤਾਂ ਲਈ ਆਪਣੀ ਕਲਾ ਦਾ ਮੁੱਲ ਵੱਟਿਆ ਹੈ। ਨੌਜਵਾਨ ਪੀੜ੍ਹੀ ਨੂੰ ਲੱਚਰਤਾ, ਅੱਯਾਸ਼ੀ ਤੇ ਫੋਕੀ ਸ਼ੋਹਰਤ ਦੇ ਡੂੰਘੇ ਸਮੁੰਦਰਾਂ 'ਚ ਡੁਬੋਣ ਦਾ ਯਤਨ ਕੀਤਾ ਹੈ।
ਮੰਡੀ ਦੇ ਯੁੱਗ 'ਚ ਸਾਹਿਤਕਾਰਾਂ ਕਲਾਕਾਰਾਂ ਲਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਹੈ। ਪੂੰਜੀ ਦੇ ਬੋਲਬਾਲੇ ਦੇ ਦੌਰ 'ਚ ਸਭ ਕੁਝ ਵਿਕਾਊ ਹੈ। ਹਾਕਮ ਜਮਾਤਾਂ ਵੱਲੋਂ ਪਰੋਸੇ ਜਾ ਰਹੇ ਲਾਲਚ ਸਾਹਿਤਕਾਰਾਂ ਕਲਾਕਾਰਾਂ ਦੇ ਪੈਰ ਉਖਾੜ ਰਹੇ ਹਨ ਤੇ ਲੋਕਾਂ ਦੇ ਕਾਜ਼ ਪ੍ਰਤੀ ਵਫ਼ਾਦਾਰੀ ਤੇ ਸਮਾਜ ਬਦਲੀ ਦੀ ਨਿਹਚਾ ਦੀ ਪਰਖ ਹੋ ਰਹੀ ਹੈ ਤਾਂ ਅਜਮੇਰ ਔਲਖ ਇਸ ਦੌਰ 'ਚ ਪੈਰ ਗੱਡ ਕੇ ਲੋਕਾਂ ਦੀ ਧਿਰ ਨਾਲ ਖੜ੍ਹੇ ਹਨ ਤੇ ਵਫ਼ਾ ਨਿਭਾਈ ਹੈ। ਉਹ ਵੱਡੀਆਂ ਕਮਾਈਆਂ ਤੇ ਸ਼ੋਹਰਤਾਂ ਲਈ ਕਲਾ ਨੂੰ ਵੇਚਣ ਦੇ ਰਾਹ ਨਹੀਂ ਪਏ।
ਸਨ 2008 'ਚ ਉਹਨਾਂ ਨੂੰ ਚਿੰਬੜੀ ਕੈਂਸਰ ਦੀ ਬਿਮਾਰੀ ਨੂੰ ਲੈ ਕੇ ਸੰਘਰਸ਼ਸ਼ੀਲ ਲੋਕਾਂ 'ਚ ਉੱਠੀ ਫ਼ਿਕਰਮੰਦੀ ਤੇ ਗਹਿਰੇ ਸਰੋਕਾਰ ਦਾ ਪ੍ਰਗਟਾਵਾ ਉਹਨਾਂ ਦੇ ਇਲਾਜ ਲਈ ਆਰਥਿਕ ਸਹਾਇਤਾ ਜੁਟਾਉਣ ਦੀ ਮੁਹਿੰਮ ਰਾਹੀਂ ਹੋਇਆ ਸੀ। ਬਿਸਤਰ ਤੇ ਪਿਆਂ ਲੋਕਾਂ ਦੀ ਇਸ ਦੇਣ ਦਾ 'ਕਰਜ਼ਾ' ਚੁਕਾਉਣ ਦਾ ਐਲਾਨ ਉਹਨਾਂ ਇੱਕ ਕਵਿਤਾ ਰਾਹੀਂ ਕੀਤਾ ਸੀ। ਜਿਹਦੇ ਵਿੱਚ ਮੌਤ ਨੂੰ ਵੰਗਾਰਦਿਆਂ ਉਹਨਾਂ ਕਿਹਾ ਸੀ -
ਮੈਂ ਦੱਸਾਂਗਾ ਉਸਨੂੰ
ਕਿ ਕਿਰਤ, ਸਿਰਜਣਾ ਤੇ ਜ਼ਿੰਦਗੀ ਮੇਰੇ ਸੰਗ ਨੇ
ਕੁਝ ਨਹੀਂ ਵਿਗਾੜ ਸਕਦੀ ਤੂੰ ਮੇਰਾ
ਉਹਨਾਂ ਐਲਾਨ ਕੀਤਾ —
ਹੇ ਜ਼ਿੰਦਗੀ ਮੈਂ ਆ ਰਿਹੈਂ
ਮੇਰੇ ਸਿਰ ਚੜ੍ਹਿਆ ਤੇਰਾ ਕਰਜ਼ਾ
ਉਤਾਰਨ ਵਾਸਤੇ
ਇਹ ਐਲਾਨ ਲੋਕ ਪੱਖੀ ਸਾਹਿਤ ਕਲਾ ਸਿਰਜਣਾ ਦੇ ਖੇਤਰ 'ਚ ਹੋਰ ਸ਼ਿੱਦਤ ਤੇ ਲਗਨ ਨਾਲ ''ਆਪਣੀ ਥਾਂ'' ਲੈਣ ਦੀ ਤਾਂਘ ਦਾ ਪ੍ਰਗਟਾਵਾ ਸੀ ਅਤੇ ਲੋਕਾਂ ਦੀਆਂ ਆਸਾਂ ਨੂੰ ਹੁੰਗਾਰਾ ਸੀ। ਗੰਭੀਰ ਬਿਮਾਰੀ ਦੀ ਹਾਲਤ 'ਚ ਅਜਿਹੀ ਘਾਲਣਾ ਨਾ ਸਿਰਫ਼ ਲੋਕ ਪੱਖੀ ਕਲਾਕਾਰਾਂ ਲਈ ਇੱਕ ਸ਼ਾਨਾਮੱਤੀ ਮਿਸਾਲ ਹੈ ਸਗੋਂ ਲੋਕ ਘੁਲਾਟੀਆਂ ਲਈ ਵੀ ਪ੍ਰੇਰਨਾ ਬਣ ਰਹੀ ਹੈ। ਲੋਕ ਰੰਗਮੰਚ ਦੇ ਮੋਰਚੇ ਤੇ ਡਟੇ ਜੁਝਾਰ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹੋਏ ਆਓ ਉਹਨਾਂ ਦੀ ਸਾਹਿਤਕ ਘਾਲਣਾ ਨੂੰ ਸਲਾਮ ਕਰੀਏ। ਲੋਕ ਹੱਕਾਂ ਦੀ ਲਹਿਰ ਤੇ ਸਾਹਿਤ-ਕਲਾ ਦੇ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਦਿਆਂ ਨਵੇਂ ਸਮਾਜ ਦੀ ਉਸਾਰੀ ਲਈ ਚੱਲ ਰਹੇ ਸੰਗਰਾਮਾਂ ਦੇ ਕਾਫ਼ਲੇ ਨੂੰ ਹੋਰ ਵੱਡਾ ਤੇ ਮਜ਼ਬੂਤ ਕਰੀਏ।
'ਅਜਮੇਰ ਔਲਖ ਜਨਤਕ ਸਲਾਮ ਤੇ ਸਨਮਾਨ ਮੁਹਿੰਮ' ਸ਼ੁਰੂ ਹੋ ਚੁੱਕੀ ਹੈ। ਵੱਖ-ਵੱਖ ਖੇਤਰਾਂ 'ਚ ਸਾਹਿਤਕਾਰਾਂ, ਕਲਾਕਾਰਾਂ ਤੇ ਲੋਕ ਸੰਘਰਸ਼ਾਂ ਦੇ ਕਾਰਕੁੰਨਾਂ ਦੀਆਂ ਸਾਂਝੀਆਂ ਤਿਆਰੀ/ਸਮਰਥਨ ਕਮੇਟੀਆਂ ਹੋਂਦ 'ਚ ਆ ਚੁੱਕੀਆਂ ਹਨ ਤੇ ਨਾਟਕ ਸਮਾਗਮਾਂ, ਮੀਟਿੰਗਾਂ, ਰੈਲੀਆਂ ਮਾਰਚਾਂ ਦਾ ਸਿਲਸਿਲਾ ਛਿੜ ਚੁੱਕਿਆ ਹੈ। ਆਪ ਸਭ ਨੂੰ ਇਸ ਮੁਹਿੰਮ 'ਚ ਵਧ ਚੜ੍ਹ ਕੇ ਯੋਗਦਾਨ ਪਾਉਣ ਦਾ ਸੱਦਾ ਹੈ।
1 ਮਾਰਚ ਨੂੰ ਮਾਈ ਭਾਗੋ ਗਰਲਜ਼ ਕਾਲਜ ਰੱਲਾ (ਮਾਨਸਾ) ਵਿਖੇ ਕਾਫ਼ਲੇ ਬੰਨ੍ਹ ਕੇ ਪਹੁੰਚੋ
ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ
ਪ੍ਰਕਾਸ਼ਕ - ਜਸਪਾਲ ਜੱਸੀ (ਕਨਵੀਨਰ)
11 ਜਨਵਰੀ, 2015
www.salaamparkashan.blogspot.com
5 Mail: salaamparkashan0gmail.com
ਕਲਮ, ਕਲਾ ਅਤੇ ਸੰਗਰਾਮ ਦਾ ਜੋਟੀਦਾਰ : ਪ੍ਰੋ. ਅਜਮੇਰ ਸਿੰਘ ਔਲਖ
—ਅਮੋਲਕ ਸਿੰਘ
ਪੰਜਾਬੀ ਰੰਗ ਮੰਚ ਦੇ ਬੁਲੰਦ ਸਿਤਾਰੇ, ਗੁਰਸ਼ਰਨ ਭਾਅ ਜੀ ਦੇ ਹਮਸਫ਼ਰ ਅਤੇ ਵਾਰਿਸ, ਨਾਮਵਰ ਨਾਟਕਕਾਰ, ਨਿਰਦੇਸ਼ਕ, ਅਦਾਕਾਰ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ, ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਮੋਹਰੀ ਆਗੂ, ਤਰਕਸ਼ੀਲਤਾ ਦੇ ਵਿਗਿਆਨਕ ਰੰਗ 'ਚ ਰੰਗੇ ਕਲਮਕਾਰ, ਹਰ ਵੰਨਗੀ ਦੇ ਆਰਥਕ, ਸਮਾਜਕ, ਜਾਤ-ਪਾਤੀ ਦਾਬੇ, ਧੱਕੇ, ਵਿਤਕਰੇ ਖਿਲਾਫ ਗੂੰਜਦੀ ਆਵਾਜ਼, ਜਮਹੂਰੀ ਹੱਕਾਂ ਦੇ ਝੰਡਾ ਬਰਦਾਰ ਪ੍ਰੋ. ਅਜਮੇਰ ਸਿੰਘ ਔਲਖ ਨੂੰ ਪੰਜਾਬ ਦੇ ਸਾਹਿਤ ਕਲਾ ਅਤੇ ਲੋਕ-ਸੰਗਰਾਮ ਦੇ ਜਗਤ ਨਾਲ ਜੁੜੀਆਂ ਸਮੂਹ ਸੰਸਥਾਵਾਂ ਅਤੇ ਸਖਸ਼ੀਅਤਾਂ ਵੱਲੋਂ ਨਿਵੇਕਲੇ ਅੰਦਾਜ਼ 'ਚ ਕੋਈ 20 ਹਜ਼ਾਰ ਤੋਂ ਵੱਧ ਲੋਕਾਂ ਦੀ ਹਾਜ਼ਰੀ 'ਚ ਸਨਮਾਨਤ ਕੀਤਾ ਜਾ ਰਿਹਾ ਹੈ। ਸਮਾਗਮ ਦੀ ਸਫਲਤਾ ਲਈ ਪੰਜਾਬ ਭਰ ਵਿੱਚ ਜੋਰਦਾਰ ਤਿਆਰੀ ਮੁਹਿੰਮ ਚੱਲ ਰਹੀ ਹੈ।
ਪਹਿਲੀ ਮਾਰਚ 2015 ਨੂੰ ਮਾਈ ਭਾਗੋ ਗਰਲਜ਼ ਕਾਲਜ ਰੱਲਾ (ਨੇੜੇ ਮਾਨਸਾ) ਦੀ ਵਿਸ਼ਾਲ ਗਰਾਉਂਡ 'ਚ ਪੰਜਾਬ ਦੇ ਨਾਟਕਕਾਰ, ਨਿਰਦੇਸ਼ਕ, ਸੰਗੀਤਕਾਰ, ਗੀਤਕਾਰ, ਚਿਤਰਕਾਰ, ਲੇਖਕ, ਸਾਹਿਤਕਾਰ, ਤਰਕਸ਼ੀਲ, ਜਮਹੂਰੀ, ਕਾਮੇ, ਕਿਰਤੀਆਂ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਔਰਤਾਂ, ਬੇਰੁਜ਼ਗਾਰਾਂ, ਮੁਲਾਜ਼ਮਾਂ, ਕਮਾਊ ਲੋਕਾਂ ਦੇ ਜੁੜੇ ਸੈਲਾਬ ਵੱਲੋਂ ਪ੍ਰੋ. ਅਜਮੇਰ ਸਿੰਘ ਔਲਖ ਨੂੰ 'ਭਾਈ ਲਾਲੋ ਕਲਾ ਸਨਮਾਨ' ਨਾਲ ਸਨਮਾਨਤ ਕੀਤਾ ਜਾਵੇਗਾ।
ਵਿਸ਼ਾਲ ਇਕੱਠ ਖੜ੍ਹੇ ਹੋ ਕੇ, ਲੋਕ-ਕਲਾ, ਲੋਕ-ਸਰੋਕਾਰਾਂ, ਲੋਕ-ਮੁਕਤੀ ਲਈ ਲੋਕ-ਸੰਗਰਾਮ ਦੀ ਗਲਵੱਕੜੀ ਮਜ਼ਬੂਤ ਕਰਨ ਦਾ ਜਦੋਂ ਅਹਿਦ ਕਰੇਗਾ ਉਸ ਵੇਲੇ ਯੂਜੀਨ ਪੋਤੀਏ ਦੇ ਕੌਮਾਂਤਰੀ ਗੀਤ
''ਲਹਿਰਾਂ ਬਣ ਉੱਠੋ ਭੁੱਖਾਂ ਦੇ ਲਿਤਾੜਿਓ
ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ''
ਦਾ ਸੁਨੇਹਾ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ 'ਚ ਦਿੱਤਾ ਜਾਵੇਗਾ। ਹਥਲੇ ਸ਼ਬਦਾਂ ਦੇ ਲੇਖਕ ਦੇ ਗੀਤ 'ਗਲਵੱਕੜੀ' ਤੇ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ 'ਚ ਕੋਈ 100 ਕਲਾਕਾਰ ਐਕਸ਼ਨ ਗੀਤ ਪੇਸ਼ ਕਰੇਗਾ। ਇਹ ਗੀਤ ਸੁਨੇਹਾ ਦੇਵੇਗਾ :
''ਪਾ ਗਲਵੱਕੜੀ ਕਲਮ ਕਲਾ ਸੰਗਰਾਮਾਂ ਦੀ
ਇਹਦੇ ਸੀਨੇ ਧਮਕ ਹੈ ਲੋਕ-ਤੂਫ਼ਾਨਾਂ ਦੀ''
ਪੰਜਾਬ ਦੇ ਨਾਮਵਰ ਵਿਦਵਾਨ, ਸਾਹਿਤ ਅਤੇ ਕਲਾ ਖੇਤਰ ਦੇ ਅਣਥੱਕ ਕਾਮੇ, ਮਿਹਨਤਕਸ਼ ਲੋਕਾਂ ਦੇ ਰਾਹ-ਦਸੇਰੇ ਜੋਟੀਆਂ ਪਾ ਕੇ ਅਹਿਦ ਕਰਨਗੇ ਕਿ ਅਸੀਂ ਲੋਕਾਂ ਦੇ ਮਾਣ-ਸਨਮਾਨ ਨਾਲ ਜੀਣ-ਯੋਗ ਸੰਸਾਰ ਸਿਰਜਣ ਲਈ, ਮਿਲਕੇ ਲੋਅ ਵੰਡਾਂਗੇ।
ਮਾਂ ਹਰਨਾਮ ਕੌਰ ਅਤੇ ਪਿਤਾ ਕੌਰ ਸਿੰਘ ਦੇ ਘਰ 19 ਅਗਸਤ 1942 ਨੂੰ ਪਿੰਡ ਕੁੰਭੜਵਾਲ ਨੇੜੇ ਬਰਨਾਲਾ ਵਿਖੇ ਪੈਦਾ ਹੋਏ ਪ੍ਰੋ. ਅਜਮੇਰ ਸਿੰਘ ਔਲਖ ਦਾ ਪਰਿਵਾਰ 1944-45 ਦੇ ਨੇੜੇ-ਤੇੜੇ ਪਿੰਡ ਕਿਸ਼ਨਗੜ੍ਹ ਫਰਵਾਹੀ (ਮਾਨਸਾ) ਵਿਖੇ ਜਾ ਵਸਿਆ। ਕਿਸ਼ਨਗੜ੍ਹ ਮੁਜਾਰਿਆਂ ਦਾ ਪਿੰਡ ਸੀ। ਪਿੰਡ ਦੀ ਜ਼ਮੀਨ ਦੇ ਕੁੱਲ ਰਕਬੇ ਦੇ ਦੋ ਜਾਗੀਰਦਾਰ ਮਾਲਕ ਸਨ। ਬਾਕੀ ਸਾਰਾ ਪਿੰਡ ਉਹਨਾਂ ਦੇ ਖੇਤਾਂ 'ਚ ਕੰਮ ਕਰਦਾ ਸੀ। ਇਥੋਂ ਤੱਕ ਕਿ ਕਿਰਤੀ ਕਿਸਾਨਾਂ ਅਤੇ ਉਹਨਾਂ ਦੇ ਘਰਾਂ ਦੀਆਂ ਔਰਤਾਂ ਦੀ ਖੇਤੋਂ ਘਰ ਆਉਣ ਵੇਲੇ ਤਲਾਸ਼ੀ ਲਈ ਜਾਂਦੀ ਸੀ। ਜੇ ਕਿਸੇ ਕੋਲੋਂ ਸਾਗ ਦੀ ਮੁੱਠ, ਗੰਨਾ ਜਾਂ ਛੱਲੀ ਆਦਿ ਫੜਿਆ ਜਾਂਦਾ ਤਾਂ ਉਹਨਾਂ ਨੂੰ ਅਪਮਾਨਤ ਕਰਨਾ ਅਤੇ ਕੁੱਟ ਮਾਰ ਕਰਨਾ ਜਾਗੀਰਦਾਰ ਅਤੇ ਉਹਨਾਂ ਦੇ ਪਾਲੇ ਹੋਏ ਲੱਠਮਾਰ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਸਨ।
ਅਜਮੇਰ ਔਲਖ ਨੇ ਬਾਲ-ਉਮਰੇ ਅੱਖੀਂ ਤੱਕਿਆ, ਕੰਨੀਂ ਸੁਣਿਆਂ ਕਿ ਕਿਵੇਂ ਉਸਦੀ ਮਾਂ ਨੂੰ ਖੇਤੋਂ ਇੱਕ ਛੱਲੀ ਲਿਆਉਣ ਬਦਲੇ ਜਲੀਲ ਹੋਣਾ ਪਿਆ। ਕਿਵੇਂ ਔਲਖ ਨੂੰ ਪਟਿਆਲੇ ਕੋਠੀ 'ਚ ਸਫਾਈ ਕਰਦੇ ਸਮੇਂ ਜਾਗੀਰਦਾਰ ਦੇ 'ਸ਼ਹਿਜਾਦੇ' ਦੀ ਫੋਟੋ ਦਾ ਸ਼ੀਸ਼ਾ ਟੁੱਟ ਜਾਣ ਦੇ ਦੋਸ਼ 'ਚ ਗੰਦੀਆਂ ਗਾਲ੍ਹਾਂ ਸੁਣਨੀਆਂ ਪਈਆਂ ਅਤੇ ਪਿੱਠ 'ਤੇ ਮਾਰੇ ਠੁੱਡਿਆਂ ਦੀ ਰੜਕ ਉਸਨੂੰ ਅਜੇ ਤੱਕ ਪੈਂਦੀ ਹੈ।
ਕਵਿਤਾ, ਗੀਤ ਦੇ ਸਫ਼ਰ ਤੋਂ ਸ਼ੁਰੂ ਹੋਇਆ ਇਹ ਮੁਸਾਫ਼ਰ ਨਾਟਕਾਂ ਦੀ ਦੁਨੀਆਂ ਦੇ ਅੰਬਰ ਦਾ ਬੁਲੰਦ ਸਿਤਾਰਾ ਹੋ ਨਿੱਬੜਿਆ। ਉਸਦੇ ਨਾਟਕਾਂ, ਲਘੂ ਨਾਟਕਾਂ, ਗੀਤਾਂ, ਸਾਹਿਤਕ ਸਵੈ-ਜੀਵਨੀ ਵਰਗੀਆਂ ਪੁਸਤਕਾਂ ਦੀ ਲੰਮੀ ਲੜੀ ਹੈ। ਉਸਨੂੰ ਪ੍ਰਾਪਤ ਮਾਣ-ਮੱਤੇ ਸਨਮਾਨਾਂ ਦੀ ਇੱਕ ਲੰਮੀ ਕੜੀ ਹੈ। ਪਿੰਡਾਂ ਤੋਂ ਸ਼ੁਰੂ ਕਰਕੇ ਸਕੂਲਾਂ, ਕਾਲਜਾਂ, ਯੂਨੀਵਰਸਟੀਆਂ, ਦੇਸ਼-ਵਿਦੇਸ਼ ਅੰਦਰ ਉਸ ਦੇ ਨਾਟਕਾਂ ਦੀ ਵਿਸ਼ਾਲ ਕਰਮ-ਭੂਮੀ ਹੈ।
ਨਾਟਕ-ਲੇਖਣ, ਨਿਰਦੇਸ਼ਨ ਅੰਦਰ ਕੀਤੀਆਂ ਉਸਦੀਆਂ ਪੈੜਾਂ ਦਾ ਕੋਈ ਸਾਨੀ ਨਹੀਂ। ਉਹਨਾਂ ਦੀ ਜੀਵਨ-ਸਾਥਣ ਮਨਜੀਤ ਔਲਖ, ਉਹਨਾਂ ਦੀਆਂ ਤਿੰਨੇ ਧੀਆਂ ਅਤੇ ਪੁੱਤਾਂ ਤੋਂ ਪਿਆਰੇ ਜੁਆਈ ਉਹਨਾਂ ਦੇ ਹੋਰ ਰੰਗ ਕਰਮੀਆਂ ਦੇ ਨਾਲ ਨਾਲ ਵਡੇਰੇ ਪਰਿਵਾਰ ਸੰਗ ਮਿਲਕੇ ਰੰਗ ਮੰਚੀ ਸਰਗਰਮੀਆਂ 'ਚ ਭਰਵਾਂ ਯੋਗਦਾਨ ਪਾਉਂਦੇ ਆ ਰਹੇ ਹਨ।
ਉਹਨਾਂ ਦੀ ਸਖ਼ਤ ਘਾਲਣਾ ਭਰੀ ਜ਼ਿੰਦਗੀ ਅਨੇਕਾਂ ਦੁਸ਼ਵਾਰੀਆਂ ਅਤੇ ਤਿੱਖੇ ਇਮਤਿਹਾਨਾਂ ਦੇ ਭੱਠ ਵਿੱਚੋਂ ਫ਼ੌਲਾਦ ਬਣ ਕੇ ਨਿਕਲੀ ਹੈ। ਉਹਨਾਂ ਨੇ ਲੰਮਾ ਸਮਾਂ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਅਤੇ ਕੁਝ ਅਰਸਾ ਮਾਈ ਭਾਗੋ ਗਰਲਜ਼ ਕਾਲਜ ਰੱਲਾ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਦੌਰ 'ਚ ਉਹਨਾਂ ਨੇ ਸੁਚੇਤ ਰੂਪ 'ਚ ਰੰਗ ਮੰਚ ਨੂੰ ਯੂਨੀਵਰਸਟੀਆਂ ਤੇ ਕਾਲਜਾਂ ਦੇ ਤੰਗ ਦਾਇਰੇ 'ਚੋਂ ਕੱਢ ਕੇ ਹੱਥੀਂ ਕਿਰਤ ਕਰਨ ਵਾਲੇ, ਖ਼ਾਸ ਕਰਕੇ ਪੇਂਡੂ ਲੋਕਾਂ ਵਿੱਚ ਮਕਬੂਲ ਕੀਤਾ। 'ਕਲਾ ਲੋਕਾਂ ਲਈ' ਦਾ ਵਿਚਾਰ ਉਹਨਾਂ ਦੇ ਸਾਹੀਂ ਅਤੇ ਰਾਹੀਂ ਵਸਦਾ ਹੈ।
'ਬੇਗਾਨੇ ਬੋਹੜ ਦੀ ਛਾਂ' ਵਰਗੇ ਨਾਟਕ ਰਾਹੀਂ ਔਲਖ ਨੇ ਰੰਗ ਮੰਚ ਅੰਦਰ ਨਿਵੇਕਲੇ ਨਗਾਰੇ ਤੇ ਚੋਟ ਲਗਾਈ। ਉਸਨੇ ਦਮ ਘੁੱਟਵੇਂ ਮਾਹੌਲ 'ਚ ਦਿਨ ਕਟੀ ਕਰਦੇ ਕਿਰਤੀ ਕਿਸਾਨਾਂ ਅੱਗੇ ਹੀ ਤਿੱਖੇ ਸੁਆਲ ਨਹੀਂ ਉਠਾਏ, ਸਗੋਂ ਉਹਨਾਂ ਦੀ ਬਾਂਹ ਫੜਨ ਵਾਲਿਆਂ ਅੱਗੇ ਵੀ ਸੁਆਲ ਉਭਾਰਿਆ ਕਿ ਬਹਿਕਦੇ ਰੋਹ ਨੂੰ ਸਮੇਂ ਸਿਰ ਠੀਕ ਦਿਸ਼ਾ ਦੇਣ ਦੀ ਲੋੜ ਆਵਾਜ਼ਾਂ ਮਾਰ ਰਹੀ ਹੈ ਪ੍ਰੋ. ਔਲਖ ਨੇ ਨਾਟਕ ''ਅਵੇਸਲੇ ਯੁੱਧਾਂ ਦੀ ਨਾਇਕਾ'' ਰਾਹੀਂ ਇਹ ਸੰਦੇਸ਼ ਦਿੱਤਾ ਹੈ ਕਿ ਹੋਰਨਾਂ ਜੰਗਾਂ ਤੋਂ ਇਲਾਵਾ ਘਰ ਦੀ ਚਾਰਦਿਵਾਰੀ ਦੇ ਅੰਦਰ ਔਰਤ ਨੂੰ ਇੱਕ ਨਵੀਂ ਨਿਵੇਕਲੀ ਜੰਗ ਲੜਨੀ ਪੈ ਰਹੀ ਹੈ। ਇਸ ਨਾਟਕ ਰਾਹੀਂ ਉਹ ਇਸ ਯੁੱਧ ਦੀ ਨਾਇਕਾ ਨੂੰ ਵਡੇਰੇ ਯੁੱਧਾਂ ਲਈ ਲੱਕ ਬੰਨ੍ਹਣ ਦੀ ਸੈਨਤ ਕਰਦਾ ਹੈ।
ਪ੍ਰੋ. ਅਜਮੇਰ ਸਿੰਘ ਔਲਖ ਨੇ ਰਵਾਇਤੀ ਧਾਰਨਾਵਾਂ ਦੇ ਫੂਸੜੇ ਉਡਾਉਂਦੇ ਨਾਟਕਾਂ ਰਾਹੀਂ ਨਵੀਂ-ਨਰੋਈ, ਲੋਕ-ਪੱਖੀ ਅਤੇ ਇਨਕਲਾਬੀ ਧਾਰਨਾ ਦੇ ਪਰਚਮ ਬੁਲੰਦ ਕੀਤੇ ਹਨ। ਅਜੋਕੇ ਨਿਜ਼ਾਮ ਅੰਦਰ ਉਸਦੇ ਨਾਟਕਾਂ ਨੇ ਸੰਜੀਦਗੀ ਦਾ ਪੱਲਾ ਫੜਦਿਆਂ ਇਹ ਸੱਚ ਉਘਾੜਿਆ ਹੈ ਕਿ ਆਦਮੀ ਦਾ ਅਣ-ਵਿਆਹਿਆ ਰਹਿ ਜਾਣਾ ਉਸਨੂੰ ਮਜਾਕ ਦਾ ਪਾਤਰ ਬਣਾ ਧਰਨ ਲਈ ਨਹੀਂ ਸਗੋਂ ਉਸ ਪਿੱਛੇ ਛੁਪੇ ਆਰਥਕ-ਸਮਾਜਕ ਕਾਰਨਾਂ ਤੋਂ ਪਰਦਾ ਚੁੱਕਣਾ ਹੀ ਲੋਕ-ਨਾਟਕਕਾਰ ਦਾ ਫ਼ਰਜ਼ ਹੈ। ਉਸਦੇ ਨਾਟਕਾਂ ਨੇ ਗਰਜ਼ਵੀਂ ਆਵਾਜ਼ 'ਚ ਇਹ ਸੱਚ ਉਭਾਰਿਆ ਹੈ ਕਿ ਜਦੋਂ ਤੱਕ ਜਾਗੀਰਾਂ ਅਤੇ ਦੌਲਤਾਂ ਦੇ ਅੰਨ੍ਹੇ ਨਸ਼ੇ ਦੇ ਗਰੂਰ ਵਾਲੀਆਂ ਤਾਕਤਾਂ ਦਾ ਸਮਾਜ ਉਪਰ ਜਕੜ-ਪੰਜਾ ਰਹੇਗਾ ਉਦੋਂ ਤੱਕ ਬਚਪਨ ਚਪੇੜਾਂ ਖਾਂਦਾ ਰਹੇਗਾ। ''ਬੋਹਲ ਰੋਂਦੇ ਰਹਿਣਗੇ''। ''ਨਿੱਕੇ ਨਿੱਕੇ ਸੂਰਜਾਂ ਦੀ ਲੜਾਈ'', ਰਣਭੂਮੀ 'ਚ ਉਤਰਨ ਲਈ ਆਵਾਜ਼ਾਂ ਮਾਰਦੀ ਰਹੇਗੀ। ਉਦੋਂ ਤੱਕ 'ਅੰਨ੍ਹੇ ਨਿਸ਼ਾਨਚੀ', ਲੋਕਾਂ ਨੂੰ ਸੁਜਾਖ਼ੇ ਨਿਸ਼ਾਨਚੀ ਬਣਨ ਤੋਂ ਡੱਕਦੇ ਰਹਿਣਗੇ।
ਪ੍ਰੋ. ਔਲਖ ਨੇ ਚੋਟੀ ਦੇ ਕਵੀ ਪਾਸ਼ ਦੀ ਸ਼ਹਾਦਤ ਤੋਂ ਬਾਅਦ 'ਲੋਹੇ ਦਾ ਪੁੱਤ' ਵਰਗਾ ਨਾਟਕ ਰਚਕੇ ਅਤੇ ਖੇਡਕੇ ਵਿਲੱਖਣ ਸ਼ਰਧਾਂਜਲੀ ਭੇਟ ਕੀਤੀ ਹੈ। ਔਲਖ, ਗ਼ਦਰ ਸ਼ਤਾਬਦੀ ਮੌਕੇ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਦੀ ਇਤਿਹਾਸਕ ਅਮਿਟ ਦੇਣ ਨੂੰ 'ਤੂੰ ਚਰਖਾ ਘੁਕਦਾ ਰੱਖ ਜਿੰਦੇ' ਰਾਹੀਂ ਸਲਾਮ ਵੀ ਕਰਦਾ ਹੈ ਅਤੇ ਗ਼ਦਰ ਦਾ ਹੋਕਾ ਜਾਰੀ ਰੱਖਣ ਦਾ ਪੈਗ਼ਾਮ ਵੀ ਦਿੰਦਾ ਹੈ।
ਡੇਰਾ ਸਭਿਆਚਾਰ, ਅੰਧ-ਵਿਸ਼ਵਾਸ, ਝੂਠੇ ਰਿਵਾਜ਼ਾਂ, ਜਾਗੀਰਾਂ, ਧਨ-ਕੁਬੇਰਾਂ, ਲੋਕ-ਦੋਖੀ ਰਾਜਨੀਤੀਵਾਨਾਂ, ਪੁਲਸ-ਪ੍ਰਸ਼ਾਸਨ ਤੰਤਰ ਅਤੇ ਮਾਰ-ਧਾੜ ਵਾਲੇ ਗਰੋਹਾਂ ਦੇ ਗੱਠਜੋੜ ਦੇ ਚਿਹਰੇ ਤੋਂ ਘੁੰਡ ਚੁੱਕਦੇ, ਔਲਖ ਦੇ ਨਾਟਕ ''ਚਾਨਣ ਦੇ ਵਣਜਾਰੇ'' ਕਲਮਾਂ, ਕਲਾ ਅਤੇ ਲੋਕਾਂ ਦੀ ਬਾਂਹ ਫੜਨ ਵਾਲਿਆਂ ਨੂੰ ਆਵਾਜ਼ਾਂ ਮਾਰਦਾ ਹੈ।
'ਅਰਬਦ ਨਰਬਦ ਧੰਧੂਕਾਰਾ', 'ਇੱਕ ਰਮਾਇਣ ਹੋਰ', 'ਐਸੇ ਜਨ ਵਿਰਲੇ ਸੰਸਾਰਿ', 'ਨਿਊ ਜੜ੍ਹ' ਵਰਗੇ ਇੱਕ ਤੋਂ ਇੱਕ ਵਧਕੇ ਮਹੱਤਵ ਰੱਖਣ ਵਾਲੇ ਨਾਟਕਾਂ ਦੇ ਸਿਰਜਕਾਰ ਇਸ ਨਾਟਕਕਾਰ ਨੂੰ ਦੇਸ਼-ਵਿਦੇਸ਼ ਅੰਦਰ ਬੇਹਿਸਾਬ ਮਾਣ-ਸਨਮਾਨ ਮਿਲਿਆ ਹੈ। ਉਸ ਮਾਣ-ਸਨਮਾਨ ਦੀ ਲੜੀ ਦੀ ਉਚੇਰੀ ਪਰਵਾਜ਼ ਹੈ: 1 ਮਾਰਚ ਨੂੰ ਰੱਲਾ ਵਿਖੇ ਉਹਨਾਂ ਦਾ 20 ਹਜ਼ਾਰ ਤੋਂ ਵੀ ਵੱਧ ਸਾਹਿਤ ਕਲਾ ਜਗਤ ਅਤੇ ਮਿਹਨਤਕਸ਼ ਲੋਕਾਂ ਦੇ ਪ੍ਰਤੀਨਿਧਾਂ ਦੀ ਹਾਜ਼ਰੀ ਵੱਲੋਂ ਕੀਤਾ ਜਾ ਰਿਹਾ ਸਨਮਾਨ।
'ਭਾਈ ਲਾਲੋ ਕਲਾ ਸਨਮਾਨ' ਨਾਲ ਸਨਮਾਨਤ ਕਰ ਰਹੇ ਥੜ੍ਹੇ 'ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ' ਵੱਲੋਂ ਇਹ ਸਨਮਾਨ ਅਸਲ 'ਚ ਲੋਕ-ਧੜੇ ਵੱਲੋਂ ਸਨਮਾਨ ਹੈ। ਉਹ ਧੜਾ ਜੋ ਭਾਈ ਲਾਲੋਆਂ ਦਾ ਹੈ। ਇਸ ਧੜੇ ਅੱਗੇ ਅੱਜ ਹੋਰ ਵੀ ਤਿੱਖਾ ਸੁਆਲ ਮੂੰਹ ਅੱਡੀਂ ਖੜ੍ਹਾ ਹੈ ਕਿ ਜਦੋਂ ਤੱਕ ਮਲਕ-ਭਾਗੋਆਂ ਦਾ ਕੁਦਰਤੀ ਸਾਧਨਾਂ, ਜਾਗੀਰਾਂ, ਸਰਮਾਏ ਅਤੇ ਸਾਡੀ ਕਿਰਤ-ਕਮਾਈ ਉਪਰ ਕੁੰਡਲ ਨਾਗ ਮਾਰਿਆ ਰਹੇਗਾ ਉਦੋਂ ਤੱਕ ਸਾਡੇ ਸੁਪਨੇ ਕਤਲ ਹੁੰਦੇ ਰਹਿਣਗੇ। ਸੱਧਰਾਂ ਲੁੱਟੀਆਂ ਜਾਣਗੀਆਂ। ਬੋਹੜਾਂ ਦੀਆਂ ਛਾਂਵਾਂ ਖੁੱਸੀਆਂ ਰਹਿਣਗੀਆਂ। ਕਲਾ, ਘੱਟੇ ਰੁਲਦੀ ਰਹੇਗੀ। ਜੋਕ-ਧੜੇ ਤੋਂ ਲੋਕ-ਧੜੇ ਨੂੰ ਮੁਕਤੀ ਦਿਵਾਉਣ ਲਈ ਕਲਾ ਦੀ ਵਡੇਰੀ ਭੂਮਿਕਾ ਹੈ। ਲੋਕ-ਸਾਹਿਤ, ਲੋਕ-ਰੰਗਮੰਚ ਹਮੇਸ਼ਾਂ ਹੀ ਜੋਕ-ਧੜੇ ਨਾਲ ਮੱਥਾ ਲਾਉਂਦਾ ਆਇਆ ਹੈ ਅਤੇ ਲਾਉਂਦਾ ਰਹੇਗਾ, ਇਹ ਅਹਿਦ ਕਰੇਗਾ ਸਨਮਾਨ ਸਮਾਰੋਹ।
ਅਜੋਕੇ ਦੌਰ ਅੰਦਰ ਜਦੋਂ ਸਾਮਰਾਜੀਆਂ ਅਤੇ ਉਹਨਾਂ ਦੇ ਸੇਵਾਦਾਰਾਂ ਵੱਲੋਂ ਕਲਾ ਕਿਰਤਾਂ ਨੂੰ ਵੀ ਬਾਜ਼ਾਰ ਵਿਕੇਂਦੀ ਸ਼ੈਅ ਬਣਾ ਧਰਿਆ ਹੈ। ਜਦੋਂ ਇਸ ਸੂਖ਼ਮ ਮਾਧਿਅਮ ਰਾਹੀਂ ਲੁੱਟੇ-ਪੁੱਟੇ ਜਾਂਦੇ ਲੋਕਾਂ ਦੀ ਸੁਰਤ ਮਾਰੀ ਜਾ ਰਹੀ ਹੈ। ਜਦੋਂ ਚੜ੍ਹਦੀ ਜੁਆਨੀ ਨੂੰ ਮਾਰੂ ਅਸਭਿਆਚਾਰਕ ਹੱਲੇ ਨਾਲ ਕੁਰਾਹੇ ਪਾਇਆ ਜਾ ਰਿਹਾ ਹੈ, ਜਦੋਂ ਧਰਮ ਪ੍ਰੀਵਰਤਨ, ਜਬਰੀ ਜ਼ਮੀਨਾਂ ਖੋਹਣ, ਬੇਜ਼ਮੀਨੇ ਲੋਕਾਂ, ਸਨਅਤੀ ਕਾਮਿਆਂ ਦੀ ਜ਼ਿੰਦਗੀ ਨਰਕ ਬਣਾ ਧਰਨ ਵਾਲੇ ਘਿਨੌਣੇ ਕਦਮ ਚੁੱਕੇ ਜਾ ਰਹੇ ਹਨ। ਜਦੋਂ ਔਰਤ ਵਰਗ ਉੱਪਰ ਚੌਤਰਫੇ ਹੱਲੇ ਬੋਲੇ ਜਾ ਰਹੇ ਹਨ। ਜਦੋਂ ਰੋਟੀ ਰੋਜ਼ੀ ਮੂੰਹੋਂ ਖੋਹੀ ਜਾ ਰਹੀ ਹੈ। ਜਦੋਂ ਜੰਗਲ, ਜਲ, ਜ਼ਮੀਨਾਂ ਅਤੇ ਜਮੀਰਾਂ ਉੱਪਰ ਵਿਆਪਕ ਹੱਲਾ ਬੋਲਿਆ ਜਾ ਰਿਹਾ ਹੈ। ਜਦੋਂ ਲੋਕਾਂ ਦੀ ਜ਼ੁਬਾਨ-ਬੰਦੀ ਲਈ ਕਾਲੇ ਕਾਨੂੰਨ ਮੜ੍ਹੇ ਜਾ ਰਹੇ ਹਨ। ਜਦੋਂ ਲੋਕਾਂ ਦਾ ਧਿਆਨ ਇਨਕਲਾਬੀ ਸਮਾਜਕ ਤਬਦੀਲੀ ਤੋਂ ਪਾਸੇ ਕਰਨ ਲਈ ਰੰਗ ਬਰੰਗੇ ਸਬਜ਼ ਬਾਗ ਦਿਖਾਏ ਜਾ ਰਹੇ ਹਨ। ਜਦੋਂ ਬਾਲ ਕਲਾਕਾਰਾਂ, ਕਬੀਰ ਕਲਾ ਮੰਚ ਵਰਗੀਆਂ ਸੰਸਥਾਵਾਂ, ਨਾਮਵਰ ਨਾਟਕਕਾਰਾਂ, ਕਵੀਆਂ, ਲੇਖਕਾਂ ਬੁੱਧੀਜੀਵੀਆਂ ਨੂੰ ਚੱਕੀਆਂ 'ਚ ਬੰਦ ਕਰਕੇ ਜੇਲ੍ਹਾਂ ਦੀ ਚਾਰ-ਦੀਵਾਰੀ 'ਚ ਸੜਨ ਮਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਅਜਿਹੇ ਮੌਕੇ ਪ੍ਰੋ. ਅਜਮੇਰ ਸਿੰਘ ਔਲਖ ਦਾ 'ਇਨਕਲਾਬੀ ਜਨਤਕ ਸਨਮਾਨ ਅਤੇ ਸਲਾਮ ਸਮਾਰੋਹ' ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਕਿਉਂਕਿ ਪ੍ਰੋ. ਔਲਖ, ਸਮੱਸਿਆਵਾਂ ਅਤੇ ਵਰਤਾਰਿਆਂ ਦੀ ਸਿਰਫ ਫੋਟੋਗਰਾਫੀ ਨਹੀਂ ਕਰਦਾ ਸਗੋਂ ਆਲਸ ਛੱਡਕੇ, ਜ਼ਿੰਦਗੀ ਦਾ ਨਵਾਂ ਸਰੂਪ ਸਿਰਜਣ ਲਈ ਨਾਟਕ ਰਚਦਾ ਹੈ ਕਿ, ''ਐਇੰ ਨੀਂ ਹੁਣ ਸਰਨਾ''।
ਇਹ ਸਨਮਾਨ ਸਮਾਗਮ 11 ਜਨਵਰੀ 2006 ਨੂੰ ਪਿੰਡ ਕੁੱਸਾ (ਮੋਗਾ) ਵਿਖੇ ਗੁਰਸ਼ਰਨ ਭਾਅ ਜੀ ਦੇ ਹੋਏ ਯਾਦਗਾਰੀ ਜਨਤਕ ਸਨਮਾਨ ਸਮਾਗਮ ਦੀ ਅਗਲੀ ਕੜੀ ਹੈ ਅਤੇ ਇਸ ਰਵਾਇਤ ਨੂੰ ਸਾਂਝੇ ਉੱਦਮ ਨਾਲ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ।
----------------------------------------------------------------
ਹਵਾਓਂ ਕੇ ਤੇਵਰ
ਹਵਾਓਂ ਕੇ ਤੇਵਰ ਬਦਲਨੇ ਲਗੇ ਹੈਂ
ਸੂਖੇ ਹੁਏ ਪੱਤੇ ਅਬ ਉੜਨੇ ਲਗੇ ਹੈਂ।
ਖੁਸ਼ਆਮਦੀਦ ਐ ਫਿਜਾਓਂ ਕੀ ਗਰਮੀ
ਕਿ ਪੱਥਰ ਭੀ ਅਬ ਤੋਂ ਪਿਘਲਨੇ ਲਗੇ ਹੈਂ।
ਸਰ ਪਰ ਸੇ ਪਾਨੀ ਗੁਜ਼ਰਨੇ ਕੋ ਆਇਆ
ਕਹੀਂ ਥਮ ਨਾ ਜਾਏ ਯਿਹ ਸਾਂਸੋਂ ਕਾ ਸਾਇਆ
ਬਹੁਤ ਖਾ ਚੁਕੇ ਹਮ ਮਲਾਹੋਂ ਸੇ ਧੋਖੇ
ਨਾ ਮੰਜ਼ਿਲ ਦਿਖੀ ਨਾ ਕਿਨਾਰਾ ਹੀ ਪਾਇਆ
ਉਠੋ, ਡੂਬਤੀ ਹੁਈ ਕਿਸ਼ਤੀ ਸੰਭਾਲੋ
ਕਿ ਮਿਜਾਜ਼ ਤੂਫ਼ਾਂ ਕੇ ਬਿਗੜਨੇ ਲਗੇ ਹੈਂ
ਹਵਾਓਂ ਕੇ ਤੇਵਰ...............
ਖੇਤ-ਖਿਲਵਾਨੋ ਕੀ ਖੁਲ੍ਹ ਰਹੀ ਆਂਖੇ
ਮਿੱਟੀ ਕੇ ਜਾਇਓਂ ਕੀ ਸੁਲਘ ਰਹੀ ਸਾਂਸੇਂ
ਅਬ ਔਰ ਨਹੀਂ ਖੁਦਕੁਸ਼ੀਓਂ ਕਾ ਆਲਮ
ਅਬ ਨਾ ਬਿਛੇਗੀ ਜਵਾਂ ਸਪਨੋ ਕੀ ਲਾਸ਼ੇਂ
ਕੁਚਲੇ ਹੁਏ ਜਜ਼ਬੋਂ ਨੇ ਲੀ ਹੈ ਅੰਗੜਾਈ
ਅਬ ਹੱਕੋਂ ਕੇ ਪਰਚਮ ਲਹਿਰਨੇ ਲਗੇ ਹੈਂ,
ਹਵਾਓਂ ਕੇ ਤੇਵਰ........
ਭੂਖੋਂ ਕੀ ਬਸਤੀ ਮੇਂ ਰੋਟੀ ਕੇ ਨਾਅਰੇ
ਵੋ ਰੋਜ਼ੀ ਕੀ ਖਾਤਿਰ ਭੜਕਤੇ ਸ਼ਰਾਰੇ
ਜ਼ੁਲਮੋਂ-ਸਿਤਮ ਔਰ ਅਬ ਨਾ ਸਹੇਂਗੇ
ਹਰ ਉਂਠਤੀ ਆਵਾਜ਼ ਯਹੀ ਅਬ ਪੁਕਾਰੇ
ਨਹੀਂ ਰੌਂਦ ਸਕਤੇ ਤੁਮ ਗ਼ੈਰਤ ਹਮਾਰੀ
ਕਿ ਦਿਲ ਅਬ ਹਮਾਰੇ ਧੜਕਨੇ ਲਗੇ ਹੈਂ
ਹਵਾਓਂ ਕੇ ਤੇਵਰ..........
ਬੜ੍ਹਤੇ ਕਾਰਵਾਂ ਕੀ ਆਹਟ ਕਾ ਡਰ ਹੈ
ਕਿ ਹਾਕਮ ਲੁਟੇਰੋਂ ਕੇ ਛੂਟੇ ਪਸੀਨੇ
ਤਾਜ ਔਰ ਤਖਤੋਂ ਕੀ ਰੂਹ ਕੰਪ-ਕੰਪਾਏ
ਕਹੀਂ ਉੜ ਨਾ ਜਾਏ, ਹਮੀਂ ਆਸ਼ੀਆਨੇ
ਫਾਂਸਨੇ ਕੋ ਬਾਗ਼ੀ ਪਰਿੰਦੋਂ ਕੀ ਗਰਦਨ
ਕਈ ਨਏ ਫੰਧੇ ਵੋ ਬੁਨਨੇ ਲਗੇ ਹੈਂ।
ਹਾਵਓਂ ਕੇ ਤੇਵਰ.........
ਅਬ ਰੁਕ ਨਾ ਪਾਏਂਗੇ ਲਹਿਰੋਂ ਕੇ ਝੋਂਕੇ
ਹੈ ਕਿਸਮੇ ਦਮ ਇਤਨਾ ਤੂਫ਼ਾਂ ਕੋ ਰੋਕੇ
ਆਂਧੀ-ਜ਼ੁਲਮ ਸੇ ਔਰ ਭੜਕੇਂਗੇ ਸ਼ੋਅਲੇ
ਪਿਘਲੇਗਾ ਲੋਹਾ ਗਰਮ ਔਰ ਹੋ ਕੇ
ਗੁਰਬਤ ਕੀ ਭੱਠੀ ਮੇਂ ਜਲ ਜਲ ਕੇ ਮਰਤੇ
ਲੜ ਮਰਨੇ ਕੋ ਅਬ ਨਿਕਲਨੇ ਲਗੇ ਹੈਂ
ਹਵਾਓਂ ਕੇ ਤੇਵਰ ਬਦਲਨੇ ਲਗੇ ਹੈਂ
ਅਬ ਸੂਖੇ ਪੱਤੇ ਭੀ ਉੜਨੇ ਲਗੇ ਹੈਂ।
-ਸੁਰਜੀਤ

ਲੋਕ ਮੋਰਚਾ ਪੰਜਾਬ ਵੱਲੋਂ ਪ੍ਰੋ. ਅਜਮੇਰ ਸਿੰਘ ਔਲਖ ਦੀ  ਸਨਮਾਨ ਸਮਾਰੋਹ ਸਰਗਰਮੀ ਬਾਰੇ ਜਾਰੀ ਹੱਥ-ਪਰਚੇ ਦੇ ਕੁੱਝ ਅੰਸ਼
ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਵੱਲੋਂ ਸਾਹਿਤ ਅਤੇ ਕਲਾ ਖੇਤਰ ਦੀਆਂ ਉੱਘੀਆਂ ਸਖਸ਼ੀਅਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਇਹ ਸਨਮਾਨ-ਸਮਾਰੋਹ, ਇੱਕ ਸੁਲੱਖਣਾ ਕਦਮ ਹੈ। ਇਸ ਸਮਾਰੋਹ 'ਤੇ ਪ੍ਰੋ. ਸਾਹਿਬ ਦੀਆਂ ਕਿਰਤੀ ਲੋਕਾਂ ਪੱਖੀ ਕਲਾ-ਕਿਰਤਾਂ ਨੂੰ, ਲੋਕ ਜਮਹੂਰੀ ਹੱਕਾਂ ਦੀ ਪਹਿਰੇਦਾਰੀ ਨੂੰ ਅਤੇ ਜੀਵਨ-ਘਾਲਣਾ ਨੂੰ ''ਭਾਈ ਲਾਲੋ ਕਲਾ ਸਨਮਾਨ'' ਨਾਲ ਸਤਿਕਾਰਿਆ ਜਾ ਰਿਹਾ ਹੈ। ਇਹ ਸਮਾਰੋਹ, ਸੰਘਰਸ਼ਾਂ ਦੇ ਅਤੇ ਸਾਹਿਤ-ਕਲਾ ਖੇਤਰ ਦੇ ਕਾਰਕੁੰਨਾਂ ਲਈ, ਸੰਘਰਸ਼ਾਂ ਅਤੇ ਸਾਹਿਤ-ਕਲਾ ਦੇ ਜੁੜਵੇਂ ਝੰਡੇ ਝੁਲਾਉਣ ਦਾ ਸਮਾਰੋਹ ਹੈ। ਸੰਘਰਸ਼ਸ਼ੀਲ ਅਤੇ ਸਾਹਿਤਕਾਰਾਂ-ਕਲਾਕਾਰਾਂ ਦੇ ਸਾਂਝੇ ਲੋਕ-ਕਾਜ਼ ਦੀ ਗੱਲਵੱਕੜੀ ਪਵਾਉਣ ਦਾ ਸਮਾਰੋਹ ਹੈ।..
ਹਕੂਮਤੀ ਕੁਰਸੀ ਲਈ ਹਾਕਮ ਗੁੱਟ ਭਾਵੇਂ ਆਪੋ ਵਿਚੀਂ ਕਾਟੋ ਕਲੇਸ਼ ਵਿੱਚ ਉਲਝੇ ਹੋਏ ਹਨ, ਤਾਂ ਵੀ, ਲੋਕੰ ਨੂੰ ਲੁੱਟਣ ਤੇ ਕੁੱਟਣ ਵਿੱਚ ਸਬ ਹੱਦਾਂ ਬੰਨੇ ਟੱਪ ਰਹੇ ਹਨ। ਹਕੂਮਤੀ ਨੀਤੀਆਂ ਕਾਰਨ ਪੈਦਾ ਹੋਏ ਆਰਥਿਕ ਸੰਕਟ ਦਾ ਸਾਰਾ ਬੋਝ ਲੋਕਾਂ 'ਤੇ ਲੱਕ ਦੇਣ ਲਈ ਆਰਥਿਖ ਧਾਵੇ ਨੂੰ ਮੁਲਕ ਦੇ ਹਰ ਖੇਤਰ ਅਤੇ ਹਰ ਖੱਲ-ਖੂੰਜੇ ਤੱਕ ਵਧਾਉਣ ਲਈ ਫੌਜੀ ਹੱਲੇ ਦੇ ਨਾਲ ਨਾਲ, ਲੋਸਕਾਂ ਦੀ ਸੁਰਤੀ ਭਟਕਾਉਣ, ਪਾਟਕ ਪਾਉਣ ਅਤੇ ਲੁੱਟ ਅਤੇ ਦਾਬੇ ਦੇ ਜ਼ਾਲਮ-ਰਾਜ ਨੂੰ ਸਦਾ ਸਦਾ ਬਣਿਆ ਰੱਖਣ ਲਈ ਫਿਰਕਾਪ੍ਰਸਤੀ ਦੇ ਤੈਂਤ ਨੂੰ ਖੁੱਲ੍ਹਾ ਛੱਡ ਰਹੇ ਹਨ। ਪਰ ਇਹ ਹਾਲਤ, ਲੋਕਾਂ ਵਿੱਚ ਹਾਕਮਾਂ ਪ੍ਰਤੀ ਬੇਰੁਖੀ, ਬੇਚੈਨੀ ਤੇ ਔਖ ਵਧਾ ਰਹੀ ਹੈ। ਜੋਕਾਂ ਤੇ ਲੋਕਾਂ ਵਿੱਚ ਭੇੜ ਵਧ ਰਿਹਾ ਹੈ। ਲੋਕਾਂ ਵਿੱਚ ਇਹਨਾਂ ਤੋਂ ਖਹਿੜਾ ਛੁਡਾਉਣ ਦੀ ਤਾਂਘ ਵਧ ਰਹੀ ਹੈ। ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੀ ਸੋਝੀ ਤੇ ਲੋੜ ਵਧ ਰਹੀ ਹੈ।
ਸਮਾਜ ਦੀ ਕਾਇਆਪਲਟੀ ਏਸੇ ਭੇੜ ਨੇ ਕਰਨੀ ਹੈ। ਇਸ ਭੇੜ ਦੀ ਸਫਲਤਾ ਵਿੱਚ ਜਿੱਥੇ ਸੰਘਰਸ਼ਾਂ ਦੀ ਲਹਿਰ ਨੇ ਮੋਹਰੀ ਰੋਲ ਨਿਭਾਉਣਾ ਹੈ, ਉੱਥੇ ਸਾਹਿਤ ਤੇ ਕਲਾ ਖੇਤਰ ਦੀ ਲੋਕ ਪੱਖੀ ਲਹਿਰ ਨੇ ਆਪਣਾ ਬਣਦਾ ਅਹਿਮ ਹਿੱਸਾ ਪਾਉਣਾ ਹੈ। ਇਸ ਦਾ ਰੋਲ ਸਿਰਫ ਜਥੇਬੰਦੀ ਦਾ ਬਾਨਣੂੰ ਬੰਨ੍ਹਣ ਜਾਂ ਸੰਘਰਸ਼ ਦਾ ਵਿੱਢ ਵਿੱਢਣ ਲਈ ਇਕੱਠ ਵਧਾਉਣ ਤੇ ਬੁਲਾਰੇ ਨੂੰ ਸੁਣੇ ਜਾਣ ਦਾ ਰੌਂਅ ਬਣਾਉਣ ਤੱਕ ਹੀ ਸੀਮਤ ਨਹੀਂ ਹੈ। ਸਾਹਿਤ ਤੇ ਕਲਾ ਖੇਤਰ ਦੀ ਲਹਿਰ, ਲੋਕ ਦਰਦਾਂ ਦੀ ਦਰਦੀ ਬਿਣ ਸਮਾਜ ਦੀ ਕਾਇਆਪਲਟੀ ਵਿੱਚ ਵੱਡਾ ਰੋਲ ਦਿੰਦੀ ਹੈ। ਲੈਅਮਈ ਤੇ ਕਲਾਮਈ ਲਹਿਜੇ ਵਿੱਚ ਕਹੀ-ਕੀਤੀ ਗੁੰਝਲਦਾਰ ਅਤੇ ਕਰੜੀ ਗੱਲ ਵੀ ਕੋਮਲਤਾ ਨਾਲ ਅਛੋਪਲੇ ਜਿਹੇ ਦਰਸ਼ਕਾਂ, ਸਰੋਤਿਆਂ, ਪਾਠਕਾਂ ਦੇ ਮਨਾਂ ਅੰਦਰ ਡੂੰਘੀ ਉੱਤਰ ਜਾਂਦੀ ਹੈ ਅਤੇ ਲੋਕ ਮਨਾਂ ਦੀਆਂ ਧੁਰ ਗਹਿਰਾਈਆਂ ਵਿੱਚ ਰਮ-ਰਚ ਕੇ, ਸੁੱਤੀਆਂ ਕਲਾਂ ਜਗਾਉਣ, ਆਪਣੇ-ਪਰਾਏ ਦੀ ਸੋਝੀ ਦੇਣ ਅਤੇ ਉਂਗਲੀ ਫੜ ਸੰਘਰਸ਼ਾਂ ਦੇ ਸਵੱਲੜੇ ਰਾਹ ਦਾ ਰਾਹੀ ਬਣਾ ਦਿੰਦੀ ਹੈ।....
ਪੁਰਾਣੇ ਵੇਲੇ ਏਸੇ ਸੱਚ ਨੂੰ ਸਾਹਮਣੇ ਲਿਆਉਂਦੇ ਹਨ। ਜੋਕਾਂ ਤੇ ਲੋਕਾਂ ਦੇ ਹਰ ਦੌਰ ਅੰਦਰ ਸਾਹਿਤ ਤੇ ਕਲਾ ਨੇ ਅਹਿਮ ਭੂਮਿਕਾ ਨਿਭਾਈ ਹੈ। ਬਾਬੇ ਨਾਨਕ ਦੀ ਬਾਣੀ ਤੇ ਗੁਰੂ ਗੋਬਿੰਦ ਸਿੰਘ ਦੀ ਚੰਡੀ ਦੀ ਵਾਰ ਨੇ ਆਪਣੇ ਸਮੇਂ ਅੰਦਰ ਅੰਧ-ਵਿਸ਼ਵਾਸ਼ੀ ਦੇ ਗਿਲਾਫ ਪਾੜਨ ਅਤੇ ਜਬਰ-ਜ਼ੁਲਮ ਨਾਲ ਭਿਜ਼ਨ ਵਿੱਚ ਆਪਣੀ ਸਾਹਿਤਕ-ਤਾਕਤ ਦੇ ਕ੍ਰਿਸ਼ਮੇ ਵਿਖਾਏ ਹਨ। ਗ਼ਦਰ-ਲਹਿਰ ਦੀ ਕਵਿਤਾ ਨੇ ਮੁਲਕ 'ਚੋਂ ਬਰਤਾਨਵੀ ਸਾਮਰਾਜ ਦੀ ਜੜ੍ਹ ਪੁੱਟਣ ਵਿੱਚ ਆਪਣਾ ਯੋਗਦਾਨ ਪਾਇਆ ਹੈ। ਨਾਟਕਾਂ ਦੀ ਲਹਿਰ (ਇਪਟਾ) ਨੇ ਲੋਕਾਂ ਨੂੰ ਆਪਣੇ ਹੱਕਾਂ ਲਈ ਜਾਗੋ ਦਾ ਹੋਕਾ ਘਰ ਘਰ ਪਹੁੰਚਾਉਣ ਦਾ ਕੰਮ ਕਾਤ ਹੈ। ਇਸੇ ਨੂੰ ਲੋਕ ਪੱਖੀ ਨਾਟਕਾਂ ਦੇ ਬਾਬਾ ਬੋਹੜ ਗੁਰਸ਼ਰਨ ਸਿੰਘ ਨੇ ਅੱਗੇ ਵਧਾਇਆ ਸੀ ਤੇ ਜਿਸ ਨੂੰ ਹੁਣ ਪ੍ਰੋ. ਔਲਖ ਜੀ ਜਾਰੀ ਰੱਖ ਰਹੇ ਹਨ। ਰੂਸ ਅਤੇ ਚੀਨ ਦੇ ਇਨਕਲਾਬੀ ਸਾਹਿਤ, ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੇ ਗੀਤਾਂ, ਅਵਤਾਰ ਪਾਸ਼ ਦੀਆਂ ਕਵਿਤਾਵਾਂ ਅਤੇ ਝੱਖੜ, ਰਾਤ ਬਾਕੀ ਹੈ ਅਤੇ ਲਹੂ ਦੀ ਲੋਅ ਵਰਗੇ ਨਾਵਲਾਂ ਨੇ ਇਨਕਲਾਬੀ ਲਹਿਰ ਦਾ ਪ੍ਰਚਾਰ-ਪ੍ਰਸਾਰ ਕਰਨ ਵਿੱਚ ਹੱਥ ਵਟਾਇਆ ਹੈ।...
ਜੋਕਾਂ ਤੇ ਲੋਕਾਂ ਦੇ ਇਸ ਭੇੜ ਵਿੱਚ ਕਲਾ ਲੋਕਾਂ ਦੀ ਮੁਕਤੀ ਲੇਖੇ ਲਾਉਣ ਲਈ ਆਪਣੇ ਨਾਟ-ਕਲਾ ਦੇ ਅਮਲੇ-ਫੈਲੇ ਸਮਤੇ ਲੋਕਾਂ ਦੇ ਧੜੇ ਵਾਲੇ ਪਾਸੇ ਖੜ੍ਹਾ, ਪ੍ਰੋ. ਅਜਮੇਰ ਸਿੰਘ ਔਲਖ, ਸਿਹਤ ਦੀ ਕਮਜ਼ੋਰੀ ਦੀ ਹਾਲਤ ਵਿੱਚ ਵੀ ਪੈਰ ਗੱਡੀਂ ਖੜ੍ਹਾ ਹੈ। ਪ੍ਰੋ. ਸਾਹਿਬ, ਪੁਰਾਣੀਆਂ ਰੂੜ੍ਹੀਵਾਦੀ ਕਦਰਾਂ-ਕੀਮਤਾਂ, ਪਿਛਾਖੜੀ ਸੋਚਾਂ, ਜਾਤ-ਪ੍ਰਬੰਧ, ਜਾਗੀਰੂ ਚੌਧਰ ਅਤੇ ਸਾਮਰਾਜੀ ਲੁੱਟ ਨੂੰ ਆਪਣੇ ਨਾਟ-ਤੀਰਾਂ ਦੀ ਮਾਰ ਹੇਠ ਲਿਆਉਂਦੇ ਹਨ। ਆਪਣੀ ਨਾਟ-ਕਲਾ ਰਾਹੀਂ ਔਰਤ ਬਰਾਬਰੀ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਹਨ। ਫਿਰਕਾਪ੍ਰਸਤੀ ਨੂੰ ਆਪਣੇ ਨਾਟ-ਨਿਸ਼ਾਨੇ ਨਾਲ ਫੁੰਡ ਧਰਦੇ ਹਨ। ਬਰਾਬਰੀ ਵਾਲੇ ਸਮਾਜ ਦੀ ਉਸਾਰੀ ਉਹਨਾਂ ਦੇ ਨਾਟਕਾਂ ਦਾ ਉੱਭਰਵਾਂ ਪੱਖ ਹੁੰਦਾ ਹੈ। ਨਾਟਕਾਂ ਦੀ ਸਟੇਜ ਤੋਂ ਅੱਗ ਵਧ, ਉਹ ਜਲ, ਜੰਗਲ, ਜ਼ਮੀਨ ਦੀ ਰਾਖੀ ਲਈ ਲੜ ਰਹੇ ਆਦਿਵਾਸੀ ਲੋਕਾਂ ਉੱਤੇ ਹਕੂਮਤ ਵਿੱਲੋਂ ''ਅਪ੍ਰੇਸ਼ਨ ਗਰੀਨ ਹੰਟ'' ਦੇ ਨਾਂ ਓਹਲੇ ਕੀਤੇ ਜਾ ਰਹੇ ਅੰਨ੍ਹੇ ਜਬਰ ਵਿਰੁੱਧ ਬਣੇ ਫਰੰਟ ਵਿੱਚ ਆ ਸਰਗਰਮ ਹੋਏ ਹਨ। ਜਮਹੂਰੀ ਅਧਿਕਾਰ ਸਭਾ ਪੰਜਾਬ, ਦੇ ਪ੍ਰਧਾਨ ਬਣ ਜਮਹੂਰੀ ਹੱਕਾਂ ਦਾ ਝੰਡਾ ਬੁਲੰਦ ਕਰ ਰਹੇ ਹਨ।
ਲੋਕ ਮੋਰਚਾ ਪੰਜਾਬ, ਪ੍ਰੋ. ਔਲਖ ਜੀ ਦੇ ਸਨਮਾਨ ਸਮਾਰੋਹ ਉੱਤੇ ਲੋਕ ਲਹਿਰ ਤੇ ਲੋਕ ਕਲਾ ਦੀ ਪੈ ਰਹੀ ਜੋਟੀ ਨੂੰ ਸਮਾਜ ਦੀ ਇਨਕਲਾਬੀ ਕਾਇਆਪਲਟੀ ਵਿੱਚ ਮਹੱਤਵਪੂਰਨ ਕਾਰਜ ਸਮਝਦਾ ਹੈ। ਮੋਰਚਾ, ਇਹ ਕਾਰਜ ਕਰਨ ਦਾ ਆਪਣਾ ਬਣਦਾ ਫਰਜ਼ ਅਦਾ ਕਰ ਰਹੀਆਂ ਇਨਕਲਾਬੀ ਜਮਹੂਰੀ ਸ਼ਕਤੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ। ਮੋਰਚਾ, ਇਸ ਕਾਰਜ ਦੀ ਪ੍ਰਸੰਸਾ ਕਰਦਾ ਹੈ ਅਤੇ ਇਸ ਕਾਰਜ ਦਾ ਸਮਰਥਨ ਕਰਦਾ ਹੈ ਅਤੇ ਆਪਣੇ ਪਿਆਰੇ ਲੋਕਾਂ ਨੂੰ ਇਸ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹੈ।
0-0
ਅਜਮੇਰ ਔਲਖ ਸਨਮਾਨ ਸਮਾਗਮ ਦੀ ਲਾਮਬੰਦੀ ਲਈ ਮਾਲਵਾ ਖੇਤਰ ਦੇ ਕਾਰਕੁੰਨਾਂ ਦੀ ਇਕੱਤਰਤਾ
1 ਮਾਰਚ ਨੂੰ ਰੱਲਾ 'ਚ ਹੋ ਰਹੇ ਇਨਕਲਾਬੀ ਸਨਮਾਨ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਮਾਰੋਹ 'ਚ ਉੱਘੇ ਪੰਜਾਬੀ ਨਾਟਕਕਾਰ ਪ੍ਰੋ. ਅਜਮੇਰ ਔਲਖ ਨੂੰ 'ਭਾਈ ਲਾਲੋ ਕਲਾ ਸਨਮਾਨ' ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਸਮਾਗਮ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲੇ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮਾਗਮ ਲਈ ਚੱਲ ਰਹੀ ਜਨਤਕ ਮੁਹਿੰਮ ਦੌਰਾਨ ਅੱਜ ਵੱਖ ਵੱਖ ਜਥੇਬੰਦੀਆਂ ਦੇ ਮਾਲਵਾ ਖੇਤਰ ਦੇ ਕਾਰਕੁੰਨਾਂ ਦੀ ਇਕੱਤਰਤਾ ਸਥਾਨਕ ਦਾਣਾ-ਮੰਡੀ 'ਚ ਹੋਈ। ਇਕੱਤਰਤਾ ਦੌਰਾਨ ਅਜਮੇਰ ਸਿੰਘ ਔਲਖ ਵੱਲੋਂ ਸਾਹਿਤ-ਕਲਾ ਦੇ ਖੇਤਰ 'ਚ ਘਾਲੀ ਘਾਲਣਾ ਦੇ ਨਾਲ ਨਾਲ ਲੋਕ ਹੱਕਾਂ ਦੀ ਲਹਿਰ ਤੇ ਸਾਹਿਤ-ਕਲਾ ਖੇਤਰ ਦੇ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਨ ਦੇ ਉਦੇਸ਼ ਬਾਰੇ ਵੀ ਚਰਚਾ ਹੋਈ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਆਗੂ ਪਾਵੇਲ ਕੁੱਸਾ ਨੇ ਕਿਹਾ ਕਿ ਇਹ ਸਨਮਾਨ ਲੋਕਾਂ ਦੇ ਕੈਂਪ ਤਰਫ਼ੋਂ ਦਿੱਤਾ ਜਾ ਰਿਹਾ ਹੈ ਕਿਉਂਕਿ ਅਜਮੇਰ ਔਲਖ ਲੋਕਾਂ ਦੇ ਧੜੇ ਦੇ ਮਕਬੂਲ ਨਾਟਕਕਾਰ ਹਨ। ਉਨ੍ਹਾਂ ਨੇ ਆਪਣੀ ਨਾਟ-ਕਲਾ ਨੂੰ ਸਮਾਜਿਕ ਤਬਦੀਲੀ ਦੇ ਉਦੇਸ਼ ਦੇ ਲੇਖੇ ਲਾਇਆ ਹੈ ਤੇ ਹਮੇਸ਼ਾ ਨਵਾਂ ਸਮਾਜ ਸਿਰਜਣ ਦੇ ਉਦੇਸ਼ ਨੂੰ ਮੂਹਰੇ ਰੱਖਿਆ ਹੈ। ਇਹ ਸਨਮਾਨ ਸਮਾਰੋਹ ਲੋਕ ਹੱਕਾਂ ਦੀ ਲਹਿਰ ਅਤੇ ਲੋਕ ਪੱਖੀ ਸਾਹਿਤ ਕਲਾ ਦੇ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਨ ਦਾ ਸੰਦੇਸ਼ ਬਣੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਅਜਮੇਰ ਔਲਖ ਗਰੀਬ ਕਿਸਾਨੀ ਦਾ ਨਾਟਕਕਾਰ ਹੈ। ਜਿਸ ਨੇ ਕਿਸਾਨਾਂ 'ਚ ਆਪਣੇ ਹੱਕਾਂ ਦੀ ਸੋਝੀ ਦਾ ਪਸਾਰਾ ਕਰਨ ਪੱਖੋਂ ਕਿਸਾਨ ਲਹਿਰ ਦਾ ਬਹੁਤ ਹੀ ਅਹਿਮ ਕਾਰਜ ਵੰਡਾਇਆ ਹੈ। ਗੋਬਿੰਦਪੁਰਾ ਜ਼ਮੀਨੀ ਘੋਲ ਬਾਰੇ ਲਿਖਿਆ ਉਹਨਾਂ ਦਾ ਤਾਜ਼ਾ ਨਾਟਕ ''ਐਇੰ ਨੀਂ ਹੁਣ ਸਰਨਾ'' ਕਿਸਾਨ ਸੰਘਰਸ਼ਾਂ ਦੀ ਮਹੱਤਤਾ ਨੂੰ ਉਭਾਰਦਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਸਮਾਜ ਦੇ ਸਭ ਤੋਂ ਦਬਾਏ ਤਬਕੇ ਖੇਤ-ਮਜ਼ਦੂਰਾਂ ਦੇ ਦੁੱਖਾਂ ਦਰਦਾਂ ਦਾ ਜ਼ਿਕਰ ਵੀ ਅਜਮੇਰ ਔਲਖ ਦੇ ਨਾਟਕਾਂ ਵਿੱਚ ਮਿਲਦਾ ਹੈ। ਜਾਤਪਾਤੀ ਦਾਬੇ ਵਿਤਕਰੇ ਹੰਢਾਉਂਦੇ ਇਸ ਤਬਕੇ ਦੀ ਵੇਦਨਾ ਇਉਂ ਪੇਸ਼ ਹੁੰਦੀ ਹੈ ਕਿ ਦਰਸ਼ਕ ਅਜਿਹੇ ਪਿਛਾਂਹ ਖਿੱਚੂ ਨਿਜ਼ਾਮ ਪ੍ਰਤੀ ਘੋਰ ਨਫ਼ਰਤ ਨਾਲ ਭਰ ਜਾਂਦਾ ਹੈ। ਔਲਖ ਦੇ ਨਾਟਕ ਸਮਾਜਿਕ ਤਬਦੀਲੀ ਦੇ ਕਾਜ਼ ਲਈ ਖੇਤ-ਮਜ਼ਦੂਰਾਂ ਤੇ ਕਿਸਾਨਾਂ ਦੀ ਸੰਘਰਸ਼ੀ ਸਾਂਝ ਦਾ ਮਹੱਤਵ ਉਘਾੜਦੇ ਹਨ।
ਲਗਭਗ 3 ਘੰਟੇ ਚੱਲੀ ਇਕੱਤਰਤਾ ਦੌਰਾਨ ਜੁੜੇ ਸਰਗਰਮ ਕਾਰਕੁੰਨਾਂ ਨੇ ਬਹੁਤ ਗੰਭੀਰਤਾ ਨਾਲ ਇਨ੍ਹਾਂ ਵਿਚਾਰਾਂ ਨੂੰ ਸੁਣਿਆ। ਮੁਹਿੰਮ ਬਾਰੇ ਚਰਚਾ ਕਰਦਿਆਂ ਸਭਨਾਂ ਬੁਲਾਰਿਆਂ ਨੇ ਕਿਹਾ ਕਿ ਆਉਂਦੇ ਦਿਨਾਂ 'ਚ ਪੰਜਾਬ ਭਰ 'ਚ ਨਾਟਕਾਂ, ਗੀਤਾਂ, ਜਾਗੋ-ਮਾਰਚਾਂ ਤੇ ਹੋਰਨਾਂ ਢੰਗਾਂ ਰਾਹੀਂ ਲੋਕਾਂ ਵਿੱਚ ਅਜਮੇਰ ਔਲਕ ਦੀ ਨਾਟ-ਕਲਾ ਦਾ ਮਹੱਤਵ ਉਭਾਰਿਆ ਜਾਵੇਗਾ ਤੇ ਇੱਕ ਮਾਰਚ ਨੂੰ ਰੱਲੇ ਪਹੁੰਚਣ ਦਾ ਸੱਦਾ ਜ਼ੋਰ ਨਾਲ ਗੂੰਜੇਗਾ।
ਇਸ ਮੌਕੇ ਇਸ ਇਕੱਤਰਤਾ ਵਿੱਚ ਹੋਰ ਵੀ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁੰਨ ਤੇ ਸਾਹਿਤਕਾਰ ਵੀ ਸ਼ਾਮਲ ਸਨ।
------------------------------------------------------------------------
ਪ੍ਰੋ. ਅਜਮੇਰ ਸਿੰਘ ਔਲਖ ਦਾ ਸਨਮਾਨ ਸਮਾਰੋਹ ਲੋਕ-ਪੱਖੀ ਸਮਾਜ ਉਸਾਰੀ 'ਚ ਸੁਲੱਖਣਾ ਕਦਮ ਹੈ
ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫਲਾ ਵੱਲੋਂ ਕਿਰਤੀ ਲੋਕਾਂ ਦੇ ਉੱਘੇ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਨੂੰ “ਭਾਈ ਲਾਲੋ ਕਲਾ ਸਨਮਾਨ” ਨਾਲ ਸਨਮਾਨਿਆ ਜਾ ਰਿਹਾ ਹੈ, ਇਹ ਸਨਮਾਨ ਸਮਾਰੋਹ ਇੱਕ (1) ਮਾਰਚ ਦਿਨ ਐਤਵਾਰ ਨੂੰ ਮਾਨਸਾ ਜਿਲੇ ਦੇ ਪਿੰਡ ਰੱਲਾ ਵਿਖੇ ਹੋ ਰਿਹਾ ਹੈ। ਇਹ ਸਮਾਰੋਹ, ਇਨਕਲਾਬੀ ਜਨਤਕ ਜਮਹੂਰੀ ਲਹਿਰ ਦੀਆਂ ਸੰਘਰਸ਼ੀਲ ਵਿਅਕਤੀਆਂ ਵੱਲੋਂ ਸਾਹਿਤਕ-ਸਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਦੀ ਲੋਕ-ਪੱਖੀ ਕਲਾ ਤੇ ਉਸਦੇ ਕਲਾਕਾਰਾਂ ਨੂੰ ਸਨਮਾਨਣ ਦਾ ਸਮਾਰੋਹ ਹੈ। ਇਹ ਸਮਾਰੋਹ, ਸਮਾਜ ਅੰਦਰ ਲੋਕ-ਪੱਖੀ ਇਨਕਲਾਬੀ ਤਬਦੀਲੀ ਵਿਚ ਸਾਹਿਤਕ-ਸਭਿਆਚਾਰਕ ਖੇਤਰ ਦੀ ਲੋਕ-ਮੁਖੀ ਸਰਗਰਮੀ ਦਾ ਅਹਿਮ ਰੋਲ ਨੂੰ ਉਚਿਆਉਣ ਦਾ ਸਮਾਰੋਹ ਹੈ। ਇਹ ਸਮਾਰੋਹ, ਲੋਕਾਂ ਦੀ ਪੁੱਗਤ ਤੇ ਵੁੱਕਤ ਵਾਲੇ ਸਮਾਜ ਦੀ ਉਸਾਰੀ ਵਿਚ ਸੰਘਰਸ਼ਸ਼ੀਲ ਅਤੇ ਸਾਹਿਤਕ ਤਾਕਤਾਂ ਦੀ ਸਾਂਝ ਦਾ ਮਹੱਤਵ ਉਭਾਰਨ ਦਾ ਸਮਾਰੋਹ ਹੈ। ਲੋਕ ਮੋਰਚਾ ਪੰਜਾਬ ਇਸ ਸੁਲੱਖਣੇ ਕਦਮ ਦੀ ਪ੍ਰਸੰਸਾ ਤੇ ਸਮਰਥਨ ਕਰਦਾ ਹੈ। ਮੋਰਚੇ ਦੇ ਕਾਰਕੁੰਨ ਸਮੂਹ ਲੋਕ-ਹਿੱਸਿਆ ਨੂੰ ਇਸ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਦੇਣ ਲਈ ਚੱਲ ਰਹੀ ਮੁਹਿੰਮ ਵਿਚ ਸ਼ਾਮਲ ਹੋਣਗੇ। ਮੋਰਚੇ ਵੱਲੋਂ ਸੱਦਾ ਦਿੰਦਾ ਇੱਕ ਹੱਥ ਪਰਚਾ ਛਪਵਾਇਆ ਜਾ ਰਿਹਾ ਹੈ।
ਇਹ, ਪ੍ਰੋ. ਔਲਖ ਦੀ ਲੋਕ-ਪੱਖੀ ਨਾਟ-ਕਲਾ ਤੇ ਕਿਰਤ ਦਾ ਸਨਮਾਨ ਹੈ। ਪ੍ਰੋ. ਸਾਹਿਬ, ਪੁਰਾਣੀਆਂ-ਰੂੜੀਵਾਦੀ ਕਦਰਾਂ-ਕੀਮਤਾਂ, ਪਿਛਾਖੜੀ-ਸੋਚਾਂ, ਜਾਤ-ਪ੍ਰਬੰਧ, ਜਾਗੀਰੂ-ਚੌਧਰ ਅਤੇ ਸਾਮਰਾਜੀ-ਲੁੱਟ ਨੂੰ ਆਵਦੇ ਨਾਟ-ਤੀਰਾਂ ਦੀ ਮਾਰ ਹੇਠ ਲਿਆਉਂਦੇ ਹਨ। ਆਵਦੀ ਨਾਟ-ਕਲਾ ਰਾਹੀਂ ਔਰਤ ਬਰਾਬਰੀ ਦੇ ਹੱਕ 'ਚ ਆਵਾਜ਼ ਉਠਾਉਂਦੇ ਹਨ। ਲੋਕਾਂ ਦੀ ਸੁਰਤੀ 'ਚ ਭਟਕਾਊ, ਪਾਟਕ-ਪਾਊ ਤੇ ਗੁਲਾਮ-ਜਹਿਨੀਅਤ ਭਰਨ ਲਈ ਹਾਬੜੀ ਫਿਰਦੀ ਫਿਰਕਾਪ੍ਰਸਤੀ ਆਵਦੇ ਨਾਟ-ਨਿਸ਼ਾਨੇ ਨਾਲ ਫੁੰਡ ਧਰਦੇ ਹਨ।
ਲੋਕ ਮੋਰਚਾ ਪੰਜਾਬ,ਇਸ ਸਮਾਰੋਹ ਦੀ ਸਫਲਤਾ ਲਈ ਸਮੂਹ ਕਿਰਤੀ ਲੋਕਾਂ ਨੂੰ ਇਸ ਦੇ ਗਹਿਰੇ ਅਰਥਾਂ ਤੇ ਮਹੱਤਵ ਨੂੰ ਸਮਝਣ ਤੇ ਸਮਝਾਉਣ ਅਤੇ ਇਸ ਦੀ ਸਫਲਤਾ ਲਈ ਵੱਧ ਚੜ੍ਹ ਕੇ ਹਿੱਸਾ ਪਾਉਣ ਦਾ ਸੱਦਾ ਦਿੰਦਾ ਹੈ। ਇਸ ਸੁਲੱਖਣੇ ਤੇ ਸਲਾਹੁਣਯੋਗ ਸਮਾਰੋਹ ਵਿਚ ਅਤੇ ਸਥਾਨਕ ਪੱਧਰਾਂ ਉਪਰ ਤਿਆਰੀ ਵਜੋਂ ਹੋ ਰਹੀਆਂ ਸਰਗਰਮੀਆਂ ਵਿਚ ਹੁੰਮ-ਹਮਾ ਕੇ ਸ਼ਾਮਲ ਹੋਣ ਦੀ ਅਪੀਲ ਕਰਦਾ ਹੈ।

No comments:

Post a Comment