Monday, February 23, 2015

ਸਾਥੀ ਦਿਲਬਾਗ ਸਿੰਘ ਦੀ ਯਾਦ ਸ਼ਰਧਾਂਜਲੀ ਸਮਾਗਮ

ਸਾਥੀ ਦਿਲਬਾਗ ਸਿੰਘ ਦੀ ਯਾਦ ਸ਼ਰਧਾਂਜਲੀ ਸਮਾਗਮ
ਇਲਾਕਾ ਖੰਨਾ ਦੀ ਇਨਕਲਾਬੀ-ਜਮਹੂਰੀ ਲਹਿਰ ਦੇ ਥੰਮ੍ਹ ਤੇ ਮਜ਼ਦੂਰ ਯੂਨੀਅਨ ਦੀ ਆਗੂ ਟੀਮ ਵਿੱਚ ਸ਼ਾਮਲ ਰਹੇ ਸਾਥੀ ਦਿਲਬਾਗ ਸਿੰਘ (63 ਸਾਲ), 4 ਦਸੰਬਰ ਦੀ ਰਾਤ ਨੂੰ ਅਚਾਨਕ ਦਿਲ ਦੀ ਧੜਕਣ ਬੰਦ ਹੋਣ ਨਾਲ, ਦੁਖਦਾਇਕ ਸਦੀਵੀਂ ਵਿਛੋੜਾ ਦੇ ਗਏ ਸਨ। ਉਹਨਾਂ ਦੇ ਅਚਾਨਕ ਵਿਛੋੜੇ ਦੀ ਖਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਅਗਲੇ ਦਿਨ ਗ਼ਮ ਵਿੱਚ ਡੁੱਬੇ ਸਮੁੱਚੇ ਪਰਿਵਾਰ, ਰਿਸ਼ਤੇਦਾਰਾਂ, ਨਗਰ ਵਾਸੀਆਂ ਤੇ ਉਸਦੇ ਇਨਕਲਾਬੀ ਸੰਗੀ-ਸਾਥੀਆਂ ਨੇ, ਸਾਥੀ ਦਿਲਬਾਗ ਦੀ ਮ੍ਰਿਤਕ ਦੇਹ ਨੂੰ ਲਾਲ ਝੰਡੇ ਵਿੱਚ ਲਪੇਟ ਕੇ ਨਮ ਅੱਖਾਂ ਤੇ ਇਨਕਲਾਬੀ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਸਾਥੀ ਦਿਲਬਾਗ ਇਨਕਲਾਬੀ ਜਮਹੂਰੀ ਲਹਿਰ ਤੇ ਮਜ਼ਦੂਰ ਜਥੇਬੰਦੀ ਦੇ ਵਾਹ ਵਿੱਚ ਉਦੋਂ ਆਏ, ਜਦੋਂ ਇਲਾਕੇ ਦੇ ਪਿੰਡ ਰਸੂਲੜੇ ਦੀਆਂ ਰੋਲਿੰਗ ਮਿੱਲਾਂ ਦੇ ਧੱਕੜ ਮਾਲਕਾਂ ਦੀ ਅੰਨ੍ਹੀਂ ਲੁੱਟ ਖਿਲਾਫ ਅਤੇ ਇਹਨਾਂ ਦੀ ਰਖੇਲ ਹਕੂਮਤੀ ਮਸ਼ੀਨਰੀ ਖਿਲਾਫ ਮਜ਼ਦੂਰਾਂ ਦਾ ਖਾੜਕੂ ਘੋਲ ਲੜਿਆ  ਗਿਆ ਸੀ। ਉਸ ਮਗਰੋਂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਖੰਨਾ-ਗੋਬਿੰਦਗੜ੍ਹ ਦੀਆਂ ਅਨੇਕਾਂ ਰੋਲਿੰਗ ਮਿੱਲਾਂ ਦੇ ਮਜ਼ਦੂਰ ਘੋਲਾਂ ਵਿੱਚ ਅਤੇ ਪਿੰਡ ਪੱਧਰ 'ਤੇ ਮਜ਼ਦੂਰਾਂ ਦੀ ਸਮਸ਼ਾਨ ਘਾਟ 'ਤੇ ਨਜਾਇਜ਼ ਕਾਬਜ਼ ਜਾਗੀਰਦਾਰਾਂ ਖਿਲਾਫ ਲੜੇ ਗਏ ਜੇਤੂ ਘੋਲ ਦੀ ਅਗਵਾਈ ਕੀਤੀ। ਪੰਜਾਬ ਅੰਦਰ ਫਿਰਕੂ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਕਾਲੇ ਦੌਰ ਦੌਰਾਨ ਇੱਕ ਨਿੱਡਰ ਕਾਰਕੁੰਨ ਵਜੋਂ ਭੂਮਿਕਾ ਨਿਭਾਈ। ਜਦੋਂ ਕੇਂਦਰੀ ਤੇ ਸੂਬਾਈ ਸਰਕਾਰਾਂ ਨੇ ਸਾਮਰਾਜੀ ਦਿਸ਼ਾ-ਨਿਰਦੇਸ਼ਤ ਲੋਕ ਤੇ ਦੇਸ਼ ਮਾਰੂ ਨਵੀਆਂ ਆਰਥਿਕ ਨੀਤੀਆਂ ਦਾ ਚੌਤਰਫਾ ਹੱਲਾ ਵਿੱਢਿਆ ਹੈ, ਉਸ ਖਿਲਾਫ ਲੁਧਿਆਣੇ ਦੇ ਦਿਆਨੰਦ ਹਸਪਤਾਲ ਦੇ ਮੁਲਾਜ਼ਮਾਂ, ਸਨਅੱਤੀ ਮਜ਼ਦੂਰਾਂ, ਸੂਬੇ ਦੇ ਖੇਤ ਮਜ਼ਦੂਰਾਂ-ਕਿਸਾਨਾਂ, ਬਿਜਲੀ ਮੁਲਾਜ਼ਮਾਂ, ਅਧਿਆਪਕਾਂ ਤੇ ਹੋਰ ਮਿਹਨਤਕਸ਼ ਲੋਕਾਂ ਦੇ ਘੋਲਾਂ ਵਿੱਚ ਪੂਰੀ ਤਨਦੇਹੀ ਨਾਲ ਪ੍ਰਚਾਰ-ਲਾਮਬੰਦੀ ਮੁਹਿੰਮਾਂ ਚਲਾ ਕੇ ਭਰਵੀਂ ਸ਼ਮੂਲੀਅਤ ਕਰਦਾ ਆ ਰਿਹਾ ਸੀ ਤਾਂ ਕਿ ਇਹਨਾਂ ਚੌਤਰਫਾ ਹੱਲਿਆਂ ਨੂੰ ਠੱਲ੍ਹਿਆ ਜਾ ਸਕੇ। ਮਜ਼ਦੂਰਾਂ-ਕਿਸਾਨਾਂ ਦੀ ਪੁੱਗਤ ਸਥਾਪਤੀ ਹੋਵੇ। ਸਾਥੀ ਦਾ ਸਮੁੱਚਾ ਪਰਿਵਾਰ ਵੀ ਇਸ ਹੱਕੀ ਕਾਰਜ ਵਿੱਚ ਹੱਥ ਵਟਾਉਂਦਾ ਆ ਰਿਹਾ ਹੈ।
ਸਾਥੀ ਦੇ ਵਿਛੋੜੇ ਨਾਲ ਇਕੱਲੇ ਪਰਿਵਾਰ ਨੂੰ ਹੀ ਘਾਟਾ ਨਹੀਂ ਪਿਆ, ਸਗੋਂ ਸਗੋਂ ਸਮੁੱਚੀ ਇਨਕਲਾਬੀ ਜਮਹੁਰੀ ਲਹਿਰ ਤੇ ਮਜ਼ਦੂਰ ਜਥੇਬੰਦੀ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਾਥੀ ਦੀ ਕਰਨੀ ਨੂੰ ਸਲਾਮ ਕਰਨ ਲਈ ਮਜ਼ਦੂਰ  ਯੂਨੀਅਨ ਇਲਾਕਾ ਖੰਨਾ ਵੱਲੋਂ 14 ਦਸੰਬਰ ਨੂੰ ਪਿੰਡ ਭੱਟੀਆਂ ਵਿਖੇ ਸੰਗਰਾਮੀ ਸ਼ਰਧਾਂਜਲੀ ਅਰਪਤ ਕੀਤੀ ਗਈ। ਸ਼ਰਧਾਂਜਲੀ ਸਮਾਗਮ ਵਿੱਚ ਸਾਥੀ ਦੇ ਪਰਿਵਾਰ ਮੈਂਬਰਾਂ/ਰਿਸ਼ਤੇਦਾਰਾਂ, ਨਗਰ ਵਾਸੀਆਂ, ਯੂਨੀਅਨ ਵਰਕਰਾਂ/ਆਗੂਆਂ ਅਤੇ ਇਨਕਲਾਬੀ ਜਮਹੂਰੀ ਲਹਿਰ ਦੇ ਹਿਤੈਸ਼ੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਮਜ਼ਦੂਰ ਯੂਨੀਅਨ ਦੇ ਆਗੂ ਮਲਕੀਤ ਸਿੰਘ, ਹਰਜਿੰਦਰ ਸਿੰਘ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੁਦਾਗਰ ਸਿੰਘ ਘੁਡਾਣੀ ਕਲਾਂ, 'ਵਰਗ ਚੇਤਨਾ' ਗਰੁੱਪ ਵੱਲੋਂ ਮਾਸਟਰ ਜੋਗਿੰਦਰ ਆਜ਼ਾਦ, ਕਾਮਰੇਡ ਅਮਰ ਭੱਟੀਆਂ, ਸੁਖਦੇਵ ਸਿੰਘ 'ਰਾਣਾ' ਆਦਿ ਨੇ ਸ਼ਰਧਾਂਜਲੀ ਭੇਟ ਕਰਦੇ ਹੋਏ, ਉਹਨਾਂ ਦੇ ਸੰਗਰਾਮੀ ਜੀਵਨ ਤੇ ਆਦਰਸ਼ਾਂ ਤੋਂ ਪ੍ਰੇਰਨਾ ਲੈਂਦੇ ਹੋਏ ਲੋਕ-ਸੰਗਰਾਮ ਨੂੰ ਤੇਜ਼ ਕਰਨ ਦੇ ਪ੍ਰਣ ਕੀਤੇ ਗਏ। ਸ਼ਰਧਾਂਜਲੀ ਸਮਾਗਮ ਦੀ ਤਿਆਰੀ ਮਜ਼ਦੂਰ ਯੂਨੀਅਨ ਵੱਲੋਂ ਪ੍ਰਕਾਸ਼ਤ ਹਜ਼ਾਰਾਂ ਲੀਫਲੈਟ ਘਰ ਘਰ ਵੰਡਣ, ਕੰਧਾਂ 'ਤੇ ਪੋਸਟਰ ਲਾ ਕੇ, ਜਨਤਕ ਮੀਟਿੰਗਾਂ ਕਰਕੇ ਕੀਤੀ ਗਈ।

No comments:

Post a Comment