Monday, February 23, 2015

ਅਮਰੀਕੀ ਰਾਸ਼ਟਰਪਤੀ ਦੀ ਫੇਰੀ ਦਾ ਵਿਰੋਧ

ਅਮਰੀਕੀ ਰਾਸ਼ਟਰਪਤੀ ਦੀ ਫੇਰੀ ਦਾ ਵਿਰੋਧ
ਅਮਰੀਕੀ ਰਾਸ਼ਟਰਪਤੀ ਬਰਾਕ-ਉਬਾਮਾ ਦੀ ਸਾਡੇ ਮੁਲਕ ਵਿੱਚ ਗਣਤੰਤਰ ਵਿਦਸ ਮੌਕੇ ਤਿੰਨ ਰੋਜ਼ਾ ਫੇਰੀ ਦੇ ਵਿਰੋਧ ਵਿੱਚ ਜਿੱਥੇ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਵਿਰੋਧ-ਪ੍ਰਦਰਸ਼ਨ ਹੋਏ, ਓਬਾਮਾ-ਮੋਦੀ ਜੋੜੀ ਦੇ ਪੁਤਲੇ ਜਲਾਏ ਗਏ, ਮਨੁੱਖਤਾ ਦੇ ਕਾਤਲ, ਧਾੜਵੀ, ਜੰਗਬਾਜ਼ ਅਮਰੀਕਨ ਸਾਮਰਾਜ ਦੇ ਮੁਖੀਏ ਉਬਾਮਾ ਗੋ-ਬੈਕ ਦੇ ਗਰਜਵੇਂ ਨਾਅਰੇ ਲੱਗੇ, ਉੱਥੇ ਸਨਅੱਤੀ ਸ਼ਹਿਰ ਲੁਧਿਆਣਾ ਅੰਦਰ ਵੀ ਕਈ ਥਾਈਂ ਮਜ਼ਦੂਰਾਂ ਦੇ ਰੋਹ-ਪ੍ਰਦਰਸ਼ਨ ਹੋਏ।
26 ਜਨਵਰੀ ਨੂੰ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ (ਰਜਿ.) ਦੇ 30-35 ਮੈਂਬਰਾਂ ਤੇ ਆਗੂਆਂ ਨੇ ਡਾਬਾ-ਗਿਆਸਪੁਰਾ ਖੇਤਰ ਦੀਆਂ ਮਜ਼ਦੂਰ ਬਸਤੀਆਂ ਅਤੇ ਪ੍ਰਮੁੱਖ ਸਨਅੱਤਾਂ ਦੇ ਆਸ-ਪਾਸ ਹੱਥਾਂ ਵਿੱਚ ਝੰਡੇ, ਬੈਨਰ, ਤਖਤੀਆਂ ਉਠਾ ਕੇ ਝੰਡਾ ਮਾਰਚ ਤੇ ਰੈਲੀਆਂ ਕੀਤੀਆਂ ਗਈਆਂ।  ਵੱਖ ਵੱਖ ਥਾਈਂ 4 ਰੈਲੀਆਂ ਹੋਈਆਂ- ਜਿਹਨਾਂ ਵਿੱਚ ਸੌ-ਡੇਢ ਸੌ ਔਰਤਾਂ-ਮਰਦ ਮਜ਼ਦੂਰ ਸ਼ਾਮਲ ਹੁੰਦੇ ਰਹੇ। ਇਹਨਾਂ ਇਕੱਠਾਂ ਨੂੰ ਮਜ਼ਦੂਰ ਆਗੂ ਹਰਜਿੰਦਰ ਸਿੰਘ, ਰਮੇਸ਼ ਕੁਮਾਰ, ਧਰਮਵੀਰ, ਬਜੇਂਦਰ ਆਦਿ ਨੇ ਸੰਬੋਧਨ ਕੀਤਾ। ਇਸ ਸਮੇਂ ਦੌਰਾਨ ''ਪ੍ਰਮਾਣੂ ਸਮਝੌਤਾ ਰੱਦ ਕਰੋ'', ''ਜ਼ਮੀਨ ਅਧਿਗ੍ਰਹਿਣ ਕਾਨੂੰਨ ਰੱਦ ਕਰੋ'', ''ਲੇਬਰ ਕਾਨੂੰਨਾਂ 'ਚ ਧਨਾਢ ਮਾਲਕ ਪੱਖੀ ਸੋਧਾਂ ਰੱਦ ਕਰੋ'', ''ਕਾਲੇ ਕਾਨੂੰਨ ਰੱਦ ਕਰੋ'', ''ਉਬਾਮਾ-ਮੋਦੀ ਜੋੜੀ ਮੁਰਦਾਬਾਦ'' ਆਦਿ ਦੀ ਨਾਅਰੇਬਾਜ਼ੀ ਵੀ ਕੀਤੀ ਗਈ।
ਇਸੇ ਹਿਸਾਬ ਨਾਲ ਹੀਰੋ ਸਾਈਕਲ, ਬਜਾਜ ਸੰਨਜ਼ ਇੰਡਸਟਰੀ ਦੇ ਹਜ਼ਾਰਾਂ ਮਜ਼ਦੂਰਾਂ ਨੇ ਵੀ ਇੰਡਸਟਰੀਅਲ ਖੇਤਰ ਵਿੱਚ ਸੀਟੂ ਦੀ ਅਗਵਾਈ ਵਿੱਚ ਵੱਡਾ ਇਕੱਠ ਕਰਕੇ ਉਬਾਮਾ ਦੀ ਭਾਰਤ ਫੇਰੀ ਦਾ ਵਿਰੋਧ ਕਰਦੇ ਹੋਏ ਮੋਦੀ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ, ਫਿਰਕਾਪ੍ਰਸਤੀ ਦਾ ਵਿਰੋਧ ਕਰਦੇ ਹੋਏ ਸੰਘਰਸ਼ ਕਰਨ ਦਾ ਐਲਾਨ ਕੀਤਾ।
ਸ਼ਹੀਦ ਭਗਤ ਸਿੰਘ ਵਿਚਾਰ ਮੰਚ (ਲੁਧਿਆਣਾ) ਵੱਲੋਂ ਵੀ ਪ੍ਰੋ. ਏ.ਕੇ. ਮਲੇਰੀ, ਜਸਵੰਤ ਜੀਰਖ, ਸੁਖਵਿੰਦਰ ਲੀਲ, ਪ੍ਰੋ. ਜਗਮੋਹਣ ਸਿੰਘ ਆਦਿ ਦੀ ਅਗਵਾਈ ਵਿੱਚ ਭਾਈ ਬਾਲਾ ਚੌਕ ਵਿੱਚ ਮਜ਼ਦੂਰ-ਮੁਲਾਜ਼ਮ-ਬੁੱਧੀਜੀਵੀ-ਜਮਹੂਰੀ ਹਿੱਸਿਆਂ ਨੇ ਰੈਲੀ ਕਰਨ ਉਪਰੰਤ ਮੁਜਾਹਰਾ ਕਰਕੇ ਉਬਾਮਾ-ਮੋਦੀ ਜੋੜੀ ਦੇ ਪੁਤਲੇ ਨੂੰ ਲਾਂਬੂ ਲਾਇਆ। ਸੂਬੇ ਅੰਦਰ ਵੱਖ ਵੱਖ ਥਾਈਂ ਵੀ ਇਨਕਲਾਬੀ ਕੇਂਦਰ ਪੰਜਾਬ, ਲੋਕ ਸੰਗਰਾਮ ਮੰਚ, ਸੀ.ਪੀ.ਆਈ. (ਐਮ.ਐਲ.) ਨਿਊ ਡੈਮੋਕਰੇਸੀ ਪੰਜਾਬ ਤਿੰਨ ਇਨਕਲਾਬੀ ਧਿਰਾਂ ਵੱਲੋਂ ਵੀ ਸਾਂਝੇ ਤੌਰ 'ਤੇ ਉਬਾਮਾ-ਮੋਦੀ ਜੋੜੀ ਵਿਰੁੱਧ ਰੋਹ-ਭਰਪੂਰ ਪ੍ਰਦਰਸ਼ਨ ਕੀਤੇ ਅਤੇ ਇਹਨਾਂ ਦੀਆਂ ਅਰਥੀਆਂ ਸਾੜੀਆਂ ਗਈਆਂ।

No comments:

Post a Comment