Monday, February 23, 2015

ਨਰਿੰਦਰ ਮੋਦੀ ਦੇ ਨਾਂਅ ਯੁਕਿਕੋ ਤਾਕਾਹਾਸ਼ੀ ਦਾ ਫੁਕੁਸ਼ੀਮਾ ਤੋਂ ਖ਼ਤ......

ਨਰਿੰਦਰ ਮੋਦੀ ਦੇ ਨਾਂਅ ਯੁਕਿਕੋ ਤਾਕਾਹਾਸ਼ੀ ਦਾ ਫੁਕੁਸ਼ੀਮਾ ਤੋਂ ਖ਼ਤ......
(ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਨਿਊਕਲੀਅਰ ਡੀਲ ਨੂੰ ਅੰਤਮ ਰੂਪ ਦੇਣ ਲਈ ਜਾਪਾਨ ਗਏ ਸਨ। ਪ੍ਰਮਾਣੂੰ ਊਰਜਾ ਵਿਰੋਧੀ ਐਕਟੀਵਿਸਟ ਕੁਮਾਰ ਸੁੰਦਰਮ ਅਨੁਸਾਰ ਭਾਰਤ-ਜਾਪਾਨ ਦੀ ਇਸ ਸੰਧੀ ਦਾ ਜਾਪਾਨ ਵਿੱਚ ਵੱਡਾ ਵਿਰੋਧ ਹੋਇਆ ਹੈ। ਇਸ ਤੋਂ ਪਹਿਲਾਂ 28 ਅਗਸਤ ਨੂੰ ਜਾਪਾਨ ਦੇ ਫੁਕੁਸ਼ੀਮਾ ਸ਼ਹਿਰ ਦੀ ਇੱਕ ਔਰਤ ਯੁਕਿਕੋ ਤਾਕਾਹਾਸ਼ੀ ਨੇ ਨਰਿੰਦਰ ਮੋਦੀ ਦੇ ਨਾਂਅ ਇੱਕ ਖਤ ਲਿਖਿਆ, ਜਿਸ ਵਿੱਚ ਉਸਨੇ ਆਪਣੇ ਇਲਾਕੇ ਵਿੱਚ ਹੋਏ ਪ੍ਰਮਾਣੂੰ ਹਾਦਸੇ ਦੀ ਗੱਲ ਕਰਦਿਆਂ ਇਸਦੇ ਦਰਦਨਾਕ ਸਾਕੇ ਨੂੰ ਚਿਤਰਿਆ ਹੈ। ਨਾਲ ਹੀ ਮਸ਼ਵਰਾ ਦਿੱਤਾ ਹੈ ਕਿ ਭਾਰਤ ਆਪਣੇ ਸੱਭਿਆਚਾਰ ਦੀ ਰਾਖੀ ਲਈ ਇਹ ਪ੍ਰਮਾਣੂੰ ਸੰਧੀ ਨਾ ਕਰੇ। ਹੇਠਾਂ ਇਸ ਖਤ ਦਾ ਅਨੁਵਾਦ ਪੇਸ਼ ਹੈ।)
ਸੇਵਾ ਵਿਖੇ,
ਸ੍ਰੀ ਨਰਿੰਦਰ ਮੋਦੀ,
ਪ੍ਰਧਾਨ ਮੰਤਰੀ, ਭਾਰਤ
ਪਿਆਰੇ ਪ੍ਰਧਾਨ ਮੰਤਰੀ ਜੀ,
ਮੇਰਾ ਘਰ ਫੁਕੁਸ਼ੀਮਾ ਇਲਾਕੇ ਵਿੱਚ ਹੈ। ਮੈਂ ਭਾਰਤ-ਜਾਪਾਨ ਪ੍ਰਮਾਣੂੰ ਸੰਧੀ 'ਤੇ ਦਸਤਖਤ ਕਰਨ ਅਤੇ ਆਪਣੇ ਦੇਸ਼ ਵਿੱਚ ਪ੍ਰਮਾਣੂੰ ਊਰਜਾ ਪਲਾਂਟਾਂ ਦੀ ਗਿਣਤੀ ਵਧਾਉਣ ਦੀ ਤੁਹਾਡੀ ਯੋਜਨਾ ਲੈ ਕੇ ਬਹੁਤ ਜ਼ਿਆਦਾ ਚਿੰਤਾਤੁਰ ਹਾਂ।
ਕੀ ਤੁਹਾਨੂੰ ਪਤਾ ਹੈ ਕਿ ਫੁਕੁਸ਼ੀਮਾ ਦਾਈ-ਚੀ ਵਿੱਚ ਸਥਿਤੀ ਅੱਜ-ਕੱਲ੍ਹ ਕਿਹੋ ਜਿਹੀ ਹੈ? ਕਿਰਪਾ ਕਰਕੇ ਜੇ ਹੋ ਸਕੇ ਤਾਂ ਖੁਦ ਆ ਕੇ ਫੁਕੁਸ਼ੀਮਾ ਨੂੰ ਦੇਖੋ ਕਿ ਇੱਥੇ ਕੀ ਹੋ ਰਿਹਾ ਹੈ। ਇੱਥੇ ਪ੍ਰਮਾਣੂੰ ਹਾਦਸੇ ਨੂੰ ਹੋਇਆਂ ਤਿੰਨ ਵਰ੍ਹੇ ਹੋ ਚੱਲੇ ਨੇ, ਪਰ ਇਹ ਅਜੇ ਤੱਕ ਜਾਰੀ ਹੈ। ਅਸਲ ਵਿੱਚ ਇਹ ਤਾਂ ਬੱਸ ਮੁਸ਼ਕਲਾਂ ਦੇ ਦੌਰ ਦਾ ਆਰੰਭ ਹੈ।
ਰੇਡੀਓ ਐਕਟਿਵ ਪਾਣੀ ਵਿੱਚ ਅਜੇ ਵੀ ਵਹਿੰਦਾ ਹੋਇਆ ਸਮੁੰਦਰ ਵਿੱਚ ਜਾ ਰਿਹਾ ਹੈ ਅਤੇ ਇਸ ਨੂੰ ਰੋਕਣ ਦੇ ਢੰਗ-ਤਰੀਕਿਆਂ 'ਤੇ ਖੋਜ ਕਾਰਜ ਅਜੇ ਹੁਣੇ-ਹੁਣੇ ਸ਼ੁਰੂ ਹੋਇਆ ਹੈ।
ਰੇਡੀਏਸ਼ਨ ਦਾ ਪੱਧਰ ਏਨਾ ਜ਼ਿਆਦਾ ਹੈ ਕਿ ਪਲਾਂਟ ਦੇ ਵਿਸ਼ੇਸ਼ਗ ਐਕਸਪੋਜ਼ਰ ਦੇ ਤਹਿ ਕੀਤੇ ਗਏ ਮਾਪਦੰਡਾਂ ਤੋਂ ਪਾਰ ਜਾ ਚੁੱਕੇ ਹਨ। ਇਸ ਤੋਂ ਵੀ ਵੱਧ ਇਸ ਤਬਾਹੀ ਨੂੰ ਕੰਟਰੋਲ ਕਰਨ ਲਈ ਪੂਰੇ ਕਰਮਚਾਰੀ ਵੀ ਨਹੀਂ ਹਨ।
ਸਾਨੂੰ ਦੱਸਿਆ ਗਿਆ ਹੈ ਕਿ ਫੁਕੂਸ਼ੀਮਾ ਦਾਈ-ਚੀ ਪਲਾਂਟ ਨੂੰ ਬੰਦ ਕਰਨ ਲਈ 30 ਵਰ੍ਹੇ ਲੱਗਣਗੇ, ਪਰ ਮੌਜੂਦਾ ਸਥਿਤੀਆਂ ਵਿੱਚ ਇਹ ਦੱਸਣਾ ਅਸੰਭਵ ਹੈ ਕਿ ਇਸ ਹਾਦਸੇ ਨੂੰ ਕਦੋਂ ਤੱਕ ਕੰਟਰੋਲ ਕੀਤਾ ਜਾ ਸਕੇਗਾ।
ਫੁਕੁਸ਼ੀਮਾ ਦੇ ਮਛੇਰਿਆਂ ਦੀ ਰੋਜ਼ੀ-ਰੋਟੀ ਬਰਬਾਦ ਹੋ ਚੁੱਕੀ ਹੈ। ਸੁਨਾਮੀ ਵੇਲੇ ਬੇੜੀਆਂ ਨੂੰ ਬਚਾਉਣ ਲਈ ਜਿਹਨਾਂ ਲੋਕਾਂ ਨੇ ਆਪਣੀ ਜਾਨ ਤਲੀ 'ਤੇ ਰੱਖੀ ਸੀ, ਹੁਣ ਉਹ ਮੱਛੀਆਂ ਫੜਨ ਲਈ ਸਮੁੰਦਰ ਵਿੱਚ ਨਹੀਂ ਜਾ ਸਕਦੇ, ਕਿਉਂਕਿ ਪਾਣੀ ਵਿੱਚ ਰੇਡੀਓ ਐਕਟਿਵ ਤੱਤ ਮੌਜੂਦ ਹਨ। ਕੋਈ ਇਹ ਨਹੀਂ ਜਾਣਦਾ ਕਿ ਸਮੁੰਦਰ ਕਦੋਂ ਤੱਕ ਸਾਫ ਹੋ ਸਕੇਗਾ ਤੇ ਦੁਬਾਰਾ ਇਹ ਜ਼ਿੰਦਗੀ ਲਈ ਕਿਵੇਂ ਸੁਚਾਰੂ ਹੋ ਸਕੇਗਾ।
ਫੁਕੁਸ਼ੀਮਾ ਦੇ ਕਿਸਾਨ ਰੇਡੀਏਸ਼ਨ ਦੇ ਪੱਧਰ ਤੋਂ ਪੀੜਤ ਹਨ, ਜੋ ਘਟ ਨਹੀਂ ਰਿਹਾ। ਇਸੇ ਇਲਾਕੇ ਨੂੰ ਜੇਕਰ ਇੱਕ ਵਾਰ ਸਾਫ ਕਰ ਵੀ ਦਿੱਤਾ ਜਾਂਦਾ ਹੈ ਤਾਂ ਅਸਥਾਈ ਤੌਰ 'ਤੇ ਤਾਂ ਰੇਡੀਏਸ਼ਨ ਦਾ ਪੱਧਰ ਘਟ ਜਾਂਦਾ ਹੈ, ਪਰ ਦੁਬਾਰਾ ਫਿਰ ਵਧਣ ਲੱਗਦਾ ਹੈ। ਕੀ ਕਦੇ ਉਹ ਦਿਨ ਆ ਸਕੇਗਾ, ਜਦੋਂ ਸਾਡੀ ਏਨੀ ਜ਼ਿਆਦਾ ਪਲੀਤ ਹੋ ਚੁੱਕੀ ਧਰਤੀ ਇੱਕ ਵਾਰ ਫਿਰ ਉਪਜਾਊ ਬਣ ਸਕੇ?
ਇੱਕ ਵਾਰ ਜ਼ਰਾ ਸੋਚ ਕੇ ਤਾਂ ਦੇਖੋ ਕਿ ਜਿਹੜਾ ਕੰਮ ਤੁਹਾਡੇ ਲਈ ਏਨੇ ਅਰਥ ਰੱਖਦਾ ਹੈ, ਉਸ ਦੇ ਗੁਆਚ ਜਾਣ 'ਤੇ ਤੁਹਾਨੂੰ ਕਿਹੋ  ਜਿਹਾ ਲੱਗੇਗਾ। ਏਨੇ ਜ਼ਿਆਦਾ ਅਸਪੱਸ਼ਟ ਭਵਿੱਖ ਨਾਲ ਜਿਊਣਾ ਕਿੰਨਾ ਦੁੱਭਰ ਹੋਵੇਗਾ?
ਅਜਿਹੇ ਇੱਕ ਲੱਖ ਤੋਂ ਜ਼ਿਆਦਾ ਲੋਕ ਹਨ, ਜਿਹਨਾਂ ਨੂੰ ਆਪਣੇ ਘਰ-ਘਾਟ ਛੱਡਣੇ ਪਏ, ਜਿੱਥੇ ਉਹ ਪੀੜ੍ਹੀਆਂ ਤੋਂ ਵਸੇ ਹੋਏ ਸਨ, ਕਿਉਂਕਿ ਹੁਣ ਉਹਨਾਂ ਦੇ ਘਰ ਰੇਡੀਏਸ਼ਨ ਦੀ ਮਾਰ ਹੇਠ ਆ ਚੁੱਕੇ ਹਨ। ਇਹਨਾਂ ਵਿੱਚ ਕਈ ਲੋਕ ਅਜਿਹੇ ਵੀ ਹਨ, ਜਿਹਨਾਂ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਖੁਦ ਹੀ ਆਪਣੇ ਘਰ ਛੱਡ ਦਿੱਤੇ ਹਨ।
ਪਰਿਵਾਰਾਂ ਦੇ ਪਰਿਵਾਰ ਬਿਖਰ ਗਏ ਹਨ ਅਤੇ ਸਾਰੇ ਲੋਕ ਅੱਜ ਛੋਟੀਆਂ-ਛੋਟੀਆਂ ਥਾਵਾਂ 'ਤੇ ਪਰਾਇਆਂ ਵਾਂਗ ਸਿਮਟ ਕੇ ਵਸ ਗਏ ਹਨ।
ਇਸ ਪ੍ਰਮਾਣੂੰ ਹਾਦਸੇ ਵਿੱਚ ਸਾਡੀ ਜ਼ਿੰਦਗੀ, ਕੰਮਕਾਰ, ਘਰ ਸਭ ਕੁੱਝ ਗੁਆਚ ਗਿਆ ਹੈ। ਅਸੀਂ ਉਹ ਸਾਰੀਆਂ ਚੀਜ਼ਾਂ ਗੁਆ ਬੈਠੇ ਹਾਂ, ਜਿਹਨਾਂ ਲਈ ਇਨਸਾਨ ਜਿਉਂਦਾ ਹੈ, ਮੈਂ ਸ਼ਰਤ ਲਾ ਕੇ ਕਹਿ ਸਕਦੀ ਹਾਂ ਕਿ ਤੁਸੀਂ ਵੀ ਇਹੋ ਸੋਚਦੇ ਹੋਵੇਗੇ ਕਿ ਇਸ ਹਾਦਸੇ ਵਿੱਚ ਕੋਈ ਵੀ ਨਹੀਂ ਮਰਿਆ। ਜੇਕਰ ਇਹ ਸਿਰਫ ਭੂਚਾਲ ਜਾਂ ਸੁਨਾਮੀ ਹੁੰਦੀ ਤਾਂ ਫਸੇ ਹੋਏ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ। ਪਰ ਇੱਥੇ ਤਾਂ ਪ੍ਰਮਾਣੂੰ ਹਾਦਸਾ ਵੀ ਹੋਇਆ ਸੀ, ਇਸ ਲਈ ਬਚਾਉਣ ਵਾਲੇ ਕਾਮੇ ਉੱਚ ਰੇਡੀਏਸ਼ਨ ਕਰਕੇ ਉਹਨਾਂ ਇਲਾਕਿਆਂ ਵਿੱਚ ਜਾ ਹੀ ਨਹੀਂ ਸਕੇ। ਉਹਨਾਂ ਫਸੇ ਹੋਏ ਲੋਕਾਂ ਦੀਆਂ ਚੀਕਾਂ, ਅਰਜ਼ੋਈਆਂ ਸੁਣਦੀਆਂ ਸਨ, ਪਰ ਇਸਦੇ ਬਾਵਜੂਦ ਉਹ ਕੋਈ ਜਵਾਬ ਨਹੀਂ ਦੇ ਸਕੇ।
ਜਾਪਾਨ ਵਿੱਚ ਸਾਨੂੰ ਪਿਛਲੇ 40 ਵਰ੍ਹਿਆਂ ਤੋਂ ਇਹੀ ਦੱਸਿਆ ਜਾ ਰਿਹਾ ਹੈ ਕਿ ਨਿਊਕਲੀਅਰ ਪਲਾਂਟ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸਦੇ ਬਾਵਜੂਦ ਇਹ ਹਾਦਸਾ ਹੋਇਆ। ਏਨਾ ਹੀ ਨਹੀਂ ਅਜੇ ਤੱਕ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਤੇ ਤਬਾਹੀ ਜਾਰੀ ਹੈ। ਕੋਈ ਨਹੀਂ ਜਾਣਦਾ ਕਿ ਇਹ ਸਿਲਸਿਲਾ ਕਦੋਂ ਰੁਕੇਗਾ।
ਅਸਾਂ ਇਹ ਵੀ ਦੇਖਿਆ ਹੈ ਕਿ ਪ੍ਰਮਾਣੂੰ ਊਰਜਾ ਦਾ ਸਵੱਛ ਊਰਜਾ ਹੋਣਾ ਵੀ ਇੱਕ ਝੂਠ ਹੈ। ਪ੍ਰਮਾਣੂੰ ਊਰਜਾ ਪਲਾਂਟ ਨੂੰ ਲਗਾਤਾਰ ਠੰਢਾ ਕੀਤਾ ਜਾਂਦਾ ਹੈ। ਇਸ ਲਈ ਸਮੁੰਦਰ ਦਾ ਪਾਣੀ ਕੰਮ ਆਉਂਦਾ ਹੈ, ਜੋ ਠੰਢਾ ਕਰਨ ਤੋਂ ਬਾਅਦ ਉੱਚ ਡਿਗਰੀ ਤਾਪਮਾਨ ਸਹਿਤ ਵਾਪਸ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ ਹੈ। ਪ੍ਰਮਾਣੂੰ ਊਰਜਾ ਪਲਾਂਟ ਦੇ ਕਾਰਨ ਸਮੁੰਦਰ ਦਾ ਤਾਪਮਾਨ ਵੀ ਵਧਦਾ ਹੈ। ਇਹ ਇੱਕ ਬੜਾ ਮਹੱਤਵਪੂਰਨ ਤੱਥ ਹੈ ਕਿ ਜਦੋਂ ਤੋਂ ਫੁਕੁਈ ਪ੍ਰੀਫੈਕਚਰ ਵਿੱਚ ਇਸ ਊਰਜਾ ਪਲਾਂਟ ਨੂੰ ਬੰਦ ਕੀਤਾ ਗਿਆ ਹੈ, ਸਮੁੰਦਰ ਦੇ ਆਲੇ-ਦੁਆਲੇ ਦੀ ਕੁਦਰਤੀ ਸਥਿਤੀ ਨਵੇਂ ਸਿਰਿਉਂ ਬਹਾਲ ਹੋਈ ਹੈ।
ਪ੍ਰਮਾਣੂੰ ਊੂਰਜਾ ਬੜੀ ਖਰਚੀਲੀ ਵੀ ਹੁੰਦੀ ਹੁੰਦੀ ਹੈ। ਈਂਧਨ ਅਤੇ ਰੱਖ-ਰਖਾਵ 'ਤੇ ਜੋ ਖਰਚ ਹੈ, ਉਹ ਤਾਂ ਆਉਂਦਾ ਹੀ ਆਉਂਦਾ ਹੈ, ਪਰ ਜੇਕਰ ਕੋਈ ਹਾਦਸਾ ਹੋ ਜਾਵੇ ਤਾਂ ਮੁਆਵਜੇ ਦੇ ਤੌਰ 'ਤੇ ਬਹੁਤ ਵੱਡੀਆਂ ਰਕਮਾਂ ਅਦਾ ਕਰਨੀਆਂ ਪੈਂਦੀਆਂ ਹਨ।
ਆਖਰੀ ਗੱਲ ਇਹ ਕਿ ਫਰਾਂਸ ਵਰਗੇ ਵਿਕਾਸਸ਼ੀਲ ਮੁਲਕ ਵੀ ਅਜੇ ਤੱਕ ਪ੍ਰਮਾਣੂੰ ਮਲਬੇ ਨੂੰ ਟਿਕਾਣੇ ਲਾਉਣ ਦਾ ਕੋਈ ਰਾਹ ਨਹੀਂ ਖੋਜ ਸਕੇ। ਜਾਪਾਨ ਵਿੱਚ ਤਾਂ ਅਸੀਂ ਇਸ ਮਲਬੇ ਨੂੰ ਟਿਕਾਣੇ ਲਾਉਣ ਦਾ ਕੋਈ ਰਾਹ ਨਹੀਂ ਖੋਜ ਸਕੇ। ਜਾਪਾਨ ਵਿੱਚ ਤਾਂ ਅਸੀਂ ਇਸ ਮਸਬੇ ਨੂੰ ਆਓਮੋਰੀ ਪਰੀਫੈਕਚਰ ਵਿੱਚ ਬਣੇ ਰੋਕਾਸ਼ੋ-ਮੁਰਾ ਸੁਵਿਧਾ ਸੈਂਟਰ ਵਿੱਚ ਇਕੱਠਾ ਕਰਦੇ ਆਏ ਹਾਂ, ਇਹਦੇ ਇਲਾਵਾ ਹੋਰ ਕੋਈ ਤਰੀਕਾ ਵੀ ਨਹੀਂ।
ਪ੍ਰਮਾਣੂੰ ਹਾਦਸੇ ਵੇਲੇ ਜੋ ਭਾਰੀ ਤਦਾਦ ਵਿੱਚ ਮਲਬਾ ਪੈਦਾ ਹੁੰਦਾ ਹੈ, ਰੇਡੀਓ ਐਕਟਿਵ ਤੱਤਾਂ ਨਾਲ ਪਲੀਤ ਹੋਈ ਧਰਤੀ ਤੇ ਹੋਰ ਚੀਜ਼ਾਂ ਨੂੰ ਤਾਂ ਫਿਰ ਵੀ ਸਾੜਿਆ ਜਾ ਸਕਦਾ ਹੈ, ਪਰ ਤੁਸੀਂ ਬਚੀ ਹੋਈ ਰੇਡੀਓ ਐਕਟਿਵ ਐਸ਼ (ਸਵਾਹ) ਦਾ ਕੀ ਕਰੋਗੇ? ਫਿਲਹਾਲ ਤਾਂ ਸਥਿਤੀ ਇਹ ਹੈ ਕਿ ਇਸ ਨੂੰ ਸੜਕ ਕੰਢੇ ਸੁੱਟ ਦਿੱਤਾ ਗਿਆ ਹੈ ਜਾਂ ਫਿਰ ਫੁਕੁਸ਼ੀਮਾ ਦੇ ਪੁਰਾਣੇ ਸੁੰਦਰ ਘਰਾਂ ਦੇ ਵਿਹੜਿਆਂ ਵਿੱਚ ਰੱਖ ਦਿੱਤਾ ਗਿਆ ਹੈ।
ਰੇਡੀਓ ਐਕਟਿਵ ਤੱਤਾਂ 'ਤੇ ਮਨੁੱਖ ਦਾ ਕੰਟਰੋਲ ਨਹੀਂ ਹੁੰਦਾ। ਇਨਸਾਨ ਨੂੰ ਚੇਰਨੋਬਿਲ ਅਤੇ ਫੁਕੁਸ਼ੀਮਾ ਦੇ ਹਾਦਸਿਆਂ ਤੋਂ ਸਬਕ ਜ਼ਰੂਰ ਸਿੱਖਣਾ ਚਾਹੀਦਾ ਹੈ, ਰੁੱਖਾਂ੍ਰ ੍ਰ'ਤੇ ਚੜ੍ਹਨਾ, ਨਦੀਆਂ-ਨਾਲਿਆਂ ਕੰਢੇ ਆਰਾਮ ਕਰਨਾ, ਸਮੁੰਦਰ ਤੱਟ 'ਤੇ ਖੇਡਣਾ, ਆਦਿ ਵਰਗੀਆਂ ਮਾਮੂਲੀ ਚੀਜ਼ਾਂ ਵੀ ਹੁਣ ਮੇਰੇ ਸ਼ਹਿਰ ਵਿੱਚ ਮੁਮਕਿਨ ਨਹੀਂ ਰਹਿ ਗਈਆਂ। ਮੇਰੇ ਬੱਚੇ ਤਾਂ ਖੈਰ ਇਹ ਕੰਮ ਹੁਣ ਕਰ ਹੀ ਨਹੀਂ ਸਕਣਗੇ, ਕਿਉਂਕਿ ਉਹ ਰੇਡੀਏਸ਼ਨ ਨਾਲ ਘਿਰੇ ਹੋਏ ਹਨ। ਕੋਈ ਨਹੀਂ ਜਾਣਦਾ ਕਿ ਭਵਿੱਖ ਵਿੱਚ ਇਹਦਾ ਉਹਨਾਂ 'ਤੇ ਕੀ ਅਸਰ ਪਵੇਗਾ?
ਮਾਵਾਂ ਨੂੰ ਡਰ ਹੈ ਕਿ ਕਿਤੇ ਉਹਨਾਂ ਦੇ ਦੁੱਧ ਵਿੱਚ ਵੀ ਰੇਡੀਓ ਐਕਟਿਵ ਤੱਤ ਨਾ ਘੁਲ ਗਏ ਹੋਣ। ਇਸਦੇ ਪ੍ਰਭਾਵ ਵਿੱਚ ਆਈਆਂ ਕੁੜੀਆਂ ਨੂੰ ਸ਼ੱਕ ਹੈ ਕਿ ਪਤਾ ਨਹੀਂ ਉਹ ਕਦੇ ਬੱਚੇ ਵੀ ਜੰਮ ਸਕਣਗੀਆਂ ਕਿ ਨਹੀਂ।
ਹੋ ਸਕਦਾ ਹੈ ਕਿ ਇਹ ਸਾਰਾ ਕੁੱਝ ਕਿਸੇ ਵਿਗਿਆਨ ਦੇ ਗਲਪ ਵਰਗਾ ਲੱਗ ਰਿਹਾ ਹੋਵੇ, ਪਰ ਫੁਕੁਸ਼ੀਮਾ ਵਿੱਚ ਫਿਲਹਾਲ ਜ਼ਿੰਦਗੀ ਅਜਿਹੀ ਹੀ ਹੈ ਤੇ ਕੇਵਲ ਇਕੱਲਾ ਫੁਕੁਸ਼ੀਮਾ ਹੀ ਇਸ ਨਾਲ ਜਕੜਿਆ ਹੋਇਆ ਨਹੀਂ। ਰੇਡੀਓ ਐਕਟਿਵ ਪਦਾਰਥਾਂ ਦੇ ਮਹੀਨ ਕਣ ਤਕਰੀਬਨ ਸਾਰੇ ਪੂਰਬੀ ਜਾਪਾਨ ਵਿੱਚ ਬਿਖਰੇ ਪਏ ਹਨ।
ਹਵਾ ਵਿੱਚ ਸਾਹ ਲੈਂਦਿਆਂ, ਖਾਣਾ ਖਾਂਦੇ ਹੋਏ ਜਾਂ ਘਾਰ 'ਤੇ ਲੇਟਿਆਂ ਸੁਰੱਖਿਅਤ ਮਹਿਸੂਸ ਕਰਨ ਵਾਲੀਆਂ ਰੋਜ਼ਾਨਾਂ ਦੀਆਂ ਆਮ ਜਿਹੀਆਂ ਚੀਜ਼ਾਂ ਵੀ ਹੁਣ ਅਸੀਂ ਨਹੀਂ ਕਰ ਸਕਦੇ, ਜੋ ਕਿ ਸਾਡੇ ਵਜੂਦ ਦਾ ਸਹਿਜ ਅੰਗ ਹਨ।
ਕੀ ਤੁਸੀਂ ਭਾਰਤ ਵਿੱਚ ਵੀ ਇਹੀ ਕਰਨਾ ਚਾਹੁੰਦੇ ਹੋ? ਮੈਂ ਤੁਹਾਡੇ ਦੇਸ਼ ਕਦੇ ਨਹੀਂ ਗਈ, ਪਰ ਮੈਨੂੰ ਭਾਰਤੀ ਚੀਜ਼ਾਂ ਪਸੰਦ ਹਨ, ਖਾਸ ਕਰਕੇ ਭਾਰਤੀ ਖਾਣੇ। ਇਸ ਵਿੱਚ ਦਿਲਚਸਪੀ ਹੋਣ ਪਿੱਛੋਂ ਹੀ ਮੈਂ ਕੁੱਝ ਜਾਣਕਾਰੀਆਂ ਤੁਹਾਡੇ ਦੇਸ਼ ਬਾਰੇ ਇਕੱਠੀਆਂ ਕੀਤੀਆਂ ਹਨ, ਜਿਹਨਾਂ ਨਾਲ ਭਾਰਤ ਬਾਰੇ ਮੇਰੀ ਇਸ ਧਾਰਨਾ ਦਾ ਵਿਕਾਸ ਹੋਇਆ ਹੈ। ਮੈਨੂੰ ਲੱਗਦਾ ਹੈ ਕਿ ਭਾਰਤ ਇੱਕ ਬੇਹੱਦ ਅਮੀਰ ਸੰਸਕ੍ਰਿਤੀ ਵਾਲਾ ਦੇਸ਼ ਹੈ।
ਪ੍ਰਮਾਣੂੰ ਊਰਜਾ ਇਸ ਅਮੀਰ ਸੰਸਕ੍ਰਿਤੀ ਨੂੰ ਤਬਾਹ ਕਰ ਦਏਗੀ। ਪਤੈ ਕਿਉਂ? ਕਿਉਂਕਿ ਇਹ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰ ਦਿੰਦੀ ਹੈ, ਜਿਹਨਾਂ ਦਾ ਸੰਸਕ੍ਰਿਤੀ ਨਾਲ ਚੋਲੀ-ਦਾਮਨ ਦਾ ਰਿਸ਼ਤਾ ਹੁੰਦਾ ਹੈ।
ਫੁਕੁਸ਼ੀਮਾ ਵਿੱਚ ਬਿਲਕੁੱਲ ਇਹੀ ਹੋਇਆ ਹੈ ਤੇ ਮੈਂ ਉਸਦੀ ਜਿਉਂਦੀ-ਜਾਗਦੀ ਗਵਾਹ ਹਾਂ। ਇਹ ਗੱਲ ਮੈਂ ਬੜੀ ਇਮਾਨਦਾਰੀ ਨਾਲ ਤੁਹਾਨੂੰ ਦੱਸ ਰਹੀ ਹਾਂ।
ਭਾਰਤ ਦੇ ਸ਼ਾਨਦਾਰ ਤੇ ਉੱਜਲੇ ਭਵਿੱਖ ਲਈ ਨਿਊਕਲੀਅਰ ਐਨਰਜੀ ਜ਼ਰੂਰੀ ਨਹੀਂ, ਤੇ ਤੁਹਾਨੂੰ ਵਾਕਿਆ ਈ ਲੱਗਦਾ ਹੈ ਕਿ ਇਹ ਜ਼ਰੂਰੀ ਹੈ ਤਾਂ ਤੁਸੀਂ ਇੱਕ ਵਾਰ ਫੁਕੁਸ਼ੀਮਾ ਆਓ ਤੇ ਇੱਥੋਂ ਦੀ ਹਕੀਕਤ ਨੂੰ ਆਪਣੀਆਂ ਨੰਗੀਆਂ ਅੱਖਾਂ ਨਾਲ ਖੁਦ ਦੇਖੋ।
ਸਤਿਕਾਰ ਸਹਿਤ
ਯੁਕਿਕੋ ਤਾਕਾਹਾਸ਼ੀ

No comments:

Post a Comment